/* SC_TH_END:4.3.24:fc0ffc30 */ ਫੇਰੂ ਸ਼ਹਿਰ ਦਾ ਸਾਕਾ (1915); ਸ਼ਹਾਦਤ ਦਾ ਮਾਨਮੱਤਾ ਇਤਿਹਾਸ – Sangrami Lehar
Now Reading
ਫੇਰੂ ਸ਼ਹਿਰ ਦਾ ਸਾਕਾ (1915); ਸ਼ਹਾਦਤ ਦਾ ਮਾਨਮੱਤਾ ਇਤਿਹਾਸ

ਫੇਰੂ ਸ਼ਹਿਰ ਦਾ ਸਾਕਾ (1915); ਸ਼ਹਾਦਤ ਦਾ ਮਾਨਮੱਤਾ ਇਤਿਹਾਸ

ਪ੍ਰੋ. ਸੁਖਦੇਵ ਸਿੰਘ ਸੋਹਲ

ਫੇਰੂ ਸ਼ਹਿਰ ਦਾ ਸਾਕਾ (1915) ਗ਼ਦਰ ਲਹਿਰ ਦੀ ਪਹਿਲੀ ਘਟਨਾ ਸੀ ਜਿਸ ਵਿਚ ਸੱਤ ਦੇਸ਼ ਭਗਤਾਂ ਨੂੰ ਫਾਂਸੀ ਦਿੱਤੀ ਗਈ ਸੀ। ਇਹ ਗ਼ਦਰ ਲਹਿਰ ਤੇ ਸਾਮਰਾਜ ਦਾ ਜ਼ਾਲਮਾਨਾ ਵਾਰ ਸੀ ਜਿਸ ਵਿਚ ਬੜੇ ਅਹਿਮ ਆਗੂ ਸ਼ਹੀਦ ਹੋਏ ਸਨ। ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ 1963 ਨੂੰ ਗ਼ਦਰ ਪਾਰਟੀ ਦੀ 50ਵੀਂ ਵਰ੍ਹੇਗੰਢ (ਗੋਲਡਨ ਜ਼ੁਬਲੀ) ਮੌਕੇ ਬਾਬਾ ਸੋਹਣ ਸਿੰਘ ਭਕਨਾ ਅਤੇ ਬਾਬਾ ਗੁਰਮੁੱਖ ਸਿੰਘ ਲਲਤੋਂ ਦੀ ਰਹਿਨੁਮਾਈ ਹੇਠ ਹੋਇਆ ਇਤਿਹਾਸਕ ਸਮਾਗਮ ਫੇਰੂ ਸ਼ਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ ਸੀ। ‘ਗ਼ਦਰ’ ਪਰਚੇ ਨੇ ਮਾਰਚ-ਅਪ੍ਰੈਲ 1930 ਵਿਚ 1914-15 ਦੇ ਸ਼ਹੀਦਾਂ ਤੋਂ ਹਾਸਲ ਸਿੱਖਿਆਵਾਂ ਬਾਰੇ ਜ਼ਿਕਰ ਕੀਤਾ ਕਿ ਉਹ ਸ਼ਹੀਦ ਅਮਰੀਕਾ ਤੋਂ ਆਏ ਜੋ ਅਮਰੀਕਾ ਦੀ ਤਰੱਕੀ ਤੋਂ ਪ੍ਰਭਾਵਿਤ ਸਨ। ਉਸ ਵੇਲੇ ਭਾਰਤ ਅੰਗਰੇਜ਼ੀ ਸਾਮਰਾਜ ਦੀ ਬਸਤੀ ਸੀ। ਗ਼ਦਰੀ ਪੂਰਨ ਆਜ਼ਾਦੀ ਦੇ ਹੱਕ ਵਿਚ ਸਨ।

 ਗ਼ਦਰ ਲਹਿਰ : ਸੰਦਰਭ ਅਤੇ ਅਹਿਮੀਅਤ

ਗ਼ਦਰ ਲਹਿਰ ਇਕ ਪਹਿਲੀ ਧਰਮ ਨਿਰਪੱਖ ਲਹਿਰ ਸੀ ਜਿਸਦਾ ਮੰਤਵ ਭਾਰਤ ਨੂੰ ਹਥਿਆਰਬੰਦ ਘੋਲ ਰਾਹੀਂ ਆਜ਼ਾਦ ਕਰਾਉਣਾ ਸੀ। ਇਹ ਲਹਿਰ ਭਾਵੇਂ ਕੈਨੇਡਾ ਅਤੇ ਅਮਰੀਕਾ ਦੀ ਧਰਤੀ ’ਤੇ ਉਪਜੀ ਸੀ ਪਰ ਇਸ ਦੀਆਂ ਜੜ੍ਹਾਂ ਅਤੇ ਜਜ਼ਬਾ ਪੰਜਾਬ ਵਿਚ ਸੀ ਅਤੇ ਇਹ ਪ੍ਰਵਾਨ ਵੀ ਪੰਜਾਬ ਦੀ ਧਰਤੀ ’ਤੇ ਹੀ ਚੜ੍ਹੀ। ਪੰਜਾਬ ਦੇ ਵਕਤੀ ਲੈਫਟੀਨੈਂਟ ਗਵਰਨਰ ਮਾਇਕਲ ਓਡਵਾਇਰ ਨੇ ਇਸ ਨੂੰ ‘ਸਾਰੀਆਂ ਸਾਜ਼ਿਸ਼ਾਂ ਤੋਂ ਵੱਧ ਭਿਆਨਕ’ ਦਰਸਾਇਆ ਸੀ।

ਅੰਗਰੇਜ਼ੀ ਰਾਜ ਨੇ ਜਗੀਰਦਾਰਾਂ ਦੀ ਇਕ ਜਮਾਤ ਪੈਦਾ ਕੀਤੀ। ਵਪਾਰ ਅਤੇ ਸੂਦ ਕਾਰਨ ਸ਼ਾਹੂਕਾਰਾਂ ਦੀ ਜਮਾਤ ਹੋਰ ਮਜ਼ਬੂਤ ਹੋਈ। ਗ਼ਦਰ ਲਹਿਰ ਦਾ ਪਿਛੋਕੜ ਪੰਜਾਬ ਦੀਆਂ ਆਰਥਿਕ-ਸਮਾਜਿਕ ਹਾਲਾਤਾਂ ਨਾਲ ਜੁੜਦਾ ਹੈ। ਅੰਗਰੇਜ਼ੀ ਸਾਮਰਾਜ ਦੇ ਤੰਤਰ ਅਧੀਨ ਲੁੱਟ-ਖਸੁੱਟ ਦਾ ਸਿਲਲਿਸਾ ਤੇਜ਼ ਗਤੀ ਨਾਲ ਚੱਲਿਆ। ਮਾਲੀਏ ਦੀ ਨਗਦ ਵਸੂਲੀ ਨੇ ਕਿਸਾਨਾਂ ਨੂੰ ਜ਼ਮੀਨ ਵੇਚਣ ਜਾਂ ਗਿਰਵੀ ਰੱਖਣ ਲਈ ਮਜ਼ਬੂਰ ਕੀਤਾ। ਸਿੱਟੇ ਵਜੋਂ ਕਿਸਾਨ ਮੁਜ਼ਾਰੇ ਬਣਨ ਲਈ ਆਪਣੀ ਜ਼ਮੀਨਾਂ ਤੋਂ ਵਾਂਝੇ ਹੋਣ ਲੱਗੇ। 1873 ਤੋਂ 1903 ਤੱਕ ਮੁਜ਼ਾਰਿਆਂ ਦੀ ਗਿਣਤੀ ਵਧਕੇ ਪੰਜ ਗੁਣਾ ਹੋ ਗਈ ਸੀ ਅਤੇ ਹੱਲ ਹੇਠ ਔਸਤਨ ਰਕਬਾ ਅੱਠਾਂ ਤੋਂ ਸੁੰਗੜ ਕੇ ਤਿੰਨ ਏਕੜ ਰਹਿ ਗਿਆ ਸੀ। ਭਾਵੇਂ ਪੰਜਾਬ ਖੇਤੀ ਪ੍ਰਧਾਨ ਪ੍ਰਾਂਤ ਸੀ, ਪਰ ਭੁੱਖਮਰੀ, ਕਰਜ਼ੇ ਅਤੇ ਬਿਮਾਰੀਆਂ ਦੀ ਸਰਜਮੀਂ ਬਣ ਚੁੱਕਾ ਸੀ। ਕਿਸਾਨ ਫ਼ੌਜ ਅਤੇ ਪੁਲਸ ਵਿਚ ਭਰਤੀ ਹੋਣ ਲੱਗੇ ਅਤੇ ਜ਼ਮੀਨਾਂ ਗਹਿਣੇ ਧਰ ਕੇ ਵਿਦੇਸ਼ ਜਾਣ ਦੀ ਤਰਜ਼ੀਹ ਦੇਣ ਲੱਗੇ।

ਪਰਵਾਸ ਦੇ ਰਸਤੇ ਹਾਂਗਕਾਂਗ ਅਤੇ ਸ਼ੰਘਾਈ ਸਨ ਜੋ ਅੰਗਰੇਜ਼ੀ ਪ੍ਰਭਾਵ ਹੇਠ ਸਨ। ਇਹ ਰਸਤਾ ਪੈਸੀਫਿਕ ਸਮੁੰਦਰ ਰਾਹੀਂ ਉਤਰੀ ਅਮਰੀਕਾ ਦੇ ਪੱਛਮੀ ਤੱਟ ਨੂੰ ਜਾ ਲੱਗਦਾ ਸੀ। ਕੈਨੇਡਾ ਇਕ ਅੰਗਰੇਜ਼ਾਂ ਦੀ ਬਸਤੀ ਸੀ ਜਿੱਥੇ ਉਹ ਪੈਸਫਿਕ ਰੇਲਵੇ ਦੀਆਂ ਪਟੜੀਆਂ ਵਿਛਾ ਰਹੇ ਸਨ। ਨਾਲ ਜੰਗਲ ਕੱਟ ਕੇ ਨਵੀਆਂ ਜ਼ਮੀਨਾਂ ਆਬਾਦ ਕੀਤੀਆਂ ਜਾ ਰਹੀਆਂ ਸਨ। ਸੋ ਪੰਜਾਬੀ ਕਿਸਾਨ ਉੱਤਰੀ ਅਮਰੀਕਾ ਵੱਲ ਚੱਲ ਪਏ। ਇਨ੍ਹਾਂ ਦੀ ਗਿਣਤੀ 1906 ਵਿਚ ਤਕਰੀਬਨ 1500 ਸੀ ਜੋ 1908 ਵਿਚ ਵੱਧ ਕੇ 5000 ਹੋ ਗਈ ਸੀ ਅਤੇ 1912 ਵਿਚ 20,000 ਤੱਕ ਪੁੱਜ ਗਈ ਸੀ। ਇਸ ਤਰ੍ਹਾਂ ਹੋਰ ਭਾਰਤੀ ਵੀ ਆਉਣ ਲੱਗੇ। ਕੈਨੇਡਾ ਵੱਲੋਂ ਇਸ ਨੂੰ ਹਮਲੇ ਦੇ ਤੌਰ ’ਤੇ ਲਿਆ ਗਿਆ ਜਿਸ ਨੂੰ ਠੱਲ੍ਹਣ ਲਈ 1907-08 ਵਿਚ ਦੋ ਕਾਨੂੰਨ ਪਾਸ ਕੀਤੇ ਗਏ। ਨਸਲੀ ਵਿਤਕਰਾ ਵੱਧਣ ਲੱਗਾ।

