ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦਾ ‘ਲੋਕ ਜਗਾਓ-ਲੁਟੇਰੇ ਭਜਾਓ’ ਜਥਾ ਮਾਰਚ ਲੋਕਾਂ ਅੰਦਰ ਇਕ ਨਵੀਂ ਚੇਤਨਾ ਦਾ ਸੰਚਾਰ ਕਰ ਰਿਹਾ ਹੈ। ਇਨ੍ਹਾਂ ਜਥਿਆਂ ਵਲੋਂ ਕੀਤੀਆਂ ਜਾ ਰਹੀਆਂ ਜਨਤਕ ਮੀਟਿੰਗਾਂ, ਜਲਸਿਆਂ ਤੇ ਰੈਲੀਆਂ ਵੱਲ ਲੋਕ ਆਪ ਮੁਹਾਰੇ ਖਿੱਚੇ ਚਲੇ ਆ ਰਹੇ ਹਨ। ਇਨ੍ਹਾਂ ਜਲਸਿਆਂ ਰੈਲੀਆਂ ’ਚ ਸੈਂਕੜਿਆਂ ਦੀ ਗਿਣਤੀ ਵਿਚ ਹੋ ਰਹੇ ਇਕੱਠ ਅਤੇ ਇਨ੍ਹਾਂ ਇਕੱਠਾਂ ਵਿਚ ਜਥਿਆਂ ਨੂੰ ਦਿੱਤੀ ਜਾ ਰਹੀ ਮਾਲੀ ਮਦਦ ਇਸ ਤੱਥ ਦੀ ਸ਼ਾਹਦੀ ਭਰਦੇ ਹਨ। ਇਹ ਗੱਲ ਪਾਰਟੀ ਦੇ ਸੂਬਾਈ ਸਕੱਤਰ ਸਾਥੀ ਹਰਕੰਵਲ ਸਿੰਘ ਨੇ ਇੱਥੇ ਜਾਰੀ ਇਕ ਪ੍ਰੈਸ ਨੋਟ ਵਿਚ ਕਹੀ ਹੈ।
ਉਹਨਾਂ ਦੱਸਿਆ ਕਿ ਪਾਰਟੀ ਦੇ ਸੂਬਾਈ ਕੇਂਦਰ ’ਚ ਪੁੱਜੀਆਂ ਰਿਪੋਰਟਾਂ ਅਨੁਸਾਰ ਜਥਾ ਮਾਰਚ ਦੇ ਤੀਸਰੇ ਦਿਨ ਕਸਬਾ ਮੱਲੂ ਨੰਗਲ (ਅੰਮਿ੍ਰਤਸਰ) ’ਚ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਦੀ ਅਗਵਾਈ ਵਾਲੇ ਜਥੇ ਵਲੋਂ ਕੀਤੀ ਗਈ ਰੈਲੀ ’ਚ ਲਗਭਗ ਇਕ ਹਜ਼ਾਰ ਮਜ਼ਦੂਰਾਂ-ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸਾਥੀ ਪਾਸਲਾ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੀ ਮਹਿੰਗਾਈ ਨੂੰ ਰੋਕਣ, ਗੁਜ਼ਾਰੇਯੋਗ ਰੁਜ਼ਗਾਰ ਦੀ ਗਰੰਟੀ ਕਰਨ ਅਤੇ ਬੇਲਗਾਮ ਭਿ੍ਰਸ਼ਟਾਚਾਰ ਨੂੰ ਰੋਕਣ ’ਚ ਨਾਕਾਮੀ ਦੀ ਸਖਤ ਸ਼ਬਦਾਂ ਵਿਚ ਅਲੋਚਨਾ ਕਰਦਿਆਂ ਕਿਹਾ ਕਿ ਇਸ ’ਤੇ ਪਰਦਾ ਪਾਉਣ ਲਈ ਦੋਵੇਂ ਸਰਕਾਰਾਂ ਲੋਕਾਂ ’ਚ ਪੈਦਾ ਹੋ ਰਹੀ ਬੇਚੈਨੀ ਨੂੰ ਕੁਰਾਹੇ ਪਾਉਣ ਲਈ ਗਿਣਮਿੱਥ ਕੇ ਧਾਰਮਿਕ ਮੁੱੱਦੇ ਉਭਾਰ ਰਹੀਆਂ ਹਨ। ਉਨ੍ਹਾ ਲੋਕਾਂ ਨੂੰ ਕੇਂਦਰ ਤੇ ਸੂਬਾਈ ਸਰਕਾਰ ਦੀਆਂ ਕੁਲਹਿਣੀਆਂ ਚਾਲਾਂ ਨੂੰ ਅਸਫਲਤ ਬਨਾਉਣ ਲਈ ਆਖਦਿਆਂ ਮੁੱਖ ਟੇਕ ਵਿਆਪਕ ਜਥੇਬੰਦਕ ਸੰਘਰਸ਼ਾਂ ’ਤੇ ਹੀ ਰੱਖਣ ਦਾ ਸੱਦਾ ਦਿੱਤਾ।
ਦੂਜੇ ਪਾਸੇ, ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਾਲੇ ਜਥੇ ਨੇ ਤਰਨ ਤਾਰਨ ਦੇ ਦਰਜਨ ਤੋਂ ਵੱਧ ਪਿੰਡਾਂ ਵਿਚ ਮਾਰਚ ਕੀਤਾ। ਇਸ ਜਥੇ ਦੀ ਆਮਦ ’ਤੇ ਇਲਾਕੇ ਦੇ ਸਧਾਰਨ ਕਿਰਤੀ ਲੋਕਾਂ ਦੇ ਸਹਿਯੋਗ ਨਾਲ ਸਥਾਨਕ ਪਾਰਟੀ ਵਰਕਰਾਂ ਤੇ ਆਗੂਆਂ ਵਲੋਂ ਹਰੀਕੇ ਪੱਤਣ ’ਤੇ ਵਿਸ਼ਾਲ ਇਕੱਠ ਕੀਤਾ ਗਿਆ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸਾਥੀ ਦਾਊਦ ਨੇ ਕਿਹਾ ਕਿ ਦੇਸ਼ ਦੇ ਧਰਮ ਨਿਰਪੱਖ ਖਾਸੇ ਨੂੰ ਬਚਾਉਣ ਤੇ ਦੇਸ਼ ਦੀ ਜਵਾਨੀ ਲਈ ਰੁਜ਼ਗਾਰ ਦੀ ਸਥਾਈ ਗਰੰਟੀ ਕਰਨ ਦਾ ਕਾਰਜ ਕੇਵਲ ਖੱਬੀਆਂ ਪਾਰਟੀਆਂ ਹੀ ਕਰ ਸਕਦੀਆਂ ਹਨ ਤੇ ਇਨ੍ਹਾਂ ਪਾਰਟੀਆਂ ਨੂੰ ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਇਕ ਮੰਚ ’ਤੇ ਇਕੱਠੇ ਹੋਣਾ ਚਾਹੀਦਾ ਹੈ। ਇਸ ਇਕੱਠ ਨੂੰ ਸਾਥੀ ਦਾਊਦ ਤੋਂ ਇਲਾਵਾ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਪਰਗਟ ਸਿੰਘ ਜਾਮਾਰਾਏ ਤੇ ਹੋਰਨਾ ਸਥਾਨਕ ਆਗੂਆਂ ਨੇ ਵੀ ਸੰਬੋਧਨ ਕੀਤਾ।