Now Reading
ਅਮਰੀਕਾ ਤੇ ਪੱਛਮ ਵਿਚਲੇ ਉਸਦੇ ਜੋਟੀਦਾਰਾਂ ਦੇ ਚੀਨ ਵਿਰੁੱਧ ਜੰਗ ਭੜਕਾਊ ਪ੍ਰਚਾਰ ਦੇ ਅਸਲੀ ਕਾਰਨ

ਅਮਰੀਕਾ ਤੇ ਪੱਛਮ ਵਿਚਲੇ ਉਸਦੇ ਜੋਟੀਦਾਰਾਂ ਦੇ ਚੀਨ ਵਿਰੁੱਧ ਜੰਗ ਭੜਕਾਊ ਪ੍ਰਚਾਰ ਦੇ ਅਸਲੀ ਕਾਰਨ


ਡਾ. ਜਾਸਨ ਹਿਕਲ *
ਪਿੱਛਲੇ ਦੋ ਦਹਾਕਿਆਂ ਤੋਂ ਚੀਨ ਪ੍ਰਤੀ ਅਮਰੀਕਾ ਦਾ ਵਤੀਰਾ ਆਰਥਿਕ ਸਹਿਯੋਗ ਤੋਂ ਬਦਲਕੇ ਪੂਰੀ ਤਰ੍ਹਾਂ ਨਾਲ ਦੁਸ਼ਮਣੀ ਵਾਲਾ ਹੋ ਗਿਆ ਹੈ। ਅਮਰੀਕਾ ਦੇ ਰਾਜਨੀਤੀਵਾਨ ਤੇ ਮੀਡੀਆ ਨਿਰੰਤਰ ਚੀਨ ਵਿਰੋਧੀ ਬਿਆਨਬਾਜ਼ੀ ’ਚ ਰੁੱਝੇ ਰਹਿੰਦੇ ਹਨ। ਅਮਰੀਕਾ ਚੀਨ ’ਤੇ ਵਪਾਰਕ ਪਾਬੰਦੀਆਂ ਠੋਸ ਰਿਹਾ ਹੈ ਤੇ ਅੜਿੱਕੇ ਖੜ੍ਹੇ ਕਰਦਾ ਹੋਇਆ ਉਸ ਦੀ ਫੌਜੀ ਘੇਰਾਬੰਦੀ ਕਰ ਰਿਹਾ ਹੈ। ਵਾਸ਼ਿੰਗਟਨ, ਵਿਸ਼ਵ ਦੇ ਲੋਕਾਂ ਨੂੰ ਇਹ ਜਚਾਉਣਾ ਚਾਹੁੰਦਾ ਹੈ ਕਿ ਚੀਨ ਸੰਸਾਰ ਅਮਨ ਲਈ ਇਕ ਵੱਡਾ ਖਤਰਾ ਹੈ।
ਚੀਨ ਦਾ ਉਭਾਰ ਸੱਚ-ਮੁੱਚ ਹੀ ਅਮਰੀਕੀ ਹਿੱਤਾਂ ਲਈ ਖਤਰਾ ਹੈ, ਪਰ ਉਵੇਂ ਨਹੀਂ ਜਿਵੇਂ ਅਮਰੀਕਾ ਦੇ ਰਾਜਸੀ ਧਨਾਢ ਪੇਸ਼ ਕਰ ਰਹੇ ਹਨ। ਅਮਰੀਕਾ-ਚੀਨ ਸਬੰਧਾਂ ਨੂੰ ਪੂੰਜੀਵਾਦੀ ਸੰਸਾਰ ਪ੍ਰਣਾਲੀ ਦੇ ਸੰਦਰਭ ਵਿਚ ਸਮਝਣ ਦੀ ਲੋੜ ਹੈ। ‘ਸੰਸਾਰਕ ਉਤਰ’ ਕਹੇ ਜਾਂਦੇ ਅਮੀਰ ਜਾਂ ਵਿਕਸਿਤ ਦੇਸ਼ਾਂ ਵਿਚ ਪੂੰਜੀ ਦਾ ਸੰਗ੍ਰਹਿਣ, ‘ਸੰਸਾਰਕ ਦੱਖਣ’ ਸੱਦੇ ਜਾਂਦੇ ਗਰੀਬ-ਵਿਕਾਸਸ਼ੀਲ ਦੇਸ਼ਾਂ ਦੀ ਸਸਤੀ ਕਿਰਤ ਸ਼ਕਤੀ ਤੇ ਬੇਸ਼ਕੀਮਤੀ ਕੁਦਰਤੀ ਤੇ ਮਾਨਵੀ ਸੰਸਾਧਨਾਂ ਦੀ ਮਨਚਾਹੀ ਲੁੱਟ-ਚੋਂਘ ’ਤੇ ਨਿਰਭਰ ਕਰਦਾ ਹੈ।
ਇਹ ਪ੍ਰਬੰਧ, ਸੰਸਾਰਕ ਸਪਲਾਈ ਚੇਨਾਂ ’ਤੇ ਗਾਲਬ ਬਹੁਕੌਮੀ ਕੰਪਨੀਆਂ ਲਈ ਉੱਚੇ ਮੁਨਾਫ਼ੇ ਯਕੀਨੀ ਬਨਾਉਣ ਲਈ ਬੜਾ ਮਹੱਤਵਪੂਰਨ ਹੈ। ਵਿਕਸਿਤ ਦੇਸ਼ਾਂ ਤੇ ਵਿਕਾਸਸ਼ੀਲ ਦੇਸ਼ਾਂ ਦਰਮਿਆਨ ਪ੍ਰਣਾਲੀਬੱਧ ਕੀਮਤ ਗੈਰ-ਬਰਾਬਰਤਾ ਅਮੀਰ ਦੇਸ਼ਾਂ ਨੂੰ ਕੌਮਾਂਤਰੀ ਵਪਾਰ ਵਿਚ ਗੈਰ-ਬਰਾਬਰ ਵਟਾਂਦਰੇ ਰਾਹੀਂ ਵਿਕਾਸਸ਼ੀਲ ਦੇਸ਼ਾਂ ਤੋਂ ਕੀਮਤ ਵਟਾਂਦਰੇ ਦੀ ਵੱਡੀ ਸ਼ੁੱਧ ਲੁੱਟ ਕਰਨ ਦੇ ਯੋਗ ਬਣਾਉਂਦੀ ਹੈ। 1980 ਵਿਆਂ ਤੋਂ, ਜਦੋਂ ਤੋਂ ਚੀਨ ਨੇ ਆਪਣੇ-ਆਪ ਨੂੰ ਪੱਛਮੀ ਨਿਵੇਸ਼ ਤੇ ਵਪਾਰ ਲਈ ਖੋਲਿ੍ਹਆ ਹੈ, ਉਹ ਇਸ ਪ੍ਰਬੰਧ ਦਾ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਹੈ। ਪੱਛਮੀ ਕੰਪਨੀਆਂ ਲਈ ਉਹ ਸਸਤੀ ਕਿਰਤ ਦਾ ਵੱਡਾ ਵਸੀਲਾ ਹੈ। ਕਿਰਤ ਸ਼ਕਤੀ, ਜੋ ਨਾ ਕੇਵਲ ਸਸਤੀ ਹੈ, ਬਲਕਿ ਉਚੇਰੀ ਹੁਨਰਮੰਦ ਤੇ ਉਚ ਪੱਧਰ ਦੀ ਉਤਪਾਦਕ ਵੀ ਹੈ। ਮਿਸਾਲ ਵਜੋਂ ਐਪਲ ਦੀ ਬਹੁਤੀ ਪੈਦਾਵਾਰ ਦਾ ਦਾਰੋਮਦਾਰ ਚੀਨੀ ਕਿਰਤ ’ਤੇ ਨਿਰਭਰ ਕਰਦਾ ਹੈ। ਅਰਥਸ਼ਾਸਤਰੀ ਡੋਨਾਲਡ ਕਲੇਲਲੈਂਡ ਦੀ ਖੋਜ ਮੁਤਾਬਕ, ਜੇਕਰ ਐਪਲ ਨੂੰ ਚੀਨੀ ਤੇ ਪੂਰਬੀ ਏਸ਼ੀਆਈ ਕਾਮਿਆਂ ਨੂੰ ਵੀ ਅਮਰੀਕੀ ਕਾਮਿਆਂ ਦੇ ਬਰਾਬਰ ਕਿਰਤ ਮੁੱਲ ਦੇਣਾ ਪੈਂਦਾ ਤਾਂ 2011 ਵਿਚ ਹੀ ਇਸ ਦੇ ਹਰੇਕ ਆਈ ਪੈਡ ਦੀ ਲਾਗਤ 572 ਅਮਰੀਕੀ ਡਾਲਰ ਵੱਧ ਹੋਣੀ ਸੀ।
ਪਰ, ਪਿਛਲੇ ਦੋ ਦਹਾਕਿਆਂ ’ਚ ਚੀਨ ’ਚ ਤਨਖਾਹਾਂ ਨਾਟਕੀ ਰੂਪ ਵਿਚ ਵਧੀਆਂ ਹਨ। 2005 ਵਿਚ ਚੀਨ ਵਿਚ ਪ੍ਰਤੀ ਘੰਟਾ ਮੈਨੂੰਫੈਕਚਰਿੰਗ ਲਾਗਤ ਭਾਰਤ ਨਾਲੋਂ ਘੱਟ ਸੀ, ਯਾਨਿ 1 ਡਾਲਰ ਪ੍ਰਤੀ ਘੰਟੇ ਤੋਂ ਵੀ ਘੱਟ। ਉਸਤੋਂ ਪਿੱਛੋਂ ਦੇ ਸਾਲਾਂ ’ਚ, ਚੀਨ ਦੀ ਪ੍ਰਤੀ ਘੰਟਾ ਕਿਰਤ ਲਾਗਤ ਵੱਧਕੇ 8 ਡਾਲਰ ਪ੍ਰਤੀ ਘੰਟੇ ਤੋਂ ਵੀ ਵੱਧ ਹੋ ਗਈ ਹੈ। ਜਦਕਿ ਭਾਰਤ ’ਚ ਹੁਣ ਵੀ ਇਹ 2 ਡਾਲਰ ਪ੍ਰਤੀ ਘੰਟਾ ਦੇ ਨੇੜ-ਤੇੜੇ ਹੈ। ਚੀਨ ਵਿਚ ਤਨਖਾਹਾਂ ਹੁਣ ਕਿਸੇ ਵੀ ਵਿਕਾਸਸ਼ੀਲ ਏਸ਼ੀਆਈ ਦੇਸ਼ ਨਾਲੋਂ ਵੱਧ ਹਨ। ਇਹ ਇਕ ਵੱਡਾ ਇਤਿਹਾਸਕ ਘਟਨਾਕ੍ਰਮ ਹੈ।
