ਪ੍ਰੋ. ਜੈਪਾਲ ਸਿੰਘ
ਪਿਛਲੇ ਕਈ ਸਾਲਾਂ ਤੋਂ, ‘ਬਜਰੰਗ ਦਲ’, ‘ਵਿਸ਼ਵ ਹਿੰਦੂ ਪ੍ਰੀਸ਼ਦ’ ਤੇ ਹੋਰ ਸੰਘੀ ਸੰਗਠਨਾਂ ਵੱਲੋਂ, ਆਪਣੇ ਪਿੱਤਰੀ ਸੰਗਠਨ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦੇ ਥਾਪੜੇ ਨਾਲ ਹਿੰਦੂ ਧਰਮ ਨਾਲ ਸਬੰਧਤ ਪਵਿੱਤਰ ਤਿਉਹਾਰਾਂ ਜਿਵੇਂ ਰਾਮ ਨੌਮੀ, ਨਵਰਾਤਰੇ, ਜਨਮ ਅਸ਼ਟਮੀ, ਹੋਲੀ ਆਦਿ ਮੌਕੇ ਅਤੇ ਗਰਬਾ ਜਿਹੇ ਸਥਾਨਕ ਉਤਸਵਾਂ ਦੌਰਾਨ ਫਿਰਕੂ ਵੰਡ ਤਿੱਖੀ ਕਰਨ ਲਈ ਹੁੱਲੜਬਾਜੀ ਕਰਕੇ ਦੰਗੇ ਭੜਕਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਵਿਚ ਵੀ ਹੁਣ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹੀ ਕਿ ਇਹ ਖਰੂਦੀ, ਭਾਈਚਾਰਕ ਸਾਂਝ ਦੇ ਜੜ੍ਹੀ ਤੇਲ ਦੇਣ ਵਾਲੀਆਂ ਉਕਤ ਦੇਸ਼ ਵਿਰੋਧੀ ਕਰਵਾਈਆਂ, ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਾਈ ਭਾਜਪਾ ਸਰਕਾਰਾਂ ਦੀ ਨੰਗੀ-ਚਿੱਟੀ ਸਰਪ੍ਰਸਤੀ ਅਤੇ ਭਾਗੀਦਾਰੀ ਨਾਲ ਕਰਦੇ ਹਨ। ਇਹ ਉਪਦਰਵੀ ਟੋਲੇ ਧਾਰਮਿਕ ਜਲੂਸਾਂ ਨੂੰ ਜਾਣ- ਬੁੱਝ ਕੇ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਥਾਵਾਂ ਅੱਗੇ ਰੋਕਦੇ ਹਨ, ਅਤਿ ਨੀਵੇਂ ਦਰਜੇ ਦੀ ਗਾਲੀ-ਗਲੋਚ ਵਾਲੀ ਭਾਸ਼ਾ ਵਰਤਦੇ ਹੋਏ ਭੜਕਾਊ ਨਾਹਰੇਬਾਜ਼ੀ ਕਰਦੇ ਹਨ, ਕੰਨ ਪਾੜਵੀਂ ਆਵਾਜ ‘ਚ ਡੀ.ਜੇ. ਵਜਾਉਂਦੇ ਹਨ ਤੇ ਮਸਜਿਦਾਂ, ਦਰਗਾਹਾਂ, ਖਾਨਗਾਹਾਂ ‘ਤੇ ਪੱਥਰ ਵਰ੍ਹਾਉਂਦੇ ਹਨ। ਅੱਗੋਂ ਜਵਾਬੀ ਪੱਥਰਬਾਜ਼ੀ ਕੀਤੇ ਜਾਣ ਜਾਂ ਸਵੈ ਰੱਖਿਆ ਦੇ ਕਦਮ ਚੁੱਕਣ ਬਦਲੇ ਪੁਲਸ- ਪ੍ਰਸ਼ਾਸ਼ਨ ਦਾ ਨਜ਼ਲਾ ਹਮਲਾਵਰ ਹੁੜਦੰਗੀਆਂ ਦੀ ਬਜਾਏ ਉਲਟਾ ਪੀੜਤਾਂ ‘ਤੇ ਜ਼ਿਆਦਾ ਝੜਦਾ ਹੈ। ਤੱਥ ਗਵਾਹ ਹਨ ਕਿ ਅਜਿਹੇ ਮਾਮਲਿਆਂ ‘ਚ ਗ੍ਰਿਫਤਾਰ ਵੀ ਘੱਟ ਗਿਣਤੀ ਭਾਈਚਾਰੇ ਦੇ ਲੋਕ ਕੀਤੇ ਜਾਂਦੇ ਹਨ ਅਤੇ ਮੁਕੱਦਮੇ ਵੀ ਇਨ੍ਹਾਂ ਖਿਲਾਫ ਹੀ ਦਰਜ ਕੀਤੇ ਜਾਂਦੇ ਹਨ।
ਚੇਤੇ ਰਹੇ ਮੁਸਲਮਾਨ ਭਾਈਚਾਰੇ ਨੂੰ ਖਲਨਾਇਕ ਅਤੇ ਘ੍ਰਿਣਾ ਦੇ ਪਾਤਰ ਬਣਾਉਣ ਲਈ ਵਰਤੇ ਜਾਂਦੇ ਗਊ ਰੱਖਿਆ, ਲਵ ਜ਼ਿਹਾਦ ਵਰਗੇ ਫਰਜ਼ੀ ਮੁੱਦਿਆਂ ਤੋਂ ਪਿਛੋਂ ਇਨ੍ਹਾਂ ਧਾਰਮਿਕ ਤਿਉਹਾਰਾਂ ਨੂੰ ਹਿੰਦੂ-ਮੁਸਲਮਾਨਾਂ ਦਰਮਿਆਨ ਪਾੜਾ ਵਧਾਉਣ ਲਈ ਵਰਤੇ ਜਾਣ ਦਾ ‘ਨਾਗਪੁਰੀ ਧੰਦਾ’ ਅੱਜ-ਕਲ੍ਹ ਪੂਰੇ ਜੋਬਨ ‘ਤੇ ਹੈ। ਇੱਥੋਂ ਤੱਕ ਕਿ ਮਹਾਂਕੁੰਭ ਨੂੰ ਵੀ ਮੁਸਲਮਾਨਾਂ ਵਿਰੁੱਧ ਨਫ਼ਰਤ ਵਧਾਉਣ ਲਈ ਰੱਜ ਕੇ ਵਰਤਿਆ ਗਿਆ। ਹਿੰਦੂਤਵੀ ਅਰਾਜਕਤਾਵਾਦੀਆਂ ਨੇ ਇਸ ਨਖਿੱਧ ਕੰਮ ਲਈ ਕਾਂਵੜ ਯਾਤਰਾ ਨੂੰ ਵੀ ਸਾਜ਼ਗਾਰ ਹਥਿਆਰ ਬਣਾ ਲਿਆ ਹੈ। ਹੱਥਲੇ ਲੇਖ ‘ਚ ਆਪਾਂ ਕੇਵਲ ਹੋਲੀ ਦੇ ਤਿਉਹਾਰ ਨਾਲ ਜੁੜੀਆਂ ਨਰੋਈਆਂ ਰਵਾਇਤਾਂ ਅਤੇ ਅਜੋਕੇ ਦੌਰ ‘ਚ ਇਸ ਮੌਕੇ ਫਿਰਕੂ-ਫਾਸ਼ੀ ਗ੍ਰੋਹਾਂ ਵੱਲੋਂ ਕੀਤੇ ਜਾਂਦੇ ਵੰਡਵਾਦੀ ਕਾਰਿਆਂ ਬਾਰੇ ਹੀ ਗੱਲ ਕਰਾਂਗੇ।
