Now Reading
ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੁਲਾਈ 2025)

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੁਲਾਈ 2025)


ਕਹਾਣੀ
ਸ਼ਹੀਦ

-ਕੇ.ਐਲ. ਗਰਗ
ਮੇਰਾ ਪੁੱਤਰ ਮੇਰੇ ਕੋਲੋਂ ਬੜੇ ਹੀ ਅਜੀਬ-ਅਜੀਬ ਸਵਾਲ ਪੁਛਣ ਲੱਗ ਪਿਆ ਹੈ। ਬੁਝਾਰਤਾਂ ਵਰਗੇ, ਫੁਲਝੜੀਆਂ ਵਰਗੇ, ਆਤਿਸ਼ਬਾਜੀਆਂ, ਪਟਾਖਿਆਂ ਤੇ ਬਰਛਿਆਂ ਵਰਗੇ ਸਵਾਲ। ਕਈ ਕਈ ਸਵਾਲ ਤਾਂ ਮੇਰੇ ਅੰਦਰਲੇ ਘੁੱਪ ਅਨ੍ਹੇਰੇ ਵਿਚ ਮਸ਼ਾਲ ਵਾਂਗ ਜਗਣ ਲਗਦੇ ਨੇ, ਤੇ ਕਈ ਜੁਗਨੂੰਆਂ ਵਾਂਗ ਝੱਪ-ਝੱਪ ਕਰਕੇ ਜਗਣ-ਬੁੱਝਣ ਲੱਗ ਪੈਂਦੇ ਨੇ। ਕਿਸੇ-ਕਿਸੇ ਸਵਾਲ ਕਰਨ ਵੇਲੇ ਤਾਂ ਉਹ ਮੈਨੂੰ ਆਪਣੇ ਮੋਢਿਆਂ ਉਤੇ ਬੈਠਾ ਪ੍ਰਤੀਤ ਹੁੰਦਾ ਹੈ, ਜਿਸ ਦੇ ਭਾਰ ਹੇਠਾਂ ਮੇਰਾ ਵੱਡਪਣ ਛੁਈ-ਮੂਈ ਹੋਣ ਲਗਦਾ ਹੈ।
ਇਕ ਦਿਨ ਦੇਸ਼ ਭਗਤ ਇਨਕਲਾਬੀਆਂ ਦੀਆਂ ਜੀਵਨੀਆਂ ਦੀ ਕਿਤਾਬ ਪੜ੍ਹਦਾ-ਪੜ੍ਹਦਾ ਪੁੱਛਣ ਲੱਗਾ, ਡੈਡੀ, ਸ਼ਹੀਦ ਕੌਣ ਹੁੰਦੇ ਨੇ?”
ਸ਼ਾਇਦ ਉਹਨੇ ਫਾਂਸੀ ਉਤੇ ਝੁਲਦੇ, ਗੋਲੀਆਂ ਨਾਲ ਭੁੰਨੇ ਤੇ ਤੇਜ਼ਧਾਰ ਹਥਿਆਰਾਂ ਨਾਲ ਜਿਬ੍ਹਾ ਕੀਤੇ ਕੁੱਝ ਬੰਦਿਆਂ ਦੀਆਂ ਤਸਵੀਰਾਂ ਦੇਖ ਲਈਆਂ ਹੋਣ ਤੇ ਸਹਿਜ ਭਾਅ ਹੀ ਇਕ ਮੋਏ ਹੋਏ ਬੰਦੇ ਦਾ ਅਕਸ ਉਹਦੇ ਜ਼ਿਹਨ ਵਿਚ ਆ ਖਲੋਤਾ ਹੋਵੇ, ਜੀਹਨੂੰ ਸ਼ਹੀਦ ਦਾ ਦਰਜਾ ਮਿਲ ਗਿਆ ਹੋਵੇ।
ਪਲ ਦੀ ਪਲ ਮੈਨੂੰ ਕੁੱਝ ਨਹੀਂ ਅਹੁੜਦਾ। ਮੈਂ ਹੈਰਾਨੀ ਨਾਲ ਉਹਦੇ ਚਿਹਰੇ ਵਲ ਦੇਖਣ ਲੱਗਦਾ ਹਾਂ। ਮੈਨੂੰ ਜਾਪਦਾ ਹੈ ਜਿਵੇਂ ਇਹ ਸਵਾਲ ਮੇਰੇ ਗਿਆਨ ਲਈ ਇੱਕ ਵੰਗਾਰ ਵਾਂਗ ਆਇਆ ਹੋਵੇ ਤੇ ਮੇਰਾ ਗਿਆਨ ਵੱਡੀ ਨਹਿਰ ਦੀ ਝਾਲ ਵਿਚ ਫਸੀ ਲਾਸ਼ ਵਾਂਗ ਗੇੜੇ ਕੱਢਣ ਲੱਗ ਪਿਆ ਹੋਵੇ- ਅਰਥਹੀਨ, ਨਿਰਉਦੇਸ਼ ਤੇ ਬੇਥ੍ਹਵੇ ਗੇੜੇ!
ਮੈਂ ਸੰਭਣਲ ਦਾ ਜਤਨ ਕਰਦੇ ਹੋਏ ਦੱਸਣ ਦੀ ਕੋਸ਼ਿਸ਼ ਕੀਤੀ, ਕੁੱਝ ਲੋਕ ਆਪਣੇ ਲਈ ਨਹੀਂ, ਸਗੋਂ ਦੂਜਿਆਂ ਲਈ ਜਿਉਂਦੇ-ਮਰਦੇ ਨੇ। ਕਾਮਨ ਕਾਜ਼ ਲਈ ਲੜਦੇ ਨੇ, ਫਾਂਸੀਆਂ ਚੜ੍ਹਦੇ ਨੇ ਤੇ…”
“ਕਾਮਨ ਕਾਜ਼?” ਮੁੰਡੇ ਨੂੰ ਸ਼ਾਇਦ ਇਹ ਸ਼ਬਦ ਸਮਝ ਨਹੀਂ ਪਏ ਸਨ।
“ਸਾਂਝੇ ਕਾਰਜਾਂ ਲਈ ਮਰਨਾ…ਨਿਤਾਣਿਆਂ ਤੇ ਨਿਥਾਵਿਆਂ ਲਈ ਮਰਨ ਵਾਲੇ ਸ਼ਹੀਦ ਹੁੰਦੇ ਨੇ। ਫਾਂਸੀ ਦੇ ਰੱਸੇ ਚੁੰਮਣ ਵਾਲੇ ਮਰਜੀਵੜੇ ਸ਼ਹੀਦ ਹੁੰਦੇ ਨੇ, ਮੇਰੇ ਬੇਟੇ!”
ਰੰਗਾ-ਬਿੱਲਾ ਵੀ ਫਾਂਸੀ ਚੜ੍ਹੇ ਸੀ, ਨੱਥੂ ਰਾਮ ਗੋਡਸੇ ਵੀ ਫਾਂਸੀ ਚੜ੍ਹਿਆ ਸੀ। ਜ਼ੁਲਫਕਾਰ ਅਲੀ ਭੁਟੋ ਵੀ। ਉਹ ਸ਼ਹੀਦ ਸੀਗੇ?” ਮੁੰਡਾ ਸਵਾਲ ਕਰ ਦਿੰਦਾ ਹੈ।
ਉਹਨਾਂ ਉਤੇ ਦੂਸਰਿਆਂ ਨੂੰ ਕਤਲ ਕਰਨ ਦਾ ਮੁਕੱਦਮਾ ਚੱਲਿਆ ਸੀ। ਉਨ੍ਹਾਂ ਕੁੱਝ ਬੇਦੋਸ਼ਿਆਂ ਨੂੰ ਮਾਰਿਆ ਜਾਂ ਮਰਵਾਇਆ ਸੀ। ਉਹ ਸ਼ਹੀਦ…” ਮੈਂ ਸਿੱਧਾ ਜਵਾਬ ਟਾਲ ਜਾਂਦਾ ਹਾਂ।
ਲੜਾਈਆਂ ਵਿਚ ਕਮਾਂਡਰ ਵੀ ਤਾਂ ਹਜ਼ਾਰਾਂ ਬੇਦੋਸ਼ੇ ਲੋਕਾਂ ਨੂੰ ਮਰਵਾਉਂਦੇ ਨੇ ਡੈਡੀ। ਦੋਸ਼ਾਂ ਦੇ ਲੋਕਾਂ ਦੀ, ਫੌਜੀਆਂ ਦੀ ਕਿਹੜੀ ਦੁਸ਼ਮਨੀ ਹੁੰਦੀ ਐ ਆਪਸ ਵਿਚ। ਉਨ੍ਹਾਂ ਨੇ ਤਾਂ ਇਕ-ਦੂਜੇ ਨੂੰ ਕਦੀ ਵੇਖਿਆ ਵੀ ਨ੍ਹੀਂ ਹੁੰਦਾ। ਫੇਰ ਉਨ੍ਹਾਂ ਕਮਾਂਡਰਾਂ ਨੂੰ ਤਾਂ ਕੋਈ ਫਾਂਸੀ ਚਾੜ੍ਹਦਾ ਨੀਂ। ਸਗੋਂ ਉਨ੍ਹਾਂ ਨੂੰ ਸੋਨੇ-ਚਾਂਦੀ ਦੇ ਤਗ਼ਮੇ ਦਿੱਤੇ ਜਾਂਦੇ ਨੇ। ਮੁੰਡਾ ਬਹੁਤ ਹੀ ਗੰਭੀਰ ਸੀ।
ਉਹ ਬਹਾਦਰ ਹੁੰਦੇ ਨੇ ਮੇਰੇ ਬੇਟੇ…ਇਕ ਦੇਸ਼ ਦੇ ਬਹਾਦਰ’।
ਇਕ ਦੇਸ਼ ਦੇ ਬਹਾਦਰ ਦੂਜੇ ਲਈ ਕਾਫ਼ਿਰ, ਹੈ ਨਾ ਡੈਡੀ?” ਮੁੰਡਾ ਸਥਿਤੀ ਵਿਚਲੇ ਵਿਅੰਗ ਨੂੰ ਕਿੱਡੇ ਸੌਖੇ ਤਰੀਕੇ ਨਾਲ ਅਤੇ ਕਿੰਨੇ ਸਹਿਜ ਰੂਪ ਵਿਚ ਆਖ ਗਿਆ ਸੀ। ਪਰ ਉਹਦੀ ਤਸੱਲੀ ਨਹੀਂ ਸੀ ਹੋ ਰਹੀ। ਮੈਂ ਆਪਣੇ ਹੀ ਪੁੱਤਰ ਸਾਹਵੇਂ ਪਾਣੀ-ਪਾਣੀ ਹੋਣ ਲੱਗਦਾ ਹਾਂ।
ਬਹਾਦਰ ਤੇ ਕਾਫ਼ਿਰ ਸ਼ਬਦਾਂ ਤੋਂ ਕਈ ਘਟਨਾਵਾਂ ਮੇਰੇ ਚੇਤੇ ਵਿਚ ਖੁੰਬਾਂ ਵਾਂਗ ਖਲੋ ਜਾਂਦੀਆਂ ਹਨ। ਅਸੀਂ ਗੁਆਂਢੀ ਦੇਸ਼ ਨਾਲ ਦੋ ਲੜਾਈਆਂ ਲੜੀਆਂ। ਭਾਵੇਂ ਇਧਰਲੇ ਤੇ ਉਧਰਲੇ ਅਵਾਮ ਦੇ ਦਿਲਾਂ ਵਿਚ ਇਕ-ਦੂਜੇ ਲਈ ਭੋਰਾ ਭਰ ਵੀ ਜ਼ਹਿਰ ਨਹੀਂ ਸੀ। ਹਮਲਾ ਕੀਹਨੇ-ਕੀਹਦੇ ਉਤੇ ਕੀਤਾ, ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਤੇ ਅਖਬਾਰਾਂ ਨੇ ਕਈ ਕੁੱਝ ਸੱਚ-ਝੂਠ ਬੋਲਿਆ ਸੀ। ਇਕ ਦੇਸ਼ ਦੀਆਂ ਫੌਜਾਂ ਲਾਹੌਰ ਤੱਕ ਪਹੁੰਚਦੀਆਂ ਸਨ ਤੇ ਦੂਜੇ ਦੇਸ਼ ਦੀਆਂ ਦਿੱਲੀ ਤੱਕ ਅੱਪੜਣ ਦੀਆਂ ਟਾਹਰਾਂ ਮਾਰ ਰਹੀਆਂ ਸਨ। ਦੋਹਾਂ ਦੇਸ਼ਾਂ ਦੇ ਫੌਜੀ ਬਹਾਦਰ ਸਨ, ਜੋ ਆਪਣੀ ਮਿੱਟੀ ਦੀ ਰੱਖਿਆ ਲਈ ਜੀਅ-ਜਾਨ ਨਾਲ ਲੜੇ।
