/* SC_TH_END:4.3.24:fc0ffc30 */ ਹਵਾ ਮੇਂ ਰਹੇਗੀ ਮੇਰੇ ਖਿਆਲ ਕੀ ਬਿਜਲੀ ਯੇ ਮੁਸ਼ਤੇ ਖਾਕ ਹੈ ਫ਼ਾਨੀ, ਰਹੇ, ਰਹੇ ਨਾ ਰਹੇ! – Sangrami Lehar
Now Reading
ਹਵਾ ਮੇਂ ਰਹੇਗੀ ਮੇਰੇ ਖਿਆਲ ਕੀ ਬਿਜਲੀ ਯੇ ਮੁਸ਼ਤੇ ਖਾਕ ਹੈ ਫ਼ਾਨੀ, ਰਹੇ, ਰਹੇ ਨਾ ਰਹੇ!

ਹਵਾ ਮੇਂ ਰਹੇਗੀ ਮੇਰੇ ਖਿਆਲ ਕੀ ਬਿਜਲੀ ਯੇ ਮੁਸ਼ਤੇ ਖਾਕ ਹੈ ਫ਼ਾਨੀ, ਰਹੇ, ਰਹੇ ਨਾ ਰਹੇ!

ਡਾਕਟਰ ਨਵਜੋਤ

23 ਮਾਰਚ 1931 ਦੇ ਮਹਾਨ ਸ਼ਹੀਦ, ਸ਼ਹੀਦ-ਇ-ਆਜ਼ਮ ਭਗਤ ਸਿੰਘ, ਰਾਜਗੁੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਇਸੇ ਮੁਕੱਦਮੇ ਵਿਚ ਉਮਰ ਕੈਦਾਂ ਤੇ ਲੰਮੀਆਂ ਜੇਲ੍ਹਾਂ ਕੱਟਣ ਵਾਲੇ ਯੋਧਿਆਂ, ਜਿਨ੍ਹਾਂ ਨੇ ਸਾਰੀ ਉਮਰ ਕਮਿਊਨਿਸਟ ਲਹਿਰ ਦੇ ਲੇਖੇ ਲਾਈ, ਪੰਡਿਤ ਕਿਸ਼ੌਰੀ ਲਾਲ, ਕਾਮਰੇਡ ਸ਼ਿਵ ਵਰਮਾ ਅਤੇ ਕਾਮਰੇਡ ਅਜੇ ਘੋਸ਼ ਦੀਆਂ ਘਾਲਣਾਵਾਂ ਨੂੰ ਸੂਹਾ ਸਲਾਮ ਪੇਸ਼ ਕਰਦੇ ਹਾਂ।    -ਸੰਪਾਦਕੀ ਮੰਡਲ

ਅੱਜ ਜਿਸ ਆਜ਼ਾਦ ਫ਼ਿਜ਼ਾ ’ਚ ਅਸੀਂ ਸਾਹ ਲੈ ਰਹੇ ਹਾਂ, ਉਸ ਵਿਚ ਘੁਲੀ ਹੈ ਉਨ੍ਹਾਂ ਲੱਖਾਂ ਸ਼ਹੀਦਾਂ ਦੇ ਲਹੂ ਦੀ ਮਹਿਕ ਜੋ ਦੇਸ਼ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਉਣ ਲਈ ਹੱਸਦਿਆਂ-ਹੱਸਦਿਆਂ ਸੂਲੀਆਂ ’ਤੇ ਚੜ੍ਹ ਗਏ। ਸ਼ਹੀਦ ਤਾਂ ਸਾਰੇ ਹੀ ਸਨਮਾਨਯੋਗ ਹਨ ਪਰ ਸ਼ਹੀਦਾਂ ਦੇ ਸਿਰਤਾਜ਼ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਲ-ਨਾਲ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਨੂੰ ਅੱਜ ਉਨ੍ਹਾਂ ਦੇ ਸ਼ਹੀਦੀ ਦਿਵਸ ’ਤੇ ਉਚੇਚੇ ਤੌਰ ’ਤੇ ਕ੍ਰਾਂਤੀਕਾਰੀ ਸਿਜਦਾ ਕਰ ਰਹੇ ਹਾਂ।

ਜ਼ਿੰਦਗੀ ਜਿਊਣ ਦਾ ਵੱਖਰਾ ਹੀ ਕੋਈ ਢੰਗ ਮੰਗਦੇ ਨੇ

ਉਹ ਸੌਂਦੇ-ਜਾਗਦੇ ਬਸ ਜ਼ੁਲਮਾਂ ਸੰਗ ਜੰਗ ਮੰਗਦੇ ਨੇ!

ਖ਼ੁਦਾ ਜਾਣੇ ਬਣੇ ਹੁੰਦੇ ਨੇ ਕਿਸ ਮਿੱਟੀ ਦੇ ਯੋਧੇ ਜੋ

ਸ਼ਹਾਦਤ ਪਾਉਣ ਵੇਲੇ ਵੀ ਬਸੰਤੀ ਰੰਗ ਮੰਗਦੇ ਨੇ!!

ਆਜ਼ਾਦੀ ਦੀ ਜੰਗ ਦੇ ਮੋਹਰਲੀ ਕਤਾਰ ਦੇ ਯੋਧੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਸਭ ਤੋਂ ਵੱਧ ਪਿਆਰ ਤੇ ਸਤਿਕਾਰ ਦੇ ਪਾਤਰ ਇਸ ਲਈ ਵੀ ਹਨ ਕਿਉਂਕਿ ਉਨ੍ਹਾਂ ਸ਼ਹਾਦਤ ਦੇ ਨਾਲ-ਨਾਲ ਆਪਣੇ ਦੇਸ਼ ਵਾਸੀਆਂ ਦੀ ਵਿਚਾਰਧਾਰਕ ਅਗਵਾਈ ਵੀ ਕੀਤੀ ਸੀ। ਉਹ ਉੱਘੇ ਦੇਸ਼ ਭਗਤ, ਨਿਧੜਕ ਯੋਧੇ, ਪੱਕੇ ਸਮਾਜਵਾਦੀ ਅਤੇ ਸੁਘੜ ਵਿਚਾਰਕ ਸਨ। ਭਗਤ ਸਿੰਘ ਨੇ ਇਕ ਥਾਂ ਲਿਖਿਆ ਹੈ, “ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਨ ’ਤੇ ਤਿੱਖੀ ਹੁੰਦੀ ਹੈ।”

ਅਸਲ ਵਿਚ ਭਗਤ ਸਿੰਘ ਪੈਰਿਸ ਕਮਿਊਨ (ਫ਼ਰਾਸ ਦੇ ਇਨਕਲਾਬ) ਅਤੇ ਅਕਤੂਬਰ ਇਨਕਲਾਬ (1917 ਦੀ ਰੂਸੀ ਸਮਾਜਵਾਦੀ ਕ੍ਰਾਂਤੀ) ਤੋਂ ਪ੍ਰਭਾਵਿਤ ਸੀ। ਜਲਿ੍ਹਆਂ ਵਾਲਾ ਬਾਗ਼ ਦੇ ਮਾਸੂਮ ਤੇ ਨਿਰਦੋਸ਼ ਲੋਕਾਂ ਦੇ ਕਤਲੇਆਮ ਨੇ ਵੀ ਉਨ੍ਹਾਂ ਦੇ ਦਿਲੋ-ਦਿਮਾਗ਼ ਤੇ ਬਹੁਤ ਡੂੰਘਾ ਅਸਰ ਪਾਇਆ ਸੀ। ਮਨੁੱਖਤਾ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਪਰਮ ਮਨੁੱਖ ਸਦਾ ਜ਼ਿੰਦਾ ਰਹਿੰਦੇ ਹਨ। ਧਰਤੀ ਦੇ ਇਹ ਲਾਲ ਹਰ ਪਲ ਸਾਡੇ ਦਿਲਾਂ ਵਿਚ ਧੜਕਦੇ ਹਨ। ਸਾਡੇ ਦਿਮਾਗ਼ ਵਿਚ ਸਦੀਵੀਂ ਵੱਸਦੇ ਹਨ। ਉਨ੍ਹਾਂ ਦੀ ਸੋਚ ਦੇ ਧਾਰਨੀ ਉਨ੍ਹਾਂ ਦੇ ਉਪਾਸਕ ਕਦੇ ਉਨ੍ਹਾਂ ਨੂੰ ਭੁੱਲਦੇ ਨਹੀਂ, ਸਗੋਂ ਆਪਣੇ ਆਦਰਸ਼ਾਂ ਲਈ ਸ਼ਹਾਦਤ ਦੇਣ ਤੋਂ ਪ੍ਰੇਰਿਤ ਹੋ ਕੇ ਹੋਰ ਯੋਧੇ ਪੈਦਾ ਹੁੰਦੇ ਹਨ ਅਤੇ ਸ਼ਹਾਦਤਾਂ ਦੀਆਂ ਲੜੀਆਂ ਸਿਰਜਦੇ ਹਨ। ਜਿਵੇਂ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਬਹੁਤ ਪ੍ਰਭਾਵਿਤ ਸਨ ਤੇ ਉਨ੍ਹਾਂ ਦੀ ਤਸਵੀਰ ਸਦਾ ਆਪਣੀ ਜੇਬ ਵਿਚ ਰੱਖਦੇ ਸਨ। ਅੱਗੋਂ ਮੁਹੰਮਦ ਸਿੰਘ ਆਜ਼ਾਦ ਯਾਨਿ ਸ਼ਹੀਦ ਉੂਧਮ ਸਿੰਘ ਹੋਰੀਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਨੂੁੰ ਆਪਣਾ ਆਦਰਸ਼ ਮੰਨਦੇ ਸੀ।