ਸਬੱਬ ਨਾਲ ਇਸ ਸਾਲ ਹੋਲੀ ਸ਼ੁੱਕਰਵਾਰ, 14 ਮਾਰਚ ਨੂੰ ਸੀ। ਉਸੇ ਦਿਨ ਮੁਸਲਮਾਨਾਂ ਵਲੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਜ਼ੁਮੇ ਦੀ ਨਮਾਜ਼ ਵੀ ਅਦਾ ਕੀਤੀ ਜਾਣੀ ਸੀ। ਯੂ.ਪੀ ਦੇ ਸੰਭਲ ਕਸਬੇ ਵਿਚ ਪਹਿਲਾਂ ਹੀ ਮਸਜਿਦ ਦੇ ਸਰਵੇਖਣ ਕਰਕੇ ਝਗੜਾ ਹੋਣ ਕਾਰਨ ਮਾਹੌਲ ਤਨਾਅ ਪੂਰਨ ਬਣਿਆ ਹੋਇਆ ਸੀ। ਉਤੋਂ, ਉਥੇ ਤਾਇਨਾਤ ਪੁਲਸ ਦੇ ਇਕ ਡੀ.ਐਸ.ਪੀ. ਅਨੁਜ ਚੌਧਰੀ ਨੇ ਇਹ ਬਿਆਨ ਦਾਗ਼ ਦਿੱਤਾ ਕਿ, “ਜ਼ੁਮਾ (ਸ਼ੁੱਕਰਵਾਰ) ਤਾਂ ਸਾਲ ‘ਚ 52 ਵਾਰ ਆਉਂਦਾ ਹੈ, ਪਰ ਹੋਲੀ ਤਾਂ ਸਿਰਫ ਇਕੋ ਵਾਰ ਆਉਂਦੀ ਹੈ, ਇਸ ਲਈ ਮੁਸਲਮਾਨ ਇਸ ਦਿਨ ਨਮਾਜ਼ ਅਦਾ ਕਰਨ ਲਈ ਘਰਾਂ ਚੋਂ ਨਾ ਨਿੱਕਲਣ।” ਚਾਹੀਦਾ ਤਾਂ ਇਹ ਸੀ ਕਿ ਸੈਕੂਲਰ ਦੇਸ਼ ਦੇ ਸੰਵਿਧਾਨ ਦੀ ਸੌਂਹ ਖਾ ਕੇ ਉਸ ਦੀ ਉਲੰਘਣਾ ਕਰਨ ਵਾਲੇ, ਫਿਰਕੂ ਸੋਚ ਨਾਲ ਗ੍ਰਸੇ ਇਸ ਬੜਬੋਲੇ ਪੁਲਿਸ ਅਧਿਕਾਰੀ ਵਿਰੁੱਧ ਤੁਰੰਤ ਕੋਈ ਕਾਰਵਾਈ ਕੀਤੀ ਜਾਂਦੀ। ਇਸ ਦੇ ਉਲਟ ਯੂ.ਪੀ. ਦੇ ਮੁੱਖ ਮੰਤਰੀ ਨੇ ਤਾਂ ਉਸਦੇ ਭੜਕਾਊ ਬਿਆਨ ਦੀ ਪ੍ਰੋੜ੍ਹਤਾ ਹੀ ਕਰ ਦਿੱਤੀ। ਇਉਂ ਹੀ ਬਿਹਾਰ ਤੋਂ ਬੀਜੇਪੀ ਦੇ ਵਿਧਾਇਕ ਹਰੀਭੂਸ਼ਨ ਠਾਕੁਰ ਨੇ ਵੀ ਮੁਸਲਮਾਨਾਂ ਨੂੰ ਉਸ ਦਿਨ ਘਰਾਂ ਚੋਂ ਬਾਹਰ ਨਾ ਨਿਕਲਣ ਦੀ ਤਾੜਨਾ ਕੀਤੀ ਸੀ। ਯੂ.ਪੀ. ਦੇ ਇਕ ਮੰਤਰੀ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੇ ਮੁਸਲਮਾਨਾਂ ਨੇ ਇਸ ਦਿਨ ਘਰਾਂ ‘ਚੋਂ ਨਿਕਲਣਾ ਹੈ ਤਾਂ ਆਪਣੇ ਸਿਰਾਂ ‘ਤੇ ਤਿਰਪਾਲ ਲੈ ਕੇ ਨਿੱਕਲਣ। ਯੂ.ਪੀ. ਤੋਂ ਬੀਜੇਪੀ ਦੀ ਵਿਧਾਇਕ ਕੇਤਕੀ ਸਿੰਘ ਨੇ ਫਿਰਕਾਪ੍ਰਸਤੀ ਦੀ ਮੱਚਦੀ ਅੱਗ ‘ਤੇ ਹੋਰ ਤੇਲ ਪਾਉਣ ਦੀ ਮੰਸ਼ਾ ਨਾਲ ਕਿਹਾ ਕਿ ਹਸਪਤਾਲਾਂ ‘ਚ ਮੁਸਲਮਾਨਾਂ ਲਈ ਵੱਖਰੇ ਵਾਰਡ ਬਣਾਏ ਜਾਣ। ਹੋਲੀ ਰੰਗਾਂ ਦਾ ਤਿਉਹਾਰ ਹੈ। ਲੇਕਿਨ ਹੋਲੀ ਖੇਡਣ ਵਾਲਿਆਂ ਵੱਲੋਂ ਆਮ ਤੌਰ ‘ਤੇ ਸਿਰਫ ਉਨ੍ਹਾਂ ਲੋਕਾਂ ‘ਤੇ ਹੀ ਰੰਗ ਪਾਏ ਜਾਂਦੇ ਹਨ, ਜੋ ਆਪਸ ਵਿਚ ਇਕ-ਦੂਜੇ ਨੂੰ ਜਾਣਦੇ ਹੋਣ ਤੇ ਹੋਲੀ ਖੇਡਣ ਦੀ ਰਜਾਮੰਦੀ ਦੇਣ। ਪਰ ਕਈ ਵਾਰ ਕੁੱਝ ਸ਼ਰਾਰਤੀ ਲੋਕ ਇਸ ਖੂਬਸੂਰਤ ਪਰਵ ਨੂੰ ਰਾਹ ਜਾਂਦੀਆਂ ਲੜਕੀਆਂ ਨਾਲ ਛੇੜਛਾੜ ਕਰਨ ਦਾ ‘ਸੁਨਹਿਰੀ ਮੌਕਾ’ ਵੀ ਬਣਾ ਲੈਂਦੇ ਹਨ। ਇਸ ਕਰਕੇ ਕਦੇ-ਕਦਾਈਂ ਝਗੜੇ ਵੀ ਹੁੰਦੇ ਹਨ, ਜਿਨ੍ਹਾਂ ‘ਤੇ ਕਾਬੂ ਪਾਉਣ ਲਈ ਪੁਲਿਸ ਨੂੰ ਮੁਸਤੈਦ ਰਹਿਣਾ ਪੈਂਦਾ ਹੈ। ਹਾਲਾਂਕਿ ਇਸ ਵਿਚ ਕੋਈ ਫਿਰਕੂ ਐਂਗਲ ਨਹੀਂ ਹੁੰਦਾ। ਹਾਂ, ਕੁੱਝ ਸ਼ਰਾਰਤੀ ਲੋਕ ਫਿਰਕੂ ਤਨਾਅ ਪੈਦਾ ਕਰਨ ਲਈ ਦੂਜੇ ਧਰਮਾਂ ਦੇ ਲੋਕਾਂ, ਯਾਨਿ ਮੁਸਲਮਾਨਾਂ ‘ਤੇ ਜਾਣ-ਬੁੱਝ ਕੇ ਰੰਗ ਪਾਉਂਦੇ ਹਨ। ਯੂ.ਪੀ. ਦੀ ਸਰਕਾਰ ਅਤੇ ਆਪਣੇ ਆਪ ਨੂੰ ‘ਬੁਲਡੋਜ਼ਰ ਬਾਬਾ’ ਕਹਾ ਕੇ ਆਨੰਦ ਲੈਣ ਵਾਲੇ ਸੂਬੇ ਦੇ ਮੁੱਖ ਮੰਤਰੀ ਨੇ ਖਰੂਦੀਆਂ ਨੂੰ ਸਖ਼ਤੀ ਨਾਲ ਰੋਕਣ ਦੇ ਹੁਕਮ ਜਾਰੀ ਕਰਨ ਦੀ ਬਜਾਏ ਇਸ ਸੰਭਾਵਿਤ ਸ਼ਰਾਰਤ ਦਾ ਤੋੜ ਇਹ ਲੱਭਿਆ ਕਿ ਬਹੁਤ ਸਾਰੀਆਂ ਮਸਜਿੱਦਾਂ ਨੂੰ ਤਿਰਪਾਲਾਂ ਨਾਲ ਢੱਕ ਦਿੱਤਾ ਗਿਆ। ਇਸ ਦੇ ਬਾਵਜੂਦ ਫਿਰਕੂ ਭੀੜਾਂ ਨੇ ਕਈ ਥਾਈਂ ਕੁੱਝ ਮਸਜਿਦਾਂ ‘ਤੇ ਰੰਗ ਸੁੱਟ ਕੇ ‘ਰੰਗ ‘ਚ ਭੰਗ’ ਪਾਉਣ ਦੀਆਂ ਨੀਚ ਹਰਕਤਾਂ ਕੀਤੀਆਂ। ਵੱਡੀ ਤਾਦਾਦ ‘ਚ ਪੁਲਿਸ ਤਾਇਨਾਤ ਹੋਣ ਦੇ ਬਾਵਜੂਦ ਅਨੇਕਾਂ ਥਾਵਾਂ ‘ਤੇ ਲੜਾਈ-ਝਗੜੇ ਹੋਏ। ਰਾਜਸਥਾਨ ਦੇ ਦੌਸਾ ਵਿਖੇ ਹੰਸਰਾਜ ਨਾਂ ਦੇ ਲੜਕੇ ਨੂੰ ਤਿੰਨ ਜਣਿਆਂ ਨੇ ਹੋਲੀ ਤੋਂ ਦੋ ਦਿਨ ਪਹਿਲਾਂ ਨਾ ਕੇਵਲ ਬੇਰਹਿਮੀ ਨਾਲ ਕੁੱਟਿਆ ਬਲਕਿ ਗਲ ਘੁੱਟ ਕੇ ਉਸ ਦੀ ਜਾਨ ਹੀ ਲੈ ਲਈ । ਹੰਸ ਰਾਜ ਦਾ ਕਸੂਰ ਇਹ ਸੀ ਕਿ ਉਸ ਨੇ ਇਨ੍ਹਾਂ ਕਾਤਲਾਂ ਨੂੰ ਰੰਗ ਲਾਉਣ ਤੋਂ ਰੋਕਿਆ ਸੀ। ਇੰਝ ਜਿੱਥੇ ਫਿਰਕੂ ਜਥੇਬੰਦੀਆਂ ਨੇ ਅਜਿਹੇ ਸਮਾਜ ਵਿਰੋਧੀ ਤੱਤਾਂ ਨੂੰ ਹੱਲਾਸ਼ੇਰੀ ਦੇ ਕੇ ਫਿਰਕੂ ਪਾੜਾ ਵਧਾਇਆ ਉਥੇ ਆਮ ਅਪਰਾਧ ਵੀ ਹੋਏ।
ਸਾਡੇ ਦੇਸ਼ ਵਿਚ ਬਹੁਤੇ ਤਿਉਹਾਰ ਇਕੱਠੇ ਰਲ-ਮਿਲ ਕੇ ਮਨਾਉਣ ਦਾ ਰਿਵਾਜ਼ ਹੈ। ਪੰਜਾਬ ਦੇ ਮਾਲਵੇ ਦੇ ਲੋਕ ਸਿੱਖ ਧਰਮ ‘ਚ ਵਿਸ਼ਵਾਸ਼ ਰੱਖਣ ਦੇ ਬਾਵਜੂਦ ਵੱਡੀ ਗਿਣਤੀ ਵਿਚ ਪਟਿਆਲੇ ਕਾਲੀ ਮਾਤਾ ਅਤੇ ਨੈਣਾ ਦੇਵੀ ਦੇ ਮੰਦਰ ਜਾ ਕੇ ਵੀ ਮੱਥਾ ਟੇਕ ਆਉਂਦੇ ਹਨ। ਇੱਥੋਂ ਤੱਕ ਕਿ ਅਨੇਕਾਂ ਹਿੰਦੂ-ਸਿੱਖ ਪਰਿਵਾਰ ਕਈ ਮੁਸਲਮਾਨ ਪੀਰਾਂ-ਫਕੀਰਾਂ ਦੀਆਂ ਮਜ਼ਾਰਾਂ ‘ਤੇ ਲੱਗਦੇ ਉਰਸ-ਮੇਲਿਆਂ ‘ਤੇ ਵੀ ਹਾਜ਼ਰੀ ਭਰਦੇ ਹਨ। ਹੋਲੀ ਬਾਰੇ ਜਵਾਹਰ ਸਿਰਕਾਰ ਨੇ ਵੀ ‘ਨਿਊਜ਼ ਰੂਮ’ ਦੇ 14 ਮਾਰਚ ਦੇ ਅੰਕ ‘ਚ ਲਿਖਿਆ ਹੈ ਕਿ ਹੋਲੀ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ‘ਚ ਵੱਖੋ-ਵੱਖ ਨਾਵਾਂ ਹੇਠ ਅੱਡੋ-ਅੱਡ ਤਰੀਕਿਆਂ ਨਾਲ ਮਨਾਈ ਜਾਂਦੀ ਹੈ। ਬਿਹਾਰ ‘ਚ ਹੋਲੀ ਨੂੰ ਫਗੂਆ ਸੱਦਦੇ ਹਨ। ਇਉਂ ਹੀ ਪੰਜਾਬ ‘ਚ ਸਿੱਖ ਹੋਲਾ ਮੁਹੱਲਾ ਕਹਿੰਦੇ ਹਨ। ਗੁਜਰਾਤ ‘ਚ ਤਾਂ ਹੋਲੀ 82 ਦਿਨ ਮਨਾਈ ਜਾਂਦੀ ਹੈ। ਪੁਰਾਤਨ ਭਾਰਤ ਵਿਚ ਦੰਡਿਨ ਦੇ ਸੰਸਕਰਿਤ ਨਾਟਕ ‘ਦਾਸਾ ਕੁਮਾਰ ਚਰਿੱਤ’ ਅਤੇ ਸ਼੍ਰੀ ਹਰਸ਼ ਦੀ ਰਚਨਾਵਲੀ ‘ਚ ਵੀ ਇਸਦਾ ਜ਼ਿਕਰ ਹੈ। ਅੰਗਰੇਜ਼ੀ ਦੇ ਸ਼ਬਦਕੋਸ਼ਾਂ (ਡਿਕਸ਼ਨਰੀ) ਵਿਚ 1687 ਵਿਚ ਇਸ ਦਾ ਹੋਲੀ, 1698 ਵਿਚ ‘ਹੂਲੀ’ ਅਤੇ 1798 ਵਿਚ ਹੁਲੀ ‘ਤੇ 1809 ਵਿਚ ਹੋਆਲੀ ਆਦਿ ਨਾਮ ਲਿਖੇ ਮਿਲਦੇ ਹਨ। ਬੰਗਾਲ, ਉੜੀਸਾ, ਆਸਾਮ ਵਿਚ ਇਸ ਨੂੰ ਡੋਲ ਜਾਤਰਾ ਜਾਂ ਡੋਲ ਪੂਰਨਿਮਾ ਕਹਿੰਦੇ ਹਨ। ਕਾਨਪੁਰ ਵਿਚ ਇਹ ਤਿਉਹਾਰ ਦੇਸ਼ ਭਗਤੀ ਵਜੋਂ ਗੰਗਾ ਮੇਲੇ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਚਾਹੇ ਬਹੁਤੀਆਂ ਥਾਵਾਂ ‘ਤੇ ਹਰਨਾਕਸ਼ ਦੀ ਭੈਣ ਹੋਲਿਕਾ ਨੂੰ ਜਲਾਉਣ ਦੀ ਕਹਾਣੀ ਜ਼ਿਆਦਾ ਪ੍ਰਚੱਲਤ ਹੈ, ਪਰ ਉਸਦੇ ਉਲਟ ਵੀ ਕਥਾਵਾਂ ਚੱਲਦੀਆਂ ਹਨ। ਇਹ ਤਿਉਹਾਰ ਮਹਾਂਰਾਸ਼ਟਰ ‘ਚ ਸ਼ਿਮਗਾ ਅਤੇ ਗੋਆ-ਕੋਂਕਣ ‘ਚ ਸ਼ਿਗਮੋ ਦੇ ਨਾਂ ਨਾਲ ਮਨਾਇਆ ਜਾਂਦਾ ਹੈ, ਜਿਸ ਵਿਚ ਇਕ ਲੱਕੜ ਦੀ ਗੇਲੀ ਲੈ ਕੇ ਦੋ ਕਿਲੋ ਮੀਟਰ ਲੰਬੀ ਯਾਤਰਾ ਕੱਢੀ ਜਾਂਦੀ ਹੈ। ਉਕਤ ਲੱਕੜ ਦੀ ਗੇਲੀ ਦਾ ਮੰਦਰ ਦੇ ਰਾਹ ‘ਚ ਪੈਂਦੀ ਮਸਜਿਦ ਮੂਹਰੇ ਮੱਥੇ ਟਿਕਾਉਣ ਦੀ ਖੂਬਸੂਰਤ ਰਿਵਾਇਤ ਵੀ ਹੈ। ਲੇਕਿਨ ਫਿਰਕੂ ਹੁੜਦੰਗੀ, ਜਿਨ੍ਹਾਂ ਨੂੰ ਦੋਨੋਂ ਫਿਰਕਿਆਂ ਦੀ ਇਹ ਸਾਂਝ ਉੱਕਾ ਹੀ ਚੰਗੀ ਨਹੀਂ ਲੱਗਦੀ, ਨੇ ਫਿਰਕੂ ਭਾਂਭੜ ਬਾਲਣ ਦੇ ਮਕਸਦ ਅਧੀਨ ਇਸ ਇਸ ਸਾਲ ਮਸਜਿਦ ਦਾ ਬੂਹਾ ਤੋੜਨ ਦੀ ਕੋਸ਼ਿਸ਼ रोडी।
ਉਘੇ ਪੱਤਰਕਾਰ ਐਸੀ.ਪੀ. ਸਿੰਘ ਨੇ ਵੀ ਖੋਜ ਭਰਪੂਜ ਜਾਣਕਾਰੀ ਸਾਂਝੀ ਕੀਤੀ ਹੈ। ਉਹ ਸੰਭਲ ਦੇ ਡੀ.ਐਸ.ਪੀ. ਦੇ ਤਨਜ਼ ਕਸਦੇ ਹੋਏ ਲਿਖਦੇ ਹਨ ਕਿ “ਹੋਲੀ ਮੌਕੇ ਮੁਸਲਮਾਨ ਇਸ ਲਈ ਘਰਾਂ ਚੋਂ ਬਾਹਰ ਨਾ ਨਿਕਲਣ ਕਿਉਂਕਿ ਹੋਲੀ ਇਕ ਅਤੇ ਜੂੰਮੇ (ਸ਼ੁੱਕਰਵਾਰ) 52 ਹੁੰਦੇ ਹਨ? ਜਦਕਿ ਉਸ ਨੂੰ ਕਹਿਣਾ ਇਹ ਚਾਹੀਦਾ ਸੀ ਕਿ ਹੋਲੀ ਹੈ, ਕਿਰਪਾ ਕਰਕੇ ਘਰੋਂ ਬਾਹਰ ਨਿਕਲੋ ਅਤੇ ਆਓ ਹੋਲੀ ਖੇਲੀਏ। ਤੁਹਾਡੀ ਸ਼ਮੂਲੀਅਤ ਬਿਨਾਂ ਇਹ ਤਿਉਹਾਰ ਅਧੂਰਾ ਹੈ।” ਜਦੋਂ ਸਕੂਲਾਂ-ਕਾਲਜਾਂ ਤੇ ਹੋਰ ਜਨਤਕ ਥਾਵਾਂ, ਮਹਿਮਾਨ ਖਾਨਿਆਂ (ਡਰਾਇੰਗ ਰੂਮਜ) ਅਤੇ ‘ਵੱਟਸ ਐਪ’ ਗਰੁੱਪਾਂ ‘ਚ ਸਰਕਾਰ ਦੇ ਥਾਪੜੇ ਨਾਲ ਲਗਾਤਾਰ ਮੁਸਲਿਮ ਵਿਰੋਧੀ ਨਫਰਤੀ ਪ੍ਰਚਾਰ ਮੁਹਿੰਮ ਚੱਲ ਰਹੀ ਹੋਵੇ ਤਾਂ ਹਿੰਦੂਆਂ ਦਾ ਰੰਗਾਂ ਦਾ ਤਿਉਹਾਰ ਹੋਲੀ ਮੁਸਲਿਮ ਕਿਵੇਂ ਮਨਾ ਸਕਦੇ ਹਨ ? ਪਰ ਕੀ ਹੋਲੀ ਸਿਰਫ ਹਿੰਦੂ ਹੀ ਮਨਾਉਂਦੇ ਰਹੇ ਹਨ ?
