
ਪ੍ਰੋ. ਸੁਖਦੇਵ ਸਿੰਘ ਸੋਹਲ
1857 ਦੇ ਗ਼ਦਰ, ਯਾਨਿ ਭਾਰਤ ਦੇ ਪ੍ਰਥਮ ਸੁਤੰਤਰਤਾ ਸੰਗਰਾਮ ਦਾ ਦੇਸ਼ ਦੇ ਇਤਿਹਾਸ ’ਚ ਅਹਿਮ ਮੁਕਾਮ ਹੈ। ਪੰਜਾਬ ਦੇ ਇਤਿਹਾਸ ਨਾਲ ਵੀ ਇਸਦਾ ਡੂੰਘਾ ਸਬੰਧ ਹੈ, ਕਿਉਂਕਿ ਪੰਜਾਬ ਬਾਰੇ ਇਹ ਧਾਰਨਾ ਪ੍ਰਚਲਿਤ ਹੈ ਕਿ ਇਸ ਜੱਦੋ ਜਹਿਦ ਦੌਰਾਨ ਸਿੱਖਾਂ ਨੇ ਅੰਗਰੇਜ਼ਾਂ ਦੀ ਮੱਦਦ ਕੀਤੀ ਸੀ। ਇਸ ਧਾਰਨਾ ਬਿ੍ਰਟਿਸ਼ ਇਤਿਹਾਸਕਾਰੀ ਵਿਚ ਦਿੱਲੀ ਦੇ ਅੰਗਰੇਜ਼ੀ ਕਬਜ਼ੇ (21 ਸਤੰਬਰ 1857) ਤੋਂ ਪਿੱਛੋਂ ਪ੍ਰਬਲ ਹੋਈ ਸੀ। ਦਰਅਸਲ ਪੰਜਾਬ ਦਾ ਵਕਤੀ ਹਾਕਮ, ਲੈਫਟੀਨੈਂਟ ਗਵਰਨਰ ਜਾਨ ਲਾਰੈਂਸ ਸਾਮਰਾਜਵਾਦੀ ਇਤਿਹਾਸਕਾਰੀ ਵਿਚਲੀ ਇਸ ਧਾਰਨਾ ਦਾ ਬਾਨੀ ਸੀ। ਪਿਛੋਂ ਇਸ ਨੂੰ ਰਾਸ਼ਟਰੀ ਇਤਿਹਾਸਕਾਰੀ ਵਿਚ ਵੀ ਰਲਗੱਡ ਕਰ ਦਿੱਤਾ ਗਿਆ ਸੀ। ‘ਡਿਸਕਵਰੀ ਆਫ ਇੰਡੀਆ’ ਵਿਚ ਜਵਾਹਰ ਲਾਲ ਨਹਿਰੂ ਨੇ ਵੀ ਅਜਿਹਾ ਕੁੱਝ ਹੀ ਲਿਖਿਆ ਹੈ। ਪੰਜਾਬ ’ਚ ਇਸ ਧਾਰਨਾ ਨੂੰ ਡਾਕਟਰ ਗੰਡਾ ਸਿੰਘ ਨੇ ‘ਟਿ੍ਰਬਿਊਨ’ ਅਖ਼ਬਾਰ ’ਚ ਛਪੇ ਆਪਣੇ ਦੋ ਲੇਖਾਂ ਅਤੇ ਇਸ ਵਿਸ਼ੇ ਬਾਰੇ ਲਿਖੇ ਇਕ ਕਿਤਾਬਚੇ ਰਾਹੀਂ ਮਾਨਤਾ ਪ੍ਰਦਾਨ ਕੀਤੀ ਸੀ। ਖੁਸ਼ਵੰਤ ਸਿੰਘ ਵੀ ਇਸੇ ਰਾਹ ਤੁਰਿਆ। ਦਰਅਸਲ ਇਸੇ ਧਾਰਨਾ ਨੇ 1857 ਦੇ ਗ਼ਦਰ ਬਾਰੇ ਪੰਜਾਬ ਦੇ ਇਤਿਹਾਸ ਵਿਚ ਪਾਏਦਾਰੀ ਖੋਜ਼ ਦੀ ਤਾਂਘ ਹੀ ਖਤਮ ਕਰ ਦਿੱਤੀ ਸੀ।
ਇਸ ਨੂੰ ਪਹਿਲੀ ਵਾਰ ਗ਼ਦਰੀ ਸਾਹਿਤ ਅਤੇ ਇਤਿਹਾਸ ਵਿਚ ਤਰਜ਼ੀਹ ਦਿੱਤੀ ਗਈ। ਪਰਚੇ ਦਾ ਨਾਂ ਵੀ ‘ਗ਼ਦਰ’ ਰੱਖਿਆ ਗਿਆ ਤੇ ਇਸ ਨੂੰ ਕ੍ਰਾਂਤੀ ਦੇ ਤੌਰ ’ਤੇ ਪ੍ਰਚੱਲਤ ਕੀਤਾ। ਡਲੋਰਸ ਡੋਮਿਨ ਨੇ 1977 ਵਿਚ ਆਪਣੇ ਖੋਜ ਭਰਪੂਰ ਨਿਬੰਧ ਰਾਹੀਂ ਸਿੱਖਾਂ ਦੇ ਰੋਲ ਨੂੰ ਉਚਿਆਇਆ ਜੋ ਪਹਿਲਾਂ ਤੋਂ ਪ੍ਰਚਲਿਤ ਧਾਰਨਾਵਾਂ ਦੇ ਬਿਲਕੁਲ ਉਲਟ ਹੈ। ਉਂਝ ਵੀ ਇਤਿਹਾਸਕ ਖੋਜ ਨਿਰੰਤਰ ਚੱਲਣ ਵਾਲੀ ਪ੍ਰਕਿਆ ਹੈ। ਇਸ ਵਿਸ਼ੇ ਬਾਰੇ 1857 ਦੇ ਗ਼ਦਰ ਦੀ 150 ਸਾਲਾ ਵਰ੍ਹੇਗੰਢ ਮੌਕੇ 2007 ’ਚ ਫਿਰ ਤੋਂ ਖੋਜ-ਪੜਤਾਲ ਕੀਤੀ ਗਈ। ਹਥਲਾ ਲੇਖ ਉਸੇ ਖੋਜ ਨਾਲ ਜੁੜਿਆ ਇਕ ਉਪਰਾਲਾ ਹੈ। ਸਾਡੇ ਅਨੁਸਾਰ 1857 ਦੇ ਗ਼ਦਰ ਨੂੰ ਵੀ ਮੁੜ ਤੋਂ ਘੋਖਣ ਦੀ ਲੋੜ ਹੈ ਅਤੇ ਪੰਜਾਬ ਦੇ ਇਤਿਹਾਸ ਨੂੰ ਵੀ ਦੁਬਾਰਾ ਵਿਚਾਰਨਾ ਚਾਹੀਦਾ ਹੈ।
1857 ਦੇ ਗ਼ਦਰ ਤੋਂ ਪਹਿਲਾਂ ਦਾ ਪੰਜਾਬ
ਮਹਾਰਾਜਾ ਰਣਜੀਤ ਸਿੰਘ ਦੀ ਮੌਤ (27 ਜੂਨ 1839) ਤੋਂ ਪਿੱਛੋਂ ਲਾਹੌਰ ਸਰਕਾਰ ਕਮਜ਼ੋਰ ਹੋ ਗਈ। ਇਸ ਨੂੰ ਵਾਜ਼ਿਬ ਮੌਕਾ ਸਮਝ ਕੇ ਅੰਗਰੇਜ਼ ਲਾਹੌਰ ਸਰਕਾਰ ਨੂੰ ਹੋਰ ਕਮਜ਼ੋਰ ਕਰਨ ਅਤੇ ਲਾਹੌਰ ’ਤੇ ਕਬਜ਼ੇ ਦੀਆਂ ਵਿਉਂਤਾਂ ਬਣਾਉਣ ਲੱਗੇ। ਇੰਗਲੈਂਡ ਵਿਚ ਸਨਅਤੀ ਕ੍ਰਾਂਤੀ ਜ਼ੋਰਾਂ ’ਤੇ ਸੀ ਅਤੇ ਫੈਕਟਰੀਆਂ ਕੱਚੇ ਮਾਲ ਲਈ ਬਸਤੀਆਂ ਲੱਭ ਰਹੀਆਂ ਸਨ। ਪੰਜਾਬ ਦੀ ਉਪਜਾਊ ਜ਼ਮੀਨ ਇਸ ਮੰਤਵ ਲਈ ਵਰਦਾਨ ਸਮਝੀ ਗਈ। ਪੰਜਾਬ ’ਤੇ ਕਬਜ਼ੇ ਦਾ ਖਰਚਾ 10 ਲੱਖ ਪੌਂਡ ਸਟਰਾਲਿੰਗ ਲਗਾਇਆ ਗਿਆ ਅਤੇ ਸਰੋਤਾਂ ਦੀ ਕੀਮਤ 7 ਲੱਖ ਪੌਂਡ ਸਟਰਾਲਿੰਗ। ਬਾਕੀ ਖਰਚੇ ਸਾਧਨ ਵਿਕਸਤ ਕਰਕੇ ਪੂਰੇ ਕਰਨੇ ਸਨ। ਇਸ ਤਰ੍ਹਾਂ 1849 ਵਿਚ ਪੰਜਾਬ ਦੀ ਕੁੱਲ ਆਮਦਨ ਤਕਰੀਬਨ 13 ਲੱਖ ਰੁਪਏ ਤੋਂ ਵੱਧ ਸੀ ਅਤੇ ਇਕ ਰੁਪਿਆ 1 ਪੌਂਡ ਦੇ ਬਰਾਬਰ ਸੀ। ਦਸੰਬਰ 1845 ਵਿਚ ਅੰਗਰੇਜ਼ਾਂ ਨੇ ਪੰਜਾਬ ਦੀਆਂ ਸਰਹੱਦਾਂ ਨੇੜੇ ਫਿਰੋਜ਼ਪੁਰ ਵਿਖੇ 40,000 ਸੈਨਿਕ ਤੈਨਾਤ ਕੀਤੇ ਅਤੇ ਲਾਹੌਰ ਸਰਕਾਰ ਨੇ ਤਕਰੀਬਨ 48,000 ਸੈਨਿਕ ਇਕੱਠੇ ਕੀਤੇ। ਕੁੱਲ ਪੰਜ ਲੜਾਈਆਂ ਹੋਈਆਂ। ਮੁੱਦਕੀ, ਫਿਰੋਜ਼ ਸ਼ਹਿਰ, ਬੁਦੋਵਾਲ, ਆਲੀਵਾਲ ਅਤੇ ਸਭਰਾਉ। ਇਹ ਯੱੁਧ 45 ਦਿਨ ਚੱਲਿਆ। ਅੰਗਰੇਜ਼ਾਂ ਦੇ 700 ਫੌਜੀ ਮਰੇ, 1697 ਜਖਮੀ ਹੋਏ ਅਤੇ 379 ਲਾਪਤਾ ਹੋ ਗਏ। ਦੋ ਸੰਧੀਆਂ ਹੋਈਆਂ : ਲਹੌਰ ਦੀ ਸੰਧੀ (ਮਾਰਚ 9 ਤੇ 11/1846) ਅਤੇ ਭੈਰੋਵਾਲ ਦੀ ਸੰਧੀ (16 ਦਸੰਬਰ 1846)। ਸਿੱਟੇ ਵਜੋਂ ਜਲੰਧਰ ਦੁਆਬ ਅੰਗਰੇਜ਼ਾਂ ਨੇ ਕਬਜ਼ੇ ’ਚ ਲੈ ਲਿਆ; ਜੰਮੂ ਅਤੇ ਕਸ਼ਮੀਰ ਪੈਸੇ ਲੈ ਕੇ ਰਾਜ਼ਾ ਗੁਲਾਬ ਸਿੰਘ ਨੂੰ ਦੇ ਦਿੱਤਾ। ਇਸ ਤੋਂ ਇਲਾਵਾ ਲਾਹੌਰ ਵਿਚ 10,000 ਫੌਜੀਆਂ ਦੀ ਅੰਗਰੇਜ਼ੀ ਟੁਕੜੀ ਤੈਨਾਤ ਕਰ ਦਿੱਤੀ, ਜਿਸ ਦੇ ਅਫਸਰ ਅੰਗਰੇਜ਼ ਅਤੇ ਸੈਨਿਕ ਬੰਗਾਲ ਫੌਜ ਦੇ ਸਨ। ਇਸਦਾ ਖਰਚਾ ਭਰਨ ਲਈ ਲਹੌਰ ਸਰਕਾਰ ਨੂੰ ਮਜ਼ਬੂਰ ਕੀਤਾ ਗਿਆ। ਹੈਨਰੀ ਲਾਰੈਂਸ ਨੂੰ ਲਾਹੌਰ ਵਿਚ ਰੈਜੀਡੈਂਟ ਸਥਾਪਿਤ ਕੀਤਾ ਗਿਆ ਜੋ ਲਾਹੌਰ ਸਰਕਾਰ ਦੀ ਨਿਗਰਾਨੀ ਕਰਦਾ ਸੀ। ਲਾਹੌਰ ਸਰਕਾਰ ਦੀ ਕੁੱਲ ਫੌਜ 24000 ਤੱਕ ਸੀਮਤ ਕਰ ਦਿੱਤੀ ਗਈ। ਜ਼ਿਆਦਾਤਰ ਉਤਰੀ ਪੱਛਮੀ ਸਰਹੱਦ ਤੇ ਭੇਜ ਦਿੱਤੇ ਗਏ। ਜਨਵਰੀ 1847 ਵਿਚ ਉਸ ਵਕਤ ਦੇ ਭਾਰਤ ਦੇ ਗਵਰਨਰ ਜਨਰਲ ਲਾਰਡ ਹਾਡਿੰਗ ਨੇ ਬਿਆਨ ਦਿੱਤਾ ਕਿ ਪੰਜਾਬ ਅੰਗਰੇਜਾਂ ਦੇ ਕਬਜ਼ੇ ਵੱਲ ਜਾ ਰਿਹਾ ਹੈ। ਜਨਵਰੀ 1848 ਨੂੰ ਲਾਰਡ ਡਲਹੌਜ਼ੀ ਗਵਰਨਰ ਜਨਰਲ ਬਣਿਆ। ਇਸਦਾ ਟੀਚਾ ਪੰਜਾਬ ’ਤੇ ਕਬਜ਼ਾ ਕਰਨਾ ਸੀ। ਇਸ ਨੂੰ ਇੰਗਲੈਂਡ ਦੀ ਸਨਅਤੀ ਲਾਬੀ ਨੇ ਭੇਜਿਆ ਸੀ।
ਅਪ੍ਰੈਲ 1848 ਵਿਚ ਮੁਲਤਾਨ ਦੇ ਦੀਵਾਨ ਮੂਲ ਰਾਜ ਨੇ ਬਗ਼ਾਵਤ ਕਰ ਦਿੱਤੀ। ਇਉਂ ਦੂਜਾ ਪੰਜਾਬ-ਬਿ੍ਰਟਿਸ਼ ਇੰਡੀਆ ਯੱੁਧ ਛਿੜ ਗਿਆ। ਸਤੰਬਰ 1848 ਵਿਚ ਲਾਰਡ ਡਲਹੌਜ਼ੀ ਨੇ ਪੰਜਾਬ ’ਤੇ ਕਬਜ਼ਾ ਕਰਨ ਦਾ ਵਿਚਾਰ ਸਪੱਸ਼ਟ ਕੀਤਾ। ਰਾਮਗੜ੍ਹ ਵਿਖੇ ਇਕ ਝੱੜਪ ਅਤੇ ਦੋ ਲੜਾਈਆਂ ਹੋਈਆਂ। ਚਿਲਿਆਂਵਾਲੇ ਦਾ ਯੁੱਧ (13 ਜਨਵਰੀ 1849) ਅਤੇ ਗੁਜਰਾਤ ਦੀ ਲੜਾਈ (21 ਫਰਵਰੀ 1849) : ਆਖਿਰ 11 ਅਤੇ 14 ਮਾਰਚ 1849 ਨੂੰ ਲਾਹੌਰ ਸਰਕਾਰ ਵੱਲੋਂ ਲੜਨ ਵਾਲਿਆਂ (ਸਰਦਾਰ ਚਤਰ ਸਿੰਘ ਅਤੇ ਸ਼ੇਰ ਸਿੰਘ) ਨੇ ਰਾਵਲਪਿੰਡੀ ਨੇੜੇ ਹਥਿਆਰ ਸੁੱਟ ਦਿੱਤੇ। ਇਸ ਲੜਾਈ ਲਈ ਕਈ ਬਹਾਨੇ ਬਣਾਏ ਗਏ। ਹਰ ਤਰ੍ਹਾਂ ਦਾ ਫਰੇਬ ਵਰਤਿਆ ਗਿਆ। ਆਖਿਰ 29 ਮਾਰਚ 1849 ਨੂੰ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਅੰਗਰੇਜਾਂ ਦੇ ਕਬਜ਼ੇ ਹੇਠ ਦੇਣ ਲਈ ਮਜ਼ਬੂਰ ਕੀਤਾ ਗਿਆ। ਇਕ ਨਵਾਂ ਨਿਜ਼ਾਮ ‘ਬੋਰਡ ਆਫ ਐਡਮਨਿਸਟ੍ਰੇਸ਼ਨ’ ਸਥਾਪਤ ਕੀਤਾ ਗਿਆ, ਜਿਸ ਦਾ ਮੁੱਖੀ ਹੈਨਰੀ ਲਾਰੈਂਸ ਸੀ। ਅਸਲੀ ਤਾਕਤ ਉਸਦੇ ਭਰਾ ਜਾਨ ਲਾਰੈਂਸ ਕੋਲ ਸੀ। ਪੰਜਾਬ ਦਾ ਪ੍ਰਬੰਧ ਸਿੱਧਾ ਗਵਰਨਰ ਜਨਰਲ ਅਧੀਨ ਸੀ ਅਤੇ ਕੋਈ ਵੀ ਕਾਨੂੰਨ ਛੇਤੀ ਲਾਗੂ ਹੋ ਸਕਦਾ ਸੀ। ਉਚ ਸਰਕਾਰੀ ਅਫਸਰ ਯੂਪੀ ਅਤੇ ਅੱਵਧ ਤੋਂ ਲਿਆਂਦੇ ਗਏ ਸਨ। ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਤੋਂ ਹਰ ਤਰ੍ਹਾਂ ਦੇ ਹਥਿਆਰ ਖੋਹ ਲਏ ਗਏ ਸਨ। ਇਨ੍ਹਾਂ ਦੀ ਗਿਣਤੀ ਲੱਗਭਗ 1 ਲੱਖ 20 ਹਜ਼ਾਰ ਸੀ। ਸਾਰੇ ਕਿਲ੍ਹੇ ਆਦਿ ਢਾਹ ਦਿੱਤੇ ਗਏ ਜਾਂ ਅੰਗਰੇਜ਼ੀ ਕਬਜ਼ੇ ਹੇਠ ਲਿਆਂਦੇ ਗਏ। ਤਕਰੀਬਨ 50 ਹਜ਼ਾਰ ਸਿਪਾਹੀ, ਜੋ ਲਾਹੌਰ ਸਰਕਾਰ ਅਧੀਨ ਸਨ, ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ। ਕਈ ਸੜਕਾਂ ਅਤੇ ਕਿਲੇ ਉਸਾਰੇ ਗਏ। ਬੰਗਾਲ ਫੌਜ ਦੇ ਤਕਰੀਬਨ 50 ਹਜ਼ਾਰ ਫੌਜੀ ਪੰਜਾਬ ਵਿਚ ਲਗਾਏ ਗਏ ਅਤੇ 50 ਹਜ਼ਾਰ ਪੁਲਿਸ ਦੇ ਸਿਪਾਹੀ ਵੱਖਰੇ ਭਰਤੀ ਕੀਤੇ ਗਏ। ਪੰਜਾਬ ਦੇ ਤਕਰੀਬਨ 25 ਹਜ਼ਾਰ ਪਿੰਡ ਸਨ। ਹਰ ਪਿੰਡ ਦੇ ਚੌਕੀਦਾਰ ਅਤੇ ਨੰਬਰਦਾਰ ਵਲੋਂ ਸਰਕਾਰ ਨੂੰ ਪਿੰਡ ਦੀ ਸੂਹ ਦੇਣੀ ਲਾਜ਼ਮੀ ਕਰ ਦਿੱਤੀ ਗਈ। ਇਉਂ, ਪੰਜਾਬ ਨੂੰ ਇਕ ਫੌਜੀ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਅਜਿਹਾ ਵਰਤਾਰਾ ਭਾਰਤ ਦੇ ਕਿਸੇ ਹੋਰ ਸੂਬੇ ਵਿਚ ਨਹੀਂ ਵਾਪਰਿਆ ਸੀ। ਸਿਰਫ ਦੋ ਸਾਲਾਂ ਵਿਚ ਪੰਜਾਬ ਵਿਚ 1349 ਮੀਲ ਸੜਕਾਂ ਬਣਾਈਆਂ ਗਈਆਂ, 853 ਮੀਲ ਹੋਰ ਸੜਕਾਂ ਦੀ ਸ਼ੁਰੂਆਤ ਕੀਤੀ ਗਈ, 5272 ਮੀਲ ਰਸਤੇ ਸਰਵੇ ਕੀਤੇ ਗਏ। ਇੰਜ ਪੰਜਾਬ ਨੂੰ ਫੌਜੀ ਹਲਚਲ ਤੇ ਮੰਡੀ ਲਈ ਤਿਆਰ ਕੀਤਾ ਗਿਆ। ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਣੀ ਜ਼ਿੰਦ ਕੌਰ ਨੂੰ ਪੰਜਾਬੋਂ ਬਾਹਰ ਭੇਜ ਦਿੱਤਾ। ਸਰਦਾਰਾਂ ਪਾਸੋਂ ਜਗੀਰਾਂ ਖੋਹ ਲਈਆਂ ਗਈਆਂ। ਕਈਆਂ ਨੂੰ ਜਲਾਵਤਨ ਕਰ ਦਿੱਤਾ ਗਿਆ ਅਤੇ ਕਈ ਡਰਦੇ ਮਾਰੇ ਲੁਕ-ਛਿਪ ਕੇ ਪੰਜਾਬ ਤੋਂ ਬਾਹਰ ਰਹਿਣ ਲਈ ਮਜ਼ਬੂਰ ਹੋਏ।
ਅੰਤ 4 ਫਰਵਰੀ 1853 ਨੂੰ ‘ਬੋਰਡ ਆਫ ਐਡਮਨਿਸਟ੍ਰੇਸ਼ਨ’ ਭੰਗ ਕਰ ਕੇ ਜਾਨ ਲਾਰੇਂਸ ਨੂੰ ਚੀਫ ਕਮਿਸ਼ਨਰ ਬਣਾ ਦਿੱਤਾ ਗਿਆ। ਉਸਦਾ ਪ੍ਰਬੰਧ ਸਖ਼ਤ ਸੀ। ਕਿਸੇ ਵੀ ਛੋਟੀ ਘਟਨਾ ਨੂੰ ਕੁਚਲ ਦਿੱਤਾ ਜਾਂਦਾ ਸੀ। ਮਾਮਲਾ ਨਗਦ ਲਿਆ ਜਾਂਦਾ ਸੀ। ਨਵੇਂ ਟੈਕਸ ਲਗਾਏ ਗਏ। 1857 ਵਿਚ ਪੰਜਾਬ ਦੀ ਕੁੱਲ ਆਮਦਨ 14 ਲੱਖ 52 ਹਜ਼ਾਰ ਪੌਡ ਸਟਰਾਲਿੰਗ ਹੋ ਗਈ। ਨਵਾਂ ਜ਼ਮੀਨੀ ਬੰਦੋਬਸਤ ਲਾਗੂ ਕੀਤਾ ਗਿਆ। ਜ਼ਮੀਨੀ ਹੱਕ ਲਿਖਤੀ ਵਿਚ ਲਿਆਂਦਾ ਗਿਆ, ਜਿਸ ਨਾਲ ਜ਼ਮੀਨ ਸਮੂਹ ਤੋਂ ਨਿਕਲਕੇ ਨਿੱਜੀ ਜ਼ਾਇਦਾਦ ਬਣ ਗਈ। ਇਸ ਨਵੇਂ ਨਿਜ਼ਾਮ ਨੇ ਕਿਸਾਨਾਂ ਲਈ ਕਈ ਮੁਸ਼ਕਲਾਂ ਪੈਦਾ ਕੀਤੀਆਂ। ਮੁਕੱਦਮੇਬਾਜ਼ੀ ਵਧੀ ਅਤੇ ਕਰਜ਼ੇ ਲੈਣ ਦੀ ਹੋੜ ਵਿਚ ਇਜਾਫ਼ਾ ਹੋਇਆ, ਜੋ ਅੱਗੋਂ ਜਾ ਕੇ ਵਿਕਰਾਲ ਸਮੱਸਿਆ ਬਣ ਗਿਆ।
1857 ਦਾ ਗ਼ਦਰ : ਸ਼ੁਰੂਆਤ ਅਤੇ ਤਜ਼ਰਬੇ
1857 ਦਾ ਗ਼ਦਰ ਮੇਰਠ ਸ਼ਹਿਰ ਦੇ ਫੌਜੀ ਅੱਡੇ ਤੋਂ 10 ਮਈ 1857 ਨੂੰ ਸ਼ੁਰੂ ਹੋਇਆ ਸੀ। ਇਸਤੋਂ ਪਹਿਲਾਂ ਕਈ ਥਾਵਾਂ ’ਤੇ ਅੱਗਜਨੀ ਦੀਆਂ ਵਾਰਦਾਤਾਂ ਹੋਈਆਂ। ਇਸ ਬੇਚੈਨੀ ਦਾ ਇਕ ਕਾਰਨ ਚਰਬੀ ਦੇ ਕਾਰਤੂਸ ਸਨ। ਇਹ ਬਹੁਤ ਸੀਮਤ ਥਾਵਾਂ ’ਤੇ ਹੀ ਸਨ ਅਤੇ ਅਫਵਾਹ ਜ਼ਿਆਦਾ ਸੀ। ਅੰਗਰੇਜ਼ ਅਫਸਰਾਂ ਨੇ ਇਸ ਤੋਂ ਇਨਕਾਰ ਕੀਤਾ। ਬੇਚੈਨੀ ਦੇ ਹੋਰ ਕਾਰਨ ਆਰਥਿਕ ਸਨ। ਮਸਲਨ ਘੱਟ ਤਨਖਾਹਾਂ ਤੇ ਨਾਮਮਾਤਰ ਭੱਤੇ। ਸਿਪਾਹੀਆਂ ਨੂੰ ਆਪਣੇ ਘੋੜੇ ਰੱਖਣੇ ਪੈਂਦੇ ਸਨ। ਜ਼ਿਆਦਾ ਸਿਪਾਹੀ ਕਿਸਾਨੀ ਅਤੇ ਉਚ ਵਰਗ ਦੇ ਸਨ, ਜੋ ਰੂੜ੍ਹੀਵਾਦੀ ਵਿਕਾਰਾਂ ਦੇ ਧਾਰਨੀ ਸਨ। ਬੰਗਾਲ ਫੌਜ ਦੇ ਕੁਲ 1ਲੱਖ 65 ਹਜ਼ਾਰ 703 ਸਿਪਾਹੀ ਸਨ। ਇਨ੍ਹਾਂ ’ਚ 1 ਲੱਖ 37 ਹਜ਼ਾਰ 109 (85 ਫੀਸਦੀ) ਭਾਰਤੀ ਸਨ ਅਤੇ 24,594 (25 ਫੀਸਦੀ) ਅੰਗਰੇਜ਼ ਸਨ। ਇਸ ਤੋਂ ਇਲਾਵਾ 61,970 ਸਿਪਾਹੀ ਮਦਰਾਸ ਫੌਜ ਦੇ ਅਤੇ 55,069 ਸਿਪਾਹੀ ਬੰਬਈ ਫੌਜ ਦੇ ਸਨ। ਤੋਪਖਾਨਾ ਅੰਗਰੇਜ਼ਾਂ ਦੇ ਹੱਥਾਂ ’ਚ ਸੀ। ਪੰਜਾਬ ਇਕ ਫੌਜੀ ਛਾਉਣੀ ’ਚ ਤਬਦੀਲ ਹੋ ਚੁੱਕਿਆ ਸੀ।
ਬਗ਼ਾਵਤ ਵੇਲੇ ਮੇਰਠ ਵਿਖੇ ਸਿਰਫ 700 ਅੰਗਰੇਜ਼ ਅਤੇ 7000 ਭਾਰਤੀ ਫੌਜੀ ਸਨ। ਬਾਗ਼ੀ ਫੌਜੀਆਂ ਨੇ ਦਿੱਲੀ ਵੱਲ ਰੁੱਖ ਕੀਤਾ ਸੀ। ਮੇਰਠ ਵਿਚ ਕਈ ਅੰਗਰੇਜ਼ਾਂ ਨੂੰ ਮਾਰਨ ਪਿੱਛੋਂ ਅੱਗਜਨੀ ਅਤੇ ਲੁੱਟਮਾਰ ਸ਼ੁਰੂ ਹੋ ਗਈ ਸੀ। ਦਿੱਲੀ ਵਿਖੇ ਕੋਈ ਅੰਗਰੇਜ਼ੀ ਰੇਜਮੈਂਟ ਨਹੀਂ ਸੀ। ਦਰਅਸਲ 52 ਅੰਗਰੇਜ਼ ਸਨ ਅਤੇ ਕੁੱਝ ਭਾਰਤੀ ਸਿਪਾਹੀ ਮੁਗਲ ਬਾਦਸ਼ਾਹ ਦੀ ਹਿਫਾਜ਼ਤ ਅਤੇ ਹੋਰ ਕੰਮਾਂ ਲਈ ਤੈਨਾਤ ਸਨ। ਮੇਰਠ ਤੋਂ ਫੌਜ ਦੀ ਟੁਕੜੀ 11 ਮਈ ਨੂੰ ਸਵੇਰੇ ਦਿੱਲੀ ਪਹੁੰਚੀ ਅਤੇ ਸ਼ਾਮ ਤੱਕ ਮੁਗਲ ਸ਼ਾਸ਼ਕ, ਜੋ ਨਾਮ ਦਾ ਹੀ ਬਾਦਸ਼ਾਹ ਸੀ, ਨੂੰ ਗ਼ਦਰ ਦੀ ਅਗਵਾਈ ਕਰਨ ਲਈ ਮਜ਼ਬੂਰ ਕੀਤਾ ਗਿਆ। ਅੰਗਰੇਜ਼ਾਂ ਨੇ ਟੈਲੀਗਰਾਫ ਰਾਹੀਂ ਸੁਨੇਹਾ ਪੁੱਚਾ ਦਿੱਤਾ ਅਤੇ ਤਾਰਾਂ ਕੱਟ ਦਿੱਤੀਆਂ। ਪੰਜਾਬ ਵਿਚ ਇਹ ਬਗ਼ਾਵਤ ਅੰਬਾਲਾ ਕੈਂਟ ਤੋਂ ਸ਼ੁਰੂ ਹੋਈ ਅਤੇ ਬਾਕੀ ਸ਼ਹਿਰਾਂ ਵੱਲ ਫੈਲਣ ਲੱਗੀ। ਉਧਰ ਅੰਗਰੇਜ਼ਾਂ ਨੇ ਫੌਜੀਆਂ ਪਾਸੋਂ ਹਥਿਆਰ ਵਾਪਸ ਲੈਣੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ ਜੇਲ੍ਹਾਂ ’ਚ ਬੰਦ ਕਰ ਦਿੱਤਾ। ਜਾਨ ਬਚਾਉਣ ਲਈ ਅੰਗਰੇਜ਼ ਪੰਜਾਬ ਵੱਲ ਇਕੱਠੇ ਹੋਣ ਲੱਗੇ। ਦਿੱਲੀ ਤੋਂ ਕਲਕੱਤੇ ਤੱਕ ਇਕ ਰੇਜ਼ਮੈਂਟ ਹੀ ਅੰਗਰੇਜ਼ੀ ਪ੍ਰਭਾਵ ਅਧੀਨ ਸੀ। ਜਾਨ ਲਾਰੈਂਸ ਦੇ ਦੋ ਮੁੱਖ ਮੁੱਦੇ ਸਨ : ਪੰਜਾਬ ’ਤੇ ਕਬਜ਼ਾ ਕਰਨਾ ਤੇ ਦਿੱਲੀ ਵਾਪਸ ਲੈਣੀ। ਗਵਰਨਰ ਜਨਰਲ ਲਾਰਡ ਕੈਨਿੰਗ ਨੇ ਸਾਰੀਆਂ ਤਾਕਤਾਂ ਜਾਨ ਲਾਰੈਂਸ ਨੂੰ ਦੇ ਦਿੱਤੀਆਂ। ਖਜ਼ਾਨੇ ਸੁਰੱਖਿਅਤ ਥਾਵਾਂ ’ਤੇ ਰੱਖ ਦਿੱਤੇ ਤੇ ਹਰ ਸ਼ੱਕੀ ਬੰਦੇ ਨੂੰ ਜਾਂ ਫੜ੍ਹ ਲਿਆ ਜਾਂ ਪੰਜਾਬੋਂ ਬਾਹਰ ਭੇਜ ਦਿੱਤਾ। ਸਾਰੇ ਦਰਿਆਵਾਂ ਦੇ ਪੱਤਨਾਂ ਦੀ ਘੇਰਾਬੰਦੀ ਕਰ ਦਿੱਤੀ ਗਈ।
