/* SC_TH_END:4.3.24:fc0ffc30 */ ਨਿਰਮਾਣ ਮਜ਼ਦੂਰਾਂ ਨੇ ਰੋਹ ਭਰਪੂਰ ਰੈਲੀ ਕੀਤੀ – Sangrami Lehar
Now Reading
ਨਿਰਮਾਣ ਮਜ਼ਦੂਰਾਂ ਨੇ ਰੋਹ ਭਰਪੂਰ ਰੈਲੀ ਕੀਤੀ

ਨਿਰਮਾਣ ਮਜ਼ਦੂਰਾਂ ਨੇ ਰੋਹ ਭਰਪੂਰ ਰੈਲੀ ਕੀਤੀ

ਐੱਸ. ਏ. ਐੱਸ. ਨਗਰ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਕਿਰਤ ਮੰਤਰੀ ਪੰਜਾਬ ਦੇ ਘਿਰਾਓ ਦੇ ਦਿੱਤੇ ਗਏ ਸੱਦੇ ਤਹਿਤ ਅੱਜ ਇੱਥੇ ਮਜ਼ਦੂਰਾਂ ਵੱਲੋਂ ਗੰਗਾ ਪ੍ਰਸ਼ਾਦ ਦੀ ਅਗਵਾਈ ਹੇਠ ਦੁਸਹਿਰਾ ਗਰਾਊਂਡ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਐੱਨਸੀਸੀਸੀਐੱਲ ਦੇ 2017 ਦੇ ਸਰਵੇ ਮੁਤਾਬਿਕ ਪੰਜਾਬ ਅੰਦਰ 21 ਲੱਖ ਤੋਂ ਵੱਧ ਮਜ਼ਦੂਰ ਇਮਾਰਤਾਂ, ਸੜਕਾਂ, ਫਲਾਈ ਓਵਰਾਂ, ਡੈਮਾਂ, ਨਹਿਰਾਂ, ਸੁਰੰਗਾਂ, ਘਰ ਬਣਾਉਣ ਅਤੇ ਰੀਅਲ ਸਟੇਟ ਦੇ ਕੰਮਾਂ ਨਾਲ ਜੁੜੇ ਹੋਏ ਹਨ, ਇਨ੍ਹਾਂ ਮਜ਼ਦੂਰਾਂ ਵੱਲੋਂ ਕੀਤੇ ਗਏ ਸੰਘਰਸ਼ ਸਦਕਾ ਹੀ ਕੇਂਦਰ ਸਰਕਾਰ ਨੂੰ ‘ਦੀ ਬਿਲਡਿੰਗ ਐਂਡ ਅਦਰ ਕੰਨਸਟਰੱਕਸ਼ਨ ਵਰਕਰਜ਼ ਰੈਗੂਲੇਸ਼ਨ ਆਫ਼ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ਼ ਸਰਵਿਸ ਐਕਟ 1996’ ਬਣਾਉਣਾ ਪਿਆ ਸੀ ਪਰ ਅੱਜ 22 ਸਾਲ ਬੀਤ ਜਾਣ ਦੇ ਬਾਵਜੂਦ ਇਹ ਕਾਨੂੰਨ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਅੰਦਰ 8 ਕਰੋੜ ਦੇ ਕਰੀਬ ਮਜ਼ਦੂਰ ਨਿਰਮਾਣ ਕਾਰਜਾਂ ਨਾਲ ਜੁੜੇ ਹੋਏ ਹਨ, ਪਰ ਇਨ੍ਹਾਂ ਵਿੱਚੋਂ 2.50 ਕਰੋੜ ਨੂੰ ਹੀ ਹੁਣ ਤੱਕ ਰਜਿਸਟਰਡ ਕੀਤਾ ਗਿਆ ਹੈ। ਇਨ੍ਹਾਂ ਮਜ਼ਦੂਰਾਂ ਲਈ 40 ਹਜ਼ਾਰ ਕਰੋੜ ਦੇ ਕਰੀਬ ਸੈੱਸ (ਫੰਡ) ਇਕੱਤਰ ਹੋ ਚੁੱਕਾ ਹੈ ਪਰ ਇਸ ਵਿਚੋਂ 9 ਹਜ਼ਾਰ ਕਰੋੜ ਦੀ ਰਾਸ਼ੀ ਹੀ ਮਜ਼ਦੂਰਾਂ ਵਿਚ ਵੰਡੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਨਿਰਮਾਣ ਕਾਰਜਾਂ ਨਾਲ ਜੁੜੇ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਅਤੇ ਇਸ ਦੇ ਨਵੀਨੀਕਰਨ ਸਮੇਤ ਹਰ ਤਰ੍ਹਾਂ ਦੇ ਲਾਭ ਦੇਣ ਦਾ ਸਾਰਾ ਕੰਮ ਆਨਲਾਈਨ ਕਰ ਦਿੱਤਾ ਗਿਆ ਹੈ, ਜਿਸ ਨਾਲ ਪਿਛਲੇ 8 ਸਾਲਾਂ ਤੋਂ ਰਜਿਸਟਰਡ ਚੱਲ ਰਹੇ ਲੱਖਾਂ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਰੱਦ ਹੋ ਗਈ ਹੈ ਕਿਉਂਕਿ ਉਨ੍ਹਾਂ ਨੂੰ ਕੰਪਿਊਟਰ ਆਦਿ ਦੀ ਕੋਈ ਜਾਣਕਾਰੀ ਨਹੀਂ ਹੈ। 