ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਪੂਰੀ ਤਾਣ ਲਾ ਦਿਓ : ਪਾਸਲਾ
ਜਲੰਧਰ, 10 ਅਪ੍ਰੈਲ : ਭਾਰਤੀ ਸੰਵਿਧਾਨ ਦੇ ਜਮਹੂਰੀ ਤੇ ਸੈਕੂਲਰ ਢਾਂਚੇ ਨੂੰ ਕਾਇਮ ਰੱਖਣ ਲਈ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਤੇ ਉਸਦੇ ਸਹਿਯੋਗੀਆਂ ਨੂੰ ਭਾਂਜ ਦੇਣੀ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਤੇ ਅਹਿਮ ਇਤਿਹਾਸਕ ਲੋੜ ਹੈ। ਇਹ ਭਾਵਪੂਰਤ ਸੁਨੇਹਾ ਅੱਜ ਏਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸਰਗਰਮ ਵਰਕਰਾਂ ਦੀ ਜਨਰਲ ਬਾਡੀ ਮੀਟਿੰਗ ਵਿਚ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਦਿੱਤਾ।
ਆਰ.ਐਮ.ਪੀ.ਆਈ. ਦੇ 250 ਦੇ ਕਰੀਬ ਜ਼ਿਲ੍ਹਾ ਤੇ ਤਹਿਸੀਲ ਕਮੇਟੀ ਮੈਂਬਰਾਂ ਦੀ ਦੇਸ਼ ਭਗਤ ਯਾਦਗਾਰ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿਚ ਕਾਮਰੇਡ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਜੀ.ਬੀ. ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਪਾਸਲਾ ਨੇ ਕਿਹਾ ਕਿ ਆਰ.ਐਸ.ਐਸ. ਦੇ ਪਿਛਾਖੜੀ ਤੇ ਫਾਸ਼ੀਵਾਦੀ ‘ਹਿੰਦੂਰਾਸ਼ਟਰ’ ਰੂਪੀ ਮਨਸੂਬਿਆਂ ਨੂੰ ਸਾਕਾਰ ਕਰਨ ਲਈ ਮੋਦੀ ਸਰਕਾਰ ਨੇ ਬੀਤੇ 5 ਸਾਲਾਂ ਦੌਰਾਨ ਨਾ ਸਿਰਫ ਘੱਟ ਗਿਣਤੀਆਂ ਵਿਰੁੱਧ ਜ਼ਹਿਰੀਲਾ ਨਫਰਤੀ ਪ੍ਰਚਾਰ ਜਾਰੀ ਰੱਖਿਆ ਹੈ ਬਲਕਿ ਦੇਸ਼ ਦੀਆਂ ਨਿਆਂ ਪਾਲਕਾ ਤੇ ਚੋਣ ਕਮਿਸ਼ਨ ਵਰਗੀਆਂ ਸਾਰੀਆਂ ਜਮਹੂਰੀ ਸੰਸਥਾਵਾਂ ਵਿਚ ਵੀ ਗੈਰ ਕਾਨੂੰਨੀ ਢੰਗ ਦੀ ਦਖਲ ਅੰਦਾਜ਼ੀ ਕਰਕੇ ਉਹਨਾਂ ਦੀ ਭਰੋਸੇਯੋਗਤਾ ਨੂੰ ਭਾਰੀ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਸਾਮਰਾਜੀ ਕੰਪਣੀਆਂ, ਵੱਡੇ ਵਪਾਰੀਆਂ ਅਤੇ ਅਜਾਰੇਦਾਰ ਘਰਾਣਿਆਂ ਨੂੰ ਮਾਲਾਮਾਲ ਕਰਨ ਵਾਸਤੇ ਸਵੈ ਨਿਰਭਰਤਾ ‘ਤੇ ਆਧਾਰਤ ਦੇਸ਼ ਦੀ ਰਾਸ਼ਟਰੀ ਆਰਥਕ ਬਣਤਰ ਵੀ ਬੁਰੀ ਤਰ੍ਰਾਂ ਤਹਿਸ ਨਹਿਸ ਕਰ ਦਿੱਤੀ ਹੈ। ਜਿਸ ਨਾਲ਼ ਉਦਯੋਗਿਕ ਖੇਤਰ ਅੰਦਰਲਾ ਰੁਜ਼ਗਾਰ ਤਿੱਖੇ ਰੂਪ ਵਿਚ ਘਟਿਆ ਹੈ ਅਤੇ ਖੇਤੀ ਸੰਕਟ ਹੋਰ ਵਧੇਰੇ ਡੂੰਘਾ ਹੋ ਗਿਆ ਹੈ। ਦੇਸ਼ ਅੰਦਰ ਕਰੋੜਾਂ ਮਜ਼ਦੂਰ ਅਰਧ ਬੇਰੁਜ਼ਗਾਰੀ ਦੇ ਸ਼ਿਕਾਰ ਬਣ ਗਏ ਹਨ ਅਤੇ ਰੁਜ਼ਗਾਰ ਦੀ ਸੁਰੱਖਿਆ ਖਤਮ ਹੋ ਜਾਣ ਕਾਰਨ ਕੰਗਾਲ ਬਣ ਰਹੇ ਹਨ।
