
ਸ਼ਮਸ਼ੇਰ ਸਿੰਘ ਬਟਾਲਾ
ਮਿਸਾਲੀ ਕਮਿਊਨਿਸਟ, ਤਿਆਗ ਅਤੇ ਸਾਦਗੀ ਦੇ ਪੁੰਜ, ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਯੁੱਧ ਸਾਥੀ ਪੰਡਤ ਕਿਸ਼ੋਰੀ ਲਾਲ ਜੀ ਨੇ ਆਪਣੀਆਂ ਅਦੁੱਤੀ ਘਾਲਣਾਵਾਂ ਸਦਕਾ ਸੁਤੰਤਰਤਾ ਸੰਗਰਾਮ ਦੇ ਇਤਿਹਾਸ ’ਚ ਗੌਰਵਸ਼ਾਲੀ ਰੁਤਬਾ ਹਾਸਲ ਕੀਤਾ ਹੈ। ਪੰਡਤ ਜੀ ਦੇਸ਼ ਆਜ਼ਾਦ ਹੋਣ ਪਿੱਛੋਂ ਆਰਾਮ ਨਾਲ ਘਰ ਬੈਠਣ ਦੀ ਬਜਾਏ ਅੰਤਮ ਸਾਹਾਂ ਤੱਕ ਇਕ ਕੁਲਵਕਤੀ ਵਜੋਂ ਮਜ਼ਦੂਰਾਂ-ਕਿਸਾਨਾਂ, ਮਿਹਨਤਕਸ਼ਾਂ ਦੀ ਲੁੱਟ-ਚੋਂਘ, ਜਬਰ-ਵਿਤਕਰੇ ਤੋਂ ਮੁਕਤੀ ਦੇ ਸੰਗਰਾਮ ’ਚ ਮਿਸਾਲੀ ਅਗਵਾਈ ਦਿੰਦੇ ਰਹੇ। ਆਪ ਨੇ ਆਪਣਾ ਸਮੁੱਚਾ ਜੀਵਨ ਕਿਰਤੀ ਦੀ ਪੁੱਗਤ ਵਾਲਾ ਸਮਾਜਵਾਦੀ ਰਾਜ ਪ੍ਰਬੰਧ ਸਥਾਪਤ ਕਰਨ ਦੇ ਮਾਨਵੀ ਯੁੱਧ ਦੇ ਲੇਖੇ ਲਾਇਆ। ਆਪਣੀਆਂ ਕੁਰਬਾਨੀਆਂ ਦਾ ਕੋਈ ਮੁੱਲ ਵੱਟਣ ਬਾਰੇ ਉਨ੍ਹਾਂ ਕਦੀ ਭੁੱਲ ਕੇ ਵੀ ਨਹੀਂ ਸੋਚਿਆ। ਇਸ ਦੇ ਉਲਟ, ਉਹ ਕਿਸੇ ਵੀ ਸਾਥੀ ਨੂੰ ਕਦੀ ਆਪਣੀ ਪ੍ਰੇਰਣਾਦਾਇਕ ਜੀਵਨ ਗਾਥਾ ਦਾ ਜ਼ਿਕਰ ਤੱਕ ਨਹੀਂ ਸੀ ਕਰਨ ਦਿੰਦੇ। ਉਨ੍ਹਾਂ ਦੀਆਂ ਬੇਮਿਸਾਲ ਘਾਲਣਾਵਾਂ ਦਾ ਜੇਕਰ ਕਦੀ ਕੋਈ ਸਾਥੀ ਜਿਕਰ ਛੇੜ ਵੀ ਦਿੰਦਾ ਤਾਂ ਉਹ ਤੁਰੰਤ ਸਾਰੀ ਗੱਲ ਹਾਸੇ-ਠੱਠੇ ’ਚ ਟਾਲ ਦਿੰਦੇ ਸਨ। ਨੌਜਵਾਨਾਂ ਵੱਲੋਂ ਅਕਸਰ ਪੁੱਛੇ ਜਾਂਦੇ ਸਵਾਲ ਦੇ ਜਵਾਬ ’ਚ ਉਹ ਹਮੇਸ਼ਾ ਇਹੋ ਆਖਦੇ, “ਕਾਸ਼ ਮੇਰੀ ਉਮਰ ਨੇ ਮੇਰਾ ਸਾਥ ਦਿੱਤਾ ਹੁੰਦਾ ਤਾਂ ਉਦੋਂ ਆਪਣੇ ਸਾਥੀਆਂ ਨਾਲ ਮੈਂ ਵੀ ਫਾਂਸੀ ਦੇ ਰੱਸੇ ਨਾਲ ਲਮਕਿਆ ਹੁੰਦਾ।’’