ਸਾਰੇ ਧਰਮਾਂ ਦੇ ਸਰਦਾਰਾਂ ਤੇ ਰਜਵਾੜਿਆਂ ਨੂੰ ਸਿਪਾਹੀ ਭਰਤੀ ਕਰਨ ਲਈ ਕਿਹਾ ਗਿਆ। ਦਿੱਲੀ ਲਈ ਸਾਮਾਨ ਤੇ ਰਾਸ਼ਨ ਪੁਚਾਉਣ ਲਈ ਫਿਰੋਜ਼ਪੁਰ ਤੋਂ ਇਕ ਟਰੇਨ ਸ਼ੁਰੂ ਕੀਤੀ, ਜਿਸ ’ਚ 500 ਗੱਡੇ, 2000 ਊਠ, 2000 ਕੁਲੀ ਸਨ। ਤਕਰੀਬਨ 30 ਹਜ਼ਾਰ ਮਣ ਅਨਾਜ ਇਕੱਠਾ ਕੀਤਾ ਗਿਆ। ਇਸ ਰਾਹੀਂ ਫੌਜੀ ਸਾਜੋ-ਸਮਾਨ ਤੇ ਬਰੂਦ ਵੀ ਭੇਜਿਆ ਗਿਆ। ਇਹ ਟਰੇਨ ਕਈ ਮੀਲ ਲੰਬੀ ਸੀ। ਸਤਲੁਜ ਵਾਲੀਆਂ ਰਿਆਸਤਾਂ ਤੇ ਸ਼ਾਹੂਕਾਰਾਂ ਤੋਂ 18 ਲੱਖ ਰੁਪਿਆ ਇਕੱਠਾ ਕੀਤਾ ਗਿਆ। ਸਭ ਤੋਂ ਵੱਧ 5 ਲੱਖ ਰੁਪਏ (27.50 ਫੀਸਦੀ) ਪਟਿਆਲੇ ਰਿਆਸਤ ਤੋਂ ਵਸੂਲੇ ਗਏ। ਤਕਰੀਬਨ 46 ਲੱਖ ਰੁਪਏ 6 ਫੀਸਦੀ ਵਿਆਜ਼ ’ਤੇ ਫੜ੍ਹੇ। ਇੰਜ ਪੰਜਾਬ ਦੇ ਰਜਵਾੜਿਆਂ ਅਤੇ ਸ਼ਾਹੂਕਾਰਾਂ ਨੂੰ ਨਾਲ ਜੋੜ ਲਿਆ।
13 ਮਈ 1857 ਨੂੰ ਬਗ਼ਾਵਤ ਨੂੰ ਦਹਿਸ਼ਤ ਨਾਲ ਦਬਾਉਣ ਲਈ ਚੱਲਦਾ-ਫਿਰਦਾ ਦਸਤਾ ਗਠਤ ਕੀਤਾ ਗਿਆ। ਇਸਦਾ ਪਹਿਲਾ ਕਮਾਂਡਰ ਮੇਜਰ ਜਰਨਲ ਥਾਮਸ ਰੀਡ ਸੀ ਪਰ ਪ੍ਰਮੁੱਖ ਅਫਸਰ ਜਾਨ ਨਿਕੋਲਸਨ ਸੀ। ਇਸਦਾ ਕੰਮ ਕਿਸੇ ਵੀ ਬਗ਼ਾਵਤ ਨੂੰ ਉਸੇ ਵੇਲੇ ਫੌਜੀ ਕਾਰਵਾਈ ਰਾਹੀਂ ਖਤਮ ਕਰਨਾ ਸੀ। ਇਸ ਵਿਚ 1000 ਮੁਲਤਾਨੀ ਘੋੜਸਵਾਰ ਸਨ ਅਤੇ 1000 ਸਹਿਯੋਗੀ। 2000 ਪੈਦਲ ਸਿਪਾਹੀ ਸਨ ਜਿਹੜੇ ਬਾਗੀਆਂ ਨੂੰ ਫੜ੍ਹ ਕੇ ਅੰਗਰੇਜ਼ ਅਫ਼ਸਰਾਂ ਕੋਲ ਪੇਸ਼ ਕਰਦੇ ਸਨ। ਉਨ੍ਹਾਂ ਨੂੰ 25 ਰੁਪਏ ਇਨਾਮ ਦਿੱਤਾ ਜਾਂਦਾ ਸੀ। 14 ਜੂਨ 1857 ਨੂੰ ਜਾਨ ਨਿਕੋਲਸਨ ਇਸ ਦਾ ਕਮਾਂਡਰ ਬਣਿਆ। ਇਹ ਦਸਤਾ ਜਿੱਥੇ ਵੀ ਦਰਬਾਰ ਲਗਾਉਂਦਾ ਸੀ ਉੱਥੇ ਬਾਗੀਆਂ ਦੀਆਂ ਲਾਸ਼ਾਂ ਸੂਲੀ ’ਤੇ ਟੰਗੀਆਂ ਮਿਲਦੀਆਂ ਸਨ। ਨਿਕੋਲਸਨ ਦੀ ਇਹ ਵੀ ਤਜ਼ਵੀਜ਼ ਸੀ ਕਿ ਬਾਗੀਆਂ ਦੀ ਜ਼ਿੰਦਾ ਚਮੜੀ ਉਧੇੜੀ ਜਾਵੇ। ਇਸ ਦੀ ਇਜ਼ਾਜ਼ਤ ਨਾ ਮਿਲੀ। ਇਸ ਦਸਤੇ ਨੇ ਤੈਰਮੂ ਘਾਟ (ਗੁਰਦਾਸਪੁਰ) ਵਿਖੇ 300 ਬਾਗੀਆਂ ਨੂੰ ਮਾਰਿਆ ਅਤੇ 800 ਦੇ ਕਰੀਬ ਦਰਿਆ ਦੇ ਵਹਿਣ ’ਚ ਰੁੜ੍ਹ ਗਏ। ਜਾਨ ਨਿਕੋਲਸਨ ਦੀ ਹਿਫਾਜ਼ਤ ਲਈ ਅਫਰੀਦੀ ਕਬੀਲੇ ਦੇ 80 ਤੋਂ ਵੱਧ ਬੰਦੇ ਹਰ ਵਕਤ ਉਸ ਦੇ ਨਾਲ ਰਹਿੰਦੇ ਸਨ। ਇਹ ਦਸਤਾ ਦਿੱਲੀ ਦੇ ਘੇਰੇ ’ਚ ਵੀ ਸ਼ਾਮਲ ਹੋਇਆ। ਇਸ ਵਿਚ 2200 ਅੰਗਰੇਜ਼ ਤੇ 1500 ਭਾਰਤੀ ਸਿਪਾਹੀ ਸਨ। ਜਾਨ ਨਿਕੋਲਸਨ ਕਰਕੇ ਟਰੇਨ 4 ਸਤੰਬਰ ਨੂੰ ਦਿੱਲੀ ਪੁੱਜੀ। ਘਮਾਸਾਨ ਜੰਗ ’ਚ 12,588 ਫੌਜੀਆਂ ਨੇ ਹਿੱਸਾ ਲਿਆ। ਇਨ੍ਹਾਂ ’ਚੋਂ 3766 ਅੰਗਰੇਜ਼ ਸਨ। ਤਕਰੀਬਨ 2151 ਅੰਗਰੇਜ਼ ਤੇ 1666 ਭਾਰਤੀ ਸਿਪਾਹੀ ਮਾਰੇ ਗਏ ਸਨ। ਜਾਨ ਨਿਕੋਲਸਨ ਆਪ ਵੀ ਮਾਰਿਆ ਗਿਆ ਸੀ। ਉਹ ਪੰਜਾਬ ’ਚ 15 ਮਈ ਤੋਂ 14 ਅਗਸਤ ਤੱਕ ਰਿਹਾ ਤੇ ਸਭ ਤੋਂ ਵੱਧ ਸਮਾਂ ਉਸਨੇ ਮਾਝੇ ’ਚ ਬਿਤਾਇਆ।
ਕਤਲੋਗਾਰਤ ਦੀ ਪ੍ਰਯੋਗਸ਼ਾਲਾ ਬਣਿਆ ਪੰਜਾਬ
