
ਪ੍ਰੋ. ਸ਼ਮਸ਼ੁਲ ਇਸਲਾਮ
ਰਾਸ਼ਟਰੀ ਸੋਇਮ ਸੇਵਕ ਸੰਘ (ਆਰਐੱਸਐੱਸ) ਜਾਂ ‘ਸੰਘ’, ਜੋ ਆਪਣੇ-ਆਪ ਬਾਰੇ ਸੰਸਾਰ ਭਰ ਦੇ ਹਿੰਦੂਆਂ ਦਾ ਸਭ ਤੋਂ ਵੱਡਾ ਸੰਗਠਨ ਹੋਣ ਦਾ ਦਾਅਵਾ ਕਰਦਾ ਹੈ, ਅਸਲ ਵਿਚ ਇਕ ਅਜਿਹਾ ਵਿਲੱਖਣ ਸੰਗਠਨ ਹੈ, ਜੋ ਆਪਣੇ ਕਾਡਰ ਨੂੰ ਜਰਮਨੀ ਦੇ ਨਾਜ਼ੀ ਤਾਨਾਸ਼ਾਹ ਹਿਟਲਰ ਦੇ ਪ੍ਰਚਾਰ ਮੰਤਰੀ ਗੋਇਬਲਜ਼ ਨਾਲੋਂ ਵੀ ਵੱਧ ਝੂਠ ਘੜਨ ਤੇ ਫੈਲਾਉਣ ਦੀ ‘ਦੀਕਸ਼ਾ’ (ਟਰੇਨਿੰਗ ਜਾਂ ਸਿਖਲਾਈ) ਦਿੰਦਾ ਹੈ। ਇਹ ਇਕ ਗੁਰੂਕੁਲ ਵਾਂਗ ਕੰਮ ਕਰਦਾ ਹੈ, ਜਿੱਥੇ ਉਚ ਜਾਤਾਂ ਦੇ ਹਿੰਦੂਆਂ ਲਈ ਉਚ ਜਾਤੀ ਸੰਸਥਾ ਹੁੰਦੀ ਹੈ। ਇੱਥੇ ਸਿੱਖਿਆਰਥੀ, ਉਸ ਸਭ ਕੁੱਝ ਦਾ ਵੀ ਅਭਿਆਸ ਕਰਦੇ ਹਨ ਤੇ ਝੂਠ ਬੋਲਣ ਦੀ ਡਿਗਰੀ ਹਾਸਲ ਕਰਦੇ ਹਨ ਜਿਸ ਨੂੰ ਜਾਰਜ਼ ਔਰਵੈਲ ਨੇ ਦੂਹਰੀ ਭਾਸ਼ਾ ਕਿਹਾ ਸੀ। ਇਸੇ ਲਈ ਆਰ.ਐਸ.ਐਸ. ਦੀ ਠੀਕ ਹੀ, ਇਕ ਅਜਿਹੀ ਸੰਸਥਾ ਵਜੋਂ ਵਿਆਖਿਆ ਕੀਤੀ ਜਾਂਦੀ ਹੈ, ਜੋ ਦੁਹਰੀ ਰਾਜਨੀਤਕ ਭਾਸ਼ਾ ਬੋਲਣ ਕਾਰਨ ਵੱਧਦੀ-ਫੁਲਦੀ ਹੈ। ਦੂਹਰੀ ਹੀ ਨਹੀਂ, ਬਲਕਿ ਤੀਹਰੀ, ਚੌਹਰੀ…. ਤੋਂ ਵੀ ਵੱਧ ਭਾਸ਼ਾ ਬੋਲ ਸਕਦੇ ਹਨ। (26 ਅਗਸਤ 2022 ਦੇ ‘ਟਾਈਮਜ਼ ਆਫ ਇੰਡੀਆ’ ਦਾ ਸੰਪਾਦਕੀ) ਇਹ ਸਿਰਫ ਝੂਠਾਂ ਦੇ ਸਹਾਰੇ ਹੀ ਅਖੌਤੀ ਛੋਟੀਆਂ ਜਾਤਾਂ, ਘੱਟ ਗਿਣਤੀਆਂ ਤੇ ਬਹੁ ਸੱਭਿਅਤਾਵਾਦੀਆਂ ਵਿਰੁੱਧ ਜ਼ਹਿਰ ਫੈਲਾਉਂਦੇ ਹਨ।