ਉਨ੍ਹਾਂ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਨੇੜਲੇ ਪਿੰਡ ਧਰਮਪੁਰ ਵਿਖੇ 9 ਜੂਨ 1909 ਨੂੰ ਹੋਇਆ ਸੀ। ਸੰਸਕਿ੍ਰਤ ਦੇ ਅਧਿਆਪਕ, ਆਪ ਦੇ ਪਿਤਾ ਸ਼੍ਰੀ ਰਘੁਵੀਰ ਦੱਤ ਕਾਂਗਰਸ ਪਾਰਟੀ ਦੇ ਹਮਦਰਦ ਸਨ। ਇਸੇ ਪ੍ਰਭਾਵ ਅਧੀਨ ਪੰਡਤ ਕਿਸ਼ੋਰੀ ਲਾਲ ਜੀ ਨੂੰ ਵੀ ਦੇਸ਼ ਭਗਤੀ ਦੀ ਚੇਟਕ ਲੱਗ ਗਈ ਸੀ। ਆਪ ਨੇ ਮੈਟਿ੍ਰਕ ਕੋਇਟਾ, ਮੁਲਤਾਨ ਦੇ ਹਾਈ ਸਕੂਲ ਤੋਂ ਪਾਸ ਕੀਤੀ ਅਤੇ ਅਗਲੇਰੀ ਪੜ੍ਹਾਈ ਲਈ ਡੀ.ਏ.ਵੀ. ਕਾਲਜ ਲਾਹੌਰ ਵਿਖੇ ਦਾਖਲਾ ਲਿਆ। ਇੱਥੇ ਹੀ 1928 ’ਚ ਆਪ ਦਾ ਸ਼ਹੀਦ-ਇ-ਆਜ਼ਮ ਭਗਤ ਸਿੰਘ ਨਾਲ ਮੇਲ ਹੋਇਆ। ਮੱਧਰੇ ਕੱਦ ਦੇ ਪੰਡਿਤ ਜੀ ਨੂੰ ਦੇਖ ਕੇ ਭਗਤ ਸਿੰਘ ਨੇ ਕਿਹਾ, “ਕਿਸ਼ੋਰੀ ਲਾਲ ਤੂੰ ਅਜੇ ਛੋਟਾ ਹੈਂ, ਸਾਡਾ ਮਾਰਗ ਬੜਾ ਕਠਿਨ ਹੈ, ਜਿਸ ’ਤੇ ਚੱਲਣਾ ਤੇਰੇ ਲਈ ਸੌਖਾ ਨਹੀਂ ਹੋਵੇਗਾ।’’ ਪੰਡਤ ਕਿਸ਼ੋਰੀ ਲਾਲ ਜੀ ਨੇ ਜਵਾਬ ਦਿੱਤਾ, “ਕਿਸੇ ਇਮਾਰਤ ਦੀ ਉਸਾਰੀ ਲਈ ਸਾਬਤ ਇੱਟਾਂ ਦੇ ਨਾਲ ਰੋੜਿਆਂ ਦੀ ਵੀ ਲੋੜ ਪੈਂਦੀ ਹੈ। ਕੌਮੀ ਆਜ਼ਾਦੀ ਦੀ ਉੱਸਰ ਰਹੀ ਇਮਾਰਤ ਲਈ ਮੈਨੂੰ ਰੋੜੇ ਵਜੋਂ ਫਿੱਟ ਕਰ ਲਿਓ।’’ ਇਹ ਜਵਾਬ ਸੁਣ ਕੇ ਭਗਤ ਸਿੰਘ ਬੜਾ ਖੁਸ਼ ਹੋਏ। ਇਸ ਪਿੱਛੋਂ ਪੰਡਤ ਕਿਸ਼ੋਰੀ ਲਾਲ ਜੀਅ-ਜਾਨ ਨਾਲ ਇਨਕਲਾਬੀ ਸਰਗਰਮੀਆਂ ’ਚ ਰੁੱਝ ਗਏ।