ਕਾਮਰੇਡ ਪਾਸਲਾ ਨੇ ਆਪਣੇ ਕਾਡਰਾਂ ਨੂੰ ਇਸ ਪੱਖੋਂ ਵੀ ਸੁਚੇਤ ਕੀਤਾ ਕਿ ਕਿ ਇਹਨਾਂ ਚੋਣਾਂ ਵਿਚ, ਮੋਦੀ ਮਾਰਕਾ ਅਮਾਨਵੀ ਲੁੱਟ ਘਸੁੱਟ ਤੋਂ ਤਾਂ ਦੇਸ਼ ਵਾਸੀਆਂ ਨੂੰ ਮੁਕਤੀ ਪ੍ਰਾਪਤ ਹੋ ਜਾਣ ਦੀਆਂ ਸੰਭਾਵਨਾਵਾਂ ਉਜਾਗਰ ਹੋ ਗਈਆਂ ਹਨ, ਪ੍ਰੰਤੂ ਇਹ ਵੀ ਦਿਖਾਈ ਦਿੰਦਾ ਹੈ ਕਿ ਚੋਣਾਂ ਉਪਰੰਤ ਬਣਨ ਵਾਲੀ ਨਵੀਂ ਸਰਕਾਰ ਵੀ ਨਵਉਦਾਰਵਾਦੀ ਲੋਕ ਮਾਰੂ ਆਰਥਕ ਨੀਤੀਆਂ ਹੀ ਜਾਰੀ ਰੱਖੇਗੀ। ਇਸ ਲਈ ਲੋੜ ਅਨੁਸਾਰ ਰੋਜ਼ਗਾਰ ਦੇ ਨਵੇਂ ਵਸੀਲੇ ਪੈਦਾ ਕਰਨ ਲਈ, ਮਹਿੰਗਾਈ ਨੂੰ ਨੱਥ ਪਾਉਣ ਲਈ, ਸਿੱਖਿਆ ਤੇ ਸਿਹਤ ਸੇਵਾਵਾਂ ਦਾ ਦਿਨ ਪ੍ਰਤੀ ਦਿਨ ਵੱਧ ਰਿਹਾ ਵਪਾਰੀਕਰਨ ਖਤਮ ਕਰਨ ਲਈ ਅਤੇ ਖੇਤੀ ਨੂੰ ਲਾਹੇਵੰਦਾ ਬਨਾਉਣ ਵਾਸਤੇ ਜਨਤਕ ਸੰਘਰਸ਼ਾਂ ਨੂੰ ਵਧੇਰੇ ਅਸਰਦਾਰ ਬਨਾਉਣ ਦੀ ਲੋੜ ਤੇਜ਼ੀ ਨਾਲ ਉਭਰੇਗੀ। ਇਸ ਲਈ ਇਹਨਾਂ ਚੋਣਾਂ ਦੌਰਾਨ ਹਰ ਸੰਭਵ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ ਕਿ ਦੇਸ਼ ਅੰਦਰ ਲੋਕ ਪੱਖੀ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦਾ ਘੇਰਾ ਹੋਰ ਵਿਸ਼ਾਲ ਹੋਵੇ ਅਤੇ ਇਹਨਾਂ ਸ਼ਕਤੀਆਂ ਦੀ ਰਾਜਸੀ ਤਾਕਤ ਵਿਚ ਵੀ ਵਾਧਾ ਹੋਵੇ।
ਉਹਨਾਂ ਕਿਹਾ ਕਿ ਇਸ ਵਾਸਤੇ ਪੰਜਾਬ ਅੰਦਰ ਬਣੇ 7 ਪਾਰਟੀਆਂ ‘ਤੇ ਆਧਾਰਤ ”ਪੰਜਾਬ ਜਮਹੂਰੀ ਗਠਜੋੜ” (ਪੀ.ਡੀ.ਏ.) ਦੇ 13 ਹੀ ਉਮੀਦਵਾਰਾਂ ਨੂੰ ਜਿਤਾਉਣ ਲਈ ਹਰ ਸੰਭਵ ਉਪਰਾਲਾ ਕਰਨਾ ਹੋਵੇਗਾ।
ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ ਹਰਕੰਵਲ ਸਿੰਘ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਲੜ ਰਹੇ ਉਮੀਦਵਾਰ ਕਾਮਰੇਡ ਲਾਲ ਚੰਦ ਕਟਾਰੂਚੱਕ ਦੀ ਚੋਣ ਮੁਹਿੰਮ ਵਾਸਤੇ ਵੱਧ ਤੋਂ ਵਸੀਲੇ ਜੁਟਾਉਣ ਲਈ ਸਾਰੀਆਂ ਹੀ ਜ਼ਿਲ੍ਹਾ ਕਮੇਟੀਆਂ ਨੂੰ ਹਿੱਸਾ ਪਾਉਣ ਲਈ ਅਪੀਲ ਕੀਤੀ। ਇਸ ਮੰਤਵ ਲਈ ਮੀਟਿੰਗ ਵਿਚ ਉਤਸ਼ਾਹਜਨਕ ਹੁੰਗਾਰਾ ਮਿਲਿਆ ਅਤੇ ਵੱਖ-ਵੱਖ ਜ਼ਿਲ੍ਹਾ ਕਮੇਟੀਆਂ ਨੇ ਚੋਣ ਮੁਹਿੰਮ ਨੂੰ ਪ੍ਰਭਾਵਸ਼ਾਲੀ ਬਨਾਉਣ ਲਈ ਲੋੜ ਅਨੁਸਾਰ ਵਰਕਰ ਭੇਜਣ ਦਾ ਵੀ ਭਰੋਸਾ ਦਿੱਤਾ।