/* SC_TH_END:4.3.24:fc0ffc30 */ ਕਿਊਬਾ ਦੀ ਕ੍ਰਾਂਤੀ: ਇਤਿਹਾਸ ਅਤੇ ਅਹਿਮੀਅਤ – Sangrami Lehar
Now Reading
ਕਿਊਬਾ ਦੀ ਕ੍ਰਾਂਤੀ: ਇਤਿਹਾਸ ਅਤੇ ਅਹਿਮੀਅਤ

ਕਿਊਬਾ ਦੀ ਕ੍ਰਾਂਤੀ: ਇਤਿਹਾਸ ਅਤੇ ਅਹਿਮੀਅਤ

ਸੁਖਦੇਵ ਸਿੰਘ ਸੋਹਲ

ਰੂਸ (1917) ਅਤੇ ਚੀਨ (1949) ਦੀਆਂ ਕ੍ਰਾਂਤੀਆਂ ਤੋਂ ਬਾਅਦ ਕਿਊਬਾ ਦੀ ਕ੍ਰਾਂਤੀ ਕੌਮਾਂਤਰੀ ਮਹੱਤਵ ਦੀਆਂ ਉਨ੍ਹਾਂ ਅਹਿਮ ਘਟਨਾਵਾਂ ਵਿਚੋਂ ਇਕ ਹੈ, ਜਿਸ ਰਾਹੀਂ ਕਾਰਲ ਮਾਰਕਸ ਦੇ ਸਿਧਾਂਤਾਂ ਨੂੰ ਤਰਜ਼ੀਹ ਦਿੱਤੀ ਗਈ।  ਹਥਿਆਰਬੰਦ, ਗੁਰੀਲਾ ਸੰਘਰਸ਼ ਦੀ ਸ਼ਾਨਦਾਰ ਮਿਸਾਲ ਬਣੀ ਇਹ ਕ੍ਰਾਂਤੀ ਅਮਰੀਕਨ ਸਾਮਰਾਜ ਦੀ ਵਿਸ਼ਵੀ ਧੌਂਸ ਨੂੰ ਇਕ ਠੋਕਵਾਂ ਜਵਾਬ ਵੀ ਹੈ। ਇਹ, ਕਿਊਬਾ ’ਚ ਅਮਰੀਕਾ ਦੇ ਹੱਥਠੋਕੇ ਤਾਨਾਸ਼ਾਹ ਫੁਲਜੋਨੀਸ਼ੀਓ ਬਾਤਿਸਤਾ ਦੀ ਸਰਕਾਰ (1952-1959) ਨੂੰ ਜੜ੍ਹੋਂ ਪੁੱਟਣ ਦਾ ਇਕ ਸਾਹਸੀ ਅਤੇ ਸਫ਼ਲ ਨਤੀਜਾ ਵੀ ਹੈ। ਇਸ ਦੀ ਨਿਰੰਤਰਤਾ ਇਸ ਨੂੰ ਹੋਰ ਵਿਸ਼ੇਸ਼ਤਾ ਪ੍ਰਦਾਨ ਕਰਦੀ ਹੈ। ਇਸਦੇ ਪ੍ਰਮੁੱਖ ਨਾਇਕ ਫਿਦਲ ਕਾਸਤਰੋ, ਉਸਦਾ ਭਰਾ ਰਾਉਲ ਕਾਸਤਰੋ ਅਤੇ ਚੀ ਗੁਵੇਰਾ ਸਨ।

            ਕਿਊਬਾਈ ਕ੍ਰਾਂਤੀ : ਮੁੱਢਲਾ ਇਤਿਹਾਸ ਤੇ ਸੰਘਰਸ਼ ਵੀਹਵੀਂ ਸਦੀ ਦੇ ਕਿਊਬਾ ਗਣਤੰਤਰ ਦਾ ਇਤਿਹਾਸ ਕੁਲੀਨ ਵਰਗ ਰਾਹੀਂ ਸਾਧਨਾਂ ਦੀ ਲੁੱਟ-ਘਸੁੱਟ ਨਾਲ ਭਰਿਆ ਹੋਇਆ ਸੀ। ਰਿਸ਼ਵਤਖੋਰੀ ਆਮ ਸੀ। ਕਿਊਬਾ ਦੇ ਪਹਿਲੇ ਪ੍ਰਧਾਨਗੀ ਕਾਲ ਸਮੇਂ ਡੋਨ ਟੋਮਸ ਪਾਮ ਦੀ ਸਰਕਾਰ (1902-1906) ਦੌਰਾਨ ਇਕ ਮਿਆਰੀ ਹਕੂਮਤ ਸੀ। ਪਰ 1906 ਵਿਚ ਅਮਰੀਕਾ ਦੀ ਦਖ਼ਲ ਅੰਦਾਜ਼ੀ ਨਾਲ ਇਕ ਅਮਰੀਕਨ ਸਫੀਰ ਚਾਰਲਸ ਐਡਵਰਡ ਮੈਗੂਨ ਨੇ ਰਾਜਗੱਦੀ ’ਤੇ ਕਬਜ਼ਾ ਕਰ ਲਿਆ। ਇਹ ਵੀ ਰਿਸ਼ਵਤਖੋਰੀ ਦਾ ਕੋਈ ਹੱਲ ਨਾ ਲੱਭ ਸਕਿਆ। ਅਖੀਰ 1909 ’ਚ ਜੋਰਾ ਮਿਗੁਲ ਗੋਮੇਜ਼ ਰਾਸ਼ਟਰਪਤੀ ਬਣਿਆ। ਸਰਕਾਰਾਂ ਬਦਲਦੀਆਂ ਰਹੀਆਂ। ਅਮਰੀਕਾ ਦਾ ਅਸਰ ਵਧਦਾ ਗਿਆ ਅਤੇ ਸਾਧਨਾਂ ਦੀ ਲੁੱਟ-ਘਸੁੱਟ ਵੀ ਜਾਰੀ ਰਹੀ। 1940 ਤੋਂ 1944 ਤੱਕ ਬਾਤਿਸਤਾ ਅਧੀਨ, ਮੁਨਾਫ਼ਾਖੋਰੀ ਭਰਪੂਰ ਸਰਕਾਰ ਬਣੀ। 1952 ਵਿਚ ਬਾਤਿਸਤਾ ਨੇ ਇਕ ਵਾਰ ਫਿਰ ਫੌਜ਼ ਰਾਹੀਂ ਰਾਜ ਪਲਟਾ ਕਰਕੇ ਦੇਸ਼ ਵਾਸੀਆਂ ਸਿਰ ਆਪਣੀ ਤਾਨਾਸ਼ਾਹੀ ਹਕੂਮਤ ਠੋਸ ਦਿੱਤੀ। ਇਹ ਸਰਕਾਰ ਮੁਨਾਫ਼ਾਖੋਰੀ ਅਤੇ ਸੱਟੇਬਾਜ਼ੀ ਵਿਚ ਗਲਤਾਨ ਸੀ। ਇਸ ਤਰ੍ਹਾਂ  ਕਿਊਬਾ 1898 ਤੋਂ ਅਤੇ ਰਾਸ਼ਟਰੀ ਆਜ਼ਾਦੀ 1902 ਤੋਂ ਪਿੱਛੋਂ ਅਸਿਥਰਤਾ, ਰਾਜ ਪਲਟੇ ਅਤੇ ਬਗਾਵਤਾਂ ਦੇ ਦੌਰ ਚੋਂ ਲੰਘਿਆ। ਇਸ ਦੌਰਾਨ ਅਮਰੀਕਾ ਦੀ ਦਖ਼ਲ ਅੰਦਾਜ਼ੀ ਆਮ ਵਰਤਾਰਾ ਸੀ। ਬਾਤਿਸਤਾ 1952 ਵਿਚ ਦੂਸਰੀ ਵਾਰ ਰਾਸ਼ਟਰਪਤੀ ਬਣਿਆ। ਪਹਿਲੀ ਵਾਰ ਉਹ ਅਗਾਂਹਵਧੂ ਸੀ ਪਰ ਦੂਜੀ ਵਾਰ ਤਾਨਾਸ਼ਾਹ ਸਾਬਤ ਹੋਇਆ। ਕਿਊਬਾ ਵਿਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਸੀ। ਬਾਤਿਸ਼ਤਾ ਵੇਲੇ ਅਮਰੀਕੀ ਕੰਪਨੀਆਂ ਦਾ ਬੋਲਬਾਲਾ ਵਧਿਆ। ਖਾਸ ਕਰਕੇ ਗੰਨੇ ਅਤੇ ਖੰਡ ਦੇ ਵਪਾਰ ’ਚ ਅਮਰੀਕੀ ਧਨਾਢਾਂ ਨੇ ਬਹੁਤ ਹੱਥ ਰੰਗੇ। ਬਾਤਿਸਤਾ ਦੀ ਪਹਿਲੀ ਸਰਕਾਰ ਵੇਲੇ ਕਿਊਬਾ ਦੀ ਕਮਿਊਨਿਸਟ ਪਾਰਟੀ ਨੇ ਉਸਦੀ ਮੱਦਦ ਕੀਤੀ ਸੀ। ਆਪਣੀ ਦੂਜੀ ਸਰਕਾਰ ਵੇਲੇ ਉਹ ਕਮਿਊਨਿਸਟਾਂ ਦੇ ਵਿਰੁੱਧ ਹੋ ਗਿਆ ਸੀ, ਜੋ ਉਸ ਖ਼ਿਲਾਫ਼ ਸੰਘਰਸ਼ ਦਾ ਕਾਰਨ ਬਣਿਆ।