7 ਅਗਸਤ 2017 ਤੋਂ ਲੈ ਕੇ 31 ਮਾਰਚ 2018 ਤੱਕ ਸਿਰਫ਼ 4806 ਮਜ਼ਦੂਰਾਂ ਵੱਲੋਂ ਹੀ ਆਪਣੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ ਕਰਵਾਇਆ ਗਿਆ ਹੈ। ਇਸ ਮੌਕੇ ਸੀਟੀਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ ਪਾਸਲਾ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਚੋਣਾਂ ਸਮੇਂ ਲੋਕਾਂ ਨਾਲ ਅਨੇਕਾਂ ਵਾਅਦੇ ਕੀਤੇ ਸਨ ਪਰ ਸੱਤਾ ‘ਚ ਆਉਣ ‘ਤੇ ਕਾਂਗਰਸ ਵੱਲੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਸੀਟੀਯੂ ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ, ਯੂਨੀਅਨ ਦੇ ਸੂਬਾਈ ਚੇਅਰਮੈਨ ਇੰਦਰਜੀਤ ਗਰੇਵਾਲ, ਵਿੱਤ ਸਕੱਤਰ ਸ਼ਿਵ ਕੁਮਾਰ, ਗੁਰਦੀਪ ਸਿੰਘ ਰਾਏ, ਵਿਜੈ ਵਾਲੀਆ, ਸੱਜਣ ਸਿੰਘ ਮੁਹਾਲੀ, ਜਸਵੰਤ ਸੰਧੂ, ਨੰਦ ਲਾਲ ਮਹਿਰਾ, ਮਾਸਟਰ ਸੁਭਾਸ਼ ਸ਼ਰਮਾ, ਬਲਵਿੰਦਰ ਛੇਹਰਟਾ, ਸਰਵਣ ਸਿੰਘ ਸੁਲਤਾਨਪੁਰ ਲੋਧੀ, ਅਮਰਜੀਤ ਘਨੌਰ, ਹਰੀ ਮੁਨੀ ਜਲੰਧਰ, ਜਗੀਰ ਬਟਾਲਾ, ਅਵਤਾਰ ਸਿੰਘ ਨਾਗੀ, ਸੰਤੋਖ ਸਿੰਘ, ਦਤਾਰ ਸਿਘ ਠੱਕਰ ਸੰਧੂ, ਸਤਨਾਮ ਸਿੰਘ ਦਕੋਹਾ, ਗੁਰਸੇਵਕ ਸਿੰਘ ਫ਼ਰੀਦਕੋਟ, ਜਸਵੰਤ ਸਿੰਘ ਰੋਮਾਣਾ, ਬਚਨ ਯਾਦਵ, ਬਲਵਿੰਦਰ ਸਿੰਘ ਭਲੱਥ, ਮਾਨ ਸਿੰਘ ਮੁਕੇਰੀਆਂ, ਰਾਮ ਬਿਲਾਸ, ਤਿਲਕ ਰਾਜ ਜੈਣੀ, ਹਰਜਿੰਦਰ ਸਿੰਘ ਲਮੀਣੀ, ਮਿਥਲੈਸ਼, ਨੰਦ ਕਿਸ਼ੋਰ ਮੋਰੀਆ ਤੇ ਨਰੋਤਮ ਸਿੰਘ ਆਦਿ ਨੇ ਵੀ ਰੋਸ ਰੈਲੀ ਨੂੰ ਸੰਬੋਧਨ ਕੀਤਾ। ਇਸੇ ਦੌਰਾਨ ਐੱਸਡੀਐੱਮ ਮੁਹਾਲੀ ਆਰਪੀ ਸਿੰਘ ਨੇ ਧਰਨਾ ਸਥਾਨ ‘ਤੇ ਪਹੁੰਚ ਕੇ ਯੂਨੀਅਨ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕਰਦਿਆਂ ਭਰੋਸਾ ਦਿਵਾਇਆ ਕਿ ਉਨਾਂ ਦੀਆਂ ਮੰਗਾਂ ਨੂੰ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਤੱਕ ਪਹੁੰਚਾ ਦਿੱਤਾ ਜਾਵੇਗਾ।

Scroll To Top