ਲਾਹੌਰ ਵਿਖੇ, ਨੌਜਵਾਨ ਭਾਰਤ ਸਭਾ ਨੇ ਕਿਲ੍ਹਾ ਗੁੱਜਰ ਸਿੰਘ ਵਿਚਲੀ ‘ਕਸ਼ਮੀਰ ਬਿਲਡਿੰਗ’, ‘ਮਜੰਗ ਹਾਊਸ’, ‘ਗੁਰੂ ਦੱਤ ਭਵਨ’, ‘ਪ੍ਰੇਮ ਗਲੀ ਵਾਲਾ ਮਕਾਨ’, ਗਵਾਲ ਮੰਡੀ ਦੀ ‘ਘਨਈਆ ਲਾਲ ਬਿਲਡਿੰਗ’ ਵਿਚਲਾ ਕਮਰਾ ਆਦਿ ਕਈ ਖੁਫੀਆ ਟਿਕਾਣੇ ਬਣਾਏ ਹੋਏ ਸਨ। ‘ਕਸ਼ਮੀਰ ਬਿਲਡਿੰਗ’ ਵਾਲਾ ਗੁਪਤ ਟਿਕਾਣਾ, ਜਿਸਦੇ ਸੁਖਦੇਵ ਅਤੇ ਪੰਡਤ ਕਿਸ਼ੋਰੀ ਲਾਲ ਇੰਚਾਰਜ ਸਨ, ਦੇ ਇਕ ਕਮਰੇ ’ਚ ਹੀ ਪੰਡਤ ਜੀ, ਸੁਖਦੇਵ ਤੇ ਜੈ ਗੋਪਾਲ ਦੀ ਰਿਹਾਇਸ਼ ਸੀ। ਇੱਥੇ ਉਹ ਬੰਬ ਬਣਾਉਂਦੇ ਸਨ। ਬਾਕੀ ਦੇ ਗੁਪਤ ਅੱਡਿਆਂ ਨਾਲ ਤਾਲਮੇਲ ਬਣਾਉਣ ਦੀ ਜ਼ਿੰਮੇਵਾਰ ਕਿਸ਼ੋਰੀ ਲਾਲ ਦੀ ਸੀ। ਅਧਿਕਾਰੀਆਂ ਨੇ ਇਸੇ ਕਰਕੇ ਮੁਕੱਦਮੇ ਵਿੱਚ ਇਸ ਕਮਰੇ ਨੂੰ ‘ਬੰਬ ਫੈਕਟਰੀ’ ਲਿਖਿਆ ਹੈ।
ਸਾਂਡਰਸ ਦੇ ਕਤਲ ਤੋਂ ਪਹਿਲਾਂ ਇਨਕਲਾਬੀਆਂ ਨੇ ‘ਪੰਜਾਬ ਨੈਸ਼ਨਲ ਬੈਂਕ ਲਾਹੌਰ’ ’ਚ ਡਾਕਾ ਮਾਰਨ ਦੀ ਯੋਜਨਾ ਬਣਾਈ ਸੀ। ਲੁੱਟਿਆ ਧਨ ਸੰਭਾਲਣ ਦਾ ਜ਼ਿੰਮਾ ਪੰਡਤ ਕਿਸ਼ੋਰੀ ਲਾਲ ਦਾ ਸੀ। ਇਹ ਯੋਜਨਾ ਅਚਾਨਕ ਮੁਲਤਵੀ ਕਰ ਦਿੱਤੀ ਗਈ ਸੀ। ਸਾਈਮਨ ਕਮਿਸ਼ਨ ਦੇ 30 ਅਕਤੂਬਰ 1928 ਨੂੰ ਲਾਹੌਰ ਪੁੱਜਣ ’ਤੇ ਦੇਸ਼ ਭਗਤਾਂ ਨੇ ਉਸ ਵਿਰੁੱਧ ਪੁਰ ਅਮਨ ਜਲੂਸ ਕੱਢਿਆ ਸੀ ਅਤੇ ‘ਸਾਈਮਨ ਗੋ ਬੈਕ’ ਦੇ ਨਾਅਰੇ ਲਾਏ ਸਨ। ਜਲੂਸ ਵਿੱਚ ਭਗਤ ਸਿੰਘ, ਪੰਡਿਤ ਕਿਸ਼ੋਰੀ ਲਾਲ ਅਤੇ ਉਨ੍ਹਾਂ ਦੇ ਸਾਥੀ ਵੀ ਸ਼ਾਮਿਲ ਸਨ।
