Now Reading
ਦੀਪਕ ਧਵਨ ਤੇ ਹੋਰਨਾ ਦੀ ਇਨਕਲਾਬੀ ਭਾਵਨਾ ਨਾਲ ਬਰਸੀ ਮਨਾਈ

ਦੀਪਕ ਧਵਨ ਤੇ ਹੋਰਨਾ ਦੀ ਇਨਕਲਾਬੀ ਭਾਵਨਾ ਨਾਲ ਬਰਸੀ ਮਨਾਈ

ਤਰਨ ਤਾਰਨ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਵਲੋਂ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਕਾਮਰੇਡ ਦੀਪਕ ਧਵਨ, ਡਾਕਟਰ ਅਵਤਾਰ ਸਿੰਘ ਚੁਤਾਲਾ, ਗੁਰਪ੍ਰਤਾਪ ਸਿੰਘ ਜਾਮਰਾਏ, ਸੁੱਚਾ ਸਿੰਘ ਨਾਰਲਾ, ਜਗੀਰ ਸਿੰਘ ਧਾਰੜ, ਬਲਕਾਰ ਸਿੰਘ ਧਾਰੜ, ਸੁਖਵਿੰਦਰ ਸਿੰਘ ਭਿੱਖੀਵਿੰਡ, ਜਗਵਿੰਦਰ ਸਿੰਘ ਚੇਲਾ ਅਤੇ ਕੁਦਰਤੀ ਮੌਤ ਨਾਲ ਪਿਛਲੇ ਸਮੇਂ ਦੌਰਾਨ ਵਿਛੜ ਚੁੱਕੇ ਸਾਥੀਆਂ ਦੀ ਸਾਲਾਨਾ ਬਰਸੀਂ ਬੱਸ ਅੱਡਾ ਤਰਨ ਤਾਰਨ ਨਜਦੀਕ ਮਨਾਈ ਗਈ। ਜਿਸ ਦੀ ਪ੍ਰਧਾਨਗੀ ਚਮਨ ਲਾਲ ਦਰਾਜਕੇ, ਬਲਦੇਵ ਸਿੰਘ ਪੰਡੋਰੀ, ਸੁਲੱਖਣ ਸਿੰਘ ਤੁੜ, ਧਰਮ ਸਿੰਘ ਪੱਟੀ ਨੇ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਲ ਹੋਈਆਂ।
ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਧਾਰਮਿਕ ਕੱਟੜਤਾ ਅਤੇ ਫਿਰਕੂ ਰੰਗ ਵਿੱਚ ਰੰਗੀ ਦਹਿਸ਼ਤਗਰਦੀ ਨੇ ਹਮੇਸ਼ਾ ਬੇਗੁਨਾਹ ਲੋਕਾਂ ਦਾ ਖੂਨ ਵਹਾਇਆ ਹੈ। ਸਾਥੀ ਦੀਪਕ ਧਵਨ ਅਤੇ ਸਾਥੀਆਂ ਨੇ ਸੱਚ ਦੀ ਅਵਾਜ ਨੂੰ ਬਲੰਦ ਕਰਦਿਆ ਭਾਈਚਾਰਕ ਸਾਂਝ ਲਈ ਕੁਰਬਾਨੀਆਂ ਦਿੱਤੀਆਂ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਦਰਸਾਏ ਰਾਹ ‘ਤੇ ਚੱਲਣ ਦਾ ਯਤਨ ਕੀਤਾ। ਸਾਥੀ ਪਾਸਲਾ ਨੇ ਕਿਹਾ ਕਿ ਉਹ ਸਮਾਜ ਵਿੱਚ ਨਾ ਬਰਾਬਰੀ, ਜਾਤੀ ਪਾਤੀ ਵੰਡ ਅਤੇ ਕਿਰਤੀਆਂ ਕਿਸਾਨਾਂ ਦੇ ਹੱਕਾਂ ਲਈ ਆਖਰੀ ਤੱਕ ਲੜੇ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਅੰਦਰ ਆਰਐੱਸਐੱਸ ਦੇ ਕੱਟੜ ਹਿੰਦੂ ਰਾਸ਼ਟਰ ਬਣਾਉਣ ਦੇ ਨਿਸ਼ਾਨੇ ਲਈ ਕੰਮ ਕਰ ਰਹੀ ਹੈ ਅਤੇ ਦੇਸ ਦੇ ਸੰਵਿਧਾਨ ਨੂੰ ਬਦਲ ਕੇ ਮੰਨੂਵਾਦੀ ਵਿਵਸਥਾ ਲਾਗੂ ਕਰਨਾ ਚਹੁੰਦੀ ਹੈ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਰਤਕੇ ਰਾਜਸਤਾ ਦੀ ਪਰਾਪਤੀ ਨਾਲ ਦੇਸ ਦਾ ਸਰਮਾਇਆ ਅਤੇ ਕੁਦਰਤੀ ਸਰੋਤ ਦੇਸੀ ਵਿਦੇਸੀ ਕਾਰਪੋਰੇਟਾ ਹਵਾਲੇ ਕਰ ਰਹੀ ਹੈ। ਉਹਨਾਂ ਕਿਹਾ ਕੇ ਜਿੱਥੇ ਧਰਮ ਦੇ ਨਾਂ ਉੱਪਰ ਕੀਤੇ ਜਾ ਰਹੇ ਕਤਲ ਨਿੰਦਣਯੋਗ ਹਨ ਓਥੇ ਫਿਰਕੂ ਰਾਜਨੀਤੀ ਵੀ ਦੇਸ਼ ਦਾ ਭਲਾ ਨਹੀਂ ਕਰਦੀ। ਉਹਨਾਂ ਕਿਹਾ ਕੇ ਦੇਸ਼ ਦੇ ਲੋਕਾਂ ਨੂੰ ਰੋਜ਼ਗਾਰ, ਤਰੱਕੀ ਅਤੇ ਭਾਈਚਾਰਕ ਸਾਝ ਦੀ ਲੋੜ ਹੈ ਨਾ ਕਿ ਜੰਗ ਜਾਂ ਜੰਗੀ ਮਹੌਲ ਦੀ, ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਸਗੋਂ ਨਵੇਂ ਮਸਲੇ ਪੈਂਦਾ ਕਰਦੀ ਹੈ। ਉਹਨਾਂ ਅਮਨ ਅਤੇ ਭਾਈਚਾਰੇ ਲਈ ਕੰਮ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਸੂਬਾ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਕਿਹਾ ਕੇ ਹਾਕਮ ਜਮਾਤ ਦੀਆਂ ਸਰਮਾਏਦਾਰ ਪਾਰਟੀਆਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਸੌੜੀ ਰਾਜਨੀਤੀ ਕਰਦੀਆਂ ਆਈਆਂ ਹਨ। ਪੰਜਾਬ ਦੇ ਪਾਣੀਆਂ ਦੇ ਸਰੋਤਾਂ ਦੀ ਸਾਭ ਸੰਭਾਲ ਕਰਨ ਅਤੇ ਅੰਤਰਰਾਜੀ ਮਸਲਿਆਂ ਤੇ ਪੰਜਾਬ ਦੇ ਹਿੱਤਾ ਦੀ ਰਾਖੀ ਕਰਨ ਵਿੱਚ ਨਕਾਮ ਰਹੀਆਂ ਹਨ ਉਹਨਾਂ ਕਿਹਾ ਕੇ ਕੁਦਰਤ ਨੇ ਪੰਜਾਬ ਨੂੰ ਦਰਿਆਵਾਂ, ਨਾਲਿਆਂ ਅਤੇ ਧਰਤੀ ਹੇਠਲੇ ਪਾਣੀ ਦੇ ਭੰਡਾਰਾ ਨਾਲ ਨਵਾਜਿਆ ਪਰੰਤੂ ਸਮੇਂ ਸਮੇਂ ਰਹੀਆਂ ਸਰਕਾਰਾਂ ਨੇ ਸਮੇਂ ਸਿਰ ਧਿਆਨ ਨਹੀਂ ਦਿੱਤਾ, ਅੱਜ ਬਰਸਾਤ ਦੇ ਪਾਣੀ ਨੂੰ ਸਾਭਣ ਦਾ ਕੋਈ ਪ੍ਰਬੰਧ ਨਹੀਂ ਹੈ। ਪੰਜਾਬ ਦੇ ਹਿੱਸੇ ਦਾ ਪਾਣੀ ਵਰਤਣ ਲਈ ਨਹਿਰੀ ਪ੍ਰਬੰਧ ਦਾ ਢਾਂਚਾ ਤਬਾਹ ਹੋਇਆ ਹੈ ਜਿਸ ਨੂੰ ਮੁੜ ਉਸਾਰਨ ਅਤੇ ਨਵਿਆਉਣ ਦੀ ਲੋੜ ਹੈ।
ਡਾਕਟਰ ਵਿਆਪਕ ਧਵਨ, ਦਲਜੀਤ ਸਿੰਘ ਦਿਆਲਪੁਰ, ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਦਾਰਾ ਸਿੰਘ ਮੁੰਡਾ ਪਿੰਡ, ਜਸਬੀਰ ਸਿੰਘ ਵੈਰੋਵਾਲ, ਭਜਨ ਸਿੰਘ, ਜਗੀਰ ਸਿੰਘ ਗੰਡਿਵਿੰਡ, ਨਰਿੰਦਰ ਕੌਰ ਪੱਟੀ ਨੇ ਸੰਬੋਧਨ ਕੀਤਾ। ਸਟੇਜ ਦੇ ਫਰਜ਼ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲ੍ਹਾ ਨੇ ਨਿਭਾਏ।

Scroll To Top