      “ਕੁਝ ਅਸੂਲੋਂ ਕਾ ਨਸ਼ਾ ਥਾ

      ਕੁਝ ਮੁਕੱਦਸ ਖ਼ੁਆਬ ਥੇ

      ਹਰ ਜ਼ਮਾਨੇ ਮੇਂ ਸ਼ਹਾਦਤ ਕੇ

      ਯਹੀ ਅਸਬਾਬ ਥੇ।’’

ਇਸ ਤਰ੍ਹਾਂ ਅਸੀਂ ਇਹ ਕੜੀਆਂ ਜੁੜਦੀਆਂ ਦੇਖ ਸਕਦੇ ਹਾਂ। ਆਪਣੇ ਵਤਨ ਨੂੰ ਬੇਪਨਾਹ ਮੁਹੱਬਤ ਕਰਨ ਵਾਲੇ ਭਗਤ ਸਿੰਘ ਦੇ ਮੱਥੇ ’ਚ ਚੇਤਨਾ ਦੀ ਮੱਘਦੀ ਚਿਣਗ਼ ਸੀ, ਜੋ ਸਦਾ ਉਨ੍ਹਾਂ ਦੀ ਅਸੀਮ ਸੋਚ ਨੁੂੰ ਪਰਵਾਜ਼ ਬਖਸ਼ਦੀ ਰਹੀ। ਜਿਥੇ ਉਨ੍ਹਾਂ ਛੋਟੀ ਉਮਰੇ ਅੰਬਾਰਾਂ ਦੇ ਅੰਬਾਰ ਕਿਤਾਬਾਂ ਦੇ ਪੜ੍ਹ ਲਏ ਸਨ ਉਥੇ ਨਾਲ ਹੀ ਉਹ ਵਿਚਾਰਧਾਰਕ ਪ੍ਰਤੀਬਿੱਧਤਾ ਅਤੇ ਖ਼ਿਆਲਾਂ ਦੀ ਪੁਖ਼ਤਗੀ ਵਾਲੇ ਪ੍ਰਤਿਭਾਸ਼ਾਲੀ ਲੇਖਕ ਵੀ ਸਨ। ਪਰ ਬੜਾ ਅਫ਼ਸੋਸ ਹੈ ਕਿ ਦੇਸ਼ ਵੰਡ ਦੇ ਘੋਰ ਸੰਤਾਪ ਸਮੇਂ ਉਨ੍ਹਾਂ ਦੀਆਂ ਚਾਰ ਪੁਸਤਕਾਂ ਕਿਧਰੇ ਗੁਆਚ ਗਈਆਂ। ਉਸ ਕਾਲੇ-ਬੋਲੇ ਵਕਤ ਨੇ ਲੱਖਾਂ ਲੋਕ ਬੇਘਰ ਕੀਤੇ, ਲੱਖਾਂ ਧੀਆਂ-ਭੇੈਣਾਂ ਦੀ ਬੇਹੁਰਮਤੀ ਹੋਈ, ਅਰਬਾਂ-ਖਰਬਾਂ ਦਾ ਮਾਲੀ ਨੁਕਸਾਨ ਹੋਇਆ। ਇਸ ਦੇ ਨਾਲ ਹੀ ਉਸ ਸੰਤਾਪੇ ਸਮੇਂ ਵਿਚ ਭਗਤ ਸਿੰਘ ਦੀਆਂ ਅਣਮੋਲ ਹੱਥ ਲਿਖਤਾਂ ਦਾ ਗੁਆਚਣਾ ਵੀ ਕੋਈ ਛੋਟਾ ਘਾਟਾ ਨਹੀਂ ਹੈ। ਗਹਿਰਾਈ ਨਾਲ ਸੋਚੋ, ਜੇ ਉਹ ਪੁਸਤਕਾਂ ਅੱਜ ਸਾਡੇ ਦਰਿਮਿਆਨ ਹੁੰਦੀਆਂ ਤਾਂ ਸਾਡੀ ਸੋਚ ਕਿਸ ਬੁਲੰਦੀ ’ਤੇ ਹੋਣੀ ਸੀ। ਭਗਤ ਸਿੰਘ ਨੇ ਸਹਿ ਸੰਪਾਦਕ ਵਜੋਂ ਬੇਮਿਸਾਲ ਸੇਵਾਵਾਂ ਦੇਣ ਦੇ ਨਾਲ-ਨਾਲ ‘ਅਕਾਲੀ’ ਤੇ ‘ਕਿਰਤੀ’ ਅਖ਼ਬਾਰਾਂ ਦਾ ਸੰਪਾਦਨ ਵੀ ਕੀਤਾ ਸੀ। ਬਲਵੰਤ ਸਿੰਘ ਦੇ ਕਲਮੀ ਨਾਂ ਹੇਠ ਲਿਖੇ ਉਨ੍ਹਾਂ ਦੇ ਲੇਖ ਅੱਜ ਵੀ ਸਾਡੀ ਜ਼ਮੀਰ ਨੂੁੰ ਹਲੂਣਦੇ ਹਨ। ਖ਼ਾਸ ਤੌਰ ’ਤੇ ਫ਼ਿਰਕੂ ਦੰਗਿਆਂ ਖ਼ਿਲਾਫ਼ ਉਦੋਂ ਲਿਖਿਆ ਗਿਆ ਲੇਖ ਅਜੋਕੇ ਦੌਰ ਵਿਚ ਹੋਰ ਵੀ ਸਾਰਥਕ ਬਣ ਗਿਆ ਹੈ। ਭਗਤ ਸਿੰਘ ਦੀ ਲੜਾਈ ਸਿਰਫ਼ ਵਿਦੇਸ਼ੀ ਹਾਕਮਾਂ ਨਾਲ ਨਹੀਂ ਸੀ, ਉਹ ਤਾਂ ਸਗੋਂ ਸਮਾਜਿਕ ਪਿਛੜੇਪਣ ਨੂੰ ਦੂਰ ਕਰਕੇ, ਜਮਾਤੀ ਵੰਡ ਅਤੇ ਅਮਾਨਵੀ ਜਾਤ-ਪਾਤ ਤੇ ਲਿੰਗਕ ਵਿਤਕਰੇ ’ਤੇ ਜ਼ੁਲਮਾਂ ਦਾ ਭੋਗ ਪਾਕੇ, ਹਨੇਰ ਬਿਰਤੀਵਾਦੀ ਵਿਚਾਰਧਾਰਾ ਦਾ ਖ਼ਾਤਮਾ ਕਰਕੇ, ਸਭਨਾਂ ਲਈ ਹੱਕ-ਸੱਚ ਤੇ ਇਨਸਾਫ਼ ਦੀ ਜਾਮਨੀ ਕਰਦੇ ਰਾਜ ਪ੍ਰਬੰਧ ਦੀ ਸਥਾਪਨਾ ਕਰਨਾ ਲੋਚਦਾ ਸੀ । ਉਹ ਲੋਕਾਈ ਦੇ ਦੁੱਖ-ਦਰਦ ਨੂੰ ਸਮਝਣ ਵਾਲਾ ਲੋਕ ਪੱਖੀ ਇਨਸਾਨ ਸੀ, ਜਿਸ ਨੇ ਆਪਣੇ ਸੁਲੱਖਣੇ ਕਰਮਾਂ ਨਾਲ ਹਰ ਦੌਰ ਦੀ ਜ਼ਾਲਮ ਸਥਾਪਤੀ ਖਿਲਾਫ਼ ਜੂਝਣਾ ਸਿਖਾਇਆ। ਜਿਸ ਵੇਲੇ ਭਗਤ ਸਿੰਘ ਨੂੰ ਮੌਤ ਦੀ ਸਜ਼ਾ ਦਾ ਅੇੈਲਾਨ ਹੁੰਦਾ ਹੈ ਉਸ ਸਮੇਂ ਭਗਤ ਸਿੰਘ ਦੇ ਪਿਤਾ ਪੁੱਤਰ ਮੋਹ ਵਸ ਪ੍ਰੀਵੀ ਕੌਂਸਲ ਵਿਚ ਅਪੀਲ ਕਰਦੇ ਨੇ ਕਿ ਮੇਰੇ ਪੁੱਤਰ ਦੀ ਸ਼ਜਾ ਮਾਫ਼ ਕਰ ਦਿੱਤੀ ਜਾਵੇ। ਭਗਤ ਸਿੰਘ ਉਸ ਵੇਲੇ ਆਪਣੇ ਪਿਤਾ ਨੂੰ ਖ਼ਤ ਲਿਖ ਕੇ ਕਹਿੰਦੇ ਹਨ, “ਬਾਪ, ਮੇਰੇ ਲਈ ਸਤਿਕਾਰ ਦਾ ਸਭ ਤੋਂ ਵੱਡਾ ਲਫ਼ਜ਼ ਹੈ। ਜੇ ਤੁਸੀਂ ਮੇਰੇ ਬਾਪ ਨਾ ਹੁੰਦੇ ਤਾਂ ਸ਼ਾਇਦ ਮੈਂ ਤੁਹਾਡੇ ਲਈ ਕੁੱਝ ਵੀ ਬੋਲ ਸਕਦਾ ਸੀ। ਪਿਤਾ ਜੀ ਮੈਨੂੰ ਵੀ ਜ਼ਿੰਦਗੀ ਬਹੁਤ ਪਿਆਰੀ ਹੈ ਪਰ ਇੰਨੀ ਵੀ ਪਿਆਰੀ ਨਹੀਂ ਕਿ ਅਸੂਲਾਂ ਦੀ ਬਲੀ ਦੇ ਕੇ ਇਸ ਨੂੰ ਬਚਾ ਲਵਾਂ।”

