
ਬਟਾਲਾ – ਕੱਚਾ ਕੋਟ ਭੰਡਾਰੀ ਮੁਹੱਲਾ ਵਿਖੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਬੀਬੀ ਰਜਨੀ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਕਿਹਾ ਕਿ ਔਰਤਾਂ ਉਤੇ ਸਮਾਜਿਕ ਹਿੰਸਾ ਤੇ ਘਰੇਲੂ ਹਿੰਸਾ ਵਿੱਚ ਵਾਧਾ ਹੋਇਆ ਹੈ। ਅੱਜ ਔਰਤਾਂ ਉਪਰ ਹੋ ਰਹੇ ਜਬਰ-ਜ਼ੁਲਮ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਦਾਜ ਕਰਕੇ ਕੁੜੀਆਂ ਨੂੰ ਅੱਜ ਵੀ ਮਾਰਿਆ ਜਾ ਰਿਹਾ ਹੈ। ਔਰਤਾਂ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਦਾ ਦਾਅਵਾ ਤਾਂ ਸਰਕਾਰਾਂ ਕਰਦੀਆਂ ਹਨ, ਪਰ ਉਨ੍ਹਾਂ ਨੂੰ ਲਾਗੂ ਨਹੀਂ ਕਰਦੀਆਂ, ਕੰਮ ਵਾਲੇ ਥਾਂ ਉਤੇ ਔਰਤਾਂ ਨਾਲ ਜਿਨਸੀ ਸ਼ੋਸ਼ਣ ਵੱਡੀ ਗਿਣਤੀ ਵਿੱਚ ਹੋ ਰਿਹਾ ਹੈ। ਸਮਾਜ ਵਿੱਚ ਬਰਾਬਰਤਾ ਲਿਆਉਣ ਅਤੇ ਬਰਾਬਰ ਕੰਮ ਬਦਲੇ ਬਰਾਬਰ ਉਜਰਤ, ਔਰਤਾਂ ਨਾਲ ਹੋ ਰਹੇ ਵਿਤਕਰੇ ਖ਼ਿਲਾਫ਼ ਪੂਰੇ ਪੰਜਾਬ ਵਿੱਚ ਔਰਤਾਂ ਨੂੰ ਜਥੇਬੰਦ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਆਉਣ ਵਾਲੀ 17 ਫ਼ਰਵਰੀ ਨੂੰ ਪਕੋਕਾ ਕਾਨੂੰਨ ਖਿਲਾਫ਼ ਜਲੰਧਰ ‘ਚ ਹੋ ਰਹੀ ਰੈਲੀ ਵਿੱਚ ਸ਼ਾਮਲ ਹੋਣਾ ਅਤੇ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਨੂੰ ਜਲੰਧਰ ਵਿਖੇ ਹੋ ਰਹੇ ਸੂਬਾਈ ਇਕੱਠ ਵਿੱਚ ਸ਼ਾਮਲ ਹੋਣਾ। ਮੀਟਿੰਗ ਨੂੰ ਏਕਤਾ, ਰਾਜ, ਸਵਿਤਾ, ਕ੍ਰਿਸ਼ਨਾ, ਸੱਤਿਆ ਰਾਵੀ, ਰੀਟਾ, ਪੂਜਾ ਕੁਮਾਰੀ ਨੇ ਸੰਬੋਧਨ ਕੀਤਾ ਅਤੇ ਇਨ੍ਹਾਂ ਤੋਂ ਇਲਾਵਾ ਗੁਰਨਾਮ ਸਿੰਘ ਬੌਲੀ, ਇੰਦਰਜੀਤ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਗੁਰਦਿਆਲ ਸਿੰਘ ਘੁਮਾਣ ਨੇ ਵੀ ਸੰਬੋਧਨ ਕੀਤਾ।