
ਹੁਣੇ ਹੋ ਕੇ ਹਟੀਆਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ ਲਗਾਤਾਰ ਤੀਜੀ ਵਾਰੀ ਸੱਤਾ ’ਤੇ ਕਾਬਜ਼ ਹੋਣ ਦੀ ਚਾਹਵਾਨ ‘ਆਮ ਆਦਮੀ ਪਾਰਟੀ’ (ਆਪ) ਨੂੰ ਹਰਾ ਕੇ ਪੂਰਨ ਬਹੁਮੱਤ ਹਾਸਲ ਕੀਤਾ ਹੈ। ਹੈਟਿ੍ਰਕ ਲਗਾਉਣ ਦੇ ਬੁਲੰਦ ਬਾਂਗ ਦਾਅਵਿਆਂ ਦੇ ਉਲਟ ‘ਆਪ’ ਨਾ ਕੇਵਲ ਤੀਜੀ ਵਾਰੀ ਦਿੱਲੀ ‘ਸਰ ਕਰਨ’ ਤੋਂ ਖੁੰਝ ਗਈ ਹੈ, ਬਲਕਿ ਇਸਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸੀਨੀਅਰ ਮੰਤਰੀ ਮਨੀਸ਼ ਸਿਸੋਦੀਆ ਸਮੇਤ ਹੋਰ ਕਈ ਵੱਡੇ ਨੇਤਾਵਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਜ਼ਾਹਿਰ ਹੈ, ਇਨ੍ਹਾਂ ਨਤੀਜਿਆਂ ਤੋਂ ਭਾਜਪਾ ਦੇ ਆਗੂ ਤੇ ਕਾਡਰ ਚੋਖੇ ਉਤਸ਼ਾਹਿਤ ਹਨ। ਦੂਜੇ ਪਾਸੇ ‘ਆਪ’ ਦੇ ਆਗੂ ਤੇ ਵਰਕਰ ਮਾਯੂਸੀ ਦੇ ਆਲਮ ਘਿਰੇ ਹੋਏ ਹਨ। ਕਾਂਗਰਸ ਨੇ ਹਾਲਾਂਕਿ ਪਹਿਲਾਂ ਨਾਲੋਂ ਵੱਧ, 6 ਪ੍ਰਤੀਸ਼ਤ ਵੋਟਾਂ ਹਾਸਲ ਕੀਤੀਆਂ ਹਨ, ਪ੍ਰੰਤੂ ਵਿਧਾਨ ਸਭਾ ’ਚ ਇਸਦਾ ਖਾਤਾ ਇਕ ਵਾਰ ਫਿਰ ਨਹੀਂ ਖੁੱਲ੍ਹ ਸਕਿਆ। ਵੋਟਾਂ ਪ੍ਰਾਪਤ ਕਰਨ ਪੱਖੋਂ ਬਸਪਾ ਤੇ ਖੱਬੇ ਪੱਖੀਆਂ ਦੀ ਕਾਰਗੁਜ਼ਾਰੀ ਤਾਂ ਹੋਰ ਵੀ ਨਿਰਾਸ਼ਾਜਨਕ ਰਹੀ ਹੈ।
ਇਨ੍ਹਾਂ ਚੋਣ ਨਤੀਜਿਆਂ ਦੇ ਦੇਸ਼ ਦੀ ਸਮੁੱਚੀ ਰਾਜਨੀਤੀ ’ਤੇ ਵੱਡੇ ਪ੍ਰਭਾਵ ਪੈਣੇ ਹਨ। ਇਸ ਜਿੱਤ ਸਦਕਾ ਉਤਸ਼ਾਹ ਨਾਲ ਲਬਰੇਜ਼ ਭਾਜਪਾ ਦੇ ਧਰਮ ਅਧਾਰਤ, ਗੈਰ ਲੋਕ ਰਾਜੀ ਵਿਵਸਥਾ ਕਾਇਮ ਕਰਨ ਦੇ ਯਤਨਾਂ ਨੂੰ ਹੋਰ ਹੱਲਾਸ਼ੇਰੀ ਮਿਲੀ ਹੈ। ਦੂਜੇ ਬੰਨ੍ਹੇ, ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਤਕੜੀ ਚੁਣੌਤੀ ਦੇਣ ਵਾਲੇ ‘ਇੰਡੀਆ’ ਗਠਜੋੜ ਦੇ ਭਾਈਵਾਲਾਂ ਅੰਦਰ ਲਾਜ਼ਮੀ ਮਾਯੂਸੀ ਆਉਣੀ ਹੈ। ਅਜੋਕੇ ਸਮੇਂ ’ਚ ਭਾਜਪਾ ਦੀ ਕੋਈ ਵੀ ਚੁਣਾਵੀ ਜਿੱਤ, ਦੇਸ਼ ਦੇ ਸੰਵਿਧਾਨ, ਲੋਕ ਰਾਜੀ ਤੇ ਫੈਡਰਲ ਢਾਂਚੇ ਅਤੇ ਧਰਮ ਨਿਰਪੱਖਤਾ ਲਈ ਵੱਡੇ ਖ਼ਤਰਿਆਂ ਦਾ ਸੂਚਕ ਹੈ। ਇਸ ਲਈ ਇਸ ਦੀ ਹਾਲੀਆ ਜਿੱਤ ਦੇ ਦੁਰਪ੍ਰਭਾਵ ਵੀ ਅਣਗੌਲੇ ਨਹੀਂ ਕੀਤੇ ਜਾ ਸਕਦੇ।
