ਪ੍ਰੋ. ਸੁਖਦੇਵ ਸਿੰਘ ਸੋਹਲ
ਕਾਮਾਗਾਟਾ ਮਾਰੂ ਯਾਨੀ ਸ਼੍ਰੀ ਗੁਰੂ ਨਾਨਕ ਨਾਮ ਜਹਾਜ਼ ਦੀ ਯਾਤਰਾ ਅਤੇ ਹੋਣੀ ਗ਼ਦਰ ਲਹਿਰ ਦੇ ਪਹਿਲੇ ਪੜਾਅ ਨੂੰ ਬਿਆਨ ਕਰਦੀ ਹੈ। ਇਸ ਨੇ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਵਿਚ ਅੰਗਰੇਜ਼ੀ ਸਾਮਰਾਜ ਦੀ ਗ਼ੁਲਾਮੀ ਤੇ ਨਾਗਰਿਕਤਾ ਦੇ ਸਿਧਾਂਤ ਨੂੰ ਉਜਾਗਰ ਕੀਤਾ ਸੀ। ਇਸ ਨਾਲ ਬਸਤੀਵਾਦ ਦਾ ਘਿਨਾਉਣਾ ਨਸਲੀ ਰੂਪ ਸਾਹਮਣੇ ਆਇਆ ਸੀ। ਇਹ ਸਿਰਫ ਜਹਾਜ਼ ਨਹੀਂ ਸੀ ਸਗੋਂ ਇਕ ਕ੍ਰਾਂਤੀਕਾਰੀ ਅਹਿਸਾਸ ਵੀ ਸੀ ਜਿਸਨੇ ਭਾਰਤ ਦੀ ਆਜ਼ਾਦੀ ਦੇ ਸੁਪਨੇ ਨੂੰ ਹੋਰ ਪੱਕਿਆਂ ਕੀਤਾ। ਇਸ ਦਾ ਬਿਆਨ ਗੁਰਦਿੱਤ ਸਿੰਘ, ਜੋ ਇਸ ਸਫ਼ਰ ਦਾ ਰਚੇਤਾ ਸੀ, ਨੇ ਆਪਣੀ ਸਵੈਜੀਵਨੀ ‘ਜ਼ੁਲਮੀ ਕਥਾ’ ’ਚ ਕਲਮਬੰਦ ਕੀਤਾ ਹੈ ਜੋ ਅਹਿਮ ਇਤਿਹਾਸਕ ਸਰੋਤ ਹੈ। ਅੰਗਰੇਜ਼ੀ ਇਤਿਹਾਸਕਾਰੀ ਵਿਚ ਇਸ ਦੁਖਾਂਤ ਨੂੰ ਗ਼ਦਰ ਲਹਿਰ ਤੋਂ ਤੋੜ ਕੇ ਸਿਰਫ ਕੈਨੇਡਾ ਦੇ ਦਾਖ਼ਲੇ ਤੱਕ ਸੀਮਤ ਕੀਤਾ ਜਾਂਦਾ ਹੈ, ਜੋ ਕਿ ਗ਼ਦਰ ਇਤਿਹਾਸ ਦਾ ਨਿਰਾਦਰ ਹੈ। ਕੈਨੇਡਾ ਅੰਗਰੇਜ਼ੀ ਸਾਮਰਾਜ ਦੀ ਬਸਤੀ ਸੀ, ਜਿਸਨੂੰ ਡੋਮੀਨੀਅਨ ਕਿਹਾ ਜਾਂਦਾ ਸੀ। ਇੱਥੇ ਜ਼ਿਆਦਾਤਰ ਆਬਾਦੀ ਅੰਗਰੇਜ਼ਾਂ ਦੀ ਸੀ। ਕੈਨੇਡਾ ਵਾਸੀ ਅੰਗਰੇਜ਼ੀ ਸਾਮਰਾਜ ਦੇ ਨਾਗਰਿਕ ਹਨ। ਭਾਰਤ ਕੇਵਲ ਬਸਤੀ ਸੀ ਅਤੇ ਨਾਗਰਿਕਤਾ ਤੋਂ ਵਾਂਝਾ ਸੀ। ਇਹ ਨਸਲੀ ਵਿਤਕਰਾ ਕਾਨੂੰਨੀ ਗੁੰਝਲਾਂ ਤੋਂ ਅੱਗੇ ਇਕ ਵਿਉਤਬੰਦ ਨਿਜ਼ਾਮ ਦਾ ਹਿੱਸਾ ਸੀ। ਪੰਜਾਬੀਆਂ ਦੀ ਵਫ਼ਾਦਾਰੀ ਭਾਰਤੀ ਸਰਹੱਦਾਂ ਤੱਕ ਸੀਮਤ ਸੀ। ਇਹ ਲੇਖ ਇਸ ਦਵੰਦ ਨੂੰ ਉਜਾਗਰ ਕਰਦਾ ਹੈ।
ਪ੍ਰਵਾਸ ਤੇ ਗ਼ਦਰ ਲਹਿਰ ਦਾ ਆਰੰਭ
ਤਕਰੀਬਨ 1897 ਨੂੰ ਕੁਝ ਪੰਜਾਬੀਆਂ ਨੇ ਇੰਗਲੈਂਡ ਤੋਂ ਕੈਨੇਡਾ ਰਾਹੀਂ ਸਫ਼ਰ ਕੀਤਾ ਸੀ ਅਤੇ ਉਹ ਹੈਰਾਨ ਹੋਏ ਸਨ ਕਿ ਇੱਥੋਂ ਦੀ ਜ਼ਮੀਨ ਤੇ ਵਾਤਾਵਰਨ ਪੰਜਾਬ ਨਾਲ ਮਿਲਦਾ-ਜੁਲਦਾ ਸੀ। ਪੰਜਾਬ ਅੰਦਰ ਇਹ ਅਕਾਲ ਤੇ ਭੁੱਖਮਰੀ ਦਾ ਸਮਾਂ ਸੀ। ਅੰਗਰੇਜ਼ੀ ਸਰਕਾਰ ਵਲੋਂ ਲਗਾਨ ਦੀ ਵਧ ਰਹੀ ਵਸੂਲੀ ਕਾਰਨ ਲੋਕਾਂ ਨੂੰ ਸ਼ਾਹੂਕਾਰਾਂ ਤੋਂ ਕਰਜ਼ਾ ਲੈਣਾ ਪੈਂਦਾ ਸੀ। ਸੋਕੇ ਕਾਰਨ ਵਾਹੀ ਵਾਲੇ ਪਸ਼ੂ ਮਰ ਜਾਂਦੇ ਸਨ। ਕਿਸਾਨਾਂ ਨੂੰ ਕੋਈ ਰਾਹਤ ਨਹੀਂ ਸੀ। ਇਸ ਮੰਦਹਾਲੀ ਤੋਂ ਬਚਣ ਲਈ ਲੋਕ ਪਹਿਲਾਂ ਪੁਲਿਸ ਤੇ ਫੌਜ ਵਿਚ ਭਰਤੀ ਹੁੰਦੇ ਸਨ ਅਤੇ ਪਿੱਛੋਂ ਕੁੱਝ ਪੈਸੇ ਬਚਾ ਕੇ, ਜ਼ਮੀਨ ਗਹਿਣੇ ਧਰ ਕੇ ਜਾਂ ਵੇਚ ਕੇ ਵਿਦੇਸ਼ਾਂ ਨੂੰ ਜਾਣ ਵਿਚ ਰੁਚੀ ਰੱਖਣ ਲੱਗੇ ਸਨ। 1889-1907 ਦੌਰਾਨ ਮੁਜ਼ਾਰਿਆਂ ਦੀ ਗਿਣਤੀ ਵੀ 30.65 ਫ਼ੀਸਦੀ ਤੋਂ ਵੱਧ ਕੇ 43.61 ਫ਼ੀਸਦੀ ਹੋ ਗਈ ਸੀ। ਪੰਜਾਬ ’ਚ ਵੱਡੇ ਜ਼ਿਮੀਂਦਾਰ ਤੇ ਅਮੀਰ ਸ਼ਾਹੂਕਾਰ ਸਨ। ਤਕਰੀਬਨ 4 ਫ਼ੀਸਦੀ ਵੱਡੇ ਜ਼ਿਮੀਂਦਾਰ 25 ਫ਼ੀਸਦੀ ਵਾਹੀ ਯੋਗ ਜ਼ਮੀਨ ’ਤੇ ਕਾਬਜ਼ ਸਨ। ਸ਼ਾਹੂਕਾਰ ਤਾਂ ਪਿੰਡ ਪੱਧਰ ’ਤੇ ‘ਆਰਥਿਕ ਤਾਨਾਸ਼ਾਹ’ ਸੀ। 1896-1912 ਦੌਰਾਨ ਪਲੇਗ ਨਾਲ ਤਕਰੀਬਨ 67 ਲੱਖ ਲੋਕਾਂ ਦੇ ਮਾਰੇ ਜਾਣ ਕਰਕੇ ਪਿੰਡਾਂ-ਸ਼ਹਿਰਾਂ ’ਚ ਮਾਤਮ ਛਾ ਗਿਆ ਸੀ।
ਉੱਧਰ ਉਤਰੀ ਅਮਰੀਕਾ (ਅਮਰੀਕਾ + ਕੈਨੇਡਾ) ’ਚ ਮਜ਼ਦੂਰਾਂ ਅਤੇ ਖੇਤ ਕਾਮਿਆਂ ਦੀ ਲੋੜ ਸੀ। ਕਿਉਂਕਿ ਸਨਅਤੀ ਕ੍ਰਾਂਤੀ ਕਾਰਨ ਰੇਲਾਂ ਦਾ ਜਾਲ ਵਿੱਛ ਰਿਹਾ ਸੀ। ਅਖ਼ਬਾਰਾਂ ’ਚ ਇਸਦੀ ਮਸ਼ਹੂਰੀ ਹੋਣ ਲੱਗੀ ਸੀ ਤੇ ਕੰਪਨੀਆਂ ਦੇ ਕਰਿੰਦੇ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਵੱਧ ਆਮਦਨੀ ਦੇ ਸਾਧਨਾਂ ਬਾਰੇ ਦੱਸਣ ਲੱਗ ਪਏ ਸਨ। ਭਾਰਤ ਵਿਚ ਉਦੋਂ ਪ੍ਰਤੀ ਵਿਅਕਤੀ ਆਮਦਨ ਰੋਜ਼ਾਨਾ ਸਿਰਫ਼ 5 ਪੈਸੇ ਸੀ। ਇਸ ਨੂੰ ਅਮਰੀਕਾ, ਜਿਥੇ ਗ਼ਰੀਬ ਤੋਂ ਗ਼ਰੀਬ ਵੀ ਦੋ ਢਾਈ ਡਾਲਰ ਦਿਹਾੜੀ ਕਮਾਉਂਦਾ ਸੀ ਤੇ ਰੋਜ਼ ਤਿੰਨ-ਚਾਰ ਵਾਰ ਖਾਣਾ ਖਾਂਦਾ ਸੀ, ਦੇ ਹਾਲਾਤਾਂ ਨਾਲ ਜੋੜ ਕੇ ਸਮਝਾਇਆ ਗਿਆ ਸੀ। ਪਹਿਲ ਕੈਨੇਡਾ ਪੈਸੀਫਿਕ ਰੇਲਵੇ ਕੰਪਨੀ ਨੇ 1904 ’ਚ ਕੀਤੀ ਸੀ। ਤਕਰੀਬਨ 1906 ਵਿਚ 1500 ਪੰਜਾਬੀ ਵੈਨਕੂਵਰ ਖੇਤਰ ਵਿਚ ਕੰਮ ਕਰ ਰਹੇ ਸਨ। ਇਹ ਗਿਣਤੀ ਵੱਧ ਰਹੀ ਸੀ। 1908 ਤੱਕ 1700 ਭਾਰਤੀ ਪਰਵਾਸੀਆਂ ਨੂੰ ਦਾਖ਼ਲਾ ਦਿੱਤਾ ਗਿਆ ਸੀ। ਪਰ ਜਲਦ ਹੀ ਇਸ ਨੀਤੀ ’ਤੇ ਰੋਕ ਲਗਾ ਦਿੱਤੀ ਗਈ। ਉਤਰੀ ਅਮਰੀਕਾ ਦੇ ਤੱਟ ’ਤੇ 1912 ਈ. ਤੱਕ ਤਕਰੀਬਨ 20,000 ਭਾਰਤੀ ਸਨ, ਜਿਨ੍ਹਾਂ ਵਿਚੋਂ 90 ਫੀਸਦੀ ਪੰਜਾਬੀ ਸਨ ਤੇ ਇਨ੍ਹਾਂ ਵਿਚ 75 ਫੀਸਦੀ ਪੁਰਾਣੇ ਅੰਗਰੇਜ਼ੀ ਸਿਪਾਹੀ ਜਾਂ ਫੌਜੀ ਸਨ।
