/* SC_TH_END:4.3.24:fc0ffc30 */ ਕੌਮਾਂਤਰੀ ਪਿੜ (ਸੰਗਰਮੀ ਲਹਿਰ – ਫਰਵਰੀ 2025) – Sangrami Lehar
Now Reading
ਕੌਮਾਂਤਰੀ ਪਿੜ (ਸੰਗਰਮੀ ਲਹਿਰ – ਫਰਵਰੀ 2025)

ਕੌਮਾਂਤਰੀ ਪਿੜ (ਸੰਗਰਮੀ ਲਹਿਰ – ਫਰਵਰੀ 2025)

ਰਵੀ ਕੰਵਰ

ਫ਼ਲਸਤੀਨਿਆਂ ਦੇ ਬਹਾਦਰਾਨਾ ਪ੍ਰਤੀਰੋਧ ਨੂੰ ਸਲਾਮ

ਪਹਿਲੀ ਜਨਵਰੀ 2025 ਨੂੰ ਇਜ਼ਰਾਇਲ ਵੱਲੋਂ ਗਾਜ਼ਾ ’ਤੇ ਕੀਤੇ ਗਏ ਹਮਲੇ ਨੂੰ 1 ਸਾਲ 2 ਮਹੀਨੇ 25 ਦਿਨ ਹੋ ਗਏ ਸਨ ਤੇ ਹਾਲੇ ਵੀ ਇਹ ਜੰਗ ਨਿਰੰਤਰ ਜਾਰੀ ਸੀ। ਚੇਤੇ ਰਹੇ ਫ਼ਲਸਤੀਨ ਦੇ ਰਿਹਾਇਸ਼ੀ ਖੇਤਰਾਂ ’ਚੋਂ ਲੋਕਾਂ ਨੂੰ ਉਜਾੜ ਕੇ ਯਹੂਦੀਆਂ ਨੂੰ ਧੱਕੇ ਨਾਲ ਵਸਾਉਣ ਲਈ ਇਜ਼ਰਾਇਲ ਵੱਲੋਂ ਵਰਿ੍ਹਆਂ ਬੱਧੀ ਚਲਾਈ ਗਈ ਮੁਹਿੰਮ ’ਚ ਹਜ਼ਾਰਾਂ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ।

9 ਅਕਤੂਬਰ 2023 ਨੂੰ ‘ਹਮਾਸ’ ਵਲੋਂ ਇਜ਼ਰਾਇਲ ਦੇ ਰਿਹਾਇਸ਼ੀ ਇਲਾਕਿਆਂ ਤੇ ਸਰਕਾਰੀ ਇਮਾਰਤਾਂ ’ਤੇ ਅਚਨਚੇਤ  ਕੀਤੇ ਗਏ ਵਿਆਪਕ ਹਮਲੇ ਦੇ ਬਹਾਨੇ ਇਜ਼ਰਾਇਲੀ ਫੌਜ਼ਾਂ ਨੇ ਗਾਜ਼ਾ ’ਤੇ ਅੰਨ੍ਹੇਵਾਹ ਬੰਬਾਰੀ ਸ਼ੁਰੂ ਕਰ ਦਿੱਤੀ ਸੀ। ਇਹੋ ਨਹੀਂ ਇਜ਼ਰਾਇਲ ਵੱਲੋਂ 13 ਅਕਤੂਬਰ ਨੂੰ ਵਿੱਢੇ ਜ਼ਮੀਨੀ ਫੌਜ਼ੀ ਹਮਲੇ ਨੂੰ 27 ਅਕਤੂਬਰ ਵਾਲੇ ਦਿਨ ਪੂਰਨ ਯੁੱਧ ਵਿਚ ਤਬਦੀਲ ਕਰ ਦਿੱਤਾ ਗਿਆ ਸੀ, ਜੋ ਪਿੱਛੋਂ ਅਮਰੀਕੀ ਸਾਮਰਾਜ ਦੀ ਪੂਰੀ ਭਿਆਲੀ ਨਾਲ ਚਲਾਈ ਗਈ ਫ਼ਲਸਤੀਨੀਆਂ ਦੇ ਨਸਲੀ ਸਫਾਏ ਦੀ ਮੁਹਿੰਮ ਬਣ ਗਿਆ ਸੀ। ਇਸ ਦੀ ਪੁਸ਼ਟੀ ਇਜ਼ਰਾਇਲ ਦੀ ਰਾਜਧਾਨੀ ਜੇਰੂਸ਼ਲਮ ਦੀ ਇਕ ਯੂਨੀਵਰਸਿਟੀ ’ਚ ਪੜ੍ਹਾਉਂਦੇ, ਨਰਸੰਘਾਰ ਬਾਰੇ ਅਧਿਐਨ ਦੇ ਮਾਹਿਰ ਵਿਦਵਾਨ ਇਮੋਸ ਗੋਲਡਬਰਗ ਨੇ ਵੀ ਕੀਤੀ ਹੈ।

ਦੱਸ ਦੇਈਏ, ਅਮਰੀਕੀ ਸਾਮਰਾਜ ਸਦਾ ਹੀ ਫ਼ਲਸਤੀਨੀਆਂ ਵਿਰੁੱਧ ਇਜ਼ਰਾਇਲ ਦੀਆਂ ਵਧੀਕੀਆਂ ਦੀ ਮੱਦਦ ਕਰਦਾ ਰਿਹਾ ਹੈ ਅਤੇ ‘ਸੰਯੁਕਤ ਰਾਸ਼ਟਰ’ ਦੀਆਂ ਕਾਨਫਰੰਸਾਂ ਵਿਚ ਇਹ ਜੰਗ ਰੋਕਣ ਲਈ ਹੁਣ ਤੱਕ ਪੇਸ਼ ਹੋਏ 14 ਮਤਿਆਂ ’ਚੋਂ ਸਿਰਫ ਚਾਰ ਹੀ ਪਾਸ ਹੋ ਸਕੇ ਹਨ, ਕਿਉਂਕਿ ਬਾਕੀ ਮਤਿਆਂ ਨੂੰ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦਾ ਮੈਂਬਰ ਹੋਣ ਦੇ ਨਾਤੇ ਆਪਣੀਆਂ ਵੀਟੋ ਸ਼ਕਤੀਆਂ ਵਰਤਦੇ ਹੋਏ ਪਾਸ ਨਹੀਂ ਹੋਣ ਦਿੱਤਾ। ਅਮਰੀਕਾ ਨੇ 1970 ਤੋਂ 20 ਨਵੰਬਰ 2024 ਤੱਕ 49 ਵਾਰ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕਰਕੇ ਇਜ਼ਰਾਇਲ ਵਿਰੁੱਧ ਸੰਯੁਕਤ ਰਾਸ਼ਟਰ ’ਚ ਪੇਸ਼ ਹੋਏ ਮਤਿਆਂ ਨੂੰ ਪਾਸ ਨਹੀਂ ਹੋਣ ਦਿੱਤਾ। ਇਨ੍ਹਾਂ ’ਚੋਂ ਬਹੁਗਿਣਤੀ ਮਤੇ ਇਜ਼ਰਾਇਲ ਵੱਲੋਂ ਸਮੇਂ-ਸਮੇਂ ’ਤੇ ਫ਼ਲਸਤੀਨੀਆਂ ’ਤੇ ਕੀਤੇ ਜਾਂਦੇ ਹਮਲਿਆਂ ਵਿਰੁੱਧ ਸਨ।

ਫ਼ਲਸਤੀਨੀਆਂ ਵਿਰੁੱਧ ਇਜ਼ਰਾਇਲ ਵਲੋਂ ਚਲਾਈ ਹਾਲੀਆ ਨਰਸੰਘਾਰਕ ਜੰਗ ਵਿਚ ਅਮਰੀਕਾ ਦੀ ਭਿਆਲੀ ਦਾ ਇਕ ਹੋਰ ਮਹੱਤਵਪੂਰਨ ਸਬੂਤ, ੳਸ ਵੱਲੋਂ   ਇਜ਼ਰਾਇਲ ਨੂੰ ਇਸ ਸਾਰੇ ਸਮੇਂ ਦੌਰਾਨ ਪ੍ਰਦਾਨ ਕੀਤੀ ਗਈ ਜੰਗੀ ਹਥਿਆਰਾਂ ਤੇ ਉਪਕਰਣਾਂ ਦੇ ਰੂਪ ਵਿਚ ਫੌਜ਼ੀ ਸਹਾਇਤਾ ਤੋਂ ਬਾਖੂਬੀ ਮਿਲਦਾ ਹੈ। ‘ਸਟਾਕਹੋਮ ਕੌਮਾਂਤਰੀ ਅਮਨ ਖੋਜ’ ਸੰਸਥਾਨ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਅਮਰੀਕੀ ਸਾਮਰਾਜ ਨੇ ਇਜ਼ਰਾਇਲ ਵੱਲੋਂ ਛੇੜੀ ਇਸ ਨਿਹੱਕੀ ਤੇ ਅਸਾਵੀਂ ਜੰਗ, ਜਿਹੜੀ ਲੈਬਨਾਨ ਤੇ ਸੀਰੀਆ ਤੱਕ ਫੈਲ ਗਈ ਹੈ, ਲਈ 7 ਅਕਤੂਬਰ 2023 ਤੋਂ 22 ਅਰਬ ਅਮਰੀਕੀ ਡਾਲਰ ਦੀ ਫੌਜ਼ੀ ਸਹਾਇਤਾ ਦਿੱਤੀ ਹੈ। ਦਸੰਬਰ 2023 ਵਿਚ ਅਮਰੀਕਾ ਨੇ 2.4 ਅਰਬ ਡਾਲਰ ਮੁੱਲ ਦੇ 10,000 ਟਨ ਹਥਿਆਰ ਦਿੱਤੇ ਸਨ। ਅਗਸਤ 2024 ਤੱਕ ਇਹ ਗਿਣਤੀ ਵੱਧਕੇ 50,000 ਟਨ ਤੱਕ ਪੁੱਜ ਗਈ ਸੀ, ਜਿਸ ਨੂੰ ਸੈਂਕੜੇ ਕਾਰਗੋ ਹਵਾਈ ਜਹਾਜ਼ਾਂ ਤੇ ਸਮੁੰਦਰੀ ਜਹਾਜ਼ਾਂ ਰਾਹੀਂ ਇਜ਼ਰਾਇਲ ਪਹੁੰਚਾਇਆ ਗਿਆ ਸੀ। ਇਸ ਵਿਚ ਅੱਤ ਆਧੁਨਿਕ ਫੌਜ਼ੀ ਉਪਰਕਣ; ਆਇਰਨ ਡੋਮ ਮਿਜ਼ਾਇਲਾਂ, ਵਿਸ਼ੇਸ਼ ਗਾਈਡਡ ਬੰਬ, ਸੀ.ਐਚ.-53 ਹੈਲੀਕਾਪਟਰ, ਏ.ਐਚ.-64 ਹੈਲੀਕਾਪਟਰ, 155 ਮਿਲੀਮੀਟਰ ਤੋਪਖਾਨਾ ਤੇ ਗੋਲੇ, ਬੰਕਰਾਂ ਤੋੜੂ ਬੰਬ ਅਤੇ ਬਖਤਰਬੰਦ ਗੱਡੀਆਂ ਤੋਂ ਬਿਨਾਂ ਐਫ.-15 ਲੜਾਕੂ ਜਹਾਜ਼ ਤੱਕ ਸ਼ਾਮਿਲ ਸਨ।

ਅਮਰੀਕਾ ਨੇ ਇਸ ਤੋਂ ਇਲਾਵਾ ਵੀ ਇਸ ਜੰਗ ਦੌਰਾਨ ਮੱਧ ਪੂਰਬ ਖਿੱਤੇ ਵਿਚ ਇਜ਼ਰਾਇਲ ਦੀ ਰਾਖੀ ਲਈ ਆਪਣੇ ਫੌਜ਼ੀ ਆਪਰੇਸ਼ਨ ਤੇਜ਼ ਕਰਨ ਲਈ 4.86 ਅਰਬ ਅਮਰੀਕੀ ਡਾਲਰ ਖਰਚੇ ਹਨ। ਇਸ ਨੇ 2 ਫੌਜ਼ੀ ਬੇੜਿਆਂ ਦੀ ਪੱਕੀ ਤੈਨਾਤੀ ਕਰਨ ਤੋਂ ਇਲਾਵਾ ਆਪਣੀ ਫੌਜ਼ੀ ਨਫ਼ਰੀ ਵੀ 34 ਹਜ਼ਾਰ ਤੋਂ ਵਧਾਕੇ 50 ਹਜ਼ਾਰ ਕਰ ਦਿੱਤੀ ਹੈ।