ਇਕ ਦੇਸ਼ ਦਾ ਰੇਡਿਓ ਐਲਾਨ ਕਰਦਾ ਸੀ, ਦੇਸ਼ ਦੇ ਬਹਾਦਰ ਸ਼ਹੀਦਾਂ ਨੇ ਦੇਸ਼ ਦੀ ਮਿੱਟੀ ਦੀ ਲਾਜ਼ ਰੱਖੀ ਹੈ, ਮਾਂ ਦੇ ਦੁੱਧ ਦੀ ਕੀਮਤ ਚੁਕਾਈ ਹੈ, ਕਾਫ਼ਿਰਾਂ ਨੂੰ ਇਕ ਇੰਚ ਵੀ ਅੱਗੇ ਨਹੀਂ ਵਧਣ ਦਿੱਤਾ।
ਉਦੋਂ ਹੀ ਦੂਸਰੇ ਦੇਸ਼ ਦਾ ਰੇਡੀਓ ਸਮਾਚਾਰ ਦਿੰਦਾ ਸੀ,ਔਕੜਾਂ ਦੇ ਬਾਵਜੂਦ ਸਾਡੇ ਬਹਾਦਰ ਜੰਗਜੂ ਅੱਗੇ ਹੀ ਅੱਗੇ ਵੱਧਦੇ ਗਏ। ਇਕ-ਇਕ ਬਹਾਦਰ ਲੱਖ-ਲੱਖ ਕਾਫ਼ਿਰ ਉਤੇ ਭਾਰੂ ਸੀ। ਦੇਸ਼ ਦੀ ਆਬਰੂ ਬਚਾਉਣ ਵਾਲੇ ਸ਼ਹੀਦਾਂ ਨੂੰ ਪ੍ਰਣਾਮ।’
ਦੋਹਾਂ ਦੇਸ਼ਾਂ ਦੇ ਹਜ਼ਾਰਾਂ ਬਹਾਦਰ ਮਾਰੇ ਗਏ ਸਨ। ਇਕ ਦੇ ਬਹਾਦਰ ਦੂਜੇ ਲਈ ਕਾਫ਼ਿਰ ਬਣੇ ਤੇ ਦੂਜੇ ਦੇ ਕਾਫ਼ਿਰ ਪਹਿਲੇ ਲਈ ਮੁਜ਼ਾਹਿਦ। ਮੇਰੇ ਪੁੱਤਰ ਨੇ ਰੇਡੀਓ-ਟੀਵੀ ਤੋਂ ਇਹ ਸਾਰਾ ਸੱਚ-ਝੂਠ ਸੁਣਿਆ ਸੀ। ਇਸ ਲਈ ਉਹਦੇ ਜ਼ਿਹਨ ਵਿਚ ਬਹਾਦਰ ਤੇ ਕਾਫ਼ਿਰ ਦਾ ਭੇਤ ਹੱਲ ਨਹੀਂ ਸੀ ਹੋ ਰਿਹਾ।
ਲੜਾਈ ਦੇ ਉਹਨੀਂ ਦਿਨੀਂ ਹੀ ਇਕ ਹੋਰ ਅਜੀਬ ਘਟਨਾ ਘਟੀ ਸੀ। ਗੁਆਂਢੀ ਦੇਸ਼ ਨੇ ਅਚਾਨਕ ਹੁਸੈਨੀ ਵਾਲਾ ਸਰਹੱਦ ਉਤੇ ਹਮਲਾ ਕਰਕੇ ਉਥੋਂ ਦਾ ਕੁੱਝ ਖੇਤਰ ਆਪਣੇ ਕਬਜ਼ੇ ਵਿਚ ਕਰ ਲਿਆ ਸੀ। ਕਾਫੀ ਬਚਾਓ ਹੋ ਗਿਆ ਸੀ। ਪਰ ਉਹ ਹੁਸੈਨੀ ਵਾਲਾ ਵਿਚ ਲੱਗੇ ਸ਼ਹੀਦਾਂ ਦੇ ਬੁੱਤ ਚੁੱਕ ਕੇ ਲਾਹੌਰ ਲੈ ਗਏ ਸਨ। ਜਿਥੇ ਸ਼ਹੀਦਾਂ ਨੇ ਬੰਬ ਕਾਂਡ ਕੀਤਾ ਸੀ, ਸਾਂਡਰਸ ਮਾਰਿਆ ਸੀ, ਜੇਲ੍ਹਾਂ ਕੱਟੀਆਂ ਸਨ, ਟਾਰਚਰ ਸਹੇ ਸਨ ਤੇ ਹੱਸ-ਹੱਸ ਫਾਂਸੀ ਦੇ ਰੱਸੇ ਗਲ ਵਿਚ ਪਾਏ ਸਨ। ਜਿਸ ਲਾਹੌਰ ਦੀ ਆਜ਼ਾਦੀ ਲਈ ਉਨ੍ਹਾਂ ਸ਼ਹਾਦਤ ਦਾ ਜਾਮ ਪੀਤਾ ਸੀ, ਉਸ ਲਾਹੌਰ ਦੇ ਬਾਜਾਰਾਂ ਵਿਚ ਸ਼ਹੀਦਾਂ ਦਾ ਜਲੂਸ ਕੱਢਿਆ ਗਿਆ ਸੀ। ਪਰ ਉਨ੍ਹਾਂ ਜਲੂਸ ਦੇ ਅਰਥ ਬਦਲ ਦਿੱਤੇ ਸਨ।
ਮੇਰੇ ਪੁੱਤਰ ਨੇ ਇਹ ਸਾਰਾ ਪ੍ਰੋਗਰਾਮ ਲਾਹੌਰ ਟੀਵੀ ’ਤੇ ਦੇਖਿਆ ਸੀ। ਉਦੋਂ ਹੀ ਉਸ ਪੁੱਛਿਆ ਸੀ, ਇਹ ਕੀ ਕਰ ਰਹੇ ਨੇ ਡੈਡੀ?” ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਨੇ ਜਾਂ ਜਿੱਤ ਦਾ ਜਸ਼ਨ ਮਨਾ ਰਹੇ ਨੇ?”:
ਬਹਾਦਰੀ ਦਿਖਾ ਰਹੇ ਨੇ… ਸ਼ਹੀਦਾਂ ਨੂੰ ਸ਼ਰਮਿੰਦਾ ਕਰ ਰਹੇ ਨੇ। ਮੇਰੇ ਮੂੰਹੋਂ ਨਾ ਚਾਹੁੰਦਿਆਂ ਵੀ ਅਚਾਨਕ ਨਿਕਲ ਗਿਆ ਸੀ।
ਪਰ ਇਹ ਤਾਂ ਸਾਂਝੇ ਮੁਲਕ ਦੇ ਸ਼ਹੀਦ ਸੀ, ਡੈਡੀ, ਸਾਂਝੇ ਸ਼ਹੀਦ?” ਮੁੰਡੇ ਨੇ ਆਪਣੀ ਹੈਰਾਨੀ ਪ੍ਰਗਟ ਕੀਤੀ ਸੀ।
ਹਾਂ, ਹਾਂ, ਪਰ ਹੁਣ ਇਹ ਵੰਡੇ ਹੋਏ ਦੋ ਮੁਲਕਾਂ ਵਿਚ ਇਕ ਮੁਲਕ ਦੇ ਹੀ ਸ਼ਹੀਦ ਰਹਿ ਗਏ ਨੇ, ਮੇਰੇ ਬੇਟੇ”।
ਸੁਣਿਐਂ, ਡੈਡੀ, ਹੁਣ ਉਨ੍ਹਾਂ ਨੇ ਇਨ੍ਹਾਂ ਸ਼ਹੀਦਾਂ ਦੇ ਨਾਂ ਵੀ ਆਪਣੀ ਹਿਸਟਰੀ ਦੀ ਕਿਤਾਬ ਵਿਚੋਂ ਕੱਢ ਛਡੇ ਐ?”
ਹਿਸਟਰੀ ਵੀ ਤਾਂ ਪੁੱਤ ਬੰਦੇ ਈ ਲਿਖਦੇ ਐ। ਕਿਸੇ ਦਾ ਨਾਂ ਪਾ ਦੇਣ ਤੇ ਕਿਸੇ ਦਾ ਕੱਢ ਛੱਡਣ। ਭਾਵੇਂ ਕਿਸੇ ਨੂੰ ਹੀਰੋ ਬਣਾ ਦੇਣ ਤੇ ਕਿਸੇ ਨੂੰ ਜ਼ੀਰੋ। ਮੈਂ ਆਪਣੇ ਚਿਹਰੇ ਦੀ ਦੁੱਖਦੀ ਰਗ ਛੁਪਾਉਣਾ ਚਾਹੁੰਦੇ ਹੋਏ ਵੀ ਨਹੀਂ ਸੀ ਛੁਪਾ ਸਕਿਆ।
ਹੀਰੋ ਹੁੰਦੇ ਨੇ ਜਾਂ ਬਣਾਏ ਜਾਂਦੇ ਨੇ, ਡੈਡੀ?” ਮੁੰਡਾ ਇਕ ਹੋਰ ਸਵਾਲ ਉਲਾਰਦਾ ਹੈ।
ਕਦੀ-ਕਦੀ ਬਣਾਏ ਵੀ ਜਾਂਦੇ ਨੇ ਬੇਟੇ। ਸਿਆਸਤਦਾਨ ਸਭ ਕੁੱਝ ਕਰ ਸਕਦੇ ਨੇ। ਕਾਲਿਆਂ ਦਾ ਹੀਰੋ ਗੋਰਿਆਂ ਲਈ ਹਮੇਸ਼ਾ ਜੀਰੋ ਹੀ ਰਿਹਾ ਤੇ ਗੋਰਿਆਂ ਨੇ ਆਪਣਾ ਜ਼ੀਰੋ ਵੀ ਸਦਾ ਹੀਰੋ ਬਣਾ ਕੇ ਹੀ ਪੇਸ਼ ਕੀਤਾ। ਕਾਲਾ ਹੀਰੋ ਵੀ ਉਨ੍ਹਾਂ ਲਈ ਬਾਸਟਰਡ ਹੀ ਰਿਹਾ…ਬਾਸਟਰਡ…ਹਰਾਮ ਦਾ’।
ਕੀ ਕੋਈ ਸਾਰੀ ਦੁਨੀਆ ਦਾ ਸ਼ਹੀਦ ਨਹੀਂ ਅਖਵਾ ਸਕਦਾ , ਡੈਡੀ?’
ਪ੍ਰਸ਼ਨ ਜਿੰਨਾ ਸੁਭਾਵਕ ਸੀ, ਉਤਨਾ ਹੀ ਗੁੰਝਲਦਾਰ।
ਕਦੀ ਮੌਕਾ ਜ਼ਰੂਰ ਆਵੇਗਾ ਬੇਟੇ। ਪਰ ਅਜੇ ਧੁੰਦ ਹੈ, ਅਨ੍ਹੇਰਾ ਹੈ, ਸਾਜਿਸ਼ਨੁਮਾ ਮਾਹੌਲ ਹੈ।
ਪਿਛਲੇ ਦਿਨੀਂ ਪੰਜਾਬ ਦੇ ਇਕ ਉਘੇ ਸ਼ਹਿਰ ਵਿਚ ਇੱਕ ਹਾਦਸਾ ਵਾਪਰ ਗਿਆ। ਦੋ ਫਿਰਕੇ ਉਲਝ ਪਏ। ਤੇਜ਼ਧਾਰ ਹਥਿਆਰਾਂ ਨਾਲ ਲੜਾਈ ਹੋਈ। ਪੁਲਿਸ ਨੂੰ ਗੋਲੀ ਵੀ ਚਲਾਉਣੀ ਪਈ ਸੀ। ਇਕ ਫਿਰਕੇ ਦਾ ਕਾਫੀ ਜਾਨੀ ਨੁਕਸਾਨ ਹੋਇਆ। ਇਕ ਅਖ਼ਬਾਰ ਨੇ ਸੁਰਖ਼ੀ ਲਾਈ, ਦੇਸ਼ ਕੇ ਅਮਨ ਪਸੰਦ ਸ਼ਹਿਰੀਓਂ ਪਰ ਕੱੁਛ ਤਤਵੋਂ ਨੇ ਤੇਜ਼ਧਾਰ ਹਥਿਆਰੋਂ ਸੇ ਹਮਲਾ ਕੀਆ। ਜਵਾਬੀ ਕਾਰਵਾਈ ਮੇਂ ਕੁਛ ਗੁੰਡੇ ਮਾਰੇ ਗਏ ਔਰ ਸੌ ਜ਼ਖਮੀ ਹੂਏ।
ਦੂਜੇ ਫਿਰਕੇ ਦੀ ਅਖ਼ਬਾਰਾਂ ਨੇ ਮੋਟੇ ਅਖਰਾਂ ਵਿਚ ਖ਼ਬਰ ਛਾਪੀ, ਧਰਮ ਦੀ ਰੱਖਿਆ ਕਰਦੇ ਹੋਏ ਕੱੁਝ ਬਹਾਦਰ ਲੋਕ ਸ਼ਹੀਦ ਹੋਏ। ਉਨ੍ਹਾਂ ਦਾ ਨਾਂ ਇਤਿਹਾਸ ਦੇ ਵਰਕਿਆਂ ਵਿਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ, ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਖੂਨ ਡੋਲਿ੍ਹਆ।
ਮੇਰਾ ਪੁੱਤਰ ਅਖ਼ਬਾਰਾਂ ਲੈ ਕੇ ਮੇਰੇ ਕੋਲ ਆਇਆ ਤੇ ਦੋਵੇਂ ਅਖ਼ਬਾਰਾਂ ਮੇਰੇ ਮੂਹਰੇ ਧਰ ਕੇ ਪੁੱਛਣ ਲੱਗਾ, ਡੈਡੀ ਸ਼ਹੀਦ ਗੁੰਡੇ ਕਦੋਂ ਹੋ ਜਾਂਦੇ ਨੇ ਤੇ ਗੁੰਡੇ ਸ਼ਹੀਦ ਕਦੋਂ ਬਣ ਜਾਂਦੇ ਨੇ?”
ਇਹ ਛੋਟੀ ਲੜਾਈ ਹੈ, ਮੇਰੇ ਬੇਟੇ! ਇੱਕ ਫਿਰਕੇ ਦੇ ਸ਼ਹੀਦ ਵਿਰੋਧੀ ਫਿਰਕੇ ਲਈ ਹਮੇਸ਼ਾ ਗੁੰਡੇ ਹੀ ਰਹਿੰਦੇ ਨੇ। ਤੇ ਆਪਣੇ ਗੁੰਡੇ ਵੀ ਉਨ੍ਹਾਂ ਨੂੰ ਸ਼ਹੀਦ ਹੀ ਲੱਗਦੇ ਨੇ’।
ਫੇਰ ਉਨ੍ਹਾਂ ਦੀ ਪਛਾਣ ਕੌਣ ਕਰੇਗਾ? ਕਿਵੇਂ ਹੋਵੇਗੀ ਉਨ੍ਹਾਂ ਦੀ ਪਛਾਣ, ਡੈਡੀ?”
ਵੱਡੀ ਫੈਸਲ਼ਾਕੁੰਨ ਲੜਾਈ ਹੀ ਉਨ੍ਹਾਂ ਦੀ ਪਛਾਣ ਕਰਾਏਗੀ। ਤੂੰ ਜਦੋਂ ਵੱਡੀ ਲੜਾਈ ਲਈ ਤਿਆਰ ਹੋਵੇਂਗਾ, ਤੈਨੂੰ ਸਭ ਕੁੱਝ ਸਮਝ ਆ ਜਾਵੇਗਾ। ਪਰ ਹਾਲੇ ਵਕਤ ਨਹੀਂ ਆਇਆ, ਹਾਲੇ ਤਾਂ…’
ਵਕਤ ਕਦੋਂ ਆਵੇਗਾ, ਡੈਡੀ?” ਮੁੰਡੇ ਦੀ ਅਜੇ ਵੀ ਤਸਲੀ ਨਹੀਂ ਸੀ ਹੋ ਰਹੀ।
ਮੈਂ ਮੁੰਡੇ ਦੇ ਪ੍ਰਸ਼ਨ ਦੀ ਰੌਸ਼ਨੀ ਵਿਚ ਬੜੀ ਹੀ ਗੰਭੀਰਤਾ ਨਾਲ ਸੋਚਣ ਲੱਗਦਾ ਹਾਂ। ਮੇਰੀ ਸੋਚ ਵਿਚ ਉਹ ਬੇਚੈਨ ਲੋਕ ਆਉਂਦੇ ਨੇ ਜੇ ਸਾਰੀ ਮਨੁੱਖਤਾ ਲਈ ਚੰਗੇ ਸੁਫਨੇ ਬੀਜਣ ਦਾ ਅਹਿਦ ਕਰ ਕੇ ਤੁਰੇ। ਮਨੱੁਖ ਦੀ ਹੋਣੀ ਦੀ ਤਰਤੀਬ ਬਦਲਣ ਲਈ ਉਨ੍ਹਾਂ ਮਸ਼ਾਲਾਂ ਚੱੁਕੀਆਂ। ਪਰ ਅੱਧ ਵਿਚਾਲੇ ਹੀ ਰਹਿ ਗਏ। ਤੇ ਉਨ੍ਹਾਂ ਦੀਆਂ ਅੱਖਾਂ ਦੀਆਂ ਝਿੰਮਣੀਆਂ ਵਿਚ ਸੂਹੀ ਸਵੇਰ ਰੱਤ ਬਣ ਕੇ ਫੈਲ ਗਈ ਸੀ।
ਅਜੇ ਇਕ ਲੰਮੀ ਲੜਾਈ ਮਨੱੁਖ ਨੇ ਲੜਨੀ ਹੈ, ਸਾਂਝੇ ਸ਼ਹੀਦ ਪੈਦਾ ਕਰਨ ਲਈ, ਮੇਰੇ ਬੇਟੇ, ਸਾਂਝੇ ਸ਼ਹੀਦ। ਮੈਂ ਆਪਣੀ ਸੋਚ ਵਿਚੋਂ ਨਿਕਲਦਿਆਂ ਆਖਦਾ ਹਾਂ।
ਕੌਣ ਲੜੇਗਾ ਉਹ ਲੜਾਈ, ਡੈਡੀ? ਹੁਣ ਮੁੰਡਾ ਜਿਵੇਂ ਉਸ ਲੜਾਈ ਦੀ ਤਾਂਘ ਰੱਖਦਾ ਹੋਵੇ।
ਤੂੰ ਵੀ ਲੜ ਸਕਦੈਂ, ਮੈਂ ਵੀ, ਤੇਰੇ ਬੱਚੇ ਵੀ, ਤੇ ਸ਼ਾਇਦ ਉਨ੍ਹਾਂ ਦੇ ਬੱਚੇ ਵੀ। ਅੰਤਿਮ ਤੇ ਫੈਸਲਾਕੁੰਨ ਲੜਾਈ।
ਮੇਰਾ ਜਵਾਬ ਸੁਣ ਕੇ ਮੁੰਡਾ ਚੱੁਪ ਹੋ ਗਿਆ ਸੀ। ਸ਼ਾਇਦ ਉਹ ਲੜਾਈ ਦੀ ਤਿਆਰੀ ਬਾਰੇ ਸੋਚਣ ਲੱਗ ਪਿਆ ਸੀ।
ਕਈ ਦਿਨ ਇੰਝ ਹੀ ਬੀਤ ਗਏ। ਮੁੰਡੇ ਵਿਚ ਕਾਫੀ ਤਬਦੀਲੀ ਆਉਣ ਲੱਗ ਪਈ ਸੀ। ਉਹ ਲੋੜ ਨਾਲੋਂ ਜ਼ਿਆਦਾ ਗੰਭੀਰ ਰਹਿਣ ਲੱਗ ਪਿਆ ਸੀ। ਨਿੱਕੀ-ਨਿੱਕੀ ਗੱਲ ਨੂੰ ਵੀ ਪੁਨਣ-ਛਾਨਣ ਲੱਗ ਪਿਆ ਸੀ। ਇਕ ਦਿਨ ਆ ਕੇ ਕਹਿਣ ਲੱਗਾ, ਡੈਡੀ ਡੈਡੀ, ਆਪਣਾ ਗੁਆਂਢੀ ਰਾਮ ਲਾਲ ਸ਼ਹੀਦ ਹੋ ਗਿਆ ਹੈ।
ਬੇਟੇ, ਰਾਮ ਲਾਲ ਸ਼ਹੀਦ ਨਹੀਂ ਹੋਇਆ, ਮਰਿਆ ਹੈ। ਉਹਦੀ ਮੌਤ ਹੋ ਗਈ ਹੈ। ਮਰ ਗਿਆ ਹੈ ਰਾਮ ਲਾਲ’।
ਨਹੀਂ ਡੈਡੀ, ਰਾਮ ਲਾਲ ਸ਼ਹੀਦ ਹੋਇਆ। ਮੇਰਾ ਮੁੰਡਾ ਬਾਰ ਬਾਰ ਆਖੀ ਜਾ ਰਿਹਾ ਸੀ। ਮੰਨਣ ਵਿਚ ਨਹੀਂ ਸੀ ਆ ਰਿਹਾ।
ਉਹ ਕਿਵੇਂ ? ਆਖੀਰ ਤੰਗ ਆ ਕੇ ਮੈਂ ਪੁਛਿਆ।
ਉਹਦੀ ਘਰਵਾਲੀ ਮੁਹੱਲੇ ਦੀਆਂ ਤੀਮੀਆਂ ਨੂੰ ਦੱਸ ਰਹੀ ਸੀ ਬਈ ਉਹ ਜਿੰਨਾ ਚਿਰ ਜਿਊਂਦਾ ਰਿਹਾ, ਬਿਮਾਰੀ, ਗਰੀਬੀ ਤੇ ਭੁੱਖ ਨਾਲ ਹੀ ਘੁਲਦਾ ਰਿਹਾ। ਤੇ ਆਖਿਰ ਮੁੱਕ ਗਿਆ ਲੜਦਾ ਲੜਦਾ…’ ਮੁੰਡੇ ਨੇ ਬੜੀ ਗੰਭੀਰਤਾ ਨਾਲ ਕਿਹਾ।
ਮੇਰੀਆਂ ਅੱਖਾਂ ਵਿਚ ਬਿਜਲੀ ਚਮਕਣ ਲਗ ਪਈ। ਪਲ ਦੀ ਪਲ ਮੈਨੂੰ ਜਾਪਿਆ ਜਿਵੇਂ ਮੇਰੇ ਮੁੰਡੇ ਨੂੰ ਉਸ ਅਮੁੱਕ ਲੜਾਈ ਦੀ ਸਮਝ ਪੈ ਗਈ ਹੋਵੇ, ਜੋ ਸਾਡੇ ਸਾਂਝੇ ਸ਼ਹੀਦਾਂ ਨੇ ਅਜੇ ਲੜਨੀ ਹੈ।