ਮੁਸਲਮਾਨ ਰਾਜੇ-ਮਹਾਰਾਜੇ, ਨਵਾਬ ਅਤੇ ਸਾਧਾਰਨ ਮੁਸਲਮਾਨ ਸਦੀਆਂ ਤੋਂ ਹੋਲੀ ਮਨਾਉਂਦੇ ਆ ਰਹੇ ਹਨ। ਐਮ.ਪੀ.ਸਿੰਘ ਜੀ ਨੇ ਅਬੁਲ ਫਾਜ਼ਿਲ ਵਲੋਂ 16ਵੀਂ ਸਦੀ ‘ਚ ਫਾਰਸੀ ‘ਚ ਲਿਖੇ ‘ਆਇਨ-ਏ-ਅਕਬਰੀ’ ਯਾਨਿ ‘ਅਕਬਰ ਦਾ ਰਾਜ ਪ੍ਰਬੰਧ’ ਦਾ ਹਵਾਲਾ ਦੇ ਕੇ ਲਿਖਿਆ ਹੈ ਕਿ ਬਾਦਸ਼ਾਹ ਅਕਬਰ ਖੁਦ ਵੀ ਆਮ ਲੋਕਾਂ ਨਾਲ ਹੋਲੀ ਖੇਡਿਆ ਕਰਦਾ ਸੀ। ਉਸਦੀ ਇਸ ਰਵਾਇਤ ਨੂੰ ਅੱਗੇ ਤੋਰਦਿਆਂ ਉਸਦਾ ਬੇਟਾ ਜਹਾਂਗੀਰ ਜਦੋਂ ਦਿੱਲੀ ਦੇ ਤਖ਼ਤ ‘ਤੇ ਬੈਠਾ ਤਾਂ ਉਹ ਵੀ ਨਾ ਕੇਵਲ ਹੋਲੀ ਖੇਡਦਾ ਸੀ, ਬਲਕਿ ਹੋਲੀ ਦੀ ਸ਼ਾਮ ਨੂੰ ਸੱਜਦੀਆਂ ਸੰਗੀਤ ਦੀਆਂ ਮਹਿਫਲਾਂ ‘ਚ ਵੀ ਸ਼ਾਮਿਲ ਹੁੰਦਾ ਸੀ । ਇਹ ਹਵਾਲਾ ਉਸਦੀ ਸਵੈ ਜੀਵਨੀ ‘ਤੁਜ਼ਕ ਏ ਜਹਾਂਗੀਰੀ’ ‘ਚ ਮਿਲਦਾ ਹੈ। ਅਕਬਰ, ਜਹਾਂਗੀਰ ਅਤੇ ਸ਼ਾਹਜਹਾਨ ਦੇ ਸਮਿਆਂ ਦੇ ਉਘੇ ਚਿੱਤਰਕਾਰਾਂ ਗੋਵਰਧਨ ਅਤੇ ਰਸਿਕ ਨੇ ਜਹਾਂਗੀਰ ਦੀਆਂ ਆਪਣੀ ਪਤਨੀ ਨੂਰ ਜਹਾਂ ਤੇ ਹੋਰਾਂ ਨਾਲ ਹੋਲੀ ਖੇਡਦਿਆਂ ਦੀਆਂ ਜੋ ਤਸਵੀਰਾਂ (ਪੇਂਟਿੰਗਜ) ਬਣਾਈਆਂ ਸਨ ਉਹ ਅੱਜ ਵੀ ਮੌਜੂਦ ਹਨ। ਜਿੱਥੇ ਜਹਾਂਗੀਰ ਹੋਲੀ ਨੂੰ ‘ਮਹਿਫਿਲ-ਏ-ਹੋਲੀ’ ਕਿਹਾ ਕਰਦਾ ਸੀ ਉੱਥੇ ਹੀ ਉਸਦਾ ਬੇਟਾ ਬਾਦਸ਼ਾਹ ਸ਼ਾਹਜਹਾਨ ਹੋਲੀ ਨੂੰ ‘ਈਦ-ਏ-ਗੁਲਾਬੀ’ ਵਜੋਂ ਮਨਾਉਂਦਾ ਸੀ । ਮੁਗਲ ਸਲਤਨਤ ਦੇ 13ਵੇਂ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਦੀਆਂ ਆਪਣੀ ਪਤਨੀ ਦੇ ਪਿੱਛੇ ਪਿਚਕਾਰੀ ਲਈ ਭੱਜਦੇ ਦੀਆਂ ਕਿੰਨਆਂ ਹੀ ਚੁਲਬੁਲੀਆਂ ਕਹਾਣੀਆਂ ਪ੍ਰਚੱਲਤ ਹਨ। ਬਹਾਦਰ ਸ਼ਾਹ ਜਫ਼ਰ ਨੇ ਤਾਂ ‘ਹੋਰੀ’ ਨਾਂ ਦੀ ਉਰਦੂ ਕਵਿਤਾ ਵੀ ਲਿਖੀ ਸੀ । ਕਈ ਹਿੰਦੀ ਫਿਲਮਾਂ ਦੇ ਗੀਤ ‘ਹੋਰੀ’ ਵਜੋਂ ਗਾਏ ਤੇ ਫਿਲਮਾਏ ਗਏ ਹਨ।
ਸਿਰਫ ਮੁਗਲ ਬਾਦਸ਼ਾਹਾਂ ਨੇ ਹੀ ਨਹੀਂ, ਹੋਰ ਵੀ ਬਹੁਤ ਸਾਰੇ ਮਸ਼ਹੂਰ ਕਵੀਆਂ, ਸੂਫੀ ਸੰਤਾਂ, ਲੇਖਕਾਂ ਨੇ ਹੋਲੀ ਖੇਡੀ ਤੇ ਇਸ ਬਾਰੇ ਲਿਖਿਆ। ਸੂਫੀ ਸੰਤ ਹਜ਼ਰਤ ਨਿਜ਼ਾਮੂਦੀਨ ਔਲੀਆ ਦਾ ਕਹਿਣਾ ਸੀ ਕਿ ਜਿੰਨੇ ਰੰਗ ਉਡਾਏ ਜਾਂਦੇ ਹਨ ਓਨੀ ਹੀ ਪਿਆਰ-ਮੁਹੱਬਤ ਵੀ ਵੰਡੀ ਜਾਵੇ। ਉਨ੍ਹਾਂ ਦਾ ਇਕ ਸ਼ਾਗਿਰਦ ਅਬੁਲ ਹਸਨ ਯਮੀਨੂਦੀਨ, ਜੋ ਅਜੋਕੇ ਜਿਲ੍ਹੇ ਕਾਸਗੰਜ ਦੇ ਤਨਾਓ ਗ੍ਰਸਤ ਪਿੰਡ ਪਤਿਆਲੀ ਦਾ ਵਸਨੀਕ ਸੀ ਦੀ ਇਕ ਆਇਤ ਪੜ੍ਹਣ ਯੋਗ ਹੈ।