‘ਇੰਡੀਆ’ ਗਠਜੋੜ ਨੂੰ ਇਸ ਤੋਂ ਪਹਿਲਾਂ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਹਾਰ ਦੀ ਨਮੋਸ਼ੀ ਝੱਲਣੀ ਪਈ ਸੀ। ਹਰਿਆਣਾ ਵਾਂਗ, ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵੀ ‘ਆਪ’ ਤੇ ਕਾਂਗਰਸ ਨੇ ਇਕ-ਦੂਜੇ ਦੇ ਵਿਰੁੱਧ ਲੜੀਆਂ ਹਨ। ਦਿੱਲੀ ਦੀ ਕੋਈ ਵੀ ਸੀਟ ਨਾ ਜਿੱਤਣ ਵਾਲੀ ਕਾਂਗਰਸ ਦੇ ਉਮੀਦਵਾਰ ਘੱਟੋ-ਘੱਟ 14 ਸੀਟਾਂ ’ਤੇ ‘ਆਪ’ ਦੇ ਉਮੀਦਵਾਰਾਂ ਦੀ ਹਾਰ ਦਾ ਕਾਰਨ ਬਣੇ ਹਨ। ਇਨ੍ਹਾਂ ਚੋਣਾਂ ’ਚ ਭਾਜਪਾ ਨੇ ਬੇਸ਼ੁਮਾਰ ਧਨ ਖਰਚਿਆ, ਰੱਜ ਕੇ ਗੁੰਡਾਗਰਦੀ ਕੀਤੀ ਅਤੇ ਚੋਣ ਕਮਿਸ਼ਨ ਸਮੇਤ ਸਾਰੀ ਸਰਕਾਰੀ ਮਸ਼ੀਨਰੀ ਖੁੱਲ੍ਹ ਕੇ ਕੇਂਦਰ ’ਚ ਰਾਜ ਕਰਦੀ ਧਿਰ ਦੇ ਪੱਖ ’ਚ ਭੁਗਤੀ। ਚੋਣ ਕਮਿਸ਼ਨ ਨੇ ਤਾਂ ਆਪਣੇ ਫਰਜ਼ਾਂ ਦੀ ਅਦਾਇਗੀ ਤੋਂ ਸ਼ਰ੍ਹੇਆਮ ਕਿਨਾਰਾਕਸ਼ੀ ਕਰਦਿਆਂ, ਵਿਰੋਧੀ ਧਿਰ ਵਲੋਂ ਹਾਕਮ ਧਿਰ ਦੀ ਧਾਂਦਲੀ-ਧੱਕੇਸ਼ਾਹੀ ਖਿਲਾਫ਼ ਕੀਤੀ ਗਈ ਕਿਸੇ ਵੀ ਸ਼ਿਕਾਇਤ ’ਤੇ ਕੋਈ ਬਣਦੀ ਕਾਰਵਾਈ ਨਹੀਂ ਕੀਤੀ।
ਇਨ੍ਹਾਂ ਚੋਣਾਂ ਦੀ ਨਿਰਖ-ਪਰਖ ਕਰਨ ਲਈ ਕਈ ਪੱਖਾਂ ਨੂੰ ਸਮਝਣ ਦੀ ਲੋੜ ਹੈ। ਭਾਰਤੀ ਰਾਜਨੀਤੀ ਅੰਦਰ ‘ਆਪ’ ਦਾ ਜਨਮ ਅੰਨਾ ਹਜ਼ਾਰੇ ਦੇ ਭਿ੍ਰਸ਼ਟਾਚਾਰ ਵਿਰੋਧੀ ਅੰਦੋਲਨ ਦੌਰਾਨ ਬਣੇ ਲੋਕ ਬੇਚੈਨੀ ਦੇ ਮਾਹੌਲ ਚੋਂ ਹੋਇਆ ਸੀ। ‘ਆਪ’, ਲੋਕਾਂ ਦੀ ਇਸੇ ਬੇਚੈਨੀ ਦਾ ਲਾਹਾ ਲੈ ਕੇ ਭਿ੍ਰਸ਼ਟਾਚਾਰ ਦਾ ਖਾਤਮਾ ਕਰਨ ਤੇ ਈਮਾਨਦਾਰੀ ਨਾਲ ਲੋਕ ਸੇਵਾ ਕਰਨ ਦੇ ਨਾਂ ’ਤੇ ਦਿੱਲੀ ਦੀ ਸੂਬਾਈ ਸੱਤਾ ਹਾਸਲ ਕਰਨ ’ਚ ਸਫਲ ਰਹੀ ਸੀ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ‘ਇਮਾਨਦਾਰੀ ਨਾਲ ਰਾਜਨੀਤੀ’ ਕਰਨ ਦਾ ਨਾਅਰਾ ਦੇ ਕੇ ਦੇਸ਼ ਦੀਆਂ ਕੁੱਝ ਮੰਨੀਆਂ-ਪ੍ਰਮੰਨੀਆਂ ਹਸਤੀਆਂ, ਬੁੱਧੀਜੀਵੀਆਂ ਤੇ ਦਰਮਿਆਨੇ ਤਬਕੇ ਦੇ ਲੋਕਾਂ ਨੂੰ ‘ਆਪ’ ਨਾਲ ਜੋੜਿਆ ਸੀ। ‘ਆਪ’ ਦੇ ਕਾਰਕੁੰਨਾਂ ਨੇ ਝੁੱਗੀਆਂ-ਝੋਂਪੜੀਆਂ ’ਚ ਵੱਸਦੇ ਦਿੱਲੀ ਦੇ ਗਰੀਬ ਲੋਕਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਉਨ੍ਹਾਂ ਨੂੰ ਪਾਰਟੀ ਵੱਲ ਖਿੱਚਿਆ ਸੀ। ਸੋਸ਼ਲ ਮੀਡੀਆ ਦੀ ਦਿੱਲ ਖਿੱਚਵੇਂ ਨਾਅਰਿਆਂ ਰਾਹੀਂ ਯੋਜਨਾਬੱਧ ਢੰਗ ਨਾਲ ਕੀਤੀ ਵਰਤੋਂ ਸਦਕਾ ਸਾਰੇ ਦੇਸ਼, ਖਾਸ ਤੌਰ ’ਤੇ ਦਿੱਲੀ ਦੀ ਨੌਜਵਾਨ ਪੀੜ੍ਹੀ ਇਸ ਵੱਲ ਆਕਰਸ਼ਿਤ ਹੋਈ ਸੀ। ਕੁੱਝ ਗੈਰ ਸਰਕਾਰੀ ਸੰਸਥਾਵਾਂ (ਐਨਜੀਓਜ਼), ਸਰਮਾਏਦਾਰੀ ਦੇ ਇਕ ਹਿੱਸੇ ਤੇ ਬਿਜਲਈ (ਇਲੈਕਟ੍ਰਾਨਿਕ) ਮੀਡੀਆ ਨੇ ਕੇਜਰੀਵਾਲ ਦਾ ਅਕਸ ਇਕ ਭਰੋਸੇਯੋਗ, ਇਮਾਨਦਾਰ ਤੇ ਬਦਲਵੀਂ ਵਿਵਸਥਾ ਉਪਲੱਬਧ ਕਰਵਾਉਣ ਵਾਲੇ ਨੇਤਾ ਵਜੋਂ ਉਭਾਰਨ ’ਚ ਪ੍ਰਭਾਵੀ ਭੂਮਿਕਾ ਅਦਾ ਕੀਤੀ ਸੀ। ਰਵਾਇਤੀ ਰਾਜਸੀ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਲੋਕਾਂ ਨੂੰ ‘ਆਪ’ ਦੇ ਰੂਪ ’ਚ ਇਕ ਲੋਕ ਪੱਖੀ ਰਾਜਸੀ-ਆਰਥਿਕ ਮੁਤਬਾਦਲ ਦੀ ਤਾਂਘ ਪੂਰੀ ਹੁੰਦੀ ਮਹਿਸੂਸ ਹੋਈ ਸੀ। ਇਸੇ ਤਾਂਘ ਸਦਕਾ ਦਿੱਲੀ ਤੋਂ ਪਿੱਛੋਂ ਪੰਜਾਬ ’ਚ ਵੀ ‘ਆਪ’ ਦੀ ਸਰਕਾਰ ਕਾਇਮ ਹੋਈ ਸੀ।
ਇਹ ‘ਚਮਤਕਾਰ’, ਕਿਸੇ ਵੱਡੇ ਜਨਤਕ ਘੋਲ, ਲੋਕ ਪੱਖੀ ਵਿਚਾਰਧਾਰਾ ਜਾਂ ਲੀਡਰਾਂ ਦੀ ਮਿਸਾਲੀ ਕੁਰਬਾਨੀ ਸਦਕਾ ਨਹੀਂ ਸੀ ਵਾਪਰਿਆ, ਬਲਕਿ ਦਿੱਲੀ ਦੀ ਤਰਜ਼ ’ਤੇ ‘ਆਮ ਆਦਮੀ’ ਦਾ ‘ਭਲਾ ਕਰਨ’ ਦੀ ਰਟ ਲਾਉਂਦੇ ਭਰਮਾਊ ਨਾਅਰਿਆਂ ’ਤੇ ਆਧਾਰਿਤ ਸੰਘਣੇ ਪ੍ਰਚਾਰ ਰਾਹੀਂ ਲੋਕਾਂ ਦੀਆਂ ਅੱਖਾਂ ਚੁੰਧਿਆ ਦੇਣ ਦਾ ਨਤੀਜਾ ਹੈ। ਮੁੱਕਦੀ ਗੱਲ, ਆਮ ਲੋਕਾਂ ਖਾਸ ਕਰਕੇ ਮੱਧ ਵਰਗ ਦੇ ਚੋਖੇ ਹਿੱਸੇ ਨੂੰ ‘ਆਪ’ ਦੇ ਰੂਪ ’ਚ ਇਕ ਬਦਲਵੀਂ ਰਾਜਨੀਤਕ ਧਿਰ ਮਿਲਦੀ ਜਾਪੀ ਸੀ। ਇਸੇ ਲਈ ਪੰਜਾਬ ਦੇ ਵੋਟਰ, ਅਸੈਂਬਲੀ ਚੋਣਾਂ ’ਚ ਭਾਰੀ ਗਿਣਤੀ ’ਚ ‘ਆਪ’ ਦੇ ਹੱਕ ’ਚ ਭੁਗਤੇ ਸਨ।
‘ਆਪ’, 2024 ਦੀਆਂ ਲੋਕ ਸਭਾ ਚੋਣਾਂ ਦੌਰਾਨ, ਮੋਟੇ ਤੌਰ ’ਤੇ ਭਾਜਪਾ ਦਾ ਮੁਕਾਬਲਾ ਕਰਨ ’ਚ ਹਾਂ ਪੱਖੀ ਭੂਮਿਕਾ ਅਦਾ ਕਰਨ ਵਾਲੇ ਭਾਜਪਾ ਵਿਰੋਧੀ ਗਠਜੋੜ ‘ਇੰਡੀਆ’ ਦਾ ਹਿੱਸਾ ਰਹੀ ਸੀ। ਇੱਥੇ ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ‘ਆਪ’ ਨੇ ਗੋਆ, ਗੁਜਰਾਤ, ਹਿਮਾਚਲ, ਹਰਿਆਣਾ ਆਦਿ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਲੜੀਆਂ ਸਨ। ਇਸ ਪੈਂਤੜੇ ਨਾਲ ‘ਆਪ’ ਨੂੰ ਭਾਵੇਂ ਕੋਈ ਵੱਡੀ ਜਿੱਤ ਤਾਂ ਹਾਸਲ ਨਹੀਂ ਸੀ ਹੋ ਸਕੀ, ਪ੍ਰੰਤੂ ਇਸ ਨੇ ਵਿਰੋਧੀ ਧਿਰ ਦੀਆਂ ਵੋਟਾਂ ਵੰਡਣ ਰਾਹੀਂ ਭਾਜਪਾ ਦੇ ਹੱਕ ’ਚ ਭੁਗਤਦਿਆਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਇਨ੍ਹਾਂ ਸੂਬਿਆਂ ’ਚ ਆਪਣੀਆਂ ਸਰਕਾਰਾਂ ਬਣਾਉਣ ਤੋਂ ਵਾਂਝਿਆਂ ਜ਼ਰੂਰ ਕੀਤਾ ਸੀ। ਸਾਡੀ ਜਾਚੇ, ‘ਆਪ’ ਤੇ ਕਾਂਗਰਸ ਨੂੰ ‘ਇੰਡੀਆ’ ਗਠਜੋੜ ਦੇ ਭਾਈਵਾਲ ਹੋਣ ਦੇ ਨਾਤੇ, ਦੇਸ਼ ਦੇ ਵਡੇਰੇ ਹਿੱਤਾਂ ਨੂੰ ਸਾਹਮਣੇ ਰੱਖਦੇ ਹੋਏ ਦਿੱਲੀ ਸਮੇਤ ਸਾਰੀਆਂ ਪ੍ਰਾਂਤਕ ਚੋਣਾਂ ਮਿਲ ਕੇ ਲੜਨੀਆਂ ਚਾਹੀਦੀਆਂ ਸਨ। ਅਫਸੋਸ ਅਜਿਹਾ ਨਹੀਂ ਹੋਇਆ! ਇਸ ਪਿੱਛੇ ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਵਲੋਂ ਫਿਰਕੂ-ਫਾਸ਼ੀ ਤਾਕਤਾਂ ਵਿਰੁੱਧ ਅਤਿ ਲੋੜੀਂਦੇ ਸਿਆਸੀ-ਵਿਚਾਰਧਾਰਕ ਯੁੱਧ ਦੇ ਇਤਿਹਾਸਕ ਮਹੱਤਵ ਨੂੰ ਅਣਡਿੱਠ ਕਰਕੇ ਆਪਣੇ ਨਿੱਜੀ ਹਿੱਤਾਂ ਨੂੰ ਪ੍ਰਮੁੱਖਤਾ ਦੇਣ ਅਤੇ ਹਊਮੈ ਨੂੰ ਪੱਠੇ ਪਾਉਣ ਨੂੰ ਜ਼ਿਆਦਾ ਤਰਜੀਹ ਦੇਣ ਦੀ ਖੋਟੀ ਸੋਚ ਦੀ ਭੂਮਿਕਾ ਸਾਫ ਦਿਖਾਈ ਦਿੰਦੀ ਹੈ। ਇਸ ਪੱਖੋਂ, ਦਿੱਲੀ ਚੋਣਾਂ ’ਚ ਭਾਜਪਾ ਦੀ ਜਿੱਤ ਲਈ ‘ਆਪ’ ਵਲੋਂ ਕੇਵਲ ਕਾਂਗਰਸ ਪਾਰਟੀ ਨੂੰ ਹੀ ਦੋਸ਼ੀ ਠਹਿਰਾਉਣਾ ਹੱਕ ਵਜਾਨਬ ਨਹੀਂ ਕਿਹਾ ਜਾ ਸਕਦਾ।
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਤਾਨਾਸ਼ਾਹੀ ਭਰਪੂਰ ਕੰਮ-ਢੰਗ ਤੇ ਪਾਰਟੀ ਵਿਚਲੇ ਆਪਣੇ ਸਾਥੀਆਂ ਦੀ ਰਾਇ ਵੱਲ ਬਣਦਾ ਧਿਆਨ ਨਾ ਦੇਣ ਦੀ ਹੰਕਾਰੀ ਪ੍ਰਵਿਰਤੀ ਕਰਕੇ ‘ਆਪ’ ਦੇ ਦੇਸ਼ ਪੱਧਰ ਦੇ ਕਈ ਕੱਦਾਵਰ ਨੇਤਾ ਤੇ ਹੋਰ ਨਾਮਵਾਰ ਸ਼ਖਸੀਅਤਾਂ ਪਾਰਟੀ ਨੂੰ ਅਲਵਿਦਾ ਕਹਿ ਗਏ ਸਨ। ਕੇਜਰੀਵਾਲ ਦਾ ਵਾਰ-ਵਾਰ ਇਹ ਕਹਿਣਾ ਕਿ ‘ਆਪ’ ਦੀ ਕੋਈ ਵਿਚਾਰਧਾਰਾ ਨਹੀਂ, ਬਹੁਤ ਹੀ ਧੋਖੇ ਭਰਿਆ ਤੇ ਭਰਮਾਊ ਬਿਰਤਾਂਤ ਹੈ। ਕਿਉਂਕਿ ਕੋਈ ਵੀ ਰਾਜਸੀ ਦਲ ਕਿਸੇ ‘ਵਿਚਾਰਧਾਰਾ’ ਤੋਂ ਰਹਿਤ ਹੋ ਹੀ ਨਹੀਂ ਸਕਦਾ। ਅਸਲ ’ਚ ਇਹ ਰਾਜ ਕਰਦੀਆਂ ਲੁਟੇਰੀਆਂ ਧਿਰਾਂ ਵਾਲੀ ‘ਬੋਲੀ’ ਹੈ।
ਦੂਜਾ, ਅਰਵਿੰਦ ਕੇਜਰੀਵਾਲ ਕੌਮੀ ਮਹੱਤਵ ਦੇ ਰਾਜਸੀ ਤੇ ਸਮਾਜਿਕ ਮੁੱਦਿਆਂ ਬਾਰੇ ਜਮਹੂਰੀ ਅਤੇ ਧਰਮ ਨਿਰਪੱਖ ਨਜ਼ਰੀਏ ਤੋਂ ਜਾਂ ਫੈਡਰਲ ਢਾਂਚੇ ਦੇ ਪੱਖ ਵਿੱਚ ਸਪੱਸ਼ਟ ਪੈਂਤੜਾ ਮੱਲਣ ਦੀ ਥਾਂ ਹਮੇਸ਼ਾ ‘ਨਰਮ ਹਿੰਦੂਤਵ’ ਦੀ ਰਾਜਨੀਤੀ ਕਰਨ ਦਾ ਦਮ ਭਰਦਾ ਹੈ ਤੇ ਆਪਣੇ ਇਸ ਪੈਂਤੜੇ ’ਤੇ ਮਾਣ ਵੀ ਮਹਿਸੂਸ ਕਰਦਾ ਹੈ! ਬਾਬਰੀ ਮਸਜਿੱਦ-ਰਾਮ ਜਨਮ ਭੂਮੀ ਵਿਵਾਦ ਦੌਰਾਨ ਕੇਜਰੀਵਾਲ ਲਗਭਗ ਆਰ.ਐਸ.ਐਸ. ਵਾਲੇ ਸਟੈਂਡ ’ਤੇ ਹੀ ਖੜ੍ਹਦਾ ਰਿਹਾ ਹੈ। ਦਿੱਲੀ ’ਚ ਮੁਸਲਮਾਨਾਂ ਨੂੰ ‘ਸਬਕ ਸਿਖਾਉਣ’ ਲਈ ਆਰ.ਐਸ.