ਕਵਿਤਾ

  • ਮਹਿਮੂਦ ਦਰਵੇਸ਼
    ਇਕ ਦਿਨ ਜੰਗ ਖ਼ਤਮ ਹੋ ਜਾਵੇਗੀ
    ਹੱਥ ਮਿਲਾਉਣਗੇ ਨੇਤਾ
    ਤੇ ਇਕ ਬੁੱਢੀ ਮਾਂ ਨੂੰ
    ਸ਼ਹੀਦ ਹੋ ਗਈ ਔਲਾਦ ਦੀ ਉਡੀਕ ਰਹੇਗੀ
    ਇਕ ਔਰਤ ਕਰੇਗੀ ਉਡੀਕ
    ਆਪਣੇ ਪਤੀ ਦੇ ਮੁੜ ਆਉਣ ਦੀ
    ਤੇ ਉਹ ਬੱਚੇ ਉਡੀਕਣਗੇ ਆਪਣੇ ਬਹਾਦਰ ਪਿਓ ਨੂੰ

ਮੈਨੂੰ ਨਹੀਂ ਪਤਾ ਮੇਰੇ ਮੁਲਕ ਨੂੰ ਕਿਸ ਨੇ ਵੇਚਿਆ
ਪਰ
ਮੈਂ ਵੇਖਿਆ ਹੈ ਇਹਦੀ ਕੀਮਤ ਕਿਸ ਨੇ ਚੁਕਾਈ ਹੈ।