ਕ੍ਰਾਂਤੀ ਦੀ ਸ਼ੁਰੂਆਤ ਅਤੇ ਸਫਲਤਾ : 10 ਮਾਰਚ 1952 ਨੂੰ ਫਿਦੇਲ ਕਾਸਤਰੋ ਨੇ ਬਾਤਿਸਤਾ ਵਿਰੁੱਧ ਇਕ ਸੰਵਿਧਾਨਕ ਮੁਕੱਦਮਾ ਦਾਇਰ ਕੀਤਾ ਸੀ,  ਜਿਸਦਾ ਮੁੱਖ ਮੁੱਦਾ ਰਿਸ਼ਵਤਖੋਰੀ ਅਤੇ ਦਹਿਸ਼ਤ ਦਾ ਵਿਰੋਧ ਕਰਨਾ ਸੀ। ਇਹ ਦਲੀਲਾਂ ਕਿਊਬਾ ਦੀਆਂ ਅਦਾਲਤਾਂ ਨੇ ਰੱਦ ਕਰ ਦਿੱਤੀਆਂ। ਸਿੱਟੇ ਵਜੋਂ ਫੀਦੇਲ ਕਾਸਤਰੋ ਨੇ ਕ੍ਰਾਂਤੀ ਦਾ ਰਾਹ ਫੜ੍ਹਿਆ। ਉਸਨੇ ਆਪਣੇ ਭਰਾ ਰਾਉਲ ਕਾਸਤਰੋ ਨਾਲ ਮਿਲਕੇ ‘ਲਹਿਰ’ ਨਾਮੀ ਇਕ ਸੰਸਥਾ ਬਣਾਈ, ਹਥਿਆਰ ਇਕੱਠੇ ਕੀਤੇ ਅਤੇ ਤਕਰੀਬਨ 1200 ਮਜ਼ਦੂਰ ਲਾਮਬੰਦ ਕੀਤੇ।

ਪਹਿਲੇ ਹੱਲੇ, ਕਾਸਤਰੋ ਭਰਾਵਾਂ ਨੇ 126 ਲੜਾਕੂ ਤਿਆਰ ਕੀਤੇ ਅਤੇ 26 ਜੁਲਾਈ 1953 ਨੂੰ ਸੈਨਤਿਆਗੋ ਦੀਆਂ ਮੋਨਕਾਡਾ ਬੈਰਕਾਂ ਦੇ ਹਮਲਾ ਬੋਲ ਦਿੱਤਾ। ਇਸ ਤੋਂ ਇਲਾਵਾ ਬੇਆਮੋ ਦੀਆਂ ਬੈਰਕਾਂ ਨੂੰ ਵੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਬੈਰਕਾਂ ਦਾ ਮੁਨਾਸਬ ਗਿਆਨ ਨਾ ਹੋਣ ਕਰਕੇ, ਲੜਾਕੂਆਂ ਦਾ ਹਥਿਆਰਾਂ ਦਾ ਗਿਆਨ ਘੱਟ ਹੋਣ ਕਰਕੇ ਅਤੇ ਸਰਕਾਰੀ ਸਿਪਾਹੀਆਂ ਦੀ ਗਿਣਤੀ ਵੱਧ ਹੋਣ ਕਰਕੇ ਕਾਸਤਰੋ ਭਰਾਵਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਬਗ਼ਾਵਤ ਵੇਲੇ ਲੋਕਾਂ ਦੇ ਵੱਡੀ ਗਿਣਤੀ ’ਚ ਉਨ੍ਹਾਂ ਨਾਲ ਆ ਰਲਣ ਦੀ ਵਡੇਰੀ ਆਸ ਵੀ ਗਲਤ ਸਾਬਤ ਹੋਈ। ਕਾਸਤਰੋ ਭਰਾਵਾਂ ਦੇ ਪੰਜ ਲੜਾਕੂ ਮਾਰੇ ਗਏ ਅਤੇ 66 ਨੂੰ ਫੜ੍ਹਨ ਪਿੱਛੋਂ ਫਾਂਸੀ ਦੇ ਦਿੱਤੀ ਗਈ। ਬਾਕੀ ਰਹਿੰਦੇ  ਪਹਾੜੀ ਇਲਾਕਿਆਂ ਨੂੰ ਦੌੜ ਗਏ। ਕਾਸਤਰੋ ਭਰਾਵਾਂ ਨੂੰ ਵੀ ਫੜ੍ਹ ਲਿਆ ਗਿਆ। ਮੁਕੱਦਮੇ ਵੇਲੇ ਦੇਸ਼ ਭਗਤੀ ਅਤੇ ਇਨਸਾਫ ਕਾਸਤਰੋ ਵਲੋਂ ਉਭਾਰੇ ਗਏ ਮੁੱਖ ਨੁਕਤੇ ਸਨ। ਫਿਦੇਲ ਕਾਸਤਰੋ ਨੂੰ 15 ਸਾਲ ਅਤੇ ਰਾਉਲ ਕਾਸਤਰੋ ਨੂੰ 13 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਪਰੰਤੂ, ਲੋਕਾਂ ਦੇ ਦਬਾਅ ਸਦਕਾ ਬਾਤਿਸਤਾ ਸਰਕਾਰ ਨੂੰ 15 ਮਈ 1955 ਨੂੰ ਸਾਰੇ ਕੈਦੀ ਰਿਹਾਅ ਕਰਨੇ ਪਏ।