ਸੰਘ ਦੇ ਇਸ ਜਮਾਂਦਰੂ ਸੁਭਾਅ ਦੇ ਦੇਸ਼ ਨੂੰ ਉਦੋਂ ਚੰਗੀ ਤਰ੍ਹਾਂ ਦਰਸ਼ਨ ਹੋਏ ਸਨ ਜਦੋਂ 28 ਅਪ੍ਰੈਲ 2024 ਨੂੰ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਇਕ ਵੀਡੀਓ ’ਚ ਇਹ ਪ੍ਰਤੀਕਰਮ ਦਿਤਾ ਸੀ ਕਿ, “ਇਹ ਗਲਤ ਗੱਲ ਹੈ, ਕੁਸੱਤ ਹੈ, ਸੰਘ ਸ਼ੁਰੂ ਤੋ ਹੀ ਸੰਵਿਧਾਨ ਮੁਤਾਬਕ ਰਾਖਵੇਂਕਰਨ ਦਾ ਸਮਰਥਨ ਕਰਦਾ ਆ ਰਿਹਾ ਹੈ। ਸੰਘ ਇਹ ਵੀ ਕਹਿੰਦਾ ਹੈ ਕਿ ਇਹ ਰਿਜਰਵੇਸ਼ਨ ਉਦੋਂ ਤੱਕ ਜਾਰੀ ਰਹੇ, ਜਦੋਂ ਤੱਕ ਇਸਦਾ ਲਾਭ ਲੈਣੇ ਵਾਲੇ ਇਸ ਨੂੰ ਜ਼ਰੂਰੀ ਸਮਝਦੇ ਹਨ। ਇਹ ਨੀਤੀ ਉਦੋਂ ਤਾਈਂ ਜਾਰੀ ਰਹੇ, ਜਦੋਂ ਤੱਕ ਸਮਾਜ ’ਚ ਵਿਤਕਰਾ ਹੈ।’’ ਜਿਸ ਵੀਡੀਓ ਬਾਰੇ ਇਹ ਪ੍ਰਤੀਕਰਮ ਆਇਆ ਸੀ, ਉਸ ਰਾਹੀਂ ਸੰਘ ਦੇ ਇਕ ‘ਵਿਦਵਾਨ’ ਨੇ ਸੰਵਿਧਾਨਕ ਰਿਜ਼ਰੇਸ਼ਨ ਦੇ ਖਾਤਮੇ ਦਾ ਸੱਦਾ ਦਿੱਤਾ ਸੀ। ਯਾਦ ਰਹੇ ਉਦੋਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਸਨ। ਸੰਵਿਧਾਨ ਨਿਰਮਾਤਾਵਾਂ ਨੇ ਆਜ਼ਾਦ ਭਾਰਤ ਦੇ ਸੰਵਿਧਾਨ ਵਿਚ ਜਦੋਂ ਅਨੁਸੂਚਿਤ ਜਾਤਾਂ ਤੇ ਕਬੀਲਿਆਂ ਲਈ ਰਾਖਵੇਂਕਰਨ ਦੀ ਵਿਵਸਥਾ ਕੀਤੀ ਸੀ ਤਾਂ ਸੰਘ ਦੇ ਸਿਧਾਂਤਕਾਰ ਤੇ ਇਸ ਦੇ ਦੂਜੇ ਮੁਖੀ ਮਾਧਵ ਸਦਾਸ਼ਿਵ ਗੋਲਵਲਕਰ ਨੇ ਇਸ ’ਤੇ ਸਖ਼ਤ ਪ੍ਰਤੀਕਰਮ ਦਿੰਦੇ ਹੋਏ ਉਦੋਂ ਦੇ ਹਾਕਮਾਂ ’ਤੇ ਦੋਸ਼ ਲਾਇਆ ਸੀ ਕਿ ਉਹ (ਹਾਕਮ) ਹਿੰਦੂਆਂ ਦੀ ਸਮਾਜਿਕ ਇੱਕਜੁਟਤਾ ਦੀਆਂ ਜੜ੍ਹਾਂ ਪੁੱਟ ਰਹੇ ਹਨ ਅਤੇ ਉਨ੍ਹਾਂ ਦੀ ਉਸ ਪਛਾਣ ਦੀ ਭਾਵਨਾ ਨੂੰ ਤਬਾਹ ਕਰ ਰਹੇ ਹਨ, ਜਿਸਨੇ ਅਤੀਤ ’ਚ ਸਾਰੇ ਫਿਰਕਿਆਂ ’ਚ ਇਕਸੁਰਤਾ ਬਣਾਈ ਰੱਖੀ ਹੈ।’’ ਉਸਨੇ ਇਹ ਮੰਨਣ ਤੋਂ ਵੀ ਇਨਕਾਰ ਕੀਤਾ ਕਿ ਹਿੰਦੂ ਸਮਾਜਿਕ ਤਾਣੇ-ਬਾਣੇ ਦੀਆਂ ਜੜ੍ਹਾਂ ’ਚ ਛੋਟੀਆਂ ਜਾਤਾਂ ਦੀ ਅਣਦੇਖੀ ਦਾ ਰੁਝਾਨ ਬੈਠਾ ਹੈ। (ਗੋਲਵਾਲਕਰ ਦੀ ਕਿਤਾਬ- ‘ਬੰਚ ਆਫ ਥੌਟਸ’, ਐਡੀਸ਼ਨ ਤੀਜਾ-1996, ਪੰਨਾ 363) ਜਦੋਂ ਉਸਨੂੰ ਪੁੱਛਿਆ ਗਿਆ ਕਿ ਸੰਵਿਧਾਨ ਵੱਲੋਂ ਦਲਿਤਾਂ ਨੂੰ ਦਿੱਤੀ ਗਰੰਟੀ ਅਤੇ ਉਸ ਵਿਚ ਕੀਤੇ ਵਾਧੇ ਬਾਰੇ ਉਹ ਕੀ ਸੋਚਦੇ ਹਨ? ਉਸਦਾ ਜਵਾਬ ਸੀ, ‘‘ਡਾ. ਅੰਬੇਦਕਰ ਨੇ ਅਨੁਸੂਚਿਤ ਜਾਤੀਆਂ ਲਈ ਇਹ ਖਾਸ ਅਧਿਕਾਰ, ਉਦੋਂ ਤੋਂ ਲੈ ਕੇ ਜਦੋਂ ਅਸੀਂ 1950 ’ਚ ਆਜ਼ਾਦ ਗਣਤੰਤਰ ਬਣੇ ਸਾਂ, ਸਿਰਫ 10 ਸਾਲ ਲਈ ਹੀ ਦਿੱਤੇ ਸਨ। ਪਰ ਇਹ ਤਾਂ ਹਾਲੇ ਵੀ ਜਾਰੀ ਹੈ, ਤੇ ਇਸ ਵਿਚ ਵਾਧਾ ਕੀਤਾ ਜਾ ਰਿਹਾ ਹੈ। ਸਿਰਫ ਜਾਤ ਦੇ ਆਧਾਰ ’ਤੇ ਖਾਸ ਅਧਿਕਾਰ ਜਾਰੀ ਰੱਖਣ ਨਾਲ, ਉਨ੍ਹਾਂ ਵਿੱਚੋਂ ਹੀ ਕੁੱਝ ਲੋਕਾਂ ਦੇ ਨਿੱਜੀ ਮੁਫਾਦ ਜੁੜ ਜਾਣਗੇ ਤੇ ਉਹ ਖ਼ੁਦ ਇਕ ਵੱਖਰੇ ਗੁੱਟ ਵਜੋਂ ਰਹਿਣਗੇ। ਜਿਸ ਨਾਲ ਬਾਕੀ ਹਿੰਦੂ ਸਮਾਜ ਨਾਲ ਉਨ੍ਹਾਂ ਦੇ ਜੁੜਾਉ ਨੂੰ ਨੁਕਸਾਨ ਹੋਵੇਗਾ।’’ (ਸਾਹਿਤ ਸਿੰਧੂ 1974, ਪੰਨਾ 16)