ਪੰਜਾਬੀਆਂ ਦੀ ਗਿਣਤੀ ਵੱਧਣ ਕਰਕੇ ਸਮੱਸਿਆਵਾਂ ਵੀ ਸਾਹਮਣੇ ਆਈਆਂ। ਮੁੱਖ ਮਸਲਾ ਨਸਲੀ ਸੀ ਤੇ ਖੇਤਰੀ ਕਾਮੇ ਇਸ ਪ੍ਰਵਾਸ ਦੇ ਵਿਰੋਧੀ ਸਨ। ਪੰਜਾਬੀਆਂ ਨੇ ਅਮਰੀਕਾ ਚ 13 ਮਾਰਚ ਨੂੰ ਅਸਟੋਰੀਆ ਸ਼ਹਿਰ ਵਿਚ ਇਕ ਮੀਟਿੰਗ ਸੱਦ ਕੇ ਇਕ ਹਿੰਦੀ ਸਭਾ ਬਣਾਈ। ਇਸ ’ਚ 120 ਨੁਮਾਇੰਦਿਆਂ ਨੇ ਹਿੱਸਾ ਲਿਆ ਸੀ। ਸੋਹਣ ਸਿੰਘ ਭਕਨਾ ਪ੍ਰਧਾਨ ਥਾਪੇ ਗਏ। ਇਸਤੋਂ ਬਾਅਦ 31 ਅਕਤੂਬਰ 1913 ਨੂੰ ਸੈਕਰਾਮਿੰਟੋ ਵਿਖੇ ਹੋਈ ਮੀਟਿੰਗ ਵਿਚ ‘ਗ਼ਦਰ’ ਪਰਚਾ ਕੱਢਣ ਦਾ ਫੈਸਲਾ ਹੋਇਆ। ਵੈਸੇ ਪੰਜਾਬੀਆਂ ਨੇ ‘ਸਵਦੇਸ਼ ਸੇਵਕ’ (1909-1911), ‘ਸੰਸਾਰ’ (1912-1914) ਆਦਿ ਕਈ ਪਰਚੇ ਪਹਿਲਾਂ ਵੀ ਕੱਢੇ ਸਨ। ‘ਗ਼ਦਰ’ ਪਰਚਾ ਸੈਨਫਰਾਂਸਿਸਕੋ ਸ਼ਹਿਰ ਤੋਂ ਉਰਦੂ ਭਾਸ਼ਾ ਵਿਚ ਪਹਿਲੀ ਨਵੰਬਰ 1913 ਨੂੰ ਨਿਕਲਣਾ ਸ਼ੁਰੂ ਹੋਇਆ ਸੀ। 9 ਦਸੰਬਰ 1913 ਤੋਂ ਇਹ ਪਰਚਾ ਗੁਰਮੁੱਖੀ ’ਚ ਵੀ ਛਪਣ ਲੱਗ ਪਿਆ ਸੀ। ਹਰ ਮੈਂਬਰ 1 ਡਾਲਰ ਚੰਦਾ ਦਿੰਦਾ ਸੀ ਤੇ 1914 ਦੇ ਅੰਤ ਤੱਕ ਇਹ ਅੰਗਰੇਜ਼ੀ, ਹਿੰਦੀ, ਗੁਜਰਾਤੀ, ਪਸ਼ਤੋ, ਗੋਰਖਾਲੀ ਭਾਸ਼ਾਵਾਂ ’ਚ ਛਪਣ ਲੱਗ ਪਿਆ ਸੀ। ਇਸ ਪਰਚੇ ਨੇ ਅੰਗਰੇਜ਼ੀ ਸਾਮਰਾਜ ਦੀ ਲੁੱਟ-ਘਸੁੱਟ ਨੂੰ ਜਗ-ਜ਼ਾਹਰ ਕੀਤਾ ਤੇ ਗ਼ਦਰੀਆਂ ਨੂੰ ਭਾਰਤ ਜਾ ਕੇ ਆਜ਼ਾਦੀ ਪ੍ਰਾਪਤੀ ਲਈ ਸੰਘਰਸ਼ ਕਰਨ ਵਾਸਤੇ ਪ੍ਰੇਰਿਆ। ਗ਼ਦਰ ਪਾਰਟੀ ਦੇ ਕੁੱਲ 10,000 ਮੈਂਬਰਾਂ ਚੋਂ ਤਕਰੀਬਨ 8000 ਨੇ ਭਾਰਤ ਵਾਪਿਸ ਆ ਕੇ ਗ਼ਦਰ ਕ੍ਰਾਂਤੀ ’ਚ ਹਿੱਸਾ ਲਿਆ ਸੀ।
ਕਾਮਾਗਾਟਾ ਮਾਰੂ ਜਹਾਜ਼ ਦਾ ਸਫ਼ਰ ਤੇ ਸੰਘਰਸ਼
ਕਾਮਾਗਾਟਾ ਮਾਰੂ ਇਕ ਜਪਾਨੀ ਜਹਾਜ਼ ਸੀ, ਜਿਸ ਨੂੰ ਗੁਰਦਿੱਤ ਸਿੰਘ (1860-1954) ਨੇ ਇਸ ਲਈ ਲਿਆ ਸੀ ਤਾਂ ਜੋ ਭਾਰਤੀ ਪ੍ਰਵਾਸੀਆਂ ਨੂੰ ਕੈਨੇਡਾ ਲੈ ਕੇ ਜਾਇਆ ਜਾ ਸਕੇ। ਇਸ ਦਾ ਸਫ਼ਰ ਅੰਗਰੇਜ਼ੀ ਬਸਤੀ ਹਾਂਗਕਾਂਗ ਤੋਂ ਸ਼ੁਰੂ ਹੋਇਆ ਸੀ। ਇਸਦਾ ਮੁੱਖ ਮੁੱਦਾ ਸੀ ਕਿ ਕੈਨੇਡਾ ਦੇ ਪ੍ਰਵਾਸੀ ਪ੍ਰਬੰਧਾਂ ਨੂੰ ਝਾਂਸਾ ਦਿੱਤਾ ਜਾਵੇ। ਇਸ ਪ੍ਰਬੰਧ ਦਾ ਆਦੇਸ਼ ਸੀ ਕਿ ਭਾਰਤੀਆਂ ਨੂੰ ਰੋਕਿਆ ਜਾਵੇ। ਇਸ ਅਦੇਸ਼ ਰਾਹੀਂ ਨਿਰੰਤਰ ਸਫਰ ਜ਼ਰੂਰੀ ਸੀ, ਜਿਸ ਵਿਚ ਨਾਗਰਿਕਤਾ ਤੇ ਜਨਮ ਅਸਥਾਨ ਅਹਿਮ ਸਨ। ਗੁਰਦਿੱਤ ਸਿੰਘ ਨੇ 24 ਮਾਰਚ 1914 ਨੂੰ ਇਕ ਜਰਮਨ ਕਰਿੰਦੇ ਰਾਹੀਂ ਹਾਸਲ ਕੀਤਾ ਸੀ। ਇਸਦਾ ਕਪਤਾਨ ਜਪਾਨੀ ਯਾਮਾਮੋਟੋ ਸੀ। ਇਸ ਨੂੰ 6 ਮਹੀਨਿਆਂ ਲਈ 11,000 ਡਾਲਰ ਪ੍ਰਤੀ ਮਹੀਨਾ ਕਿਰਾਏ ’ਤੇ ਲਿਆ ਗਿਆ ਸੀ। ਦੋ ਮਹੀਨਿਆਂ ਦਾ ਕਰਾਇਆ ਅਗਾਊਂ ਲਿਆ ਗਿਆ ਸੀ ਅਤੇ ਬਾਕੀ ਦੋ ਹਫ਼ਤਿਆਂ ਦੇ ਵਕਫੇ ਨਾਲ ਲਿਆ ਜਾਣਾ ਸੀ। ਇਹ ਇਕ ਮਾਲ ਵਾਹਕ ਜਹਾਜ਼ ਸੀ ਅਤੇ ਇਸ ਨੂੰ ਯਾਤਰੀਆਂ ਲਈ ਵਰਤਨ ਵਾਸਤੇ 25,000 ਅਮਰੀਕਨ ਡਾਲਰ ਲਗਾਏ ਗਏ ਸਨ। ਇਸ ਪਿੱਛੋਂ ਇਨੰਜੀਅਰਾਂ ਦਾ ਇੰਤਜ਼ਾਮ ਕੀਤਾ ਗਿਆ ਤੇ ਸਰਟੀਫਿਕੇਟ ਹਾਸਲ ਕੀਤਾ ਗਿਆ। ਸਫਰ ਹਾਂਗਕਾਂਗ ਤੋਂ ਵੈਨਕੂਵਰ ਤਾਈਂ ਦਾ ਸੀ। ਯਾਤਰੀਆਂ ਦੀ ਸਿਹਤ ਤੇ ਖੁਰਾਕ ਦਾ ਧਿਆਨ ਰੱਖਣ ਲਈ ਡਾਕਟਰ ਰਘੂਨਾਥ ਸਿੰਘ ਸੀ। ਇਸਦਾ ਖਰਚਾ 500 ਯਾਤਰੀਆਂ ਨਾਲ ਪੂਰਾ ਹੋਣਾ ਸੀ ਤੇ ਮੁਨਾਫ਼ੇ ਲਈ ਕੋਲਾ ਤੇ ਹੋਰ ਵਸਤੂਆਂ ਨੂੰ ਲਿਜਾਣਾ ਸੀ। ਇਸ ਬਾਬਤ ਕੈਨੇਡੀਅਨ ਕਾਨੂੰਨਾਂ ਬਾਰੇ ਵੀ ਰਾਇ ਲਈ ਗਈ ਸੀ।
ਪਹਿਲੀ ਮੁਸ਼ਕਲ ਉਦੋਂ ਆਈ ਜਦੋਂ ਗੁਰਦਿੱਤ ਸਿੰਘ ਨੂੰ ਹਾਂਗਕਾਂਗ ਦੇ ਅਧਿਕਾਰੀਆਂ ਨੇ ਫੜ੍ਹ ਲਿਆ। ਦੋ ਤਿਹਾਈ ਯਾਤਰੀਆਂ ਨੇ ਆਪਣਾ ਸਫ਼ਰ 4 ਅਪ੍ਰੈਲ 1914 ਨੂੰ ਸ਼ੁਰੂ ਕੀਤਾ। ਰਸਤੇ ਤੋਂ ਸ਼ਿੰਘਾਈ, ਮੋਜੀ ਤੇ ਯੋਕੋਹਾਮਾ ਤੋਂ ਹੋਰ ਯਾਤਰੀ ਲੈਣੇ ਸਨ। ਇਹ ਜਹਾਜ਼ 08 ਅਪ੍ਰੈਲ ਨੂੰ ਸ਼ਿੰਘਾਈ ਪਹੁੰਚਿਆ ਤੇ 6 ਦਿਨ ਇੱਥੇ ਰਿਹਾ। ਇੱਥੇ ਕੁਲ ਯਾਤਰੀ 400 ਹੋ ਗਏ। ਕੈਨੇਡੀਅਨ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਮੌਜੀ ਤੋਂ 19 ਅਪ੍ਰੈਲ ਨੂੰ 15,000 ਯੈਨ ਦਾ ਕੋਲਾ ਲਿਆ ਗਿਆ। ਕੈਨੇਡਾ ਦਾ ਸਫਰ 2 ਮਈ ਨੂੰ ਸ਼ੁਰੂ ਹੋਇਆ। ਸ਼ਿੰਘਾਈ, ਮੋਜੀ ਅਤੇ ਯੋਕੋਹਾਮਾ ਤੋਂ ਗ਼ਦਰ ਪਰਚਾ ਲਿਆ ਗਿਆ। ਕਾਮਾਗਾਟਾ ਮਾਰੂ ਜਹਾਜ਼ 22 ਮਈ 1914 ਨੂੰ ਵੈਨਕੂਵਰ ਪਹੁੰਚ ਗਿਆ।