ਇਸ ਤਰ੍ਹਾਂ ਦੀ ਸੂਹੀ ਸੋਚ ਦਾ ਮਾਲਕ ਸੀ ਭਗਤ ਸਿੰਘ। ਜੇ ਭਗਤ ਸਿੰਘ, ਬੀ. ਕੇ. ਦੱਤ. ਨਾਲ ਮਿਲ ਕੇ ਦਿੱਲੀ ਦੇ ਕੇਂਦਰੀ ਅਸੈਂਬਲੀ ਹਾਲ ਵਿਚ ਬੰਬ ਸੁੱਟ ਕੇ ਦੌੜ ਜਾਂਦਾ ਤਾਂ ਲੋਕਾਂ ਦੇ ਜ਼ਿਹਨ ’ਚ ਉਸ ਦਾ ਦਹਿਸ਼ਤਗਰਦਾਂ ਵਾਲਾ ਅਕਸ ਸਥਾਪਤ ਹੋ ਜਾਣਾ ਸੀ। (“ਅਫ਼ਸੋਸ! ਭਾਰਤ ਦੇ ਸਰਕਾਰੀ ਰਿਕਾਰਡ ਵਿਚ ਅੱਜ ਵੀ ਉਨ੍ਹਾਂ ਨੂੰ ਅੱਤਵਾਦੀ ਕਰਾਰ ਦਿੱਤਾ ਹੋਇਆ ਹੈ।’’) ਭਗਤ ਸਿੰਘ ਦੀ ਸੋਚ ਅਨੁਸਾਰ ਕ੍ਰਾਂਤੀ ਦਾ ਅਰਥ ਬੰਬ ਤੇ ਪਿਸਤੌਲ ਨਾਲ ਬਿਨਾਂ ਸੋਚੇ-ਸਮਝੇ ਲੋਕਾਂ (ਅੰਗਰੇਜ਼ਾਂ) ਦਾ ਕਤਲ ਕਰਨਾ ਨਹੀਂ ਸੀ। ਉਨ੍ਹਾਂ ਨੂੰ ਇਹ ਵੀ ਇਲਮ ਸੀ ਕਿ ਆਤੰਕ ਫ਼ੈਲਾ ਕੇ ਆਜ਼ਾਦੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਉਹ ਤਾਂ ਅਨਿਆਂ ਤੇ ਬੇਇਨਸਾਫ਼ੀ, ਜ਼ਬਰ-ਜ਼ੁਲਮ ਤੇ ਤਸ਼ੱਦਦ ਦਾ ਖਾਤਮਾ ਲੋਚਦੇ ਸਨ। ਕ੍ਰਾਂਤੀ ਸਫ਼ਲ ਕਰਨ ਲਈ ਭਗਤ ਸਿੰਘ ਦੀ ਸੋਚ ਅਨੁਸਾਰ ਹੀ “ਨੌਜਵਾਨ ਭਾਰਤ ਸਭਾ” ਅਤੇ “ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ” ਦੇ ਮੈਨੀਫੇੈਸਟੋ ਤਿਆਰ ਕੀਤੇ ਗਏ ਸਨ। ਇਹੀ ਕਾਰਨ ਹੈ ਕਿ ਇਸ ਸੂਰਵੀਰ ਯੋਧੇ ਨੇ ਬੰਬ ਸੁੱਟਣ ਪਿੱਛੋਂ ਪੂਰੀ ਨਿਡਰਤਾ ਨਾਲ ਹਿੱਕ ਤਾਣ ਕੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ ਤੇ ਆਪਣੇ ਆਪ ਨੁੂੰ ਗਿ੍ਰਫ਼ਤਾਰੀ ਲਈ ਪੇਸ਼ ਕੀਤਾ। ਨਾਲ ਹੀ ਸ਼ਪੱਸ਼ਟ ਕੀਤਾ ਕਿ ਹਥਿਆਰਾਂ ਵਾਲਾ ਰਾਹ, ਸਾਡਾ ਰਾਹ ਨਹੀਂ। ਅਸੀਂ ਤਾਂ ਕੁੰਭਕਰਣੀ ਨੀਂਦ ਸੁੱਤੀ ਭਿ੍ਰਸ਼ਟ ਸਰਕਾਰ ਨੂੰ ਜਗਾਉਣ ਲਈ ਅਜਿਹਾ ਕੀਤਾ ਹੈ। ਅੱਜ ਜਾਣ-ਬੁੱਝ ਕੇ ਭਗਤ ਸਿੰਘ ਦੀ ਪਿਸਤੌਲ ਵਾਲੀ ਤਸਵੀਰ ਦਿਖਾ ਕੇ ਉਸ ਨੂੰ ਹਿੰਸਕ ਦਰਸਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਫ਼ਾਸੀ ’ਤੇ ਚੜ੍ਹਨ ਦਾ ਆਖ਼ਰੀ ਸੱਦਾ ਦੇਣ ਆਏ ਮੁਲਾਜ਼ਮ ਨੂੰ ਲੈਨਿਨ ਦੀ ਜੀਵਨੀ ਪੜ੍ਹ ਰਹੇ ਭਗਤ ਸਿੰਘ ਦੀ ਅਵਾਜ਼ ਸੁਣਦੀ ਹੈ, “ਠਹਿਰੋ ਇਕ ਇਨਕਲਾਬੀ ਦੂਜੇ ਇਨਕਲਾਬੀ ਨੂੰ ਮਿਲ ਰਿਹਾ ਹੈ।” ਉਸ ਵਰਿਆਮ ਨਾਇਕ ਨੂੰ ਪਤਾ ਸੀ ਕਿ ਕੱੁਝ ਛਿਣਾਂ ਵਿਚ ਫਾਂਸੀ ਦਾ ਫੰਦਾ ਗਲੇ ਵਿਚ ਹੋਵੇਗਾ, ਪਰ ਉਸ ਮਾਂ ਦੇ ਲਾਲ ਨੁੂੰ ਨਾ ਮੌੋਤ ਦੀ ਭੋਰਾ ਭਰ ਵੀ ਦਹਿਸ਼ਤ ਸੀ ਅਤੇ ਨਾ ਹੀ ਆਪਣਿਆਂ ਤੋਂ ਜ਼ੁਦਾ ਹੋਣ ਦਾ ਰੱਤੀ ਭਰ ਵੀ ਮਲਾਲ ਸੀ। ਇੰਝ ਲੱਗਦਾ ਹੈ ਜਿਵੇਂ 23 ਸਾਲ ਦੀ ਫੁੱਲ ਜਿਹੀ ਉਮਰੇ ਭਗਤ ਸਿੰਘ ਨੇ ਮੌਤ ਰਾਣੀ ਨੂੰ ਪਰਣਾਇਆ ਹੋਵੇ, ਫਾਂਸੀ ਦਾ ਤਖ਼ਤਾ ਉਸਦਾ ਖਾਰਾ ਹੋਵੇ, ਰਾਜਗੁਰੂ ਤੇ ਸੁਖਦੇਵ ਉਸਦੇ ਸਰਬਾਲੇ ਹੋਣ। ਵੈਸੈ ਵੀ ਵਿਸਮਾਦ ਦੀ ਅਵਸਥਾ ਵਾਲ ਕੇਸਰੀ ਰੰਗ ਉਸਦਾ ਪੰਸਦੀਦਾ ਰੰਗ ਸੀ ।   