ਇਜ਼ਰਾਇਲ ਦੇ  ਨਰਸੰਘਾਰਕ ਹਮਲੇ ’ਚ, 6 ਜਨਵਰੀ 2025 ਤੱਕ 45 ਹਜ਼ਾਰ 805 ਨਿਰਦੋਸ਼ ਫ਼ਲਸਤੀਨੀ ਨਾਗਰਿਕ ਮਾਰੇ ਜਾ ਚੁੱਕੇ ਸਨ ਅਤੇ 1 ਲੱਖ 9 ਹਜ਼ਾਰ 64 ਜਖ਼ਮੀ ਹੋਏ ਸਨ। ਇਨ੍ਹਾਂ ਮਰਨ ਵਾਲਿਆਂ ਤੇ ਜ਼ਖ਼ਮੀਆਂ ’ਚ ਵਿਚ 70% ਬੱਚੇ ਤੇ ਔਰਤਾਂ ਹਨ। 156 ਪੱਤਰਕਾਰ ਤੇ ਮੀਡੀਆ ਕਰਮੀ ਅਤੇ 120 ਬੁੱਧੀਜੀਵੀ ਵੀ ਮਾਰੇ ਜਾ ਚੁੱਕੇ ਹਨ। ਇਜ਼ਰਾਇਲੀ ਫੌਜ਼ ਨੇ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਵਾਲੇ ਵੱਖੋ-ਵੱਖ ਸੰਗਠਨਾਂ ਦੇ ਕਾਰਕੁੰਨਾਂ ਨੂੰ ਵੀ  ਨਹੀਂ ਬਖਸ਼ਿਆ। ਇਸ ਕਿਸਮ ਦੇ 224 ਕਾਰਕੁੰਨ ਮਾਰੇ ਗਏ ਹਨ, ਜਿਨ੍ਹਾਂ ਵਿਚ ਸੰਯੁਕਤ ਰਾਸ਼ਟਰ ਦੀ ਫ਼ਲਸਤੀਨੀਆਂ ਨੂੰ ਰਾਹਤ ਪ੍ਰਦਾਨ ਕਰਨ ਵਾਲੀ ਏਜੰਸੀ ਦੇ 179 ਕਾਰਕੁੰਨ ਵੀ ਸ਼ਾਮਿਲ ਸਨ।

ਇਜ਼ਰਾਇਲ ਦੀ ਇਸ ਨਰਸੰਘਾਰਕ ਮੁਹਿੰਮ ਅਤੇ ਹੋਰ ਘਿਨਾਉਣੇ ਕਾਰੇ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹਨ। ਬੀ.ਬੀ.ਸੀ. ਦੀ 2024 ਦੀ ਇਕ ਰਿਪੋਰਟ ਮੁਤਾਬਕ, ਆਬਾਦੀ ਦੇ ਅਨੁਪਾਤ ਅਨੁਸਾਰ ਇਸ ਵੇਲੇ ਗਾਜ਼ਾ ਵਿਚ ਦੁਨੀਆਂ ਦੇ ਸਭ ਤੋਂ ਵਧੇਰੇ ਬੱਚੇ ਅਪੰਗਤਾ ਦੇ ਸ਼ਿਕਾਰ  ਹਨ। 24 ਹਜ਼ਾਰ ਬੱਚਿਆਂ ਦੇ ਮਾਂ ਜਾਂ ਪਿਓ ’ਚੋਂ ਇਕ ਮਾਰਿਆ ਜਾ ਚੁੱਕਾ ਹੈ, ਜਦਕਿ 19000 ਬੱਚੇ ਮੁਕੰਮਲ ਅਨਾਥ ਹੋ ਚੁੱਕੇ ਹਨ। ਬੱਚਿਆਂ ਦੇ ਕਲਿਆਣ ਲਈ ਬਣੀ ਇਕ ਸੰਸਾਰਕ ਗੈਰ-ਸਰਕਾਰੀ ਸੰਸਥਾ, ‘ਸੇਵ ਦੀ ਚਿਲਡਰਨ’ ਵੱਲੋਂ ਜੂਨ 2024 ’ਚ ਜਾਰੀ ਕੀਤੀ ਇਕ ਰਿਪੋਰਟ ਮੁਤਾਬਕ ਇਸ ਜੰਗ ਕਰਕੇ ਗਾਜ਼ਾ ਵਿਚੋਂ 21 ਹਜ਼ਾਰ ਬੱਚੇ ਲਾਪਤਾ ਸਨ, ਜਿਨ੍ਹਾਂ ’ਚੋਂ 4 ਹਜ਼ਾਰ ਬਾਰੇ ਸਮੂਹਿਕ ਕਬਰਾਂ ਜਾਂ ਮਲਬੇ ਹੇਠ ਦੱਬੇ ਹੋਣ ਦੇ ਅੰਦੇਸ਼ੇ ਹਨ ਅਤੇ ਬਾਕੀ 17 ਹਜ਼ਾਰ ਆਪਣੇ ਪਰਿਵਾਰਾਂ ਤੋਂ ਵਿੱਛੜ ਚੁੱਕੇ ਹਨ। ਦੱਸਣਾ ਬਣਦਾ ਹੈ ਕਿ ਇਜ਼ਰਾਇਲੀ ਵਲੋਂ ਫੌਜ਼ੀ ਹਮਲੇ ਰਾਹੀਂ ਖੰਡਰ ਬਣਾ ਦਿੱਤੇ ਗਏ ਗਾਜ਼ਾ ਦੇ ਮਲਬੇ ਹੇਠ ਹਜ਼ਾਰਾਂ ਫ਼ਲਸਤੀਨੀ ਦੱਬੇ ਹੋਏ ਹਨ। ਇੱਥੋਂ ਦੀ ਕੁੱਲ 23 ਲੱਖ ਆਬਾਦੀ ’ਚੋਂ 90% ਲੋਕ ਆਪਣੇ ਘਰ-ਘਾਟ ਤੋਂ ਉਜਾੜੇ ਜਾ ਚੁੱਕੇ ਹਨ।