ਇਸਦੇ ਕਈ ਮਹੱਤਵਪੂਰਨ ਕਾਰਨ ਹਨ। ਇਕ ਹੈ, ਚੀਨ ਵਿਚ ਵਾਧੂ ਕਿਰਤ ਸ਼ਕਤੀ ਨੂੰ ਤਨਖਾਹ ਅਧਾਰਤ ਕਿਰਤ ਅਰਥਚਾਰੇ ਵਿਚ ਸਮੋਇਆ ਜਾ ਰਿਹਾ ਹੈ, ਜਿਸਨੇ ਕਿਰਤੀਆਂ ਦੀ ਸੌਦੇਬਾਜ਼ੀ ਦੀ ਤਾਕਤ ਵਧਾਅ ਦਿੱਤੀ ਹੈ। ਨਾਲ ਹੀ, ਰਾਸ਼ਟਰਪਤੀ ਸ਼ੀ ਜਿੰਨਪਿੰਗ ਦੀ ਅਗਵਾਈ ਵਾਲੀ ਮੌਜੂਦਾ ਲੀਡਰਸ਼ਿਪ ਨੇ ਜਨਤਕ ਸਿਹਤ ਸੰਭਾਲ ਤੇ ਜਨਤਕ ਆਵਾਸ ਸਮੇਤ ਜਨਤਕ ਸੇਵਾਵਾਂ ਪ੍ਰਣਾਲੀ ਨੂੰ ਮਜ਼ਬੂਰ ਕਰਦੇ ਹੋਏ ਚੀਨ ਦੇ ਅਰਥਚਾਰੇ ਵਿਚ ਸਰਕਾਰ ਦੀ ਭੂਮਿਕਾ ਨੂੰ ਵਧਾਅ ਦਿੱਤਾ ਹੈ। ਇਸਨੇ ਵੀ ਕਿਰਤੀਆਂ ਦੀ ਸਥਿਤੀ ਵਿਚ ਗਿਣਨਯੋਗ ਸੁਧਾਰ ਕੀਤਾ ਹੈ।
ਚੀਨ, ਖਾਸ ਕਰਕੇ ਚੀਨੀ ਕਿਰਤੀਆਂ ਲਈ ਇਹ ਹਾਂ-ਪੱਖੀ ਤਬਦੀਲੀਆਂ ਹਨ ਪਰ, ਇਹੋ ਬਦਲਾਅ ਅਮੀਰ ਦੇਸ਼ਾਂ ਵਿਚ ਪੂੰਜੀ ਲਈ ਗੰਭੀਰ ਸਮੱਸਿਆਵਾਂ ਖੜ੍ਹੀਆਂ ਕਰਦੇ ਹਨ। ਚੀਨ ਵਿਚ ਦਿੱਤੀਆਂ ਜਾ ਰਹੀਆਂ ਉਚੀਆਂ ਤਨਖਾਹਾਂ ਉਨ੍ਹਾਂ ਪੱਛਮੀ ਕੰਪਨੀਆਂ ਦੇ ਮੁਨਾਫ਼ੇ ਲਈ ਅੜਿਕੇ ਖੜ੍ਹੇ ਕਰਦੀਆਂ ਹਨ, ਜਿਹੜੀਆਂ ਆਪਣੀ ਪੈਦਾਵਾਰ ਚੀਨ ਵਿਚ ਕਰਦੀਆਂ ਹਨ ਜਾਂ ਫਿਰ ਆਪਣੇ ਉਤਪਾਦਨ ਲਈ ਚੀਨ ਵਿਚ ਬਣੇ ਹਿੱਸੇ-ਪੁਰਜ਼ਿਆਂ ਤੇ ਹੋਰ ਮਹੱਤਵਪੂਰਨ ਲਾਗਤ ਵਸਤਾਂ ’ਤੇ ਨਿਰਭਰ ਕਰਦੀਆਂ ਹਨ।
ਅਮੀਰ ਤੇ ਵਿਕਸਿਤ ਦੇਸ਼ਾਂ ਲਈ ਇਕ ਹੋਰ ਸਮੱਸਿਆ ਇਹ ਹੈ ਕਿ ਚੀਨ ਵਿਚ ਤਨਖਾਹਾਂ ਤੇ ਕੀਮਤਾਂ ਵਿਚ ਵਾਧੇ ਕਾਰਨ ਇਨ੍ਹਾਂ ਦੀ ਗੈਰ-ਬਰਾਬਰ ਵਟਾਂਦਰਾ ਦਰ ਵੀ ਘੱਟ ਰਹੀ ਹੈ। ਨਵੀਂਆਂ ਤਨਖਾਹਾਂ ਦੇ 1990 ਵਿਆਂ ਦੇ ਕਾਲ ਦੌਰਾਨ, ਚੀਨ ਦਾ ਬਰਾਮਦ-ਤੇ-ਦਰਾਮਦ ਅਨੁਪਾਤ ਅਮੀਰ ਦੇਸ਼ਾਂ ਨਾਲੋਂ ਕਾਫ਼ੀ ਉੱਚਾ ਸੀ। ਦੂਜੇ ਸ਼ਬਦਾਂ ’ਚ ਚੀਨ ਨੂੰ ਲੋੜੀਂਦੀਆਂ ਦਰਾਮਦਾਂ ਹਾਸਲ ਕਰਨ ਲਈ ਬਹੁਤ ਵੱਡੀ ਮਿਕਦਾਰ ਵਿਚ ਵਸਤਾਂ ਬਰਾਮਦ ਕਰਨੀਆਂ ਪੈਂਦੀਆਂ ਸਨ।
ਅੱਜ, ਇਹ ਅਨੁਪਾਤ ਕਾਫ਼ੀ ਨੀਵਾਂ ਹੈ ਜੋ ਚੀਨ ਦੀਆਂ ਵਪਾਰ-ਸ਼ਰਤਾਂ ਵਿਚ ਨਾਟਕੀ ਸੁਧਾਰ ਨੂੰ ਦਰਸਾਉਂਦਾ ਹੈ। ਇਸ ਨਾਲ ਅਮੀਰ ਦੇਸ਼ਾਂ ਦੀ ਚੀਨ ਤੋਂ ਵਟਾਂਦਰਾ ਕੀਮਤ ਦੀ ਲੁੱਟ ਕਰਨ ਦੀ ਸਮਰੱਥਾ ਮਹੱਤਵਪੂਰਨ ਹੱਦ ਤੱਕ ਘੱਟ ਰਹੀ ਹੈ। ਇਸ ਹਾਲਾਤ ਵਿਚ, ਵਿਕਸਿਤ ਦੇਸ਼ਾਂ ਦੇ ਪੂੰਜੀਪਤੀ ਸਸਤੀ ਕਿਰਤ ਤੇ ਸੰਸਾਧਨਾਂ ਤੱਕ ਆਪਣੀ ਪਹੁੰਚ ਮੁੜ ਬਹਾਲ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ। ਪੱਛਮੀ ਵਪਾਰਕ ਪ੍ਰੈਸ ਉਤਸ਼ਾਹ ਨਾਲ ਇਕ ਬਦਲ ਵੀ ਪੇਸ਼ ਕਰ ਰਹੀ ਹੈ। ਉਹ ਹੈ ਸਨਅਤੀ ਪੈਦਾਵਾਰ ਨੂੰ ਏਸ਼ੀਆ ਦੇ ਉਨ੍ਹਾਂ ਹਿੱਸਿਆਂ ’ਚ ਤਬਦੀਲ ਕਰਨਾ ਜਿੱਥੇ ਤਨਖਾਹਾਂ ਘੱਟ ਹਨ। ਪਰ ਇਹ ਪੈਦਾਵਾਰ ਦੇ ਨੁਕਸਾਨ, ਨਵਾਂ ਸਟਾਫ ਲੱਭਣ ਦੀ ਲੋੜ ਤੇ ਸਪਲਾਈ ਚੇਨਾਂ ’ਚ ਵਿਘਨ ਪੈਣ ਕਰਕੇ ਮਹਿੰਗਾ ਪੈਂਦਾ ਹੈ। ਦੂਜਾ ਬਦਲ ਹੈ ਚੀਨੀ ਤਨਖਾਹਾਂ ਘੱਟ ਕਰਨ ਲਈ ਮਜ਼ਬੂਰ ਕਰਨ ਦਾ। ਇਸੇ ਤਹਿਤ ਅਮਰੀਕਾ, ਚੀਨ ਦੀ ਸਰਕਾਰ ਨੂੰ ਕਮਜ਼ੋਰ ਕਰਨ ਤੇ ਚੀਨੀ ਅਰਥਚਾਰੇ ਨੂੰ ਅਸਥਿਰ ਕਰਨ ਦੇ ਯਤਨਾਂ ਵਜੋਂ ਚੀਨ ਵਿਰੁੱਧ ਆਰਥਕ ਜੰਗ ਵਿੱਢਣ ਦੇ ਨਾਲ ਹੀ ਨਿਰੰਤਰ ਫੌਜੀ ਤੈਨਾਤੀ ਦੀਆਂ ਧਮਕੀਆਂ ਦੇ ਰਿਹਾ ਹੈ।
ਵਿਡੰਬਨਾ ਇਹ ਹੈ ਕਿ ਪੱਛਮੀ ਸਰਕਾਰਾਂ ਕਈ ਵਾਰ ਚੀਨ ਦੇ ਆਪਣੇ ਵਿਰੋਧ ਨੂੰ ਇਸ ਆਧਾਰ ’ਤੇ ਠੀਕ ਸਿੱਧ ਕਰਨ ਦੇ ਯਤਨ ਕਰਦੀਆਂ ਹਨ ਕਿ ਚੀਨੀ ਬਰਾਮਦਾਂ ਬਹੁਤ ਜ਼ਿਆਦਾ ਸਸਤੀਆਂ ਹਨ। ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਚੀਨ ਆਪਣੀ ਮੁਦਰਾ, ਰੇਨ ਮਿਨਬੀ ਦੀ ਵਟਾਂਦਰਾ ਦਰ ਨੂੰ ਗੈਰ-ਕੁਦਰਤੀ ਤੌਰ ’ਤੇ ਘੱਟ ਕਰਕੇ ਕੌਮਾਂਤਰੀ ਵਪਾਰ ’ਚ ‘ਧੋਖਾਧੜੀ’ ਕਰਦਾ ਹੈ। ਲੇਕਿਨ ਇਸ ਦਲੀਲ ਨਾਲ ਸਮੱਸਿਆ ਇਹ ਹੈ ਕਿ ਲਗਭਗ ਇਕ ਦਹਾਕਾ ਪਹਿਲਾਂ ਚੀਨ ਆਪਣੀ ਇਹ ਨੀਤੀ ਛੱਡ ਚੁੱਕਾ ਹੈ। 2017 ਵਿਚ ਕੌਮਾਂਤਰੀ ਮੁਦਰਾ ਫੰਡ ਦੇ ਅਰਥਸ਼ਾਸਤਰੀ ਜੋਸ ਐਨਟੋਨੀਓ ਨੇ ਨੋਟ ਕੀਤਾ ਸੀ ਕਿ ‘‘ਹਾਲੀਆ ਸਾਲਾਂ ਵਿਚ, ਚੀਨ ਆਪਣੀ ਮੁਦਰਾ ਭੰਡਾਰਾਂ ਦੀਆਂ ਵੱਡੀਆਂ ਰਕਮਾਂ ਦੀ ਕੁਰਬਾਨੀ ਦੇ ਕੇ ਵੀ ਆਪਣੀ ਮੁਦਰਾ ਰੇਨਮਿਨਬੀ ਦੀ ਕੀਮਤ ਘਟਾਉਣ ਦੇ ਅਮਲ ਨੂੰ ਤਿਆਗਣ ਦੇ ਯਤਨ ਕਰ ਰਿਹਾ ਹੈ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਇਹ ਮੁਦਰਾ ਹੁਣ ਵਧੇਰੇ ਮੁਲਾਂਕਿਤ ਹੈ।’’ ਚੀਨ ਨੇ ਆਖਰੀ ਵਾਰ 2019 ਵਿਚ ਆਪਣੀ ਮੁਦਰਾ ਦੀ ਕੀਮਤ ਨੂੰ ਘਟਾਉਣ ਦੀ ਇਜ਼ਾਜ਼ਤ ਦਿੱਤੀ ਸੀ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਮਹਿਸੂਲ (ਟੈਰਿਫ) ਲਾਗੂ ਕਰਕੇ ਰੇਨਮਿਨਬੀ ’ਤੇ ਦਬਾਅ ਵਧਾਇਆ ਸੀ। ਪਰ, ਇਹ ਮੰਡੀ ਦੀਆਂ ਸਥਿਤੀਆਂ ਵਿਚ ਤਬਦੀਲੀ ਦਾ ਇਕ ਜਵਾਬ ਸੀ, ਰੇਨਮਿਨਬੀ ਦੇ ਮੁੱਲ ਨੂੰ ਇਸਦੇ ਮੰਡੀ ਦੇ ਮੁੱਲ ਤੋਂ ਥੱਲੇ ਧੱਕਣ ਦਾ ਯਤਨ ਬਿਲਕੁਲ ਨਹੀਂ ਸੀ।
ਅਮਰੀਕਾ ਨੇ ਵੱਡੇ ਰੂਪ ਵਿਚ ਚੀਨ ਦੀ ਸਰਕਾਰ ਦਾ ਸਮਰਥਨ ਕੌਮਾਂਤਰੀ ਮੁਦਰਾ ਫੰਡ ਤੇ ਸੰਸਾਰ ਬੈਂਕ ਤੋਂ ਉਸਨੂੰ ਕਰਜ਼ੇ ਦੁਆ ਕੇ ਵੀ ਉਸ ਸਮੇਂ ਕੀਤਾ, ਜਦੋਂ ਇਸਦੀ ਮੁਦਰਾ ਦੀ ਕੀਮਤ ਘੱਟ ਮੁਲਾਂਕਤ ਸੀ। ਪੱਛਮ ਫੈਸਲਾਕੁੰਨ ਰੂਪ ਵਿਚ ਚੀਨ ਵਿਰੁੱਧ 2010ਵਿਆਂ ਦੇ ਦਰਮਿਆਨ ਤੋਂ ਹੋਣਾ ਸ਼ੁਰੂ ਹੋਇਆ, ਬਿਲਕੁਲ ਉਸ ਸਮੇਂ ਜਦੋਂ ਦੇਸ਼ ਨੇ ਆਪਣੀਆਂ ਵਸਤਾਂ ਦੀਆਂ ਕੀਮਤਾਂ ਵਧਾਉਣੀਆਂ ਸ਼ੁਰੂ ਕੀਤੀਆਂ ਅਤੇ ਪੱਛਮੀ ਗਲਬੇ ਵਾਲੀਆਂ ਸਪਲਾਈ ਚੇਨਾਂ ਨੂੰ ਸਸਤੀਆਂ ਲਾਗਤ ਵਸਤਾਂ ਸਪਲਾਈ ਕਰਨ ਵਾਲੇ ਇਕ ਸਪਲਾਈਅਰ ਦੇ ਰੂਪ ਵਿਚ ਆਪਣੀ ਸਥਿਤੀ ਵਿਚ ਤਬਦੀਲੀ ਕਰਨੀ ਸ਼ੁਰੂ ਕੀਤੀ।
ਅਮਰੀਕਾ ਦੀ ਚੀਨ ਨਾਲ ਦੁਸ਼ਮਣੀ ਪਿੱਛੇ ਦੂਜਾ ਤੱਤ ਹੈ ਤਕਨੀਕ। ਚੀਨ ਨੇ ਪਿਛਲੇ ਦਹਾਕੇ ’ਚ ਆਪਣੀ ਸਨਅਤੀ ਨੀਤੀ ਦੀ ਵਰਤੋਂ ਰਣਨੀਤਕ ਖੇਤਰਾਂ ’ਚ ਤਕਨੀਕੀ ਵਿਕਾਸ ਨੂੰ ਤਰਜੀਹ ਦੇਣ ਲਈ ਕੀਤੀ ਹੈ ਤੇ ਇਸ ਵਿਚ ਲਾਮਿਸਾਲ ਪ੍ਰਗਤੀ ਵੀ ਹਾਸਲ ਕੀਤੀ ਹੈ। ਅੱਜ, ਇਸ ਕੋਲ ਦੁਨੀਆਂ ਦਾ ਸਭ ਤੋਂ ਵੱਡਾ ਹਾਈ ਸਪੀਡ ਰੇਲ ਨੈਟਵਰਕ ਹੈ। ਇਹ ਖੁਦ ਆਪਣੇ ਲਈ ਵਪਾਰਕ ਹਵਾਈ ਜਹਾਜ਼ ਤਿਆਰ ਕਰਦਾ ਹੈ। ਬਿਜਲਈ ਵਾਹਨਾਂ ਤੇ ਨਵਿਆਉਣਯੋਗ ਊਰਜਾ ਤਕਨੀਕ ਵਿਚ ਸੰਸਾਰ ਦੀ ਅਗਵਾਈ ਕਰਦਾ ਹੈ, ਉਨਤ ਮੈਡੀਕਲ ਤਕਨੀਕ, ਸਮਾਰਟਫੋਨ ਤਕਨੀਕ, ਮਾਇਕਰੋ ਚਿਪ ਉਤਪਾਦਨ, ਮਸਨੂਈ ਬੁੱਧੀ ਆਦਿ ਦੇ ਖੇਤਰ ਵਿਚ ਉਹ ਸੰਸਾਰ ਭਰ ਵਿਚ ਅੱਵਲ ਨੰਬਰ ’ਤੇ ਹੈ। ਚੀਨ ਦੀਆਂ ਤਕਨੀਕੀ ਤਰੱਕੀ ਦੀਆਂ ਖਬਰਾਂ ਇਕ ਵਾਰੀ ਤਾਂ ਸਿਰ ਘੁੰਮਣ ਲਾ ਦਿੰਦੀਆਂ ਹਨ। ਇਨ੍ਹਾਂ ਪ੍ਰਾਪਤੀਆਂ ਦੀ ਆਸ ਸਿਰਫ ਉੱਚੀ ਆਮਦਨ ਵਾਲੇ ਦੇਸ਼ਾਂ ਤੋਂ ਹੀ ਕੀਤੀ ਜਾਂਦੀ ਹੈ। ਪਰ ਚੀਨ ਔਸਤਨ ‘‘ਵਿਕਸਿਤ ਅਰਥਚਾਰਿਆਂ’’ ਤੋਂ ਲਗਭਗ 80% ਘੱਟ ਪ੍ਰਤੀ ਵਿਅਕਤੀ ਜੀ.ਡੀ.ਪੀ. ਹੋਣ ਦੇ ਬਾਵਜੂਦ ਵੀ ਇਹ ਲਾਮਿਸਾਲ ਪ੍ਰਾਪਤੀਆਂ ਕਰ ਰਿਹਾ ਹੈ।
ਇਹੋ ਤਰੱਕੀ ਅਮੀਰ ਤੇ ਵਿਕਸਿਤ ਦੇਸ਼ਾਂ ਲਈ ਸਮੱਸਿਆ ਖੜ੍ਹੀ ਕਰਦੀ ਹੈ, ਕਿਉਂਕਿ ਸਾਮਰਾਜੀ ਪ੍ਰਬੰਧ ਦੇ ਮੁੱਖ ਥੰਮਾਂ ਵਿਚੋਂ ਇਕ ਪੂੰਜੀਗਤ ਵਸਤਾਂ, ਦਵਾਈਆਂ, ਕੰਪਿਊਟਰਾਂ, ਹਵਾਈ ਜਹਾਜਾਂ ਅਤੇ ਹੋਰ ਅਜਿਹੀਆਂ ਜ਼ਰੂਰੀ ਤਕਨੀਕਾਂ ’ਤੇ ਆਪਣੀ ਇਜ਼ਾਰੇਦਾਰੀ ਕਾਇਮ ਰੱਖਣਾ ਹੁੰਦਾ ਹੈ। ਇਹ ‘ਸੰਸਾਰਕ ਦੱਖਣ’-ਗਰੀਬ ਤੇ ਵਿਕਾਸ਼ੀਲ ਦੇਸ਼ਾਂ ਨੂੰ ਨਿਰਭਰਤਾ ਵਾਲੀ ਸਥਿਤੀ ਵੱਧ ਧੱਕ ਦਿੰਦਾ ਹੈ, ਇਨ੍ਹਾਂ ਜ਼ਰੂਰੀ ਤਕਨੀਕਾਂ ਨੂੰ ਹਾਸਲ ਕਰਨ ਲਈ ਉਹ ਵੱਡੀ ਮਾਤਰਾ ਵਿਚ ਆਪਣੇ ਵਸੀਲਿਆਂ ਨੂੰ ਸਸਤੀਆਂ ਦਰਾਂ ’ਤੇ ਦਰਾਮਦ ਕਰਨ ਲਈ ਮਜ਼ਬੂਰ ਹੁੰਦੇ ਹਨ। ਇਹ ਮਜ਼ਬੂਰੀ ਹੈ, ਜਿਹੜੀ ਗੈਰ-ਬਰਾਬਰ ਵਟਾਂਦਰੇ ਰਾਹੀਂ ਅਮੀਰ ਤੇ ਵਿਕਸਿਤ ਦੇਸ਼ਾਂ ਦੀ ਸ਼ੁੱਧ ਲੁੱਟ ਨੂੰ ਕਾਇਮ ਰੱਖਦੀ ਹੈ।
ਚੀਨ ਦੇ ਤਕਨੀਕੀ ਵਿਕਾਸ ਨੇ ਹੁਣ ਪੱਛਮ ਦੀ ਇਸ ਅਜਾਰੇਦਾਰੀ ਨੂੰ ਤੋੜ ਦਿੱਤਾ ਹੈ ਅਤੇ ਦੂਜੇ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਵਧੇਰੇ ਪੁੱਗਤ ਵਾਲੀਆਂ ਦਰਾਂ ’ਤੇ ਜ਼ਰੂਰੀ ਵਸਤਾਂ ਦੇ ਬਦਲਵੇਂ ਸਪਲਾਇਰ ਪ੍ਰਦਾਨ ਕਰ ਸਕਦਾ ਹੈ। ਇਹ ਸਾਮਰਾਜੀ ਪ੍ਰਬੰਧ ਤੇ ਗੈਰ-ਬਰਾਬਰੀ ਅਧਾਰਤ ਵਟਾਂਦਰੇ ਲਈ ਬੁਨਿਆਦੀ ਚੁਣੌਤੀ ਖੜ੍ਹੀ ਕਰਦਾ ਹੈ।