ਜਿਨ੍ਹਾਂ ਨੂੰ ਸਮਝ ਨਾ ਆਵੇ ਸਿਆਸਤ ਮੁਨਾਫੇ ਵਾਲੀ,

ਉਹੀ ਚੜ੍ਹਦੇ ਨੇ ਚਰਖੜੀਆਂ ਜੋ ਬੰਦੇ ਬਾਵਰੇ ਹੁੰਦੇ!

ਅਸਲ ਵਿਚ ਜਿਹੜੇ ਲੋਕ ਜ਼ਿੰਦਗੀ ਨੂੰ ਸ਼ਿੱਦਤ ਨਾਲ ਜਿਊਣਾ ਜਾਣਦੇ ਹਨ, ਉਹੀ ਮੌਤ ਨੂੰ ਅਗਲਵਾਂਢੀ ਹੋ ਕੇ ਮਿਲਦੇ ਹਨ। ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਜ਼ਿੰਦਗੀ ਦਾਅ ’ਤੇ ਲਾ ਦਿੰਦੇ ਹਨ। ਲੋਹੜੇ ਦੀ ਰਹਿਤਲੀ ਸੂਝ ਵਾਲਾ ਉਹ ਸੂਝਵੀਰ ਯੋਧਾ ਆਪਣੀ ਜਾਨ ਦੀ ਆਹੂਤੀ ਦੇ ਕੇ ਸਾਨੂੁੰ ਜ਼ਿੰਦਗੀ ਦੇ ਅਸਲੀ ਮਾਇਨੇ ਸਮਝਾ ਗਿਆ। ਫ਼ਾਂਸੀ ਤੋਂ ਕੁੱਝ ਸਮਾਂ ਪਹਿਲਾਂ ਭਗਤ ਸਿੰਘ ਨੇ ਕਿਹਾ ਸੀ :

“ਮੇਰੀ ਮੌਤ ਇਸ ਆਜ਼ਾਦੀ ਦੀ ਲੜਾਈ ਲਈ ਵਧੇਰੇ ਕਾਰਗਰ ਸਿੱਧ ਹੋਵੇਗੀ”।

ਸਾਡੇ ਅਜ਼ੀਮ ਸ਼ਹੀਦ ਜੀਏ ਵੀ ਤਾਜ਼ਾ ਗੁਲਾਬ ਵਾਂਗ ਤੇ ਜਦੋਂ ਇਸ ਦੁਨੀਆਂ ਤੋਂ ਵਿਦਾ ਹੋਏ ਤਾਂ ਵੀ ਖੁਸ਼ਬੂ ਵਾਂਗ” ਉਸ ਬਾਰੇ ਲਿਖੇ ਸਾਹਿਤ ਨੂੰ ਜੇ ਘੋਖੋ ਤਾਂ ਸਾਬਤ ਹੁੰਦਾ ਹੈ ਕਿ ਜਿਊਂਦੇ ਭਗਤ ਸਿੰਘ ਨਾਲੋਂ ਸ਼ਹੀਦ ਭਗਤ ਸਿੰਘ ਜ਼ਿਆਦਾ ਮਕਬੂਲ ਹੋਇਆ।

ਦੋਨੋਂ ਪੰਜਾਬ ਚਾਹੇ ਚੜ੍ਹਦਾ ਹੋਵੇ ਜਾਂ ਲਹਿੰਦਾ ਭਗਤ ਸਿੰਘ ਨੂੰ ਆਪਣਾ ਨਾਇਕ ਮੰਨਦੇ ਹਨ। ਪਾਕਿਸਤਾਨ ਦੇ ਅਗਾਂਹਵਧੂ ਲੋਕ ਤਾਂ ਸ਼ਹੀਦ ਭਗਤ ਸਿੰਘ ਦਾ ਵਕਾਰ ਬਹਾਲ ਕਰਾਉਣ ਲਈ ਲਗਾਤਾਰ ਜੱਦੋ-ਜਹਿਦ ਕਰ ਰਹੇ ਹਨ। ਉਥੇ ਉਸਦੇ ਅਕੀਦੇ ਦੇ ਆਸ਼ਕਾਂ, ਉਸ ਨੂੰ ਪਿਆਰ ਕਰਨ ਵਾਲਿਆਂ ਨੇ ਇਕ ਜੰਗ ਸ਼ੁਰੂ ਕੀਤੀ ਹੋਈ ਹੈ ਕਿ ਸ਼ਾਦਮਨ ਚੌਂਕ ਦਾ ਨਾਂ ਸ਼ਹੀਦ-ਏ-ਆਜ਼ਮ ਦੇ ਨਾਂ ’ਤੇ ਤਬਦੀਲ ਕੀਤਾ ਜਾਵੇ। ਵੈਸੈ ਉਥੇ ਵੀ ਇਕ ਸਿਰਫਿਰੇ ਜੱਜ ਨੇ ਫ਼ਿਰਕੂ ਤੇ ਇਕਪਾਸੜ ਫ਼ੈਸਲਾ ਸੁਣਾਉਂਦਿਆ ਸਾਡੇ ਅਜ਼ੀਜ਼ ਸ਼ਹੀਦ ਨੂੰ ਆਤੰਕਵਾਦੀ ਕਰਾਰ ਦੇ ਦਿੱਤਾ ਹੈ। ਸਾਡੇ ਆਪਣੇ ਦੇਸ਼ ਵਿਚ ‘ਜਵਾਹਰ ਲਾਲ ਨਹਿਰੂ ਯੁੂਨੀਵਰਸਿਟੀ’ ਵਿਖੇ 2007 ਵਿਚ ਭਗਤ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕੀਤੀ ਗਈ ਸੀ। ਬਿਨ੍ਹਾਂ ਕੋਈ ਕੰਮ ਹੋਏ ਮਨਿਸਟਰੀ ਆਫ਼ ਹਿਊਮਨ ਰਿਸੋਰਸ ਐਂਡ ਡਿਵੈਲਪਮੈਂਟ ਨੇ ਖਰਚਾ ਚੁੱਕਣ ਤੋਂ ਹੱਥ ਖੜ੍ਹੇ ਕਰ ਦਿੱਤੇ ਅਤੇ ਮਸ਼ਵਰਾ ਦਿੱਤਾ ਕਿ ਇਹ ਚੇਅਰ ਅਸੀਂ ‘ਜਾਮੀਆ ਮਿਲੀਆ ਇਸਲਾਮੀਆਂ ਯੁੂਨੀਵਰਸਿਟੀ’ ਵਿਚ ਤਬਦੀਲ ਕਰ ਦਿੰਦੇ ਹਾਂ। ਹਾਲਾਂਕਿ ਲੋਕ ਰੋਹ ਦੇ ਅੱਗੇ ਝੁਕਦਿਆਂ ਸਰਕਾਰ ਚੇਅਰ ਤਾਂ ਤਬਦੀਲ ਨਾ ਕਰ ਸਕੀ ਪਰ ਅੱਜ ਤੱਕ ਉਸ ਚੇਅਰ ’ਤੇ ਕੋਈ ਪ੍ਰੋਫ਼ੈਸਰ ਨਹੀਂ ਨਿਯੁਕਤ ਕੀਤਾ ਗਿਆ ਜੋ ਉਨ੍ਹਾਂ ਦੀ ਸੋਚ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕੇ।

(“ਟਾਈਮਜ਼ ਆਫ਼ ਇੰਡੀਆ” ਦੇ ਹਵਾਲੇ ਨਾਲ 3 ਮਾਰਚ 2015”)

ਪੰਜਾਬ ਯੂਨੀਵਰਸਿਟੀ ਵਿਚ ਵੀ ਭਗਤ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕੀਤੀ ਗਈ ਸੀ। ਪਰ ਇੱਥੇ ਵੀ ਦੇਖਣਾ ਇਹ ਬਣਦਾ ਹੈ ਕਿ ਇਸ ਯੂੁਨੀਵਰਸਿਟੀ ਨੇ ਉਸ ਦੀ ਅਗਾਂਹ ਵਧੂ ਸੋਚ ਨੂੁੰ ਹੋਰ ਅਗਾਂਹ ਲੈ ਜਾਣ ਲਈ ਕੀ ਉਪਰਾਲੇ ਕੀਤੇ ਹਨ?