ਇਹ ਲੋਕ ਕੁੱਝ ਸੋਚਦੇ ਹੀ ਨਹੀਂ!
‘‘ਜਿਹੜੇ ਮੁਸਲਮਾਨਾਂ ਨੇ ਦੁਨੀਆਂ ਦੇ ਸਭ ਤੋਂ ਪਹਿਲੇ ਧਰਮ ਦੇ ਅਨੁਆਈ ‘ਯਹੂਦੀਆਂ’ ਨੂੰ ਖਤਮ ਕਰਨ ਲਈ ਹਰ ਕਿਸਮ ਦੇ ਜ਼ੁਲਮ ਕੀਤੇ ਤੇ ਅੱਜ ਵੀ ਹਿੱਕ ਠੋਕ ਕੇ ਕਹਿ ਰਹੇ ਹਨ ਕਿ ਯਹੂਦੀਆਂ ਨੂੰ ਦੁਨੀਆਂ ’ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਤੁਸੀਂ ਉਨ੍ਹਾਂ ਦਾ ਸਮਰਥਨ ਕਰੀ ਜਾ ਰਹੇ ਹੋ।’’ ਇਹ ਵਿਖਿਆਨ, ਆਰ.ਐਸ.ਐਸ. ਦੇ ਉਸ ਸਮਰਥਕ ਦਾ ਹੈ, ਜੋ ਹੁਣ ‘ਆਪ’ ਦਾ ਹੋ ਚੁੱਕਾ ਹੈ। ਮੈਂ ਆਪਣੇ ਬੇਟੇ ਨਾਲ ਇਕ ਬਹੁਤ ਹੀ ਪਿਆਰੇ ਕਾਮਰੇਡ ਤੇ ਸੁਲਝੇ ਇਨਸਾਨ ਦੇ ਵਿਛੋੜੇ ’ਤੇ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਗਿਆ ਸਾਂ। ਮੰਦੇਭਾਗੀਂ ਇਹ ਉੱਜਡ ਉੱਥੇ ਪਹਿਲਾਂ ਹੀ ਮੌਜੂਦ ਸੀ। ਕੁੜੱਤਣ ਉਗਲਦਾ ਆਪਣਾ ਭਾਸ਼ਣ ਜਾਰੀ ਰੱਖਦਿਆਂ ਉਹ ਵਿਅਕਤੀ ਫਿਰ ਬੋਲਾਆ ‘‘ਇਤਿਹਾਸ ਆਪਣੇ ਆਪ ਨੂੰ ਮੁੜ ਦੁਹਰਾ ਰਿਹਾ ਹੈ, ਇਜ਼ਰਾਈਲ ਲਈ ਇਰਾਨ ਵੱਡਾ ਖਤਰਾ ਹੈ, ਉਸਦਾ ਖਾਤਮਾ ਕਰਨਾ ਜ਼ਰੂਰੀ ਹੈ।’’
ਮੈਂ ਉਸਦੇ 4-5 ਮਿੰਟਾਂ ਦੇ ਇਸ ਬੇਮੌਕਾ ਤੇ ਬੇਲੋੜੇ ਭਾਸ਼ਣ ’ਚ ਇਕ-ਦੋ ਵਾਰ ਦਖ਼ਲ ਦੇਣ ਦਾ ਅਸਫਲ ਯਤਨ ਕੀਤਾ। ਪਰ ਉਸਦੇ ਸਿਰ ਨੂੰ ‘ਸਨਾਤਨੀ ਗੁਬਾਰ’ ਏਨਾ ਜ਼ਿਆਦਾ ਚੜ੍ਹਿਆ ਹੋਇਆ ਸੀ ਕਿ ਉਸ ਨੇ ਮੇਰੀ ਇਕ ਨਾ ਸੁਣੀ!
ਗੱਲ ਦਰਅਸਲ ਇਹ ਸੀ ਕਿ ਰਸਮੀ ਅਫਸੋਸ ਪ੍ਰਗਟਾਵੇ ਤੋਂ ਪਿਛੋਂ ਅਮਰੀਕਾ-ਇਜ਼ਰਾਇਲ, ਜੰਗਬਾਜ਼ ਟੋਲੇ ਵਲੋਂ ਫ਼ਲਸਤੀਨ ਤੇ ਈਰਾਨ ਤੇ ਕੀਤੇ ਹਮਲੇ ਦੀਆਂ ਗੱਲਾਂ ਛਿੜ ਪਈਆਂ ਸਨ। ਜ਼ਾਹਿਰ ਹੈ ਉਹ ਵਿਅਕਤੀ ਮੇਰੀ ਸਮਝਦਾਰੀ ਨਾਲ ਅਸਹਿਮਤ ਸੀ। ਇਸ ਗੱਲੋਂ ਉਹ ਹੋਰ ਵੀ ਦੁੱਖੀ ਹੋ ਗਿਆ ਕਿ ਇਸ ਮੌਕੇ ਹਾਜ਼ਰ ਕਈ ਹੋਰ ਸੱਜਣ ਵੀ ਗਾਜ਼ਾ ਵਾਸੀਆਂ, ਖਾਸ ਕਰਕੇ ਅਣਭੋਲ ਬੱਚਿਆਂ ਤੇ ਔਰਤਾਂ ਦੇ ਕਤਲੇਆਮ ’ਤੇ ਰੋਸ ਤੇ ਅਫਸੋਸ ਜ਼ਾਹਿਰ ਕਰਨ ਲੱਗ ਪਏ ਸਨ।
ਅਜਿਹੇ ਸਮੇਂ, ਹਾਲਾਂਕਿ ਘਟੀਆ ਕਿਸਮ ਦਾ ਇਹ ਤਕੀਆ ਕਲਾਮ, ਕਿਵੇਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਸੀ। ਫਿਰ ਵੀ ਮੈਂ ਬੜੇ ਸਬਰ ਤੋਂ ਕੰਮ ਲਿਆ। ਮੈਂ ਗੱਲ ਨੂੰ ਅਫਸੋਸ ਵਾਲੇ ਪਾਸੇ ਮੋੜਨਾ ਚਾਹੁੰਦਾ ਸਾਂ, ਇਸ ਲਈ ਉਸ ਵਿਅਕਤੀ ਦੇ ਭਾਸ਼ਨ ਬਾਰੇ ਕੋਈ ਨਾਰਾਜ਼ਗੀ ਨਾ ਦਿਖਾਈ। ਪਰਿਵਾਰ ਦੇ ਜੀਅ ਬੜੇ ਸੂਝਵਾਨ ਤੇ ਮਿਲਾਪੜੇ ਹਨ। ਉਹ ਟੱਬਰ ਦੇ ਵਿਛੜ ਚੁੱਕੇ ਮੱੁਖੀ ਦਾ ਜ਼ਿਕਰ ਕਰਕੇ ਵਾਰ-ਵਾਰ ਕਹਿ ਰਹੇ ਸਨ, ‘‘ਅੰਕਲ! ਪਾਪਾ ਤੁਹਾਡੀਆਂ ਗੱਲਾਂ ਰੋਜ਼ ਕਰਦੇ ਸਨ।’’ ਪਰ ਚਿੱਬ ਖੜਿੱਬੀ ਜ਼ਹਿਣੀਅਤ ਵਾਲਾ ਉਹ ਬੰਦਾ ਵਿਛੜੇ ਸਾਥੀ ਦੇ ਪਰਿਵਾਰਕ ਜੀਆਂ ਦੇ ਰੋਕਿਆਂ ਵੀ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਘਰ ਦੇ ਮੈਂਬਰ ਉਸਦੇ ਇਸ ਬਿਰਤਾਂਤ ਤੋਂ ਪ੍ਰੇਸ਼ਾਨ ਹੋ ਰਹੇ ਸਨ।
ਮੈਂ ਕੁੱਝ ਦੇਰ ਤਾਂ ਉਸ ਦੇ ਮੂੰਹ ਵੱਲ ਵੇਖੀ ਗਿਆ। ਅੰਤ ਜ਼ੋਰ ਨਾਲ ਕਿਹਾ, ‘‘ਦੇਖੋ ਜੀ, ਜੇਕਰ ਤੁਹਾਡਾ ਸਾਰੀ ਗੱਲ ਸਹੀ ਵੀ ਮੰਨ ਲਈ ਜਾਵੇ, ਤਾਂ ਵੀ ਕਿਸੇ ਧਰਮ ਜਾਂ ਵਿਅਕਤੀ ਵਿਸ਼ੇਸ਼ ਵੱਲੋਂ ਹਜ਼ਾਰਾਂ ਸਾਲ ਪਹਿਲਾਂ ਕਿਸੇ ਨਾਲ ਕੀਤੀ ਜ਼ਿਆਦਤੀ ਦੇ ਬਦਲੇ ਵਜੋਂ ਅੱਜ ਉਸ ਧਰਮ ਦੇ ਲੋਕਾਂ, ਜਿਨ੍ਹਾਂ ’ਚ ਹਜ਼ਾਰਾਂ ਬੱਚੇ ਤੇ ਔਰਤਾਂ ਵੀ ਸ਼ਾਮਿਲ ਹਨ, ਦਾ ਨਸਲਘਾਤ ਕਰਨਾ ਕੀ ਜਾਇਜ਼ ਹੈ?’’ ‘‘ਕਿਉਂ ਨਹੀਂ ਜੀ, ਮਨੁੱਖ ਦੇ ਮਨ ’ਚ ਬਦਲੇ ਦੀ ਅੱਗ ਪੀੜ੍ਹੀ ਦਰ ਪੀੜ੍ਹੀ ਮੱਚਦੀ ਰਹਿੰਦੀ ਹੈ?’’ ਉਹ ਹਾਲੇ ਵੀ ਜ਼ਹਿਰ ਗਲੱਛੀ ਜਾ ਰਿਹਾ ਸੀ।
ਮੈਂ ਕਿਹਾ, ‘‘ਫਿਰ ਤਾਂ ਹਿੰਦੂ ਧਰਮ ਦਾ ਜੀਵਤ ਰਹਿਣਾ ਵੀ ਗਲਤ ਹੈ, ਕਿਉਂਕਿ ਹਿੰਦੂਆਂ ਦੇ ਵੱਡੇ ਧਰਮ ਗੁਰੂਆਂ ਤੇ ਅੰਧ ਭਗਤਾਂ ਨੇ ਵੀ ਭਾਰਤ ਚੋਂ ਜੈਨ ਤੇ ਬੁੱਧ ਧਰਮ ਦਾ ਖਾਤਮ ਕਰਨ ਦਾ ਵੱਡਾ ਗੁਨਾਹ ਕੀਤਾ ਹੈ।’’ ਇਹ ਸੁਣ ਕੇ ਉਹ ਲਾਜਵਾਬ ਜਿਹਾ ਹੋ ਗਿਆ।
ਖੈਰ, ਮੈਂ ਵਿਦਾ ਹੋਣ ਦੀ ਇਜ਼ਾਜਤ ਮੰਗੀ ਤੇ ਜਾਣ ਲਈ ਉੱਠ ਖਲੋਤਾ। ਵਿਛੜੇ ਕਾਮਰੇਡ ਦਾ ਬੇਟਾ ਤੇ ਨੂੰਹ ਮੇਰੇ ਨਾਲ ਮੇਰੀ ਕਾਰ ਤੱਕ ਆਏ ਤੇ ਉਸ ਵਿਅਕਤੀ ਵੱਲੋਂ ਕੀਤੀ ਬਦਤਮੀਜ਼ੀ ਬਾਰੇ ਅਫਸੋਸ ਪ੍ਰਗਟ ਕੀਤਾ। ਮੈਨੂੰ ਉਸ ਸੱਜਣ ਦੀ ਸੂਝ ਜਾਂ ਅਗਿਆਨਤਾ ਬਾਰੇ ਤਾਂ ਕੋਈ ਗਿਲਾ ਨਹੀਂ। ਚਿੰਤਾ ਇਸ ਗੱਲ ਦੀ ਹੈ ਕਿ ਆਰ.ਐਸ.ਐਸ. ਦੀ ਫਿਰਕੂ ਵਿਚਾਰਧਾਰਾ ਤੋਂ ਪ੍ਰਭਾਵਿਤ ਲੋਕ ਫਿਰਕੂ ਜ਼ਹਿਰ ਨਾਲ ਕਿਵੇਂ ਭਰੇ ਪਏ ਹਨ! ਉਨ੍ਹਾਂ ਦੇ ਜ਼ਿਹਣ ਚੋਂ ਮਨੁੱਖੀ ਪਿਆਰ ਤੇ ਦਰਦਮੰਦੀ ਕਿਸ ਹੱਦ ਤੱਕ ਮਨਫੀ ਕਰ ਦਿੱਤੀ ਗਈ ਹੈ! ਸੰਵੇਦਨਾਵਾਂ ਤੋਂ ਸੱਖਣੇ ਬਣਾ ਦਿੱਤੇ ਗਏ ਇਹ ਲੋਕ ਗ਼ਾਜ਼ਾ ’ਚ ਕੀਤੇ ਜਾ ਰਹੇ ਕਤਲੇਆਮ ਨੂੰ ਹੱਕ ਵਜਾਨਬ ਕਿਵੇਂ ਸਮਝਦੇ ਹਨ? ਇਹ ਸਿਰਫ ਇਸ ਕਰਕੇ ਹੀ ਕੱਛਾਂ ਵਜਾ ਰਹੇ ਹਨ ਕਿ ਮਰਨ ਵਾਲੇ ਮੁਸਲਮਾਨ ਹਨ! ਇਨ੍ਹਾਂ ਨੂੰ ਇਸ ਗੱਲ ਦਾ ਕੋਈ ਦਰਦ ਹੀ ਨਹੀਂ ਕਿ ਇਜ਼ਰਾਈਲ ਦੀ ਫਾਸ਼ੀ ਸਰਕਾਰ ਨੇ ਅਮਰੀਕਾ ਦੀ ਹਮਾਇਤ ਨਾਲ ਫ਼ਲਸਤੀਨ ਦੀ 20 ਲੱਖ ਦੀ ਅਬਾਦੀ ’ਚੋਂ 60 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਹੱਤਿਆ ਕਰ ਦਿੱਤੀ ਹੈ ਤੇ ਹੋਰ ਹਜ਼ਾਰਾਂ ਸਦਾ-ਸਦਾ ਲਈ ਅਪਾਹਜ ਬਣਾ ਦਿੱਤੇ ਹਨ। ਉਸ ਸੰਘ ਸਮਰਥਕ ‘ਦੇਸ਼ ਭਗਤ’ ਕੋਲ ਮਾਨਵਤਾ ਪ੍ਰਤੀ ਭੋਰਾ ਵੀ ਹਮਦਰਦੀ ਤਾਂ ਕੀ ਹੋਣੀ ਸੀ, ਉਲਟਾ ਉਸ ਨੂੰ ਮਨੁੱਖਤਾ ਦੇ ਘਾਣ ਤੋਂ ਪ੍ਰਸੰਨਤਾ ਹੋ ਰਹੀ ਹੈ! ਗਰੀਬੀ ਨਾਲ ਜੂਝ ਰਹੇ ਕਰੋੜਾਂ ਯਹੂਦੀਆਂ, ਇਸਾਈਆਂ ਤੇ ਮੁਸਲਮਾਨਾਂ ਨਾਲ ਵੀ ਇਸ ਵਿਅਕਤੀ ਨੂੰ ਕੋਈ ਹਮਦਰਦੀ ਨਹੀਂ। ਹੋਰ ਤਾਂ ਹੋਰ ਵਿਸ਼ਵ ਨੂੰ ਤਬਾਹ ਕਰ ਦੇਣ ਵਾਲੀ ਸੰਸਾਰ ਜੰਗ ਛਿੜ ਜਾਣ ਦੀ ਵੀ ਇਨ੍ਹਾਂ ਨੂੰ ਕੋਈ ਚਿੰਤਾ ਨਹੀਂ। ਅਜਿਹੀ ਸੰਕੀਰਨ ਸੋਚ ਵਾਲੇ ਵਿਅਕਤੀ ਦੇ ਪਰਿਵਾਰ, ਖਾਸ ਕਰਕੇ ਬੱਚੇ ਅਜਿਹੇ ਵਾਤਾਵਰਣ ’ਚ ਕੀ ਕਦੀ ‘ਇਨਸਾਨ’ ਵੀ ਬਣ ਸਕਣਗੇ ਜਾਂ ਨਹੀਂ, ਮੇਰੀ ਅਸਲੀ ਚਿੰਤਾ ਤਾਂ ਇਹ ਹੈ?
ਉਸ ਨੂੰ ਧਾਰਮਿਕ ਕੱਟੜਤਾ ਤੇ ਸੰਕੀਰਨ ਸੋਚ ਨੇ ਇਹ ਵੀ ਯਾਦ ਨਹੀਂ ਰਹਿਣ ਦਿੱਤਾ ਕਿ ‘ਈਸਾ’ ਨੂੰ ਸੂਲੀ ’ਤੇ ਇਸਾਈਆਂ ਤੇ ਯਹੂਦੀਆਂ ਨੇ ਉਦੋਂ ਚਾੜ੍ਹਿਆ ਸੀ ਜਦੋਂ ਮੁਸਲਮਾਨ ਧਰਮ ਹਾਲੇ ਪੈਦਾ ਵੀ ਨਹੀਂ ਸੀ ਹੋਇਆ। ਜੇਕਰ ‘ਧਰਮ’ ਨੂੰ ਹੀ ਕਿਸੇ ਦੇ ਚਰਿੱਤਰ ਦਾ ਅਧਾਰ ਬਣਾਇਆ ਜਾਣਾ ਹੈ, ਤਾਂ ਫਿਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਧੋਖੇ ਨਾਲ ਸੂਬਾ ਸਰਹੰਦ ਕੋਲ ਫੜ੍ਹਾਉਣ ਵਾਲੇ ਗੰਗੂ ਬ੍ਰਾਹਮਣ ਬਾਰੇ ਕੀ ਕਿਹਾ ਜਾਵੇ? ਇਸ ਅੱਤਿਆਚਾਰ ਵਿਰੁੱਧ ‘ਹਾਅ ਦਾ ਨਾਅਰਾ’ ਮਾਰਨ ਵਾਲੇ ਨਵਾਬ ਮਲੇਰਕੋਟਲਾ ਨੂੰ ਕਿਹੜੇ ਧਰਮ ਦੀ ਕਿਸ ਤੱਕੜੀ ’ਚ ਤੋਲਾਂਗੇ? ਇਕੋ ਧਰਮ ਨੂੰ ਮੰਨਣ ਵਾਲੇ ਕੌਰਵਾਂ-ਪਾਂਡਵਾਂ ਦੇ ਯੁੱਧ ਅਤੇ ਰਾਮ ਚੰਦਰ ਜੀ ਤੇ ਲੰਕਾਪਤੀ ਰਾਵਣ ਵਿਚਕਾਰ ਹੋਈ ਜੰਗ ਦਾ ਆਧਾਰ ਕੀ ਸੀ ? ਇਨ੍ਹਾਂ ਯੁੱਧਾਂ ਦਾ ਮੁੱਦਾ ਸੱਚ-ਝੂਠ, ਨਿਆਂ-ਅਨਿਆਂ ਦਾ ਨਿਤਾਰਾ ਕਰਨਾ ਸੀ ਜਾਂ ਧਰਮ ਦਾ ਵਖਰੇਵਾਂ? ਅਫਸੋਸ, ਧਾਰਮਿਕ ਕੱਟੜਤਾ ਭਰੇ ਅਜੋਕੇ ਮਹੌਲ ’ਚ ਕੋਈ ‘ਅੰਧ ਭਗਤ’ ਇਹ ਸਾਰਾ ਕੁੱਝ ਕਿਵੇਂ ਸੋਚ ਸਕਦਾ ਹੈ?

