
ਸ਼ਮਸ਼ੇਰ ਸਿੰਘ ਬਟਾਲਾ
ਦੁਨੀਆ ਭਰ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਦੇ ਚਹੇਤੇ ਰਹਿਬਰ, ਬੇਜੋੜ ਕ੍ਰਾਂਤੀਕਾਰੀ ਚੀ ਗੁਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟਾਈਨਾ ਦੇ ਸ਼ਹਿਰ ਰੋਸਾਰੀਓ ਵਿਖੇ ਹੋਇਆ ਸੀ। ਉਸ ਦਾ ਪੂਰਾ ਨਾਂ ਅਰਨੈਸਟੋ ਗਵੇਰਾ ਡੇ ਲਾ ਸੇਰਨਾ ਸੀ। ਚੀ ਦੇ ਪਿਤਾ ਆਈਰਿਸ਼ ਮੂਲ ਦੇ ਸਨ ਜਦਕਿ ਮਾਂ ਸਪੇਨ ਦੇ ਕਿਸੇ ਵੱਡੇ ਘਰਾਣੇ ਤੋਂ ਸੀ। ਆਪ ਦਾ ਮੱਧ ਵਰਗੀ ਪਰਿਵਾਰ, ਵਿਚਾਰਾਂ ਪੱਖੋਂ ਬੜਾ ਪ੍ਰਗਤੀਸ਼ੀਲ ਸੀ। ਦੋ ਸਾਲ ਦੀ ਉਮਰ ’ਚ ਚੀ ਗਵੇਰਾ ਦਮੇ ਦਾ ਮਰੀਜ਼ ਬਣ ਗਿਆ ਸੀ। ਇਹ ਨਾਮੁਰਾਦ ਰੋਗ ਅੰਤਮ ਸਾਹਾਂ ਤੱਕ ਉਸਦੇ ਸੰਗ ਰਿਹਾ। ਇਸੇ ਬੀਮਾਰੀ ਕਰਕੇ ਉਸ ਨੂੰ ਸਕੂਲ ’ਚ ਵੀ ਦੇਰੀ ਨਾਲ ਦਾਖ਼ਲ ਕਰਵਾਇਆ ਗਿਆ ਸੀ। ਦਮੇ ਦੇ ਦੌਰਿਆਂ ਕਾਰਨ ਉਸ ਨੂੰ ਅਕਸਰ ਘਰ ਬੈਠਣਾ ਪੈਂਦਾ ਸੀ। ਚੀ ਗਵੇਰਾ ਦੇ ਮਾਤਾ-ਪਿਤਾ ਰਾਜਨੀਤੀ ਵਿੱਚ ਹਿੱਸਾ ਲੈਂਦੇ ਸਨ ਤੇ ਪੜ੍ਹਨ ਦਾ ਸ਼ੌਕ ਰੱਖਦੇ ਸਨ। ਉਨ੍ਹਾਂ ਨੇ ਘਰ ’ਚ ਬਣੀ ਵਧੀਆ ਲਾਇਬਰੇਰੀ ’ਚ ਮਾਰਕਸ, ਏਂਗਲਸ, ਲੈਨਿਨ ਦੀਆਂ ਲਿਖਤਾਂ ਸਮੇਤ ਦੁਨੀਆਂ ਦਾ ਬਿਹਤਰੀਨ ਸਾਹਿਤ ਮੌਜੂਦ ਸੀ। ਇਸੇ ਕਰਕੇ ਚੀ ਨੂੰ ਬਚਪਨ ਤੋਂ ਹੀ ਪੜ੍ਹਨ ਦਾ ਸ਼ੌਕ ਪੈ ਗਿਆ ਸੀ। ਜਵਾਨ ਹੋਣ ਤੱਕ ਉਸ ਨੇ ਵਿਸ਼ਵ ਦੇ ਪ੍ਰਸਿੱਧ ਲੇਖਕਾਂ, ਕਵੀਆਂ ਦੀਆਂ ਲਿਖਤਾਂ ਪੜ੍ਹ ਲਈਆਂ ਸਨ। ਚੀ ਨੂੰ ਬਚਪਨ ਤੋਂ ਹੀ ਘੁੰਮਣ-ਫਿਰਨ ਅਤੇ ਦੁਨੀਆ ਨੂੰ ਨੇੜਿਓਂ ਦੇਖਣ ਦਾ ਸ਼ੌਂਕ ਸੀ। ਉਹ ਦੇਖਣਾ ਚਾਹੁੰਦਾ ਸੀ ਕਿ ਉਸ ਦੀ ਮਾਤ-ਭੂਮੀ ਕਿਹੋ-ਜਿਹੀ ਹੈ? ਉਸ ਦੇ ਦੇਸ਼ ਵਾਸੀ ਕਿਹੋ ਜਿਹਾ ਜੀਵਨ ਜਿਉਂਦੇ ਹਨ? ਲੋਕਾਂ ਦੀ ਗਰੀਬੀ, ਮੰਦਹਾਲੀ ਦੇ ਕੀ ਕਾਰਨ ਹਨ? ਆਪਣੀ ਇਸ ਲਗਨ ਬਾਰੇ ਚੀ ਨੇ 13 ਸਾਲ ਦੀ ਉਮਰ ’ਚ ਆਪਣੇ ਪਿਤਾ ਨੂੰ ਦੱਸ ਦਿੱਤਾ ਸੀ। ਜੇਬ ’ਚ ਕੱੁਝ ਡਾਲਰ ਪਾ ਕੇ ਚੀ ਉਤਰੀ ਅਰਜਨਟਾਈਨਾ ਘੁੰਮਣ ਨਿਕਲ ਤੁਰਿਆ ਤੇ ਤਿੰਨ ਮਹੀਨਿਆਂ ਪਿੱਛੋਂ ਪਰਤਿਆ। ਅਗਲੇ ਸਾਲਾਂ ’ਚ ਉਸ ਨੇ ਆਪਣੀ ਸਕੂਲੀ ਪੜ੍ਹਾਈ ਮੁਕੰਮਲ ਕੀਤੀ ਤੇ ‘ਬਿਊਨਸ ਆਇਰਸ ਯੁਨੀਵਰਸਿਟੀ’ ’ਚ ਮੈਡੀਕਲ ਦੀ ਪੜ੍ਹਾਈ ਲਈ ਦਾਖ਼ਲ ਹੋ ਗਿਆ। ਚੀ ਦੇ ਮਾਂ-ਪਿਓ ਵੀ ਬਿਊਨਸ ਆਇਰਸ ਆ ਗਏ। ਇੱਥੇ ਘਰ ਦੀ ਆਰਥਿਕ ਦਸ਼ਾ ਮਾੜੀ ਹੋਣ ਕਰਕੇ ਚੀ ਨੇ ਆਪਣੀ ਪੜ੍ਹਾਈ ਦਾ ਖਰਚਾ ਆਪ ਚੁੱਕਣ ਦਾ ਫੈਸਲਾ ਲਿਆ ਤੇ ਇੱਕ ਲਾਇਬਰੇਰੀ ’ਚ ਨੌਕਰੀ ਕਰ ਲਈ। ਡਾਕਟਰੀ ਦੀ ਪੜ੍ਹਾਈ ਕਰਨ ਪਿੱਛੋਂ ਉਸ ਨੇ ਆਪਣਾ ਜੀਵਨ ਆਲਮੀ ਕ੍ਰਾਂਤੀ ਦੇ ਲੇਖੇ ਲਾਉਣ ਦਾ ਰਾਹ ਚੁਣਿਆ।
ਚਿਕਿਤਸਾ ਵਿਗਿਆਨ ਦੀ ਪੜ੍ਹਾਈ ਦੌਰਾਨ ਚੀ ਨੇ ਮੋਟਰਸਾਈਕਲ ਤੇ ਆਪਣੇ ਦੋਸਤ ਐਲਬਰਟੋ ਨਾਲ ਵੈਨਜ਼ੁਏਲਾ, ਚਿੱਲੀ, ਕੋਲੰਬੀਆ, ਪੀਰੂ ਆਦਿ ਲਾਤੀਨੀ ਅਮਰੀਕੀ ਦੇਸ਼ਾਂ ਦਾ ਭ੍ਰਮਣ ਕੀਤਾ। ਅਤਿਅੰਤ ਗ਼ੁਰਬਤ ’ਚ ਜੀ ਰਹੇ ਇਨ੍ਹਾਂ ਦੇਸ਼ਾਂ ਦੇ ਲੋਕਾਂ ਦੀ ਤਰਸਯੋਗ ਹਾਲਤ ਵੇਖ ਕੇ ਚੀ ਦਾ ਕੋਮਲ ਹਿਰਦਾ ਤੜਫ ਉੱਠਿਆ। ਲਾਤੀਨੀ ਅਮਰੀਕਾ ਦੇ ਬਾਕੀ ਦੇਸ਼ਾਂ ’ਚ ਜਾ ਕੇ ਉੱਥੋਂ ਦੇ ਲੋਕਾਂ ਦੇ ਹਾਲਾਤ ਬਾਰੇ ਜਾਣਨ ਦੀ ਉਸ ਦੀ ਇੱਛਾ ਹੋਰ ਭੜਕ ਉੱਠੀ।
ਚੀ, 1954 ’ਚ ਕੋਲੰਬੀਆ, ਬੋਲੀਵੀਆ, ਕੋਸਟਾਰਿਕਾ, ਪਨਾਮਾ ਆਦਿ ਦੇਸ਼ਾਂ ’ਚ ਗਿਆ। ਇਥੋਂ ਦੇ ਭੈੜੇ ਹਾਲਾਤ ਦੇਖ ਕੇ ਉਸ ਦਾ ਕਾਲਜਾ ਵਲੂੰਧਰਿਆ ਗਿਆ। ਚੀ ਨੇ ਸਿੱਟਾ ਕੱਢਿਆ ਕਿ ਗੁਰਬਤ ਦਾ ਕਾਰਨ ਕਾਰਪੋਰੇਟ ਕੰਪਨੀਆਂ ਦੀ ਅੰਨ੍ਹੀ ਲੁੱਟ ਦੀ ਜਾਮਣੀ ਕਰਦਾ, ਸਾਰੇ ਸੋਮਿਆਂ ’ਤੇ ਕਾਬਜ਼ ਪੂੰਜੀਵਾਦੀ ਨਿਜ਼ਾਮ ਹੈ। ਯਾਤਰਾਵਾਂ ਦੌਰਾਨ ਚੀ ਨੇ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਅਤੇ ਇਨ੍ਹਾਂ ਅਲਾਮਤਾਂ ਪਿੱਛੇ ਕੰਮ ਕਰਦਾ ਅਮਰੀਕੀ ਸਾਮਰਾਜ ਦਾ ਦਖ਼ਲ ਤੇ ਬੇਰਹਿਮ ਲੁੱਟ ਆਪਣੀਆਂ ਅੱਖਾਂ ਨਾਲ ਵੇਖੀ। ਅੱਗੋਂ ਜਾ ਕੇ ਇਹੋ ਅਨੁਭਵ ਤੇ ਸੋਝੀ ਚੀ ਦੇ ਜੀਵਨ ਦਾ ਮਹੱਤਵ ਪੂਰਨ ਮੋੜ ਸਾਬਤ ਹੋਏ।
ਇਨ੍ਹਾਂ ਯਾਤਰਾਵਾਂ ਤੋਂ ਪਿਛੋਂ ਉਹ ਇਕ ਅਸਲੋਂ ਨਵਾਂ ਮਨੁੱਖ ਬਣ ਗਿਆ ਸੀ। ਮਨੁੱਖ ਜੋ ਹੁਣ ਕੇਵਲ ਇਕ ਡਾਕਟਰ ਨਹੀਂ ਸੀ ਰਿਹਾ, ਬਲਕਿ ਸਮਾਜਿਕ ਬਦਲਾਅ ਦੇ ਯੁੱਧ ਦੇ ਜੰਗਜੂ ’ਚ ਤਬਦੀਲ ਹੋ ਗਿਆ ਸੀ। ਉਸਦੀ ਕਿਤਾਬ “ਦਿ ਮੋਟਰਸਾਈਕਲ ਡਾਇਰੀਜ”, ਜਿਸ ’ਤੇ ਪਿੱਛੋਂ ਜਾ ਕੇ ਬੜੀ ਨਫੀਸ ਫਿਲਮ ਵੀ ਬਣੀ ਸੀ, ਵਿੱਚ ਉਸਨੇ ਉਹ ਤਜ਼ਰਬੇ ਦਰਜ਼ ਕੀਤੇ ਹਨ ਜੋ ਉਸਦੀ ਭਵਿੱਖੀ ਸੋਚ ਦਾ ਅਧਾਰ ਬਣੇ ਸਨ।