ਅਮਰੀਕਾ ਨੇ ਇਸਦੇ ਜਵਾਬ ਵਿਚ ਪਾਬੰਦੀਆਂ ਲਾਗੂ ਕੀਤੀਆਂ, ਜਿਨ੍ਹਾਂ ਦਾ ਮਕਸਦ ਚੀਨ ਦੇ ਤਕਨੀਕੀ ਵਿਕਾਸ ਨੂੰ ਅਪੰਗ ਬਣਾਉਣਾ ਹੈ। ਇਹ ਹੁਣ ਤੱਕ ਆਪਣਾ ਕੰਮ ਕਰਨ ਵਿਚ ਨਾਕਾਮ ਰਹੀਆਂ ਹਨ। ਉਲਟਾ ਇਸ ਨੇ ਚੀਨ ਨੂੰ ਆਪਣੀਆਂ ਪ੍ਰਭਾਵਸ਼ਾਲੀ ਤਕਨੀਕੀ ਸਮਰਥਾਵਾਂ ਹੋਰ ਵਧੇਰੇ ਵਿਕਸਿਤ ਕਰਨ ਦੀ ਲੋੜ ਲਈ ਹੱਲਾਸ਼ੇਰੀ ਹੀ ਦਿੱਤੀ ਹੈ। ਅਮਰੀਕਾ, ਆਪਣਾ ਇਹ ਹਥਿਆਰ ਲਗਭਗ ਪੂਰੀ ਤਰ੍ਹਾਂ ਨਾਕਾਮ ਹੋ ਜਾਣ ਪਿੱਛੋਂ ਹੁਣ ਜੰਗੀ ਭੜਕਾਹਟਾਂ ਪੈਦਾ ਕਰਨ ’ਤੇ ਉਤਰ ਆਇਆ ਹੈ। ਇਨ੍ਹਾਂ ਭੜਕਾਹਟਾਂ ਦਾ ਮੁੱਖ ਮਕਸਦ ਚੀਨ ਦੇ ਸਨਅਤੀ ਆਧਾਰ ਨੂੰ ਤਬਾਹ ਕਰਨਾ ਹੈ। ਨਾਲ ਹੀ ਚੀਨ ਵਲੋਂ ਵਪਾਰਕ ਲਾਭਾਂ ਤੇ ਘਰੇਲੂ ਵਿਕਾਸ ਲਈ ਨਿਵੇਸ਼ ਕੀਤੀ ਜਾਂਦੀ ਪੂੰਜੀ ਤੇ ਇਸ ਦੀ ਪੈਦਾਵਾਰ ਸਮਰੱਥਾ ਨੂੰ ਡਿਫੈਂਸ ਖੇਤਰ ਵੱਲ ਮੋੜਨਾ ਹੈ। ਅਮਰੀਕਾ, ਚੀਨ ਨਾਲ ਜੰਗ ਇਸ ਲਈ ਨਹੀਂ ਕਰਨਾ ਚਾਹੁੰਦਾ ਕਿ ਚੀਨ ਅਮਰੀਕਾ ਦੇ ਲੋਕਾਂ ਲਈ ਕੋਈ ਖਤਰਾ ਖੜ੍ਹਾ ਕਰ ਰਿਹਾ ਹੈ। ਬਲਕਿ ਇਸ ਲਈ ਚਾਹੁੰਦਾ ਹੈ ਕਿ ਚੀਨ ਦਾ ਵਿਕਾਸ ਸਾਮਰਾਜੀ ਪੂੰਜੀ ਦੇ ਹਿੱਤਾਂ ਨੂੰ ਕੰਮਜ਼ੋਰ ਕਰਦਾ ਹੈ। ਪੱਛਮ ਦਾ ਇਹ ਦਾਅਵਾ ਕਿ ਚੀਨ ਕਿਸੇ ਤਰ੍ਹਾਂ ਦਾ ਫੌਜੀ ਖਤਰਾ ਖੜ੍ਹਾ ਕਰ ਰਿਹਾ ਹੈ, ਪੂਰੀ ਤਰ੍ਹਾਂ ਕੂੜ ਪ੍ਰਚਾਰ ਹੈ। ਉੱਘੜਦੇ ਤੱਥ ਬਿਲਕੁਲ ਵੱਖਰੀ ਕਹਾਣੀ ਪੇਸ਼ ਕਰਦੇ ਹਨ। ਅਸਲ ਵਿਚ ਚੀਨ ਦਾ ਪ੍ਰਤੀ ਵਿਅਕਤੀ ਫੌਜੀ ਖਰਚਾ ਸੰਸਾਰਕ ਔਸਤ ਤੋਂ ਘੱਟ ਹੈ। ਇਕੱਲੇ ਅਮਰੀਕਾ ਦੇ ਫੌਜੀ ਖਰਚ ਦਾ ਇਹ ਦੱਸਵਾਂ ਹਿੱਸਾ ਹੈ। ਮੰਨਿਆ ਕਿ ਚੀਨ ਦੀ ਆਬਾਦੀ ਕਾਫ਼ੀ ਜ਼ਿਆਦਾ ਹੈ, ਪਰ ਫੇਰ ਵੀ ਅਸਲ ਮਾਇਨਿਆਂ ਵਿਚ ਦੇਖਿਆ ਜਾਵੇ ਤਾਂ ਅਮਰੀਕਾ ਨਾਲ ਜੁੜਿਆ ਫੌਜੀ ਬਲਾਕ ਆਪਣੀ ਫੌਜੀ ਸ਼ਕਤੀ ’ਤੇ ਚੀਨ ਨਾਲੋਂ ਸੱਤ ਗੁਣਾ ਤੋਂ ਵੀ ਵੱਧ ਖਰਚ ਕਰਦਾ ਹੈ। ਅਮਰੀਕਾ ਕੋਲ ਚੀਨ ਦੇ ਮੁਕਾਬਲੇ ਅੱਠ ਗੁਣਾ ਵੱਧ ਪ੍ਰਮਾਣੂ ਹਥਿਆਰ ਹਨ।