  • ਰਾਹਗੀਰ
    मनुस्मृति पढ़ाने तो दो यारो!
    व्यंग्य
    राजेंद्र शर्मा
    ये लो कर लो बात। ये सेकुलरिस्ट, ये वामी अब क्या बच्चों को मनुस्मृति भी नहीं पढ़ाने देंगे? पढ़ाने पर, जी हां सिर्फ पढ़ाने पर बल्कि पढ़ाने के आइडिया पर ही इतना हंगामा खड़ा कर दिया है, तो जरा सोचिए कि जब हिंदू राष्ट्र में मनुस्मृति लागू होगी तो ये कैसा तांडव करेंगे। फौज बुलानी पड़ेगी फौज; उससे कम में हालात संभलने से रहे।
    हम तो कहते हैं कि इस खतरे की वजह से भी मोदी जी की सरकार को कम से कम इस मामले में किसी यूटर्न की इजाजत नहीं देनी चाहिए। अकेले अपने बूते बहुमत नहीं है तो न सही। बैसाखियों का सहारा लेने की मजबूरी है तो वह भी सही। जैसे वक्फ कानून समेत सभी मामलों में जोड़-जुगाड़ का पुख्ता इंतजाम किया है, वैसा ही इंतजाम इस मामले में भी सही। पर एक बार मनुस्मृति पढ़ाने का फैसला ले लिया है, तो फिर मनुस्मृति पढ़ायी जाए।
    दलितों-वलितों, महिलाओं-वहिलाओं के शोर मचाने की सरकार को परवाह नहीं करनी चाहिए। चार दिन शोर करेंगे, बहुत से बहुत दो-चार महीने शोर करेंगे, फिर खुद ही थक-हार कर बैठ जाएंगे। तब तक सरकार भी ध्यान बंटाने के लिए कोई न कोई मामला खड़ा कर ही देगी।
    असली बात यह है कि मनुस्मृति पढ़ाने से शुरूआत तो हो। आज बच्चों को पढ़ाएंगे, तभी तो उनके देश के कर्णधार बनने तक, मनुस्मृति के लागू होने तक पहुंच पाएंगे। कहने में अच्छा नहीं लगता, पर सच है कि मनुस्मृति की पूजा करने वालों के राज को बिना शुरूआत के ही बारहवां साल लग गया है। अब शुरुआत के लिए ग्यारह साल भी कोई कम तो नहीं होते हैं। अब भी शुरूआत नहीं होगी तो कब होगी। आखिर, मनुस्मृति का नंबर कब आएगा!
    पर हाय, मोदी जी के राज के बारहवें साल में भी लक्षण अच्छे नहीं हैं। राजधानी की सबसे बड़ी यूनिवर्सिटी में मनुस्मृति पढऩे-पढ़ाने का सिलसिला शुरू ही नहीं हो पा रहा है। और तो और संस्कृत विभाग तक में मनुस्मृति की पढ़ाई शुरू नहीं हो पा रही है। बेचारे संस्कृत विभाग ने धर्मशास्त्र स्टडीज के नाम से मनुस्मृति की पढ़ाई शुरू करने का फैसला लिया था, पर विरोधियों ने बेबात का हंगामा खड़ा कर दिया। जि़द पकड़ ली कि बाकी सब विषयों की छोड़ो, संस्कृत विभाग में भी और उसमें भी धर्मशास्त्र स्टडीज तक में, मनुस्मृति की पढ़ाई नहीं होने देंगे। कहते हैं कि धर्मशास्त्र स्टडीज में चाहे रामायण पढ़ा लो, गीता पढ़ा लो, महाभारत पढ़ा लो, आपस्तंभ का, बौधायन का, वशिष्ठ का, किसी का भी धर्मसूत्र पढ़ा लो, चाहे तो नारद, याज्ञवल्क्य की स्मृतियां भी पढ़ा लो, पर मनुस्मृति नहीं पढ़ायी जाएगी।
    हद तो यह है कि मनुस्मृति को पढ़ाने का विरोध वही लोग कर रहे हैं, जो मोदी राज पर पढ़ाई-लिखाई का विरोधी होने के इल्ज़ाम लगाते हैं। बताइए, मोदी जी के आशीर्वाद से किसी किताब पर घोषित-अघोषित रोक लगायी जाए, तो उन पर शिक्षा से लेकर तर्क और बुद्धि-विरोधी होने तक की तोहमत और ये मनुस्मृति की पढ़ाई का रास्ता रोकें तो, डेमोक्रेसी की मांग। इतना दोहरापन कहां से लाते हैं ये मनुस्मृति-भक्तों का विरोध करने वाले!
    फिर मनुस्मृति में विरोध करने वाली बात ही क्या है? जो लोग मनुस्मृति को निचली जातियों और औरतों वगैरह का विरोधी बताते हैं, उन्होंने अव्वल तो मनुस्मृति पढ़ी नहीं है और पढ़ी भी है तो समझी नहीं है। मनुस्मृति क्या है? मनुस्मृति हमारी प्राचीन और इसलिए आदर्श समाज व्यवस्था की संहिता है। मनुस्मृति में समग्रता में हमारे समाज का तानाबाना है और उसे सुरक्षित रखने का इंतजाम है। उसमें हरेक की जगह है, जो सुस्पष्ट और सुनिश्चित है। बल्कि हरेक की जगह हमेशा के लिए स्थायी या आरक्षित है। जो आरक्षण का झंडा उठाए फिरते हैं, नाहक मनुस्मृति के विरोधी बने फिरते हैं।
    आरक्षण के आइडिया का ऑरिजिन तो मनुस्मृति में ही है। दलित के लिए और औरत के लिए सेवा का कार्य सुनिश्चित है और दासता का जीवन भी। क्षत्रिय के लिए राज करने का कार्य सुरक्षित है और प्रभुता का जीवन। ब्राह्मण के लिए पूजा-पाठ के बदले में वसूली का कार्य और परजीवी जीवन। और वैश्य के लिए कमाई का और सब का पेट पालने का कार्य।
    कितनी सुंदर व्यवस्था है और सुचारु रूप से काम करने वाली। हजारों वर्षों से सारे विरोध के बावजूद चल रही है और हिंदू राष्ट्र बन गया तो मजे में हजारों वर्ष और चलेगी, जब तक हजार वर्ष वाला मोदी जी का रामलला की पहली प्राण प्रतिष्ठा के साथ शुरू हुआ नया युग चलेगा। आरएसएस वालों ने तो पहले ही पहचान लिया था कि मनुस्मृति ही असली भारतीय संविधान है। पर नेहरू जी ने नहीं सुनी। उल्टे, मनुस्मृति जलाने वाले आंबेडकर को संविधान बनाने का जिम्मा दे दिया। नतीजा यह कि साठ-पैंसठ साल यूं ही बर्बाद हो गए। वह तो ग्यारह साल पहले मोदी जी आ गए और मनुस्मृति का महत्व स्वीकार करने का सिलसिला शुरू हुआ। तब भी खास कुछ कहां हो पाया है। अभी तो कालेज-यूनिवर्सिटी में मनुस्मृति की पढ़ाई शुरू कराने पर ही झगड़ा पड़ा हुआ है; संविधान की जगह मनुस्मृति आएगी, कब।
    पर हमें तो डर है कि अब भी हवा उल्टी ही चल रही है। ठीक से हंगामा शुरू भी नहीं हुआ था, पर दिल्ली विश्वविद्यालय के वाइस चांसलर ने एलान कर दिया कि मनुस्मृति नहीं पढ़ाने देंगे। धर्मशास्त्र स्टडीज में भी नहीं, किसी और पाठ्यक्रम में भी नहीं, बस मनुस्मृति नहीं पढ़ाने देंगे। जनाब यह मानकर अकड़े हैं कि उनके अकडऩे को ऊपर वालों का आशीर्वाद है। कह रहे हैं कि हमने तो पहले ही कह दिया था कि मनुस्मृति नहीं पढ़ायी जाएगी। पहले कानून के कोर्स के हिस्से के तौर पर मनुस्मृति पढ़ाने की बात आयी थी, तभी हल्ले-हंगामे के बाद कह दिया गया था कि मनुस्मृति नहीं पढ़ाएंगे। अब फिर कह रहे हैं कि मनुस्मृति नहीं पढ़ाएंगे। आगे के लिए भी अभी से कहे देते हैं कि जब तक ऊपर वालों का इशारा नहीं होगा, आगे भी अगर किसी विभाग ने मनुस्मृति पढ़ाने की कोशिश की, तो नहीं पढ़ाने देंगे।
    बारहवें साल में भी अभी मनुस्मृति पढ़ाना शुरू होने का ही भरोसा नहीं है। फिर मनुस्मृति का राज आएगा, कब? बस एक ही बात की तसल्ली है कि कहीं लिखा हुआ नहीं है कि पहले मनुस्मृति पढ़ाना शुरू होगा, उसके बाद उसका राज आएगा। यह भी तो हो सकता है कि राज पहले आ जाए, मनुस्मृति पढऩे-पढ़ाने का क्या है, वह तो बाद में भी होता रहेगा।
    (लेखक वरिष्ठ पत्रकार और लोकलहर के संपादक हैं।)