See Also

ਭਗਤ ਸਿੰਘ ਰਚਿਤ ਪੁਸਤਕ “ਮੈਂ ਨਾਸਤਕ ਕਿਉਂ ਹਾਂ” ਪੜ੍ਹਨ ਉਪਰੰਤ ਸ਼ਪੱਸਟ ਹੋ ਜਾਂਦਾ ਹੈ ਕਿ ਭਗਤ ਸਿੰਘ ਦਾ ਮਜ਼ਹਬ ਇਨਸਾਨੀਅਤ ਸੀ। ਉਨ੍ਹਾਂ ਦੇ ਪਰਮ ਮਿੱਤਰ ਅਸ਼ਫਾਕ ਉੱਲਾ ਖਾਨ ਪੱਕੇ ਮੁਸਲਮਾਨ ਸਨ, ਪੰਜ ਵਕਤ ਦੇ ਪੱਕੇ ਨਮਾਜ਼ੀ। ਭਗਤ, ਸੁਖਦੇਵ, ਰਾਜਗੁਰੂ ਲੱਗਦਾ ਜਿਵੇਂ ਇੱਕੋ ਨਾਮ ਹੋਵੇ ਪਰ ਬੌਣੀ ਸੋਚ ਦੇ ਮਾਲਕ ਲੋਕ ਭਗਤ ਸਿੰਘ ਦੇ ਨਾਮ ਨਾਲ ਸੰਧੂ, ਸੁਖਦੇਵ ਦੇ ਨਾਮ ਨਾਲ ਥਾਪਰ ਤੇ ਰਾਜਗੁਰੂ ਦੇ ਨਾਂ ਨਾਲ ਵੀਰ ਮਰਾਠਾ ਆਦਿ ਸੌੜੇ ਵਿਸ਼ੇਸ਼ਣ ਲਾ ਕੇ ਸਾਡੇ ਇਨ੍ਹਾਂ ਦੇਸ਼ ਭਗਤਾਂ ਨੂੰ ਮਜ਼ਹਬ-ਜਾਤ-ਇਲਾਕੇ ਦੇ ਖੇਮਿਆਂ ਵਿਚ ਵੰਡਣ ਦੀਆਂ ਕੁਚਾਲਾਂ ਚੱਲ ਰਹੇ ਹਨ। ਦਰ ਹਕੀਕਤ ਇੰਝ ਕਰਕੇ ਇਹ ਸਵਾਰਥੀ ਤੱਤ ਭਗਤ ਸਿੰਘ ਦੀਆਂ ਸੱਜੀਆਂ-ਖੱਬੀਆਂ ਬਾਹਾਂ ਤੋੜਨ ਦੇ ਕੋਝੇ ਯਤਨ ਕਰ ਰਹੇ ਹਨ। ਭਗਤ ਸਿੰਘ ਸਿਰਫ਼ ਰਾਜ ਪ੍ਰਬੰਧ ਵਿਚ ਹੀ ਤਬਦੀਲੀ ਨਹੀਂ ਸੀ ਚਾਹੁੰਦਾ ਉਸ ਨੂੰ ਇਹ ਵੀ ਇਲਮ ਸੀ ਕਿ ਕਿਸੇ ਖਿੱਤੇ ਦੇ ਲੋਕਾਂ ਲਈ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਕੀ ਮਾਇਨੇ ਹੁੰਦੇ ਹਨ।

ਅੱਜ ਇਨ੍ਹਾਂ ਸੂਰਮਿਆਂ ਦੀ ਸ਼ਹਾਦਤ ’ਤੇ ਇਨ੍ਹਾਂ ਨੂੰ ਸਿਰਫ਼ ਯਾਦ ਕਰਨਾ ਹੀ ਕਾਫ਼ੀ ਨਹੀਂ, ਸਗੋਂ ਵਿਚਾਰ ਵੀ ਕਰਨਾ ਹੈ ਕਿ ਆਜ਼ਾਦੀ ਦੇ 78 ਸਾਲ ਬੀਤ ਜਾਣ ਤੋਂ ਬਾਅਦ ਅਸੀਂ ਕੀ ਖੱਟਿਆ ਤੇ ਕੀ ਗਵਾਇਆ। ਸੱਤਾ ਦਾ ਰੂਪ ਉਹੀ ਰਿਹਾ ਬੱਸ ਸਿਆਸਤਦਾਨਾਂ ਦਾ ਰੰਗ ਬਦਲਿਆ। ਅਜੋਕੇ ਮਤਲਬੀ ਤੇ ਕੱਟੜਪੰਥੀ ਹਾਕਮਾਂ ਨੇ ਤਾਂ ਗੋਰਿਆਂ ਨੂੰ ਵੀ ਮਾਤ ਪਾ ਦਿੱਤੀ ਹੈ। ਹਰ ਪਾਸੇ ਤਾਲਿਬਾਨੀ ਸੋਚ ਭਾਰੂ ਹੈ। ਅੱਜ ਅਸੀਂ ਵਿਦੇਸ਼ੀ ਹਾਕਮਾਂ ਦੇ ਗ਼ੁਲਾਮ ਬੇਸ਼ੱਕ ਨਹੀਂ ਰਹੇ ਪਰ ਸਾਡੀ ਮਾਨਸਿਕਤਾ ਉਸ ਤੋਂ ਵੀ ਖ਼ਤਰਨਾਕ ਗ਼ੁਲਾਮੀ ਦਾ ਸ਼ਿਕਾਰ ਹੋ ਚੁੱਕੀ ਹੈ। ਭਾਗਾਂ ਵਾਲੇ ਭਗਤ ਸਿੰਘ ਨੇ ਦੇਸ਼ ਦੀ ਜਨਤਾ ਨੂੰ ਗੁਰਬਤ ਤੇ ਜ਼ਲਾਲਤ ਤੋਂ ਨਿਜ਼ਾਤ ਦਿਵਾਉਣ ਦਾ ਅਤੇ ਸਮਾਜਵਾਦ ਦੀ ਸਥਾਪਨਾ ਦਾ ਜੋ ਸੁਫ਼ਨਾ ਲਿਆ ਸੀ ਅਸੀਂ ਅੱਜ ਵੀ ਉਸ ਤੋਂ ਕੋਹਾਂ ਦੂਰ ਹਾਂ। ਇਹ ਨਕਲੀ ਆਜ਼ਾਦੀ ਭਗਤ ਸਿੰਘ ਦਾ ਸੁਪਨਾ ਹਰਗਿਜ਼ ਨਹੀਂ ਸੀ। ਭਗਤ ਸਿੰਘ ਨੇ ਕਿਹਾ ਸੀ :

“ਮੇਰੇ ਤੋਂ ਪਹਿਲਾ ਵੀ ਇੱਕ ਯੁੱਧ ਚੱਲਦਾ ਸੀ, ਹੁਣ ਵੀ ਚੱਲਦਾ ਹੈ ਤੇ ਮੇਰੇ ਤੋਂ ਬਾਅਦ ਵੀ ਚੱਲਦਾ ਰਹੇਗਾ। ਇਹ ਯੁੱਧ ਉਦੋਂ ਤਕ ਚੱਲਦਾ ਰਹੇਗਾ ਜਦੋਂ ਤੱਕ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਬੰਦ ਨਹੀਂ ਹੁੰਦੀ। ਇਸ ਲੜਾਈ ’ਚ ਮੇਰੀ ਕੁਰਬਾਨੀ ਸਿਰਫ਼ ਇਕ ਮਾਤਰ ਕੜੀ ਹੈ।”

