ਆਰ.ਐਮ.ਪੀ.ਆਈ. ਵੱਲੋਂ ਸੰਘੀ ਢਾਂਚਾ ਬਚਾਓ, ਸੰਵਿਧਾਨ ਬਚਾਓ, ਦੇਸ਼ ਬਚਾਓ ਕਨਵੈਨਸ਼ਨ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਪੰਜਾਬ ਰਾਜ ਕਮੇਟੀ ਵੱਲੋਂ ਦੇਸ਼ ਭਗਤ ਯਾਦਗਾਰ ਦੇ ਗ਼ਦਰੀ ਸ਼ਹੀਦ ਵਿਸ਼ਣੂ ਗਣੇਸ਼ ਪਿੰਗਲੇ ਹਾਲ ਵਿਖੇ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਵੱਖੋ-ਵੱਖ ਸਿਆਸੀ ਤੇ ਸਮਾਜਿਕ ਧਿਰਾਂ ਅਤੇ ਉੱਘੇ ਬੁੱਧੀਜੀਵੀਆਂ ਦੀ ਭਰਵੀਂ ਹਾਜ਼ਰੀ ਵਾਲੀ “ਸੰਘੀ ਢਾਂਚਾ ਬਚਾਓ, ਸੰਵਿਧਾਨ ਬਚਾਓ ਦੇਸ਼ ਬਚਾਓ’’ ਨੁਮਾਇੰਦਾ ਕਨਵੈਨਸ਼ਨ ਵਲੋਂ ਸਰਵ ਸੰਮਤੀ ਨਾਲ ਪ੍ਰਵਾਨ ਕੀਤੇ ਗਏ ਮਤੇ ਰਾਹੀਂ ਪ੍ਰਗਟ ਕੀਤੀ ਗਈ ਹੈ। ਸਾਥੀ ਪਰਗਟ ਸਿੰਘ ਜਾਮਾਰਾਏ ਵਲੋਂ ਰੱਖੇ ਗਏ ਉਕਤ ਮਤੇ ਰਾਹੀਂ ਦੇਸ਼ ਦੀਆਂ ਖੱਬੀਆਂ, ਜਮਹੂਰੀ, ਧਰਮ ਨਿਰਪੱਖ ਧਿਰਾਂ ਅਤੇ ਪ੍ਰਗਤੀਸ਼ੀਲ ਤੇ ਨਿਆਂ ਪਸੰਦ ਤਾਕਤਾਂ ਨੂੰ ਦੇਸ਼ ਨੂੰ ਅਸਥਿਰ ਕਰਨ ਵਾਲੇ ਇਸ ਹੱਲੇ ਖ਼ਿਲਾਫ਼ ਸਮੂਹ ਦੇਸ਼ ਵਾਸੀਆਂ ਨੂੰ ਇਕਜੁੱਟ ਕਰਨ ਅਤੇ ਭਾਰਤ ਦੇ ਸੰਵਿਧਾਨ ਤੇ ਜਮਹੂਰੀ, ਧਰਮ ਨਿਰਪੱਖ, ਫੈਡਰਲ ਢਾਂਚੇ ਦੀ ਰਾਖੀ ਲਈ ਤਿੱਖੇ, ਬੱਝਵੇਂ ਸੰਘਰਸ਼ ਵਿੱਢਣ ਦੀ ਅਪੀਲ ਕੀਤੀ ਗਈ ਹੈ। ਸੰਘਰਸ਼ ਦੀ ਨਿੱਗਰ ਸ਼ੁਰੂਆਤ ਕਰਨ ਲਈ ਉਕਤ ਮਤੇ ਦੀ ਸੇਧ ਵਿਚ ਵਿਸ਼ਾਲ ਭਾਗੀਦਾਰੀ ਵਾਲੀਆਂ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਕਰਨ ਦਾ ਸੱਦਾ ਦਿੱਤਾ ਗਿਆ ਹੈ।
ਮਤੇ ਰਾਹੀਂ ਮੰਗ ਕੀਤੀ ਗਈ ਹੈ ਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤਾ ਜਾਵੇ, ਚੰਡੀਗੜ੍ਹ ਵਿਖੇ ਹਰਿਆਣਾ ਦੀ ਸਕੱਤਰੇਤ ਦੀ ਉਸਾਰੀ ਲਈ ਜਗ੍ਹਾ ਤੇ ਫੰਡ ਮੁਹੱਈਆ ਕਰਵਾਉਣ ਦਾ ਫੈਸਲਾ ਰੱਦ ਕੀਤਾ ਜਾਵੇ, ਦਰਿਆਈ ਪਾਣੀਆਂ ਦੀ ਨਿਆਂ ਸੰਗਤ ਵੰਡ ਕੀਤੀ ਜਾਵੇ, ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕੀਤੇ ਜਾਣ, ਪੰਜਾਬੀ ਭਾਸ਼ਾ ਨੂੰ ਦੇਸ਼ ਭਰ ’ਚ ਉਚਿਤ ਸਨਮਾਨ ਦਿੱਤਾ ਜਾਵੇ, ਭਾਖੜਾ-ਬਿਆਸ ਪ੍ਰਬੰਧਕੀ ਬੋਰਡ ’ਚ ਪੰਜਾਬ ਦੀ ਖਤਮ ਕੀਤੀ ਮੈਂਬਰੀ ਬਹਾਲ ਕੀਤੀ ਜਾਵੇ, ਬੀਐਸਐਫ ਨੂੰ ਦਿੱਤਾ ਵਧੇਰੇ ਅੰਦਰ ਤਕ ਦਾਖ਼ਲ ਹੋ ਕੇ ਗਸ਼ਤ ਕਰਨ ਦਾ ਅਧਿਕਾਰ ਸਮਾਪਤ ਕੀਤਾ ਜਾਵੇ, ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਿਯੁਕਤ ਕਰਨ ਲਈ ਗਵਰਨਰਾਂ ਨੂੰ ਦਿੱਤੇ ਅਧਿਕਾਰ ਵਾਪਸ ਲਏ ਜਾਣ ਅਤੇ ਚੰਡੀਗੜ੍ਹ ਵਿਖੇ ਸਕੱਤਰ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ।
ਮੁੱਖ ਬੁਲਾਰਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾਈ ਪ੍ਰਧਾਨ ਸ. ਅਵਤਾਰ ਸਿੰਘ ਕਰੀਮਪੁਰੀ, ਨਾਮਵਰ ਅਕਾਲੀ ਆਗੂ ਸ. ਪ੍ਰੇਮ ਸਿੰਘ ਚੰਦੂਮਾਜਰਾ ਤੋਂ ਇਲਾਵਾ ਉੱਘੇ ਬੁੱਧੀਜੀਵੀ ਸਤਨਾਮ ਸਿੰਘ ਮਾਣਕ ਤੇ ਲਖਵਿੰਦਰ ਸਿੰਘ ਜੌਹਲ ਨੇ ਸੰਬੋਧਨ ਕੀਤਾ।
ਸੀਨੀਅਰ ਅਕਾਲੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਭੇਜੇ ਇਕ ਸੰਦੇਸ਼ ਰਾਹੀਂ ਕਨਵੈਨਸ਼ਨ ਦੀ ਸੇਧ ਅਤੇ ਫੈਸਲਿਆਂ ਨਾਲ ਸਹਿਮਤੀ ਪ੍ਰਗਟਾਈ ਹੈ। ਮੰਚ ਸੰਚਾਲਕ ਦੇ ਫਰਜ਼ ਪ੍ਰੋ. ਜੈਪਾਲ ਸਿੰਘ ਨੇ ਨਿਭਾਏ। ਮੰਚ ਤੇ ਸਾਥੀ ਹਰਕੰਵਲ ਸਿੰਘ ਵੀ ਮੌਜੂਦ ਸਨ। ਸਮਾਪਤੀ ਉਪਰੰਤ ਉਕਤ ਮਤੇ ਦੀਆਂ ਭਾਵਨਾਵਾਂ ਉਜ਼ਾਗਰ ਕਰਦੀਆਂ ਤਖਤੀਆਂ ਹੱਥਾਂ ’ਚ ਲੈ ਕੇ ਮਾਰਚ ਵੀ ਕੀਤਾ ਗਿਆ।
ਕਨਵੈਨਸ਼ਨ ’ਚ ਪੇਸ਼ ਕੀਤਾ ਗਿਆ ਮੁੱਖ ਮਤਾ :
22 ਜਨਵਰੀ 2025 ਨੂੰ ‘ਦੇਸ਼ ਭਗਤ ਯਾਦਗਾਰ ਜਲੰਧਰ’ ਵਿਖੇ ਕੀਤੀ ਗਈ ਸੂਬਾ ਪੱਧਰੀ “ਸੰਘੀ ਢਾਂਚਾ ਬਚਾਓ, ਸੰਵਿਧਾਨ ਬਚਾਓ, ਦੇਸ਼ ਬਚਾਓ’’ ਕਨਵੈਨਸ਼ਨ, ਕੇਂਦਰ ਦੀ ਫਿਰਕੂ-ਫਾਸ਼ੀ ਮੋਦੀ ਸਰਕਾਰ ਵਲੋਂ, ਭਾਰਤੀ ਸੰਵਿਧਾਨ ਵਿਚ ਦਰਜ਼ ਫੈਡਰਲ (ਸੰਘਾਤਮਕ) ਅਧਿਕਾਰਾਂ ਦੇ ਕੀਤੇ ਜਾ ਰਹੇ ਨਿਰੰਤਰ ਘਾਣ ਅਤੇ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ-ਵਿਤਕਰੇ ਦੀ ਡਟਵੀਂ ਨਿੰਦਾ ਕਰਦੀ ਹੋਈ ਇਸ ਮਾਰੂ ਰੁਝਾਨ ਖਿਲਾਫ਼ ਸਖ਼ਤ ਰੋਸ ਪ੍ਰਗਟਾਉਂਦੀ ਹੋਈ ਇਸ ਏਕਾਧਿਕਾਰਵਾਦੀ ਹੱਲੇ ਦੇ ਖਤਰਨਾਕ ਨਤੀਜਿਆਂ ਤੋਂ ਸਮੂਹ ਦੇਸ਼ ਵਾਸੀਆਂ ਨੂੰ ਖ਼ਬਰਦਾਰ ਕਰਦੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਲੋਕਾਂ ਦੇ ਸਤਿਕਾਰਤ ਆਗੂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਪ੍ਰਤੀ ਰਾਜ ਸਭਾ ’ਚ ਕੀਤੀਆਂ ਗਈਆਂ ਅਤਿਅੰਤ ਆਪੱਤੀਜਨਕ ਟਿੱਪਣੀਆਂ ਅਸਲ ’ਚ ਆਰ.ਐਸ.ਐਸ. ਤੇ ਮੋਦੀ ਸਰਕਾਰ ਦੀ ਸੰਵਿਧਾਨ ਵਿਰੋਧੀ ‘ਮਨੂੰਵਾਦੀ ਮਾਨਸਿਕਤਾ’ ਦਾ ਹੀ ਪ੍ਰਗਟਾਵਾ ਹੈ।