ਗੋਲਵਲਕਰ ਲਈ ਇਹ ਕਦੇ ਮੁੱਦਾ ਨਹੀਂ ਰਿਹਾ ਕਿ ਸ਼ੂਦਰਾਂ ਦੇ ਦਲਿਤਾਂ ਨਾਲ ਪਿਛਲੇ ਹਜ਼ਾਰਾਂ ਸਾਲਾਂ ਤੋਂ ਹੁੰਦੀ ਆ ਰਹੀ ਬੇਇਨਸਾਫ਼ੀ ਨੂੰ ਕਿਵੇਂ ਰੋਕਿਆ ਜਾਵੇ। ਇਸਦੇ ਉਲਟ ਉਹ ਪੂਰਾ ਤੇ ਵਾਧੂ ਧਿਆਨ ਰੱਖਦਾ ਹੈ ਕਿ ਉਨ੍ਹਾਂ ਦੇ ਹਿੰਦੂਆਂ ਨਾਲੋਂ ਵੱਖਰੇਵੇਂ ਨੂੰ ਜ਼ਿਆਦਾ ਤਵੱਜੋਂ ਨਾ ਦਿੱਤੀ ਜਾਵੇ। ਉਸਨੇ ਕਦੇ ਵੀ ਇਸ ਸੱਚਾਈ ਨੂੰ ਨਹੀਂ ਮੰਨਿਆ ਕਿ ਭਾਰਤ ਵਿਚ ਨੀਵੀਆਂ ਜਾਤਾਂ ਨਾਲ ਬਹੁਤ ਬੁਰਾ ਵਰਤਾਓ ਕੀਤਾ ਜਾਂਦਾ ਹੈ। 14 ਅਕਤੂਬਰ 1972 ਨੂੰ ਦੇਸ਼ ਦੇ ਇਕ ਹਿੱਸੇ ਵਿਚ ਹੋਏ ਦਲਿਤਾਂ ਦੇ ਕਤਲੇਆਮ ਦੇ ਪ੍ਰਤੀਕਰਮ ਵਜੋਂ ਉਸਨੇ ਲਿਖਿਆ ਸੀ, ‘‘ਅੱਜ ਕੱਲ ਇਹ ਇਕ ਰਿਵਾਜ਼ ਬਣ ਗਿਆ ਹੈ ਕਿ ‘ਸਾਧਾਰਨ’ ਘਟਨਾ ਨੂੰ ਹਰੀਜਨ ਬਨਾਮ ਗੈਰ ਹਰੀਜਨ ਦਾ ਰੰਗ ਦੇ ਦਿੱਤਾ ਜਾਵੇ। (ਯਾਦ ਕਰੋ, ਪਾਰਲੀਮੈਂਟ ’ਚ ਡਾ. ਅੰਬੇਦਕਰ ਬਾਰੇ ਬਿਲਕੁੱਲ ਇਹੀ ਵਾਕ ਅਮਿਤ ਸ਼ਾਹ ਨੇ ਕਹੇ ਸਨ) ਅਜਿਹਾ ਸ਼ਾਇਦ ਸਿਆਸੀ ਮੰਤਵਾਂ ਤੋਂ ਪ੍ਰੇਰਤ ਹੋ ਕੇ ਕੀਤਾ ਜਾਂਦਾ ਹੈ ਤਾਂ ਜੋ ਲੋਕਾਂ (ਯਾਨਿ ਹਿੰਦੂਆਂ) ਦੀ ਇਕਜੁੱਟਤਾ ਅਤੇ ਯਕਯਹਿਤੀ ’ਚ ਤਰੇੜਾਂ ਖੋਦੀਆਂ ਜਾਣ ਤੇ ਤੁਰੰਤ ਲਾਭ ਲੈਣ ਲਈ, ਲੋਕਾਂ ਦੀ ਭਲਾਈ ਦੀ ਵੀ ਕੁਰਬਾਨੀ ਦੇ ਦਿੱਤੀ ਜਾਂਦੀ ਹੈ। ਅਜੋਕੇ ਅਜਿਹੇ ਰੁਝਾਨਾਂ ਤੇ ਰਿਵਾਜਾਂ ਦਾ ਇਹ ਬਹੁਤ ਹੀ ਮੰਦਭਾਗਾ ਪਹਿਲੂ ਹੈ। ਸਾਨੂੰ ਸਾਡੇ ਕੰਮਾਂ ਰਾਹੀਂ ਅਜਿਹੇ ਜ਼ਹਿਰੀਲੇ ਰੁਝਾਨਾਂ ਬਾਰੇ ਸ਼ੰਕੇ ਦੂਰ ਕਰਨੇ ਚਾਹੀਦੇ ਹਨ।’’ (ਗੋਲਵਲਕਰ ਸਮਗਰ ਦਰਸ਼ਨ, ਸਾਂਚੀ 7, 1974, ਪੰਨਾ 244)