ਉਹ ਕਹਿੰਦਾ ਹੈ :
“ ਆਜ ਰੰਗ ਹੈ, ਐ ਮਾਂ ਰੰਗ ਹੈ ਰੀ, ਮੇਰੇ ਮਹਿਬੂਬ ਕੇ ਘਰ, ਰੰਗ ਹੈ ਰੀ।
ਅਰੇ ਅੱਲਾਹ ਤੂੰ ਹੈ ਹਰ, ਮੇਰੇ ਮਹਿਬੂਬ ਕੇ ਘਰ ਰੰਗ ਹੈ ਰੀ।”
ਦੱਸ ਦੇਈਏ ਕਿ ਇਹੋ ਅਬੁਲ ਹਸਨ ਯਮੀਨੂਦੀਨ ਹੀ ਅੱਗੋਂ ਜਾ ਕੇ ਅਮੀਰ ਖੁਸਰੋ ਦੇ ਨਾਂ ਨਾਲ ਪ੍ਰਸਿੱਧੀ ਖੱਟੀ ਸੀ । ਇਸਦਾ ਕਲਾਮ ਪੰਜਾਬੀ ਗਾਇਕਾਂ ਨੁਸਰਤ ਫਤਹਿ ਅਲੀ ਖਾਂ ਤੇ ਰਾਹਤ ਫਤਿਹ ਅਲੀ ਖਾਂ ਤੋਂ ਇਲਾਵਾ ਸਾਬਰੀ ਭਰਾਵਾਂ ਅਮਜ਼ਦ ਸਾਬਰੀ ਤੇ ਗੁਲਾਮ ਫਰੀਦ ਨੇ ਵੀ ਗਾਇਆ ਹੈ। ਪ੍ਰਸਿੱਧ ਪਾਕਿਸਤਾਨੀ ਗਾਇਕਾ ਹਦੀਕਾ ਕਿਆਨੀ, ਜਿਸਦਾ ਗੀਤ ਬੂਹੇ ਬਾਰੀਆਂ ਸੁਣ ਕੇ ਰੂਹ ਨਸ਼ਿਆ ਜਾਂਦੀ ਹੈ, ਨੇ ਵੀ ਇਸ ਮਹਾਨ ਸੂਫੀ ਸੰਤ ਦਾ ਗੀਤ, “ਮੋਹੇ ਪੀਰ ਪਾਇਯੋ ਨਿਜ਼ਾਮੂਦੀਨ ਔਲੀਆ, ਦੇਸ਼ ਬਿਦੇਸ਼ ਮੇਂ ਫਿਰੀ ਹੀ, ਤੇਰਾ ਰੰਗ ਭਇਓ ਨਿਜ਼ਾਮੂਦੀਨ ਔਲੀਆ” ਬੜੀ ਰੂਹ ਨਾਲ ਗਾਇਆ ਹੈ। ਸੂਫੀ ਸ਼ਾਹ ਨਿਆਜ਼, ਜੋ ਨਜ਼ੀਰ ਅਕਬਰਾਬਾਦੀ ਦਾ ਸਮਕਾਲੀ ਸੀ ਦੇ ‘ਹੋਰੀ’ ਵਾਲੇ ਗੀਤ,
“ਹੋਰੀ ਹਏ ਰਹੀ ਹੈ, ਅਹਿਮਦ ਜੀਓ ਕੇ ਦੁਆਰ ਹਜ਼ਰਤ ਅਲੀ ਕਾ ਰੰਗ ਬਨਾ ਹੈ, ਹਸਨ ਹੁਸੈਨ ਖਿਲਾਰ” ਐਸੋ ਹੋਰੀ ਕੀ ਧੂਮ ਮਚੀ ਹੈ ਚਹੁੰ ਓਰ ਪੜੀ ਹੈ ਪੁਕਾਰ ਐਸੋ ਅਨੋਖੇ ਚਤੁਰ ਖਿਲਾਰੀ ਰੰਗ ਦੀਨੋ ਸੰਸਾਰ ਨਿਆਜ਼ ਪਿਆਰਾ ਭਰ ਭਰ ਛਿੜਕੇ, ਏਕਾ ਹੀ ਰੰਗ ਸਹਸ ਪਿਚਕਾਰ”
ਬਹੁਤ ਮਕਬੂਲ ਹੋਏ ਹਨ ।
ਐਸ.ਪੀ. ਸਿੰਘ ਜੀ ਯਾਦ ਕਰਾਉਂਦੇ ਹਨ ਕਿ ਮੋਦੀ ਜੀ ਦੇ ਲੋਕ ਸਭਾ ਹਲਕੇ ਵਾਰਾਨਸੀ ਵਿਚਲੇ ‘ਸੰਪੂਰਨਾ ਨੰਦ ਸੰਸਕਰਿਤ ਵਿਸ਼ਵ ਵਿਦਿਆਲਯ’ ਦੇ ਵੱਖੋ-ਵੱਖਰੇ ਸਮੇਂ ਵੱਖੋ-ਵੱਖ ਨਾਂ ਰਹੇ ਹਨ। ਇਹ 232 ਸਾਲ ਪੁਰਾਣੀ ਸੰਸਥਾ, ਲਾਰਡ ਮੈਕਾਲੇ ਦੀ ਸਿੱਖਿਆ ਨੀਤੀ ਦੇ ਵਿਰੋਧ ‘ਚ ਇਕ ਅੰਗਰੇਜ਼ ਹੋਰੇਸ ਹੇਮੈਨ ਵਿਲਸਨ ਨੇ ਬਣਾਈ ਸੀ। ਅੱਜਕੱਲ ‘ਜ਼ਾਕਿਰ ਹੁਸੈਨ ਕਾਲਜ’ ਵਜੋਂ ਜਾਣਿਆ ਜਾਂਦਾ ਦਿੱਲੀ ਦਾ ਕਾਲਜ ਵੀ ਉਦੋਂ ਹੀ ਬਣਿਆ ਸੀ। ਇਸੇ ਕਾਲਜ ਤੋਂ ਪੜ੍ਹੇ ਮੌਲਵੀ ਜਕਾਉਲਾ ਜਾਂ ਜਕਾਉਲਾ ‘ਦੇਹਲਵੀ’, ਜਿਸ ਨੇ ‘ਤਾਰੀਖ਼ ਏ ਹਿੰਦੋਸਤਾਨੀ’ ਕਿਤਾਬ ਲਿਖੀ ਹੈ, ਨੇ ਸਵਾਲ ਕੀਤਾ ਸੀ, “ਕੌਣ ਕਹਿਤਾ ਹੈ ਕਿ ਹੋਲੀ ਹਿੰਦੂ ਤਿਉਹਾਰ ਹੈ ?”