ਕੌਮਾਂਤਰੀ ਖ਼ਬਰ ਏਜੰਸੀ ਏ.ਪੀ. ਦੀ ਇਕ ਖ਼ਬਰ ਅਨੁਸਾਰ ਇਸ ਹਮਲੇ ਦੇ ਲਗਭਗ ਇਕ ਸਾਲ ਪਿੱਛੋਂ 24 ਅਕਤੂਬਰ 2024 ਨੂੰ ਜਾਰੀ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਦੱਸਦੀ ਹੈ ਕਿ ਗਾਜ਼ਾ ਦੀਆਂ 66% ਇਮਾਰਤਾਂ ਨੁਕਸਾਨੀਆਂ ਜਾ ਚੁੱਕੀਆਂ ਸਨ। ਇਨ੍ਹਾਂ ’ਚੋਂ 2 ਲੱਖ 27 ਹਜ਼ਾਰ ਰਿਹਾਇਸ਼ੀ ਬਿਲਡਿੰਗਾਂ ਹਨ। ਇਨ੍ਹਾਂ ਢਾਹੀਆਂ ਇਮਾਰਤਾਂ ਦਾ 40 ਕਰੋੜ ਟਨ ਮਲਬਾ ਗਾਜ਼ਾ ਪੱਟੀ ਵਿਚ ਖਿੱਲਰਿਆ ਪਿਆ ਹੈ, ਜਿਸਨੂੰ ਹਟਾਉਣ ਲਈ 15 ਸਾਲ ਲੱਗਣਗੇ ਤੇ ਇਸ ਕੰਮ ਵਿਚ 65 ਕਰੋੜ ਅਮਰੀਕੀ ਡਾਲਰ ਦਾ ਖਰਚਾ ਆਵੇਗਾ। ਸੰਸਾਰ ਬੈਂਕ ਦੇ ਅਨੁਮਾਨਾਂ ਮੁਤਾਬਕ 18.5 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ।

ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਮੁਤਾਬਕ ਇਜ਼ਰਾਇਲ ਵੱਲੋਂ ਗਾਜ਼ਾ ਦੇ ਹਸਪਤਾਲਾਂ ਅਤੇ ਉਨ੍ਹਾਂ ਦੇ ਨੇੜਲੇ ਖੇਤਰਾਂ ਵਿਚ ਹਮਲੇ ਦੇ ਢੰਗਾਂ ਅਤੇ ਫੌਜ਼ੀ ਕਾਰਵਾਈਆਂ ਨੇ ਗਾਜ਼ਾ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਲਗਭਗ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਜਿਸ ਕਰਕੇ ਸਿਹਤ ਸੇਵਾਵਾਂ ਤੱਕ ਫ਼ਲਸਤੀਨੀਆਂ ਦੀ ਪਹੁੰਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਰਿਪੋਰਟ ਮੁਤਾਬਕ ਘੱਟੋ-ਘੱਟ 27 ਹਸਪਤਾਲਾਂ ਅਤੇ ਸਿਹਤ ਸੇਵਾਵਾਂ ਤੇ ਹੋਰ ਸੁਵਿਧਾਵਾਂ ਪ੍ਰਦਾਨ ਕਰਨ ਵਾਲੀਆਂ 12 ਸੰਸਥਾਵਾਂ ’ਤੇ 12 ਅਕਤੂਬਰ 2023 ਤੋਂ ਲੈ ਕੇ 30 ਜੂਨ 2024 ਤੱਕ 136 ਤੋਂ ਵੱਧ ਹਵਾਈ ਹਮਲੇ ਕੀਤੇ ਗਏ ਹਨ, ਜਦਕਿ ਜ਼ਮੀਨੀ ਹਮਲੇ ਇਸ ਤੋਂ ਵੱਖਰੇ ਹਨ। ਇਸ ਨਾਲ ਭਾਰੀ ਗਿਣਤੀ ਡਾਕਟਰਾਂ, ਨਰਸਾਂ ਤੇ ਹੋਰ ਅਮਲੇ ਦੇ ਨਾਲ ਇਲਾਜ਼ ਲਈ ਦਾਖ਼ਲ ਮਰੀਜ਼ਾਂ ਦੀਆਂ ਵੀ ਜਾਨਾਂ ਗਈਆਂ ਹਨ। ਮਰਨ ਵਾਲੇ ਸਿਹਤ ਕਰਮੀਆਂ ਦੀ ਗਿਣਤੀ 500 ਤੋਂ ਵਧੇਰੇ ਹੈ। ਇਜ਼ਰਾਇਲੀ ਫੌਜ਼ ਦੀ ਸਭ ਤੋਂ ਪਹਿਲੀ ਵੱਡੀ ਫੌਜ਼ੀ ਕਾਰਵਾਈ, ਨਵੰਬਰ 2023 ਵਿਚ ਉਸ ਵੱਲੋਂ ਅਲ ਸ਼ਿਫ਼ਾ ਮੈਡੀਕਲ ਕੰਪਲੈਕਸ ’ਤੇ ਕੀਤਾ ਗਿਆ ਮਾਨਵ ਘਾਤੀ ਹਮਲਾ ਸੀ। ਇਸ ਸੰਸਥਾ ’ਤੇ ਮਾਰਚ 2023 ਵਿਚ ਫਿਰ ਹਮਲਾ ਕੀਤਾ ਗਿਆ ਸੀ। ਫੌਜ਼, ਇਸ ਅਦਾਰੇ ਨੂੰ ਮੁਕੰਮਲ ਤਬਾਹ ਕਰਨ ਪਿਛੋਂ ਹੀ 1ਅਪ੍ਰੈਲ ਨੂੰ ਇੱਥੋਂ ਹਟੀ ਸੀ। ਯਾਦ ਰਹੇ ਇਸ ਹਸਪਤਾਲ ਵਿਚ ਲੱਭੀਆਂ ਤਿੰਨ ਸਮੂਹਿਕ ਕਬਰਾਂ ਵਿਚੋਂ ਘੱਟੋ-ਘੱਟ 80 ਲਾਸ਼ਾਂ ਨਿਕਲੀਆਂ ਸਨ, ਜਿਨ੍ਹਾਂ ’ਚੋਂ ਬਹੁਤੀਆਂ ਲਾਸ਼ਾ ਦੇ ਇਲਾਜ਼ ਦੌਰਾਨ ਲੱਗੇ ਕੈਥੇਟਰ ਤੇ ਕੈਨੂਲਾ ਆਦਿ ਉਵੇਂ ਹੀ ਲੱਗੇ ਹੋਏ ਸਨ। ਸਪੱਸ਼ਟ ਹੈ ਕਿ ਇਹ ਮਰੀਜ਼ ਸਨ, ਜਿਨ੍ਹਾਂ ਨੂੰ ਹਮਲਾ ਕਰਕੇ ਮਾਰਨ ਪਿੱਛੋਂ ਦਫ਼ਨਾ ਦਿੱਤਾ ਗਿਆ ਸੀ। ਇਹ ਕਰਤੂਤ ਕੌਮਾਂਤਰੀ ਕਾਨੂੰਨਾਂ ਦੀ ਸਰਾਸਰ ਉਲੰਘਣਾ ਹੈ।