ਕੈਨੇਡਾ ਨੇੜੇ ਜਾਣ ਨਾਲ ਇਸ ਜਹਾਜ਼ ਦਾ ਸੰਘਰਸ਼ ਸ਼ੁਰੂ ਹੋ ਗਿਆ। ਸਿਰਫ 22 ਵਿਅਕਤੀ ਹੀ ਕੈਨੇਡੀਅਨ ਵਾਸ ਸਾਬਤ ਕਰ ਸਕੇ। ਉਨ੍ਹਾਂ ਨੂੰ ਦਾਖ਼ਲਾ ਮਿਲ ਗਿਆ ਤੇ ਬਾਕੀ ਰੋਕ ਦਿੱਤੇ ਗਏ। ਜਹਾਜ਼ ਵਿਚ ਅਨਾਜ਼ ਦੀ ਕਿੱਲਤ ਸ਼ੁਰੂ ਹੋਣ ਲੱਗੀ। ਉਧਰ ਗੁਰਦਿੱਤ ਸਿੰਘ 11,000 ਕੈਨੇਡੀਅਨ ਡਾਲਰ ਦੀ ਦੂਜੀ ਕਿਸ਼ਤ ਦੇਣੋਂ ਅਸਮਰੱਥ ਹੋ ਗਿਆ। ਇਸ ਕਿਸ਼ਤ ਦਾ ਭੁਗਤਾਨ ਭਾਈ ਭਾਗ ਸਿੰਘ ਤੇ ਹਸਨ ਰਹੀਮ ਨੇ ਕੀਤਾ। ਇਹ ‘ਖਜ਼ਾਨਾ ਦੀਵਾਨ ਸੁਸਾਇਟੀ’ ਅਤੇ ‘ਸੰਯੁਕਤ ਭਾਰਤ ਲੀਗ’ ਦੇ ਪ੍ਰਧਾਨ ਸਨ। ਦਾਨ ਲਈ ਬੇਨਤੀ ਕੀਤੀ ਗਈ। ਗੁਰਦਿੱਤ ਸਿੰਘ ਮੁੱਖ ਕੇਂਦਰ ਸੀ। ‘ਇੰਗਲਸ਼ਮੈਨ’ ਅਖ਼ਬਾਰ ਨੇ ਉਸ ਨੂੰ ਮੁੱਖ ਤਾਕਤ ਤੇ ਚਰਿਤਰਵਾਨ ਇਨਸਾਨ ਕਿਹਾ ਸੀ। ਇਸ ਪਰਚੇ ਨੇ ਸਾਮਰਾਜੀ ਸਰਕਾਰ ਨੂੰ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਸਮਝਣ ਪੱਖੋਂ ਅਸਮਰੱਥ ਕਿਹਾ ਸੀ। ਕੈਨੇਡਾ ਦੇ ਸਿੱਖਾਂ ਨੇ ਸਰਕਾਰ, ਅੰਗਰੇਜ਼ੀ ਸਮਰਾਜ ਤੇ ਭਾਰਤੀ ਵਾਇਸਰਾਏ ਨੂੰ ਟੈਲੀਗਰਾਮਾਂ ਭੇਜੀਆਂ। ਪੰਜਾਬ ਵਿਚ ਸਿੰਘ ਸਭਾਵਾਂ, ਖਾਲਸਾ ਦੀਵਾਨਾ, ਹਿੰਦੂ ਸਭਾ ਦੇ ਪੈਰੋਕਾਰਾਂ ਨੇ ਜਨਤਕ ਮੀਟਿੰਗਾਂ ਕੀਤੀਆਂ।
ਖ਼ਬਰਾਂ ਆਉਣ ਲੱਗੀਆਂ ਕਿ ਜਹਾਜ਼ ਦੇ ਯਾਤਰੀ ਬੇਕਾਬੂ ਤੇ ਵਿਦਰੋਹੀ ਹੋ ਰਹੇ ਹਨ। ਨਾਗਰਿਕ ਸੈਨਾ ਬਨਾਉਣ ਦਾ ਜ਼ਿਕਰ ਹੋਣ ਲੱਗਾ। ਸਫੈਦ ਪੋਸ਼ਾਂ ਦੀਆਂ ਜਨਤਕ ਮਿਲਣੀਆਂ ਹੋਣ ਲੱਗੀਆਂ। ਯਾਤਰੀ ਦਰਅਸਲ ਕੈਦੀ ਅਵਸਥਾ ’ਚ ਹੀ ਸਨ। ਜਹਾਜ਼ ਦੇ ਲੋਕਾਂ ਨਾਲ ਗ਼ਦਰ ਲਹਿਰ ਨੂੰ ਜੋੜ ਦਿੱਤਾ ਗਿਆ। ਮੁੱਖ ਸਵਾਲ ਨਾਗਰਿਕਤਾ ਦੇ ਸਿਧਾਂਤ ’ਤੇ ਕੇਂਦਿ੍ਰਤ ਹੋਣ ਲੱਗਾ। ਕੈਨੇਡਾ ਦੇ ਲੜਾਕੂ ਜਹਾਜ਼ ਰਨਬੋ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਇਹ ਯਤਨ ਨਕਾਰਾ ਹੋ ਗਿਆ। ਆਖਿਰ ਸਮਝੌਤਾ ਹੋਇਆ ਤੇ ਜਹਾਜ਼ ਨੂੰ ਵਾਪਸ ਭੇਜਿਆ ਗਿਆ। ਵਾਪਸੀ ਲਈ ਲੋੜੀਦੀਆਂ ਵਸਤਾਂ ਵੀ ਮੁਹੱਈਆ ਕੀਤੀਆਂ ਜਾਣੀਆਂ ਸਨ। ਕਾਮਾਗਾਟਾ ਮਾਰੂ ਜਹਾਜ਼ ਨੇ 23 ਜੁਲਾਈ 1914 ਨੂੰ ਵੈਨਕੂਵਰ ਬੰਦਰਗਾਹ ਨੂੰ ਛੱਡਿਆ।
