ਫ਼ਤਿਆਬਾਦ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਜ਼ਿਲ੍ਹਾ ਕਮੇਟੀ ਮੈਂਬਰ ਮਨਜੀਤ ਸਿੰਘ ਬੱਗੂ ਕੋਟ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਰੇਸ਼ਮ ਸਿੰਘ ਫੇਲੋਕੇ ਆਦਿ ਆਗੂਆਂ ਨੇ ਨਸ਼ੇ ਦੇ ਦੈਂਤ ਵੱਲੋਂ ਨਿਗਲ਼ੇ ਪਿੰਡ ਭੈਲ ਦੇ ਨੌਜਵਾਨ ਨਵਨੀਤ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕੇ ਕਾਂਗਰਸ ਦੀ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ ਅਤੇ ਦਾਅਵਾ ਕੀਤਾ ਸੀ ਕਿ ਸੱਤਾ ‘ਚ ਆਉਣ ‘ਤੇ ਚਾਰ ਹਫ਼ਤਿਆਂ ‘ਚ ਨਸ਼ੇ ਖ਼ਤਮ ਕਰ ਦਿੱਤੇ ਜਾਣਗੇ ਪਰ ਦੁੱਖ ਦੀ ਗੱਲ ਹੈ ਕਿ ਕਿ ਸੱਤਾ ਵਿੱਚ ਆ ਕੇ ਲਗਾਤਾਰ ਨਸ਼ਾ ਸਮਗਲਰਾਂ ਦੀ ਪੁਸ਼ਤ ਪਨਾਹੀ ਕੀਤੀ ਜਾ ਰਹੀ ਹੈ।।ਜਿਸ ਕਾਰਨ ਹਰ ਰੋਜ਼ ਮਾਪਿਆਂ ਦੇ ਨੌਜਵਾਨ ਪੁੱਤਰ ਮੌਤ ਦੇ ਮੂੰਹ ‘ਚ ਪੈ ਰਹੇ ਹਨ। ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਵੱਲੋਂ ਨਸ਼ਾ ਵਪਾਰ ‘ਤੇ ਮੁਕੰਮਲ ਰੋਕ ਲਾਉਣ ਅਤੇ ਨੌਜਵਾਨਾ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਵਿਰੁੱਧ ਜਾਗਰੂਕ ਕਰਨ ਹਿਤ ਲਾਮਬੰਦੀ ਕਰ ਰਹੀਆਂ ਹਨ ਅਤੇ ਸਰਕਾਰ ਤੋਂ ਮੰਗ ਵੀ ਕਰ ਰਹੀਆਂ ਹਨ ਕਿ ਨਸ਼ੇ ‘ਚ ਫਸ ਚੁੱਕੇ ਨੌਜਵਾਨਾਂ ਨੂੰ ਜੇਲ੍ਹਾਂ ‘ਚ ਭੇਜਣ ਦੀ ਥਾਂ ਨਸ਼ਾ ਮੁਕਤੀ ਕੇਂਦਰਾਂ ‘ਚ ਭੇਜ ਕੇ ਨਸ਼ੇ ਤੋਂ ਮੁਕਤ ਕਰਵਾਉਣ ਦਾ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇ। ਅਤੇ, ਇਨ੍ਹਾਂ ਨੌਜਵਾਨਾਂ ਦਾ ਦੋ-ਤਿੰਨ ਸਾਲ ਚੱਲਣ ਵਾਲਾ ਮੁਕੰਮਲ ਇਲਾਜ ਕਰਵਾਉਣ ਦੀ ਜ਼ਿੰਮੇਵਾਰੀ ਸਰਕਾਰ ਆਪਣੇ ਸਿਰ ਚੁੱਕੇ। ਆਗੂਆਂ ਨੇ ਕਿਹਾ ਕਿ ਹਾਕਮ ਧਿਰਾਂ ਨਸ਼ਾ ਮੁਕਤੀ ਕੇਂਦਰ ‘ਚ ਇੱਕ ਦਿਨ ਜਾਣ ਵਾਲੇ ਨੌਜਵਾਨ ਨੂੰ ਨਸ਼ਾ ਮੁਕਤ ਹੋ ਗਿਆ ਕਰਾਰ ਦੇ ਕੇ ਲੋਕਾਂ ਦੇ ਅੱਖਾਂ ‘ਚ ਘੱਟਾ ਪਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਬੂਟਾ ਸਿੰਘ ਕੋਟ ਅਤੇ ਜਤਿੰਦਰ ਸਿੰਘ ਢੋਟੀਆ ਆਦਿ ਨੌਜਵਾਨ ਆਗੂ ਹਾਜ਼ਰ ਸਨ।