18ਵੀਂ ਸਦੀ ਦੇ ਮਸ਼ਹੂਰ ਕਵੀ ‘ਕਾਯਿਮ’, ਜਿਨ੍ਹਾਂ ਨੂੰ ਮਿਰਜ਼ਾ ਗ਼ਾਲਿਬ ਆਪਦਾ ਉਸਤਾਦ ਮੰਨਦੇ ਸਨ, ਦੀ ਇਕ ਰਚਨਾ ਹੈ ‘ਚਾਂਦੀਪੁਰ ਕੀ ਹੋਲੀ’। ਇਸ ਵਿਚ ਉਹ ਇਕ ਅਜਿਹੇ ਮੌਲਵੀ ਦਾ ਜ਼ਿਕਰ ਕਰਦਾ ਹੈ ਜੋ ਹੋਲੀ ਦੇ ਰੰਗਾਂ ਤੇ ਸਬੰਧਤ ਤਰਲ ਪਦਾਰਥਾਂ ਦੇ ਨਸ਼ੇ ‘ਚ ਮਸਜਿਦ ਦਾ ਰਾਹ ਹੀ ਭੁਲ ਜਾਂਦਾ ਹੈ। ਬੌਲੀਵੁੱਡ ਦੀਆਂ ਬਹੁਤੀਆਂ ਅਭੀਨੇਤਰੀਆਂ ਗਾਉਂਦੀਆਂ ਹਨ, “ਤੂੰ ਘੰਟੀ ਬਿਗ ਬੈਨ ਦੀ ਪੂਰਾ ਲੰਦਨ ਠੁਮਕਦਾ।” ਇਹ ਫੈਜ਼ ‘ਦੇਹਲਵੀ’ ਦੀਆਂ ਲਿਖੀਆਂ ਸਤਰਾਂ ਹਨ। ਫੈਜ਼ ‘ਦੇਹਲਵੀ’ ਦੀਆਂ ਹੋਲੀ ਬਾਰੇ ਹੋਰ ਵੀ ਕਈ ਕਵਿਤਾਵਾਂ ਹਨ, ਜਿਵੇਂ : –
“ਹਰ ਛਬੀਲੀ ਅਜ਼-ਲਿਬਾਸ-ਏ-ਕੇਸਰੀ ਤਾਜ਼ਾ ਕਰਤੀ ਹੈ ਬਹਾਰ-ਏ-ਜਾਫਰੀ
“ਨਾਚਤੀ ਗਾ-ਗਾ ਕੇ ਹੋਲੀ ਦਮ-ਬ-ਦਮ, ਜਿਉਂ ਸਭਾ ਇੰਦਰ ਕੀ ਦਰ ਬਾਗ-ਏ-ਇਰਮ ।”
ਇਸੇ ਤਰ੍ਹਾਂ ਮੀਰ ਤਕੀ ਮੀਰ ਨੇ ਹੋਲੀ ਬਾਰੇ ਲਿਖਿਆ ਹੈ : “ਆਓ ਸਾਥੀ ਬਹਾਰ ਫਿਰ ਆਈ, ਹੋਲੀ ਮੇਂ ਕਿਤਨੀ ਸ਼ਾਦੀਆਂ ਲਾਈ।”
ਰਾਜੇਸ਼ ਖੰਨਾ ਦੀ ਹੀਰੋ ਵਜੋਂ ਫਿਲਮ ‘ਧਨਵਾਨ’ ‘ਚ ਹੋਲੀ ਦੇ ਦ੍ਰਿਸ਼ਾਂ ਦਰਮਿਆਨ ਇਕ ਗਾਣਾ ਸੀ, “ਯੇ ਆਂਖੇ ਦੇਖ ਕਰ ਹਮ ਸਾਰੀ ਦੁਨੀਆਂ ਭੁਲ ਜਾਤੇ ਹੈਂ!” ਇਉਂ ਹੀ ‘ਸ਼ੋਅਲੇ’ ਫ਼ਿਲਮ ਦੇ ਗਾਣੇ, “ਹੋਲੀ ਕੇ ਦਿਨ, ਦਿਲ ਖਿਲ ਜਾਤੇ ਹੈ, ਰੰਗੋਂ ਮੇ ਰੰਗ ਮਿਲ ਜਾਤੇ ਹੈਂ” ਦੌਰਾਨ ਅੰਨ੍ਹੇ ਮੌਲਵੀ ਦੇ ਕਿਰਦਾਰ ‘ਚ ਮਰਹੂਮ ਏ.ਕੇ. ਹੰਗਲ ਸਾਹਿਬ ਬਾਲਕੋਨੀ ਤੋਂ ਲੋਕਾਂ ਨੂੰ ਹੋਲੀ ਮਨਾਉਂਦਿਆਂ ਦੇਖਦੇ ਦਿਖਾਏ ਗਏ ਹਨ। ਆਖ਼ਰ 2 ਮਈ 1980 ਨੂੰ ਰਮਜ਼ਾਨ ਦੇ ਜ਼ੁੰਮੇ ਵਾਲੇ ਦਿਨ ਹੀ ਧਰਮਿੰਦਰ ਤੇ ਹੇਮਾ ਮਾਲਿਨੀ ਨੇ ਵਿਆਹ ਕਰਵਾਇਆ ਸੀ ਤੇ ਗੀਤ ਜੋ ਸ਼ੋਲੇ ‘ਚ ਗਾਇਆ ਸੀ :
ਜ਼ੁੰਮੇ ਕੋ ਦਿਲ ਮਿਲ ਜਾਤੇ ਹੈਂ, ਰੰਗੋ ਮੇਂ ਰੰਗ ਮਿਲ ਜਾਤੇ ਹੈਂ।
ਬਾਬਾ ਬੁੱਲੇ ਸ਼ਾਹ ਲਿਖਦੇ ਹਨ,
“ਹੋਰੀ ਖੇਲੂੰਗੀ ਕਹਿ ਕਰ ਬਿਸਮਿਲਾਹ,
ਨਾਮ ਨਬੀ ਰਤਨ ਚੜ੍ਹੀ, ਬੂੰਦ ਪੜ੍ਹੀ ਅੱਲਾਹ ਅੱਲਾਹ ਰੰਗ ਰੰਗੀਲੀ ਉਹੀ ਖਿਲਾਵੇ ਜੋ ਸਖ਼ੀ ਹੋਵੇ ਫ਼ਨਾ ਫਿੱਲਲਾਹ,
ਹੋਰੀ ਖੇਲੂੰਗੀ ਕਹਿ ਕਰ ਬਿਸਮਿਲਾਹ ।”
ਇਸ ਰਚਨਾ ਨੂੰ ਅੱਜ ਦੇ ਫਿਰਕੂ ਸੁਣ ਵੀ ਨਹੀਂ ਸਕਦੇ।
ਜੇ ਤੁਸੀਂ ਇਸ ਨੂੰ ਗੀਤਕਾਰ ਤੇ ਫਨਕਾਰ ਮਦਨ ਗੋਪਾਲ ਸਿੰਘ ਜੀ ਤੋਂ ਸੁਣੋ ਤਾਂ ਕਿਆ ਬਾਤ ਹੈ!
