Now Reading
ਦਿਹਾਤੀ ਮਜ਼ਦੂਰ ਸਭਾ ਵਲੋਂ ਅਣਮਨੁੱਖੀ ਮੰਨੂੰਵਾਦੀ ਗੁਲਾਮੀ ਦੇ ਖ਼ਾਤਮੇਂ ਲਈ ਘੋਲ ਦਾ ਐਲਾਨ

ਦਿਹਾਤੀ ਮਜ਼ਦੂਰ ਸਭਾ ਵਲੋਂ ਅਣਮਨੁੱਖੀ ਮੰਨੂੰਵਾਦੀ ਗੁਲਾਮੀ ਦੇ ਖ਼ਾਤਮੇਂ ਲਈ ਘੋਲ ਦਾ ਐਲਾਨ

ਭਾਈ ਜੈਤਾ ਜੀ ਦੀ ਜਨਮ ਭੂਮੀ ਗੱਗੋਮਾਹਲ ਤੋਂ ਸ਼ੁਰੂ ਹੋਵੇਗਾ ਚੇਤਨਾ ਮਾਰਚ

ਜਲੰਧਰ : ਦਿਹਾਤੀ ਮਜ਼ਦੂਰਾਂ ਸਭਾ ਵਲੋਂ ਸਦੀਆਂ ਤੋਂ ਜਾਰੀ ਸਮਾਜਕ ਨਾਬਰਾਬਰੀ ਅਤੇ ਉਚ ਜਾਤੀ ਹੰਕਾਰ ਦੀ ਮੰਦਭਾਵਨਾ ‘ਚੋਂ ਉਪਜਦੇ ਜਾਤੀਪਾਤੀ ਅੱਤਿਆਚਾਰਾਂ ਦੇ ਸਦੀਵੀਂ ਖਾਤਮੇਂ ਲਈ ਪੜਾਅਵਾਰ ਫੈਸਲਾਕੁੰਨ ਸੰਗਰਾਮ ਵਿੱਢਣ ਦਾ ਨਿਰਣਾ ਲਿਆ ਗਿਆ ਹੈ, ਜਿਸ ਦੇ ਪਹਿਲੇ ਪੜਾਅ ‘ਚ ਸੂਬਾਈ ਅਹੁਦੇਦਾਰਾਂ ਦੀ ਅਗਵਾਈ ‘ਚ ”ਮਨੂੰਵਾਦੀ ਗੁਲਾਮੀ ਵਿਰੁੱਧ ਦਲਿਤ ਜਗਾਓ ਮਾਰਚ” ਕੀਤਾ ਜਾਵੇਗਾ ਜੋ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਵਿਸ਼ਾਲ ਜਨਸਭਾਵਾਂ ਨੂੰ ਸੰਬੋਧਨ ਕਰੇਗਾ। ਇਹ ਮਾਰਚ 22 ਜੁਲਾਈ ਨੂੰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ) ਜੀ ਦੀ ਜਨਮ ਭੂਮੀ ਗੱਗੋਮਾਹਲ (ਅੰਮ੍ਰਿਤਸਰ) ਤੋਂ ਸ਼ੁਰੂ ਹੋਵੇਗਾ ਅਤੇ ਸਾਰੇ ਪੰਜਾਬ ਦਾ ਦੌਰਾ ਕਰਨ ਉਪਰੰਤ 1 ਅਗਸਤ ਨੂੰ ਗਦਰੀ ਬਾਬਾ ਮੰਗੂ ਰਾਮ ਦੀ ਜਨਮ ਭੂਮੀ ਮੁੱਗੋਵਾਲ (ਹੁਸ਼ਿਆਰਪੁਰ) ਵਿਖੇ ਸੰਪੰਨ ਹੋਵੇਗਾ। ਇਹ ਜਾਣਕਾਰੀ ਅੱਜ ਇਥੋਂ ਜਾਰੀ ਇਕ ਬਿਆਨ ਰਾਹੀਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਨੇ ਦਿੱਤੀ। ਵਧੇਰੇ ਤੋਂ ਵਧੇਰੇ ਖੇਤੀ ਕਿਰਤੀਆਂ ਅਤੇ ਸਮਾਜਕ ਜਬਰ ਦੇ ਭੰਨੇ ਦਲਿਤਾਂ ਨੂੰ ਚੇਤੰਨ ਕਰਨ ਲਈ ”ਜਾਗੋ-ਜਥੇਬੰਦ ਹੋਵੋ, ਸੰਘਰਸ਼ ਕਰੋ-ਸਮਾਜ ਬਦਲੋ” ਸਿਰਲੇਖ ਹੇਠ ਇਕ ਦੁਵਰਕੀ ਵੀ ਵੱਡੀ ਪੱਧਰ ‘ਤੇ ਵੰਡੀ ਜਾਵੇਗੀ। ਦੋਹਾਂ ਆਗੂਆਂ ਨੇ ਦੱਸਿਆ ਕਿ ਸੰਘਰਸ਼ ਦੇ ਅਗਲੇਰੇ ਪੜਾਅ ‘ਚ ਸੂਬੇ ਦੇ ਜ਼ਿਲ੍ਹਾ ਹੈਡਕੁਆਰਟਰਾਂ ‘ਤੇ 6 ਤੋਂ 8 ਅਗਸਤ ਤੱਕ ਦਿਨ ਰਾਤ ਦੇ ਵਿਸ਼ਾਲ ਰੋਸ ਧਰਨੇ ਲਾਏ ਜਾਣਗੇ ਅਤੇ ਤਿੰਨੇ ਦਿਨ ਵੱਖੋ ਵੱਖ ਵਿਭਾਗਾਂ ਵੱਲ ਮਾਰਚ ਕਰਕੇ ਅਧਿਕਾਰੀਆਂ ਰਾਹੀਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਨੂੰ ਮੰਗ ਪੱਤਰ ਭੇਜੇ ਜਾਣਗੇ। ਅੰਤਲੇ ਦਿਨ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਗ ਪੱਤਰ ਸੌਂਪਿਆ ਜਾਵੇਗਾ। ਉਕਤ ਮੰਗ ਪੱਤਰ, ਬੇਜ਼ਮੀਨੇ ਪੇਂਡੂ ਮਜ਼ਦੂਰਾਂ, ਜਿਨ੍ਹਾਂ ‘ਚ ਬਹੁਤ ਭਾਰੀ ਹਿੱਸਾ ਦਲਿਤਾਂ ਦਾ ਹੈ, ਦੀਆਂ ਰੋਜ਼ਗਾਰ, ਸਿਹਤ ਸੇਵਾਵਾਂ, ਇਕਸਾਰ ਮਿਆਰੀ ਸਿੱਖਿਆ, ਰੋਟੀ-ਕੱਪੜਾ-ਮਕਾਨ, ਜਨਤਕ ਵੰਡ ਪ੍ਰਣਾਲੀ, ਰਿਹਾਇਸ਼ੀ ਤੇ ਰੂੜੀਆਂ ਲਈ ਥਾਵਾਂ, ਮਕਾਨ ਬਨਾਉਣ ਲਈ ਗਰਾਂਟਾਂ, ਵਾਹੀਯੋਗ ਜ਼ਮੀਨਾ ਦਿੱਤੇ ਜਾਣ ‘ਤੇ ਕਰਜ਼ਿਆਂ ‘ਤੇ ਲੀਕ ਮਾਰੇ ਜਾਣ ਆਦਿ ਦੇ ਨਾਲ ਨਾਲ ਸਭਨਾਂ ਧਾਰਮਿਕ ਸਥਾਨਾਂ, ਸ਼ਮਸ਼ਾਨ ਭੂਮੀਆਂ, ਪੀਣ ਵਾਲੇ ਪਾਣੀ ਦੇ ਸਰੋਤਾਂ ਦੀ ਵਰਤੋਂ ਸਬੰਧੀ ਅਤੇ ਜਨਤਕ ਸਮਾਗਮਾਂ ਸਮੇਂ ਜਾਤੀ ਅਧਾਰਤ ਵਿਤਕਰੇ ਤੇ ਤੁਰੰਤ ਰੋਕ ਲਾਏ ਜਾਣ ਦੀਆਂ ਮੰਗਾਂ ‘ਤੇ ਅਧਾਰਤ ਤਿਆਰ ਕੀਤੇ ਗਏ ਹਨ। ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਜੇ ਸਰਕਾਰ ਨੇ ਇਨ੍ਹਾਂ ਨਿਆਂ ਸੰਗਤ ਮੰਗਾਂ ਅਤੇ ਵਾਜਬ ਸੰਗਰਾਮ ਦਾ ਬਣਦਾ ਨੋਟਿਸ ਨਾ ਲਿਆ ਤਾਂ ਸੰਘਰਸ਼ ਦੇ ਉਚੇਚੇ ਪੜਾਵਾਂ ਦੀ ਰੂਪ ਰੇਖਾ ਉਲੀਕੀ ਜਾਵੇਗੀ ਜਿਸ ‘ਚ ਅਸੰਬਲੀ ਵੱਲ ਮਜ਼ਦੂਰ ਮਾਰਚ ਵੀ ਸ਼ਾਮਲ ਹੋਵੇਗਾ। ਸਾਥੀ ਨਾਹਰ ਅਤੇ ਦਾਊਦ ਨੇ ਸੂਬੇ ਦੇ ਸਭਨਾਂ ਬੇਜ਼ਮੀਨੇ, ਸਾਧਨਹੀਨ, ਦਲਿਤ ਮਜ਼ਦੂਰਾਂ ਨੂੰ ਇਸ ਸੰਗਰਾਮ ਦੀ ਸਫਲਤਾ ਲਈ ਹਰ ਪੱਖੋਂ ਸਹਿਯੋਗ ਦੇਣ ਦੀ ਅਪੀਲ ਕੀਤੀ।

Scroll To Top