ਜਲੰਧਰ – ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਪਾਲ ਕੌਰ, ਜਨਰਲ ਸਕੱਤਰ ਬਲਜੀਤ ਕੌਰ ਅਤੇ ਮੁੱਖ ਸਲਾਹਕਾਰ ਰਜਵੰਤ ਕੌਰ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਸਹਿਤ ਹੋਰ ਮੁਲਾਜ਼ਮ ਮੰਗਾਂ ਦੇ ਹੱਲ ਲਈ ਸੂਬੇ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਵੱਲੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮਿਤੀ 22 ਮਾਰਚ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾ ਪੱਧਰੀ ਰੈਲੀ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੀਆਂ। ਆਗੂਆਂ ਨੇ ਕਿਹਾ ਕਿ ਸੱਤਾ ਵਿੱਚ ਆਉਂਦਿਆਂ ਹੀ ਕੈਪਟਨ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਨੂੰ ਬੰਦ ਕਰਨ ਦੇ ਹੁਕਮ ਸੁਣਾ ਦਿੱਤੇ ਸਨ ਪ੍ਰੰਤੂ ਜਥੇਬੰਦੀਆਂ ਦੇ ਸੰਘਰਸ਼ ਸਦਕਾ ਇਸ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ ਅਤੇ ਹੁਣ ਚੰਡੀਗੜ੍ਹ ਦੇ 50 ਆਂਗਣਵਾੜੀ ਸੈਂਟਰ ਬੰਦ ਕਰਕੇ 100 ਤੋਂ ਵੱਧ ਆਂਗਣਵਾੜੀ ਮੁਲਾਜ਼ਮਾਂ ਦੀ ਨੌਕਰੀ ਨੂੰ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਨੂੰ ਜਥੇਬੰਦੀ ਕਿਸੇ ਕੀਮਤ ਤੇ ਵੀ ਸਹਿਣ ਨਹੀਂ ਕਰੇਗੀ। ਆਗੂਆਂ ਨੇ ਕਿਹਾ ਕਿ ਸੂਬੇ ਦੇ ਆਂਗਣਵਾੜੀ ਸੈਂਟਰਾਂ ਵਿੱਚੋਂ ਸਕੂਲਾਂ ਵਿੱਚ ਭੇਜੇ ਬੱਚੇ ਵਾਪਸ ਨਹੀਂ ਕੀਤੇ ਜਾ ਰਹੇ, ਆਂਗਣਵਾੜੀ ਮੁਲਾਜ਼ਮਾਂ ਦੀਆਂ ਉਜ਼ਰਤਾਂ ਵਿੱਚ ਵਾਧਾ ਨਹੀਂ ਕੀਤਾ ਰਿਹਾ ਅਤੇ ਇਹਨਾਂ ਵਰਕਰਾਂ ਦੀਆਂ ਹੋਰ ਜਾਇਜ਼ ਮੰਗਾਂ ਨੂੰ ਹੱਲ ਕਰਨ ਦੀ ਵਜਾਏ ਸਰਕਾਰ ਕੇਂਦਰਾਂ ਨੂੰ ਬੰਦ ਕਰਨ ਤੇ ਤੁਲੀ ਹੋਈ ਹੈ। ਆਗੂਆਂ ਨੇ ਸੂਬੇ ਦੀਆਂ ਸਮੂਹ ਆਂਗਣਵਾੜੀ ਮੁਲਾਜ਼ਮਾਂ ਨੂੰ ਸਰਕਾਰ ਕੋਲੋਂ ਮੰਗਾਂ ਹੱਲ ਕਰਵਾਉਣ ਲਈ ਪ.ਸ.ਸ.ਫ. ਵੱਲੋਂ ਮਿਤੀ 22 ਮਾਰਚ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।ਇਸ ਮੌਕੇ ਅਮਨਿੰਦਰ ਕੌਰ, ਕਿਰਨ ਅਗਨੀਹੋਤਰੀ, ਗੁਰਤੇਜ ਕੌਰ, ਜਗੀਰ ਕੌਰ, ਸੀਤਲ ਕੌਰ, ਰਾਜਪਾਲ ਕੌਰ, ਪਰਮਜੀਤ ਕੌਰ, ਪਰਮਿੰਦਰ ਕੌਰ, ਰਣਜੀਤ ਕੌਰ ਆਦਿ ਆਗੂ ਵੀ ਹਾਜ਼ਰ ਸਨ।