ਸਾਂਡਰਸ ਦੇ ਕਤਲ ਤੋਂ ਮਗਰੋਂ ਪਹਿਲਾਂ ਭਗਤ ਸਿੰਘ ਨੂੰ ਭਗਵਤੀ ਚਰਨ ਵੋਹਰਾ ਦੀ ਪਤਨੀ ਦੁਰਗਾ ਦੇਵੀ (ਦੁਰਗਾ ਭਾਬੀ) ਨਾਲ ਕਲਕੱਤੇ ਭੇਜਿਆ ਗਿਆ। ਪੰਡਿਤ ਕਿਸੋਰੀ ਲਾਲ ਅਤੇ ਸੁਖਦੇਵ ਦੀ ਮਾਤਾ ਰਲੀ ਦੇਈ 25 ਦਸੰਬਰ 1928 ਨੂੰ ਚੰਦਰਸ਼ੇਖਰ ਆਜ਼ਾਦ ਨੂੰ ਮਥੁਰਾ ਛੱਡਣ ਚਲੇ ਗਏ ਸਨ। ਲਾਹੌਰ ਪੁੱਜ ਕੇ ਪੰਡਿਤ ਕਿਸ਼ੋਰੀ ਲਾਲ ਨੇ ਆਪਣੀਆਂ ਸਰਗਰਮੀਆਂ ਫਿਰ ਸ਼ੁਰੂ ਕਰ ਦਿੱਤੀਆਂ।
ਪੰਡਤ ਕਿਸ਼ੋਰੀ ਲਾਲ, ਸੁਖਦੇਵ ਤੇ ਜੈ ਗੋਪਾਲ 15 ਅਪ੍ਰੈਲ 1929 ਨੂੰ ਲਾਹੌਰੋਂ ‘ਕਸ਼ਮੀਰ ਬਿਲਡਿੰਗ’ ’ਚੋਂ ਫੜ੍ਹੇ ਗਏ ਸਨ। ਗਿ੍ਰਫਤਾਰ ਕਰਕੇ ਪੰਡਤ ਕਿਸ਼ੋਰੀ ਲਾਲ ਨੂੰ ਲਾਹੌਰ ਦੇ ਕਿਲ੍ਹੇ ’ਚ ਅਤੇ ਬਾਕੀ ਸਾਥੀਆਂ ਨੂੰ ਹਵਾਲਾਤ ’ਚ ਲਿਜਾਇਆ ਗਿਆ। ਪੰਡਤ ਜੀ ’ਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਤਾਂ ਜੋ ਪੁਲਸ ਉਹਨਾ ਕੋਲੋਂ ਸਾਰੇ ਭੇਦ ਕਢਵਾ ਸਕੇ। ਪਰ ਪੰਡਤ ਜੀ ਦੇ ਸਿਰੜ ਅੱਗੇ ਪੁਲਸ ਹਾਰ ਗਈ।
‘ਲਾਹੌਰ ਸਾਜ਼ਿਸ਼ ਕੇਸ’ ਵਜੋਂ ਜਾਣੇ ਜਾਂਦੇ ਮੁਕੱਦਮੇ ਵਿੱਚ ਪੰਡਤ ਕਿਸ਼ੋਰੀ ਲਾਲ ਸਮੇਤ ਨਾਮਜ਼ਦ ਕੀਤੇ ਗਏ 27 ਇਨਕਲਾਬੀਆਂ ’ਚੋਂ 6 ਭਗੌੜੇ ਸਨ। ਪੰਡਿਤ ਕਿਸ਼ੋਰੀ ਲਾਲ ਅਤੇ 15 ਹੋਰਾਂ ਵਿਰੁੱਧ ਚੱਲੇ ਮੁਕੱਦਮੇ ਦੀ ਸੁਣਵਾਈ ਜੇਲ੍ਹ ’ਚ ਹੀ 10 ਜੁਲਾਈ 1929 ਨੂੰ ਆਰੰਭ ਹੋਈ ਸੀ। ਰਾਮ ਸ਼ਰਨ ਦਾਸ, ਬ੍ਰਹਮ ਦੱਤ, ਜੈ ਗੋਪਾਲ, ਮਨਮੋਹਨ ਬੈਨਰਜੀ, ਹੰਸ ਰਾਜ ਵੋਹਰਾ ਤੇ ਲਲਿਤ ਕੁਮਾਰ ਮੁਖਰਜੀ ਵਾਅਦਾ ਮਾਫ ਗਵਾਹ ਬਣ ਗਏ ਸਨ। 