ਲਾਹੌਰ ਤੋਂ ਛਪਦੇ ‘ਟਿ੍ਰਬਿਊਨ’ ਪਰਚੇ ਨੇ ਦੋਸ਼ ਲਾਇਆ ਕਿ ਗੁਰਦਿੱਤ ਸਿੰਘ ਨੇ ਇਸ ਸਫਰ ਦਾ ਠੀਕ ਤਰ੍ਹਾਂ ਯਤਨ ਨਹੀਂ ਸੀ ਕੀਤਾ, ਪ੍ਰਬੰਧ ਵੀ ਠੀਕ ਨਹੀਂ ਸਨ। ਭਾਰਤੀਆਂ ਨੇ ਵੀ ਮਦਦ ਨਹੀਂ ਕੀਤੀ। ਗੁਰਦਿੱਤ ਸਿੰਘ ਸਾਹਮਣੇ ਪੈਸਿਆਂ ਦੀ ਕਮੀ ਦੀ ਸਮੱਸਿਆ ਖੜ੍ਹੀ ਹੋਣ ਲੱਗੀ। ਇਹ ਜਹਾਜ਼ ਸ਼ਾਇਦ 2 ਮਹੀਨੇ ਖੜ੍ਹਾ ਰਿਹਾ। ਯਾਤਰੀਆਂ ਨੂੰ ਵਰਗਲਾਉਣ ਲਈ ਹਰ ਹਰਬਾ ਵਰਤਿਆ ਗਿਆ, ਵਿਰੋਧਤਾ ਕੀਤੀ ਗਈ। ਉਧਰ 3 ਅਗਸਤ 1914 ਨੂੰ ਪਹਿਲੀ ਸੰਸਾਰ ਜੰਗ ਛਿੜ ਗਈ। ਅੰਗਰੇਜ਼ੀ ਸਾਮਰਾਜ ਵਿਚ ਅਖਬਾਰਾਂ ਲਈ ਸੈਂਸਰਸ਼ਿੱਪ ਲਾਗੂ ਹੋ ਪਈ। 20 ਅਗਸਤ 1914 ਨੂੰ ਇਕ ਆਰਡੀਨੈਂਸ ਰਾਹੀਂ ਵਿਦੇਸ਼ੀਆਂ ਦਾ ਅੰਗਰੇਜ਼ੀ ਇੰਡੀਆ ਵਿਚ ਦਾਖਲਾ ਬੰਦ ਕਰ ਦਿੱਤਾ ਗਿਆ। ਭਾਰਤੀ ਸਰਕਾਰ ਨੇ 16 ਸਤੰਬਰ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਯਾਤਰੀਆਂ ਦੀ ਭਾਰਤ ’ਚ ਦਾਖ਼ਲ ਹੋਣ ਦੀ ਮਨਾਹੀ ਦਾ ਫੈਸਲਾ ਲਿਆ। ਰਾਜਸੀ ਸਰਕਾਰਾਂ ਨੂੰ ਤਾਕਤ ਦੇ ਦਿੱਤੀ। ਬੰਗਾਲ ਦੀ ਸਰਕਾਰ ਉਡੀਕ ਕਰ ਰਹੀ ਸੀ। ਇਹ ਜਹਾਜ਼ 19 ਸਤੰਬਰ 1914 ਨੂੰ ਸਿੰਘਾਪੁਰ ਪਹੁੰਚਿਆ। ਜੋ ਇਸਦਾ ਆਖ਼ਰੀ ਪੜ੍ਹਾਅ ਸੀ।
ਜਹਾਜ਼ ਦੀ ਵਾਪਸੀ ਤੇ ਗ਼ਦਰ ਵਿਦਰੋਹ
ਕਾਮਾਗਾਟਾ ਮਾਰੂ ਜਹਾਜ਼ ਲਈ ਬਜਬਜ ਘਾਟ ਇਸ ਲਈ ਚੁਣਿਆ ਗਿਆ ਕਿਉਂਕਿ ਇੱਥੇ ਰੇਲਵੇ ਸਟੇਸ਼ਨ ਸੀ। ਕਲਕੱਤਾ ਨੇੜਲੇ ਹੁਗਲੀ ਦਰਿਆ ਦੇ ਪਾਣੀਆਂ ਨੂੰ ਇਸ ਜਹਾਜ਼ ਨੇ 26 ਸਤੰਬਰ 1914 ਨੂੰ ਸ਼ਾਮ ਨੂੰ ਛੋਹਿਆ। ਜਹਾਜ਼ ਨੂੰ ਵਾਰ-ਵਾਰ ਜਾਂਚਿਆ ਗਿਆ ਤਾਂ ਜੋ ਇਤਰਾਜ਼ਯੋਗ ਸਮੱਗਰੀ ਤੇ ਖ਼ਤਰਨਾਕ ਯਾਤਰੀਆਂ ’ਤੇ ਕਾਬੂ ਪਾਇਆ ਜਾਵੇ। ਯਾਤਰੀਆਂ ਨੂੰ ਕਿਹਾ ਗਿਆ ਕਿ ਪੰਜਾਬ ਨੂੰ ਜਾਣ ਲਈ ਉਹ ਟਰੇਨ ਨੂੰ ਤਰਜ਼ੀਹ ਦੇਣ। ਸਿੱਖ ਯਾਤਰੀਆਂ ਨੇ ਇਸ ਆਦੇਸ਼ ਨੂੰ ਨਕਾਰਿਆ। ਉਨ੍ਹਾਂ ਨੇ ਇਕ ਜਲੂਸ ਕੱਢਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਕਲਕੱਤੇ ਵੱਲ ਵੱਧਣ ਲੱਗੇ। ਉਨ੍ਹਾਂ ਨੂੰ ਵਾਪਸ ਬਜਬਜ ਸਟੇਸ਼ਨ ਜਾਣ ਲਈ ਮਜ਼ਬੂਰ ਕੀਤਾ ਗਿਆ। ਪੰਜਾਬ ਪੁਲਸ ਦੇ ਤਕਰੀਬਨ 27 ਅਧਿਕਾਰੀਆਂ ਨੇ ਸਿੱਖਾਂ ਨੂੰ ਮਨਾਉਣ ਦਾ ਯਤਨ ਕੀਤਾ। ਇਕ ਝੜਪ ਜਾਂ ਹੱਥੋਪਾਈ ਵਿਚ 29 ਸਤੰਬਰ 1914 ਨੂੰ 4 ਪੁਲਸ ਕਰਮੀ ਮਾਰੇ ਗਏ ਤੇ 19 ਯਾਤਰੀ ਸ਼ਹੀਦ ਹੋਏ। ਇਸ ਝੜਪ ਵਿਚ 11 ਪੁਲਸ ਕਰਮੀ ਤੇ 21 ਯਾਤਰੀ ਜਖ਼ਮੀ ਹੋਏ। ਤਕਰੀਬਨ 59 ਯਾਤਰੀ ਪੰਜਾਬ ਲਈ ਰਵਾਨਾ ਹੋ ਗਏ, 168 ਨੂੰ ਕਲਕੱਤੇ ਦੀ ਜੇਲ੍ਹ ’ਚ ਭੇਜ ਦਿੱਤਾ ਗਿਆ ਤੇ 24 ਕਲਕੱਤੇ ਤੋਂ ਬਾਹਰ ਦੀਆਂ ਜੇਲ੍ਹਾਂ ’ਚ ਡੱਕ ਦਿੱਤੇ।
ਭਾਰਤੀ ਅਖ਼ਬਾਰਾਂ ਨੇ ਇਸ ਦੁਖਾਂਤ ਦਾ ਵਿਰੋਧ ਕੀਤਾ ਤੇ ਪੂਰਨ ਜਾਂਚ ਕਮੇਟੀ ਦੇ ਗਠਨ ਦੀ ਮੰਗ ਕੀਤੀ। ਯਾਦ ਰਹੇ ਅੰਗਰੇਜ਼ੀ ਅਖ਼ਬਾਰਾਂ ਨੇ ਯਾਤਰੂਆਂ ਨੂੰ ਅਰਾਜਕਤਾਵਾਦੀਆਂ ਦਾ ਗਰੋਹ ਕਿਹਾ ਸੀ। ‘ਰੰਗੂਨ ਟਾਈਮਜ਼’ (ਬਰਮਾ) ਨੇ ਬੰਗਾਲ ਤੇ ਪੰਜਾਬ ਸਰਕਾਰ ਦੀ ਨਿੰਦਿਆ ਕੀਤੀ ਸੀ। ਬਹੁਤ ਥਾਵਾਂ ’ਤੇ ਅੰਗ੍ਰੇਜ਼ ਪੱਖੀ ਜੀ-ਹਜ਼ੂਰੀਆਂ ਨੇ ਆਪਣੀ ਸਹਿਮਤੀ ਪ੍ਰਗਟਾਈ ਸੀ। ਇਸ ਤਰ੍ਹਾਂ ਇਸ ਮੁੱਦੇ ’ਤੇ ਲੋਕ ਰਾਇ ਵੰਡੀ ਹੋਈ ਸੀ। ਭਾਰਤ ਸਰਕਾਰ ਨੇ ਬਜਬਜ ਘਾਟ ਸਾਕੇ ਬਾਰੇ 15 ਅਕਤੂਰ ਨੂੰ ਇਕ ਕਮੇਟੀ ਗਠਿਤ ਕੀਤੀ ਸੀ ਜਿਸਦਾ ਪ੍ਰਧਾਨ ਐਚਵੀਲਰ ਸੀ ਤੇ ਪੰਜ ਹੋਰ ਮੈਂਬਰ ਸਨ। ਇਨ੍ਹਾਂ ’ਚ ਦਲਜੀਤ ਸਿੰਘ ਨਾਂ ਦਾ ਇਕ ਸਿੱਖ ਵੀ ਸੀ। ਇਸਦੀ ਰਿਪੋਰਟ 27 ਮੀਟਿੰਗਾਂ ਤੋਂ ਬਾਅਦ 3 ਦਸੰਬਰ 1914 ਨੂੰ ਸੌਂਪੀ ਗਈ। ਇਸ ਵਿਚ 201 ਗਵਾਹ ਸਨ। ਇਸ ਨੂੰ 16 ਜਨਵਰੀ 1915 ਨੂੰ ਜਨਤਕ ਕੀਤਾ ਗਿਆ। ਇਸ ਤਰ੍ਹਾਂ ਕਾਮਾਗਾਟਾ ਮਾਰੂ ਜਹਾਜ਼ ਦੇ ਸਫਰ ਦਾ ਅੰਤ ਦੁਖਾਂਤ ਵਿਚ ਖਤਮ ਹੋਇਆ ਅਤੇ ਅੰਗਰੇਜ਼ੀ ਵਫ਼ਾਦਾਰੀ ਦੇ ਪਰਦੇ ਹੇਠ ਢੱਕਣ ਦਾ ਉਪਰਾਲਾ ਕੀਤਾ ਗਿਆ। ਇਹ ਪੰਜਾਬੀ ਮਾਨਸਕਤਾ, ਸਾਹਿਤ ਅਤੇ ਇਤਿਹਾਸ ਦਾ ਅਖੰਡ ਹਿੱਸਾ ਬਣ ਗਿਆ ਜਿਸਦਾ ਗ਼ਦਰ ਲਹਿਰ ’ਚ ਅਹਿਮ ਸਥਾਨ ਹੈ।
ਇਤਿਹਾਸਕ ਅਹਿਮੀਅਤ
ਕਾਮਾਗਾਟਾ ਮਾਰੂ ਦੁਖਾਂਤ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਦੇ ਇਤਿਹਾਸ ਦੀ ਇਕ ਅਦੁੱਤੀ ਘਟਨਾ ਹੈ। ਇਸ ਰਾਹੀਂ ਅੰਗ੍ਰੇਜ਼ੀ ਸਾਮਰਾਜ ਦੇ ਜ਼ਬਰ ਦੀ ਦਾਸਤਾਨ ਸਪੱਸ਼ਟ ਹੋਈ। ਗ਼ਦਰ ਲਹਿਰ ਦੀ ਰਣਨੀਤੀ ਅੱਗੇ ਵਧੀ ਤੇ ਵਿਦੇਸ਼ਾਂ ’ਚ ਭਾਰਤੀਆਂ ਨਾਲ ਹਮਦਰਦੀ ਵਧੀ। ਇਸ ਜਹਾਜ਼ ਦੇ ਤਕਰੀਬਨ ਦੋ ਮਹੀਨਿਆਂ ਦੇ ਸਫਰ ਨਾਲ ਸਾਮਰਾਜ ਦੀ ਨਸਲੀ ਨੀਤੀ-ਪਹੁੰਚ ਤੇ ਕਾਨੂੰਨੀ ਗੁੰਝਲਾਂ ਬਾਖੂਬੀ ਜਗ-ਜਾਹਰ ਹੋਈਆਂ। ਬਜਬਜ ਘਾਟ (ਕਲਕੱਤਾ) ਸਾਕੇ ਰਾਹੀਂ ਬਸਤੀਵਾਦੀ ਨੀਤੀ ਸਾਮਰਾਜ ਦੀ ਤਲਵਾਰ ਦੀ ਤਰ੍ਹਾਂ ਵਰਤੀ ਗਈ। ਇਸ ਸਾਕੇ ਨੇ ਪੰਜਾਬੀਆਂ ਦੇ ਮਨਾਂ ’ਚ ਕਈ ਸਵਾਲ ਪੈਦਾ ਕੀਤੇ। ਕੈਨੇਡਾ ਵਿਚ ਅੱਜ ਵੀ ਇਸ ਵਰਤਾਰੇ ਤੇ ਅਹਿਸਾਸ ਨੂੰ ਯਾਦ ਕੀਤਾ ਜਾਂਦਾ ਹੈ। ਗ਼ਦਰ ਲਹਿਰ ਦੇ ਇਤਿਹਾਸ ਵਿਚ ਇਸਦਾ ਅਹਿਮ ਸਥਾਨ ਹੈ। ਇਸ ਕਰਕੇ ਪੰਜਾਬ ਵਿਚ ਅੰਗਰੇਜ਼ ਪੱਖੀ ਜੀ-ਹਜ਼ੂਰੀਆਂ ਦੀ ਜਮਾਤ ਦਾ ਵੀ ਪਰਦਾ ਫਾਸ਼ ਹੋਇਆ। ਇਸ ਨੂੰ ਗ਼ਦਰ ਅਖ਼ਬਾਰ ਅਤੇ ਗ਼ਦਰੀ ਗੂੰਜਾਂ ਵਿਚ ਬਿਆਨ ਕੀਤਾ ਗਿਆ ਹੈ। ਮੁੱਖ ਸਿਧਾਂਤ ਇਹ ਸੀ ਕਿ ਪ੍ਰਦੇਸ਼ਾਂ ’ਚ ਇੱਜ਼ਤ ਉਦੋਂ ਹੀ ਮਿਲੇਗੀ ਜਦੋਂ ਹਿੰਦੋਸਤਾਨ ਆਜ਼ਾਦ ਹੋਵੇਗਾ। ਗ਼ਦਰ ਲਹਿਰ ਦੀ ਸ਼ਤਾਬਦੀ (2013) ਵੇਲੇ ਇਸ ਸਾਕੇ ਨੂੰ ਸ਼ਿੱਦਤ ਨਾਲ ਯਾਦ ਕੀਤਾ ਗਿਆ। ਭਾਰਤ ਸਰਕਾਰ ਵੱਲੋਂ 2013 ਨੂੰ ਬਜਬਜ ਘਾਟ ਰੇਲਵੇ ਸਟੇਸ਼ਨ ਦਾ ਨਾਂ ਬਦਲਕੇ ਕਾਮਾਗਾਟਾ ਮਾਰੂ ਬਜ ਬਜ ਸਟੇਸ਼ਨ ਰੱਖਿਆ ਗਿਆ। ਕੈਨੇਡਾ ਸਰਕਾਰ ਨੇ ਉਟਵਾ ਵਿਖੇ ਕਾਮਾਗਾਟਾ ਮਾਰੂ ਟਿਕਟ ਜਾਰੀ ਕੀਤੀ। ਇਸਦੀ ਕੀਮਤ 2.50 ਕੈਨੇਡੀਅਨ ਡਾਲਰ ਸੀ ਤੇ ਇਹ ਕੌਮਾਂਤਰੀ ਚਿੱਠੀਆਂ ’ਤੇ ਲਾਈ ਜਾਂਦੀ ਸੀ। ਇਸ ਦੁਖਾਂਤ ਨੂੰ ਕੈਨੇਡਾ ਦੇ ਇਤਿਹਾਸ ਦਾ ਕਾਲਾ ਚਿੰਨ੍ਹ ਤਸਲੀਮ ਕੀਤਾ ਗਿਆ। ਕੈਨੇਡਾ ਦੀ ਸਾਈਮਨ ਯੂਨੀਵਰਸਿਟੀ ਨੇ ‘ਕਾਮਾਗਾਟਾ ਮਾਰੂ ਵੈੱਬਸਾਈਟ’ ਸ਼ੁਰੂ ਕੀਤੀ ਜਿਸਨੂੰ ਸਰਕਾਰ ਨੇ ਮਾਲੀ ਸਹਾਇਤਾ ਦਿੱਤੀ। ਇਸ ਤੋਂ ਇਲਾਵਾ ਭਾਰਤ ਵਿਚ ਗੁਰਦਿੱਤ ਸਿੰਘ ਦੀਆਂ ਪੜਪੋਤੀਆਂ ਨੂੰ ਸਨਮਾਨਿਤ ਕੀਤਾ ਗਿਆ। ਭਾਰਤ ਵਿਚ 100 ਅਤੇ 5 ਰੁਪਏ ਦੇ ਸਿੱਕੇ ਜਾਰੀ ਕੀਤੇ ਗਏ।
ਪ੍ਰੋ. ਅਤੇ ਮੁਖੀ (ਸੇਵਾਮੁਕਤ),
ਇਤਿਹਾਸ ਵਿਭਾਗ, ਗੁਰੂ ਨਾਨਕ ਦੇਵ ਯੁਨੀਵਰਸਿਟੀ, ਸ਼੍ਰੀ ਅੰਮ੍ਰਿਤਸਰ ਸਾਹਿਬ (ਪੰਜਾਬ)
ਕਾਮਾਗਾਟਾ ਮਾਰੂ ਜਹਾਜ਼ ਅਤੇ ਸਾਮਰਾਜੀ ਜ਼ੁਲਮ