ਬਟਾਲਾ : ਨਸ਼ੇ ਨਾਲ ਹੋ ਰਹੀਆਂ ਮੌਤਾਂ ਦੇ ਵਿਰੋਧ ‘ਚ ਅੱਜ ਇਥੇ ਇੱਕ ਮੀਟਿੰਗ ਕੀਤੀ ਗਈ, ਜਿਸ ਉਪਰੰਤ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੇ ਵਿਰੋਧ ‘ਚ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਦੇ ਰਾਜ ਦੌਰਾਨ ਵੀ ਨਸ਼ਿਆਂ ਦਾ ਕਾਰੋਬਾਰ ਪੂਰੀ ਸਿਖਰ ‘ਤੇ ਸੀ ਅਤੇ ਹੁਣ ਰਾਜਸੱਤਾ ‘ਤੇ ਕਾਬਜ ਕੈਪਟਨ ਸਰਕਾਰ ਜਿਸਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਚਾਰ ਹਫ਼ਤਿਆਂ ਅੰਦਰ ਨਸ਼ਾ ਮੁਕਤ ਪੰਜਾਬ ਕਰਨ ਦਾ ਦਾਅਵਾ ਕੀਤਾ ਸੀ ਪਰ ਹੁਣ ਸਰਕਾਰ ਬਣੇ ਨੂੰ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਪੰਜਾਬ ਅੰਦਰ ਨਸ਼ੇ ਦਾ ਖਾਤਮਾ ਨਹੀਂ ਹੋਇਆ। ਉਲਟਾ ਨਸ਼ਾ ਪਹਿਲਾਂ ਨਾਲੋਂ ਵੱਡੀ ਪੱਧਰ ‘ਤੇ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਨਸ਼ਾ ਪੰਜਾਬ ਅੰਦਰ ਹਾਕਮ ਧਿਰ ਦੀ ਸ਼ਹਿ ਅਤੇ ਪੁਲਸ ਦੀ ਮਿਲੀਭੁਗਤ ਨਾਲ ਵਿਕ ਰਿਹਾ ਹੈ, ਜਿਸ ਨਾਲ ਪੰਜਾਬ ਅੰਦਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਬਟਾਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਨਸ਼ਿਆਂ ਦੀ ਦਲਦਲ ਵਿਚ ਧੱਕ ਰਹੀ ਹੈ। ਸਾਥੀ ਸ਼ਮਸ਼ੇਰ ਸਿੰਘ ਨੇ ਅੱਗੇ ਕਿਹਾ ਕਿ ਜਥੇਬੰਦੀ ਪੂਰੇ ਪੰਜਾਬ ਅੰਦਰ ਪਿੰਡ-ਪਿੰਡ ‘ਚ ਵਾਤਾਵਰਨ ਦੀ ਰਾਖੀ ਲਈ ਰੁੱਖ ਲਗਾਏ ਜਾਣਗੇ ਅਤੇ ਨਸ਼ਿਆਂ ਦੇ ਖਾਤਮੇ ਲਈ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਸਭਾ ਦੇ ਤਹਿਸੀਲ ਬਟਾਲਾ ਦੇ ਸਕੱਤਰ ਵਿਰਗਟ ਖਾਨਫੱਤਾ, ਕਮਲ ਸ਼ੇਰਾ, ਸ਼ੈਲੀ, ਲਵਜੀਤ, ਮੱਸਾ ਸਿੰਘ, ਕੁਲਦੀਪ ਸਿੰਘ, ਪੂਰਨ ਸਿੰਘ, ਰਾਜੂ ਮਸੀਹ, ਜਸਪਾਲ ਸਿੰਘ, ਜੌਬਨ ਸਿੰਘ, ਰਜਿੰਦਰ ਸਿੰਘ ਆਦਿ ਹਾਜਰ ਸਨ।