ਕਵਿਤਾ
(ਡੋਨਾਲਡ ਟਰੰਪ ਤੇ ਨੇਤਨਯਾਹੂ ਲਈ)

  • ਮੰਗਤ ਰਾਮ ਪਾਸਲਾ
    ‘‘ਹਾਂ, ਹੱਸਦਾ ਹੈ!’’
    ਕੀ ਕੋਈ ਹੱਸਦਾ ਹੈ?
    ਚਿੜੀਆਂ ਦੇ ਮਰਨੇ ’ਤੇ
    ਲਾਸ਼ਾਂ ਦੇ ਸੜਨੇ ’ਤੇ
    ਰੋਂਦੀ ਹੋਈ ਬੱਚੀ ’ਤੇ
    ਘਰੇ ਅੱਗ ਮੱਚੀ ’ਤੇ ਕਿਰਤੀ ਦੀ ਲੁੱਟ ’ਤੇ ਪੁਲਸ ਦੀ ਕੁੱਟ ’ਤੇ ਮਾਂ ਦੇ ਹਟਕੋਰੇ ’ਤੇ ਬਾਪੂ ਦੇ ਝੋਰੇ ’ਤੇ ਕੀ ਕੋਈ ਹੱਸਦਾ ਹੈ

ਬੰਦੇ ਦੀ ਭੁੱਖ ’ਤੇ
ਧੀ ਦੇ ਦੁੱਖ ’ਤੇ
ਬੇਬਸੀ ਮਜ਼ਬੂਰੀ ’ਤੇ
ਰੀਝ ਅਧੂਰੀ ’ਤੇ
ਕੀ ਕੋਈ ਹੱਸਦਾ ਹੈ?

See Also

    ਲੋਕਾਂ ਦੀ ਗੁਰਬਤ ’ਤੇ 
    ਲੁੱਟੀ ਗਈ ਅਸਮਤ ’ਤੇ
    ਅੱਧ ਨੰਗੇ ਬਾਲਾਂ ’ਤੇ 
    ਦੁਸ਼ਮਣ ਦੀਆਂ ਚਾਲਾਂ ’ਤੇ 
    ਕੀ ਕੋਈ ਹੱਸਦਾ ਹੈ? 

ਬੇਦਰਦ ਹਾਕਮ ’ਤੇ
ਕਿਸੇ ਘਰ ਮਾਤਮ ’ਤੇ
ਜ਼ਰਦ ਜਿਹੇ ਚਿਹਰੇ ਤੇ
ਟੁੱਟੇ ਹੋਏ ਜ਼ੇਰੇ ’ਤੇ
ਕੀ ਕੋਈ ਹੱਸਦਾ ਹੈ?

ਹਾਂ 
ਹੱਸਦਾ ਹੈ ਉਹ 
ਜੋ
ਹੱਤਿਆਰਾ, ਮੱਕਾਰ ਹੈ
ਪੈਸੇ ਦਾ ਯਾਰ ਹੈ
ਮੋਇਆਂ ’ਤੇ ਹੱਸਦਾ ਹੈ
ਮੜ੍ਹੀਆਂ ’ਚ ਵੱਸਦਾ ਹੈ
ਲੋਥਾਂ ਦਾ ਵਪਾਰੀ ਹੈ
‘ਕਾਲਖ਼’ ਸੰਗ ਯਾਰੀ ਹੈ
ਕਿਰਦਾਰ ਦਾ ਖੋਟਾ ਹੈ
ਉਹਦਾ ਕਰਮ ਹੀ ਧੋਖਾ ਹੈ

    ਹੱਸਦਾ ਹੈ ਉਹ
    ਗਾਜ਼ਾ ਦੀ ਧਰਤੀ ’ਤੇ 
    ਉਜੜੀ ਹੋਈ ਬਸਤੀ ’ਤੇ
    ਲਾਸ਼ਾਂ ਦੇ ਢੇਰ ’ਤੇ 
    ਧੁਆਂਖੀ ਹੋਈ ਸਵੇਰ ’ਤੇ
ਹੱਸਦਾ ਹੈ ਕੋਈ...

        ਬੰਬਾਂ ਦੇ ਬਰਸਣ ’ਤੇ 
        ਰਾਕਟ ਦੇ ਗਰਜਣ ’ਤੇ 
        ਤ੍ਰਿਹਾਏ ਲੋਕਾਂ ’ਤੇ
        ਮੁਰਝਾਏ ਲੋਕਾਂ ’ਤੇ 
        ਬੱਚਿਆਂ ਦੇ ਤੜਫਣ ’ਤੇ 
        ਜਖ਼ਮੀ ਦੇ ਫਰਕਣ ’ਤੇ
        ਨਸਲਾਂ ਦੇ ਘਾਤ ’ਤੇ 
        ਮਰਦੀ ਕਾਇਨਾਤ ’ਤੇ 
        ਹੱਸਦਾ ਹੈ ਬਾਦਸ਼ਾਹ
        ਦੁਨੀਆਂ ਦਾ ਤਾਨਾਸ਼ਾਹ