ਚੀ ਲਿਖਦਾ ਹੈ, “ਮੈਂ ਹੌਲੀ-ਹੌਲੀ ਸਮਝਣ ਲੱਗ ਪਿਆ ਸਾਂ ਕਿ ਗਰੀਬੀ-ਬੀਮਾਰੀ ਕਿਸੇ ਇੱਕ ਵਿਅਕਤੀ ਦੀ ਸਮੱਸਿਆ ਨਹੀਂ, ਬਲਕਿ ਇਹ ਪੂਰੇ ਤੰਤਰ ਦੀ ਖਰਾਬੀ ਦਾ ਨਤੀਜਾ ਹੈ।” ਇਥੋਂ ਹੀ ਚੀ ਨੇ ਨਿਰਣਾ ਕੀਤਾ ਸੀ ਕਿ ਉਹ ਆਪਣਾ ਜੀਵਨ ਮਨੁੱਖ ਦੀ ਹਕੀਕੀ ਆਜ਼ਾਦੀ ਹਾਸਲ ਕਰਨ ਦੇ ਮਾਨਵਤਾਵਾਦੀ ਯੁੱਧ ਦੇ ਲੇਖੇ ਲਾਵੇਗਾ। ਉਹ ਜਾਣ ਗਿਆ ਸੀ ਕਿ ਪੂੰਜੀਵਾਦੀ ਲੋਟੂ ਪ੍ਰਬੰਧ ਦੇ ਖਾਤਮੇ ਦਾ ਇਕੋ-ਇਕ ਤਰੀਕਾ ਆਲਮੀ ਇਨਕਲਾਬ ਹੈ। ਚੀ ਨੇ ਇੱਕ ਪੇਸ਼ਾਵਰ ਇਨਕਲਾਬੀ ਬਣਨ ਦਾ ਰਾਹ ਚੁਣਿਆ। ਉਹ ਬ੍ਰਾਜ਼ੀਲ ਤੋਂ ਗੁਆਟੇਮਾਲਾ ਪੁੱਜ ਗਿਆ, ਜਿੱਥੋਂ ਦੇ ਲੋਕਾਂ ਨੇ ਚੀ ਦੀ ਅਗਵਾਈ ਹੇਠ ਅਮਰੀਕਾ ਵਿਰੁੱਧ ਮੁਜ਼ਾਹਰੇ ਆਰੰਭ ਦਿੱਤੇ। ਨਤੀਜਾ-ਅਮਰੀਕਾ ਪੱਖੀ ਸਰਕਾਰ ਨੇ ਚੀ ਸਮੇਤ ਸਾਰੇ ਬਾਗ਼ੀ ਜਲਾਵਤਨ ਕਰ ਦਿੱਤੇ ਤੇ ਉਹ ਮੈਕਸੀਕੋ ਚਲੇ ਗਏ। ਮੈਕਸੀਕੋ ਵਿਖੇ ਹੀ ਚੀ ਦਾ ਮੇਲ ਕਿਊਬਾ ਦੀ ਕ੍ਰਾਂਤੀ ਲਈ ਜੂਝ ਰਹੇ ਕਾਸਤਰੋ ਭਰਾਵਾਂ, ਫੀਦੇਲ ਤੇ ਰਾਊਲ ਨਾਲ ਹੋਇਆ ਸੀ। ਉਹ ਤਿੰਨੇ ਮਿਲ ਕੇ ਕਿਊਬਨ ਕ੍ਰਾਂਤੀ ਦੀ ਤਿਆਰੀ ਕਰਨ ਲੱਗੇ। ਯਾਦ ਰਹੇ, ਅਮਰੀਕਾ ਦੇ ਬਿਲਕੁਲ ਪੈਰਾਂ ਥੱਲੇ ਵੱਸੇ ਕਿਊਬਾ ਅੰਦਰ ਕ੍ਰਾਂਤੀ ਲਿਆਉਣ ਲਈ ਗੁਪਤ ਯੁੱਧ ਪਹਿਲਾਂ ਹੀ ਜਾਰੀ ਸੀ। ਲਿਹਾਜਾ, ਗੁਰੀਲਾ ਯੁੱਧ ਦੀ ਤਾਲੀਮ ਹਾਸਲ ਕਰਕੇ ਚੀ ਨੇ ਆਪਣੇ-ਆਪ ਨੂੰ ਕਿਊਬਾ ਦੀ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ। ਇੱਥੋਂ ਹੀ ਫੀਦੇਲ ਤੇ ਚੀ ਦੀ ਇਨਕਲਾਬੀ ਯੁੱਧ ਸਾਥੀਆਂ ਵਜੋਂ ਸਦੀਵੀ ਦੋਸਤੀ ਦਾ ਮੁੱਢ ਬੱਝਾ ਸੀ। ਕਿਊਬਾ ਦੇ ਮਜ਼ਦੂਰ, ਕਿਸਾਨ, ਨੌਜਵਾਨ, ਛੋਟੇ ਦਸਤਕਾਰ ਆਦਿ ਅਮਰੀਕਾ ਪੱਖੀ ਸਰਕਾਰ ਦੀਆਂ ਨੀਤੀਆਂ ਤੋਂ ਬੇਹੱਦ ਦੁਖੀ ਸਨ। 80% ਵਾਹੀਯੋਗ ਜ਼ਮੀਨ ’ਤੇ ਕਾਰਪੋਰੇਟ ਘਰਾਣੇ ਕਾਬਜ਼ ਸਨ। ਗਰੀਬੀ-ਭੁੱਖਮਾਰੀ ਦਾ ਬੋਲਬਾਲਾ ਸੀ। ਫੀਦਲ ਕਾਸਤਰੋ ਦੇ ਲਹੂ ਦੀਆਂ ਤਿਹਾਈਆਂ ਅਮਰੀਕੀ ਫ਼ੌਜਾਂ ਹਰਲ-ਹਰਲ ਕਰਦੀਆਂ ਫਿਰ ਰਹੀਆਂ ਸਨ। ਹਾਲਾਤ ਨੂੰ ਦੇਖਦਿਆਂ ਫੀਦੇਲ ਗਵਾਂਢੀ ਦੇਸ਼ਾਂ ’ਚੋਂ ਕ੍ਰਾਂਤੀ ਦੀ ਪੁਖ਼ਤਾ ਤਿਆਰੀ ਕਰ ਰਿਹਾ ਸੀ। ਫੀਦੇਲ ਤੇ ਚੀ, ਦੋਵਾਂ ਦੀ ਸਾਂਝੀ ਸਮਝ ਬਣੀ ਕਿ ਕਿਊਬਾ ਦੇ ਜ਼ਮੀਨੀ ਹਾਲਾਤ ਇਸ ਵਕਤ ਕ੍ਰਾਂਤੀ ਦੇ ਬਿਲਕੁਲ ਅਨਕੂਲ ਹਨ, ਇਸ ਲਈ ਕਿਊਬਾ ਜਾ ਕੇ ਹਾਲਾਤ ਦਾ ਲਾਹਾ ਲਿਆ ਜਾਵੇ। ਦੋਵੇਂ ਕਿਸ਼ਤੀ ਰਾਹੀਂ, ਗਰਹਮਾ ਨਦੀ ਦੇ ਰਸਤੇ ਮੈਕਸੀਕੋ ਤੋਂ ਕਿਊਬਾ ਵੱਲ ਨੂੰ ਚੱਲ ਪਏ। ਉਨ੍ਹਾਂ ਨਾਲ ਤਕਰੀਬਨ 90 ਕ੍ਰਾਂਤੀਕਾਰੀ ਹੋਰ ਸਨ। 25 ਨਵੰਬਰ 1956 ਨੂੰ ਜਦੋਂ ਉਹ ਕਿਊਬਾ ਪੁੱਜੇ ਤਾਂ ਸੱਤਾ ’ਤੇ ਕਾਬਜ਼ ਅਮਰੀਕਾ ਪੱਖੀ ਤਾਨਾਸ਼ਾਹ ਬਾਟਿਸਟਾ ਦੀਆਂ ਫ਼ੌਜਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। 