Now Reading
ਆਰ ਐਮ ਪੀ ਆਈ ਦੇ ਸੱਦੇ ‘ਤੇ ਫੂਕੇ ਗਏ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ

ਆਰ ਐਮ ਪੀ ਆਈ ਦੇ ਸੱਦੇ ‘ਤੇ ਫੂਕੇ ਗਏ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ

ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ ਐਮ ਪੀ ਆਈ ) ਦੀ ਕੇਂਦਰੀ ਤੇ ਸੂਬਾ ਕਮੇਟੀ ਦੇ ਸੱਦੇ ‘ਤੇ ਅੱਜ ਸੂਬੇ ਅੰਦਰ ਕਈ ਥਾਵਾਂ ‘ਤੇ ਨਿੱਤ ਛਾਲਾਂ ਮਾਰ ਕੇ ਵਧ ਰਹੀ ਮਹਿੰਗਾਈ ਅਤੇ ਭਿਆਨਕਤਾ ਦੀਆਂ ਹੱਦਾਂ ਪਾਰ ਕਰ ਗਈ ਬੇਰੁਜਗਾਰੀ ‘ਤੇ ਕਾਬੂ ਪਾਉਣ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰੇ ਕੀਤੇ ਗਏ, ਜਿਸ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਦੇ ਪੁਤਲੇ ਫੂਕੇ ਗਏ ।

ਇਸ ਮੌਕੇ ਹੋਏ ਭਾਰੀ ਜਨਤਕ ਇਕੱਠਾਂ, ਜਿਹਨਾਂ ‘ਚ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਲ ਸਨ, ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਸੈਂਕੜੇ ਕਰੋੜ ਦੇਸ਼ ਵਾਸੀਆਂ ਨੂੰ ਭੁੱਖਮਰੀ ਵੱਲ ਧੱਕਣ ਵਾਲੀ ਮਹਿੰਗਾਈ ਦਾ ਮੂਲ ਕਾਰਨ ਹਕੂਮਤਾਂ ਵੱਲੋਂ ਜਖੀਰੇਬਾਜਾਂ ਤੇ ਕਾਲਾਬਾਜਾਰੀਆਂ ਨੂੰ ਮਨਮਰਜ਼ੀ ਦੀ ਲੁੱਟ ਮਚਾਉਣ ਦੀਆਂ ਹਕੂਮਤਾਂ ਵੱਲੋਂ ਦਿਤੀਆਂ ਜਾਂਦੀਆਂ ਖੁੱਲ੍ਹੀਆਂ ਛੁੱਟੀਆਂ ਅਤੇ ਤੇਲ ਕੰਪਨੀਆਂ ਦੇ ਮੁਨਾਫੇ ਵੱਲ ਸੇਧਤ ਸਰਕਾਰੀ ਨੀਤੀਆਂ ਅਤੇ ਤਰ੍ਹਾਂ ਤਰ੍ਹਾਂ ਦੇ ਟੈਕਸਾਂ / ਸੈੱਸਾਂ ਰਾਹੀਂ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਕੀਤੀ ਜਾਂਦੀ ਪ੍ਰਸ਼ਾਸਕੀ ਲੁੱਟ ਹੈ ਜਿਸ ਸਦਕਾ ਲਗਭਗ ਹਰ ਰੋਜ਼ ਡੀਜ਼ਲ / ਪੈਟਰੋਲ ਦੇ ਰੇਟ ਵਧਾਏ ਜਾ ਰਹੇ ਹਨ । ਵਰਨਣਯੋਗ ਹੈ ਕਿ ਪਾਰਟੀ ਨੇ 9 ਸਤੰਬਰ ਤੋਂ 11 ਸਤੰਬਰ ਤੱਕ ਤੇਲ ਕੀਮਤਾਂ ਵਿਚ ਵਾਧੇ ਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਪੁਤਲਾ ਫੂਕ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਹੋਇਆ ਹੈ ।

ਪਾਰਟੀ ਆਗੂਆਂ ਨੇ ਲੋਕਾਂ ਨੂੰ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਸਰਕਾਰਾਂ ਦੀਆਂ ਰੁਜ਼ਗਾਰ ਖੋਹਣ ਵਾਲੀਆਂ ਨੀਤੀਆਂ ਵਿਰੁੱਧ ਖੱਬੀਆਂ ਪਾਰਟੀਆਂ ਦੀ ਤਾਲਮੇਲ ਕਮੇਟੀ ਵਲੋਂ 10 ਸਤੰਬਰ ਨੂੰ ਦੇਸ਼ ਵਿਆਪੀ ਹੜਤਾਲ ਦੇ ਦਿੱਤੇ ਗਏ ਸੱਦੇ ‘ਚ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ  । 