ਕਵਿਤਾ

  • ਪ੍ਰੋ. ਮੋਹਨ ਸਿੰਘ
    ਰੱਬ ਇੱਕ ਗੁੰਝਲਦਾਰ ਬੁਝਾਰਤ
    ਰੱਬ ਇਕ ਗੋਰਖ-ਧੰਦਾ।
    ਖੋਲ੍ਹਣ ਲੱਗਿਆਂ ਪੇਚ ਏਸ ਦੇ
    ਕਾਫ਼ਰ ਹੋ ਜਾਏ ਬੰਦਾ।
    ਕਾਫ਼ਰ ਹੋਣੋਂ ਡਰ ਕੇ ਜੀਵੇਂ
    ਖੋਜੋਂ ਮੂਲ ਨਾ ਖੁੰਝੀ
    ਲਾਈਲੱਗ ਮੋਮਨ ਦੇ ਕੋਲੋਂ
    ਖੋਜੀ ਕਾਫ਼ਰ ਚੰਗਾ।
    ਤੇਰੀ ਖੋਜ ਵਿਚ ਅਕਲ ਦੇ ਖੰਭ ਝੜ ਗਏ
    ਤੇਰੀ ਭਾਲ ਵਿਚ ਥੋਥਾ ਖ਼ਿਆਲ ਹੋਇਆ।
    ਲੱਖਾਂ ਉਂਗਲਾਂ ਗੁੰਝਲਾਂ ਖੋਲ੍ਹ ਥੱਕੀਆਂ,
    ਤੇਰੀ ਜ਼ੁਲਫ਼ ਦਾ ਸਿੱਧਾ ਨਾ ਵਾਲ ਹੋਇਆ।
    ਘਿੱਗੀ ਬੱਝ ਗਈ ਸੰਖਾਂ ਦੀ ਰੋ-ਰੋ ਕੇ,
    ਪਿੱਟ-ਪਿੱਟ ਕੇ ਚੂਰ ਘੜਿਆਲ ਹੋਇਆ।
    ਚੀਕ-ਚੀਕ ਕੇ ਕਲਮ ਦੀ ਜੀਭ ਪਾਟੀ,
    ਅਜੇ ਹੱਲ ਨਾ ਤੇਰਾ ਸਵਾਲ ਹੋਇਆ।
    ਤੇਰੀ ਸਿੱਕ ਕੋਈ ਸੱਜਰੀ ਸਿੱਕ ਤਾਂ ਨਹੀਂ,
    ਇਹ ਚਰੋਕਣੀ ਗਲੇ ਦਾ ਹਾਰ ਹੋਈ।
    ਇਹ ਉਦੋਕਣੀ ਜਦੋਂ ਦਾ ਬੁੱਤ ਬਣਿਆ,
    ਨਾਲ ਦਿਲ ਦੀ ਮਿੱਟੀ ਤਿਆਰ ਹੋਈ।
    ਤੇਰੇ ਹਿਜ਼ਰ ਵਿਚ ਕਿਸੇ ਨੇ ਕੰਨ ਪਾੜੇ
    ਅਤੇ ਕਿਸੇ ਨੇ ਜਟਾਂ ਵਧਾਈਆਂ ਨੇ।
    ਬੂਹੇ ਮਾਰ ਕੇ ਕਿਸੇ ਨੇ ਚਿਲੇ ਕੱਟੇ,
    ਕਿਸੇ ਰੜੇ ’ਤੇ ਰਾਤਾਂ ਲੰਘਾਈਆਂ ਨੇ।
    ਕੋਈ ਲਮਕਿਆ ਖੂਹ ਦੇ ਵਿਚ ਪੁੱਠਾ,
    ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ।
    ਤੇਰੇ ਆਸ਼ਕਾਂ ਨੇ ਲੱਖਾਂ ਜਤਨ ਕੀਤੇ,
    ਪਰ ਤੂੰ ਮੂੰਹ ਤੋਂ ਜ਼ੁਲਫ਼ਾਂ ਨਾ ਚਾਈਆਂ ਨੇ।
    ਤੇਰੀ ਸਿੱਕ ਦੇ ਕਈ ਤਿਹਾਏ ਮਰ ਗਏ,
    ਅਜੇ ਤੀਕ ਨਾ ਵਸਲ ਦਾ ਜੁਗ ਲੱਭਾ।
    ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ,
    ਤੇਰੀ ਡਾਚੀ ਦਾ ਅਜੇ ਨਾ ਖੁਰਾ ਲੱਭਾ।
    ਕਿਸੇ ਫੁੱਲ-ਕੁਰਾਨ ਦਾ ਪਾਠ ਕੀਤਾ,
    ਕਿਸੇ ਦਿਲ ਦਾ ਪੱਤਰਾ ਖੋਲਿ੍ਹਆ ਵੇ।
    ਕਿਸੇ ਨੈਣਾਂ ਦੇ ਸਾਗਰ ਹੰਗਾਲ ਮਾਰੇ,
    ਕਿਸੇ ਹਿੱਕ ਦਾ ਖੂੰਜਾ ਫਰੋਲਿਆ ਵੇ।
    ਕਿਸੇ ਗੱਲ੍ਹਾਂ ਦੇ ਦੀਵੇ ਦੀ ਲੋਅ ਥੱਲੇ,
    ਤੈਨੂੰ ਜ਼ੁਲਫ਼ਾਂ ਦੀ ਰਾਤ ਵਿਚ ਟੋਲਿਆ ਵੇ।
    ਰੋ ਰੋ ਕੇ ਦੁਨੀਆਂ ਨੇ ਰਾਹ ਪਾਏ,
    ਪਰ ਤੂੰ ਹੱਸ ਕੇ ਅਜੇ ਨਾ ਬੋਲਿਆ ਵੇ।
    ਦੀਦੇ ਕੁਲੰਜ ਮਾਰੇ ਤੇਰੇ ਆਸ਼ਕਾਂ ਨੇ,
    ਅਜੇ ਅੱਥਰੂ ਤੈਨੂੰ ਨਾ ਪੋਹੇ ਕੋਈ।
    ਤੇਰੀ ਸੌਂਹ, ਕੁਝ ਰੋਣ ਦਾ ਮਜ਼ਾ ਹੀ ਨਹੀਂ,
    ਪੂੰਝਣ ਵਾਲਾ ਜੇ ਕੋਲ ਨਾ ਹੋਏ ਕੋਈ।
    ਤੇਰੀ ਮਾਂਗ ਦੀ ਸੜਕ ’ਤੇ ਪਿਆ ਜਿਹੜਾ,
    ਉਸ ਨੂੰ ਹੀਲਿਆਂ ਨਾਲ ਪਰਤਾਇਆ ਤੂੰ।
    ਹਿਰਸਾਂ, ਦੌਲਤਾਂ, ਹੁਸਨਾਂ, ਹਕੂਮਤਾਂ ਦਾ,
    ਉਹਦੇ ਰਾਹ ਵਿਚ ਚੋਗਾ ਖਿੰਡਾਇਆ ਤੂੰ।
    ਕਿਸੇ ਕੈਸ ਨੂੰ ਲੱਗਾ ਜੇ ਇਸ਼ਕ ਤੇਰਾ,
    ਉਸ ਨੂੰ ਲੇਲੀ ਦਾ ਲੇਲਾ ਬਣਾਇਆ ਤੂੰ।
    ਕਿਸੇ ਰਾਂਝੇ ਨੂੰ ਚੜ੍ਹਿਆ ਜੇ ਚਾ ਤੇਰਾ,
    ਉਸ ਨੂੰ ਹੀਰ ਦੀ ਸੇਜੇ ਸਵਾਇਆ ਤੂੰ।
    ਸਾਡੇ ਹੰਝੂਆਂ ਕੀਤਾ ਨਾ ਨਰਮ ਤੈਨੂੰ,
    ਸਾਡੀ ਆਹ ਨੇ ਕੀਤਾ ਨਾ ਛੇਕ ਤੈਨੂੰ।
    ਅਸੀਂ ਸੜ ਗਏ ਵਿਛੋੜੇ ਦੀ ਅੱਗ ਅੰਦਰ,
    ਲਾਗੇ ਵਸਦਿਆਂ ਆਇਆ ਨਾ ਸੇਕ ਤੈਨੂੰ।
    ਕਿਸੇ ਛੰਨਾ ਬਣਾਇਆ ਜੇ ਖੋਪਰੀ ਦਾ,
    ਤੂੰ ਬੁੱਲ੍ਹੀਆਂ ਨਾਲ ਛੁਹਾਈਆਂ ਨਾ।
    ਕਿਸੇ ਦਿਲ ਦਾ ਰਾਂਗਲਾ ਪਲੰਘ ਡਾਹਿਆ,
    ਤੇਰੇ ਨਾਜ਼ ਨੂੰ ਨੀਂਦਰਾਂ ਆਈਆਂ ਨਾ।
    ਕਿਸੇ ਜੁੱਤੀਆਂ ਸੀਤੀਆਂ ਚੰਮ ਦੀਆਂ,
    ਤੇਰੀ ਬੇ-ਪਰਵਾਹੀ ਨੇ ਪਾਈਆਂ ਨਾ।
    ਰਗੜ-ਰਗੜ ਕੇ ਮੱਥੇ ਚਟਾਕ ਪੈ ਗਏ,
    ਅਜੇ ਰਹਿਮਤਾਂ ਤੇਰੀਆਂ ਛਾਈਆਂ ਨਾ।
    ਮਾਰ ਸੁੱਟਿਆ ਤੇਰਿਆਂ ਰੋਸਿਆਂ ਨੇ,
    ਫੂਕ ਸੁੱਟਿਆ ਬੇ-ਪਰਵਾਹੀ ਤੇਰੀ।
    ਲੈ ਕੇ ਜਾਨ ਤੂੰ ਅਜੇ ਨਾ ਘੁੰਡ ਚਾਇਆ,
    ਖ਼ਬਰੇ ਹੋਰ ਕੀ ਏ ਮੂੰਹ ਵਿਖਾਈ ਤੇਰੀ।
    ਜੇ ਤੂੰ ਮੂੰਹ ਤੋਂ ਜ਼ੁਲਫ਼ਾਂ ਹਟਾ ਦੇਵੇਂ,
    ਬਿਟ ਬਿਟ ਤੱਕਦਾ ਕੁਲ ਸੰਸਾਰ ਰਹਿ ਜਾਏ।
    ਰਹਿ ਜਾਏ ਭਾਈ ਦੇ ਹੱਥ ਵਿਚ ਸੰਖ ਫੜਿਆ,
    ਬਾਂਗ ਮੁੱਲਾਂ ਦੇ ਸੰਘ ਵਿਚਕਾਰ ਰਹਿ ਜਾਏ।
    ਪੰਡਤ ਹੁਰਾਂ ਦਾ ਰਹਿ ਜਾਏ ਸੰਧੂਰ ਘੁਲਿਆ,
    ਜਾਮ ਸੂਫ਼ੀ ਦਾ ਹੋਇਆ ਤਿਆਰ ਰਹਿ ਜਾਏ।
    ਕਲਮ ਢਹਿ ਪਏ ਹੱਥੋਂ ਫ਼ਿਲਾਸਫ਼ਰ ਦੀ,
    ਮੁਨਕਿਰ ਤੱਕਦਾ ਤੇਰੀ ਨੁਹਾਰ ਰਹਿ ਜਾਏ।
    ਇਕ ਘੜੀ ਜੇ ਖੁਲ੍ਹਾ ਦੀਦਾਰ ਦੇ ਦਏਂ,
    ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ।
    ਤੇਰੀ ਜ਼ੁਲਫ਼ ਦਾ ਸਾਂਝਾ ਪਿਆਰ ਹੋਵੇ,
    ਝਗੜਾ ਮੰਦਰ ਮਸੀਤ ਦਾ ਮੁੱਕ ਜਾਵੇ।
Scroll To Top