ਅਮਰੀਕਾ ਵਿਚ 13 ਮਾਰਚ 1913 ਨੂੰ ਫਿਨਿਸ਼ ਸਮਾਜਵਾਦੀ ਹਾਲ, ਐਸਟੋਰੀਆ ਵਿਖੇ ਇਕੱਠ ਹੋਇਆ ਜਿਸ ਵਿਚ 120 ਪ੍ਰਤੀਨਿਧਾ ਨੇ ਹਿੱਸਾ ਲਿਆ ਅਤੇ ਪੈਸੀਫਿਕ ਕੋਸਟ ਅਮਰੀਕਾ ਦੀ ਹਿੰਦੀ ਸੰਸਥਾ ਸਥਾਪਿਤ ਕੀਤੀ। ਜਿਸਦੇ ਪ੍ਰਧਾਨ ਸੋਹਨ ਸਿਘ ਭਕਨਾ, ਮੀਤ ਪ੍ਰਧਾਨ ਕੇਸਰ ਸਿੰਘ, ਜਨਰਲ ਸਕੱਤਰ ਲਾਲਾ ਹਰਦਿਆਲ ਅਤੇ ਖਜ਼ਾਨਚੀ ਕਾਂਸ਼ੀ ਰਾਮ ਨੂੰ ਬਣਾਇਆ ਗਿਆ। ਦੂਜੀ ਸਭਾ 31 ਅਕਤੂਬਰ 1913 ਨੂੰ ਸੈਕਰਾਮੈਂਟੋ ਸ਼ਹਿਰ ’ਚ ਬੁਲਾਈ ਗਈ ਅਤੇ ਉਰਦੂ ਵਿਚ ਇਕ ਰਸਾਲਾ ‘ਗ਼ਦਰ’ ਪਹਿਲੀ ਨਵੰਬਰ 1913 ਨੂੰ ਸਾਨਫ੍ਰਾਂਸਿਸਕੋ ਤੋਂ ਪ੍ਰਕਾਸ਼ਿਤ ਕੀਤਾ ਗਿਆ। ਪਿੱਛੋਂ ਇਹ ਰਸਾਲਾ 1914 ਨੂੰ ਅੰਗਰੇਜ਼ੀ, ਹਿੰਦੀ, ਗੁਜਰਾਤੀ, ਗੋਰਖਲੀ ਅਤੇ ਗੁਰਮੁੱਖੀ ਵਿਚ ਵੀ ਨਿਕਲਣ ਲੱਗਾ ਸੀ। ਇਸਨੇ ਅੰਗਰੇਜ਼ੀ ਸਾਮਰਜ ਦੀ ਲੁੱਟ-ਖਸੁੱਟ ਦੀ ਪੋਲ ਖੋਲ੍ਹੀ ਸੀ।

ਅਗਸਤ 1914 ਨੂੰ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। ਗ਼ਦਰੀਆਂ ਨੇ ਇਸਨੂੰ ਇਕ ਮੌਕਾ ਸਮਝਿਆ ਅਤੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਭਾਰਤ ਨੂੰ ਜਾਣ ਨੂੰ ਤਰਜੀਹ ਦਿੱਤੀ। ‘ਗ਼ਦਰ’ ਪਰਚੇ ਨੇ ਜੁਲਾਈ 18 ਅਤੇ ਅਗਸਤ 4,1914 ਨੂੰ ਲਾਮਬੰਦੀ ਦਾ ਸੱਦਾ ਦਿੱਤਾ ਸੀ। ਦਰਅਸਲ ਵਿਸ਼ਵ ਯੁੱਧ ਦੇ ਅਸਾਰ ਜੂਨ 1914 ਤੋਂ ਹੀ ਬਣ ਰਹੇ ਸਨ। ਫਰਵਰੀ 1915 ਤੱਕ 2312 ਅਤੇ 1916 ਤੱਕ ਤਕਰੀਬਨ 8000 ਪੰਜਾਬੀ ਭਾਰਤ ਆ ਗਏ ਸਨ। ਅੰਗਰੇਜ਼ੀ ਹਕੂਮਤ ਨੇ ਗ਼ਦਰੀਆਂ ਤੇ ਕਰੜੀ ਨਜ਼ਰ ਰੱਖੀ ਅਤੇ ਆਪਣੇ ਪਿੱਠੂਆਂ ਨੂੰ ਲਾਲਚ ਦੇ ਕੇ ਸਰਗਰਮ ਕਰ ਦਿੱਤਾ। ਜਸੂਸਾਂ ਦੀ ਚਾਂਦੀ ਹੋਣ ਲੱਗ ਪਈ ਸੀ।