ਚੀਨ ਕੋਲ ਅਮਰੀਕਾ ਨੂੰ ਉਸ ’ਤੇ ਆਪਣੀ ਮਰਜ਼ੀ ਥੋਪਣ ਤੋਂ ਰੋਕਣ ਜਿੰਨੀ ਤਾਕਤ ਤਾਂ ਹੈ, ਪਰ ਐਨੀ ਤਾਕਤ ਨਹੀਂ ਹੈ ਕਿ ਜਿਵੇਂ ਅਮੀਰ ਤੇ ਵਿਕਸਿਤ ਦੇਸ਼ ਬਾਕੀ ਸੰਸਾਰ ’ਤੇ ਆਪਣੀ ਮਰਜ਼ੀ ਥੋਪਦੇ ਹਨ, ਉਹ ਵੀ ਉਸ ਤਰ੍ਹਾਂ ਥੋਪ ਸਕੇ। ਇਹ ਬਿਰਤਾਂਤ ਕਿ ਚੀਨ ਕਿਸੇ ਤਰ੍ਹਾਂ ਦਾ ਫੌਜੀ ਖਤਰਾ ਖੜ੍ਹਾ ਕਰਦਾ ਹੈ, ਪੂਰੀ ਤਰ੍ਹਾਂ ਵਧਾਅ ਚੜ੍ਹਾਅ ਕੇ ਪੇਸ਼ ਕੀਤਾ ਗਿਆ ਹੈ। ਅਸਲ ਸੱਚਾਈ ਇਸ ਦੇ ਐਨ ਉਲਟ ਹੈ। ਅਮਰੀਕਾ ਕੋਲ ਸੰਸਾਰ ਭਰ ਵਿਚ ਸੈਂਕੜੇ ਫੌਜੀ ਅੱਡੇ ਤੇ ਸੁਵਿਧਾਵਾਂ ਹਨ। ਉਨ੍ਹਾਂ ਵਿਚੋਂ ਕਾਫ਼ੀ ਗਿਣਤੀ ਚੀਨ ਦੇ ਨੇੜੇ-ਤੇੜੇ ਜਪਾਨ ਤੇ ਦੱਖਣੀ ਕੋਰੀਆ ਵਿਚ ਹਨ। ਉਸਦੇ ਮੁਕਾਬਲੇ, ਚੀਨ ਕੋਲ ਵਿਦੇਸ਼ ਵਿਚ, ਦਜੀਬੋਤੀ ਵਿਖੇ ਕੇਵਲ ਇਕੋ ਫੌਜੀ ਅੱਡਾ ਹੈ ਅਤੇ ਅਮਰੀਕਾ ਦੀਆਂ ਸਰਹੱਦਾਂ ਦੇ ਨੇੜੇ ਤਾਂ ਕੋਈ ਵੀ ਨਹੀਂ।
ਇਸ ਤੋਂ ਬਿਨਾਂ, ਚੀਨ ਨੇ ਪਿਛਲੇ 40 ਸਾਲਾਂ ਤੋਂ ਕੌਮਾਂਤਰੀ ਜੰਗਬਾਜ਼ੀ ਨੂੰ ਉਲੰਘਦਿਆਂ ਇਕ ਵੀ ਗੋਲੀ ਨਹੀਂ ਚਲਾਈ। ਇਸ ਦੇ ਉਲਟ, ਅਮਰੀਕਾ ਨੇ ਇਸੇ ਸਮੇਂ ਦੌਰਾਨ ਸੰਸਾਰਕ ਦੱਖਣ ਦੇ ਦਰਜਨ ਤੋਂ ਵੱਧ ਦੇਸ਼ਾਂ ’ਤੇ ਹਮਲੇ ਕੀਤੇ ਹਨ ਜਾਂ ਤਖਤਾ-ਪਲਟ ਕਰਵਾਏ ਹਨ। ਸਾਰਾ ਵਿਸ਼ਵ ਜਾਣਦਾ ਹੈ ਕਿ ਜੇਕਰ ਸੰਸਾਰ ਅਮਨ ਤੇ ਸੁਰੱਖਿਆ ਲਈ ਖ਼ਤਰੇ ਵਜੋਂ ਕੋਈ ਜਾਣਿਆ-ਪਛਾਣਿਆ ਨਾਂ ਹੈ ਤਾਂ ਉਹ ਅਮਰੀਕਾ ਹੀ ਹੈ।
ਅਮਰੀਕਾ ਤੇ ਇਸ ਦੇ ਪੱਛਮੀ ਜੁੰਡੀਦਾਰਾਂ ਵਲੋਂ ਚੀਨ ਵਿਰੁੱਧ ਜੰਗੀ ਭੜਕਾਹਟਾਂ ਪੈਦਾ ਕਰਨ ਦਾ ਅਸਲ ਕਾਰਨ ਇਹ ਹੈ ਕਿ ਚੀਨ ਪ੍ਰਭਾਵਸ਼ਾਲੀ ਢੰਗ ਨਾਲ ਵਿਕਾਸ ਕਰਦਾ ਹੋਇਆ ਉਸ ਸਾਮਰਾਜੀ ਪ੍ਰਬੰਧ ਨੂੰ ਕਮਜ਼ੋਰ ਕਰ ਰਿਹਾ ਹੈ, ਜਿਸ ’ਤੇ ਪੂੰਜੀ ਸੰਗ੍ਰਹਿਣ ਦਾ ਮਨਹੂਸ ਕਾਰਜ ਨਿਰਭਰ ਕਰਦਾ ਹੈ। ਅਮਰੀਕਾ ਤੇ ਪੱਛਮ ਕਦੀ ਨਹੀਂ ਚਾਹੁੰਣਗੇ ਕਿ ਸੰਸਾਰਕ ਸ਼ਕਤੀ ਸੌਖਿਆਂ ਹੀ ਉਨ੍ਹਾਂ ਦੇ ਹੱਥਾਂ ’ਚੋਂ ਤਿਲਕ ਜਾਵੇ।
ਪੰਜਾਬੀ ਰੂਪਾਂਤਰਨ : ਰਵੀ ਕੰਵਰ
(* ਪ੍ਰੋਫੈਸਰ, ਇੰਸਟੀਚਿਊਟ ਫਾਰ ਇਨਵਾਇਰਨਮੈਂਟ ਸਾਇੰਸ ਐਂਡ ਟੈਕਨੋਲਾਜੀ ਅਤੇ ਦਯਲਾਨ ਸੁਲੀਵਾਨ, ਅਡਜੰਕਟ ਫੈਲੋ ਸਕੂਲ ਆਫ ਸੋਸ਼ਲ ਸਾਇੰਸਿਜ਼, ਮੈਕਕਿਊਰੀ ਯੂਨੀਵਰਸਿਟੀ

Scroll To Top