ਜਲੰਧਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਦੀ ਵਿਸ਼ੇਸ਼ ਮੀਟਿੰਗ ਮਨਦੀਪ ਰਤੀਆ ਦੀ ਪ੍ਰਧਾਨਗੀ ਹੇਠ ਇੱਥੇ ਮੁੱਖ ਦਫ਼ਤਰ ਵਿਖੇ ਹੋਈ। ਮੀਟਿੰਗ ਦੇ ਫ਼ੈਸਲੇ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਸ਼ਮਸ਼ੇਰ ਬਟਾਲਾ ਨੇ ਦੱਸਿਆ ਕਿ ਸਰਮਾਏਦਾਰ ਪੱਖੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆ ਨੂੰ ਮੁਨਾਫ਼ੇ ਦੇਣ ਲਈ ਇੱਥੋਂ ਦੇ ਪਾਣੀਆਂ ਨੂੰ ਗੰਦਲਾ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੂਰੇ ਪੰਜਾਬ ਦੇ ਦਰਿਆਈ ਪਾਣੀ ਅਤੇ ਸਾਫ਼ ਪਾਣੀ ਦੇ ਸਰੋਤਾਂ ‘ਚ ਫ਼ੈਕਟਰੀਆਂ ਤੋਂ ਨਿਕਲਣ ਵਾਲੇ ਵਿਸ਼ੈਲੇ ਪਦਾਰਥ ਤੇ ਰਸਾਇਣਾਂ ਨੂੰ ਮਿਲਾਇਆ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਕੈਂਸਰ ਦਾ ਗੜ ਬਣਦਾ ਜਾ ਰਿਹਾ ਹੈ। ਇਸ ਵਧਦੇ ਜਲ ਪ੍ਰਦੂਸ਼ਣ ਅਤੇ ਜਲ ਸੰਕਟ ਲਈ ਸਭਾ ਵੱਲੋਂ ਪੂਰੇ ਪੰਜਾਬ ‘ਚ 1 ਜੁਲਾਈ ਤੋਂ ਲੈ ਕੇ 30 ਜੁਲਾਈ ਤੱਕ ਵਾਤਾਵਰਨ ਬਚਾਓ ਮੁਹਿੰਮ ਚਲਾਈ ਜਾ ਰਹੀਂ ਹੈ। ਜਿਸ ਦੇ ਤਹਿਤ ਹਰ ਪਿੰਡ, ਕਸਬੇ ਅਤੇ ਸ਼ਹਿਰ ‘ਚ ਪੌਦੇ ਲਗਾਏ ਜਾਣਗੇ ਅਤੇ ਹਰ ਪਿੰਡ ‘ਚ ਸਭਾ ਦੀਆਂ ਇਕਾਈਆਂ ਦਾ ਗਠਨ ਕਰਕੇ ਮੈਂਬਰਸ਼ਿਪ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ ਅਤੇ 100 ਸਾਲਾਂ ਸਾਕਾ ਜਲਿਆ ਵਾਲੇ ਬਾਗ਼ ਨੂੰ ਸਮਰਪਿਤ ‘ਵਾਤਾਵਰਨ ਦੀ ਰੱਖਿਆ ਅਤੇ ਨਸ਼ੇ ਦੀ ਸਮੱਸਿਆ’ ਵਿਸ਼ੇ ਨੂੰ ਲੈ ਸੂਬਾ ਪੱਧਰੀ ਸੈਮੀਨਾਰ 31 ਜੁਲਾਈ ਨੂੰ ਸੁਨਾਮ ਵਿਖੇ ਕੀਤਾ ਜਾਵੇਗਾ।
