ਜਲੰਧਰ- ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਅੱਜ ਇੱਕ ਇੱਥੇ ਇੱਕ ਪ੍ਰਭਾਵਸ਼ਾਲੀ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਮੁਜ਼ਾਹਰਾ ਸਥਾਨਕ ਫ਼ਗਵਾੜੀ ਮੁਹੱਲੇ ਤੋਂ ਸ਼ੁਰੂ ਹੋ ਕੇ ‘ਪਿਮਸ’ ਕੋਲੋਂ ਹੁੰਦਾ ਹੋਇਆ ਵਾਪਸ ਦਯਾਨੰਦ ਚੌਂਕ ਪੁੱਜ ਕੇ ਸੰਪੰਨ ਹੋਇਆ। ਇਹ ਮੁਜ਼ਾਹਰਾ ਕਠੂਆਂ ਬਾਲੜੀ ਬਲਾਤਕਾਰ ਅਤੇ ਕਤਲ ਕਾਂਡ, ਉਨਾਵ ਬਲਾਤਕਾਰ ਤੇ ਦੇਸ਼ ਭਰ ‘ਚ ਦਿਨੋਂ ਦਿਨ ਵੱਧ ਰਹੀਆਂ ਅਜਿਹੀਆਂ ਵਾਰਦਾਤਾਂ ਅਤੇ ਇਨ੍ਹਾਂ ਕੁਕਰਮਾਂ ਦੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਵਿਰੁੱਧ ਕੀਤਾ ਗਿਆ। ਮੁਜ਼ਾਹਰਾਕਾਰੀ ਬੀਬੀਆਂ ਬਲਾਤਕਾਰੀਆਂ ਨੂੰ ਫਾਹੇ ਲਾਉਣ, ਔਰਤਾਂ ਲਈ ਬਰਾਬਰ ਅਧਿਕਾਰਾਂ ਦੀ ਗਾਰੰਟੀ ਕਰਨ, ਜਸਟਿਸ ਵਰਮਾ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਇੰਨ-ਬਿੰਨ ਲਾਗੂ ਕਰਨ, ਸਰਕਾਰਾਂ ਅਤੇ ਫ਼ਿਰਕੂ ਸੰਗਠਨਾਂ ਵੱਲੋਂ ਬਾਲਤਕਾਰੀਆਂ/ਕਾਤਲਾਂ ਦੀ ਇਮਦਾਦ ਬੰਦ ਕਰਨ ਆਦਿ ਮੰਗਾਂ ਜ਼ੋਰਦਾਰ ਆਵਾਜ਼ ‘ਚ ਬੁਲੰਦ ਕਰ ਰਹੀਆਂ ਸਨ।
ਇਸ ਸਮੇਂ ਇਕੱਤਰ ਬੀਬੀਆਂ ਨੂੰ ਸੰਬੋਧਨ ਕਰਦਿਆਂ ਡਾਕਟਰ ਰਘਬੀਰ ਕੌਰ ਨੇ ਦੋਸ਼ ਲਾਇਆ ਕਿ ਉੱਝ ਤਾਂ ਹਰ ਸਰਕਾਰ ਹੀ ਬਾਰਸੂਖ ਦੋਸ਼ੀਆਂ ਦੀ ਗ਼ੈਰਵਾਜਬ ਇਮਦਾਦ ਕਰਦੀਆਂ ਪਰ ਕਾਤਲਾਂ, ਬਲਾਤਕਾਰੀਆਂ ਨੂੰ ਬਚਾਉਣ ਦੀਆਂ ਘ੍ਰਿਣਤ ਸਾਜ਼ਿਸ਼ਾਂ ਪੱਖੋਂ ਮੌਜੂਦਾ ਭਾਜਪਾ ਦੀ ਮੋਦੀ ਸਰਕਾਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਆਰਐਸਐਸ ਦੀਆਂ ਫ਼ਿਰਕੂ ਨਫ਼ਰਤ ਤੇਜ਼ ਕਰਨ ਦੀਆਂ ਇੱਛਾਵਾਂ ਦੀ ਪੂਰਤੀ ਲਈ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹੌਲਨਾਕ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਇਸਤਰੀਆਂ ਦੇ ਵਿਸ਼ਾਲ ਅੰਦੋਲਨ ਦੀ ਉਸਾਰੀ ਹੋਣੀ ਜ਼ਰੂਰੀ ਹੈ ਅਤੇ ਇਸ ਕੰਮ ਦੀ ਜ਼ਿੰਮੇਵਾਰੀ ਸਮੁੱਚੀ ਜਮਹੂਰੀ ਲਹਿਰ ਨੂੰ ਚੁੱਕਣੀ ਚਾਹੀਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਨਵਾਦੀ ਇਸਤਰੀ ਸਭਾ ਪੰਜਾਬ ਇਸ ਪੱਖੋਂ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ 25 ਅਤੇ 26 ਅਪਰੈਲ ਨੂੰ ਹਰ ਮੁਹੱਲੇ ‘ਚ ਰੋਸ ਪ੍ਰਗਟ ਕਰਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਬੀਬੀ ਬਿਮਲਾ, ਊਸ਼ਾ ਰਾਣੀ, ਪਾਰਵਤੀ ਅਮਨ, ਸੀਮਾ, ਸੋਮਾ ਰਾਣੀ, ਨਿਰਮਲਾ ਆਦਿ ਭੈਣਾਂ ਨੇ ਰੋਸ ਐਕਸ਼ਨ ਦੀ ਅਗਵਾਈ ਕੀਤੀ।