ਫੇਰੂ ਸ਼ਹਿਰ ਦਾ ਸਾਕਾ : ਸ਼ੁਰੂਆਤ ਅਤੇ ਸਮੱਸਿਆਵਾਂ

ਗ਼ਦਰੀਆਂ ਦਾ ਮੁੱਖ ਮਕਸਦ ਮੀਆਂ ਮੀਰ, ਲਾਹੌਰ ਅਤੇ ਫਿਰੋਜ਼ਪੁਰ ਦੀਆਂ ਫੌਜੀ ਛਾਉਣੀਆਂ ਵਿਚ ਬਗਾਵਤ ਕਰਵਾਉਣ ਦੀ ਸੀ। 20 ਨਵੰਬਰ 1914 ਨੂੰ ਫਿਰੋਜ਼ਪੁਰ ਸ਼ਹਿਰ ਤੋਂ ਬਾਹਰ ਜਲਾਲਾਬਾਦ ਵਾਲੀ ਸੜਕ ’ਤੇ ਗ਼ਦਰੀਆਂ ਦਾ ਇਕੱਠ ਹੋਇਆ ਸੀ। ਇਸ ਵਿਚ ਪੰਡਤ ਕਾਂਸ਼ੀ ਰਾਮ ਮੜੌਲੀ, ਰਹਿਮਤ ਅਲੀ ਵਜ਼ੀਦਕੇ, ਕਰਤਾਰ ਸਿੰਘ ਸਰਾਭਾ, ਨਿਧਾਨ ਸਿੰਘ ਚੁੱਘਾ, ਗਾਂਧਾ ਸਿੰਘ ਕੱਚਰਭੰਨ, ਜਗਤ ਸਿੰਘ ਬਿੰਜਲ, ਜਿਊਣ ਸਿੰਘ ਕੌਲੇ ਸਿੰਘ ਵਾਲਾ, ਜਗਤ ਸਿੰਘ ਸੁਰ ਸਿੰਘ, ਹਰੀ ਸਿੰਘ ਨਧਾਣਾ, ਵਰਿਆਮ ਸਿੰਘ ਅਮਲੀ ਦਰਾਜ, ਸੁਰਜਨ ਸਿੰਘ ਫਤਿਹਗੜ੍ਹ ਅਤੇ ਹੋਰ ਆਗੂ ਸ਼ਾਮਿਲ ਸਨ। ਸੁਨੇਹਾ ਆਇਆ ਕਿ ਮੀਆਂ ਮੀਰ ਉਪਰ ਹਮਲਾ ਕਾਮਯਾਬ ਨਹੀਂ ਹੋਇਆ। ਬਹੁਤ ਸਾਰੇ ਗ਼ਦਰੀ 27 ਨਵੰਬਰ ਨੂੰ ਮੋਗੇ ਤੋਂ ਲੁਧਿਆਣੇ ਵਾਲੀ ਗੱਡੀ ਚੜ੍ਹ ਗਏ ਅਤੇ ਕਈ ਰਹਿ ਗਏ। ਇਕ ਫੈਸਲੇ ਮੁਤਾਬਕ ਫਿਰੋਜ਼ਪੁਰ ਛਾਉਣੀ ਦੀ ਜ਼ਿੰਮੇਵਾਰੀ 15 ਜ਼ਾਬਾਜ ਗ਼ਦਰੀਆਂ ਨੂੰ ਦੇ ਦਿੱਤੀ ਗਈ। ਜਿਹੜੇ ਰਹਿ ਗਏ ਉਨ੍ਹਾਂ ਨੇ ਤਿੰਨ ਟਾਂਗਿਆਂ ਤੇ ਸਵਾਰ ਹੋ ਕੇ ਮੋਗੇ ਵੱਲ ਚਾਲੇ ਪਾ ਦਿੱਤੇ।

ਉਧਰ ਮਿਸਰੀ ਵਾਲਾ ਨਹਿਰ ਦੇ ਪੁਲ ’ਤੇ ਪੁਲਿਸ ਕਪਤਾਨ ਦੀ ਉਡੀਕ ਵਿਚ ਥਾਣੇਦਾਰ ਅਤੇ ਸਰਕਾਰੀਏ ਬੈਠੇ ਹੋਏ ਸਨ, ਜਿਨ੍ਹਾਂ ਵਿਚੋਂ ਪ੍ਰਮੁੱਖ ਸਨ ਸਬ ਇੰਸਪੈਕਟਰ ਬਸ਼ਾਰਤ ਅਲੀ, ਜ਼ੈਲਦਾਰ ਜਵਾਲਾ ਸਿੰਘ, ਸਰਬਰਾਹ ਜ਼ੈਲਦਾਰ ਫਤਿਹ ਸਿੰਘ ਅਤੇ ਸਫੈਦਪੋਸ਼ ਗੁਲਾਮ ਕਾਦਰ। ਬਸ਼ਾਰਤ ਅਲੀ ਨੇ ਟਾਂਗਿਆਂ ਨੂੰ ਰੋਕਿਆ ਪਰ ਗ਼ਦਰੀਆਂ ਨੇ ਟਾਂਗੇ ਹੋਰ ਤੇਜ਼ ਕਰ ਦਿੱਤੇ। ਬਸ਼ਾਰਤ ਅਲੀ ਨੇ ਘੋੜੇ ’ਤੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਘੇਰ ਲਿਆ। ਉਸਨੇ ਤਲਾਸ਼ੀ ਲੈਣੀ ਚਾਹੀ, ਜਿਸ ਕਰਕੇ ਗ਼ਦਰੀਆਂ ਨੂੰ ਗੁੱਸਾ ਆ ਗਿਆ। ਧੌਂਸ ਵਿਚ ਥਾਣੇਦਾਰ ਨੇ ਰਹਿਮਤ ਅਲੀ ਦੇ ਚਪੇੜ ਮਾਰ ਦਿੱਤੀ ਅਤੇ ਰਹਿਮਤ ਅਲੀ ਦੇ ਅੱਥਰੂ ਆ ਗਏ। ਉਸੇ ਵੇਲੇ ਗਾਂਧਾ ਸਿੰਘ ਨੇ ਝੱਟ ਪਿਸਤੌਲ ਕੱਢ ਕੇ ਥਾਣੇਦਾਰ ਨੂੰ ਚਿੱਤ ਕਰ ਦਿੱਤਾ। ਇਸ ਟਕਰਾਅ ਵਿਚ ਜ਼ੈਲਦਾਰ ਜਵਾਲਾ ਸਿੰਘ ਵੀ ਮਾਰਿਆ ਗਿਆ। ਦੋਹੇਂ ਪਾਸੇ ਗੋਲੀਬਾਰੀ ਸ਼ੁਰੂ ਹੋ ਗਈ ਜੋ ਕਈ ਘੰਟੇ ਚੱਲੀ। ਇਸ ਕਰਕੇ ਭਾਜੜ ਪੈ ਗਈ। ਕੁੱਝ ਗ਼ਦਰੀ ਖਿਸਕ ਗਏ ਅਤੇ ਦੋ ਗ਼ਦਰੀ ਸ਼ਹੀਦ ਹੋ ਗਏ। ਕਈ ਨਾਲ ਲੱਗਦੇ ਸਰਕੜੇ ਜਾਂ ਝਾਂਲੇ ’ਚ ਜਾ ਵੜੇ। ਪੁਲਿਸ ਨੇ ਝਾਂਲੇ ਨੂੰ ਅੱਗ ਲਗਾ ਦਿੱਤੀ। ਸੱਤ ਗ਼ਦਰੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਉਨ੍ਹਾਂ ਖਿਲਾਫ਼ 22 ਜਨਵਰੀ 1915 ਨੂੰ ਫਿਰੋਜ਼ਪੁਰ ਦੇ ਫਸਟ ਕਲਾਸ ਮਜਿਸਟ੍ਰੇਟ, ਮਿਸਟਰ ਜੇ.ਏ .ਰੋਜ਼ ਦੀ ਅਦਾਲਤ ਵਿਚ ਮੁਕੱਦਮਾ ਦਾਇਰ ਹੋਇਆ, ਜਿਸ ’ਤੇ ਮੇਜਰ ਬੀ. ਓ. ਰਾਓ, ਸੈਸ਼ਨ ਜੱਜ, ਫਿਰੋਜ਼ਪੁਰ ਦੀ ਅਦਾਲਤ ਵਿਚ ਸੁਣਵਾਈ ਸ਼ੁਰੂ ਹੋਈ। ਇਸਦਾ ਫੈਸਲਾ 22 ਫਰਵਰੀ 1915 ਨੂੰ ਸੁਣਾਇਆ ਗਿਆ। ਅਪੀਲ ਲਈ ਕੇਵਲ ਸੱਤ ਦਿਨਾਂ ਦੀ ਮੋਹਲਤ ਦਿੱਤੀ ਗਈ। ਸੈਸ਼ਨ ਜੱਜ ਨੇ ਜਾਇਦਾਦ ਜ਼ਬਤੀ ਅਤੇ ਮੌਤ ਦੀ ਸਜ਼ਾ ਦਾ ਫਤਵਾ ਦਿੱਤਾ ਅਤੇ 40,000 ਰੁਪਿਆ ਜ਼ਬਤ ਕਰ ਲਿਆ। ਬਾਹਰੋਂ ਇਕ ਅਪੀਲ ਹੋਈ ਜੋ 19 ਮਾਰਚ 1915 ਨੂੰ ਨਾ ਮੰਜ਼ੂਰ ਹੋ ਗਈ।

ਫੇਰੂ ਸ਼ਹਿਰ ਸਾਕੇ ਦੇ ਸ਼ਹੀਦ

1.    ਜਗਤ ਸਿੰਘ ਬਿੰਜਲ ਸਪੁੱਤਰ ਸਦਾ ਸਿੰਘ, ਪਿੰਡ ਬਿੰਜਲ ਜ਼ਿਲ੍ਹਾ ਲੁਧਿਆਣਾ, 25 ਮਾਰਚ 1915 ਨੂੰ ਮਿੰਟਗੁਮਰੀ ਜੇਲ ਵਿਖੇ ਫਾਂਸੀ ਦੇ ਕੇ ਸ਼ਹੀਦ ਕੀਤੇ ਗਏ।

2.    ਲਾਲ ਸਿੰਘ (ਜਨਮ 1886) ਸਪੁੱਤਰ ਦਇਆ ਸਿੰਘ ਅਤੇ ਪ੍ਰਕਾਸ਼ ਕੌਰ, ਪਿੰਡ ਸਾਹਿਬਆਣਾ, ਜ਼ਿਲ੍ਹਾ ਲੁਧਿਆਣਾ 25 ਮਾਰਚ 1915 ਨੂੰ ਮਿੰਟਗੁਮਰੀ ਜੇਲ੍ਹ ਵਿਖੇ ਫਾਂਸੀ ਦੇ ਕੇ ਸ਼ਹੀਦ ਕੀਤੇ ਗਏ।