ਕਾਸਤਰੋ ਭਰਾਵਾਂ ਨੂੰ ਕਿਊਬਾ ਛੱਡਕੇ ਮੈਕਸੀਕੋ ਜਾਣਾ ਪਿਆ ਜਿੱਥੇ ਬਾਤਿਸਤਾ ਨੂੰ ਸਰਕਾਰ ਤੋਂ ਬੇਦਖ਼ਲ ਕਰਨ ਲਈ ਹੋਰ ਯੋਧੇ ਵੀ ਤਿਆਰੀ ਕਰ ਰਹੇ ਸਨ। ਇਨ੍ਹਾਂ ਨੂੰ ਤਿਆਰ ਕਰਨ ਲਈ ਐਲਬਰਟੋ ਬੇਊ ਸੀ। ਕ੍ਰਾਂਤੀਕਾਰੀਆਂ ਨੇ ਆਪਣੀ ਜਥੇਬੰਦੀ ਦਾ ਨਾਮ 1953 ਨੂੰ ਮੋਨਕਾਡਾ ਬੈਰਕਾਂ ’ਤੇ ਕੀਤੇ ਗਏ ਹਮਲੇ ਨਾਲ ਜੋੜ ਕੇ “26  ਜੁਲਾਈ ਲਹਿਰ’’ ਰੱਖਿਆ ਸੀ। ਸਾਲ 1955 ਵਿਚ ਕਿਊਬਾ ਦੇ ਵਿਦਿਆਰਥੀਆਂ ਨੇ ਬੇਰੁਜ਼ਗਾਰੀ ਵਿਰੁੱਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਸਨ, ਜਿਨ੍ਹਾਂ ਨੂੰ ਦਬਾਉਣ ਲਈ ਬਾਤਿਸਤਾ ਨੇ ਦਹਿਸ਼ਤ ਦਾ ਸਹਾਰਾ ਲਿਆ। ਹਵਾਨਾ ਯੂਨੀਵਰਸਿਟੀ ਦਾ ਕੈਂਪਸ ਵਿਦਰੋਹ ਦਾ ਮੁੱਖ ਕੇਂਦਰ  ਸੀ। ਇਸੇ ਕਰਕੇ 30 ਨਵੰਬਰ 1956 ਨੂੰ ਯੂਨੀਵਰਸਿਟੀ ਬੰਦ ਕਰ ਦਿੱਤੀ ਗਈ। 29 ਅਪ੍ਰੈਲ 1956 ਨੂੰ ਐਂਤੀਨਤਕੋ ਗੁਰੀਲਾ ਗਰੁੱਪ ਨੇ ਮੰਨਤਾਜ਼ਾ ਸੂਬੇ ਦੀਆਂ ਬੈਰਕਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ 15 ਵਿਦਰੋਹੀ ਮਾਰੇ ਗਏ ਅਤੇ 15 ਨੂੰ  ਫੜ੍ਹ ਲਿਆ ਗਿਆ, ਜਿਨ੍ਹਾਂ ’ਚੋਂ 10 ਨੂੰ ਫਾਂਸੀ ਦੇ ਦਿੱਤੀ ਗਈ। ਇਹ ਕਿਊਬਾ ਦੀ ਕ੍ਰਾਂਤੀ ਦੀ ਸ਼ੁਰੂਆਤ ਸੀ।