ਇਹ ਗੱਲ ਹੁਣ ਸਪੱਸ਼ਟ ਹੋ ਗਈ ਹੈ ਕਿ 2014 ਤੋਂ ਦੇਸ਼ ਦੀ ਕੇਂਦਰੀ ਸੱਤਾ ’ਤੇ ਕਾਬਜ਼ ਭਾਜਪਾ, ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐਸ.ਐਸ.) ਦਾ ਸਿਆਸੀ ਵਿੰਗ ਹੈ, ਜੋ “ਇਕ ਦੇਸ਼, ਇਕ ਧਰਮ, ਇਕ ਭਾਸ਼ਾ’’ ਵਰਗੇ ਸਿਰੇ ਦੇ ਗੈਰ ਜਮਹੂਰੀ ਸੰਕਲਪਾਂ ਦੀ ਪੈਰੋਕਾਰ ਹੈ। ਅਸਲ ’ਚ ਆਰ.ਐਸ.ਐਸ. ਏਕਾਤਮਕ ਤਰਜ਼ ਦੀ ਸ਼ਾਸ਼ਨ ਵਿਵਸਥਾ ਕਾਇਮ ਕਰਨ ਲਈ ਯਤਨਸ਼ੀਲ ਹੈ। ਉਸ ਮੁਤਾਬਕ ਸੂਬਿਆਂ ਦੀ ਥਾਂ ਸਾਰੇ ਦੇਸ਼ ਨੂੰ ਚਾਰ ਜੋਨਾਂ ’ਚ ਵੰਡ ਕੇ ਕੇਂਦਰੀ ਤੌਰ ਤੇ ਹੀ ਚਲਾਇਆ ਜਾਣਾ ਚਾਹੀਦਾ ਹੈ। ਉਨਾਂ ਦੀ ਸੋਚ ਹੈ ਕਿ ਸੂਬਿਆਂ ਨੂੰ ਅਧਿਕਾਰ ਦੇਣ ਨਾਲ ਕੇਂਦਰ ਕਮਜ਼ੋਰ ਹੁੰਦਾ ਹੈ। ਇਸੇ ਕਰਕੇ ਆਰ.ਐਸ.ਐਸ. ਦੇ ਸ਼ਬਦਕੋਸ਼ ’ਚ ਹਰ ਖਿੱਤੇ ਦੇ ਲੋਕਾਂ ਨੂੰ ਸਮਾਨ ਅਧਿਕਾਰਾਂ ਦੀ ਗਰੰਟੀ ਕਰਦੇ ਫੈਡਰਲਿਜ਼ਮ ਅਤੇ ਵੱਖੋ-ਵੱਖ ਧਰਮਾਂ ਨੂੰ ਮੰਨਣ ਵਾਲੇ, ਵਿਭਿੰਨ ਭਾਸ਼ਾਵਾਂ ਬੋਲਣ ਵਾਲੇ ਸਮੁੱਚੇ ਦੇਸ਼ ਵਾਸੀਆਂ ਦਰਮਿਆਨ ਭਾਈਚਾਰਕ ਸਾਂਝ ਕਾਇਮ ਕਰਨ ਦੇ ਮਾਨਵਵਾਦੀ ਸਰੋਕਾਰ ਕਿਧਰੇ ਨਜ਼ਰ ਨਹੀਂ ਆਉਂਦੇ। ਆਰ.ਐਸ.ਐਸ. ਦੇਸ਼ ਦੇ ਵਰਤਮਾਨ ਸੰਵਿਧਾਨ, ਜਿਸ ਦਾ ਮੂਲ ਆਧਾਰ ਲੋਕ ਰਾਜ, ਧਰਮ ਨਿਰਪੱਖਤਾ ਅਤੇ ਫੈਡਰਲਿਜ਼ਮ ਹੈ, ਦਾ ਮੁੱਢੋਂ ਵਿਰੋਧੀ ਰਿਹਾ ਹੈ।
ਇਸੇ ਕਰਕੇ ਮੋਦੀ ਸਰਕਾਰ ਨੇ ਆਪਣੇ ਵਿਚਾਰਧਾਰਕ ਆਕਾ ਦੇ ਹੁਕਮਾਂ ਤਹਿਤ ਹੀ ਖੇਤੀਬਾੜੀ, ਵਿਦਿਆ, ਸਹਿਕਾਰਤਾ ਅਤੇ ਊਰਜਾ ਆਦਿ ਖੇਤਰਾਂ ’ਚੋਂ ਸੂਬੇ ਤਕਰੀਬਨ ਬੇਦਖਲ ਕਰ ਦਿੱਤੇ ਹਨ। ਖੇਤੀਬਾੜੀ ਨਾਲ ਸਬੰਧਤ ਕਾਲੇ ਕਾਨੂੰਨ, ‘ਨਵੀਂ ਸਿੱਖਿਆ ਨੀਤੀ’ ਅਤੇ ‘ਬਿਜਲੀ ਐਕਟ-2020’ ਆਦਿ ਸੂਬਾਈ ਅਧਿਕਾਰਾਂ ਦੀ ਸਰਾਸਰ ਉਲੰਘਣਾ ਦੇ ਭੱਦੇ ਨਮੂਨੇ ਹਨ।
ਆਰ.ਐਸ.ਐਸ., ਭਾਜਪਾ ਦੇ ‘ਇਕ ਰਾਸ਼ਟਰ, ਇਕ ਚੋਣ’ ਦੇ ਨਾਅਰੇ ਨੂੰ ਕਾਨੂੰਨੀ ਰੂਪ ਦੇਣ ਲਈ ਕੇਂਦਰ ਦੇ ਯਤਨ ਵੀ ਫੈਡਰਲ ਅਧਿਕਾਰਾਂ ਦੇ ਖਾਤਮੇ ਵੱਲ ਪੁੱਟਿਆ ਗਿਆ ਵੱਡਾ ਕਦਮ ਹੈ ।
ਭਾਜਪਾ, ਖਾਸ ਕਰਕੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਧੁਮਾਇਆ ਗਿਆ ‘ਡਬਲ ਇੰਜ਼ਣ’ ਸਰਕਾਰਾਂ ਕਾਇਮ ਕਰਨ ਦਾ ਜਮਹੂਰੀਅਤ ਵਿਰੋਧੀ ਸੰਕਲਪ ਵੀ ਫੈਡਰਲਿਜ਼ਮ ਦੇ ਜੜ੍ਹੀਂ ਤੇਲ ਦੇਣ ਦਾ ‘ਨਾਗਪੁਰੀ’ ਜੁੁਗਾੜ ਹੀ ਹੈ।
ਸੂਬਾਈ ਅਧਿਕਾਰਾਂ ’ਤੇ ਤਾਜ਼ਾ ਹੱਲਾ, ਯੂ.ਜੀ.ਸੀ. ਰਾਹੀਂ ਸੂਬਾਈ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਿਯੁਕਤ ਕਰਨ ਵੇਲੇ ਸੂਬਿਆਂ ਦੇ ਗਵਰਨਰਾਂ, ਜਿਨ੍ਹਾਂ ’ਚੋਂ ਜ਼ਿਆਦਾਤਰ ਆਰ.ਐਸ.ਐਸ. ਦੇ ਸੋਇਮ ਸੇਵਕ ਰਹੇ ਹਨ, ਨੂੰ ਫੈਸਲਾਕੁੰਨ ਅਧਿਕਾਰ ਦੇਣ ਰਾਹੀਂ ਬੋਲਿਆ ਗਿਆ ਹੈ। ਚੇਤੇ ਰਹੇ ਤਾਮਿਲਨਾਡੂ ਦੀ ਵਿਧਾਨ ਸਭਾ ਇਸ ਨੋਟੀਫਿਕੇਸ਼ਨ ਨੂੰ ਸਰਵ ਸੰਮਤੀ ਨਾਲ ਰੱਦ ਕਰ ਚੁੱਕੀ ਹੈ।
ਰਾਜਾਂ ਦੇ ਲੋਕਾਂ ਤੋਂ ਸੈੱਸ-ਸਰਚਾਰਜ ਤੇ ਜੀ.ਐਸ.ਟੀ. ਆਦਿ ਰਾਹੀਂ ਬੇਦਰਦੀ ਨਾਲ ਉਗਰਾਹੀ ਰਕਮ ਤੋਂ ਸੂਬਿਆਂ ਨੂੰ ਵਾਂਝੇ ਰੱਖਣ ਅਤੇ ਸੰਸਾਧਨਾਂ ਤੇ ਟੈਕਸਾਂ ਦੀ ਵੰਡ ਕਰਨ ਵੇਲੇ ਸੂਬਿਆਂ ਨਾਲ ਕੀਤੇ ਜਾ ਰਹੇ ਘੋਰ ਵਿਤਕਰੇ ਕਰਕੇ ਪਨਪ ਰਹੀਆਂ ਬੇਗਾਨਗੀ ਦੀਆਂ ਭਾਵਨਾਵਾਂ ਭਵਿੱਖ ਦੇ ਗੰਭੀਰ ਖ਼ਤਰਿਆਂ ਦੀਆਂ ਸੂਚਕ ਹਨ।
ਆਰ.ਐਸ.ਐਸ. ਦੇ ਪਿਛੋਕੜ ਵਾਲਿਆਂ ਸੂਬਿਆਂ ਦੇ ਗਵਰਨਰਾਂ ਦਾ ਸੂਬਾਈ ਸਰਕਾਰਾਂ ਨਾਲ ਟਕਰਾਅ ਨਵੇਂ ਦਿਸਹੱਦੇ ਛੋਹ ਗਿਆ ਹੈ।
ਪ੍ਰਧਾਨਗੀ ਤਰਜ਼ ਦੇ ਰਾਜਕੀ ਢਾਂਚੇ ਦੀ ਕਾਇਮੀ ਲਈ ਪੱਬਾਂ ਭਾਰ ਆਰ.ਐਸ.ਐਸ., ਭਾਜਪਾ ਅਤੇ ਮੋਦੀ ਸਰਕਾਰ ਦੇ ਸੂਬਾਈ ਅਧਿਕਾਰਾਂ ਦੇ ਖਾਤਮੇ ਦੇ ਇਹ ਤਬਾਹਕੁੰਨ ਕਦਮ ਅੰਤਿਮ ਨਤੀਜੇ ਵਜੋਂ ਸੁਤੰਤਰਤਾ ਸੰਗਰਾਮ ਦੌਰਾਨ ਉੱਸਰੀ ਭਾਰਤੀਆਂ ਦੀ ਭਾਵਨਾਤਮਕ ਏਕਤਾ ਅਤੇ ਦੇਸ਼ ਦੀ ਭੂਗੋਲਿਕ ਇਕਜੁੱਟਤਾ ਲਈ ਵੀ ਅਤਿਅੰਤ ਘਾਤਕ ਸਿੱਧ ਹੋਣਗੇ।
ਕਨਵੈਨਸ਼ਨ, ਕੇਂਦਰੀ ਹੁਕਮਰਾਨਾਂ ਵਲੋਂ ਬਦਲਾਖੋਰੀ ਦੀ ਨੀਤੀ ਨਾਲ ਕੀਤੀਆਂ ਜਾ ਰਹੀਆਂ ਪੰਜਾਬ ਵਿਰੋਧੀ ਸਾਜ਼ਿਸ਼ਾਂ, ਜਿਨ੍ਹਾਂ ਸਦਕਾ ਹਜ਼ਾਰਾਂ ਲੋਕਾਂ ਵਲੋਂ ਆਪਣੇ ਪ੍ਰਾਣ ਨਿਉਛਾਵਰ ਕਰਕੇ ਕਾਇਮ ਕੀਤਾ ਗਿਆ ਅਮਨ ਖਤਰੇ ’ਚ ਪੈ ਸਕਦਾ ਹੈ, ਦੀ ਵੀ ਜ਼ੋਰਦਾਰ ਨਿਖੇਧੀ ਕਰਦੀ ਹੈ।
ਪੰਜਾਬ ਨਾਲ ਸਬੰਧਤ ਦਹਾਕਿਆਂ ਪੁਰਾਣੇ ਮੁੱਦਿਆਂ ਜਿਵੇਂ ਚੰਡੀਗੜ੍ਹ ਪੰਜਾਬ ਨੂੰ ਸੌਂਪਣ, ਦਰਿਆਈ ਪਾਣੀਆਂ ਦੀ ਰਿਪੇਰੀਅਨ ਨਿਯਮਾਂ ਮੁਤਾਬਕ ਨਿਆਂ ਸੰਗਤ ਵੰਡ ਕਰਨ, ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਿਲ ਕਰਨ, ਪੰਜਾਬੀ ਜ਼ਬਾਨ ਨੂੰ ਗੁਆਂਢੀ ਸੂਬਿਆਂ ’ਚ ਦੂਜੀ ਭਾਸ਼ਾ ਦਾ ਦਰਜ਼ਾ ਦੇਣ ਅਤੇ ਸਾਰੇ ਦੇਸ਼ ਵਿਚ ਬਣਦਾ ਮਾਣ-ਸਨਮਾਣ ਦੇਣ ਆਦਿ ਦੇ ਨਿਪਟਾਰੇ ਤੋਂ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਲ ਹੱਥ ਖਿੱਚੀ ਬੈਠੀ ਹੈ।