ਇਸ ਮੌਕੇ ਸਭਾ ਦੇ ਪ੍ਰਧਾਨ ਮਨਦੀਪ ਰਤੀਆ ਨੇ ਕਿਹਾ ਕਿ 10 ਤੋਂ 12 ਅਗਸਤ ਤੱਕ ਨੌਜਵਾਨ ਚੇਤਨਾ ਕੈਂਪ ਚੀਮਾ ਭਵਨ ਜਲੰਧਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ‘ਚ ਸੂਬੇ ਭਰ ‘ਚੋ ਚੁਣੀਦਾ ਸਰਗਰਮ ਨੌਜਵਾਨ ਸ਼ਾਮਲ ਹੋਣਗੇ। ਨਵੇਂ ਨੌਜਵਾਨਾਂ ਨੂੰ ਸਭਾ ‘ਚ ਸ਼ਾਮਲ ਕਰਨ ਲਈ ਪੰਜਾਬ ਭਰ ਦੀਆਂ ਤਹਿਸੀਲਾਂ ਦੇ ਅਜਲਾਸ ਅਗਸਤ ਮਹੀਨੇ ਕੀਤੇ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਨੂੰ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦੇ, ਹਰ ਘਰ ਸਰਕਾਰੀ ਨੌਕਰੀ, ਹਰੇਕ ਵਿਦਿਆਰਥੀ ਨੂੰ ਮੁਫ਼ਤ ਸਿੱਖਿਆ ਅਤੇ ਲੜਕੀਆਂ ਨੂੰ ਪੀ.ਐਚ.ਡੀ. ਤੱਕ ਮੁਫ਼ਤ ਸਿੱਖਿਆ, ਹਰ ਬੇਰੁਜ਼ਗਾਰ ਨੌਜਵਾਨ ਨੂੰ ਬੇਰੁਜ਼ਗਾਰੀ ਭੱਤਾ, ਇਕ ਮਹੀਨੇ ‘ਚ ਨਸ਼ਾ ਮੁਕਤ ਪੰਜਾਬ ਆਦਿ ਵਾਅਦਿਆਂ ਨੂੰ ਅਜੇ ਤੱਕ ਅਮਲੀ ਰੂਪ ਨਹੀਂ ਦਿੱਤਾ ਗਿਆ, ਜਿਸ ਲਈ ਸਭਾ ਵੱਲੋਂ ਇਹਨਾਂ ਮੁੱਦਿਆਂ ਦੀ ਪ੍ਰਾਪਤੀ ਲਈ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ‘ਕਦੋਂ ਮਿਲੇਗਾ ਸਾਨੂੰ ਰੁਜ਼ਗਾਰ, ਕੈਪਟਨ ਸਰਕਾਰ ਦੇਵੇ ਜਵਾਬ’ ਦੇ ਨਾਅਰੇ ਹੇਠ ਪੂਰੇ ਪੰਜਾਬ ਦੀ ਜਵਾਨੀ ਨੂੰ ਖਟਕੜ ਕਲਾਂ ਇਕੱਠਾ ਕਰਕੇ ਖਟਕੜ ਕਲਾਂ ਪੁੱਜਣ ਵਾਲੇ ਕਾਂਗਰਸੀ ਲੀਡਰਾਂ ਨੂੰ ਇਸ ਸਬੰਧੀ ਸਵਾਲ ਕਰੇਗੀ।
ਇਸ ਮੀਟਿੰਗ ‘ਚ ਹੋਰਨਾ ਤੋਂ ਇਲਾਵਾ ਅਜੈ ਫਿਲੌਰ, ਮਨਜਿੰਦਰ ਢੇਸੀ, ਸੁਲੱਖਣ ਸਿੰਘ ਤੁੜ, ਮੱਖਣ ਸੰਗਰਾਮੀ, ਗੁਰਦੀਪ ਗੋਗੀ, ਜਤਿੰਦਰ ਫ਼ਰੀਦਕੋਟ, ਨਵਦੀਪ ਕੋਟਕਪੂਰਾ, ਰਵੀ ਕਟਾਰੂਚੱਕ, ਕਰਮਵੀਰ ਪੱਖੋਕੇ ਆਦਿ ਹਾਜ਼ਰ ਸਨ।