ਕਾਸਤਰੋ ਭਰਾਵਾਂ ਨਾਲ 30 ਹੋਰ ਲੜਾਕੂਆਂ ਨੇ 25 ਨਵੰਬਰ 1956 ਨੂੰ ਗਗਨਮਾ ਵੱਡੀ ਬੇੜੀ ਰਾਹੀਂ ਮੈਕਸੀਕੋ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ। ਇਹ ਕ੍ਰਾਂਤੀਕਾਰੀ ਦੱਖਣੀ ਕਿਊਬਾ ਪਹੁੰਚੇ ਅਤੇ ਜੰਗਲਾਂ ਵਿਚੋਂ ਦੀ ਸਫ਼ਰ ਸ਼ੁਰੂ ਕੀਤਾ। ਬਾਤਿਸਤਾ ਫੌਜ਼ ਨੇ ਕਾਫ਼ੀ ਮਾਰ ਦਿੱਤੇ। 17 ਜਨਵਰੀ 1957 ਨੂੰ “26 ਜੁਲਾਈ ਲਹਿਰ’’ ਦੇ ਕ੍ਰਾਂਤੀਕਾਰੀ ਕਿਊਬਾ ਦੀ ਫੌਜ਼ ਨਾਲ ਭਿੜੇ। ਕਿਊਬਾ ਦੀ ਫੌਜ਼ੀ ਟੁਕੜੀ ਨੇ ਆਤਮ ਸਮਰਪਣ ਕਰ ਦਿੱਤਾ। ਇਸਨੂੰ ਪਲਾਤਾ ਦੀ ਲੜਾਈ ਵਜੋਂ ਜਾਣਿਆ ਜਾਂਦਾ ਹੈ। ਇਹ ਕਾਸਤਰੋ ਭਰਾਵਾਂ ਦੀ ਪਹਿਲੀ ਜਿੱਤ ਸੀ, ਜਿਸ ਨਾਲ ਉਨ੍ਹਾਂ ਨੂੰ ਹੋਰ ਹਥਿਆਰ, ਖੁਰਾਕ ਅਤੇ ਤੇਲ ਭੰਡਾਰ ਮਿਲਿਆ। 13 ਮਾਰਚ 1957 ਨੂੰ ਵਿਦਿਆਰਥੀਆਂ ਨੇ ਰਾਜਧਾਨੀ ਹਵਾਨਾ ਵਿਖੇ ਰਾਸ਼ਟਰਪਤੀ ਦਾ ਮਹਿਲ ਘੇਰ ਲਿਆ। ਇਹ ਘੇਰਾ ਨਾਕਾਮਯਾਬ ਰਿਹਾ। ਜਿਹੜੇ ਬੱਚ ਗਏ ਉਨ੍ਹਾਂ ਨੂੰ 20 ਅਪ੍ਰੈਲ 1957 ਨੂੰ ਹਮਬੋਲਟ ਰਿਹਾਇਸ਼ੀ ਘਰਾਂ ਵਿਚ ਪੁਲਿਸ ਨੇ ਮਾਰ ਦਿੱਤਾ।