ਉਲਟਾ, ਚੰਡੀਗੜ੍ਹ ਖੇਤਰ ’ਚ ਹਰਿਆਣਾ ਨੂੰ ਰਾਜਧਾਨੀ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਫੰਡ ਅਤੇ ਪੈਸਾ ਦੇਣ ਵਰਗੇ ਫੈਸਲਿਆਂ ਰਾਹੀਂ ਪ੍ਰਾਂਤ ਵਾਸੀਆਂ ਦੇ ਜਖ਼ਮਾਂ ’ਤੇ ਲੂਣ ਛਿੜਕਿਆ ਜਾ ਰਿਹਾ ਹੈ। ਚੰਡੀਗੜ੍ਹ ਯੂਟੀ ਦੇ ਪ੍ਰਸ਼ਾਸ਼ਕ ਦੇ ਸਲਾਹਕਾਰ ਦਾ ਨਾਂ ਬਦਲ ਕੇ ‘ਚੀਫ ਸੈਕਟਰੀ’ ਕਰਨਾ, ਯੂਟੀ ਮੁਲਾਜ਼ਮਾਂ ਲਈ ਕੇਂਦਰੀ ਨਿਯਮ ਲਾਗੂ ਕਰਨਾ, ਆਦਿ ਰਾਹੀਂ ਚੰਡੀਗੜ੍ਹ ਤੇ ਪੰਜਾਬ ਦਾ ਅਧਿਕਾਰ ਖਤਮ ਕੀਤਾ ਜਾ ਰਿਹਾ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਬੰਧ ’ਚੋਂ ਪੰਜਾਬ ਨੂੰ ਬੇਦਖ਼ਲ ਕਰਨ ਲਈ ਸੈਨੇਟ ਚੋਣਾਂ ਕਰਵਾਉਣ ਤੋਂ ਟਾਲਾ ਵੱਟਣ ਸਮੇਤ ਨਿੱਤ ਨਵੇਂ ਸਾਜ਼ਿਸ਼ੀ ਫੈਸਲੇ ਲਏ ਜਾ ਰਹੇ ਹਨ।
ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਚੋਂ ਪੰਜਾਬ ਦੀ ਸਥਾਈ ਸੀਟ ਦਾ ਖਾਤਮਾ ਕਰਨਾ ਵੀ ਇਨ੍ਹਾਂ ਹੀ ਸਾਜ਼ਿਸ਼ਾਂ ਦੀ ਅਗਲੇਰੀ ਕੜੀ ਹੈ।
ਇਸੇ ਤਰ੍ਹਾਂ ‘ਸੀਮਾ ਸੁਰੱਖਿਆ ਬਲ’ (ਬੀ.ਐਸ.ਐਫ.) ਨੂੰ ਵਧੇਰੇ ਅੰਦਰ ਤੱਕ ਦਾਖ਼ਲ ਹੋ ਕੇ ਮਨਚਾਹੀ ‘ਸਰਚ ਮੁਹਿੰਮ’ ਚਲਾਉਣ ਦੀ ਖੁੁੱਲ੍ਹ ਦੇਣੀ ਵੀ ਉਕਤ ਪੰਜਾਬ ਦੋਖੀ ਪਹੁੰਚ ਦਾ ਹੀ ਨਤੀਜਾ ਹੈ।
ਆਰ.ਐਸ.ਐਸ. ਦੇ ਵੰਨ-ਸੁਵੰਨੇ ਸੰਗਠਨਾਂ, ਖਾਸ ਕਰਕੇ ਰਾਸ਼ਟਰੀ ਸਿੱਖ ਸੰਗਤ ਦੇ ਅਹੁਦੇਦਾਰਾਂ ਵਲੋਂ ਵੱਖਵਾਦੀ ਤੱਤਾਂ ਦੀ ਚੋਣ ਮੁਹਿੰਮ ਅਤੇ ਹੋਰ ਸਰਗਰਮੀਆਂ ਚਲਾਉਣ ਦੇ ਵੀ ਪੁਖਤਾ ਸਬੂਤ ਹਨ। ਇਸ ਸਬੰਧੀ ਕੇਂਦਰੀ ਏਜੰਸੀਆਂ ਦਾ ਕਾਰ ਵਿਹਾਰ ਵੀ ਅਨੇਕਾਂ ਸ਼ੰਕੇ ਅਤੇ ਸੰਸੇ ਪੈਦਾ ਕਰਨ ਵਾਲਾ ਹੈ।
ਆਰ.ਐਸ.ਐਸ. ਵਲੋਂ ਸੂਬੇ ਅੰਦਰ ਪੈਦਾ ਕੀਤੀ ਜਾ ਰਹੀ ਫਿਰਕੇਦਾਰਾਨਾ ਅਤੇ ਜਾਤੀਵਾਦੀ ਵੰਡ ਪੰਜਾਬ ਲਈ ਬਹੁਤ ਘਾਤਕ ਸਿੱਧ ਹੋਵੇਗੀ।
ਆਰ.ਐਸ.ਐਸ. ਵਲੋਂ ਪ੍ਰਾਂਤ ਵਾਸੀਆਂ ਨੂੰ ਪੰਜਾਬ ਦੇ ਨਾਬਰੀ ਦੇ ਵਿਰਸੇ, ਸਾਂਝੀਵਾਲਤਾ ਦੇ ਸੰਕਲਪ ਅਤੇ ਸਿੱਖ ਗੁਰੂਆਂ, ਭਗਤੀ ਲਹਿਰ ਦੇ ਰਹਿਬਰਾਂ, ਗ਼ਦਰੀ ਸੂਰਬੀਰਾਂ, ਸ਼ਹੀਦ-ਇ-ਆਜ਼ਮ ਭਗਤ ਸਿੰਘ ਤੇ ਸਾਥੀਆਂ ਦੀ ਬਾਣੀ, ਵਿਚਾਰਧਾਰਾ ਅਤੇ ਸਿੱਖਿਆਵਾਂ ਤੋਂ ਬੇਮੁੱਖ ਕਰਨ ਲਈ ਕੀਤੇ ਜਾ ਰਹੇ ਬੱਝਵੇਂ ਵਿਉਂਤਬੱਧ ਯਤਨ ਅਜੋਕੇ ਦੌਰ ਦਾ ਸਭ ਤੋਂ ਵਧੇਰੇ ਚਿੰਤਾਜਨਕ ਵਰਤਾਰਾ ਹੈ।
ਕੁੱਲ ਮਿਲਾ ਕੇ ਇਹ ਸਾਰਾ ਕੁੱਝ ਪੰਜਾਬ ’ਚ ਨਵੇਂ ਸਿਰਿਓਂ ਬਦਅਮਨੀ ਪੈਦਾ ਕਰਨ ਦਾ ਸਬੱਬ ਬਣ ਸਕਦਾ ਹੈ।
ਕਨਵੈਨਸ਼ਨ ਸਮੂਹ ਦੇਸ਼ ਵਾਸੀਆਂ, ਖਾਸ ਕਰਕੇ ਪੰਜਾਬੀਆਂ ਨੂੰ ਸੱਦਾ ਦਿੰਦੀ ਹੈ ਕਿ ਭਾਰਤ ਦੀ ਹੋਂਦ ਅਤੇ ਇਕਜੁੱਟਤਾ ਦੇ ਪ੍ਰਮੁੱਖ ਆਧਾਰ, ਫੈਡਰਲ ਅਧਿਕਾਰਾਂ ਦੀ ਰਾਖੀ ਲਈ ਹਰ ਮੰਚ ਤੋਂ ਜ਼ੋਰਦਾਰ ਆਵਾਜ਼ ਬੁਲੰਦ ਕਰਦੇ ਹੋਏ ਆਰ.ਐਸ.ਐਸ. ਦੀ ਘਾਤਕ ਵਿਚਾਰਧਾਰਾ ’ਤੇ ਚਲਦਿਆਂ ਫੈਡਰਲਿਜ਼ਮ ਦਾ ਘਾਣ ਕਰ ਰਹੇ ਭਾਜਪਾਈ ਹੁਕਮਰਾਨਾਂ ਖਿਲਾਫ਼ ਤਕੜਾ ਲੋਕ ਯੁੱਧ ਵਿੱਢਣ।
ਨਾਲ ਹੀ ਪੰਜਾਬ ਨਾਲ ਕੇਂਦਰੀ ਸਰਕਾਰਾਂ ਵਲੋਂ ਅਤੀਤ ’ਚ ਕੀਤੀਆਂ ਗਈਆਂ ਵਧੀਕੀਆਂ ਖਤਮ ਕਰਵਾਉਣ ਅਤੇ ਅਜੋਕੇ ਹੁਕਮਰਾਨਾਂ ਦੇ ਸਾਜ਼ਿਸ਼ੀ ਹੱਲਿਆਂ ਖਿਲਾਫ਼ ਸਮੂਹ ਪੰਜਾਬੀਆਂ ਨੂੰ ਸਾਰੇ ਵਖਰੇਵੇਂ ਭੁੁਲਾ ਕੇ ਇਕਜੁੱਟ ਹੋਣ ਦਾ ਸੱਦਾ ਦਿੰਦੀ ਹੋਈ ਸਾਂਝੀ ਜਦੋ ਜਹਿਦ ਉਸਾਰਨ ਦੀ ਅਪੀਲ ਕਰਦੀ ਹੈ।
ਖੱਬੀਆਂ ਪਾਰਟੀਆਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਦੇ ਪੁਤਲੇ ਫੂਕੇ ਗਏ
ਸ੍ਰੀ ਅੰਮ੍ਰਿਤਸਰ ਸਹਿਬ : ਖੱਬੀਆਂ ਪਾਰਟੀਆਂ ਦੇ ਸੱਦੇ ਤੇ ਕਾਮਰੇਡ ਰਤਨ ਸਿੰਘ ਰੰਧਾਵਾ, ਚਰਨਜੀਤ ਸਿੰਘ ਮਜੀਠਾ, ਮੰਗਲ ਸਿੰਘ, ਲਖਬੀਰ ਸਿੰਘ ਨਿਜ਼ਾਮਪੁਰਾ ਦੀ ਪ੍ਰਧਾਨਗੀ ਹੇਠ ਪੁਤਲੀ ਘਰ ਚੋਂਕ ਵਿੱਚ ਡਾ. ਭੀਮ ਰਾਓ ਅੰਬੇਦਕਰ ਦੇ ਖਿਲਾਫ਼ ਬੋਲੀ ਗਈ ਨਫ਼ਰਤ ਭਰੀ ਭਾਸ਼ਾ ਖ਼ਿਲਾਫ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਕਾ ਜਗਤਾਰ ਸਿੰਘ ਕਰਮਪੁਰਾ,ਸੱਚਾ ਸਿੰਘ ਅਜਨਾਲਾ, ਬਲਬੀਰ ਸਿੰਘ ਝਾਮਕਾ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਅਮਿਤ ਸ਼ਾਹ ਨੂੰ ਮੰਤਰੀ ਮੰਡਲ ਵਿਚੋਂ ਤੁਰੰਤ ਬਾਹਰ ਕੀਤਾ ਜਾਵੇ । ਕਾ. ਬਲਦੇਵ ਸਿੰਘ ਵੇਰਕਾ, ਮੰਗਲ ਸਿੰਘ, ਕਿਰਪਾਲ ਸਿੰਘ, ਜਗਤਾਰ ਸਿੰਘ, ਜਸਬੀਰ ਝਬਾਲ, ਗੁਰਦੀਪ ਸਿੰਘ ਬਤਾਲਾ, ਤਰਸੇਮ ਟਪਿਆਲਾ, ਸਵਿੰਦਰ ਸਿੰਘ ਮੀਰਾਂਕੋਟ, ਵਿਜੇ,ਕਿਰਪਾ ਰਾਮ, ਭੁਪਿੰਦਰਜੀਤ ਛੀਨਾ, ਭੈਣ ਕੰਵਲਜੀਤ ਕੌਰ, ਪਰਮਜੀਤ ਕੌਰ, ਸਰੋਜ ਬਾਲਾ, ਗੁਰਨਾਮ ਸਿੰਘ ਤਲਵੰਡੀ, ਬਲਕਾਰ ਸਿੰਘ ਦੁਧਾਲਾ ਆਦਿ ਹਾਜ਼ਰ ਸਨ।