ਦੀਵਾਨ-ਏ-ਗਾਲਿਬ’ ਨੂੰ ਸਹੀ ਤਰਤੀਬ ‘ਚ ਇਕ ਥਾਂ ਇਕੱਠਾ ਕਰਨ ਵਾਲੇ ਕਾਲੀਦਾਸ ਗੁਪਤਾ ਰਜ਼ਾ (ਹਿੰਦੂ ਜਾਂ ਮੁਸਲਮਾਨ ਜਾਂ ਫਿਰ ਅਸਲੀ ਹਿੰਦੁਸਤਾਨੀ) ਲਿਖਦੇ ਹਨ :
“ਰੰਗ ਨਹੀਂ ਦੇਖਤੇ, ਹਿੰਦੂ ਯਾ ਮੁਸਲਮਾਨ, ਬਰਸ ਜਾਤੇ ਹੈਂ ਸਬ ਪੇ ਏਕ ਸਾਮਾਨ ।”
ਕਤੀਲ ਸ਼ਿਫਾਈ ਸਾਹਿਬ ਲਿਖਦੇ ਹਨ :
“ਹੋਲੀ ਨਾ ਤੇਰੀ ਹੈ, ਨਾ ਮੇਰੀ,
ਈਦ ਜੈਸੇ ਹੈ ਸਭਕੀ, ਹਮਾਰੀ ਤੁਮਹਾਰੀ,
ਰਸਮੋਂ ਔਰ ਤਿਉਹਾਰੋਂ ਕੋ ਨਾ ਬਾਂਟ ਮੇਰੇ ਯਾਰ, ਸਿਰਫ ਅਦਾ-ਇ-ਤਿਉਹਾਰ ਕੋ ਦੇਖ, ਜੋ ਹੈ ਸਭ ਸੇ ਪਿਆਰੀ।
ਯਾਦ ਰਹੇ, ਕਤੀਲ ਸ਼ਿਫਾਈ ਦਾ ਅਸਲੀ ਨਾ ਮੁਹੰਮਦ ਔਰੰਗਜ਼ੇਬ ਹੈ। ਹੋਰ ਤਾਂ ਹੋਰ, ਪ੍ਰਸਿੱਧ ਗਜ਼ਲ ਗਾਇਕ ਮਰਹੂਮ ਪੰਕਜ ਉਦਾਸ ਵਲੋਂ ਗਾਈ ਗਜ਼ਲ
“ਮੋਹੇ ਆਈ ਨਾ ਜੱਗ ਸੇ ਲਾਲ, ਮੈਂ ਇਤਨਾ ਜ਼ੋਰ ਸੇ ਨਾਚੀ ਆਜ, ਕਿ ਘੁਗਰੂ ਟੂਟ ਗਏ।’’
ਵੀ ਔਰੰਗਜ਼ੇਬ ਦੀ ਲਿਖੀ ਹੈ।
ਇਸੇ ਔਰੰਗਜ਼ੇਬ ਦੀਆਂ ਲਿਖੀਆਂ ਗਜ਼ਲਾਂ’
“ਕੀਆ ਹੈ ਪਿਆਰ ਜਿਸੇ ਹਮਨੇ ਜ਼ਿੰਦਗੀ ਕੀ ਤਰ੍ਹਾਂ”
“ਆਪਣੇ ਹਾਥੋਂ ਕੀ ਲਕੀਰੋ ਮੇਂ ਬਸਾਲੇ ਮੁਝ ਕੋ”
“ਵੋ ਦਿਲ ਹੀ ਕਿਆ, ਤੇਰੇ ਲਿਕੇ ਕੀ ਜੋ ਦੁਆ ਨਾ ਕਰੇ” 66
“ਦਰਦ ਸੇ ਮੇਰਾ ਦਾਮਨ ਭਰਕੇ ਯਾ ਅੱਲਾਹ”
ਵਗੈਰਾ ਮਰਹੂਮ ਜਗਜੀਤ ਸਿੰਘ ਨੇ ਵੀ ਗਾਈਆਂ ਹਨ।
ਸੋ ਆਓ! ਤਿਉਹਾਰਾਂ ਨੂੰ ਫਿਰਕੂ ਰੰਗਤ ਦੇਣ ਵਾਲਿਆਂ ਨੂੰ ਭਾਂਜ ਦੇਈਏ ਅਤੇ ਸਾਡੇ ਦੇਸ਼ ਦੀ ਇਸ ਗੰਗਾ-ਜਮੁਨੀ ਤਹਿਜ਼ੀਬ ਨੂੰ ਲੀਰੋ-ਲੀਰ ਕਰਨ ਦੀਆਂ ਸਾਜ਼ਿਸ਼ਾਂ ਫੇਲ੍ਹ ਕਰੀਏ। ਭਾਈਚਾਰਕ ਸਾਂਝ ਦੇ ਪ੍ਰਤੀਕ ਤਿਉਹਾਰਾਂ ਨੂੰ ਸਾਂਝੇ ਤੌਰ ‘ਤੇ ਮਨਾਉਣ ਦੀਆਂ ਰਵਾਇਤਾਂ ਨੂੰ ਹੋਰ ਮਜ਼ਬੂਤ ਕਰੀਏ।
ਇਸ ਸਾਲ ਦੀ ਹੋਲੀ ਨਾਲ ਸਬੰਧਤ ਕੁੱਝ ਸੁਖਾਵੀਆਂ ਘਟਨਾਵਾਂ ਵੀ ਵਾਪਰੀਆਂ ਹਨ । ਕਈ ਵੀਡੀਓਜ ਆਈਆਂ ਹਨ ਜਿੱਥੇ ਮੁਸਲਿਮ ਭਰਾਵਾਂ ਨੇ ਹੋਲੀ ਖੇਡਦੇ ਹਿੰਦੂ ਭਰਾਵਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਹੈ। ਇਉਂ ਹੀ ਨਮਾਜ਼ ਅਦਾ ਕਰਕੇ ਪਰਤ ਰਹੇ ਮੁਸਲਿਮ ਭਰਾਵਾਂ ‘ਤੇ ਹਿੰਦੂ ਵੀਰਾਂ ਨੇ ਫੁੱਲਾਂ ਦੀ ਵਰਖਾ ਕੀਤੀ ਹੈ। ਐਸ.ਪੀ. ਸਿੰਘ ਜੀ ਨੇ ਸਭ ਤੋਂ ਨਿਵੇਕਲੀ ਮਿਸਾਲ ਪਾਕਿਸਤਾਨ ਦੀ ਦਿੱਤੀ ਹੈ। ਉੱਥੋਂ ਦੇ ਸਿੰਧ ਸੂਬੇ ਦੇ ਥਰਪਾਰਕਰ ਜਿਲ੍ਹੇ ਦੇ ਮੀਠੀ ਸ਼ਹਿਰ ਦੇ ਹਿੰਦੂਆਂ- ਮੁਸਲਮਾਨਾਂ ਨੇ ਇਕੱਠੇ ਹੋ ਕੇ ਹੋਲੀ ਦੀ ਖੁਸ਼ੀ ‘ਚ ਖੀਵੇ ਹੋ ਕੇ ਭੰਗੜੇ ਪਾਏ ਤੇ ਹੋਰ ਸੁਹਾਨੇ ਸ਼ੁਗਲ ਕੀਤੇ। ਹਿੰਦੂਆਂ ਨੇ ਸ਼ਹਿਰ ‘ਚ ਵੱਡਾ ਜਲੂਸ ਕੱਢਿਆ, ਜਿਸ ਦਾ ਮੁਸਲਮਾਨਾਂ ਨੇ ਥਾਂ-ਥਾਂ ਅੱਗੇ ਵੱਧ ਕੇ ਭਰਵਾਂ ਸਵਾਗਤ ਕੀਤਾ। ਹਿੰਦੂ ਪਰਿਵਾਰਾਂ ਨੇ ਰੋਜ਼ਾ ਖੋਲ੍ਹਣ ਲਈ ਮੁਸਲਿਮ ਭਰਾਵਾਂ ਵਾਸਤੇ ਆਪਣੇ ਘਰਾਂ ‘ਚ ਸਵਾਦਲੇ ਭੋਜਨ ਬਣਾਏ ਤਾਂ ਜੋ ਉਹ ਵੀ ਹੋਲੀ ਦੇ ਰੰਗਾਂ-ਰੰਗ ਪ੍ਰੋਗਰਾਮ ‘ਚ ਸ਼ਾਮਲ ਹੋ ਸਕਣ। ਕੀ ਅਸੀਂ ਭਾਰਤੀ, ਖਾਸ ਕਰਕੇ ਨਾਨਕ-ਫਰੀਦ ਦੇ ਫਲਸਫੇ ਦੇ ਪੈਰੋਕਾਰ ਪੰਜਾਬੀ ਅਜਿਹਾ ਨਹੀਂ ਕਰ ਸਕਦੇ?