3.    ਜੀਵਨ ਸਿੰਘ, ਸਪੁੱਤਰ ਵਜੀਰ ਸਿੰਘ, ਪਿੰਡ ਦੌਲੇ ਸਿੰਘ ਵਾਲਾ, ਰਿਆਸਤ ਪਟਿਆਲਾ। ਇਹ ਰਹਿਮਤ ਅਲੀ ਵਜੀਦ ਕੇ ਦਾ ਸਾਥੀ ਸੀ ਅਤੇ ਮਨੀਲਾ ਵਿਚ ਗ਼ਦਰ ਪਾਰਟੀ ਦਾ ਮੈਂਬਰ ਸੀ। ਇਨ੍ਹਾਂ ਨੂੰ 27 ਮਾਰਚ 1915 ਨੂੰ ਸੈਟਰਲ ਜੇਲ੍ਹ ਲਾਹੌਰ ਵਿਚ ਫਾਂਸੀ ਚਾੜ੍ਹ ਕੇ ਸ਼ਹੀਦ ਕੀਤਾ ਗਿਆ।

4.    ਬਖਸ਼ੀਸ਼ ਸਿੰਘ ਸਪੁੱਤਰ ਦੇਵਾ ਸਿੰਘ, ਪਿੰਡ ਖਾਨਪੁਰ, ਜ਼ਿਲ੍ਹਾ ਲੁਧਿਆਣਾ, 26-27 ਮਾਰਚ 1915 ਨੂੰ ਲਹੌਰ ਜੇਲ੍ਹ ਵਿਚ ਫਾਂਸੀ ਚੜ੍ਹੇ।

5.    ਧਿਆਨ ਸਿੰਘ ਸਪੁੱਤਰ ਕਰਮ ਸਿੰਘ, ਪਿੰਡ ਉਮਰੇਪੁਰਾ, ਜ਼ਿਲ੍ਹਾ ਅੰਮ੍ਰਿਤਸਰ, 26-27 ਮਾਰਚ 1915 ਨੂੰ ਸੈਂਟਰਲ ਜੇਲ੍ਹ ਲਾਹੌਰ ਵਿਖੇ ਫਾਂਸੀ ਚੜ੍ਹੇ।

6.    ਕਾਂਸ਼ੀ ਰਾਮ (ਜਨਮ 5 ਸਤੰਬਰ 1883) ਪਿੰਡ ਮੜੌਲੀ ਕਲਾਂ ਅੰਬਾਲਾ (ਹੁਣ ਰੋਪੜ)। ਬਾਬਾ ਸੋਹਣ ਸਿੰਘ ਭਕਨਾ ਮੁਤਾਬਿਕ ਪੰਡਤ ਕਾਂਸ਼ੀ ਰਾਮ ਗ਼ਦਰ ਪਾਰਟੀ ਦੇ ਮੋਢੀਆਂ ਵਿਚੋਂ ਇਕ ਸੀ। ਇਹ ਫੇਰੂ ਸ਼ਹਿਰ ਦੇ ਗ਼ਦਰੀਆਂ ਦਾ ਅਹਿਮ ਆਗੂ ਸੀ। ਇਹ ਗ਼ਦਰ ਪਾਰਟੀ ਦੇ ਖਜ਼ਾਨਚੀ ਅਤੇ ਗ਼ਦਰ ਪਾਰਟੀ ਦੇ ਕਮਿਸ਼ਨ ਦੇ ਤੀਜੇ ਮੈਂਬਰ ਸਨ। ਇਹ ਪਹਿਲਾਂ ਹਾਂਕਕਾਂਗ ਗਏ। ਫਿਰ ਅਮਰੀਕਾ ਵਿਚ 200 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਇਕ ਬਾਰੂਦ ਦੇ ਕਾਰਖਾਨੇ ਵਿਚ ਕੰਮ ਕੀਤਾ। ਅਮਰੀਕਾ ਤੋਂ 12 ਸਾਲ ਬਾਅਦ ਵਾਪਸ ਆਏ ਅਤੇ ਸਰਗਰਮੀ ਨਾਲ ਗ਼ਦਰ ਲਹਿਰ ਵਿੱਚ ਕੁੱਦ ਪਏ। ਇਨ੍ਹਾ ਨੂੰ 26-27 ਮਾਰਚ 1915 ਨੂੰ ਸੈਂਟਰਲ ਜੇਲ੍ਹ, ਲਾਹੌਰ ਵਿਖੇ ਫਾਂਸੀ ਦਿੱਤੀ ਗਈ। ਇਨਹਾੳ ਦੀ ਯਾਦ ਵਿਚ ਪਿੰਡ ਮੜੌਲੀ ਕਲਾਂ ਵਿਖੇ ਸਰਕਾਰੀ ਸਕੂਲ ਵੀ ਬਣਿਆ ਹੋਇਆ ਹੈ।

