
ਬਠਿੰਡਾ- ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ (ਜੇਪੀਐੱਮਓ) ਦੀ ਬਠਿੰਡਾ ਜ਼ਿਲ੍ਹਾ ਇਕਾਈ ਵੱਲੋਂ ਅੱਜ ਥਰਮਲ ਨੂੰ ਬੰਦ ਕੀਤੇ ਜਾਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਚੇਤਨਾ ਮਾਰਚ ਕੱਢਿਆ ਗਿਆ। ਇਸ ਚੇਤਨਾ ਮਾਰਚ ਤੋਂ ਪਹਿਲਾਂ ਇਹ ਜਥੇਬੰਦੀਆਂ ਡਾ. ਬੀ.ਆਰ. ਅੰਬੇਦਕਰ ਪਾਰਕ ਵਿੱਚ ਇਕੱਠੀਆਂ ਹੋਈਆਂ ਅਤੇ ਇੱਥੋਂ ਮਾਰਚ ਸ਼ੁਰੂ ਕਰਕੇ ਜੀਟੀ ਰੋਡ ਹੁੰਦਾ ਹੋਇਆ ਵੱਖ ਵੱਖ ਬਾਜ਼ਾਰਾਂ ਵਿੱਚ ਦੀ ਕੱਢਿਆ ਗਿਆ। ਇਸ ਮੌਕੇ ਪ੍ਰਕਾਸ਼ ਸਿੰਘ ਪਾਸ਼ਾ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕੀਤਾ ਬੜਾ ਮੰਦਭਾਗਾ ਹੈ। ਥਰਮਲ ਬੰਦ ਹੋਣ ਕਾਰਨ ਹਜ਼ਾਰਾਂ ਪਰਿਵਾਰ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦਾ ਸਰਕਾਰ ਵੱਲੋਂ ਲਿਆ ਗਿਆ ਲੋਕ ਵਿਰੋਧੀ ਫ਼ੈਸਲਾ ਵਾਪਸ ਲਿਆ ਜਾਵੇ, ਨਿੱਜੀ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤੇ ਸਮੀਖਿਆ ਮਗਰੋਂ ਰੱਦ ਕੀਤੇ ਜਾਣ ਅਤੇ ਸਾਰੇ ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਬਹਾਲ ਕਰਕੇ ਉਨ੍ਹਾਂ ਨੂੰ ਪੱਕੇ ਕੀਤਾ ਜਾਵੇ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸਾਥੀ ਮਹੀਪਾਲ, ਮਿੱਠੂ ਸਿੰਘ ਘੁੱਦਾ, ਜਮਹੂਰੀ ਕਿਸਾਨ ਸਭਾ ਦੇ ਸੰਪੂਰਨ ਸਿੰਘ, ਦਰਸ਼ਨ ਸਿੰਘ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਤਪਾਲ ਗੋਇਲ, ਮਲਕੀਤ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਗੁਰਦੀਪ ਸਿੰਘ ਬਰਾੜ, ਹੰਸ ਰਾਜ ਬੀਜਵਾ, ਮੱਖਣ ਸਿੰਘ ਖਣਗਵਾਲ, ਰਾਜ ਕਿਸ਼ੋਰ ਦੇ ਇਲਾਵਾ ਛੱਜੂ, ਲਾਲ ਚੰਦ, ਕਰਮਜੀਤ ਬੀਹਲਾ, ਜਗਜੀਤ ਸਿੰਘ ਜੱਸੋਆਣਾ, ਹਰਜੀਤ ਸਿੰਘ ਮਦਰੱਸਾ, ਕ੍ਰਿਸ਼ਨ ਲਾਲ, ਭੋਲਾ ਸਿੰਘ ਤੇ ਹੋਰ ਮੌਜੂਦ ਸਨ।