ਜੁਲਾਈ 1857 ਦੇ ਆਖਰੀ ਦਿਨ ਅਜਨਾਲਾ ਵਿਖੇ ਹੋਈ ਇਕ ਵੱਡੀ ਘਟਨਾ ’ਚ 237 ਸਿਪਾਹੀਆਂ ਨੂੰ ਗੋਲੀ ਮਾਰੀ ਗਈ, 150 ਰਾਵੀ ਦਰਿਆ ’ਚ ਰੁੜ੍ਹ ਗਏ ਤੇ 45 ਸਾਹ ਘੁਟਣ ਕਰਕੇ ਮਰ ਗਏ। ਸਿਆਲਕੋਟ ’ਚ 35 ਨੂੰ ਫਾਂਸੀ ਦਿੱਤੀ ਗਈ ਤੇ 55 ਨੂੰ ਫੜ੍ਹ ਲਿਆ। ਰਾਵਲਪਿੰਡੀ ’ਚ 15 ਨੂੰ ਤੋਪਾਂ ਨਾਲ ਉਡਾ ਦਿੱਤਾ। ਪੇਸ਼ਾਵਰ ’ਚ 810 ਬਾਗ਼ੀਆਂ ਨੂੰ ਤੋਪਾਂ ਨਾਲ ਉਡਾਇਆ ਗਿਆ ਤੇ 300 ਗੋਲੀਆਂ ਨਾਲ ਮਾਰ ਦਿੱਤੇ। ਇਸ ਤੋਂ ਇਲਾਵਾ ਲੋਕਾਂ ਨੂੰ ਇਕੱਠਿਆਂ ਕਰਕੇ ਉਨ੍ਹਾਂ ਦੀਆਂ ਅੱਖਾਂ ਸਾਹਵੇਂ ਬਾਗ਼ੀਆਂ ਨੂੰ ਗੋਲੀਆਂ ਨਾਲ ਮਾਰਿਆ ਜਾਂਦਾ ਸੀ ਤੋਂ ਜੋ ਦਹਿਸ਼ਤ ਦਾ ਅਸਰ ਪਿੰਡਾਂ ਤੱਕ ਜਾਵੇ। ਜਿਨ੍ਹਾਂ ਨੇ ਝਾਂਸੀ ਦੀ ਰਾਣੀ ਦਾ ਸਾਥ ਦਿੱਤਾ ਸੀ, ਉਨ੍ਹਾਂ ਸਿਪਾਹੀਆਂ ਨੂੰ ਲੁਧਿਆਣੇ ਲਿਆ ਕੇ ਤੋਪਾਂ ਨਾਲ ਉਡਾਇਆ ਗਿਆ। ਜੇ ਖੋਜ ਅੱਗੇ ਵਧੇ ਤਾਂ ਇਸ ਕਤਲੋਗਾਰਤ ਦਾ ਹੋਰ ਵਧੇਰੇ ਘਿਨਾਉਣਾ ਰੂਪ ਉਜਾਗਰ ਹੋ ਸਕਦਾ ਹੈ।
ਇਤਿਹਾਸਕ ਵਿਸ਼ਲੇਸ਼ਣ
ਇਤਿਹਾਸ ਤੱਥਾਂ ’ਤੇ ਅਧਾਰਿਤ ਵਿਚਰਦਾ ਹੈ। ਇਸ ਲਈ ਪਾਏਦਾਰ ਸਰੋਤ ਹੋਣੇ ਲਾਜ਼ਮੀ ਹੈ। ਇਹ ਇਕ ਇਤਿਹਾਸਕ ਵਿਰੋਧਾਭਾਸ ਹੈ ਕਿ 1857 ਦੇ ਗ਼ਦਰ ਨਾਲ ਸਬੰਧਤ ਫਾਰਸੀ ਭਾਸ਼ਾ ਵਿਚ ਵਕਤੀ ਸਰੋਤਾਂ ਦੇ ਕਈ ਬਸਤੇ ਹਾਲੇ ਵੀ ਨਵੀਂ ਦਿੱਲੀ ਵਿਚਲੇ ਰਾਸ਼ਟਰੀ ਆਰਕਾਈਵਜ਼ ਵਿਚ ਪਏ ਹਨ। ਨਾ ਤਾਂ ਇਨ੍ਹਾਂ ਦਾ ਵਰਗੀਕਰਨ ਹੋਇਆ ਹੈ ਤੇ ਨਾ ਹੀ ਕਿਸੇ ਭਾਸ਼ਾ ਵਿੱਚ ਤਰਜ਼ੁਮਾ। ਇਸਦੇ ਉਲਟ ਇਤਿਹਾਸਕ ਕਿਤਾਬਾਂ ਅਤੇ ਨਾਵਲਾਂ ਨਾਲ ਭਰਪੂਰ, ਸਾਮਰਾਜੀ ਇਤਿਹਾਸਕਾਰੀ ਦਾ ਵੱਡਾ ਖਜ਼ਾਨਾ ਪਿਆ ਹੈ। ਸੋ ਇਹੀ ਇਤਿਹਾਸਕਾਰਾਂ ਦੇ ਸਰੋਤ ਬਣ ਜਾਂਦੇ ਹਨ। ਬਿ੍ਰਟਿਸ਼ ਧਾਰਨਾਵਾਂ ਆਪਣੇ-ਆਪ ਆਪ ਹਾਵੀ ਹੋ ਜਾਣੀਆਂ ਹਨ। ਇਸਦੇ ਬਾਵਜੂਦ ਇਤਿਹਾਸਕਾਰ ਆਪਣੀ ਸੂਝ ਤੇ ਵਿਧੀ ਨਾਲ ਇਨ੍ਹਾਂ ’ਚੋਂ ਕਈ ਠੀਕ ਸਿੱਟੇ ਕੱਢ ਸਕਦਾ ਹੈ।
1907 ਦੇ ਕਿਸਾਨ ਅੰਦੋਲਨ ਨੇ ਪੰਜਾਬ ਦੇ ਲੋਕਾਂ ਦੀ ਅਖੌਤੀ ਵਫ਼ਾਦਾਰੀ ਦਾ ਭਾਂਡਾ ਭੰਨਿਆ ਸੀ। ਫਰੈਡਰਿਕ ਗਿਬਨ ਨੇ 1908 ਵਿਚ ਪੰਜਾਬ ਦੇ ਜੌਹਨ ਲਾਰੈਂਸ ਬਾਰੇ ਲਿਖੀ ਕਿਤਾਬ ’ਚ ਸਿੱਖਾਂ ਦੀ ਅੰਗਰੇਜ਼ਾਂ ਪ੍ਰਤੀ ਵਫ਼ਾਦਾਰੀ ਬਾਰੇ ਲਿਖਿਆ ਹੈ ਕਿ ਉਹ ਹਕੂਮਤ ਨਾਲ ਆਪਣੇ ਮੁਫ਼ਾਦ ਕਰਕੇ ਸਨ ਅਤੇ ਦਿੱਲੀ ਦੇ ਕਬਜ਼ੇ ਤੋਂ ਪਿਛੋਂ ਸਿੱਖਾਂ ਦਾ ਰੁਝਾਨ ਅੰਗਰੇਜ਼ ਪੱਖੀ ਹੋ ਗਿਆ। ਦਰਅਸਲ ਇਹ ਧਾਰਨਾ ਪੰਜਾਬ ਦੇ ਲੈਫ. ਗਵਰਨਰ ਚਾਰਲਸ ਐਚੀਸਨ (1882-1887) ਤੋਂ ਸ਼ੁਰੂ ਹੋਈ ਸੀ, ਜਿਸ ਮੁਤਾਬਕ ਜਾਨ ਲਾਰੈਂਸ ਨੇ ਮੁਸਲਮ ਸਰਹੱਦੀ ਕਬੀਲਿਆਂ ਨੂੰ ਨਾਲ ਜੋੜਿਆ ਅਤੇ ਸਿੱਖਾਂ ਦੇ ਘੱਟ ਵਿਸ਼ਵਾਸ਼ ਕੀਤਾ। ਸਿੱਖ ਵਫ਼ਾਦਾਰੀ ਦੀ ਮਿੱਥ ਜਾਨ ਲਾਰੈਂਸ ਨੇ ਸ਼ੁਰੂ ਕੀਤੀ। ਜਿਸ ਨਾਲ ਸਿੱਖਾਂ ਪ੍ਰਤੀ ਦਿੱਲੀ ਦੀ ਲੁੱਟ ਅਤੇ ਸੌ ਸਾਖੀ ਨੂੰ ਜੋੜਿਆ ਗਿਆ ਕਿ ਟੋਪੀ ਵਾਲੇ ਪੱਛਮ ਵੱਲੋਂ ਅਤੇ ਸਿੱਖਾਂ ਦੀ ਦਿੱਲੀ ਵਿਚ ਮੁਗਲਾਂ ਪ੍ਰਤੀ ਬਦਲਾ ਲੈਣ ਦੀ ਮਦਦ ਕਰਨਗੇ। ਇਸ ਤੋਂ ਇਲਾਵਾ 1911 ਵਿਚ ਦੋ ਜਿਲਦਾਂ ਵਿਚ ਮਿਊਟਨੀ ਸਬੰਧ ਦਸਤਾਵੇਜ਼ ਛਾਪ ਦਿੱਤੇ ਗਏ ਤਾਂ ਜੋ ਸਿੱਖਾਂ ਦੀ ਅੰਗਰੇਜ਼ਾਂ ਪ੍ਰਤੀ ਵਫ਼ਾਦਾਰੀ ਨੂੰ ਪੁਨਰ ਜੀਵਤ ਕੀਤਾ ਜਾ ਸਕੇ। ਇਸ ਸਮੇਂ ਪੰਜਾਬ ’ਚ ਅੰਗਰੇਜ਼ੀ ਰਾਜ ਵਿਰੁੱਧ ਬੇਚੈਨੀ ਸੀ। ਸਿੱਖ ਸਰਦਾਰਾਂ ’ਤੇ ਜੀ ਹਜ਼ੂਰੀਆਂ ਨੂੰ ਵਫ਼ਾਦਾਰੀ ਦੀ ਪੁੱਠ ਦੇਣੀ ਜ਼ਰੂਰੀ ਸੀ। ਇਨ੍ਹਾਂ ਮਿਊਟਨੀ ਰਿਪੋਰਸ ਦੇ ਕਈ 100 ਪੰਨੇ ਸਨ ਅਤੇ ਸ਼ੁਰੂ ਵਿਚ ਇਕ ਸਾਰਅੰਸ਼ ਸੀ ਜੋ ਤਕਰੀਬਨ 25 ਪੰਨਿਆਂ ਦਾ ਸੀ। ਇਸ ਮੁਤਾਬਕ ਕੁਲ 12 ਵਿਦਰੋਹ ਹੋਏ ਸਨ। ਦਰਅਸਲ ਇਹ 11 ਹੀ ਸਨ, ਕਿਉਂਕਿ ਫਿਰੋਜ਼ਪੁਰ ਵਿਖੇ ਦੋ ਵਾਰ ਵਿਦਰੋਹ ਹੋਇਆ ਸੀ। ਵਿਸਥਾਰ ਨਾਲ ਪੜ੍ਹਿਆਂ ਪਤਾ ਲੱਗਦਾ ਹੈ ਕਿ ਕੁਲ 24 ਵਿਦਰੋਹ ਹੋਏ ਸਨ ਜਿਨ੍ਹਾਂ ਚੋਂ ਕਈ ਲੋਕ ਵਿਦਰੋਹ ਸਨ। ਜਿਵੇਂ ਗੁਗੇਰਾ, ਜਿਸ ’ਚ 1 ਲੱਖ 25 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਸੀ।
ਹੇਠ ਲਿਖੀਆਂ ਧਾਰਨਾਵਾਂ ਵਿਚਾਰਨਯੋਗ ਹਨ
ਬਿ੍ਰਟਿਸ਼ ਇਤਿਹਾਸਕਾਰੀ ’ਚ 1857 ਨੂੰ ਸਿਰਫ ਫੌਜੀ ਬਗ਼ਾਵਤ ਗਰਦਾਨਿਆ ਗਿਆ। ਪਰ ਪੰਜਾਬ ’ਚ ਜਾਨ ਲਾਰੈਂਸ ਇਸ ਨੂੰ ਬਗ਼ਾਵਤ ਕਹਿੰਦਾ ਹੈ। ਯਾਨੀ ਇਹ ਲੋਕਾਂ ਤੱਕ ਵੀ ਪਹੁੰਚ ਚੁੱਕੀ ਸੀ। ਬਿ੍ਰਟਿਸ਼ ਪਾਦਰੀ ਜੋਅ ਡੇਵ ਬਰਾਊਨ ਮੁਤਾਬਕ ਪੰਜਾਬ ’ਚ ਅੰਗਰੇਜ਼ੀ ਰਾਜ ਡਾਵਾਂਡੋਲ ਸੀ। ਇਹ ਪਾਦਰੀ ਉਦੋਂ ਪੰਜਾਬ ’ਚ ਹੀ ਸੀ। ਜਾਨ ਲਾਰੈਂਸ ਅਨੁਸਾਰ ਫੌਜੀ ਵਿਦਰੋਹ ਨੇ ਬਗ਼ਾਵਤ ਲਈ ਰਸਤਾ ਖੋਲ੍ਹ ਦਿੱਤਾ ਸੀ। ਭਿਆਨਕ ਵਿਦਰੋਹ ਅੱਵਧ ਪ੍ਰਾਂਤ ’ਚ ਹੋਇਆ ਸੀ, ਕਿਉਂਕਿ ਇੱਥੇ ਇਹ ਸਿਰਫ 1 ਰਜਮੈਂਟ ਹੀ ਸੀ ਅਤੇ ਸੀਮਤ ਹਥਿਆਰ। ਜਿਨ੍ਹਾਂ ਫੌਜੀਆਂ ਨੇ ਬੰਗਾਲ ਫੌਜ ਛੱਡੀ ਉਹ ਵਿਦਰੋਹ ’ਚ ਸ਼ਾਮਲ ਹੋਏ। ਇਸਦੇ ਉਲਟ ਪੰਜਾਬ ’ਚ ਸਭ ਤੋਂ ਵੱਧ ਅੰਗਰੇਜ਼ੀ ਫੌਜ ਅਤੇ ਹਥਿਆਰ ਸਨ। ਪੰਜਾਬ ਬਿ੍ਰਟਿਸ਼ ਦਹਿਸ਼ਤ ਦੀ ਪ੍ਰਯੋਗਸ਼ਾਲਾ ਬਣਿਆ। ਵਿਦਰੋਹੀਆਂ ਨੂੰ ਦੋ ਤਰ੍ਹਾਂ ਨਾਲ ਮਾਰਿਆ ਗਿਆ। ਇਕ ਸਿੱਧੀ ਗੋਲੀ ਜਾ ਦਰਿਆਵਾਂ ਵਿਚ ਡਬੋ ਕੇ ਤੇ ਦੂਸਰਾ ਜਨਤਕ ਤੌਰ ’ਤੇ ਗੋਲੀਆਂ ਨਾਲ ਭੁੰਨਿਆ ਗਿਆ ਜਾਂ ਤੋਪਾਂ ਨਾਲ ਉਡਾਇਆ ਗਿਆ। ਇਹ ਦਹਿਸ਼ਤ ਆਮ ਲੋਕਾਂ ਨੂੰ ਚੁੱਪ ਰੱਖਣ ਲਈ ਵਰਤੀ ਗਈ। ਪੰਜਾਬ ਦੇ ਕੁੱਲ 213 ਪਰਿਵਾਰਾਂ ’ਚੋਂ ਸਿਰਫ 103 (48%) ਨੇ ਅੰਗਰੇਜ਼ਾਂ ਦੀ ਮੱਦਦ ਕੀਤੀ ਅਤੇ ਇਹ ਦਰਮਿਆਨੇ ਦਰਜ਼ੇ ਦੇ ਪਰਿਵਾਰ ਸਨ। ਇਨ੍ਹਾਂ ’ਚੋਂ 49 ਫੀਸਦੀ ਸਿੱਖ, 66 ਫੀਸਦੀ ਮੁਸਲਮ ਤੇ 30 ਫੀਸਦੀ ਹਿੰਦੂ ਸਨ। ਬਗ਼ਾਵਤ ਦਾ ਅਸਰ ਐਨਾ ਜ਼ਿਆਦਾ ਸੀ ਕਿ ਜਾਨ ਲੈਂਰਸ ਨੇ ਪਿਸ਼ਾਵਰ ਛੱਡ ਕੇ ਲਾਹੌਰ ਨੂੰ ਆਧਾਰ ਬਣਾਉਣ ਦੀ ਵਿਉਂਤਬੰਦੀ ਕੀਤੀ ਸੀ। ਪਰਿਵਾਰਾਂ ਨੂੰ ਕਰਾਚੀ ਦੀ ਬੰਦਰਗਾਹ ਰਾਹੀਂ ਬੰਬਈ ਭੇਜਣ ਦੀਆਂ ਬਾਕਾਇਦਾ ਤਿਆਰੀਆਂ ਕੀਤੀਆਂ ਗਈਆਂ। ਪਰ ਸਰਹੱਦ ਤੇ ਤੈਨਾਤ ਅੰਗਰੇਜ਼ੀ ਅਫਸਰਾਂ ਨੇ ਇਨਕਾਰ ਕਰ ਦਿੱਤਾ, ਕਿਉਂਕਿ ਇਹ ਡਰ ਸੀ ਕਿ ਪਿਸ਼ਾਵਰ ਛੱਡਣ ਤੋਂ ਬਾਅਦ ਲਾਹੌਰ ਨੂੰ ਕਬਜ਼ੇ ’ਚ ਰੱਖਣਾ ਮੁਸ਼ਕਲ ਹੋ ਜਾਵੇਗਾ। ਗਵਰਨਰ ਜਨਰਲ ਕੈਨਿੰਗ ਨੇ ਇਹ ਸਕੀਮ ਰੱਦ ਕਰ ਦਿੱਤੀ। ਬਿ੍ਰਟਿਸ਼ ਪ੍ਰਚਾਰ ਵਿਚ ਪੂਰਬੀ ਸਿੱਖ ਵਿਰੋਧਤਾ ਨੂੰ ਉਭਾਰਿਆ ਗਿਆ। ਪਰ ਜੇ ਪੂਰਬੀ ਧਾਰਨਾ ਮੰਨੀ ਜਾਵੇ ਤਾਂ ਬੰਗਾਲ ਫੌਜ ’ਚ ਬਹੁਤੇ ਪੂਰਬੀਏ ਸਨ। ਸਿੱਖ ਫੌਜੀਆਂ ਦੀ ਤਾਦਾਦ ਸਿਰਫ 3000 ਸੀ। ਇਹ ਪੰਜਾਬ ਤੋਂ ਬਾਹਰ ਤੈਨਾਤ ਸਨ। ਇਨ੍ਹਾਂ ’ਚੋਂ ਅੱਧਿਆਂ ਨੇ ਬਗ਼ਾਵਤ ਕਰ ਦਿੱਤੀ ਸੀ, ਜਿਸ ਕਰਕੇ ਇਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਸਿੱਖ ਰਜਵਾੜਿਆਂ ਨੇ ਮੁਸਲਮਾਂ ਅਤੇ ਹਿੰਦੂ ਰਜਵਾੜਿਆਂ ਵਾਂਗ ਅੰਗਰੇਜ਼ਾਂ ਦੀ ਜਾਨ ਅਤੇ ਮਾਲ ਨਾਲ ਮੱਦਦ ਕੀਤੀ ਸੀ। ਅੰਗਰੇਜ਼ਾਂ ਦਾ ਮਨੋਬਲ ਕਾਇਮ ਰੱਖਣ ਲਈ ਹਰ ਖਤੋ-ਖਿਤਾਬਤ ਵਿਚ ਪਹਿਲੀ ਸਤਰ ਹੁੰਦੀ ਸੀ ਕਿ ਪੰਜਾਬ ਸ਼ਾਂਤ ਹੈ, ਅਸੀਂ ਠੀਕ ਹਾਂ, ਸਭ ਠੀਕ-ਠਾਕ ਹੈ। ਇਨ੍ਹਾਂ ਧਾਰਨਾਵਾਂ ਕਰਕੇ ਜਾਨ ਲਾਰੈਂਸ ਨੇ ਇਹ ਪ੍ਰਚਾਰਿਆ ਕਿ ਉਸਨੇ ਪੰਜਾਬ ਨੂੰ ਬਚਾ ਲਿਆ ਅਤੇ ਪੰਜਾਬ ਨੇ ਹਿੰਦੋਸਤਾਨ ਨੂੰ। ਇਹ ਧਾਰਨਾਵਾਂ ਰਾਸ਼ਟਰੀ ਇਤਿਹਾਸਕਾਰੀ ਵਿਚ ਵੀ ਸ਼ਾਮਲ ਹੋ ਗਈਆਂ। ਇਨ੍ਹਾਂ ਨੂੰ ਧਿਆਨ ਨਾਲ ਵਿਚਾਰਨਾ ਚਾਹੀਦਾ ਹੈ।
ਸਾਰ ਅੰਸ਼
ਇਤਿਹਾਸ ਲੇਖਨੀ ਬਾਰੇ ਇਕ ਵਿਚਾਰ ਇਹ ਹੈ ਕਿ ਇਤਿਹਾਸ ਹਮੇਸ਼ਾ ਜੇਤੂ ਲਿਖਦਾ ਹੈ। ਪਰ ਇਤਿਹਾਸਕਾਰ ਪਾਸ ਜੇ ਵਿਧੀ ਵਿਧਾਨ ਤੇ ਸਿਰੜ ਹੈ ਤਾਂ ਉਹ ਇਸ ਵਿਚਾਰ ਨੂੰ ਪੁਨਰ ਵਿਚਾਰ ਰਾਹੀਂ ਗਲਤ ਸਾਬਤ ਕਰ ਸਕਦਾ ਹੈ। 1857 ਦਾ ਗ਼ਦਰ ਅਤੇ ਪੰਜਾਬ ਵੀ ਇਕ ਅਜਿਹਾ ਵਿਸ਼ਾ ਹੈ। ਪੰਜਾਬ ਨੂੰ ਸਿੱਖਾਂ ਨਾਲ ਜੋੜਿਆ ਗਿਆ ਤੇ ਪਰਚਾਰ ਲਈ ਸਿੱਖ ਰਜਵਾੜਿਆਂ ਨੂੰ ਅਹਿਮ ਸਥਾਨ ਦਿੱਤਾ ਗਿਆ। ਮੁਸਲਮ ਸਰਦਾਰਾਂ ਤੇ ਰਜਵਾੜਿਆਂ ਨੂੰ ਅਫਗਾਨ, ਯੂਸਫਜ਼ਈ, ਪਠਾਨ, ਅਫਰੀਦੀ ਜਾਂ ਕਬਾਇਲੀ ਕਹਿਕੇ ਪੇਸ਼ ਕੀਤਾ ਗਿਆ ਜੋ ਮਾਪਦੰਡਾਂ ਦੇ ਵਿਰੁੱਧ ਹੈ। ਇਸ ਤਰ੍ਹਾਂ ਹਿੰਦੂ ਸਰਦਾਰਾਂ ਨੂੰ ਡੋਗਰੇ, ਗੋਰਖੇ, ਨੇਪਾਲੀ ਕਹਿ ਕੇ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਕਰਦਿਆਂ ਵਫ਼ਾਦਾਰੀ ਨੂੰ ਧਾਰਮਿਕ ਰੰਗਤ ਦਿੱਤੀ ਗਈ। ਬਗ਼ਾਵਤ ਨੂੰ ਇਸਾਈ ਧਰਮ ਅਤੇ ਸੱਭਿਆਚਾਰ ਨਾਲ ਜੋੜਿਆ ਗਿਆ ਅਤੇ ਭਾਰਤੀਆਂ ਨੂੰ ਬਰਬਰ ਅਤੇ ਗੈਰ ਸਭਿਅਕਾਂ ਵਜੋਂ ਪੇਸ਼ ਕੀਤਾ ਗਿਆ। ਅੰਗਰੇਜ਼ੀ ਦਹਿਸ਼ਤ ਦੇ ਨਵੇਂ ਅਤੇ ਮੱਧਕਾਲੀ ਤਰੀਕੇ ਵਰਤੇ ਗਏ, ਜੋ ਮੁਗਲਾਂ ਨੂੰ ਪਿੱਛੇ ਛੱਡ ਗਏ। ਇਹ ਵਿਚਾਰ ਅੰਗਰੇਜ਼ ਇਤਿਹਾਸਕਾਰ ਐਡਵਰਡ ਟੋਮਸਨ ਨੇ 1925 ਵਿਚ ਉਜਾਗਰ ਕੀਤਾ। ਪੰਜਾਬੀਆਂ ਪਾਸੋਂ 1846 ਤੇ 1849 ਵਿਚ ਹਥਿਆਰ ਖੋਹ ਲਏ ਗਏ ਸਨ, ਜਿਸ ਕਰਕੇ ਲੜਨਾ ਮੁਸ਼ਕਲ ਸੀ। ਬਹੁਤ ਸਾਰੇ ਅੱਵਧ ਦੇ ਫੌਜੀ ਪੰਜਾਬ ’ਚੋਂ ਖਿਸਕ ਗਏ ਤੇ ਲੋਕਾਂ ਨੇ ਕੁੱਝ ਨਾ ਕਿਹਾ। ਇਹ ਜ਼ਿਆਦਾਤਰ ਦਿੱਲੀ ਲੜਨ ਲਈ ਗਏ। ਅੰਗਰੇਜ਼ਾਂ ਨੇ ਮੰਨਿਆ ਹੈ ਕਿ ਸਿੱਖਾਂ ਨੇ ਦਿੱਲੀ ਦੇ ਘੇਰੇ ਵੇਲੇ ਵਿਦਰੋਹੀਆਂ ਦਾ ਸਾਥ ਦਿੱਤਾ ਸੀ।
- ਪ੍ਰੋਫੈਸਰ ਅਤੇ ਮੁੱਖੀ (ਸੇਵਾਮੁਕਤ)
ਇਤਿਹਾਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ਼੍ਰੀ ਅੰਮ੍ਰਿਤਸਰ ਸਾਹਿਬ