ਐਸ., ਭਾਜਪਾ ਤੇ ਸਿੱਧਾ ਗ੍ਰਹਿ ਮੰਤਰੀ ਦੀ ਕਮਾਨ ਹੇਠ ਕੰਮ ਕਰਦੀ ਦਿੱਲੀ ਦੀ ਪੁਲਸ ਵਲੋਂ ਗਿਣ-ਮਿਥ ਕੇ ਭੜਕਾਏ ਗਏ ਫਿਰਕੂ ਫਸਾਦਾਂ ਦੌਰਾਨ ਵੀ ਇਸ ਨੇ ਦੰਗਾਕਾਰੀਆਂ ਵਿਰੁੱਧ ਖੜ੍ਹਨ ਦੀ ਜੁਰਅੱਤ ਨਹੀਂ ਸੀ ਦਿਖਾਈ। ਇਹ ਤਾਂ ਘੱਟ ਗਿਣਤੀ ਧਰਮ ਨਾਲ ਸਬੰਧਤ ਪੀੜਤਾਂ ਦੇ ਹੱਕ ’ਚ ਇਕ ਸ਼ਬਦ ਤੱਕ ਵੀ ਨ੍ਹੀ ਸੀ ਬੋਲ ਸਕਿਆ। ਇਹੋ ਨਹੀਂ, ਇਹ ਜੰਮੂ-ਕਸ਼ਮੀਰ ਨਾਲ ਸਬੰਧਤ ਧਾਰਾ 370 ਤੇ 35 ਏ ਦੇ ਖਾਤਮੇ ਅਤੇ ਸੂਬੇ ਦੀ ਦਰਜਾ ਘਟਾਈ ਦੇ ਮੋਦੀ ਸਰਕਾਰ ਦੇ ਗਲਤ ਫੈਸਲੇ ਦੇ ਵੀ ਹੱਕ ’ਚ ਭੁਗਤਿਆ ਸੀ। ‘ਆਪ’ ਦੀ ‘ਵਿਚਾਰਧਾਰਾ ਰਹਿਤ’ ਮੌਕਾਪ੍ਰਸਤੀ ਦੀਆਂ ਇਹ ਚੰਦ ਕੁ ਉਘੜਵੀਆਂ ਮਿਸਾਲਾਂ ਹਨ। ਹਾਲੀਆ ਚੋਣਾਂ ’ਚ ਕੀਤੇ ਧਰਮ ਸਥਾਨਾਂ ਦੇ ਪੁਜਾਰੀਆਂ ਨੂੰ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦੇ ਐਲਾਨ ਨੇ ਤਾਂ ਕੇਜਰੀਵਾਲ ਦੀ ਸੋਚ ਦਾ ਦਿਵਾਲਾ ਹੀ ਕੱਢ ਦਿੱਤਾ ਹੈ।
ਬਿਨਾਂ ਸ਼ੱਕ, ‘ਆਪ’ ਸਰਕਾਰ ਵਲੋਂ ਦਿੱਲੀ ’ਚ 10 ਸਾਲਾਂ ਦੇ ਆਪਣੇ ਸ਼ਾਸ਼ਨ ਦੌਰਾਨ ਸਿੱਖਿਆ ਤੇ ਸਿਹਤ ਦੇ ਖੇਤਰ ’ਚ ਪੁੱਟੇ ਗਏ ਕੁੱਝ ਕੁ ਹਾਂ ਪੱਖੀ ਕਦਮਾਂ ਤੋਂ ਇਸ ਨੂੰ ਸੀਮਤ ਹੱਦ ਤੱਕ ਸਰਾਹਿਆ ਜਾ ਸਕਦਾ ਹੈ। ਔਰਤਾਂ ਲਈ ਮੁਫ਼ਤ ਬੱਸ ਸੇਵਾ ਤੇ ਨਕਦ ਰਾਸ਼ੀ ਅਦਾ ਕਰਨ ਦੇ ਫੈਸਲੇ ਤੇ ਸੀਮਤ ਮਿਕਦਾਰ ’ਚ ਬਿਜਲੀ-ਪਾਣੀ ਮੁਫ਼ਤ ਦੇਣ ਦੀਆਂ ਸਕੀਮਾਂ ਨੇ ਵੀ ‘ਆਪ’ ਸਰਕਾਰ ਦੀ ਲੋਕਾਂ ’ਚ ਕੁੱਝ ਚੰਗੀ ਭੱਲ ਬਣਾਈ ਸੀ। ਪ੍ਰੰਤੂ ਇਨ੍ਹਾਂ ਸੀਮਤ ਜਿਹੀਆਂ ਸਹੂਲਤਾਂ ਦਾ ਕਰੋੜਾਂ ਰੁਪਏ ਖਰਚ ਕੇ ਕੀਤੇ ਧੂੰਆਂਧਾਰ ਪ੍ਰਚਾਰ ਰਾਹੀਂ ਝੂਠਾ ਗੁਣਗਾਣ ਕੀਤਾ ਗਿਆ ਹੈ। ਹਕੀਕਤ ਤਾਂ ਇਹ ਹੈ ਕਿ ਦਿੱਲੀ ਦੀ ‘ਆਪ’ ਸਰਕਾਰ ਦੀ ਸਮੁੱਚੀ ਕਾਰਗੁਜ਼ਾਰੀ ਕਿਸੇ ਪੱਖੋਂ ਵੀ ਤਸੱਲੀਬਖਸ਼ ਜਾਂ ਲੋਕ ਹਿਤੈਸ਼ੀ ਨਹੀਂ ਕਹੀ ਜਾ ਸਕਦੀ। ਵੈਸੇ ਵੀ ‘ਆਪ’ ਦੇ ਨੇਤਾਵਾਂ ਨੇ ਜੇਕਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਮਾਡਲ ਵਜੋਂ ਪੇਸ਼ ਕਰ ਕੇ ਹੀ ਦਿੱਲੀ ਦੇ ਵੋਟਰਾਂ ਨੂੰ ਭਰਮਾਉਣਾ ਹੈ, ਤਾਂ ਜ਼ਮੀਨੀ ਹਕੀਕਤਾਂ ਦੇ ਮੱਦੇ ਨਜ਼ਰ ਇਸ ਦਾਅਵੇ ’ਤੇ ਕੇਵਲ ਹੱਸਿਆ ਹੀ ਜਾ ਸਕਦਾ ਹੈ। ਯਾਦ ਰਹੇ ਪੰਜਾਬ ਸਰਕਾਰ ਦੀ ਸਿਰੇ ਦੀ ਨਖਿੱਧ ਕਾਰਗੁਜ਼ਾਰੀ ਤੋਂ ਸੂਬੇ ਦੇ ਆਮ ਲੋਕੀਂ ਡਾਢੇ ਅਵਾਜ਼ਾਰ ਹਨ। ਝੂਠੇ ਪ੍ਰਚਾਰ ਲਈ ਜਿਵੇਂ ਪੰਜਾਬ ਦੇ ਖ਼ਜ਼ਾਨੇ ਦੀ ਲੋਟੀ ਪਾਈ ਗਈ ਹੈ ਅਤੇ ਕੁਰੱਪਸ਼ਨ ਦਾ ਧੰਦਾ ਚਲਾਇਆ ਗਿਆ ਹੈ, ਉਸ ਤੋਂ ਸਮੁੱਚੇ ਪੰਜਾਬ ਵਾਸੀ ਬਹੁਤ ਨਿਰਾਸ਼ ਹਨ। ਉਂਝ ‘ਆਪ’ ਸਰਕਾਰ ਦੇ ਕੰਮ-ਕਾਜ ’ਚ ਜਿਸ ਢੰਗ ਨਾਲ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਬੇਲੋੜਾ ਦਖ਼ਲ ਦਿੱਤਾ ਤੇ ਹਰ ਕੰਮ ’ਚ ਅੜਿਕੇ ਡਾਹੇ, ਉਸ ਨੇ ਵੀ ‘ਆਪ’ ਸਰਕਾਰ ਲਈ ਕਈ ਬੇਲੋੜੀਆਂ ਮੁਸੀਬਤਾਂ ਖੜ੍ਹੀਆਂ ਕੀਤੀਆਂ। ਕਾਨੂੰਨ-ਪ੍ਰਬੰਧ ਦੀ ਮਸ਼ੀਨਰੀ, ਭਾਵ ਪੁਲਸ-ਪ੍ਰਸ਼ਾਸ਼ਨ ’ਤੇ ਕੇਂਦਰੀ ਸਰਕਾਰ ਦਾ ਕੰਟਰੋਲ ਹੋਣ ਕਰਕੇ ‘ਆਪ’ ਦੇ ਨੇਤਾਵਾਂ ਨਾਲ ਵਾਰ-ਵਾਰ ਧੱਕੇ ਕੀਤੇ ਗਏ। ਈ.ਡੀ., ਸੀ.ਬੀ.ਆਈ. ਸਮੇਤ ਸਾਰੀਆਂ ਕੇਂਦਰੀ ਏਜੰਸੀਆਂ ਦੀ ਖੁੱਲ੍ਹ ਕੇ ਦੁਰਵਰਤੋਂ ਵੀ ਹੋਈ। ਪ੍ਰੰਤੂ ਜਿਸ ਢੰਗ ਨਾਲ ‘ਆਪ’ ਨੇਤਾ ਬੇਸ਼ੁਮਾਰ ਧਨ ਖਰਚ ਕੇ ਹਰ ਹਾਲ ਸੱਤਾ ’ਤੇ ਕਬਜ਼ਾ ਬਰਕਰਾਰ ਰੱਖਣਾ ਚਾਹੁੰਦੇ ਹਨ, ਉਸ ਤੋਂ ਇਨ੍ਹਾਂ ਵਲੋਂ ‘ਸ਼ਰਾਬ ਘੁਟਾਲੇ’ ਵਰਗੇ ਭਿ੍ਰਸ਼ਟ ਕਾਰਨਾਮੇ ਕੀਤੇ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਹੁਣ ਵੀ, ‘ਆਪ’ ਨੇਤਾਵਾਂ ਨੇ ਜੇ ਦਿੱਲੀ ’ਚ ਮਿਲੀ ਹਾਰ ਤੋਂ ਢੁੱਕਵਾਂ ਸਬਕ ਨਾ ਸਿੱਖਿਆ ਅਤੇ ਪੁਰਾਣੀਆਂ ਲੋਕ ਵਿਰੋਧੀ ਨੀਤੀਆਂ ’ਤੇ ਪਹਿਰਾ ਦਿੰਦਿਆਂ ‘ਨਰਮ ਹਿੰਦੂਵਾਦ’ ਦਾ ਪ੍ਰਚਾਰ ਕਰਨਾ ਜਾਰੀ ਰੱਖਿਆ ਤਾਂ ਇਹ ਪਾਰਟੀ ਭਾਜਪਾ ਦੇ ਮੁਕਾਬਲੇ ਕਦੀ ਕੋਈ ਭਰੋਸੇਯੋਗ ਧਿਰ ਬਣ ਹੀ ਨਹੀਂ ਸਕਦੀ। ਦੇਸ਼ ਦੇ ਲੋਕ, ਭਾਰਤੀ ਰਾਜਨੀਤੀ ਦਾ ਦੋ ਫਿਰਕੂ ਗੁੱਟਾਂ ਵਿਚਾਲੇ ਧਰੁਵੀਕਰਨ ਕੀਤੇ ਜਾਣ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ। ਦੂਜੀ ਗੱਲ, ‘ਆਪ’ ਆਗੂਆਂ ਨੂੰ ਹਓਮੈ ਤੇ ਤਾਨਾਸ਼ਾਹੀ ਵਾਲਾ ਵਤੀਰਾ ਤਿਆਗ ਕੇ ਭਾਜਪਾ ਵਿਰੋਧੀ ‘ਇੰਡੀਆ’ ਗਠਜੋੜ ’ਚ ਆਪਣੀ ਸਮਰੱਥਾ ਅਨੁਸਾਰ ਬਣਦੀ ਭੂਮਿਕਾ ਅਦਾ ਕਰਨੀ ਹੋਵੇਗੀ। ਰਾਜਨੀਤਕ ਮੁਤਬਾਦਲ, ਭਿ੍ਰਸ਼ਟ ਰਾਜਸੀ ਆਗੂਆਂ ਦੀ ਦਲ ਬਦਲੀ ਨਾਲ ਜਾਂ ਪਹਿਲੋਂ ਹੀ ਲੁੱਟ-ਖਸੁੱਟ ਨਾਲ ਧਨਵਾਨ ਬਣੇ ਬੰਦਿਆਂ ਦੀ ‘ਆਪ’ ’ਚ ਸ਼ਮੂਲੀਅਤ ਨਾਲ ਤੇ ਫੋਕੇ ਨਾਅਰਿਆਂ ਤੱਕ ਸੀਮਤ ਰਹਿ ਕੇ ਨਹੀਂ ਲਿਆਂਦਾ ਜਾ ਸਕਦਾ। ਨਾ ਹੀ ਦਿਖਾਵੇ ਲਈ, ਸ਼ਹੀਦ ਇ ਆਜ਼ਮ ਭਗਤ ਸਿੰਘ ਦੀ ਛਵੀ ਨੂੰ ਰੂਪਮਾਨ ਕਰਦੀਆਂ ਕੇਸਰੀ ਪੱਗਾਂ ਬੰਨ੍ਹ ਕੇ ਅਤੇ ਅਮਲਾਂ ’ਚ ਇਨਕਲਾਬੀ ਵਿਚਾਰਧਾਰਾ ਤੇ ਅਮਲਾਂ ਤੋਂ ਕਿਨਾਰਾਕਸ਼ੀ ਕਰਕੇ ਕੇਵਲ ਇਨਕਲਾਬ ਦੇ ਨਾਅਰੇ ਲਗਾਉਣ ਤੱਕ ਮਹਿਦੂਦ ਰਹਿ ਕੇ ਹੀ ਲਿਆਂਦਾ ਜਾ ਸਕਦਾ ਹੈ। ਅਤੇ, ਨਾ ਗੱਲੀਂਬਾਤੀਂ ਆਪਣੇ ਆਪ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਪੈਰੋਕਾਰ ਦੱਸ ਕੇ ਹੀ ਲੋਕਾਂ ਨੂੰ ਲੰਮੇ ਸਮੇਂ ਲਈ ਧੋਖਾ ਦਿੱਤਾ ਜਾ ਸਕਦਾ ਹੈ।
‘ਆਪ’ ਦੇ ਨੇਤਾਵਾਂ ਨੇ ਜੇਕਰ ‘ਦਿੱਲੀ’ ਦੀਆਂ ਚੋਣਾਂ ਤੋਂ ਕੋਈ ਸਾਰਥਕ ਸਬਕ ਨਾ ਸਿੱਖਿਆ ਤਾਂ ਇਹ ਕਹਿਣਾ ਮੁਸ਼ਕਿਲ ਜਾਪਦਾ ਹੈ ਕਿ ‘ਆਪ’ ਦਾ ਭਾਰਤੀ ਰਾਜਨੀਤੀ ’ਚ ਕੋਈ ਸਥਾਨ ਸੁਰੱਖਿਅਤ ਰਹਿ ਵੀ ਸਕੇਗਾ ਜਾਂ ਨਹੀਂ ?
- ਮੰਗਤ ਰਾਮ ਪਾਸਲਾ