60 ਤੋਂ ਵਧੇਰੇ ਕ੍ਰਾਂਤੀਕਾਰੀ ਸ਼ਹੀਦ ਹੋ ਗਏ। ਚੀ, ਫੀਦਲ ਤੇ ਰਾਊਲ ਸਮੇਤ ਸਿਰਫ਼ 20 ਸਾਥੀ ਬਚੇ ਸਨ। ਇਰਾਦੇ ਦੇ ਪੱਕੇ ਕ੍ਰਾਂਤੀਕਾਰੀ ਫ਼ੌਜੀ ਹਮਲਿਆਂ ਦਾ ਟਾਕਰਾ ਕਰਦੇ ਹੋਏ ਜੰਗਲਾਂ ਰਾਹੀਂ ਆਪਣੀ ਮੰਜ਼ਿਲ ਵੱਲ ਵਧਦੇ ਗਏ। ਚੀ ਨੇ ਸਿਆਰਾ ਮੇਤਰਾ ਦੇ ਪਹਾੜਾਂ ’ਚ ਮਜ਼ਦੂਰਾਂ-ਕਿਸਾਨਾਂ ਨੂੰ ਲਾਮਬੰਦ ਕਰ ਕੇ ਕਈ ਫ਼ੌਜੀ ਚੌਂਕੀਆਂ ਖਦੇੜ ਦਿੱਤੀਆਂ। ਲੱਗਭਗ ਦੋ ਸਾਲ ਚੱਲੇ ਇਸ ਖ਼ੂਨੀ ਯੁੱਧ ਦਾ ਅੰਤ 31 ਦਸੰਬਰ 1958 ਨੂੰ ਕਿਊਬਾ ਦੀ ਧਰਤੀ ’ਤੇ ਕ੍ਰਾਂਤੀ ਦੀ ਸ਼ਾਨਾਮੱਤੀ ਜਿੱਤ ਨਾਲ ਹੋਇਆ ਸੀ। ਫੀਦੇਲ ਕਾਸਤਰੋ ਨੂੰ ਸਫਲ ਕ੍ਰਾਂਤੀ ਤੋਂ ਪਿਛੋਂ ਬਣੀ ਦੇਸ਼ ਦੀ ਸਮਾਜਵਾਦੀ ਸਰਕਾਰ ਦਾ ਰਾਸ਼ਟਰਪਤੀ ਬਣਾਇਆ ਗਿਆ। ਚੀ ਗੁਵੇਰਾ ਨੂੰ ਖੇਤੀਬਾੜੀ ਤੇ ਉਦਯੋਗ ਮੰਤਰੀ ਦੇ ਨਾਲ-ਨਾਲ ਕੇਂਦਰੀ ਬੈਂਕ ਦਾ ਮੁਖੀ ਬਣਾਇਆ ਗਿਆ। ਕ੍ਰਾਂਤੀ ਪਿੱਛੋਂ ਕਿਊਬਾ ’ਚ ਅੰਦਰੂਨੀ ਸ਼ਾਂਤੀ ਬਹਾਲ ਹੋਈ ਤੇ ਦੇਸ਼ ਸਰਵ ਪੱਖੀ ਵਿਕਾਸ ਦੇ ਗਾਡੀ ਰਾਹ ’ਤੇ ਸਾਬਤ ਕਦਮੀਂ ਅਗਾਂਹ ਵਧਿਆ।
1965 ’ਚ ਐਸ਼ੋ ਆਰਾਮ ਦੇ ਜੀਵਨ ਨੂੰ ਅਲਵਿਦਾ ਕਹਿ ਕੇ ਚੀ ਨੇ ਕਿਊਬਾ ਤੋਂ ਵਿਦਾਇਗੀ ਲਈ ਅਤੇ ਆਲਮੀ ਕ੍ਰਾਂਤੀ ਦੀ ਡਗਰ ’ਤੇ ਜਾ ਚੜ੍ਹਿਆ। ਉਸਦਾ ਮੰਨਣਾ ਸੀ ਕਿ ਕ੍ਰਾਂਤੀ ਕੇਵਲ ਇੱਕ ਦੇਸ਼ ਤੱਕ ਸੀਮਿਤ ਨਹੀਂ ਕੀਤੀ ਜਾ ਸਕਦੀ। ਉਸਨੇ ਕਿਹਾ: “ਸੰਸਾਰ ’ਚ ਜਿੱਥੇ ਵੀ ਕਿਤੇ ਜੁਲਮ ਹੈ, ਉਹੋ ਥਾਂ ਮੇਰੇ ਲਈ ਜੰਗ ਦਾ ਮੈਦਾਨ ਹੈ।’’ ਅਮਰੀਕਾ ਚੀ ਗਵੇਰਾ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਗਿਆ ਸੀ, ਕਿਉਂਕਿ ਉਸ ਨੇ ਕਿਊਬਾਈ ਕ੍ਰਾਂਤੀ ਦੀ ਸਫਲ ਅਗਵਾਈ ਰਾਹੀਂ ਅਮਰੀਕਾ ਦੇ ਪੈਰਾਂ ਥੱਲਿਓਂ ਲਾਤੀਨੀ ਅਮਰੀਕੀ ਮਹਾਦੀਪ ਦੀ ਜ਼ਮੀਨ ਖਿੱਚ ਲੈਣ ਦੇ ਵਡੇਰੇ, ਜੋਖਮ ਭਰੇ ਕਾਰਜ ਦਾ ਮੁੱਢ ਬੰਨਿ੍ਹਆ ਸੀ।
ਬ੍ਰਾਜ਼ੀਲ ਤੇ ਕਾਂਗੋ ’ਚ ਕ੍ਰਾਂਤੀ ਦਾ ਆਧਾਰ ਤਿਆਰ ਕਰਨ ਪਿੱਛੋਂ ਚੀ ਨੇ ਬੋਲੀਵੀਆ ਪੁੱਜ ਕੇ ਇਨਕਲਾਬੀ ਜੱਦੋਜਹਿਦ ਆਰੰਭ ਦਿੱਤੀ। 8 ਅਕਤੂਬਰ 1967 ਨੂੰ ਤਕਰੀਬਨ 2 ਹਜ਼ਾਰ ਅਮਰੀਕੀ ਫ਼ੌਜੀਆਂ ਨੇ ਚੀ ਗਵੇਰਾ ਨੂੰ ਬੋਲੀਵੀਆ ਦੇ ਜੰਗਲਾਂ ’ਚ ਘੇਰ ਲਿਆ ਤੇ ਜ਼ਖ਼ਮੀ ਹਾਲਤ ’ਚ ਫੜ੍ਹ ਲਿਆ। ਅਗਲੇ ਦਿਨ ਸਿਪਾਹੀਆਂ ਨੇ ਚੀ ਗਵੇਰਾ ਨੂੰ ਪੁੱਛਿਆ,‘ਤੂੰ ਅਮਰ ਹੋਣ ਬਾਰੇ ਸੋਚ ਰਿਹਾ ਹੈਂ? ’ ਉਸ ਨੇ ਜਵਾਬ ਦਿੱਤਾ, ‘ਨਹੀਂ, ਮੈਂ ਇਨਕਲਾਬ ਦੀ ਅਮਰਤਾ ਬਾਰੇ ਸੋਚ ਰਿਹਾਂ।’ ਕੁਝ ਪਲਾਂ ਪਿੱਛੋਂ ਗੋਲੀਆਂ ਦੀ ਬੁਛਾੜ ਹੋਈ ਤੇ ਚੀ ਗਵੇਰਾ ਅਮਰ ਸ਼ਹੀਦ ਦਾ ਰੁਤਬਾ ਹਾਸਲ ਕਰ ਗਿਆ। ਇਸ ਨੂੰ ਸਾਮਰਾਜ ਦੀ ਬਦਕਿਸਮਤੀ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਜਿਸਮਾਨੀ ਤੌਰ ’ਚ ਦੁਨੀਆ ’ਚ ਮੌਜੂਦ ਨਾ ਹੋਣ ਦੇ ਬਾਵਜੂਦ ਚੀ ਗੁਵੇਰਾ ਅੱਜ ਵੀ ਸਾਮਰਾਜ ਲਈ ਚੁਣੌਤੀ ਬਣਿਆ ਹੋਇਆ ਹੈ। ਸਾਮਰਾਜੀ ਟੱਟੂਆਂ ਵੱਲੋਂ ਵੱਢੇ ਗਏ ਉਸ ਦੇ ਦੋਨੋਂ ਹੱਥ ਅੱਜ ਵੀ ਕਿਊਬਾ ਦੇ ਲੋਕਾਂ ਨੇ ਆਪਣੇ ਨਾਯਾਬ ਰਹਿਬਰ ਦੇ ਮਹਾਨ ਕਾਰਜਾਂ ਨੂੰ ਸਿਜਦਾ ਕਰਨ ਲਈ ਨਿਸ਼ਾਨੀ ਵਜੋਂ ਸਾਂਭੇ ਹੋਏ ਹਨ। ਉਸਦੀ ਸ਼ਹਾਦਤ ਵਾਲੇ ਦਿਨ ਕਿਊਬਾ ’ਚ ਛੁੱਟੀ ਕੀਤੀ ਜਾਂਦੀ ਹੈ। ਕਿਊਬਾ ਦੇ ਲੋਕ ਮੁਹੱਬਤ ਨਾਲ ਉਸ ਨੂੰ ਚੀ ਗੁਵੇਰਾ ਦੀ ਬਜਾਏ ਛੀ ਗੁਵੇਰਾ ਕਹਿ ਕੇ ਯਾਦ ਕਰਦੇ ਹਨ। ਚੀ ਗਵੇਰਾ ਦੀ ਤਸਵੀਰ ਅੱਜ ਵੀ ਹਰ ਜਗ੍ਹਾ ਦਿਖਾਈ ਦਿੰਦੀ ਹੈ। ਕਮੀਜ਼ਾਂ ’ਤੇ, ਝੰਡਿਆਂ ’ਤੇ, ਪੋਸਟਰਾਂ ’ਤੇ। ਲੇਕਿਨ ਚੀ ਗੁਵੇਰਾ ਕੇਵਲ ਇੱਕ ਫੈਸ਼ਨ ਆਈਕਾਨ ਨਹੀਂ, ਜਿਵੇਂ ਸੰਸਾਰ ਸਾਮਰਾਜੀਏ ਉਸ ਨੂੰ ਸਥਾਪਿਤ ਕਰਨਾ ਚਾਹੁੰਦੇ ਹਨ। ਬਲਕਿ ਉਹ ਤਾਂ ਸੰਸਾਰ ਭਰ ਦੇ ਗੁਰਬਤ ਮਾਰੇ ਲੋਕਾਂ ਅਤੇ ਹਾਲਾਤ ਨੂੰ ਬਦਲਣ ਦੇ ਚਾਹਵਾਨ ਕ੍ਰਾਂਤੀਕਾਰੀਆਂ ਲਈ ਨਿਆਂ ਅਤੇ ਬਰਾਬਰੀ ਦੇ ਮਾਨਵੀ ਯੁੱਧ ਦਾ ਪ੍ਰਤੀਕ ਹੈ। ਇਸੇ ਕਰਕੇ ਚੀ ਗਵੇਰਾ ਦੀ ਤਸਵੀਰ ਵਾਲੀ ਕਮੀਜ਼ ਪਾ ਕੇ ਨੌਜਵਾਨ ਮਾਣ ਨਾਲ ਭਰ ਜਾਂਦੇ ਹਨ। ਜਦੋਂ ਤੀਕ ਸਮੁੱਚੀ ਮਾਨਵ ਜਾਤੀ ਸਾਮਰਾਜ ਤੇ ਪੂੰਜੀਵਾਦ ਦੀ ਧੌਂਸ ਤੇ ਦਾਬੇ, ਲੱੁਟ-ਖਸੁੱਟ, ਜਬਰ-ਵਿਤਕਰੇ ਤੋਂ ਮੁਕਤ ਨਹੀਂ ਹੋ ਜਾਂਦੀ, ਉਦੋਂ ਤੱਕ ਚੀ ਵਲੋਂ ਆਰੰਭੀ ਕ੍ਰਾਂਤੀਕਾਰੀ ਜਦੋ-ਜਹਿਦ ਜਾਰੀ ਰਹੇਗੀ ਅਤੇ ਚੀ ਇਕ ਦਿਲਕਸ਼ ਮਹਿਬੂਬ ਵਾਂਗ ਇਸ ਮਾਨਵੀ ਯੁੱਧ ’ਚ ਮਸਰੂਫ ਵਿਸ਼ਵ ਭਰ ਦੇ ਕ੍ਰਾਂਤੀਕਾਰੀਆਂ ਦੇ ਦਿਲਾਂ ਦੀ ਧੜਕਣ ਬਣਿਆ ਰਹੇਗਾ।