ਅਮਰੀਕਾ ਨੇ ਕ੍ਰਾਂਤੀਕਾਰੀਆਂ ਨੂੰ ਖਤਮ ਕਰਨ ਲਈ ਬਾਤਿਸਤਾ ਸਰਕਾਰ ਨੂੰ ਹਥਿਆਰ, ਜਹਾਜ਼, ਟੈਂਕ ਅਤੇ ਬੰਬ ਦਿੱਤੇ। ਕਿਊਬਾ ਦੇ ਵਿਦਰੋਹੀਆਂ ਨੂੰ ਯੋਗੋਸਲਾਵੀਆ ਦੇ ਰਾਸ਼ਟਰਪਤੀ ਜੋਸਫ ਟੀਟੋ ਨੇ ਹਥਿਆਰ ਭੇਜੇ। 14 ਮਾਰਚ 1958 ਨੂੰ ਅਮਰੀਕਾ ਨੇ ਹਥਿਆਰ ਭੇਜਣ ਤੇ ਪਾਬੰਦੀ ਲਗਾ ਦਿੱਤੀ ਅਤੇ ਆਪਣਾ ਸਫੀਰ ਵਾਪਿਸ ਬੁਲਾ ਲਿਆ। ਇਸ ਨਾਲ ਬਾਤਿਸਤਾ ਸਰਕਾਰ ਦੀ ਸਾਖ ਨੂੰ ਡੂੰਘੀ ਸੱਟ ਲੱਗੀ। ਕ੍ਰਾਂਤੀਕਾਰੀਆਂ ਨੇ ਆਪਣਾ ਰੇਡੀਓ ‘ਵਿਦਰੋਹੀ’ ਸ਼ੁਰੂ ਕੀਤਾ। ਫਰਵਰੀ 1958 ਤੋਂ ਇਸਨੇ ਸੁਨੇਹੇ ਭੇਜਣੇ ਸ਼ੁਰੂ ਕੀਤੇ। ਪਹਿਲੀ ਵਾਰ ਪਹਾੜੀ ਇਲਾਕਿਆਂ ’ਤੇ ਕਬਜ਼ਾ ਕਰਨਾ ਸੀ। ਕਿਊਬਾ ਸਰਕਾਰ ਨੇ 10,000 ਸਿਪਾਹੀ ਤੈਨਾਤ ਕੀਤੇ। 29 ਜੁਲਾਈ 1958, ਨੂੰ ਬਾਤਿਸਤਾ ਫੌਜ਼ ਨੇ ਕਾਸਤਰੋ ਦੇ 300 ਸੈਨਕਾਂ ਦੀ ਟੁਕੜੀ ਨਸ਼ਟ ਕਰ ਦਿੱਤੀ। ਆਖ਼ਰ ਕਾਸਤਰੋ ਨੂੰ 1 ਅਗਸਤ ਨੂੰ ਯੁੱਧਬੰਦੀ ਕਰਨੀ ਪਈ। ਇਸ ਦੌਰਾਨ ਕਾਸਤਰੋ ਦੀ ਫੌਜ਼ ਪਹਾੜੀ ਇਲਾਕਿਆਂ ਨੂੰ ਪਰਤ ਗਈ। ਇਸ ਨੂੰ ਲਾ ਮਰਸਡੀਜ਼ ਦੀ ਲੜਾਈ ਕਿਹਾ ਜਾਂਦਾ ਹੈ।

(ਜੁਲਾਈ 29 ਅਗਸਤ 8, 1958)

ਕਿਊਬਾ ਵਿਚ ਨਵੰਬਰ 3, 1958 ਨੂੰ ਰਾਸ਼ਟਰੀ ਚੋਣਾਂ ਹੋਈਆਂ। ਇਸ ਵਿਚ ਰੀਵੇਰੋ ਆਇਰੋ ਨੂੰ 70 ਫੀਸਦੀ ਵੋਟਾਂ ਪਾਈਆਂ। ਉਸਨੇ 24 ਫਰਵਰੀ 1959 ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਾ ਸੀ। ਉਹ ਸੰਵਿਧਾਨਕ ਸਰਕਾਰ ਬਹਾਲ ਕਰਨ ਦੇ ਹੱਕ ਵਿਚ ਸੀ। ਇਸ ਸਮੇਂ ਪਤਾ ਲੱਗਾ ਕਿ ਬਾਤਿਸਤਾ ਪਹਿਲੀ ਜਨਵਰੀ ਨੂੰ ਕਿਊਬਾ ਛੱਡ ਰਿਹਾ ਹੈ। ਜਨਵਰੀ 2, 1959 ਨੂੰ ਕਾਸਤਰੋ ਤੇ ਕ੍ਰਾਂਤੀਕਾਰੀਆਂ ਨੇ ਸੈਨਤਿਆਗੋ ਸ਼ਹਿਰ ’ਤੇ ਕਬਜ਼ਾ ਕਰ ਲਿਆ। ਇਸ ਪਿੱਛੋਂ ਹਵਾਨਾ ਸ਼ਹਿਰ ਵੀ ਮੱਲ ਲਿਆ। ਇਸ ਤਰ੍ਹਾਂ ਪਹਿਲੀ ਜਨਵਰੀ 1959 ਨੂੰ  ਕਿਊਬਾ ਦੀ ਕ੍ਰਾਂਤੀ ਮੁਕੰਮਲ ਹੋਈ। 8 ਜਨਵਰੀ 1959 ਨੂੰ ਹਵਾਨਾ ਵਿਖੇ ਜਿੱਤ ਦਾ ਵੱਡਾ ਪ੍ਰਦਰਸ਼ਨ ਹੋਇਆ। ਮੈਨੂਅਲ ਲਿਯੋ ਵੈਨਜੁਵੇਲਾ ਤੋਂ ਵਾਪਿਸ ਪਰਤਿਆ ਅਤੇ ਕਿਊਬਾ ਦਾ ਰਾਸ਼ਟਰਪਤੀ ਬਣਿਆ।