ਭਗਤ ਸਿੰਘ ਭਾਰਤ ਦੇ ਕਿਰਤੀ-ਕਿਸਾਨਾਂ ਤੇ ਹੋਰ ਮਿਹਨਤਕਸ਼ ਤਬਕਿਆਂ ਨੂੰ ਸਿਰਫ਼ ਵਿਦੇਸ਼ੀ ਹਾਕਮਾਂ ਦੀ ਗ਼ੁਲਾਮੀ ਤੋਂ ਹੀ ਨਹੀਂ ਸਗੋਂ ਸਰਮਾਏਦਾਰੀ-ਜਾਗੀਰਦਾਰੀ ਦੀ ਲੁੱਟ-ਖਸੁੱਟ ਅਤੇ ਵੰਨ-ਸੁਵੰਨੀ ਫੁੱਟ ਦੀ ਕੈਦ ਤੋਂ ਵੀ ਨਿਜ਼ਾਤ ਦਿਵਾਉਣਾ ਚਾਹੁੰਦਾ ਸੀ। ਮਰਹੂਮ ਸੰਤ ਰਾਮ ਉਦਾਸੀ ਨੇ ਸ਼ਾਇਦ ਆਪਣੇ ਜ਼ਿਹਨ ਭਗਤ ਸਿੰਘ ਦਾ ਤਸੱਵਰ ਵਸਾ ਕੇ ਹੀ ਲਿਖਿਆ ਸੀ,

ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ,

ਮੇਰੇ ਲਹੂ ਦਾ ਕੇਸਰ ਮਿੱਟੀ ’ਚ ਨਾ ਰੁਲਾਇਓ!

ਅੱਜ ਵੱਡਾ ਸਵਾਲ ਸਾਡੇ ਸਾਹਮਣੇ ਇਹ ਹੈ ਕਿ ਕੀ ਅਸੀਂ ਆਪਣੇ ਆਦਰਸ਼ ਨਾਇਕ ਦੀ ਸੋਚ ਨੂੁੰ ਬਚਾ ਸਕੇ ਹਾਂ? ਦੇਸ਼ ਦੇ ਗਰੀਬਾਂ, ਦਲਿਤਾਂ, ਅੋੌਰਤਾਂ, ਪਿਛੜੇ ਵਰਗਾਂ ਤੇ ਘੱਟ ਗਿਣਤੀਆਂ ਦੀ ਦਸ਼ਾ ਦੇਖ ਲਓ। ਧਨ-ਸੰਪਤੀ ਦੀ ਕਾਣੀ ਵੰਡ, ਸੋਸ਼ਣ, ਭੁੱਖਮਰੀ, ਬੇਰੁਜ਼ਗਾਰੀ, ਬੇਇਨਸਾਫ਼ੀ,ਭਿ੍ਰਸ਼ਟਾਚਾਰ, ਵਿਤਕਰੇਬਾਜ਼ੀ ਆਪਣੀ ਚਰਮ ਸੀਮਾ ’ਤੇ ਹੈ। ਚਹੇਤਿਆਂ ਦੇ ਕੰਮ ਪਿਛਲੇ ਦਰਵਾਜ਼ਿਓਂ ਹੁੰਦੇ ਹਨ, ਆਮ ਲੋਕਾਂ ਦੇ ਪੁਹੰਚਣ ਤੱਕ ਖਿੜਕੀ ਬੰਦ ਹੋ ਜਾਂਦੀ ਹੈ। ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ’ਤੇ ਆਧਾਰਿਤ ਨਵ-ਉਦਾਰਵਾਦ ਨੀਤੀ ਚੌਖਟੇ ’ਚੋਂ ਜਨਮੀਆਂ, ਜਲ-ਜੰਗਲ-ਜ਼ਮੀਨ ਸਮੇਤ ਸਮੁੱਚੇ ਕੁਦਰਤੀ ਵਸੀਲੇ ਦੇਸੀ-ਵਿਦੇਸ਼ੀ ਲੋਟੂਆਂ ਨੂੰ ਸੌਂਪਣ, ਪਬਲਿਕ ਸੈਕਟਰ ਦੇ ਖ਼ਾਤਮੇ ਰਾਹੀਂ ਵੱਸੋਂ ਨੂੰ ਮਿਆਰੀ ਤੇ ਇੱਕਸਾਰ ਸਿੱਖਿਆ, ਵਿਸ਼ਵੀ ਮਿਆਰਾਂ ਨਾਲ ਮੇਚਵੀਆਂ ਸਿਹਤ ਸੇਵਾਵਾਂ ਅਤੇ ਹੋਰ ਨਾਗਰਿਕ ਸੇਵਾਵਾਂ ਤੋਂ ਮਹਿਰੂਮ ਕਰਨ, ਠੇਕਾ ਭਰਤੀ, ਲੰਬਾ ਸਮਾਂ ਤਨਖਾਹਾਂ ਨਾ ਮਿਲਣਾ ਆਦਿ ਅਲਾਮਤਾਂ ਅੱਜ ਹਰ ਮਾਨਵ ਹਿਤੈਸ਼ੀ ਇਨਸਾਨ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ। ਦੇਸ਼ ਦੇ ਬਹੁਪੱਖੀ ਵਿਕਾਸ ਵਿਚ ਹਰ ਇਕ ਦੀ ਭਾਈਵਾਲੀ ਦੀ ਥਾਂ ‘ਅਮੀਰਾਂ ਦੇ ਵਿਕਾਸ ਤੇ ਗਰੀਬਾਂ ਦੇ ਵਿਨਾਸ਼’ ਦੇ ਫਾਰਮੂਲੇ ਤੋਂ ਹਰ ਸੂਝਵਾਨ ਇਨਸਾਨ ਚਿੰਤਤ ਹੈ। ਵੱਡਾ ਸਵਾਲ ਇਹ ਬੇਚੈਨ ਕਰ ਰਿਹਾ ਹੈ ਕਿ ਰੁਜ਼ਗਾਰ ਦੀ ਅਸਲੋਂ ਕਮੀ, ਅਤੇ ਸਮਾਜਿਕ ਸੁਰੱਖਿਆ ਦੀ ਅਣਹੋਂਦ ਕਰਕੇ ਸਾਡੇ ਬੱਚਿਆਂ ਨੂੰ ਸਾਡੇ ਆਪਣੇ ਦੇਸ਼ ਵਿਚ ਹੀ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਇਹੀ ਕਾਰਨ ਹੈ ਕਿ ਸਾਡੇ ਧੀਆਂ-ਪੁੱਤ ਭਗਤ, ਸਰਾਭੇ, ਰਾਜਗੁਰੂ, ਸੁਖਦੇਵ ਤੇ ਉੂਧਮ ਸਿੰਘ ਦੀ ਸੋਚ ਦੇ ਧਾਰਨੀ ਬਣਨ ਦੀ ਥਾਂ ਵਿਦੇਸ਼ਾਂ ਦੀਆਂ ਠੰਡੀਆਂ ਯਖ਼ ਬੇਸਮੈਂਟਾਂ ਵਿਚ ਸਹਿਕ ਰਹੇ ਹਨ ਅਤੇ ਨੌਕਰੀਆਂ ਲਈ ਲੰਬੀਆਂ ਕਤਾਰਾਂ ਵਿਚ ਖੜ੍ਹੇ ਹਨ। ਇਹ ਸਭ ਹੋ ਨਹੀਂ ਰਿਹਾ ਚੇਤਨ ਪੱਧਰ ’ਤੇ ਕੀਤਾ ਜਾ ਰਿਹਾ ਹੈ। ਇਸ ਲਈ ਲੋਕ ਮਾਰੂ ਸਿਆਸਤ ਤੇ ਇਸ ਨਾਲ ਜੁੜੇ ਸਿਆਸੀ ਆਗੂ ਜ਼ਿੰਮੇਵਾਰ ਹਨ। ਪਿਛਲੇ ਦਿਨੀਂ ਜਾਨ ਜ਼ੋਖ਼ਮ ਵਿਚ ਪਾ ਕੇ ਅਮਰੀਕਾ ਗਏ ਆਮ ਕਿਸਾਨਾਂ-ਮਜ਼ਦੂਰਾਂ ਤੇ ਹੋਰ ਗਰੀਬ ਪਰਿਵਾਰਾਂ ਦੇ ਬੱਚੇ ਜਦੋਂ ਪੈਰੀਂ ਬੇੜੀਆਂ ਤੇ ਹੱਥੀਂ ਹੱਥਕੜੀਆਂ ਪਾ ਕੇ ਜਾਨਵਰਾਂ ਵਾਂਗ ਨੂੜ ਕੇ ਅਮਰੀਕਾ ਦੀ ਧਰਤੀ ਤੋਂ ਵਾਪਸ ਭੇਜੇ ਤਾਂ ਸਾਡੇ ਹੁਕਮਰਾਨਾਂ ਲਈ ਇਸ ਤੋਂ ਵੱਡੀ ਸ਼ਰਮਿੰਦਗੀ ਹੋਰ ਕੀ ਹੋ ਸਕਦੀ ਹੈ? ਸਮਝ ਨਹੀਂ ਲੱਗਦੀ ਝੂਠੀ ਹਮਦਰਦੀ ਪ੍ਰਗਟ ਕਰਨ ਆਏ ਹਾਕਮਾਂ ਨੂੰ ਲੋਕ ਸਵਾਲ ਕਿਉਂ ਨਹੀਂ ਪੁੱਛਦੇ ਕਿ ਇਸ ਵਰਤਾਰੇ ਲਈ ਜ਼ਿੰਮੇਵਾਰ ਕੌਣ ਹੈ? ਆਪਣੀ ਧਰਤੀ ’ਤੇ ਜੇ ਰੁਜ਼ਗਾਰ ਮਿਲੇ ਤਾਂ ਜੰਮਣ ਭੌਂ ਛੱਡ ਕੇ ਪਰਵਾਸ ਹੰਢਾਉਣ ਨੂੰ ਕਿਸ ਦਾ ਦਿਲ ਕਰਦਾ ਹੈ? ਇਹ ਕੋਈ ਪਹਿਲੀ ਘਟਨਾ ਨਹੀਂ ਹੈ। ‘ਕਾਰਪੋਰੇਟ ਘਰਾਣੇ ਸਿੱਖਿਆ ਤੇ ਸਿਹਤ ’ਤੇ ਹੀ ਨਹੀਂ ਸਗੋਂ ਰਾਜਨੀਤੀ ’ਤੇ ਵੀ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੇ ਹਨ। ਦੇਸ਼ ਦੀ ਅੱਧੀ ਦੌਲਤ ਤੇ ਸਿਰਫ ਇਕ ਪ੍ਰਤੀਸ਼ਤ ਲੋਕ ਕੁੰਡਲੀ ਮਾਰੀ ਬੈਠੇ ਹਨ। ਭਗਤ ਸਿੰਘ ਨੇ ਤਾਂ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਸਰਕਾਰਾਂ ਸਰਮਾਏਦਾਰੀ ਦੇ ਖੇਮੇ ’ਚੋਂ ਬਣਨ। ਉਹ ਤਾਂ ਲੋਕ ਹਿੱਤਕਾਰੀ ਸਿਆਸਤ ਦਾ ਸੁਪਨਸ਼ਾਜ ਸੀ।

