Now Reading
ਆਰ ਐਮ ਪੀ ਆਈ ਰਾਜਸੀ ਬਦਲ ਦੀ ਉਸਾਰੀ ਲਈ ਪੂਰਾ ਤਾਣ ਲਾਵੇਗੀ : ਪਾਸਲਾ

ਆਰ ਐਮ ਪੀ ਆਈ ਰਾਜਸੀ ਬਦਲ ਦੀ ਉਸਾਰੀ ਲਈ ਪੂਰਾ ਤਾਣ ਲਾਵੇਗੀ : ਪਾਸਲਾ

ਬਠਿੰਡਾ : “ਲਹੂ ਦੇ ਤਿਹਾਏ ਫਿਰਕੂ – ਫਾਸ਼ੀਵਾਦੀ ਗਰੋਹਾਂ ਦੀ ਫਿਰਕੂ ਕਤਾਰਬੰਦੀ ਦੇ ਅਧਾਰ ਤੇ ਭਰਾ ਮਾਰੂ ਫਸਾਦ ਕਰਾਉਣ ਦੀ ਸਾਜ਼ਿਸ਼ੀ ਵਿਉਂਤਬੰਦੀ ਅਤੇ ਸਾਮਰਾਜੀ ਹਿਤਾਂ ਦੀ ਰਾਖੀ ਲਈ ਘੜੀਆਂ ਗਈਆਂ ਨਵਉਦਾਰਵਾਦੀ ਨੀਤੀਆਂ ਨਾ ਕੇਵਲ ਭਾਰਤ ਦੇ ਬਲਕਿ ਸੰਸਾਰ ਭਰ ਦੇ ਮਿਹਨਤਕਸ਼ ਆਵਾਮ ਦੀਆਂ ਸੱਭ ਤੋਂ ਵੱਡੀਆਂ ਦੁਸ਼ਮਨ ਹਨ।” ਇਹ ਸ਼ਬਦ, ਸਥਾਨਕ ਟੀਚਰਜ਼ ਹੋਮ ਦੇ ‘ਸ਼ਹੀਦ ਕਿਰਨਜੀਤ ਕੌਰ ਹਾਲ’ ਵਿਚ ਹੋਈ, ਆਪਣੀ ਪਾਰਟੀ ਦੀ ਤਹਿਸੀਲ ਪੱਧਰੀ ਜਨਰਲ ਬਾਡੀ ਮੀਟਿੰਗ ਵਿੱਚ ਬੋਲਦਿਆਂ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਹੇ। ਸਾਥੀ ਪਾਸਲਾ ਨੇ ਕਿਹਾ ਕਿ ਉਕਤ ਦੋਧਾਰੀ ਤਬਾਹੀ ਦਾ ਇਕਲੌਤਾ ਸੂਤਰਧਾਰ ਯੂ ਐਸ ਏ ਦੀ ਅਗਵਾਈ ਵਾਲਾ ਸਾਮਰਾਜੀ ਦੇਸ਼ਾਂ ਦਾ ਗੁੱਟ ਹੈ ਅਤੇ ਭਾਰਤ ਦੀ ਮੋਦੀ ਸਰਕਾਰ ਇਸ ਸੰਸਾਰ ਦੀ ਤਬਾਹੀ ਲਈ ਮੁੱਖ ਜਿੰਮੇਵਾਰ ਸਾਮਰਾਜੀੁ ਗੁੱਟ ਦੀਆਂ ਹਿਦਾਇਤਾਂ ਤੇ ਪੂਰੀ “ਵਫ਼ਾਦਾਰੀ” ਨਾਲ ਅਮਲ ਕਰ ਰਹੀ ਹੈ। ਪਰ ਇਹ ਵੀ ਭੁੱਲਣਾ ਯੋਗ ਨਹੀਂ ਹੈ ਕਿ ਭਾਰਤ ‘ਚ ਹਰ ਸੂਬੇ ਵਿਚਲੀਆਂ  ਰੰਗ – ਬਿਰੰਗੀਆਂ ਪਾਰਟੀਆਂ ਦੀਆਂ ਪ੍ਰਾਂਤਕ ਸਰਕਾਰਾਂ ਅਤੇ ਪੂੰਜੀਪਤੀ ਲੁਟੇਰੇ ਵਰਗਾਂ ਦੀ ਪ੍ਰਤੀਨਿਧਤਾ ਕਰਦੀਆਂ, ਕਾਂਗਰਸ ਸਮੇਤ ਸਾਰੀਆਂ ਕੌਮੀ ਪਾਰਟੀਆਂ ਵੀ ਨਵਉਦਾਰਵਾਦੀ ਨੀਤੀਆਂ ਦੀਆਂ ਰਾਜ ਕਰ ਰਹੀ ਭਾਜਪਾ ਜਿੰਨੀਆਂ ਹੀ ਸਮਰਥਕ ਹਨ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਭਾਰਤੀ ਲੋਕਾਂ ਵਿਸ਼ੇਸ਼ ਕਰਕੇ ਕਿਰਤੀ ਜਮਾਤਾਂ ਦਾ ਭਲਾ ਸਰਕਾਰਾਂ ਬਦਲਣ ਨਾਲ ਨਹੀਂ ਹੋਣਾ ਬਲਕਿ ਫਿਰਕੂ ਤਾਕਤਾਂ ਨੂੰ ਹਾਰ ਦੇਣ ਅਤੇ ਮੋਦੀ – ਮਨਮੋਹਨ ਮਾਰਕਾ ਨਵਉਦਾਰਵਾਦੀ ਨੀਤੀਆਂ ਦੇ ਭਾਰਤ ‘ਚੋਂ ਖਾਤਮੇ ਨਾਲ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਹਾਂ ਕਿਸੇ ਵੀ ਇਕ ਵਰਤਾਰੇ ਪ੍ਰਤੀ ਨਰਮੀ ਜਾਂ ਉਲਾਰਪਨਾ ਦੇਸ਼ ਵਾਸੀਆਂ ਅਤੇ ਦੇਸ਼ ਹਿਤੂ ਖੱਬੀ – ਜਮਹੂਰੀ ਲਹਿਰ ਲਈ ਬਹੁਤ ਘਾਤਕ ਹੋਵੇਗਾ। ਇਸ ਵਡੇਰੇ ਉਦੇਸ਼ ਦੀ ਪ੍ਰਾਪਤੀ ਲਈ ਭਾਰਤ ਦੀਆਂ ਸਾਰੀਆਂ ਖੱਬੇ ਪੱਖੀ, ਅਗਾਂਹਵਧੂ,  ਦੇਸ਼ ਭਗਤ, ਜਮਹੂਰੀਅਤ ਪਸੰਦ, ਸੰਗਰਾਮੀ ਧਿਰਾਂ ਦਾ ਸਾਂਝਾ ਮੰਚ ਅਤੇ ਵਿਸ਼ਾਲ ਲੋਕ ਸ਼ਮੂਲੀਅਤ ਵਾਲੇ ਸਮਝੌਤਾ ਰਹਿਤ ਸੰਗਰਾਮ ਅਜੋਕੇ ਦੌਰ ਦੀ ਪਲੇਠੀ ਅਤੇ ਸਭ ਤੋਂ ਵੱਡੀ ਲੋੜ ਹੈ। ਪਾਸਲਾ ਨੇ ਕਿਹਾ ਕਿ ਆਰ ਐਮ ਪੀ ਆਈ ਆਪਣੀ ਸਥਾਪਨਾ ਤੋਂ ਲੈ ਕੇ ਇਸ ਦਿਸ਼ਾ ਵਿੱਚ ਯਥਾਸ਼ਕਤੀ ਭਰਪੂਰ ਯਤਨ ਕਰ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਹ ਯਤਨ ਪੂਰੀ ਸੰਜ਼ੀਦਗੀ ਤੇ ਜੋਰ – ਸ਼ੋਰ ਨਾਲ ਜਾਰੀ ਰੱਖੇ ਜਾਣਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਕੇਂਦਰ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਦੱਸਿਆ ਕਿ ਪਾਰਟੀ ਵੱਲੋਂ ਆਉਂਦੀ 10 ਦਸੰਬਰ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਵਿਸ਼ਾਲ “ਕਿਰਤੀ ਰੈਲੀ” ਕੀਤੀ ਜਾਵੇਗੀ ਜਿਸ ਰਾਹੀਂ ਆਵਾਮ ਨੂੰ ਬਦਲਵੀਆਂ ਲੋਕ ਹਿਤੂ ਨੀਤੀਆਂ ਤੇ ਆਧਾਰਿਤ ਰਾਜਸੀ ਬਦਲ ਦੀ ਉਸਾਰੀ ਦਾ ਹੋਕਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 12 ਤੋਂ 21 ਨਵੰਬਰ ਤੱਕ “ਲੋਕ ਜਗਾਓ- ਲੁਟੇਰੇ ਭਜਾਓ” ਦੇ ਨਾਹਰੇ ਅਧੀਨ ਦੋ ਸੂਬਾਈ ਜੱਥਾ ਮਾਰਚ ਕੀਤੇ ਜਾਣਗੇ। ਉਨ੍ਹਾਂ 17 – 18 ਨਵੰਬਰ ਨੂੰ ਬਠਿੰਡਾ- ਮਾਨਸਾ ਪੁੱਜਣ ਵਾਲੇ ਜੱਥੇ ਦਾ ਇਨਕਲਾਬੀ ਰਵਾਇਤਾਂ ਅਨੁਸਾਰ ਸ਼ਾਨਦਾਰ ਸਵਾਗਤ ਕਰਨ ਅਤੇ ਵਿਸ਼ਾਲ ਹਾਜਰੀ ਵਾਲੀਆਂ ਜਨਸਭਾਵਾਂ ਜਥੇਬੰਦ ਕਰਨ ਦਾ ਸੱਦਾ ਦਿੱਤਾ। ਮੀਟਿੰਗ ਦੀ ਪ੍ਰਧਾਨਗੀ ਸਾਥੀ ਮਿੱਠੂ ਸਿੰਘ ਘੁੱਦਾ ਅਤੇ ਸੰਚਾਲਨ ਪਰਕਾਸ਼ ਸਿੰਘ ਨੰਦਗੜ੍ਹ ਵੱਲੋਂ ਕੀਤਾ ਗਿਆ। ਮੀਟਿੰਗ ਵਲੋਂ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਵਿਚ ਪਟਿਆਲਾ ਵਿਖੇ ਚੱਲ ਰਹੇ ਟੀਚਰਾਂ ਦੇ ਹੱਕੀ ਸੰਗਰਾਮ ਦੀ ਹਿਮਾਇਤ ਕਰਦਿਆਂ ਸੂਬਾ ਸਰਕਾਰ ਤੋਂ ਇਨ੍ਹਾਂ ਦੀਆਂ ਨਿਆਈਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ।

Scroll To Top