7.    ਰਹਿਮਤ ਅਲੀ : ਇਸ ਯੋਧੇ ਦਾ ਜਨਮ 1885 ਵਿਚ ਨਾਨਕੇ ਪਿੰਡ ਧਨੌਲੇ ਵਿਖੇ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਂ ਮੌਲਾ ਸ਼ਾਹ ਕੁਰੈਸ਼ੀ ਸੀ ਜੋ ਪਵਿੱਤਰ ਖਾਨਦਾਨ ਮੰਨਿਆ ਜਾਂਦਾ ਹੈ। ਇਹ ਰੁਜ਼ਗਾਰ ਖਾਤਰ ਕਲਕੱਤੇ ਚਲੇ ਗਏ ਅਤੇ ਡਰਾਇਵਰੀ ਕੀਤੀ। ਇਥੋਂ ਮਲਾਇਆ ਅਤੇ ਫਿਰ ਮਨੀਲਾ ਚਲੇ ਗਏ। ਇਸ ਕਰਕੇ ਇਨ੍ਹਾਂ ਦਾ ਅਮਰੀਕਾ ਜਾਣਾ ਆਸਾਨ ਹੋ ਗਿਆ ਕਿਉਂਕਿ ਮਨੀਲਾ ’ਤੇ ਅਮਰੀਕਾ ਦਾ ਕਬਜ਼ਾ ਸੀ ਅਤੇ ਤਿੰਨ ਸਾਲ ਅਮਰੀਕਾ ਜਾਣ ਦੀ ਖੁੱਲ੍ਹ ਸੀ। ਅਕਤੂਬਰ 1914 ਨੂੰ ਰਹਿਮਤ ਅਲੀ ਅਮਰੀਕਾ ਤੋਂ ਵਜ਼ੀਦਕੇ ਆਪਣੇ ਪਿੰਡ ਪੁੱਜ ਗਏ। ਉਹ ਤੁਰੰਤ ਗ਼ਦਰ ਪਾਰਟੀ ਦਾ ਪ੍ਰਚਾਰ ਕਰਨ ਲੱਗ ਪਏ। ਫੇਰੂ ਸ਼ਹਿਰ ਦੇ ਸਾਕੇ ਵੇਲੇ ਥਾਣੇਦਾਰ ਨੇ ਇਨ੍ਹਾਂ ਦੇ ਚਪੇੜ ਮਾਰ ਦਿੱਤੀ ਸੀ। ਜਿਸ ਕਰਕੇ ਗਾਂਧਾ ਸਿੰਘ ਨੇ ਥਾਣੇਦਾਰ ਨੂੰ ਮਾਰ ਦਿੱਤਾ ਸੀ। ਇਨ੍ਹਾਂ ਨੂੰ 25 ਮਾਰਚ 1915 ਨੂੰ ਮਿੰਟਗੁਮਰੀ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਸੀ। 1947 ਦੀ ਵੰਡ ਵੇਲੇ ਇਨ੍ਹਾਂ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਅਤੇ ਸੁਲਤਾਨਕੇ ਤਹਿਸੀਲ ਲਾਹੌਰ ਵਿਖੇ ਵਸ ਗਿਆ।

ਸਾਕੇ ਵੇਲੇ ਸ਼ਹੀਦ ਹੋਣ ਵਾਲਿਆਂ ਵਿਚੋਂ ਦੋ ਗ਼ਦਰੀ ਸਨ। ਪਹਿਲੇ ਸਨ ਚੰਦਾ ਸਿੰਘ ਪਿੰਡ ਵੜੈ੍ਹਚ, ਜ਼ਿਲ੍ਹਾ ਲੁਧਿਆਣਾ। ਇਹ ਸਾਕੇ ਦੇ ਘਮਸਾਨ ਵੇਲੇ ਗੋਲੀਬਾਰੀ ਵਿਚ 27 ਨਵੰਬਰ 1914 ਨੂੰ ਸ਼ਹੀਦ ਹੋਏ ਸਨ। ਦੂਜੇ ਧਿਆਨ ਸਿੰਘ ਬੰਡਾਸੀਪੁਰਾ ਮੌਕੇ ’ਤੇ ਸ਼ਹੀਦ ਹੋ ਗਏ ਸਨ।

ਇਨ੍ਹਾਂ ਤੋਂ ਇਲਾਵਾ ਗਾਂਧਾ ਸਿੰਘ (ਅਸਲੀ ਨਾਮ ਭਗਤ ਸਿੰਘ) ਪਿੰਡ ਕੱਚਰਭੰਨ, ਜ਼ਿਲ੍ਹਾ ਫਿਰੋਜ਼ਪੁਰ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ ਸਨ। ਇਨ੍ਹਾਂ ਨੇ ਗੋਲੀ ਮਾਰਕੇ ਥਾਣੇਦਾਰ ਨੂੰ ਮਾਰ ਦਿੱਤਾ ਸੀ ਅਤੇ ਇਕ ਜ਼ੈਲਦਾਰ ਵੀ ਮਾਰਿਆ ਗਿਆ ਸੀ। ਇਨ੍ਹਾਂ ਨੂੰ ਖੰਨੇ ਨੇੜੇ ਇਕ ਗ਼ਦਾਰ ਨੱਥਾ ਸਿੰਘ ਪਿੰਡ ਜਰਗ ਨੇ ਫੜ੍ਹਾ ਦਿੱਤਾ ਸੀ। ਇਨ੍ਹਾਂ ਨੂੰ 8 ਮਾਰਚ 1916 ਨੂੰ ਮਿੰਟਗੁਮਰੀ ਜੇਲ੍ਹ ਵਿਚ ਫਾਂਸੀ ਦਿੱਤੀ ਗਈ ਸੀ। ਇਹ ਬੇਹੱਦ ਦਲੇਰ ਸਨ। ਇਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਇਹ ਅਮਰੀਕਾ ਤੋਂ ਵਾਪਸ ਆਉਣ ਵੇਲੇ ਹੀ ਫਾਂਸੀ ਚੜ੍ਹ ਕੇ ਸ਼ਹੀਦ ਹੋਣ ਲਈ ਤਿਆਰ ਸਨ।