ਅੱਜ ਛੋਟੀ ਕਿਸਾਨੀ ਆਪਣੇ ਹੱਥੀਂ ਵੱਟੇ ਰੱਸੇ ਡੰਗਰਾਂ ਦੇ ਗਲ ਪਾਉਣ ਦੀ ਥਾਂ ਆਪਣੇ ਗਲਾਂ ਦੇ ਫੰਦੇ ਬਣਾ ਰਹੀ ਹੈ। ਆਪਣੀ ਫ਼ਸਲ ਦਾ ਵਾਜ਼ਬ ਮੁੱਲ ਮੰਗਦੇ ਅਤੇ ਆਪਣੀਆਂ ਜ਼ਮੀਨਾਂ ਬਚਾਉਣ ਲਈ ਜੂਝ ਰਹੇ ਕਿਸਾਨ ਦੇਸ਼ ਭਰ ’ਚ ਸਰਕਾਰੀ ਜ਼ੁਲਮ ਦਾ ਸ਼ਿਕਾਰ ਬਣਾਏ ਜਾ ਰਹੇ ਹਨ। ਹਰ ਮੁਲਾਜ਼ਮ ਚਾਹੇ ਉਹ ਸਕੂਲ ਜਾਂ ਕਾਲਜ ਦਾ ਅਧਿਆਪਕ ਹੈ ਜਾਂ ਕੋਈ ਦਫ਼ਤਰੀ ਕਰਮਚਾਰੀ ਸੜਕਾਂ ’ਤੇ ਇਨਸਾਫ਼ ਦੀ ਗੁਹਾਰ ਲਾ ਰਿਹਾ ਹੈ।

ਭਗਤ ਸਿੰਘ ਨੇ ਸੁਚੇਤ ਕੀਤਾ ਸੀ ਕਿ ਧਰਮ, ਜਾਤ-ਪਾਤ, ਭਾਸ਼ਾ, ਖਿੱਤੇ ਆਦਿ ’ਤੇ ਆਧਾਰਿਤ ਸ਼ਾਵਨਵਾਦੀ ਸੋਚ ਮਨੁੱਖੀ ਵਿਕਾਸ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਹੈ। ਉਸਦੇ ਲਿਖੇ ‘ਫ਼ਿਰਕੂ ਦੰਗਿਆਂ ਖਿਲਾਫ਼’ ਅਤੇ ‘ਅਛੂਤ ਦਾ ਸਵਾਲ’ ਲੇਖ ਅਤੇ ਹੋਰ ਇਤਿਹਾਸਕ ਸਮੱਗਰੀ ਪੜ੍ਹਨ ਉਪਰੰਤ ਉਸਦੀ ਵਿਚਾਰਧਾਰਾ ਵਿਚਲੇ ਮਾਨਵੀ ਸਰੋਕਾਰ ਸਰਬ ਉੱਚ ਸਥਾਨ ਤੇ ਨਜ਼ਰੀਂ ਪੈਂਦੇ ਹਨ। ਭਗਤ ਸਿੰਘ ਦੀਆਂ ਲਿਖਤਾਂ ਅੱਜ ਦੇ ਯੁੱਗ ਵਿਚ ਹੋਰ ਵੀ ਸਾਰਥਕ ਹੋ ਨਿੱਬੜੀਆਂ ਹਨ, ਕਿਉਂਕਿ ਸਾਮਰਾਜੀ ਸਾਜ਼ਿਸ਼ਾਂ ’ਚੋਂ ਉੱਗਮੇ ਫਿਰਕੂ-ਫਾਸ਼ੀ, ਹਿੰਦੂਤਵੀ-ਮਨੂੰਵਾਦੀ ਸੰਗਠਨ ਅਤੇ ਸਿਆਸਤ ਵਿਚ ਪੀੜ੍ਹੀ ਦਰ ਪੀੜ੍ਹੀ ਪੈਰ ਪੱਕੇ ਕਰਨ ਰਾਹੀਂ ਮਾਇਆ ਦੇ ਅੰਬਾਰ ਲਾਉਣ ਦੇ ਲੋਭੀ ਸਾਨੁੂੰ ਧਰਮਾਂ-ਜਾਤਾਂ ਆਦਿ ਦੇ ਨਾਂ ’ਤੇ ਲੜਾ ਰਹੇ ਹਨ। ਅੰਧ ਰਾਸ਼ਟਰਵਾਦ ਦਾ ਚੀਕ-ਚਿਹਾੜਾ ਅੱਜ ਚੁਫ਼ੇਰੇ ਫ਼ੈੇਲਿਆ ਹੋਇਆ ਹੈ। ਕੱਟੜ ਰਾਸ਼ਟਰਵਾਦ ਅੱਜ ਵਿਕਾਊ ਮਾਲ ਵਾਂਗ ਵਿਕ ਰਿਹਾ ਹੈ। ਨਫ਼ਰਤਾਂ, ਹਿੰਸਾ ਤੇ ਬੁਰਾਈਆਂ ਦਾ ਹਨੇਰਾ ਪਸਰਦਾ ਜਾ ਰਿਹਾ ਹੈ। ਫ਼ਿਰਕੂ ਜ਼ਿਹਨੀਅਤ ਵਾਲੀਆਂ ਹਿਟਲਰਸ਼ਾਹੀ ਦੀਆਂ ਪੈਰੋਕਾਰ ਸਰਕਾਰਾਂ ਧਰਮ ਤੇ ਜਾਤੀਵਾਦ ਦਾ ਪ੍ਰਸਾਰ ਇਸ ਤਰੀਕੇ ਨਾਲ ਕਰ ਰਹੀਆਂ ਹਨ ਕਿ ਸਧਾਰਨ ਇਨਸਾਨ ਇਸ ਨੂੰ ਕੁਦਰਤੀ ਵਰਤਾਰਾ ਹੀ ਸਮਝਣ ਲੱਗ ਪਿਆ ਹੈ। ਦਿਲਾਂ ਵਿਚ ਜ਼ਹਿਰ ਘੋਲਣ ਲਈ ਫਲ-ਸਬਜ਼ੀ ਤੇ ਦੁੱਧ-ਕਰਿਆਨਾ ਵੀ ਹਿੰਦੂ-ਮੁਸਲਮਾਨ ਬਣਾ ਦਿੱਤੇ ਗਏ ਹਨ। ਅਗਾਂਹਵਧੂ ਤਨਜੀਮਾਂ ਅਤੇ ਧਰਮ ਨਿਰਪੱਖ ਤੇ ਜਮਹੂਰੀਅਤ ਪਸੰਦ ਲੋਕ ਖ਼ਾਸ ਤੌਰ ’ਤੇ ਸਰਕਾਰ ਦੇ ਨਿਸ਼ਾਨੇ ’ਤੇ ਹਨ।