ਪਾਰਟੀ ਹੈੱਡਕੁਆਰਟਰ ਪੁੱਜੀਆਂ ਰਿਪੋਰਟਾਂ ਅਨੁਸਾਰ ਅੱਜ ਸੁਲਤਾਨਪੁਰ ਲੋਧੀ  (ਕਪੂਰਥਲਾ) ‘ਚ ਪੰਜਾਬ ਘਰੇਲੂ ਮਜ਼ਦੂਰ ਯੂਨੀਅਨ ਦੀਆਂ ਸੈਂਕੜੇ ਵਰਕਰਾਂ ਨੇ ਮੁਜ਼ਾਹਰਾ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਦੇਪੁਤਲੇ ਫੂਕੇ । ਇਸ ਮੌਕੇ ਹੋਏ ਇਕੱਠ ਨੂੰ ਆਰ ਐਮ ਪੀ ਆਈ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੋਂ ਇਲਾਵਾ ਸਾਥੀ ਹਰਿੰਦਰ ਸਿੰਘ ਰੰਧਾਵਾ, ਗੰਗਾ ਪ੍ਰਸਾਦ, ਮਾਸਟਰ ਸੁਭਾਸ਼ ਸ਼ਰਮਾ ਆਦਿ ਨੇ ਵੀ ਸੰਬੋਧਨ ਕੀਤਾ । 

ਹੁਸ਼ਿਆਰਪੁਰ ਵਿੱਚ ਕੀਤੇ ਗਏ ਮੁਜ਼ਾਹਰੇ ਦੀ ਅਗਵਾਈ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ ਤੇ ਪ੍ਰਿੰਸੀਪਲ ਪਿਆਰਾ ਸਿੰਘ ਨੇ ਕੀਤੀ ।

ਸੰਗਤ ਮੰਡੀ  (ਬਠਿੰਡਾ) ‘ਚ ਹੋਏ ਮੁਜ਼ਾਹਰੇ ਦੀ ਅਗਵਾਈ ਕੇਂਦਰੀ ਕਮੇਟੀ ਮੈਂਬਰ ਸਾਥੀ ਮਹੀਪਾਲ, ਮਿੱਠੂ ਸਿੰਘ ਘੁੱਦਾ ਤੇ ਪ੍ਰਕਾਸ਼ ਸਿੰਘ ਨੇ ਕੀਤੀ । ਨਥਾਣਾ ‘ਚ ਸਾਥੀ ਸੁਖਦੇਵ ਸਿੰਘ ਦੀ ਅਗਵਾਈ ਹੇਠ ਪੁਤਲਾ ਫੂਕਿਆ ਗਿਆ ।

ਸਰਦੂਲਗੜ੍ (ਬਠਿੰਡਾ )’ਚ ਮੁਜ਼ਾਹਰਾਕਾਰੀਆਂ ਦੀ ਅਗਵਾਈ ਸਾਥੀ ਲਾਲ ਚੰਦ ਤੇ ਗੁਰਦੇਵ ਸਿੰਘ ਕਰ ਰਹੇ ਸਨ ।ਇਸੇ ਤਰ੍ਹਾਂ ਮਾਨਸਾ ਜਿਲ੍ਹੇ ਦੇ ਖੀਵਾ ਕਲਾਂ ‘ਚ ਸਾਥੀ ਛੱਜੂ ਰਾਮ ਰਿਸ਼ੀ ਤੇ ਫਫੜੇ ਭਾਈ ਕੇ ਸਾਥੀ ਅਮਰੀਕ ਸਿੰਘ ਦੀ ਅਗਵਾਈ ਹੇਠ ਪੁਤਲੇ ਫੂਕੇ ਗਏ ।

ਮਹਿਲ ਕਲਾਂ  (ਬਰਨਲਾ) ‘ਚ ਸਾਥੀ ਮਲਕੀਤ ਸਿੰਘ ਵਜੀਦਕੇ, ਅਮਰਜੀਤ ਕੁੱਕੂ ਤੇ ਯਸ਼ਪਾਲ ਮਹਿਲ ਕਲਾਂ ਦੀ ਅਗਵਾਈ ਹੇਠ ਮੁਜ਼ਾਹਰਾ ਕੀਤਾ ਗਿਆ ।

ਜੱਲੂਪੁਰ ਖੈੜਾ ‘ਚ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ, ਗੁਰਨਾਮ ਸਿੰਘ ਭਿੰਡਰ, ਬੌਬੀ, ਨਿਰਮਲ ਸਿੰਘ ਭਿੰਡਰ ਦੀ ਅਗਵਾਈ ਹੇਠ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ।

ਮੱਲ੍ਹੀਆਂ ਕਲਾਂ  (ਨਕੋਦਰ) ‘ਚ ਮੁਜ਼ਾਹਰਾਕਾਰੀਆਂ ਦੀ ਅਗਵਾਈ ਸਾਥੀ ਮਨੋਹਰ ਸਿੰਘ ਗਿੱਲ, ਨਿਰਮਲ ਆਧੀ, ਦਰਸ਼ਨ ਕੌਰ, ਸਰਵਣ ਸਿੰਘ ਸਰਪੰਚ ਤੇ ਮੱਖਣ ਨੂਰਪੁਰੀ ਨੇ ਕੀਤੀ ।

Scroll To Top