Now Reading
ਝਬਾਲ ਦਾਣਾ ਮੰਡੀ ਦੇ ਦਫ਼ਤਰ ਅੱਗੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ

ਝਬਾਲ ਦਾਣਾ ਮੰਡੀ ਦੇ ਦਫ਼ਤਰ ਅੱਗੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ

ਝਬਾਲ : ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਦਾਣਾ ਮੰਡੀ ਝਬਾਲ ਵਿੱਚ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਸਭਾ ਦੇ ਆਗੂ ਦਵਿੰਦਰ ਸੋਹਲ, ਜਮਹੂਰੀ ਕਿਸਾਨ ਸਭਾ ਦੇ ਜਸਬੀਰ ਸਿੰਘ ਗੰਡੀਵਿੰਡ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਭੁਪਿੰਦਰ ਸਿੰਘ ਲਾਹੌਰੀ ਤਖ਼ਤ ਮੱਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਸ਼ੋਤਮ ਸਿੰਘ ਗਹਿਰੀ ਨੇ ਕੀਤੀ।
ਕਿਸਾਨਾਂ ਨੇ ਇਸ ਦੌਰਾਨ ਮੰਡੀਆਂ ਵਿੱਚ ਕਿਸਾਨਾਂ ਦੀ ਹੁੰਦੀ ਲੁੱਟ ਬੰਦ ਕਰਨ, ਝੋਨੇ ਦਾ ਵੱਧ ਤੋਲ ਰੋਕਣ ਤੇ ਮੰਡੀ ਵਿੱਚ ਆਇਆ ਝੋਨਾ ਵਾਪਸ ਕੀਤੇ ਜਾਣ ’ਤੇ ਰੋਕ ਲਾਉਣ ਦੀ ਮੰਗ ਕੀਤੀ। ਆਗੂਆਂ ਨੇ ਮੰਡੀ ਦੇ ਦੋਹਾਂ ਗੇਟਾਂ ’ਤੇ ਸਿੱਲ ਚੈੱਕ ਕਰਨ ਵਾਲੀਆਂ ਮਸ਼ੀਨਾਂ ਤੁਰੰਤ ਹਟਾਉਣ, ਜਿਣਸਾਂ ਨੂੰ ਬਾਰਸ਼ਾਂ ਤੋਂ ਬਚਾਉਣ ਦੇ ਪ੍ਰਬੰਧ ਕਰਨ ਤੋਂ ਇਲਾਵਾ ਮੰਡੀ ਵਿੱਚ ਕਿਸਾਨਾਂ ਦੇ ਰਾਤ ਰਹਿਣ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਪੀਣ ਵਾਲੇ ਪਾਣੀ ਅਤੇ ਫਲੱਸ਼ਾਂ ਦੇ ਪ੍ਰਬੰਧ ਕੀਤੇ ਜਾਣ ’ਤੇ ਜ਼ੋਰ ਦਿੱਤਾ। ਧਰਨੇ ਦੌਰਾਨ ਆਗੂਆਂ ਨੇ ਪੱਟੀ ਦੀ ਦਾਣਾ ਮੰਡੀ ਅੰਦਰ ਆੜ੍ਹਤੀਆਂ ਦੇ ਹਮਲੇ ਵਿੱਚ ਜ਼ਖਮੀ ਹੋਏ ਕਿਸਾਨ ਨੂੰ ਰਾਹਤ ਦੇਣ ਅਤੇ ਹਮਲਾ ਕਰਨ ਵਾਲਿਆਂ ਖਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ।
ਹੋਰਨਾਂ ਦੇ ਇਲਾਵਾ ਕੈਪਟਨ ਸਿੰਘ ਬਘਿਆੜੀ, ਜਸਪਾਲ ਸਿੰਘ ਝਬਾਲ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਜਗਬੀਰ ਸਿੰਘ, ਸੁਖਦੇਵ ਸਿੰਘ ਮਾਨੋਚਾਹਲ, ਹਰਦੀਪ ਸਿੰਘ ਰਸੂਲਪੁਰ, ਜਗਬੀਰ ਸਿੰਘ ਬੱਬੂ, ਬਿੱਲਾ ਖੂਹਵਾਲਾ, ਸੁਖਵੰਤ ਸਿੰਘ ਮੰਨਣ, ਸੁਖਵਿੰਦਰ ਸਿੰਘ ਦੋਦੇ ਆਦਿ ਨੇ ਵੀ ਇਸ ਮੌਕੇ ਸੰਬੋਧਨ ਕੀਤਾ।

Scroll To Top