ਅੱਜਕੱਲ੍ਹ ਕੁੱਝ ਕੱਟੜ ਅਖੌਤੀ ਸਨਾਤਨ ਧਰਮੀਆਂ ਵੱਲੋਂ ਸੋਸ਼ਲ ਮੀਡੀਆ ਤੇ ਇਹ ਪ੍ਰਸ਼ਨ ਵਾਰ-ਵਾਰ ਉਭਾਰਿਆ ਜਾ ਰਿਹਾ ਹੈ ਕਿ ਮਹਾਕੁੰਭ ਮੌਕੇ ਮੁਸਲਮਾਨਾਂ ਨੂੰ ਦੁਕਾਨਾਂ ਸਜਾਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ ਕਿ ਨਹੀਂ। ਇਸ ਤਰ੍ਹਾਂ ਦੀਆਂ ਬੇਹੁੂਦਾ ਗੱਲਾਂ ਪਹਿਲਾਂ ਕਿਸੇ ਵੀ ਕੁੰਭ ਦੌਰਾਨ ਸੁਣਨ ਵਿਚ ਨਹੀਂ ਸਨ ਆਈਆਂ। ਕੁੱਝ ਸਿਰਫਿਰੇ ਅਖੌਤੀ ਸੰਤਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਮੁਸਲਮਾਨਾਂ ਨੇ ਇਥੇ ਆਉਣਾ ਹੈ ਤਾਂ ਪਹਿਲਾਂ ਗੰਗਾ ਵਿਚ ਡੁਬਕੀ ਲਗਾ ਕੇ ਫਿਰ ਸ਼ਿਵ ਦੀ ਅਰਾਧਨਾ ਕਰਕੇ ਹੀ ਆ ਸਕਦਾ ਹੈੇ। ਪਰ ਜਦੋਂ ਇਲਾਹਾਬਾਦ (ਅੱਜ-ਕਲ੍ਹ ਪ੍ਰਯਾਗਰਾਜ ਦੀ) ਵਿਖੇ ਭਗਦੜ ਮੱਚੀ ਤਾਂ ਈਰਖਾ ਅਤੇ ਘਿ੍ਰਣਾ ਦਾ ਸ਼ਿਕਾਰ ਬਣਾਏ ਗਏ ਮੁਸਲਮ ਸੰਪਰਦਾਇ ਨੇ ਗੰਗਾ-ਜਮਨੀ ਤਹਿਜ਼ੀਬ ਦਾ ਮਾਣ ਰੱਖਦਿਆਂ ਆਪਣੇ ਹਮਵਤਨ ਹਿੰਦੂ ਭੈਣਾਂ-ਭਰਾਵਾਂ ਲਈ ਸਿਰਫ਼ ਭੰਡਾਰੇ ਹੀ ਨਹੀਂ ਲਾਏ ਸਗੋਂ ਠੰਡ ਦੇ ਭੰਨੇ ਸ਼ਰਧਾਲੂਆਂ ਲਈ ਆਪਣੇ ਘਰਾਂ-ਇਬਾਦਤਗਾਹਾਂ ਦੇ ਦਰ ਵੀ ਖੋਲ੍ਹ ਦਿੱਤੇ। ਪਰ ਅਜਿਹਾ ਨਹੀਂ ਜਾਪਦਾ ਕਿ ਮੁਸਲਮਾਨਾਂ ਦੀ ਇਸ ਫਰਾਖਦਿਲੀ ਨਾਲ ਫਿਰਕੂ ਜ਼ਹਿਰ ਘੋਲਣ ਵਾਲੇ ਸਿਆਸਤਦਾਨ ਤੇ ਧਰਮ ਦੇ ਅਖੌਤੀ ਠੇਕੇਦਾਰ ਸ਼ਰਮਸਾਰ ਹੋਏ ਹੋਣ! ਹਾਂ ਆਮ ਦੇਸ਼ ਵਾਸੀ ਪ੍ਰਯਾਗਰਾਜ ਦੇ ਮੁਸਲਿਮ ਬਾਸ਼ਿੰਦਿਆਂ ਦੀ ਭਰਪੂਰ ਸ਼ਲਾਘਾ ਜ਼ਰੂਰ ਕਰ ਰਹੇ ਹਨ।

ਸਾਮਰਾਜੀ-ਕਾਰਪੋਰੇਟੀ ਤੇ ਫਿਰਕੂ-ਫਾਸ਼ੀਵਾਦੀਆਂ ਦੇ ਸਾਜ਼ਿਸ਼ੀ ਗਠਜੋੜ ਦੇ ਅਜੋਕੇ ਦੌਰ ਵਿੱਚ ਆਪਣੇ ਮੁਕੱਦਸ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਜ਼ਜਬੇ ਅਤੇ ਮਾਨਵੀ ਵਿਚਾਰਧਾਰਾ ਨੂੰ ਸਮਝਣ ਦੀ ਲੋੜ ਹੋਰ ਵੀ ਵਧੇਰੇ, ਕੁੱਝ ਖਾਸ ਅਰਥਾਂ ਵਿੱਚ ਸ਼ਾਇਦ ਸੁਤੰਤਰਤਾ ਸੰਗਰਾਮ ਨਾਲੋਂ ਵੀ ਵੱਧ ਮਹੱਤਵ ਅਖਤਿਆਰ ਕਰ ਗਈ ਹੈ। ਇਹ ਹਰ ਭਾਰਤੀ, ਖਾਸ ਤੌਰ ’ਤੇ ਨੌਜਵਾਨਾਂ ਲਈ ਆਤਮ ਚਿੰਤਨ ਦਾ ਵੇਲਾ ਹੈ। ਆਲੇ-ਦੁਆਲੇ ਫੈੇਲੇ ਹਿੰਸਾ ਦੇ ਸੱਭਿਆਚਾਰ ਨੂੰ ਜੇਕਰ ਠੱਲ੍ਹ ਪਾਉਣੀ ਹੈ ਤਾਂ ਆਪਣੇ ਸ਼ਹੀਦਾਂ ਦੇ ਬੁੱਤਾਂ ਨੂੰ ਦੁੱਧ ਨਾਲ ਨੁਹਾ ਕੇ, ਹਾਰ ਪਾ ਕੇ, ਵੀਰ ਰਸੀ ਵਾਰਾਂ ਗਾ ਕੇ, ਰਸਮੀ ਤੌਰ ’ਤੇ ਯਾਦ ਕਰ ਲੈਣਾ ਹੀ ਕਾਫ਼ੀ ਨਹੀਂ। ਸਮਾਜਿਕ ਤਬਦੀਲੀ ਦੇ ਚਿੰਨ੍ਹ ਆਪਣੇ ਦੂਰ ਅੰਦੇਸ਼ ਕ੍ਰਾਂਤੀਕਾਰੀ ਨਾਇਕ ਦੇ ਸੁਪਨਿਆਂ ਦਾ ਇਨਕਲਾਬੀ ਮਾਡਲ ਉਸਾਰਨ ਦੀ ਲੋੜ ਹੈ।

ਪ੍ਰਿੰਸੀਪਲ ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮਨ, ਜਲੰਧਰ

Scroll To Top