ਗੋਲਵਲਕਰ ਦੀ ਦਲਿਤਾਂ ਬਾਰੇ ਨਫ਼ਰਤ, ਜਾਤੀ-ਪਾਤੀ ਸਿਸਟਮ ’ਚ ਉਸਦੇ ਪੱਕੇ ਵਿਸ਼ਵਾਸ਼ ਦਾ ਨਤੀਜਾ ਸੀ। ਜਿਸ ਸਿਸਟਮ ਅਧੀਨ ਦਲਿਤਾਂ ਨੂੰ ਜ਼ਿੰਦਗੀ ਜਿਉਣ ਸਮੇਤ ਕੋਈ ਵੀ ਅਧਿਕਾਰ ਨਹੀਂ। ਉਸ ਲਈ ਜਾਤ-ਪਾਤ ਤੇ ਹਿੰਦੂ ਰਾਸ਼ਟਰ ਇਕੋ ਜਿਹੇ ਅਰਥ ਰੱਖਦੇ ਸਨ। ਉਸ ਮੁਤਾਬਕ ਹਿੰਦੂ ਲੋਕ ਹੋਰ ਕੁੱਝ ਵੀ ਨਹੀਂ, ਪਰ ਹੇਠ ਲਿਖੇ ਅਨੁਸਾਰ ਹੀ ਹਨ।
‘‘ਵਿਰਾਟ ਪੁਰਸ਼ ਭਾਵ ਸਰਬ ਸ਼ਕਤੀਮਾਨ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕਰਦਾ ਹੈ। ਪੁਰਸ਼ ਸੂਕਤ ਅਨੁਸਾਰ ਸੂਰਜ ਤੇ ਚੰਦਰਮਾ ਉਸ ਦੀਆਂ ਅੱਖਾਂ ਹਨ ਤੇ ਤਾਰੇ ਅਤੇ ਆਕਾਸ਼ ਉਸਦੀ ਨਾਭੀ (ਧੁੰਨੀ) ਤੋਂ ਪੈਦਾ ਹੋਏ ਹਨ ਅਤੇ ਬ੍ਰਾਹਮਣ ਉਸਦਾ ਸਿਰ ਹੈ, ਕਸ਼ੱਤਰੀਯ ਉਸਦੇ ਹੱਥ (ਬਾਹਾਂ) ਹਨ, ਵੈਸ਼ ਉਸਦੇ ਪੱਟ ਹਨ ਅਤੇ ਸ਼ੂਦਰ ਉਸਦੇ ਪੈਰ ਹਨ। ਇਸਦਾ ਅਰਥ ਹੈ ਕਿ ਉਹ ਲੋਕ ਜੋ ਇਸ ਚਾਰ ਤੈਹਾਂ ਦੀ ਤਨਜ਼ੀਮ ਨੂੰ ਮੰਨਦੇ ਹਨ, ਭਾਵ ਹਿੰਦੂ ਲੋਕ ਹਨ, ਮੁਤਾਬਕ ਇਹੀ ਸਾਡਾ ਰੱਬ (ਵਿਰਾਟ ਪੁਰਸ਼) ਹੈ। ਰੱਬ ਦਾ ਇਹ ਸਰਵ-ਉੱਚ ਨਜ਼ਰੀਆ, ਸਾਡੇ ‘ਰਾਸ਼ਟਰ’ ਦੇ ਸੰਕਲਪ ਦਾ ਕੇਂਦਰੀ ਨੁਕਤਾ ਹੈ। ਇਹੀ ਸਾਡੀ ਸੋਚ ਅੰਦਰ ਰਚਿਆ-ਮਿਚਿਆ ਹੈ। ਅਤੇ ਇਸੇ ਨੇ ਹੀ ਸਾਰੀ ਸੱਭਿਆਚਾਰਕ ਵਿਰਾਸਤ ਦੇ ਵੱਖੋ-ਵੱਖਰੇ ਵਿਲੱਖਣ ਸੰਕਲਪਾਂ ਨੂੰ ਜਨਮ ਦਿੱਤਾ ਹੈ।’’ (ਗੋਲਵਾਲਕਰ, ਬੰਚ ਆਫ ਥੌਟਸ ਪੰਨਾ 36-37)
ਇਹ ਮਨੂੰ ਦੀ ਸ਼ੂਦਰ ਵਿਰੋਧੀ ਸਿਮਰਤੀ ਨੂੰ ਘੁੰਮਾ-ਫਿਰਾ ਕੇ ਕਹਿਣ ਤੋਂ ਸਿਵਾਏ ਹੋਰ ਕੁੱਝ ਵੀ ਨਹੀਂ। ਗੋਲਵਲਕਰ ਇਹ ਮੰਨਣ ਤੋਂ ਇਨਕਾਰੀ ਰਿਹਾ ਕਿ ਜਾਤ-ਪਾਤ ਹਿੰਦੂ ਧਰਮ ਲਈ ਜ਼ਹਿਰ ਸੀ ਜਾਂ ਇਸਨੇ ਹਿੰਦੂਆਂ ਅੰਦਰ ਏਕੇ ਦੀ ਭਾਵਨਾ ’ਚ ਰੁਕਾਵਟਾਂ ਪਾਈਆਂ। ਗੋਲਵਲਕਰ ਲਿਖਦੇ ਹਨ, ‘‘ਹਿੰਦੂਆਂ ਦੇ ਭੰਡੀ ਪ੍ਰਚਾਰ ’ਚ ਲੱਗੇ ਲੋਕ, ਜਾਤੀ-ਪਾਤੀ ਪਰਣਾਲੀ ਨੂੰ ਵਹਿਮਾਂ ਭਰਮਾਂ ਵਜੋਂ ਅਤੇ ਸਾਖ਼ਰਤਾ ਦੀ ਘਾਟ ਵਜੋਂ ਪ੍ਰਚਾਰਦੇ ਹਨ, ਸਮਾਜਿਕ ਤਾਣੇ-ਬਾਣੇ ’ਚ ਔਰਤਾਂ ਦੀ ਦਸ਼ਾ ਦਾ ਵੀ ਜ਼ਿਕਰ ਕਰਦੇ ਹਨ ਅਤੇ ਹਿੰਦੂ ਸੱਭਿਆਚਾਰਕ ਸੰਸਥਾਵਾਂ ਬਾਰੇ ਹੋਰ ਵੀ ਕਈ ਤਰ੍ਹਾਂ ਦੇ ਸੱਚ-ਝੂਠ ਬੋਲਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਹਿੰਦੂਆਂ ਦੀਆਂ ਕਮਜ਼ੋਰੀਆਂ ਸਿਰਫ ਇਨ੍ਹਾਂ ਗੱਲਾਂ ਕਰਕੇ ਹੀ ਹਨ।’’ (ਗੋਲਵਲਕਰ, ਉਹੀ, ਪੰਨਾ 61-62)
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ, ਜਿਨ੍ਹਾਂ ਨੇ ਸੰਘ ਨੂੰ ਵੱਧਦੇ-ਫੁੱਲਦੇ ਦੇਖਿਆ ਸੀ ਅਤੇ ਜੋ ਇਸ ਦੀਆਂ ਤਬਾਹਕੁਨ ਰੁਚੀਆਂ ਤੋਂ ਜਾਣੂੰ ਸਨ, ਨੇ ਸੋਚਿਆ-ਵਿਚਾਰਿਆ ਤੇ ਸਿੱਟਾ ਕੱਢਿਆ ਸੀ ਕਿ ਸੰਘ ਵੱਲੋਂ ਅਪਣਾਈ ਗਈ ਹਿੰਦੂਤਵੀ ਵਿਚਾਰਧਾਰਾ ਕੁੱਝ ਵੀ ਨਹੀਂ ਸਿਵਾਏ ਇਸ ਵਿਉਂਤਬੰਦੀ ਦੇ ਕਿ ਉਚ ਜਾਤੀ ਹਿੰਦੂਆਂ ਨੇ ਸਮਾਜ ਤੇ ਇਸਦੇ ਸਾਧਨਾਂ ਤੇ ਕਬਜ਼ਾ ਕਿਵੇਂ ਜਮ੍ਹਾ ਕੇ ਰੱਖਣਾ ਹੈ। ਉਨ੍ਹਾਂ ਨੇ ਲਿਖਿਆ ਸਿ, ‘‘ਉਨ੍ਹਾਂ (ਸੰਘ ਵਾਲਿਆਂ) ਦੇ ਆਚਰਣ ਦਾ ਇਕ ਇਕ ਲੱਛਣ ਹੈ ਜੋ ਅਕਸਰ ਹਿੰਦੂਆਂ ਨੂੰ ਤਬਾਹੀ ਵੱਲ ਲਿਜਾਂਦਾ ਹੈ। ਇਹ ਲੱਛਣ ਉਹ ਆਪਣੇ ਕੁਦਰਤੀ ਸੁਭਾਅ ਦੇ ਲਾਲਸਾਮਈ ਹੋਣ ਕਾਰਨ ਪ੍ਰਾਪਤ ਕਰਦੇ ਹਨ ਅਤੇ ਇਸੇ ਕਾਰਨ ਉਹ ਜ਼ਿੰਦਗੀ ਦੀਆਂ ਚੰਗੀਆਂ ਗੱਲਾਂ ਦੂਜਿਆਂ ਨਾਲ ਸਾਂਝੀਆਂ ਕਰਨ ਤੋਂ ਕੰਨੀ ਕਤਰਾਉਂਦੇ ਹਨ। ਉਨ੍ਹਾਂ ਦੀ ਸਿੱਖਿਆ ਅਤੇ ਸਿਹਤ ’ਤੇ ਅਜਾਰੇਦਾਰੀ ਹੈ ਅਤੇ ਧਨ ਬਲ ਤੇ ਸਿੱਖਿਆ ਨਾਲ ਉਨ੍ਹਾਂ ਨੇ ਸਟੇਟ (ਰਾਜ) ਨੂੰ ਕਾਬੂ ਕੀਤਾ ਹੈ। ਇਸ ਅਜਾਰੇਦਾਰੀ ਨੂੰ ਆਪਣੇ ਤੱਕ ਸੀਮਤ ਰੱਖਣਾ ਉਨ੍ਹਾਂ ਦੀ ਲਾਲਸਾ ਤੇ ਜ਼ਿੰਦਗੀ ਦਾ ਨਿਸ਼ਾਨਾ ਹੈ। ਉਹ ਹਰ ਚਾਲ ਜਮਾਤੀ ਧੌਂਸ ਦੇ ਇਸ ਖੁਦਗਰਜ਼ ਵਿਚਾਰ ਤੋਂ ਉਤਸ਼ਾਹਿਤ ਹੋ ਕੇ ਚਲਦੇ ਹਨ, ਜਿਸ ਨਾਲ ਉਹ ਹਿੰਦੂਆਂ ਦੀਆਂ ਨੀਵੀਆਂ ਜਮਾਤਾਂ ਨੂੰ ਧਨ-ਦੌਲਤ, ਸਿੱਖਿਆ, ਤਾਕਤ ਤੋਂ ਵਾਂਝੇ ਰੱਖਦੇ ਹਨ। ਸਿੱਖਿਆ, ਸਿਹਤ, ਤਾਕਤ ਨੂੰ ਸਿਰਫ ਆਪਣੇ ਤੱਕ ਸੀਮਤ ਕਰਦੇ ਹੋਏ ਦੂਜਿਆਂ ਨਾਲ ਇਸਦੀ ਸਾਂਝੇਦਾਰੀ ਤੋਂ ਇਨਕਾਰ ਕਰਦੇ ਹਨ। ਉਚ ਜਾਤੀ ਹਿੰਦੂਆਂ ਨੇ, ਨੀਵੀਂ ਜਾਤੀ ਦੇ ਹਿੰਦੂਆਂ ਪ੍ਰਤੀ ਜੋ ਵਿਤਕਰਾ ਅਪਣਾਇਆ ਹੈ, ਉਸੇ ਨੂੰ ਮੁਸਲਮਾਨਾਂ ’ਤੇ ਵੀ ਲਾਗੂ ਕਰਦੇ ਹਨ। ਉਹ ਮੁਸਲਮਾਨਾਂ ਨੂੰ ਵੀ ਤਾਕਤ ਅਤੇ ਹੋਰ ਥਾਂਵਾਂ ਤੋਂ ਉਵੇਂ ਹੀ ਵਾਂਝਾ ਕਰਦੇ ਹਨ ਜਿਵੇਂ ਨੀਵੀਂ ਜਾਤੀ ਦੇ ਹਿੰਦੂਆਂ ਨੂੰ ਕਰਦੇ ਹਨ। ਉਚ ਜਾਤੀ ਹਿੰਦੂਆਂ ਦਾ ਇਹ ਲੱਛਣ ਉਨ੍ਹਾਂ ਦੀ ਰਾਜਨੀਤੀ ਨੂੰ ਸਮਝਣ ਦੀ ਕੂੰਜੀ ਹੈ।’’ (ਮਹਾਰਾਸ਼ਟਰ ਸਰਕਾਰ ਵੱਲੋਂ ਭਾਰਤ ਦੀ ਵੰਡ ਬਾਰੇ ਛਾਪੀ ਕਿਤਾਬ, ਪੰਨਾ ਨੰ. 123)
ਸੰਨ 1981 ਵਿਚ ਸੰਘ ਦਾ ਰਿਜਰਵੇਸ਼ਨ ਵਿਰੋਧ ਖੁੱਲ੍ਹ ਕੇ ਸਾਹਮਣੇ ਆਇਆ, ਜਦੋਂ ਇਨ੍ਹਾਂ ਦੇ ਕਾਡਰ ਨੇ ਗੁਜਰਾਤ ਵਿਚ ਸਮਾਜਿਕ-ਆਰਥਿਕ ਤੌਰ ’ਤੇ ਪਛੜੇ ਲੋਕਾਂ ਨੂੰ ਦਿੱਤੀ ਰਿਜ਼ਰਵੇਸ਼ਨ ਦਾ ਘਟੀਆ ਢੰਗ ਨਾਲ ਖੁੱਲ੍ਹਮ-ਖੁੱਲਾ ਵਿਰੋਧ ਕੀਤਾ ਸੀ। ਇਹ ਰਿਜ਼ਰਵੇਸ਼ਨ ਮਾਧਵ ਸਿਨ ਸੋਲੰਕੀ ਦੇ ਕਾਂਗਰਸੀ ਮੁੱਖ ਮੰਤਰੀ ਹੁੰਦਿਆਂ ਲਿਆਂਦੀ ਗਈ ਸੀ। ਉਦੋਂ 2 ਪੁਲਿਸ ਅਧਿਕਾਰੀਆਂ ਸਮੇਤ 100 ਬੰਦੇ ਮਾਰੇ ਗਏ ਸਨ। ਇਹ ਨੋਟ ਕਰਨਾ ਦਿਲਚਸਪ ਹੋਵੇਗਾ ਕਿ ਅੱਜ ਵਾਂਗ ਉਦੋਂ ਵੀ ਰਿਜ਼ਰਵੇਸ਼ਨ ਦੀ ਬਹਿਸ ਨੂੰ ਸਥਾਨਕ ਮੁਸਲਮਾਨਾਂ ਵਿਰੁੱਧ ਜ਼ਹਿਰ ਫੈਲਾਉਣ ਲਈ ਵਰਤਿਆ ਗਿਆ ਸੀ ਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।
(ਅਨੁਵਾਦ ਪ੍ਰੋ. ਜੈਪਾਲ ਸਿੰਘ)