ਇਨ੍ਹਾਂ ਸ਼ਹੀਦਾਂ ਨੂੰ ਗ਼ਦਰ ਦੀ ਕਵਿਤਾ ਵਿਚ ਅਹਿਮ ਸਥਾਨ ਦਿੱਤਾ ਗਿਆ ਹੈ। ਗ਼ਦਰ ਦੇ ਜੂਨ 1917 ਦੇ ਅੰਕ ਵਿਚ ਕੁੱਝ ਸਤਰਾਂ ਇਸ ਤਰ੍ਹਾਂ ਦਰਜ਼ ਹਨ :

      ਜੀਵਨ ਸਿੰਘ ਤੇ ਬਖਸੀਸ਼ ਜੈਸੇ

See Also

      ਖ਼ਾਤਰ ਮੁਲਕ ਦੀ ਫਾਂਸੀਆਂ ਪਾਣ ਦੇਖੋ।

      ਜਗਤ ਸਿੰਘ ਤੇ ਸਿੰਘ ਸੀ ਨਾਲ ਜੈਸੇ

      ਕਾਸ਼ੀ ਰਾਮ ਬਲਕਾਰ ਧਿਆਨ ਦੇਖੋ।

      ਧਿਆਨ ਸਿੰਘ ਦਾ ਧਰੋ ਧਿਆਨ ਭਾਈ,

      ਉਤਮ ਸਿੰਘ ਤੇ ਰਹਿਮਤ ਅਲੀ ਖਾਨ ਦੇਖੋ।

ਇਸ ਤੋਂ ਇਲਾਵਾ ਇਕ ਹੋਰ ਕਵੀ ਦੇ ਸ਼ਬਦ ਹਨ :

      ਫੇਰੂ ਸ਼ਹਿਰ ਦੇ ਆ ਗਏ ਯਾਦ ਸੂਰੇ,

      ਜਿਨ੍ਹਾਂ ਅਣਖ ਬਦਲੇ ਜਾਨਾਂ ਵਾਰੀਆਂ ਨੇ।

      ਸਾਮਰਾਜ ਦੇ ਉਸਰੇ ਮਹਿਲ ਉਤੇ,

      ਫੇਰੂ ਸ਼ਹਿਰ ਦੇ ਵਿਚ ਜੋ ਮਾਰੀਆਂ ਨੇ।

ਸਾਰਅੰਸ਼ : ਫੇਰੂ ਸ਼ਹਿਰ ਸਾਕਾ (1915) ਇਕ ਦਲੇਰਆਣਾ ਯਤਨ ਸੀ ਜਿਸ ਵਿਚ ਪ੍ਰਮੁੱਖ ਗ਼ਦਰੀਆਂ ਨੇ ਹਿੱਸਾ ਲਿਆ ਸੀ। ਸਾਮਰਾਜੀ ਤੰਤਰ ਦੇ ਹੱਥ ਠੋਕੇ ਜ਼ੈਲਦਾਰ, ਸਫੈਦਪੋਸ਼, ਨੰਬਰਦਾਰ, ਸੂਹੀਏ ਲਾਲਚੀ ਸਨ। ਇਨ੍ਹਾਂ ਨੇ ਝੂਠੇ ਗਵਾਹ ਤਿਆਰ ਕੀਤੇ। ਬਦਲੇ ਜ਼ਮੀਨਾਂ ਅਤੇ ਨਗਦ ਇਨਾਮ ਲਏ। ਗ਼ਦਰੀਆਂ ਦੇ 9 ਜਥਿਆਂ ’ਤੇ ਮੁਕੱਦਮੇ ਚੱਲੇ। ਕੁੱਲ 291 ਨੂੰ ਫਾਂਸੀ ਦਿੱਤੀ ਗਈ ਅਤੇ 114 ਨੂੰ ਦੇਸ਼ ਨਿਕਾਲਾ ਮਿਲਿਆ। ਫੇਰੂ ਸ਼ਹਿਰ ਦੇ ਸਾਕੇ ਵਿਚ 2 ਮੌਕੇ ’ਤੇ ਹੀ ਗੋਲੀਬਾਰੀ ਵਿਚ ਸ਼ਹੀਦ ਹੋ ਗਏ। 6 ਗ਼ਦਰੀ ਬਚ ਕੇ ਨਿਕਲਣ ਵਿਚ ਕਾਮਯਾਬ ਰਹੇ ਅਤੇ 7 ਨੂੰ ਫਾਂਸੀ ਦਿੱਤੀ ਗਈ। ਬਚਣ ਵਾਲਿਆਂ ਵਿਚੋਂ 1 ਨੂੰ 1916 ਵਿਚ ਫਾਂਸੀ ਦੇ ਦਿੱਤੀ। ਇਹ ਸਾਕਾ ਪਹਿਲਾ ਅਤੇ ਮਿਸਾਲੀ ਸੀ।

  ਪ੍ਰੋ. ਅਤੇ ਮੁਖੀ (ਸੇਵਾਮੁਕਤ), ਇਤਿਹਾਸ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਸ਼੍ਰੀ ਅੰਮ੍ਰਿਤਸਰ ਸਾਹਿਬ

Scroll To Top