7 ਅਕਤੂਬਰ 1930 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਅਤੇ ਪੰਡਤ ਕਿਸ਼ੋਰੀ ਲਾਲ, ਸ਼ਿਵ ਵਰਮਾ, ਗਯਾ ਪ੍ਰਸਾਦ, ਜੈ ਦੇਵ ਕਪੂਰ, ਵਿਜੇ ਕੁਮਾਰ ਸਿਨਹਾ, ਮਹਾਂਵੀਰ ਸਿੰਘ ਤੇ ਕਮਲ ਨਾਥ ਤਿਵਾੜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕੁੰਦਨ ਲਾਲ ਨੂੰ ਸੱਤ ਸਾਲ ਤੇ ਪ੍ਰੇਮ ਦੱਤ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਜੈ ਘੋਸ਼, ਜੋ ਪਿਛੋਂ ਜਾ ਕੇ ਅਣਵੰਡੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਵੀ ਚੁਣੇ ਗਏ ਸਨ, ਜਤਿੰਦਰ ਨਾਥ ਸਿਨਹਾ ਅਤੇ ਦੇਸ ਰਾਜ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤੇ ਗਏ ਸਨ। ਪੰਡਤ ਕਿਸ਼ੋਰੀ ਲਾਲ ਨੇ ਆਪਣੀ 18 ਸਾਲ ਦੀ ਕੈਦ ਬੋਸਟਲ ਜੇਲ੍ਹ ਲਾਹੌਰ, ਮੁਲਤਾਨ, ਨਵਾਂ ਮੁਲਤਾਨ ਅਤੇ ਮਿੰਟਗੁਮਰੀ ਦੀਆਂ ਜੇਲ੍ਹਾਂ ਵਿੱਚ ਕੱਟੀ ਸੀ। ਉਨ੍ਹਾਂ ਨੂੰ ‘ਈ’ ਕਲਾਸ ’ਚ ਰੱਖਿਆ ਗਿਆ ਸੀ। ਆਪਣੇ ਬਾਗ਼ੀ ਤੇਵਰਾਂ ਕਰਕੇ ਪੰਡਤ ਜੀ ਨੂੰ ਜੇਲ੍ਹ ਅੰਦਰ ਏਕਾਂਤ ਵਾਸ (ਸੌਲੀਚਰੀ ਕਨਫਾਈਨਮੈਂਟ) ’ਚ ਰੱਖਣ ਦੀ ਸਜ਼ਾ ਵੀ ਮਿਲੀ ਸੀ। ਉਨ੍ਹਾਂ ਜੇਲ੍ਹ ’ਚ ਚੱਲੀ ਲੰਮੀ ਭੁੱਖ ਹੜਤਾਲ ਦੌਰਾਨ ਸਿਦਕਦਿਲੀ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ ਸੀ। ਉਨ੍ਹਾਂ ਜੇਲ੍ਹ ’ਚ ਮਾਰਕਸੀ-ਲੈਨਿਨੀ ਫਲਸਫੇ ਤੇ ਹੋਰ ਸਾਹਿਤ ਦਾ ਨਿੱਠ ਕੇ ਅਧਿਐਨ ਕੀਤਾ ਸੀ। ਜੇਲ੍ਹ ’ਚੋਂ ਹੀ ਸਾਲ 1936 ’ਚ ਉਨ੍ਹਾਂ ਨੇ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਨ ਦੀ ਅਰਜ਼ੀ ਭੇਜੀ ਸੀ ਤੇ 1942 ’ਚ ਉਹ ਕਮਿਊਨਿਸਟ ਪਾਰਟੀ ਦੇ ਮੈਂਬਰ ਲਏ ਗਏ ਸਨ।
ਪੰਡਤ ਕਿਸ਼ੋਰੀ ਲਾਲ 1946 ਵਿੱਚ ਜੇਲ੍ਹ ’ਚੋਂ ਰਿਹਾਅ ਕੀਤੇ ਗਏ ਸਨ। ਰਿਹਾਅ ਹੋਣ ਸਾਰ ਉਹ ਸਿੱਧੇ ਲਾਹੌਰ ਸਥਿਤ ਕਮਿਊਨਿਸਟ ਪਾਰਟੀ ਦੇ ਦਫ਼ਤਰ ਪੁੱਜੇ ਅਤੇ ਪਾਰਟੀ ਦੀਆਂ ਸਰਗਰਮੀਆਂ ’ਚ ਰੁੱਝ ਗਏ। ਦੇਸ਼ ਵੰਡ ਸਮੇਂ ਉਨ੍ਹਾਂ ਫਿਰਕੂ ਇਕਸੁਰਤਾ ਬਣਾਈ ਰੱਖਣ ਲਈ ਵਡਮੁੱਲੇ ਯਤਨ ਕੀਤੇ।
ਪੰਡਤ ਜੀ ਦੀ ਮਹਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਆਪਣੇ ਹਿੱਸੇ ਆਉਂਦੀ ਪੁਸ਼ਤੈਨੀ ਜਾਇਦਾਦ, ਘਰ-ਬਾਰ ਅਤੇ ਪਰਿਵਾਰ ਵੱਲ ਕਦੀ ਦੇਖਿਆ ਤੱਕ ਨਹੀਂ। ਇਕ ‘ਪੇਸ਼ੇਵਰ ਇਨਕਲਾਬੀ’ ਹੋਣ ਦੇ ਨਾਤੇ ਮਿਲਦੀ ਮਾਮੂਲੀ ਜਿਹੀ ਵੇਜ਼ ਦਾ ਬਹੁਤਾ ਹਿੱਸਾ ਵੀ ਉਹ ਬਾਕੀ ਸਾਥੀਆਂ, ਖਾਸ ਕਰਕੇ ਨੌਜਵਾਨ ਕਾਡਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਖਰਚ ਕਰ ਦਿੰਦੇ ਸਨ।