See Also

ਕ੍ਰਾਂਤੀਕਾਰੀ ਸਰਕਾਰ : ਨਵੀਂ ਆਰਜ਼ੀ ਸਰਕਾਰ ਵਿਚ ਜੋਸ਼ ਸੀਰੋ ਪ੍ਰਧਾਨ ਮੰਤਰੀ ਸੀ। ਮੰਤਰੀ ਰਾਜਨੀਤੀ ਅਤੇ ਵਪਾਰੀ ਤਬਕੇ ਵਿਚੋਂ ਸਨ। ਸਰਕਾਰ ਨੇ ਜੂਏ ਦੇ ਅੱਡੇ ਬੰਦ ਕੀਤੇ। ਫਿਦੇਲ ਕਾਸਤਰੋ ਦੇ ਕਹਿਣ ਤੇ ਸਰਕਾਰੀ ਅਫਸਰਾਂ ਦੇ ਭੱਤਿਆਂ ਤੇ ਕੱਟ ਲਾਏ ਗਏ। 16 ਫਰਵਰੀ ਨੂੰ ਪ੍ਰਧਾਨ ਮੰਤਰੀ ਜੋਸ਼ ਮੀਰੋ ਨੇ ਫਿਦੇਲ ਕਾਸਤਰੋ ਦੇ ਵੱਧਦੇ ਪ੍ਰਭਾਵ ਕਰਕੇ ਅਸਤੀਫ਼ਾ ਦੇ ਦਿੱਤਾ। ਰਾਸ਼ਟਰਪਤੀ ਕਮਿਊਨਿਸਟਾਂ ਤੋਂ ਦੂਰੀ ਰੱਖਣ ਲੱਗ ਪਿਆ। ਕਾਸਤਰੋ ਨੇ ਮੁੱਖ ਫੌਜੀ ਕਮਾਂਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਗੁੱਸੇ ‘ਚ ਆਏ ਲੋਕਾਂ ਨੇ ਰਾਸ਼ਟਰਪਤੀ ਦਾ ਮਹੱਲ ਘੇਰ ਲਿਆ ਅਤੇ ਰਾਸ਼ਟਰਪਤੀ ਨੇ ਅਸਤੀਫਾ ਦੇ ਦਿੱਤਾ। ਸਾਰੀਆਂ ਤਾਕਤਾਂ ਕਾਸਤਰੋ ਪਾਸ ਆ ਗਈਆਂ। ਨਵਾਂ ਰਾਸ਼ਟਰਪਤੀ ਉਸਵੈਲਦੋ ਟੋਰੇਡੋ ਬਣਾਇਆ ਗਿਆ, ਜੋ ਸਮਾਜਵਾਦੀ ਪਾਰਟੀ ਦਾ ਮੈਂਬਰ ਸੀ।

ਕਿਊਬਾਈ ਕ੍ਰਾਂਤੀ ਦੀ ਅਹਿਮੀਅਤ : ਕਿਊਬਾ ਦੀ ਕ੍ਰਾਂਤੀ ਨੇ ਅਮਰੀਕਾ ਨਾਲ ਸਬੰਧਾਂ ਵਿਚ ਤਬਦੀਲੀ ਲਿਆਂਦੀ। ਫਿਦੇਲ ਕਾਸਤਰੋ ਨੇ ਅਮਰੀਕਨ ਸਰਕਾਰ ਖਿਲਾਫ਼ ਬਾਤਿਸਤਾ ਸਰਕਾਰ ਮਜ਼ਬੂਤ ਕਰਨ ਦੇ ਦੋਸ਼ ਲਗਾਏ। ਅਗਸਤ 1960 ਵਿਚ ਕਿਊਬਾ ਦੀ ਕ੍ਰਾਂਤੀਕਾਰੀ ਸਰਕਾਰ ਨੇ ਕਿਊਬਾ ਵਿਚ ਅਮਰੀਕਨ ਜਾਇਦਾਦ ਦਾ ਰਾਸ਼ਟਰੀਕਰਨ ਕਰ ਦਿੱਤਾ। ਅਮਰੀਕਨ ਸਰਕਾਰ ਨੇ ਕਿਊਬਾ ਨਾਲ ਸਾਰੇ ਸਬੰਧ ਤੋੜ ਦਿੱਤੇ ਅਤੇ ਕਿਊਬਾ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ। ਜਨਵਰੀ 1961 ਵਿਚ ਪਿਰਾਜ ਖਾੜੀ ’ਤੇ ਹਮਲਾ ਕਰ ਦਿੱਤਾ। ਅਮਰੀਕਾ ਫਿਦੇਲ ਕਾਸਤਰੋ ਨੂੰ ਸਰਕਾਰ ਤੋਂ ਹਟਾਉਣ  ਵਿਚ ਕਾਮਯਾਬ ਨਾ ਹੋਇਆ। ਸੋਵੀਅਤ ਸੰਘ ਨੇ ਖੁਲ੍ਹ ਕੇ ਕਿਊਬਾ ਦੀ ਮੱਦਦ ਕੀਤੀ।

