Now Reading
ਪੁਲਸ ਵਧੀਕੀਆਂ ਖਿਲਾਫ਼ ਥਾਣਾ ਗੋਇੰਦਵਾਲ ਸਾਹਿਬ ਅੱਗੇ ਮੁਜ਼ਾਹਰਾ

ਪੁਲਸ ਵਧੀਕੀਆਂ ਖਿਲਾਫ਼ ਥਾਣਾ ਗੋਇੰਦਵਾਲ ਸਾਹਿਬ ਅੱਗੇ ਮੁਜ਼ਾਹਰਾ

ਗੋਇੰਦਵਾਲ ਸਾਹਿਬ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵੱਲੋਂ ਅੱਜ ਇਲਾਕੇ ਅੰਦਰ ਦਿਨ ਭਰ ਹੁੰਦੀ ਰਹੀ ਬਾਰਸ਼ ਦੇ ਬਾਵਜੂਦ ਪੁਲਸ ਵਧੀਕੀਆਂ ਸਮੇਤ ਹੋਰਨਾਂ ਮੁੱਦਿਆਂ ਨੂੰ ਲੈ ਕੇ ਥਾਣਾ ਗੋਇੰਦਵਾਲ ਸਾਹਿਬ ਸਾਹਮਣੇ ਰੋਹ ਭਰਪੂਰ ਧਰਨਾ ਦਿੱਤਾ। ਧਰਨਾਕਾਰੀਆਂ ਦੀ ਅਗਵਾਈ ਪਾਰਟੀ ਆਗੂ ਮਨਜੀਤ ਸਿੰਘ ਬੱਗੂ, ਕਰਮ ਸਿੰਘ ਫਤਿਹਾਬਾਦ, ਸੁਲੱਖਣ ਸਿੰਘ ਤੁੜ, ਜਸਬੀਰ ਸਿੰਘ ਵੈਰੋਵਾਲ, ਦਾਰਾ ਸਿੰਘ ਮੁੰਡਾਪਿੰਡ ਅਤੇ ਗੁਰਜਿੰਦਰ ਸਿੰਘ ਰੰਧਾਵਾ ਨੇ ਕੀਤੀ| ਇਸ ਮੌਕੇ ਵਰਕਰਾਂ ਨੂੰ ਪਾਰਟੀ ਦੇ ਸੂਬਾ ਆਗੂ ਪਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕਰਦਿਆਂ ਪੁਲਸ ਵੱਲੋਂ ਹਾਕਮ ਧਿਰ ਦੇ ਆਗੂਆਂ ਦੇ ਇਸ਼ਾਰਿਆਂ ’ਤੇ ਵਿਰੋਧੀ ਵਿਚਾਰਾਂ ਵਾਲੀਆਂ ਜਨਤਕ ਜਥੇਬੰਦੀਆਂ ਦੇ ਆਗੂਆਂ ਖਿਲਾਫ਼ ਝੂਠੇ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ| ਉਨ੍ਹਾਂ ਕਿਹਾ ਕਿ ਪੁਲਸ ਨਸ਼ਿਆਂ ਦਾ ਧੰਦਾ, ਚੋਰੀਆਂ, ਲੁੱਟਾਂ-ਖੋਹਾਂ ਕਤਲਾਂ ਆਦਿ ਦੀਆਂ ਵਾਰਦਾਤਾਂ ਰੋਕਣ ਵਿਚ ਅਸਫਲ ਰਹੀ ਹੈ| ਉਨ੍ਹਾਂ ਦੋਸ਼ ਲਗਾਇਆ ਕਿ ਸੂਬੇ ਅੰਦਰ ਬਲਾਤਕਾਰ ਜਿਹੀਆਂ ਵਾਰਦਾਤਾਂ ਵਿਚ ਆਏ ਦਿਨ ਵਾਧਾ ਹੋ ਰਿਹਾ ਹੈ। ਔਰਤਾਂ ਅਤੇ ਦਲਿਤਾਂ ਵਿਰੁੱਧ ਅਤਿਆਚਾਰਾਂ ਨੂੰ ਪੁਲਸ ਵੱਲੋਂ ਅਣ ਡਿੱਠ ਕੀਤਾ ਜਾ ਰਿਹਾ ਹੈ| ਪਾਰਟੀ ਵਰਕਰਾਂ ਨੂੰ ਸ਼ਾਂਤ ਕਰਨ ਲਈ ਡੀ.ਐਸ.ਪੀ. (ਹੈੱਡ ਕਵਾਟਰ) ਪ੍ਰਹਿਲਾਦ ਸਿੰਘ ਨੇ ਮੌਕੇ ’ਤੇ ਆ ਕੇ ਪਾਰਟੀ ਆਗੂਆਂ ਵਲੋਂ ਉਠਾਏ ਮੁੱਦਿਆਂ ’ਤੇ ਗੱਲਬਾਤ ਕਰਨ ਲਈ ਪਾਰਟੀ ਦੇ ਇਕ ਵਫਦ ਨੂੰ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਦਾ ਸੱਦਾ ਦਿੱਤਾ, ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ| ਹੋਰਨਾਂ ਤੋਂ ਇਲਾਵਾ ਪਾਰਟੀ ਆਗੂ ਨਿਰਪਾਲ ਸਿੰਘ, ਮੇਜਰ ਸਿੰਘ, ਦਿਲਬਾਗ ਸਿੰਘ, ਬਲਵੰਤ ਸਿੰਘ ਨੇ ਵੀ ਸੰਬੋਧਨ ਕੀਤਾ।

Scroll To Top