Now Reading
ਖੱਬੇ ਪੱਖੀਆਂ ਵੱਲੋਂ ਬਾਦਲਾਂ ਤੇ ਮੋਦੀ ਸਰਕਾਰ ਖ਼ਿਲਾਫ਼ ਰੋਸ ਮਾਰਚ

ਖੱਬੇ ਪੱਖੀਆਂ ਵੱਲੋਂ ਬਾਦਲਾਂ ਤੇ ਮੋਦੀ ਸਰਕਾਰ ਖ਼ਿਲਾਫ਼ ਰੋਸ ਮਾਰਚ

ਬਟਾਲਾ : ਸਰਹੱਦੀ ਕਸਬਾ ਕਲਾਨੌਰ ਵਿੱਚ ਅੱਜ ਜਮਹੂਰੀ ਕਿਸਾਨ ਸਭਾ, ਸ਼ਹੀਦ ਨੌਜਵਾਨ ਸਭਾ ਤੇ ਹੋਰ ਖੱਬੀਆਂ ਧਿਰਾਂ ਦੇ ਆਗੂਆਂ ਨੇ ਬਰਗਾੜੀ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਬਾਦਲਾਂ ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਿਆ। ਉਨ੍ਹਾਂ ਪੰਜ ਬੁੱਧੀਜੀਵੀਆਂ ਨੂੰ ਪਹਿਲਾਂ ਗ੍ਰਿਫ਼ਤਾਰ ਕਰਨ ਤੇ ਫਿਰ ਘਰਾਂ ਵਿੱਚ ਨਜ਼ਰਬੰਦ ਕਰਨ ਦੀ ਨਿਖ਼ੇਧੀ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਬਰਗਾੜੀ ਕਾਂਡ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ’ਚ ਰੋਸ ਕਰ ਰਹੇ ਬੇਦੋਸ਼ੇ ਨੌਜਵਾਨਾਂ ’ਤੇ ਪੁਲੀਸ ਨੇ ਗੋਲੀਆਂ ਚਲਾਈਆਂ। ਉਸ ਸਮੇਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗੋਲੀਆਂ ਚਲਾਉਣ ਵਾਲੇ ਪੁਲੀਸ ਅਫ਼ਸਰਾਂ ਖ਼ਿਲਾਫ਼ ਕਾਰਵਾਈ ਨਾ ਕਰਨਾ ਵੱਡਾ ਗੁਨਾਹ ਸੀ, ਜਿਸ ਦਾ ਪਰਦਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨੇ ਕੀਤਾ।
ਕਾਮਰੇਡ ਜਗਜੀਤ ਸਿੰਘ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਲੋਕ ਪੱਖੀ ਬੁੱਧੀਜੀਵੀਆਂ ਨੂੰ ਰਿਹਾਅ ਕਰੇ। ਇਸ ਮੌਕੇ ਪ੍ਰੋਫੈਸਰ ਹਰਜੀਤ ਸਿੰਘ ਕਾਹਲੋਂ, ਸਾਬਕਾ ਸਰਪੰਚ ਓਮ ਪ੍ਰਕਾਸ਼ ਸਲਹੋਤਰਾ, ਕਾਮਰੇਡ ਰੂਪ ਸਿੰਘ, ਨਿਰਮਲ ਸਿੰਘ, ਨਿਰੰਜਨ ਸਿੰਘ ਨੇ ਸੰਬੋਧਨ ਕੀਤਾ।

Scroll To Top