ਫਿਦੇਲ ਕਾਸਤਰੋ ਦੀ ਜਿੱਤ ਨੇ ਪੂਰੇ ਵਿਸ਼ਵ ’ਤੇ ਅਸਰ ਪਾਇਆ। ਲਾਤੀਨੀ ਅਮਰੀਕਨ ਲੋਕਾਂ ਨੂੰ ਕ੍ਰਾਂਤੀ ਦਾ ਸੱਦਾ ਦਿੱਤਾ ਗਿਆ, ਜਿਸਦਾ ਅਸਰ ਅੱਜ ਵੀ ਨਜ਼ਰ ਆ ਰਿਹਾ ਹੈ। ਕਾਸਤਰੋ ਨੇ ਹੋਰ ਕ੍ਰਾਂਤੀਕਾਰੀਆਂ ਦੀ ਮਾਲੀ ਜਿਸਮਾਨੀ ਮੱਦਦ ਕੀਤੀ। ਅਮਰੀਕਨ ਸਾਮਰਾਜ ਦੀ ਲੁੱਟ, ਧੌਂਸ ਅਤੇ ਦਾਬੇ ਨੂੰ ਵੰਗਾਰਿਆ। ਕਿਊਬਾ ਦੀ ਕ੍ਰਾਂਤੀ ਵਿਚ ਔਰਤਾਂ ਨੇ ਵੀ ਭਰਵਾਂ ਯੋਗਦਾਨ ਪਾਇਆ। ਕਿਊਬਾ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿਚ ਇਕ ਮਿਆਰੀ ਰਾਸ਼ਟਰ ਸਾਬਤ ਹੋਇਆ। ਇਸ ਨਾਲ ਕਿਊਬਾ ਦਾ ਕ੍ਰਾਂਤੀਕਾਰੀ ਇਤਿਹਾਸ ਵਿਚ ਹੋਰ ਦੇਸ਼ ਜਿਵੇਂ ਅਫਰੀਕਾ, ਲਾਤੀਨੀ ਅਮਰੀਕਾ, ਦੱਖਣੀ ਪੂਰਬੀ ਏਸ਼ੀਆ ਅਤੇ ਮੱਧ ਏਸ਼ੀਆ ਵਿਖੇ ਵਿਚਾਰਧਾਰਕ ਜਾਗਰਤੀ ਆਈ। ਕਿਊਬਾ, ਕਮਿਊਨਿਸਟ ਬਲਾਕ ਜੋ ਸੋਵੀਅਤ ਸੰਘ ਅਧੀਨ ਸੀ, ਦਾ ਮੁੱਖ ਕੇਂਦਰ ਬਣਿਆ। ਇਸ ਨਾਲ ਕਿਊਬਾ ਦੇ ਲੋਕਾਂ ਦੇ ਰਹਿਣ-ਸਹਿਣ, ਸਿਹਤ ਅਤੇ ਵਿਦਿਆ ਦੇ ਮਿਆਰ ਵਿਚ ਵਾਧਾ ਹੋਇਆ। ਇਸ ਤੋਂ ਇਲਾਵਾ ਕਿਊਬਾ ਦੀ ਸਨਅਤੀ ਅਤੇ ਆਰਥਿਕ ਤਰੱਕੀ ਹੋਈ। ਕਿਊਬਾ ਦੀ ਕ੍ਰਾਂਤੀ ਦਾ ਮਹੱਤਵ ਇਸ ਤੱਥ ਤੋਂ ਭਲੀਭਾਂਤ ਜਾਣਿਆ ਜਾ ਸਕਦਾ ਹੈ ਕਿ ਅਮਰੀਕਾ ਦੇ ਹੁਕਮਰਾਨਾਂ ਅਤੇ ਇਥੋਂ ਦੀ ਬਦਨਾਮੇ ਜ਼ਮਾਨਾ ਸੂਹੀਆ ਏਜੰਸੀ ਸੀਆਈਏ ਨੇ ਫੀਦੇਲ ਕਾਸਤਰੋ ਨੂੰ ਕਤਲ ਕਰਨ ਦੇ ਸੈਂਕੜੇ ਨਾਕਾਮ ਯਤਨ ਕੀਤੇ ਸਨ।

ਸੇਵਾਮੁਕਤ ਪ੍ਰੋਫੈਸਰ ਅਤੇ ਮੁਖੀ ਇਤਿਹਾਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ    

Scroll To Top