ਭਿੱਖੀਵਿੰਡ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਵਰਕਰਾਂ ਵਲੋਂ ਗੁਰਦੇਵ ਸਿੰਘ ਮਨਿਹਾਲਾ ਤੇ ਜਰਨੈਲ ਸਿੰਘ ਦਿਆਲਪੁਰਾ ਦੀ ਅਗਵਾਈ ਵਿਚ ਕੇਂਦਰ ਤੇ ਰਾਜ ਸਰਕਾਰ ਦਾ ਪੁਤਲਾ ਫੂਕਿਆ | ਪੁਤਲਾ ਫੂਕਣ ਤੋਂ ਪਹਿਲਾਂ ਅੱਡੇ ਬਾਜ਼ਾਰ ਵਿਚ ਮਾਰਚ ਕਰਦਿਆਂ ਨਾਅਰੇਬਾਜ਼ੀ ਕੀਤੀ ਕਿ ਤੇਲ ਦੀਆਂ ਕੀਮਤਾਂ ‘ਚ ਕੀਤਾ ਵਾਧਾ ਵਾਪਸ ਲਿਆ ਜਾਵੇ | ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ. ਦੇ ਆਗੂ ਦਲਜੀਤ ਸਿੰਘ ਦਿਆਲਪੁਰਾ, ਬਾਜ ਸਿੰਘ ਅਤੇ ਕਾਮਰੇਡ ਜਰਨੈਲ ਸਿੰਘ ਨੇ ਆਖਿਆ ਕਿ ਤੇਲ ਦੀ ਬੁਨਿਆਦੀ ਕੀਤਤ 39.12 ਰੁਪਏ ਹੈ ਪਰ ਇਸ ‘ਤੇ 39.54 ਰੁਪਏ ਕੇਂਦਰ ਅਤੇ ਰਾਜ ਸਰਕਾਰ ਟੈਕਸ ਦੇ ਰੂਪ ਵਿਚ ਲੈ ਰਹੀ ਹੈ, ਜਿਸ ਵਿਚ ਕ੍ਰਮਵਾਰ ਕੇਂਦਰ ਸਰਕਾਰ 19.41 ਰੁਪਏ, ਰਾਜ ਸਰਕਾਰ 16.83 ਰੁਪਏ, ਪੰਜਾਬ ਸਰਕਾਰ ਅਤੇ 3.83 ਰੁਪਏ ਪ੍ਰਤੀ ਲੀਟਰ ਪੈਟਰੋਲ ਪੰਪ ਮਾਲਕ ਨੂੰ ਜਾਂਦੇ ਹਨ | ਰਾਜ ਸਰਕਾਰ ਇਸੇ ਟੈਕਸ ਰਾਹੀਂ 6500 ਕਰੋੜ ਤੋਂ ਜ਼ਿਆਦਾ ਇਕੱਠਾ ਕਰ ਰਹੀ ਹੈ, ਇਸ ਤੋਂ ਕੇਂਦਰ ਸਰਕਾਰ ਕੋਲ ਅਰਬਾਂ ਖ਼ਰਬਾਂ ਰੁਪਏ ਟੈਕਸ ਦੇ ਰੂਪ ‘ਚ ਜਾਂਦੇ ਹੋਣਗੇ | ਤੇਲ ਦੀ ਕੀਮਤ ਕਾਬੂ ‘ਚ ਰੱਖਣ ਲਈ ਕੋਈ ਵੀ ਸਰਕਾਰ ਟੈਕਸ ਘੱੱਟ ਕਰਨ ਲਈ ਤਿਆਰ ਨਹੀਂ, ਜਿਸ ਕਰਕੇ ਆਮ ਖਪਤਕਾਰ ਦਾ ਕੰਚੂਮਰ ਨਿਕਲ ਰਿਹਾ ਹੈ ਅਤੇ ਮਹਿੰਗਾਈ ਵਿਚ ਹੋਰ ਵਾਧਾ ਕਰ ਰਹੀ ਹੈ | ਪੁਤਲਾ ਫੂਕਣ ਵੇਲੇ ਗੁਰਦੇਵ ਸਿੰਘ ਮਨਿਹਾਲਾ, ਵਰਕਰਾਂ ਦਾ ਧੰਨਵਾਦ ਕਰਨ ਦੇ ਨਾਲ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਬੇਲਗਾਮ ਵਧਦੀ ਮਹਿੰਗਾਈ ਨੂੰ ਨਾ ਰੋਕਿਆ ਤਾਂ ਵਿਸ਼ਾਲ ਲਾਮਬੰਦੀ ਕਰਕੇ ਲੋਕਾਂ ਨੂੰ ਸੰਘਰਸ਼ ਦੇ ਮੈਦਾਨ ਵਿਚ ਉਤਾਰਿਆ ਜਾਵੇਗਾ | ਇਸ ਮੌਕੇ ਬਲਦੇਵ ਸਿੰਘ ਅਹਿਮਦਪੁਰਾ, ਬਚਿੱਤਰ ਸਿੰਘ ਮੱਖੀ ਕਲਾਂ, ਜੇ.ਈ. ਕੁਲਵੰਤ ਸਿੰਘ ਮਾਣਕਪੁਰਾ, ਸਰੂਪ ਸਿੰਘ ਬੂੜ ਚੰਦ, ਭਗਵੰਤ ਸਿੰਘ ਕੱਚਾ ਪੱਕਾ, ਗੁਰਬਚਨ ਸਿੰਘ ਡਿਆਲ ਅਤੇ ਜਥੇਦਾਰ ਜਗੀਰ ਸਿੰਘ ਆਦਿ ਮੌਜੂਦ ਸਨ|