ਨੌਸ਼ਹਿਰਾ ਪੰਨੂਆਂ – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਦੇਸ਼ ਭਰ ‘ਚ ਹੋ ਰਹੀਆਂ ਨਬਾਲਗ ਮਸੂਮ ਬੱਚੀਆਂ ਨਾਲ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਵਿਰੁੱਧ ਭਾਜਪਾ ਦੀ ਮੋਦੀ ਸਰਕਾਰ ਦਾ ਕਸਬਾ ਨੌਸ਼ਹਿਰਾ ਪੰਨੂਆਂ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੀ ਅਗਵਾਈ ਨੌਜਵਾਨ ਆਗੂ ਅੰਮ੍ਰਿਤਪਾਲ ਸਿੰਘ, ਕਿਸਾਨ ਆਗੂ ਹੀਰਾ ਸਿੰਘ, ਇਸਤਰੀ ਆਗੂ ਕੰਵਲਜੀਤ ਕੌਰ ਆਦਿ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰ ਪਰਗਟ ਸਿੰਘ ਜਾਮਾਰਾਏ ਅਤੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕੇ ਭਾਜਪਾ ਦੀਆਂ ਸੂਬਾਈ ਸਰਕਾਰਾਂ ਅਤੇ ਕੇਂਦਰ ਦੀ ਮੋਦੀ ਸਰਕਾਰ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਥਾਂ ਦੋਸ਼ੀਆਂ ਦਾ ਬਚਾਅ ਕਰ ਰਹੀ ਹੈ।।ਭਾਜਪਾ ਦੇ ਵਿਧਾਇਕ ਨੇ ਕਠੂਆ ਦੀ ਮਸੂਮ ਆਸਿਫਾ ਕਾਂਡ ਦੇ ਦੋਸ਼ੀਆਂ ਦੇ ਹੱਕ ਵਿੱਚ ਮਾਰਚ ਕਰਕੇ ਮਨੁੱਖਤਾ ਨੂੰ ਵੀ ਸ਼ਰਮਸਾਰ ਕੀਤਾ ਹੈ। ਦੋਹਾਂ ਆਗੂਆਂ ਨੇ ਔਰਤਾਂ ਦਲਿਤਾਂ ਅਤੇ ਘੱਟ ਗਿਣਤੀਆਂ ਵਿਰੋਧੀ ਮੋਦੀ ਸਰਕਾਰ ਨੂੰ ਚਲਦਾ ਕਰਨ ਲਈ ਅੱਗੇ ਆਉਣ ਅਤੇ ਅਸਿਫਾ ਦੇ ਕਾਤਲਾਂ ਨੂੰ ਫਾਹੇ ਲਾਉਣ ਦੀ ਮੰਗ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀ ਨਾਅਰੇ ਲਾ ਰਹੇ ਸਨ ਕਿ ਆਸਿਫਾ ਦੇ ਕਾਤਲਾਂ ਨੂੰ ਫਾਹੇ ਲਾਓ, ਮਨੂੰਵਾਦ ਪੂੰਜੀਵਾਦ ਮੁਰਦਾਬਾਦ, ਧਰਮ ਦੇ ਨਾਂ ‘ਤੇ ਧੀਆਂ ਦੇ ਬਲਾਤਕਾਰ ਅਤੇ ਕਤਲ ਬੰਦ ਕਰੋ।।ਇਸ ਮੌਕੇ ਯੋਧਾ ਸਰਪੰਚ, ਪਰਮਜੀਤ ਸਿੰਘ, ਸਤਵਿੰਦਰ ਸਿੰਘ ਚੌਧਰੀਵਾਲਾ, ਰੇਸ਼ਮ ਸਿੰਘ ਫੇਲੋਕੇ, ਗੁਰਦੇਵ ਸਿੰਘ ਆਦਿ ਹਾਜ਼ਰ ਸਨ।