ਪਾਰਟੀ ਵੱਲੋਂ ਉਹਨਾਂ ਦੀ ਡਿਊਟੀ ਕਰਤਾਰਪੁਰ ਵਿਖੇ ਲਗਾਈ ਗਈ। 1948 ਵਿੱਚ ਉਹ ਸਨਅਤੀ ਮਜ਼ਦੂਰਾਂ ਦੀ ਜਥੇਬੰਦੀ ਏਟਕ ਦੇ ਸੂਬਾਈ ਪ੍ਰਧਾਨ ਬਣੇ ਅਤੇ 10 ਸਾਲ ਤੱਕ ਇਸ ਅਹੁਦੇ ’ਤੇ ਰਹਿ ਕੇ ਮਜ਼ਦੂਰ ਜਮਾਤ ਦੀ ਅਗਵਾਈ ਕਰਦੇ ਰਹੇ। 1952 ਵਿੱਚ ਗੋਆ ਨੂੰ ਪੁਰਤਗਾਲੀਆਂ ਦੇ ਕਬਜ਼ੇ ’ਚੋਂ ਆਜ਼ਾਦ ਕਰਵਾਉਣ ਲਈ ਕਿਸ਼ੋਰੀ ਲਾਲ ਦੀ ਅਗਵਾਈ ਹੇਠ ਪੰਜਾਬ ਤੋਂ ਜੱਥਾ ਭੇਜਿਆ ਗਿਆ। ਗੋਆ ਦੀ ਮੁਕਤੀ ਸੰਗਰਾਮ ਦੌਰਾਨ ਕਰਨੈਲ ਸਿੰਘ ਈਸੜੂ ਸ਼ਹੀਦ ਹੋ ਗਏ ਸਨ। ਉਸ ਸਮੇਂ ਸ਼ਹੀਦ ਈਸੜੂ ਨੇ ਪੰਡਤ ਜੀ ਉੱਪਰ ਲੇਟ ਕੇ ਉਹਨਾਂ ਦੀ ਜਾਨ ਬਚਾਈ ਸੀ।
ਆਪ ਕਮਿਊਨਿਜ਼ਮ ਨਾਲ ਸਬੰਧਤ ਪੁਸਤਕਾਂ ਅਤੇ ਅਗਾਂਹਵਧੂ ਸਾਹਿਤ ਦੇ ਕੇਂਦਰ ‘ਪੰਜਾਬ ਬੁੱਕ ਸੈਂਟਰ’ ਦੇ ਇੰਚਾਰਜ਼ ਵੀ ਰਹੇ। ਪਾਰਟੀ ਵੱਲੋਂ ਮਿਲੀਆਂ ਵੱਖੋ-ਵੱਖ ਜ਼ਿੰਮੇਵਾਰੀਆਂ ਨਿਭਾਉਣ ਤੋਂ ਇਲਾਵਾ ਪੰਡਤ ਜੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਵੱਖੋ-ਵੱਖ ਅਹੁਦਿਆਂ ’ਤੇ ਵੀ ਰਹੇ ਸਨ। 1971 ਵਿੱਚ ਆਪ ਜੀ ਨੂੰ ਕਮੇਟੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। 1964 ’ਚ ਕਮਿਊਨਿਸਟ ਪਾਰਟੀ ਦੇ ਦੋਫਾੜ ਹੋਣ ਸਮੇਂ ਆਪ ਸੀਪੀਆਈ (ਐਮ) ਵਿੱਚ ਸ਼ਾਮਿਲ ਹੋ ਗਏ ਅਤੇ ਰਾਜ ਕਮੇਟੀ ਦੇ ਸੂਬਾ ਸਕੱਤਰੇਤ ਮੈਂਬਰ ਵਜੋਂ ਵਡਮੁੱਲਾ ਯੋਗਦਾਨ ਪਾਇਆ। 1970 ਵਿੱਚ ਪੰਜਾਬ ਅੰਦਰ ‘ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼’ (ਸੀਆਈਟੀਯੂ) ਦੀ ਸਥਾਪਨਾ ਹੋਈ। ਪੰਡਤ ਕਿਸ਼ੋਰੀ ਲਾਲ ਇਸ ਦੇ ਬਾਨੀ ਪ੍ਰਧਾਨ ਚੁਣੇ ਗਏ। ਇਸ ਅਹੁਦੇ ’ਤੇ ਰਹਿੰਦਿਆਂ ਉਨ੍ਹਾਂ ਅਨੇਕਾਂ ਮਜ਼ਦੂਰ ਸੰਘਰਸ਼ਾਂ ਦੀ ਸ਼ਾਨਦਾਰ ਅਗਵਾਈ ਕੀਤੀ। ਇੰਜ ਪੰਡਤ ਜੀ ਨੇ ਆਪਣੇ ਸਮੁਚੇ ਜੀਵਨ ’ਚੋਂ 6 ਦਹਾਕੇ ਤੋਂ ਵਧੇਰੇ ਸਮਾਂ ਆਜ਼ਾਦੀ ਸੰਗਰਾਮ ਅਤੇ ਪਿਛੋਂ ਕਲਿਆਣਕਾਰੀ ਕਮਿਊਨਿਸਟ ਸਮਾਜ ਦੀ ਸਥਾਪਨਾ ਦੇ ਸੰਘਰਸ਼ ਦੇ ਲੇਖੇ ਲਾਏ। ਪੰਡਤ ਕਿਸ਼ੋਰੀ ਲਾਲ ਜੀ ਇੱਕ ਸੜਕ ਦੁਰਘਟਨਾ ਵਿੱਚ ਸਖਤ ਜ਼ਖਮੀ ਹੋਣ ਕਰਕੇ 11 ਜੁਲਾਈ 1990 ਨੂੰ ਸਦੀਵੀ ਵਿਛੋੜਾ ਦੇ ਗਏ। ਜਲੰਧਰ ਦੇ ਜਨਰਲ ਪੋਸਟ ਆਫਿਸ ਚੌਂਕ ਵਿੱਚ ਉਨ੍ਹਾਂ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ।
ਪੰਡਤ ਕਿਸ਼ੋਰੀ ਲਾਲ ਜੀ ਇਕ ਸੱਚੇ-ਸੁੱਚੇ ਤੇ ਆਪਾਵਾਰੂ ਦੇਸ਼ ਭਗਤ ਸਨ। ਆਪਣੇ ਅਕੀਦੇ ਲਈ ਕੁੱਝ ਵੀ ਕਰ ਗੁਜ਼ਰਨ ਵਾਲੇ ਸਿਰੜੀ ਜੰਗਜੂ ਸਨ। ਤਿਆਗ ਤੇ ਸਾਦਗੀ ਦੀ ਜਿਉਂਦੀ-ਜਾਗਦੀ ਮਿਸਾਲ ਸਨ। ਸਭ ਤੋਂ ਵੱਧ ਕੇ ਉਹ ਇਕ ਸਮਰਪਿਤ ਕਮਿਊਨਿਸਟ ਸਨ।
ਜੀਵਨ ਪੰਧ ’ਚ ਨਿਭਾਈ ਆਪਣੀ ਇਸ ਨਿਵੇਕਲੀ, ਮਾਣਮੱਤੀ ਭੂਮਿਕਾ ਸਦਕਾ ਉਹ ਆਉਣ ਵਾਲੀਆਂ ਪੀੜ੍ਹੀਆਂ, ਖਾਸ ਕਰਕੇ ਭਵਿੱਖ ਦੇ ਕਮਿਊਨਿਸਟ ਕਾਰਕੁੰਨਾਂ ਲਈ ਪ੍ਰੇਰਨਾ ਦਾ ਸਦਾ ਬਹਾਰ ਸੋਮਾ ਬਣੇ ਰਹਿਣਗੇ।