ਬਟਾਲਾ : ਸੀਪੀਆਈ (ਐਮ), ਸੀਪੀਆਈ (ਐਮਐਲ) ਲਿਬਰੇਸ਼ਨ ਅਤੇ ਆਰਐਮਪੀਆਈ ਦੀਆਂ ਖੱਬੀਆਂ ਧਿਰਾਂ ਵੱਲੋਂ ਭਾਰਤ ਪੱਧਰ ਉੱਪਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋ ਅਸਤੀਫਾ ਲੈਣ ਲਈ ਕੀਤੀਆਂ ਜਾ ਰਹੀਆਂ ਰੈਲੀਆਂ ਅਤੇ ਪ੍ਰਦਰਸ਼ਨਾਂ ਦੇ ਸੱਦੇ ਦੇ ਤਹਿਤ ਰੈਲੀ ਕੀਤੀ ਗਈ ਅਤੇ ਰੈਲੀ ਉਪਰੰਤ ਰੇਲਵੇ ਲਾਈਨ ਦੇ ਨਜ਼ਦੀਕ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ। ਮਾਸਟਰ ਰਘਬੀਰ ਸਿੰਘ ਪਕੀਵਾਂ,ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਜਨਕ ਰਾਜ, ਗੁਲਜ਼ਾਰ ਸਿੰਘ ਭੁੰਬਲੀ, ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਦੇਸ਼ ਦੀ ਜਨਤਾ ਭਾਜਪਾ ਦੇ ਆਗੂਆਂ ਵੱਲੋਂ ਬੋਲੀ ਜਾ ਰਹੀ ਇਸ ਤਰ੍ਹਾਂ ਦੀ ਨਿਰਾਦਰ ਭਰੀ ਭਾਸ਼ਾ ਨੂੰ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕਰੇਗੀ। ਦਲਬੀਰ ਮਸੀਹ ਭੋਲਾ, ਜਗੀਰ ਸਿੰਘ ਕਿਲ੍ਹਾ ਲਾਲ ਸਿੰਘ, ਵਿਰਗਟ ਖਾਨਫੱਤਾ,ਗੁਰਨਾਮ ਸਿੰਘ ਬਟਾਲਾ, ਅਵਤਾਰ ਸਿੰਘ ਬਟਾਲਾ, ਮਾਸਟਰ ਅਜੀਤ ਸਿੰਘ ਤਾਰਾਗੜ੍ਹ, ਜਸਵਿੰਦਰ ਸਿੰਘ ਛਿੱਤ, ਪ੍ਰੇਮ ਮਸੀਹ ਸੋਨਾ, ਫੂਲ ਚੰਦ ਘਣੀਆਂ ਅਤੇ ਬਚਨ ਸਿੰਘ ਤੇਜਾ ਕਲਾਂ ਸ਼ਾਮਿਲ ਸਨ।
ਸੰਗਰੂਰ : ਸੀਪੀਆਈ, ਸੀਪੀਆਈ ਐਮ ਐਲ (ਲਿਬਰੇਸ਼ਨ) ਅਤੇ ਆਰਐਮਪੀਆਈ ਵਲੋਂ ਸਾਂਝੇ ਤੌਰ ’ਤੇ ਸੁਤੰਤਰ ਭਵਨ ਤੋਂ ਲੈਕੇ ਭਗਵਾਨ ਮਹਾਂਵੀਰ ਚੋਂਕ ਤੱਕ ਰੋਸ ਮਾਰਚ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ। ਜਿਸਦੀ ਅਗਵਾਈ ਸੁਖਦੇਵ ਸ਼ਰਮਾ, ਊਧਮ ਸਿੰਘ ਸੰਤੋਖਪੁਰਾ, ਇੰਦਰਜੀਤ ਸਿੰਘ ਘੁਮੰਡ ਵਲੋਂ ਕੀਤੀ। ਸਾਥੀ ਨਿਰਮਲ ਸਿੰਘ, ਨਵਜੀਤ ਸਿੰਘ, ਗੋਬਿੰਦ ਛਾਜਲੀ, ਜੀਵਨ ਸਿੰਘ, ਸੋਹਣ ਲਾਲ, ਰਾਜ ਕੁਮਾਰ, ਹਜਰਤ ਮੁਹੰਮਦ, ਕਵਿੰਦਰ ਬਿੱਟੂ, ਨਿਰੰਜਨ ਸਿੰਘ ਆਦਿ ਹਾਜ਼ਰ ਸਨ।
ਰਿਪੋਰਟ : ਸ਼ਮਸ਼ੇਰ ਸਿੰਘ ਬਟਾਲਾ
ਸੰਵਿਧਾਨ ਬਚਾਓ, ਮੋਦੀ ਹਟਾਓ ਦਿਵਸ ਮਨਾਇਆ
ਆਰਐੱਮਪੀਆਈ ਦੀ ਪੰਜਾਬ ਰਾਜ ਕਮੇਟੀ ਵੱਲੋਂ ਪੰਜਾਬ ਦੇ ਦਲਿਤ ਸਮਾਜ ਤੇ ਪੱਛੜੇ ਵਰਗਾਂ ਸਮੇਤ ਸਮੂਹ ਮਿਹਨਤਕਸਾਂ ਨੂੰ, ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤ ਦੇ ਸੰਵਿਧਾਨ ਨਿਰਮਾਤਾ, ਦੱਬੇ-ਕੁਚਲੇ ਲੋਕਾਂ ਦੇ ਹੱਕਾਂ-ਹਿਤਾਂ ਲਈ ਉਮਰ ਭਰ ਜੂਝਣ ਵਾਲੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਪ੍ਰਤੀ ਦਿਖਾਏ ਅਪਮਾਨ ਜਨਕ ਤੇ ਘਿ੍ਰਣਾ ਭਰੇ ਵਤੀਰੇ ਵਿਰੁੱਧ ਪੰਜਾਬ ਦੇ ਪਿੰਡਾਂ ਅੰਦਰ ਅਤੇ ਬਲਾਕ ਪੱਧਰ ਮੋਦੀ ਤੇ ਅਮਿਤ ਸ਼ਾਹ ਦੇ ਪੁਤਲੇ ਫੂਕ ਕੇ ‘ਸੰਵਿਧਾਨ ਬਚਾਓ, ਮੋਦੀ ਹਟਾਓ’ ਤਹਿਤ ਰੋਸ ਪ੍ਰਦਰਸ਼ਨ ਕੀਤੇ ਗਏ।
ਇਸ ਐਕਸ਼ਨ ਨੂੰ ਸਮੁੱਚੀ ਪਾਰਟੀ ਵਲੋਂ ਪੂਰੇ ਪੰਜਾਬ ਤਨਦੇਹੀ ਨਾਲ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ। ਪੂਰੇ ਸੂਬੇ ਭਰ ਵਿੱਚ ਕੇਂਦਰ ਸਰਕਾਰ ਦੇ ਖ਼ਿਲਾਫ਼ ਸ੍ਰੀ ਅੰਮ੍ਰਿਤਸਰ ਸਹਿਬ, ਰਈਆ, ਅਜਨਾਲਾ ,ਛਿੱਤ (ਬਟਾਲਾ), ਤਰਨਤਾਰਨ ਸਾਹਿਬ, ਭਿੱਖੀਵਿੰਡ, ਫਿਲੌਰ, ਬਿਲਗਾ, ਅਮਰਕੋਟ, ਸੁਜਾਨਪੁਰ, ਮਲਸੀਆਂ,ਖਡੂਰ ਸਾਹਿਬ, ਫਤਿਆਬਾਦ, ਤੁੜ, ਵੈਰੋਵਾਲ, ਬਾਣੀਆਂ ਜ਼ਿਲ੍ਹਾ ਤਰਨਤਾਰਨ ਸਾਹਿਬ, ਨੂਰਪੁਰ ਬੇਦੀ, ਮੁਕਤਸਰ ਸਾਹਿਬ, ਗੜ੍ਹਾ,ਖਾਬਰਾਂ, ਸੰਤੋਖਪੁਰਾ (ਜਲੰਧਰ ਸ਼ਹਿਰ), ਦੁਸਾਂਝ ਕਲਾਂ, ਮੱਲੀਆਂ ਕਲਾਂ, ਪੱਟੀ, ਭੱਜਲ, ਨਿਆਲ, ਟੀਚਰਜ਼ ਹੋਮ ਬਠਿੰਡਾ, ਦਿਓਣ, ਰਾਹੋਂ, ਜਗਤਪੁਰ ਬਘੋਰਾਂ, ਮਹਿੰਦੀਪੁਰ, ਗੁਜ਼ਰਪੁਰ, ਕਪੂਰਥਲਾ/ਸੁਲਤਾਨਪੁਰ ਲੋਧੀ,ਹੀਓਂ, ਛੇਹਰਟਾ, ਗੁਮਟਾਲਾ, ਤਲਵਾੜਾ, ਪਟਿਆਲਾ, ਪਿੰਡ ਬੀਨੇਵਾਲ (ਗੜ੍ਹਸ਼ੰਕਰ), ਪਿੰਡ ਪੋਸੀ ਆਦਿ ਥਾਵਾਂ ਤੇ ਪੁਤਲੇ ਫੂਕ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ।
ਆਰਐਮਪੀਆਈ ਵੱਲੋਂ ਸੂਬੇ ਵਿਚ ਕੀਤੀਆਂ ਗਈਆਂ ਸਫ਼ਲ ਰਾਜਨੀਤਕ ਕਾਨਫਰੰਸਾਂ
ਨਥਾਣਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਵਲੋਂ, ਰਾਜ ਕਮੇਟੀ ਦੇ ਸੱਦੇ ’ਤੇ ਵਿੱਢੀ ਸਿਆਸੀ-ਵਿਚਾਰਧਾਰਕ ਮੁਹਿੰਮ ਤਹਿਤ ਨੇੜਲੇ ਪਿੰਡ ਪੂਹਲੀ ਵਿਖੇ ਬਜ਼ੁਰਗ ਆਗੂ ਸੰਪੂਰਨ ਸਿੰਘ ਦੀ ਪ੍ਰਧਾਨਗੀ ਹੇਠ ਭਰਵੀਂ ਰਾਜਸੀ ਕਾਨਫਰੰਸ ਸੱਦੀ ਗਈ। ਮੁੱਖ ਬੁਲਾਰੇ ਪਾਰਟੀ ਦੇ ਜਨਰਲ ਕਾਮਰੇਡ ਮੰਗਤ ਰਾਮ ਪਾਸਲਾ, ਜ਼ਿਲ੍ਹਾ ਸਕੱਤਰ ਲਾਲ ਚੰਦ ਸਰਦੂਲਗੜ੍ਹ, ਖਜ਼ਾਨਚੀ ਪ੍ਰਕਾਸ਼ ਸਿੰਘ ਨੰਦਗੜ੍ਹ ਅਤੇ ਕਮੇਟੀ ਮੈਂਬਰ ਮਲਕੀਤ ਸਿੰਘ ਮਹਿਮਾ ਸਰਜਾ ਨੇ ਵੀ ਵਿਚਾਰ ਰੱਖੇ। ਪ੍ਰਬੰਧਕਾਂ ਵਲੋਂ ਦੁਸ਼ਾਲਾ ਭੇਂਟ ਕਰਕੇ ਸਾਥੀ ਮੰਗਤ ਰਾਮ ਪਾਸਲਾ ਨੂੰ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਲੋਕ ਪੱਖੀ ਗਾਇਕ ਸ੍ਰੀ ਅਜਮੇਰ ਸਿੰਘ ਅਕਲੀਆ ਵਲੋਂ ਕ੍ਰਾਂਤੀਕਾਰੀ ਗੀਤ-ਗਜ਼ਲਾਂ ਪੇਸ਼ ਕੀਤੇ ਗਏ। ਜਨਤਕ ਆਗੂ ਗੁਰਮੀਤ ਸਿੰਘ ਜੈ ਸਿੰਘ ਵਾਲਾ, ਸਵਰਨ ਸਿੰਘ ਪੂਹਲੀ, ਜੋਗਿੰਦਰ ਸਿੰਘ ਕਲਿਆਣ, ਮੱਖਣ ਸਿੰਘ ਪੂਹਲੀ, ਨਛੱਤਰ ਸਿੰਘ ਗਿੱਦੜ, ਬਲਦੇਵ ਸਿੰਘ ਪੂਹਲੀ, ਬਾਵਾ ਸਿੰਘ ਦਿਉਣ, ਜਗਦੇਵ ਸਿੰਘ ਬੁਵਾਢੇ ਵਾਲਾ ਵੀ ਮੌਜੂਦ ਸਨ।
ਗੁਰਦਾਸਪੁਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਤਹਿਸੀਲ ਕਮੇਟੀ ਗੁਰਦਾਸਪੁਰ ਵੱਲੋਂ ਰੁਲੀਆ ਰਾਮ ਕਾਲੋਨੀ ਜੇਲ੍ਹ ਰੋਡ ਸ਼ਹੀਦ ਕਾਮਰੇਡ ਬਲਜੀਤ ਸਿੰਘ ਫਜ਼ਲਾਬਾਦ ਭਵਨ ਵਿਖੇ ਕਾਮਰੇਡ ਹਰਜੀਤ ਸਿੰਘ ਕਾਹਲੋਂ, ਸਾਬਕਾ ਹੈਡਮਾਸਟਰ ਅਬਿਨਾਸ਼ ਸਿੰਘ, ਭੈਣ ਜੀ ਅਮਰੀਕ ਕੌਰ ਅਤੇ ਮਾਸਟਰ ਸੁਭਾਸ਼ ਸ਼ਰਮਾਂ ਦੀ ਪ੍ਰਧਾਨਗੀ ਹੇਠ ਮੁਲਾਜ਼ਮਾਂ, ਪੈਨਸ਼ਨਰਾਂ, ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਲਈ ਤਾਉਮਰ ਸੰਘਰਸ਼ਸ਼ੀਲ ਰਹੇ ਪਾਰਟੀ ਦੇ ਸਤਿਕਾਰਤ ਆਗੂ ਸਾਥੀ ਨਿਰਮਲ ਸਿੰਘ ਬੋਪਾਰਾਏ ਦੀ ਯਾਦ ਨੂੰ ਸਮਰਪਿਤ ਸ਼ਰਧਾਂਜ਼ਲੀ ਸਮਾਰੋਹ ਅਤੇ ਮੌਜੂਦਾ ਹਾਲਾਤਾਂ ਤੇ ਅਯੋਜਿਤ ਰਾਜਸੀ ਚੇਤਨਾ ਕਾਨਫਰੰਸ ਨੂੰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਸੰਬੋਧਨ ਕੀਤਾ। ਕਾਮਰੇਡ ਨੱਥਾ ਸਿੰਘ ਢਡਵਾਲ, ਮੱਖਣ ਸਿੰਘ ਕੁਹਾੜ, ਧਿਆਨ ਸਿੰਘ ਠਾਕੁਰ, ਸ਼ਿਵ ਕੁਮਾਰ, ਸੰਤੋਖ ਸਿੰਘ ਕਾਦੀਆਂ, ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਵੀ ਸਾਥੀ ਨਿਰਮਲ ਸਿੰਘ ਬੋਪਾਰਾਏ ਨੂੰ ਸ਼ਰਧਾਂਜਲੀ ਭੇਂਟ ਕੀਤੀਆਂ। ਕਾਮਰੇਡ ਸੁਰਜੀਤ ਸਿੰਘ ਘੁਮਾਣ, ਸਾਥੀ ਅਜੀਤ ਸਿੰਘ ਹੁੰਦਲ, ਗੁਰਦਿਆਲ ਸਿੰਘ ਸੋਹਲ, ਤਰਸੇਮ ਸਿੰਘ ਭੰਗੂ, ਸੁਭਾਸ਼ ਦੀਵਾਨਾ, ਸ਼ੀਤਲ ਸਿੰਘ ਗੁਨੋਪੁਰ, ਕਰਨੈਲ ਸਿੰਘ ਰਾਜੂਬੇਲਾ, ਕਪੂਰ ਸਿੰਘ ਘੁੰਮਣ, ਅਮਰਜੀਤ ਸਿੰਘ ਸੈਣੀ, ਰਘਬੀਰ ਸਿੰਘ ਚਾਹਲ, ਬਲਦੇਵ ਰਾਜ ਭੋਆ, ਸ਼ਿੰਦਰਪਾਲ ਬਿਸ਼ਨਕੋਟ, ਬਲਜੀਤ ਸਿੰਘ ਅਤੇ ਹੋਰ ਸਾਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਫਤਿਆਬਾਦ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਰਾਜਨੀਤਕ ਚੇਤਨਾ ਮੁਹਿੰਮ ਤਹਿਤ ਸ਼ਹੀਦ ਸੋਹਣ ਲਾਲ ਪਾਠਕ ਦੇ ਜਨਮ ਦਿਨ ਨੂੰ ਸਮਰਪਤ ਪਿੰਡ ਭਰੋਵਾਲ ਕਾਨਫਰੰਸ ਵਿੱਖੇ ਕੀਤੀ ਗਈ। ਪ੍ਰਧਾਨਗੀ ਜਸਬੀਰ ਸਿੰਘ, ਵੈਰੋਵਾਲ, ਮਾ ਸਰਬਜੀਤ ਸਿੰਘ, ਪਿ੍ਰੰਸੀਪਲ ਗੁਰਦੀਪ ਸਿੰਪ, ਕਲਵਿੰਦਰ ਕੌਰ ਖਡੂਰ ਸਹਿਬ, ਤਰਸੇਮ ਸਿੰਘ ਭਰੋਵਾਲ, ਝਿਲਮਿਲ ਸਿੰਘ ਬਾਣੀਆਂ ਆਦਿ ਆਗੂਆਂ ਨੇ ਕੀਤੀ। ਪਾਰਟੀ ਦੇ ਸੂਬਾਈ ਸਕੱਤਰ ਪਰਗਟ ਸਿੰਘ ਜਾਮਾਰਾਏ, ਕੇਂਦਰੀ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਦਾਊਦ ਨੇ ਸੰਬੋਧਨ ਕੀਤਾ। ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੇਲੋਕੇ, ਬਲਵਿੰਦਰ ਸਿੰਘ ਦਿੱਲੀ, ਫੇਲੋਕੇ, ਤਰਸੇਮ ਸਿੰਘ ਭਰੋਵਾਲ, ਸੁਖਵੰਤ ਸਿੰਘ ਦੋਧੀ, ਗਿਆਨ ਸਿੰਘ ਭਰੋਵਾਲ, ਇੰਦਰਜੀਤ ਸਿੰਘ ਵੇਈਂਪੂਈਂ, ਸਤਨਾਮ ਸਿੰਘ, ਹਰਦੇਵ ਸਿੰਘ, ਸੁਖਵਿੰਦਰ ਸਿੰਘ ਰਾਜੂ ਕੋਟ, ਨਛੱਤਰ ਸਿੰਘ ਤੁੜ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ਼ ਸਕੱਤਰ ਦੇ ਫਰਜ਼ ਨੌਜਵਾਨ ਆਗੂ ਸਲੱਖਣ ਸਿੰਘ ਤੁੜ ਨੇ ਬਾਖੂਬੀ ਨਿਭਾਏ।
ਸਿੱਧਵਾਂ ਬੇਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵਲੋਂ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਗੋਰਸੀਆ ਕਾਦਰਬਖਸ ਵਿੱਚ ਕੀਤੀ ਗਈ ਰਾਜਸੀ ਕਾਨਫਰੰਸ ਦੀ ਪ੍ਰਧਾਨਗੀ ਗੁਰਮੇਲ ਸਿੰਘ ਰੂਮੀ, ਬਲਜੀਤ ਸਿੰਘ ਗੋਰਸੀਆ ਅਤੇ ਦਿਵਾਨ ਸਿੰਘ ਕੋਟਉਮਰਾ ਨੇ ਕੀਤੀ। ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਰਘਵੀਰ ਸਿੰਘ ਬੈਨੀਪਾਲ, ਬਲਰਾਜ ਸਿੰਘ ਕੋਟਉਮਰਾ ਅਤੇ ਗੁਰਦੀਪ ਸਿੰਘ ਮੋਤੀ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਸ਼ਹੀਦ ਹੋਏ ਆਗੂਆਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਹਰਨੇਕ ਸਿੰਘ ਗੁੱਜਰਵਾਲ, ਅਮਰਜੀਤ ਸਿੰਘ ਸਹਿਜਾਦ, ਗੁਰਦੀਪ ਸਿੰਘ ਕਲਸੀ, ਸਰਪੰਚ ਜਸਵਿੰਦਰ ਸਿੰਘ, ਪੰਚ ਹਰਪ੍ਰੀਤ ਸਿੰਘ, ਇਕਬਾਲ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ ਗਗੜਾ, ਪਿ੍ਰਤਪਾਲ ਸਿੰਘ ਪੰਡੋਰੀ, ਕਰਨੈਲ ਸਿੰਘ ਆਦਿ ਵੀ ਹਾਜ਼ਰ ਸਨ।
ਸਰਦੂਲਗੜ੍ਹ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਵਲੋਂ ਚੌੜਾ ਬਾਜ਼ਾਰ ਵਿਖੇ ਸਾਥੀ ਰਣਬੀਰ ਕੁਮਾਰ ਜੈਨ ਦੀ ਪ੍ਰਧਾਨਗੀ ਹੇਠ ਕੀਤੀ ਗਈ ਰਾਜਨੀਤਕ ਕਾਨਫਰੰਸ ਕੀਤੀ ਗਈ।ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ , ਜ਼ਿਲ੍ਹਾ ਸਕੱਤਰ ਸਾਥੀ ਲਾਲ ਚੰਦ ਨੇ ਸੰਬੋਧਨ ਕੀਤਾ।
ਮੰਚ ਸੰਚਾਲਨ ਸਾਥੀ ਆਤਮਾ ਰਾਮ ਸਰਦੂਲਗੜ੍ਹ ਨੇ ਕੀਤਾ। ਪਾਰਟੀ ਦੀ ਹਰਿਆਣਾ ਰਾਜ ਕਮੇਟੀ ਦੇ ਸਕੱਤਰ ਸਾਥੀ ਤੇਜਿੰਦਰ ਸਿੰਘ ਥਿੰਦ, ਰਾਜ ਕਮੇਟੀ ਦੇ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ ,ਵਿਦਿਆਰਥੀ ਆਗੂ ਰਵਿੰਦਰ ਸਿੰਘ ਲੋਹਗੜ੍ਹ ਤੋਂ ਇਲਾਵਾ ਅਮਰੀਕ ਸਿੰਘ ਫਫੜੇ ਭਾਈਕੇ, ਧੰਨਾ ਸਿੰਘ ਟਾਹਲੀਆਂ, ਗੁਰਦੇਵ ਸਿੰਘ ਲੋਹਗੜ੍ਹ, ਰਣਬੀਰ ਕੁਮਾਰ ਜੈਨ, ਮਨਦੀਪ ਸਿੰਘ ਸੰਧੂ, ਗਗਨਦੀਪ, ਬੰਸੀ ਲਾਲ, ਮੰਗਤ ਰਾਮ ਕਰੰਡੀ, ਮਾਸਟਰ ਹਰਜੰਟ ਸਿੰਘ ਵੀ ਹਾਜ਼ਰ ਸਨ। ਲੋਕ ਪੱਖੀ ਗਾਇਕ ਅਜਮੇਰ ਸਿੰਘ ਅਕਾਲੀਆ ਨੇ ਇਨਕਲਾਬੀ ਗੀਤ ਪੇਸ਼ ਕੀਤੇ।
ਅਟਾਰੀ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਅਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ’ਚ ਲੋਕ ਹਿੱਤ ’ਚ ਦੁਵੱਲੇ ਵਪਾਰ ਲਈ ਵਾਹਗਾ ਸਰਹੱਦ ਮੁੜ ਖੁੱਲਵਾਉਣ ਲਈ ਇਥੇ ਵਿਸ਼ਾਲ ਰਾਜਸੀ ਚੇਤਨਾ ਕਾਨਫਰੰਸ ਕੀਤੀ ਗਈ। ਪ੍ਰਧਾਨਗੀ ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਹਰਪਾਲ ਸਿੰਘ ਛੀਨਾ, ਮੁਖਤਾਰ ਸਿੰਘ ਮੁਹਾਵਾ ਅਤੇ ਅਮਰਜੀਤ ਸਿੰਘ ਰਣੀਕੇ ਨੇ ਕੀਤੀ। ਭਾਰਤ ਪਾਕਿਸਤਾਨ ਵਪਾਰ ਚਲਾਉਣ ਸੰਬੰਧੀ ਜਮਹੂਰੀ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਹਿੰਦ ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਅਤੇ ਪੱਤਰਕਾਰ ਸਤਨਾਮ ਸਿੰਘ ਮਾਣਕ, ਫੋਕਲਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਕੁਮਾਰ ਯਾਦਵ ਅਤੇ ਹੋਰ ਸੰਸਥਾਵਾਂ ਵਲੋਂ ਵੀ ਸਹਿਯੋਗ ਦਿੱਤਾ ਗਿਆ। ਕਾਨਫਰੰਸ ਨੂੰ ਆਰਐੱਮਪੀਆਈ ਦੇ ਕੌਮੀ ਜਨਰਲ ਸਕੱਤਰ ਕਾ. ਮੰਗਤ ਰਾਮ ਪਾਸਲਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਧਨਵੰਤ ਸਿੰਘ ਖਤਰਾਏ ਕਲਾਂ ਨੇ ਸੰਬੋਧਨ ਕੀਤਾ। ਆਗੂਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਭਾਰਤ-ਪਾਕਿ ਦੁਵੱਲਾ ਖੇਤੀ ਤੇ ਹੋਰ ਵਸਤੂਆਂ ਦਾ ਵਪਾਰ ਵਧਾਉਣ ਲਈ ਵਾਹਗਾ, ਹੁਸੈਨੀਵਾਲਾ ਤੇ ਸਦੀਕੀ ਸਰਹੱਦ ਖੋਲ੍ਹੇ ਜਾਣ।
ਜਨਰਲ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ, ਪ੍ਰਧਾਨ ਦਵਿੰਦਰ ਸਿੰਘ ਛੀਨਾ, ਹਰਦੇਵ ਸਿੰਘ ਸੰਧੂ, ਸੂਬਾ ਪ੍ਰਧਾਨ ਬਲਵੰਤ ਸਿੰਘ ਖਤਰਾਏ ਕਲਾਂ, ਕਾਬਲ ਸਿੰਘ ਛੀਨਾ, ਮਾਸਟਰ ਅਮਰੀਕ ਸਿੰਘ ਸੰਗਤਪੁਰਾ, ਹਰਪਾਲ ਸਿੰਘ ਛੀਨਾ ਜ਼ਿਲ੍ਹਾ ਪ੍ਰਧਾਨ ਕੇ.ਕੇ.ਯੂ. ਪੰਜਾਬ, ਦਿਲਬਾਗ ਸਿੰਘ ਸਰਕਾਰੀਆ, ਮਨਜੀਤ ਸਿੰਘ, ਹਰਜੀਤ ਸਿੰਘ ਸਰਕਾਰੀਆ, ਰਸਾਲ ਸਿੰਘ ਰਾਜਾਤਾਲ, ਸਰਪੰਚ ਹਰਪ੍ਰੀਤ ਸਿੰਘ, ਪਰਮਜੀਤ ਸਿੰਘ ਘਰਿੰਡੀ, ਕਾਬਲ ਸਿੰਘ ਛੀਨਾ, ਦਵਿੰਦਰ ਸਿੰਘ ਛੀਨਾ, ਡਾਕਟਰ ਇੰਦਰਜੀਤ ਸਿੰਘ ਮਹਿਲਾਂ ਵਾਲਾ, ਸਰਨਜੀਤ ਸਿੰਘ ਧਨੋਆ, ਬਲਦੇਵ ਸਿੰਘ ਧਾਲੀਵਾਲ, ਸੁੱਚਾ ਸਿੰਘ ਤੇੜਾ, ਗੁਰਨਾਮ ਸਿੰਘ ਦਾਓਕੇ, ਬਾਪੂ ਸੁੱਚਾ ਸਿੰਘ ਖਤਰਾਏ, ਨਿਰਮਲ ਸਿੰਘ ਮੋਦੇ, ਸਰਪੰਚ ਤਰਲੋਕ ਸਿੰਘ ਧਨੋਆ, ਸਰਪੰਚ ਮਨਿੰਦਰ ਸਿੰਘ ਨੇਸਟਾ, ਮਨਜੀਤ ਸਿੰਘ ਮੁਹਾਰ, ਖਜਾਨ ਸਿੰਘ ਮੋਦੇ, ਮੱਖਣ ਸਿੰਘ ਰਾਜਾਤਾਲ, ਕਾਬਲ ਸਿੰਘ ਛੀਨਾ, ਵਿਰਸਾ ਸਿੰਘ ਟਪਿਆਲਾ ਅਤੇ ਬਿਕਰਮਜੀਤ ਸਿੰਘ ਕੋਹਾਲੀ ਨੇ ਵੀ ਆਪਣੇ ਵਿਚਾਰ ਰੱਖੇ। ਰਿਪੋਰਟ: ਸ਼ਮਸ਼ੇਰ ਸਿੰਘ ਬਟਾਲਾ
ਮੋਗਾ ਅਤੇ ਟੋਹਾਣਾ (ਹਰਿਆਣਾ) ਵਿਖੇ ਸੰਯੁਕਤ ਕਿਸਾਨ ਮੋਰਚੇ ਦੀਆਂ ਮਹਾਂਪੰਚਾਇਤਾਂ
ਮੋਗਾ : ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੀ ਗਈ ਮਹਾਂਪੰਚਾਇਤ ਪੰਜਾਬ ਦੇ ਕੋਨੇ ਕੋਨੇ ਤੋਂ ਵਹੀਰਾਂ ਘੱਤ ਕੇ ਸ਼ਾਮਿਲ ਹੋਏ ਕਿਸਾਨਾਂ ਕਾਰਨ ਰਿਕਾਰਡ ਤੋੜ ਜਨ ਸੈਲਾਬ ਉਮੜਿਆ। ਮਹਾਂਪੰਚਾਇਤ ਵਿਚ 13 ਜਨਵਰੀ ਨੂੰ ਤਹਿਸੀਲ ਹੈਡਕੁਆਰਟਰਾਂ ਉੱਤੇ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਦੀਆਂ ਕਾਪੀਆਂ ਸਾੜਣ ਅਤੇ ਪਿਛਲੇ ਸਾਲਾਂ ਦੀ ਤਰਜ਼ ਉੱਤੇ 26 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਐਕਸ਼ਨ ਪ੍ਰੋਗਰਾਮਾਂ ਵਿੱਚ ਕੌਮੀ ਖੇਤੀ ਮੰਡੀਕਰਨ ਨੀਤੀ ਖਰੜੇ ਨੂੰ ਰੱਦ ਕਰਨ, ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਕਤੀ ਦੀ ਮੰਗ ਕਰਨ ਦੇ ਨਾਲ ਨਾਲ ਬਾਰਡਰਾਂ ਤੇ ਸੰਘਰਸ਼ੀਲ ਕਿਸਾਨਾਂ ਦਾ ਸਮਰਥਨ ਕੀਤਾ ਜਾਵੇਗਾ। ਮੋਗਾ ਮਹਾਂਪੰਚਾਇਤ ਵਿੱਚ ਜੁੜੇ ਇਕੱਠ ਨੇ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਵਾਉਣ, ਸਵਾਮੀਨਾਥਨ ਫਾਰਮੂਲੇ ਤਹਿਤ ਐਮ ਐਸ ਪੀ ਤੇ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਉਣ ਸਮੇਤ ਦਿੱਲੀ ਮੋਰਚੇ ਦੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਕਤੀ ਖਾਤਰ ਕਿਸਾਨ ਲਹਿਰ ਦੇ ਸਾਂਝੇ/ ਤਾਲਮੇਲਵੇ ਸੰਘਰਸ਼ ਦੀ ਲੋੜ ਦੇ ਮੱਦੇਨਜ਼ਰ ਏਕਤਾ ਮਤਾ ਪਾਸ ਕੀਤਾ। ਸੰਯੁਕਤ ਕਿਸਾਨ ਮੋਰਚਾ ਦੀ ਛੇ ਮੈਂਬਰੀ ਏਕਤਾ ਕਮੇਟੀ 10 ਜਨਵਰੀ ਨੂੰ ਖਨੌਰੀ ਅਤੇ ਸੰਭੂ ਬਾਰਡਰ ਵਿਖੇ ਏਕਤਾ ਦਾ ਇਹ ਮਤਾ ਲੈਕੇ ਜਾਵੇਗੀ। ਜਿਸ ਵਿਚ 15 ਜਨਵਰੀ ਨੂੰ ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਸਾਂਝੀ ਮੀਟਿੰਗ ਕਰਨ ਦਾ ਸੱਦਾ ਵੀ ਸ਼ਾਮਿਲ ਹੈ। ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਦਿਨੋਂ ਦਿਨ ਗੰਭੀਰ ਹੋ ਰਹੀ ਹਾਲਤ ਦੇ ਲਈ ਕੇਂਦਰ ਸਰਕਾਰ ਖਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀ ਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਦੱਸਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਜ਼ੋਰਦਾਰ ਮੰਗ ਕੀਤੀ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ਤੁਰੰਤ ਸੰਘਰਸ਼ਸ਼ੀਲ ਜੱਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕਰੇ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਦਾ ਕੋਈ ਨੁਕਸਾਨ ਹੋਇਆ ਤਾਂ ਮੋਰਚਾ ਸਖਤ ਕਦਮ ਚੁੱਕਣ ਤੋਂ ਪਿੱਛੇ ਨਹੀ ਹਟੇਗਾ।
ਮਹਾਂਪੰਚਾਇਤ ਨੂੰ ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ, ਰਾਮਿੰਦਰ ਸਿੰਘ ਪਟਿਆਲਾ ਹਰਮੀਤ ਸਿੰਘ ਕਾਦੀਆਂ, ਡਾ ਦਰਸ਼ਨਪਾਲ, ਕਿ੍ਰਸ਼ਨਾ ਪ੍ਰਸ਼ਾਦ, ਬੂਟਾ ਸਿੰਘ ਬੁਰਜਗਿੱਲ, ਹਰਿੰਦਰ ਸਿੰਘ ਲੱਖੋਵਾਲ, ਮਨਜੀਤ ਸਿੰਘ ਧਨੇਰ, ਡਾ ਸਤਨਾਮ ਸਿੰਘ ਅਜਨਾਲਾ, ਰਾਜਨ ਸ੍ਰੀਸਾਗਰ, ਬਲਕਰਨ ਸਿੰਘ ਬਰਾੜ, ਬਿੰਦਰ ਸਿੰਘ ਗੋਲੇਵਾਲਾ, ਰੁਲਦੂ ਸਿੰਘ ਮਾਨਸਾ, ਜੋਗਿੰਦਰ ਨੈਨ, ਸੁਰੇਸ ਕੌਥ, ਨਿਰਵੈਲ ਸਿੰਘ ਡਾਲੇਕੇ, ਹਰਜਿੰਦਰ ਸਿੰਘ ਟਾਂਡਾ, ਹਰਦੇਵ ਸਿੰਘ ਸੰਧੂ, ਨਛੱਤਰ ਸਿੰਘ ਜੈਤੋ, ਪ੍ਰੇਮ ਸਿੰਘ ਭੰਗੂ, ਸੁਖਦੇਵ ਸਿੰਘ ਅਰਾਈਆਂਵਾਲਾ, ਰੂਪ ਬਸੰਤ ਸਿੰਘ, ਮਲੂਕ ਸਿੰਘ ਹੀਰਕੇ, ਸੁੱਖ ਗਿੱਲ ਮੋਗਾ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਮੱਲੀ ਨੰਗਲ, ਹਰਵਿੰਦਰ ਕੌਰ ਬਿੰਦੂ, ਗੁਰਦੇਵ ਸਿੰਘ ਢਿੱਲੋਂ ਆਦਿ ਸਮੇਤ ਹੋਰ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ।
ਟੋਹਾਣਾ (ਫਤਿਆਬਾਦ) : ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨਾਂ ਦੀ ਭਾਰੀ ਸ਼ਮੂਲੀਅਤ ਵਾਲੀ ਕਿਸਾਨ ਮਹਾਂਪੰਚਾਇਤ ਨੇ ਕੌਮੀ ਖੇਤੀ ਮੰਡੀਕਰਨ ਨੀਤੀ (ਐਨ.ਐਫ.ਏ.ਐਮ.) ਦੇ ਹਾਲ ਹੀ ਵਿੱਚ ਜਾਰੀ ਕੀਤੇ ਖਰੜੇ ਨੂੰ ਸਖਤੀ ਨਾਲ ਰੱਦ ਕੀਤਾ ਅਤੇ ਮਰਨ ਵਰਤ ਤੇ ਬੈਠੇ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ’ਤੇ ਡੂੰਘੀ ਚਿੰਤਾ ਪ੍ਰਗਟਾਈ। ਧੁੰਦ ਅਤੇ ਠੰਡ ਦੇ ਬਾਵਜੂਦ ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦਾ ਵਿਰੋਧ ਕਰਨ ਲਈ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਕਿਸਾਨਾਂ ਦਾ ਵਿਸ਼ਾਲ ਇਕੱਠ ਹੋਇਆ। ਇਸ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣ ਵਾਲੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰਾਕੇਸ਼ ਟਿਕੈਤ, ਕਿ੍ਰਸ਼ਨ ਪ੍ਰਸ਼ਾਦ, ਡਾ: ਦਰਸ਼ਨ ਪਾਲ, ਰਮਿੰਦਰ ਪਟਿਆਲਾ, ਸਤਿਆਵਾਨ, ਸੁਰੇਸ਼ ਕੋਠ, ਜੋਗਿੰਦਰ ਨੈਨ, ਮਾਸਟਰ ਬਲਬੀਰ, ਆਰ. ਵੈਂਕਈਆ, ਰੁਲਦੂ ਸਿੰਘ ਮਾਨਸਾ, ਮਨਜੀਤ ਸਿੰਘ ਧਨੇਰ, ਅਮਰੀਕ ਸਿੰਘ ਅਤੇ ਕੰਵਰਜੀਤ ਸਿੰਘ ਹੋਰਾਂ ਨੇ ਕਿਹਾ ਕਿ ਇਨ੍ਹਾਂ ਨੀਤੀਆਂ ਨੂੰ ਭਾਂਜ ਦੇਣ ਲਈ ਕੌਮੀ ਰਾਜਧਾਨੀ ਦੀਆਂ ਸਰਹੱਦਾਂ ’ਤੇ 2020-21 ਵਿੱਚ ਲੜੇ ਗਏ ਇਤਿਹਾਸਿਕ ਅੰਦੋਲਨ ਨਾਲੋਂ ਵੀ ਵੱਧ ਤਾਕਤ ਜੁਟਾ ਕੇ ਇੱਕ ਸ਼ਕਤੀਸ਼ਾਲੀ ਲਹਿਰ ਖੜ੍ਹੀ ਕਰਨੀ ਪਵੇਗੀ। ਮਹਾਪੰਚਾਇਤ ਵਿੱਚ ਸ਼ਾਮਿਲ ਹੋਣ ਲਈ ਬਠਿੰਡਾ ਜ਼ਿਲ੍ਹੇ ਤੋਂ ਆ ਰਹੀਆਂ ਤਿੰਨ ਔਰਤਾਂ ਦੀ ਹਾਦਸੇ ਵਿੱਚ ਹੋਈ ਦਰਦਨਾਕ ਮੌਤ ’ਤੇ ਮਹਾਪੰਚਾਇਤ ਦੇ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜ਼ਲੀ ਭੇਟ ਕੀਤੀ।
ਕੌਮੀ ਖੇਤੀ ਮੰਡੀਕਰਨ ਨੀਤੀ ਦੇ ਖਰੜੇ ਦੀਆਂ ਕਾਪੀਆਂ ਸਾੜੀਆਂ
ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਕੇਂਦਰੀ ਖੇਤੀ ਮੰਡੀਕਰਨ ਨੀਤੀ ਵਿਰੁੱਧ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਨਿੱਤਰ ਆਈਆਂ ਹਨ ਜਿਨ੍ਹਾਂ ਨੇ ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਭਰ ਵਿੱਚ 100 ਤੋਂ ਵੱਧ ਥਾਵਾਂ ’ਤੇ ਰੋਸ ਮੁਜ਼ਾਹਰੇ ਕੀਤੇ ਅਤੇ ਨਵੀਂ ਕੇਂਦਰੀ ਖੇਤੀ ਮੰਡੀਕਰਨ ਨੀਤੀ ਖਰੜੇ ਦੀਆਂ ਕਾਪੀਆਂ ਸਾੜੀਆਂ। ਇਸ ਵਿੱਚ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ), ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨਾਲ ਜੁੜੀਆਂ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਨੌਜਵਾਨ, ਬਜ਼ੁਰਗ ਤੇ ਔਰਤਾਂ ਸ਼ਾਮਲ ਹੋਈਆਂ। ਪੰਜਾਬ ਦੇ ਸਾਰੇ ਜ਼ਿਲਿ੍ਹਆਂ ਤੇ ਤਹਿਸੀਲਾਂ ਵਿੱਚ ਹੋਏ ਰੋਜ਼ ਮੁਜ਼ਾਹਰਿਆਂ ਨੂੰ ਕਿਸਾਨ ਆਗੂ ਮੁਕੇਸ਼ ਚੰਦਰ, ਬੂਟਾ ਸਿੰਘ ਬੁਰਜਗਿੱਲ, ਡਾ. ਸਤਨਾਮ ਅਜਨਾਲਾ, ਰੁਲਦੂ ਸਿੰਘ ਮਾਨਸਾ, ਨਿਰਭੈ ਸਿੰਘ ਢੁੱਡੀਕੇ, ਜੰਗਵੀਰ ਚੌਹਾਨ, ਬਿੰਦਰ ਸਿੰਘ ਗੋਲੇਵਾਲ, ਭੋਗ ਸਿੰਘ ਮਾਨਸਾ, ਪ੍ਰੇਮ ਸਿੰਘ ਭੰਗੂ, ਹਰਜਿੰਦਰ ਸਿੰਘ ਢਾਂਡਾ, ਸੁਖਦੇਵ ਸਿੰਘ ਕੋਕਰੀਕਲਾਂ, ਅੰਗਰੇਜ਼ ਸਿੰਘ ਭਦੌੜ, ਰੂਪ ਬਸੰਤ ਸਿੰਘ, ਬਲਕਰਨ ਸਿੰਘ ਬਰਾੜ, ਹਰਦੇਵ ਸਿੰਘ ਸੰਧੂ ਆਦਿ ਨੇ ਕਿਹਾ ਕਿ ਜੇ ਇਹ ਖਰੜਾ ਲਾਗੂ ਹੁੰਦਾ ਹੈ ਤਾਂ ਕਿਸਾਨਾਂ, ਖੇਤ ਮਜ਼ਦੂਰਾਂ, ਛੋਟੇ ਉਤਪਾਦਕਾਂ ਅਤੇ ਛੋਟੇ ਵਪਾਰੀਆਂ ਦੇ ਹਿੱਤਾਂ ਨੂੰ ਤਬਾਹ ਕਰ ਦੇਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਨਵੀਂ ਖੇਤੀ ਮੰਡੀਕਰਨ ਨੀਤੀ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਐੱਮਐੱਸਪੀ ਤੇ ਘੱਟੋ-ਘੱਟ ਉਜ਼ਰਤ ਨੂੰ ਯਕੀਨੀ ਬਣਾਉਣ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਦਾ ਮੁੱਖ ਪ੍ਰਸਤਾਵ ਮੌਜੂਦਾ ਖੇਤੀ ਮੰਡੀਕਰਨ ਪ੍ਰਣਾਲੀ ਦਾ ਬੁਨਿਆਦੀ ਢਾਂਚਾ ਬਦਲ ਕੇ ਇਕੋ ਕੌਮੀ ਮੰਡੀ ਸਥਾਪਤ ਕਰਨਾ ਹੈ।\ਇਸ ਦੇ ਲਾਗੂ ਹੋਣ ਨਾਲ ਦੇਸ਼ ਭਰ ਵਿੱਚ ਖੇਤੀ ਕਿੱਤੇ ਉੱਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ। ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ਫਿਲੌਰ , ਗੁਰਦਾਸਪੁਰ, ਮੱਲੀਆਂ ਕਲਾਂ, ਡੇਹਲੋਂ, ਜਗਰਾਓਂ, ਮੁਹਾਲੀ, ਪਟਿਆਲਾ,ਖਡੂਰ ਸਾਹਿਬ, ਪਠਾਨਕੋਟ, ਮਹਿਤਪੁਰ, ਅਜਨਾਲਾ, ਬਾਬਾ ਬਕਾਲਾ,ਅਬਹੋਰ, ਸਰਦੂਲਗੜ੍ਹ , ਕਲਾਨੌਰ ਵਿਖੇ ਹੋਏ ਰੋਸ ਮੁਜ਼ਾਹਰਿਆਂ ਨੂੰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ ਸਤਨਾਮ ਸਿੰਘ ਅਜਨਾਲਾ, ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਰਘਬੀਰ ਸਿੰਘ ਬੈਨੀਪਾਲ, ਸੰਤੋਖ ਸਿੰਘ ਬਿਲਗਾ, ਮਨਹੋਰ ਗਿੱਲ, ਹਰਨੇਕ ਸਿੰਘ ਗੁੱਜਰਵਾਲ, ਹਰਪ੍ਰੀਤ ਬੁਟਾਰੀ, ਮੱਖਣ ਕੁਹਾੜ, ਹਰਜੀਤ ਕਾਹਲੋਂ, ਬਲਵੰਤ ਘੋਹ, ਮਨਜੀਤ ਸਿੰਘ ਬੱਗੂ, ਮੁਖਤਾਰ ਮੱਲਾਂ, ਬਲਰਾਜ ਸਿੰਘ ਕੋਟ ਓਮਰਾ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਪੰਜਾਬ ਸਰਕਾਰ, ਅਫ਼ਸਰ ਸ਼ਾਹੀ ਅਤੇ ਖਣਨ ਮਾਫ਼ੀਆ ਵਿਰੁੱਧ ਮੁਜ਼ਾਹਰਾ ਤਲਵਾੜਾ: ਖਣਨ ਰੋਕੋ ਜ਼ਮੀਨ ਬਚਾਓ ਸੰਘਰਸ ਕਮੇਟੀ ਦੇ ਬੈਨਰ ਹੇਠਾਂ ਖਣਨ ਅਤੇ ਸਟੋਨ ਕਰੈਸ਼ਰ ਤੋਂ ਪੀੜ੍ਹਤ ਕਰੀਬ ਅੱਧੀ ਦਰਜਨ ਪਿੰਡਾਂ ਦੇ ਵਸਨੀਕਾਂ ਨੇ ਅੱਡਾ ਝੀਰ ਦਾ ਖੂਹ ਵਿਖੇ ਰੋਸ ਮਾਰਚ ਕਰਨ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਤੋਂ ਪਹਿਲਾਂ ਹੰਦਵਾਲ ਮੋੜ ’ਤੇ ਇਕੱਠੇ ਹੋਏ ਲੋਕਾਂ ਨੇ ਮੁਜ਼ਾਹਰਾ ਕੀਤਾ ਅਤੇ ਸਰਕਾਰ ਤੇ ਖਣਨ ਮਾਫੀਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ, ਜਮਹੂਰੀ ਕਿਸਾਨ ਸਭਾ ਤਹਿਸੀਲ ਮੁਕੇਰੀਆਂ ਦੇ ਪ੍ਰਧਾਨ ਤਰਲੋਕ ਸਿੰਘ, ਸਰਪੰਚ ਗੁਰਮੀਤ ਕੌਰ ਪੱਤੀ ਨਵੇਂ ਘਰ, ਸਰਪੰਚ ਜਸਮਾਨ ਸਿੰਘ ਢਾਡੇਕਟਵਾਲ, ਸਰਪੰਚ ਰੋਸ਼ਨ ਲਾਲ ਹੰਦਵਾਲ, ਸਰਪੰਚ ਸੁਖਵਿੰਦਰ ਸਿੰਘ ਕਲੇਰਾਂ, ਸ਼ਹਿਰੀ ਪ੍ਰਧਾਨ ਬੋਧਰਾਜ ਤਲਵਾੜਾ, ਸਾਬਕਾ ਡੀਐਸਪੀ ਮੁਲਤਾਨ ਸਿੰਘ, ਨੌਜਵਾਨ ਆਗੂ ਅੰਕਿਤ ਰਾਣਾ, ਮਨੋਜ ਕੁਮਾਰ, ਕੈਪਟਨ ਅਸ਼ੋਕ ਕੁਮਾਰ ਬਦਮਾਣੀਆਂ, ਜਥੇਦਾਰ ਕਿਰਪਾਲ ਸਿੰਘ ਗੇਰਾ, ਆਦਿ ਬੁਲਾਰਿਆਂ ਨੇ ਖੇਤਰ ’ਚ ਕਥਿਤ ਖਣਨ ਅਤੇ ਸਟੋਨ ਕਰੈਸ਼ਰਾਂ ਨੂੰ ਦਿੱਤੀਆਂ ਜਾ ਰਹੀਆਂ ਪ੍ਰਵਾਨਗੀਆਂ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲਿਆ। ਬਦਲਾਅ ਦੇ ਨਾਅਰੇ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੇ ਰਾਜ ’ਚ ਖਣਨ ਮਾਫੀਆ ਸਾਰੀਆਂ ਹੱਦਾਂ ਪਾਰ ਕਰ ਗਏ ਹਨ। ਉਪਰੰਤ ਪੀੜ੍ਹਤ ਲੋਕਾਂ ਨੇ ਅੱਡਾ ਝੀਰ ਦਾ ਖੂਹ ਦੇ ਬਜਾਰ ’ਚ ਮੁਜ਼ਾਹਰਾ ਕੀਤਾ ਅਤੇ ਚੌਂਕ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਆਪਣਾ ਰੋਸ ਪ੍ਰਗਟਾਇਆ। ਖਣਨ ਰੋਕੋ ਜਮੀਨ ਬਚਾਓ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ 7 ਦਿਨਾਂ ਦਾ ਅਲਟੀਮੇਟਮ ਦਿੰਦੇ ਹੋਇਆਂ ਨਵੇਂ ਲਗਾਏ ਜਾ ਰਹੇ ਸਟੋਨ ਕਰੈਸ਼ਰਾਂ ਦੀਆਂ ਪ੍ਰਵਾਨਗੀਆਂ ਰੱਦ ਕਰਨ ਅਤੇ ਕਥਿਤ ਖਣਨ ’ਚ ਸ਼ਾਮਿਲ ਲੋਕਾਂ, ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ। ਸੰਘਰਸ਼ ਕਮੇਟੀ ਨੇ ਪ੍ਰਭਾਵਿਤ ਪਿੰਡਾਂ ਦੀ ਸਾਂਝੀ ਮੀਟਿੰਗ ਬੁਲਾ ਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕਣ ਦਾ ਐਲਾਨ ਕੀਤਾ ਹੈ। ਸਾਬਕਾ ਸਰਪੰਚ ਪ੍ਰੀਤਮ ਸਿੰਘ ਬੇਲਾ ਸਰਿਆਣਾ, ਪੁਸ਼ਪਾ ਹੰਦਵਾਲ, ਸ਼ੇਰ ਸਿੰਘ ਉਲਾਹਾ, ਖੜਕ ਸਿੰਘ ਸਿੱਬੋ ਚੱਕ, ਵਿਜੈ ਕੁਮਾਰ ਰਿਆਲੀ ਆਦਿ ਨੇ ਵੀ ਸੰਬੋਧਨ ਕੀਤਾ।