ਇਨ੍ਹਾਂ ਹਮਲਿਆਂ ਰਾਹੀਂ ਜਿੱਥੇ ਅਨੇਕਾਂ ਮਰੀਜ਼ਾਂ ਤੇ ਸਿਹਤ ਕਾਮਿਆਂ, ਜਿਨ੍ਹਾਂ ਵਿਚ ਡਾਇਰੈਕਟਰ ਤੱਕ ਸ਼ਾਮਿਲ ਸਨ,  ਨੂੰ ਹਸਪਤਾਲ ਛੱਡਕੇ ਭੱਜਣ ਲਈ ਮਜ਼ਬੂਰ ਕੀਤਾ ਗਿਆ, ਉਥੇ ਨਾਲ ਹੀ ਅਨੇਕਾਂ ਨੂੰ ਅਮਾਨਵੀ ਤਸੀਹੇ ਵੀ ਦਿੱਤੇ ਗਏ। ‘ਡਾਕਟਰਜ਼ ਵਿਦਾਉਟ ਬਾਰਡਰਜ’ ਦੀ ਇਕ ਹਾਲੀਆ ਰਿਪੋਰਟ ਮੁਤਾਬਕ ਗਾਜ਼ਾ ਵਾਸੀਆਂ ਨੂੰ  ਥੋੜ੍ਹੀਆਂ-ਬਹੁਤ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਆਖਰੀ ਹਸਪਤਾਲ ਕਮਾਲ ਅਦਵਾਨ ਵੀ ਇਜ਼ਰਾਇਲੀ ਫੌਜ਼ ਦੇ ਹਮਲੇ ਨਾਲ ਬੰਦ ਹੋ ਗਿਆ ਹੈ। ਉਤਰੀ ਗਾਜ਼ਾ ਵਿਚ ਸਥਿਤ ਇਸ ਸਿਹਤ ਸੇਵਾ ਸੰਸਥਾਨ ਦੀ ਤਬਾਹੀ ਕੁੱਝ ਦਿਨ ਪਹਿਲਾਂ ਇੱਥੋਂ ਦੇ ਡਾਇਰੈਕਟਰ ਹਮਾਸ ਅਬੂ ਸਾਫੀਆ ਨੇ ਇਕ ਵੀਡੀਓ ਰਾਹੀਂ ਦਰਸਾਈ ਸੀ। ਉਨ੍ਹਾਂ ਇਸਦੇ ਮਲਬੇ ਦੇ ਨਾਲ ਹੀ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਇਨਟੈਨਸਿਵ ਕੇਅਰ ਯੂਨਿਟ (ਆਈਸੀਯੂ) ਵੀ ਦਿਖਾਇਆ ਸੀ, ਜਿੱਥੇ ਕੁੱਝ ਦਿਨ ਪਹਿਲਾਂ ਹੋਈ ਬੰਬਾਰੀ ਕਰਕੇ ਇਕ ਸ਼ਖ਼ਸ ਦੀ ਖੋਪੜੀ ਉਡ ਗਈ ਸੀ। ਬੱਚਿਆਂ ਦੇ ਡਾਕਟਰ ਮੁਹੰਮਦ ਓਬੀਦ, ਜਿਨ੍ਹਾਂ ਦੇ 15 ਸਾਲਾ ਬੱਚੇ ਨੂੰ ਹਸਪਤਾਲ ਦੇ ਗੇਟ ’ਤੇ ਮਾਰ ਦਿੱਤਾ ਗਿਆ ਸੀ ਪਰ ਫੇਰ ਵੀ ਉਹ ਸੇਵਾਵਾਂ ਦੇ ਰਹੇ ਸੀ, ਲਾਪਤਾ ਹੋ ਚੁੱਕੇ ਹਨ। ਇਨ੍ਹਾਂ ਨੂੰ ਇਜ਼ਰਾਇਲੀ ਫੌਜ਼ ਵੱਲੋਂ ਉਧਾਲ ਲਏ ਜਾਣ ਦੀ ਸ਼ੰਕਾ ਹੈ।

ਹਸਪਤਾਲਾਂ ’ਤੇ ਇਹ ਵਹਿਸ਼ੀਆਨਾ ਹਮਲੇ ਕੌਮਾਂਤਰੀ ਕਾਨੂੰਨਾਂ ਦੀ ਘੋਰ ਉਲੰਘਣਾ ਹਨ, ਕਿਉਂਕਿ ਹਸਪਤਾਲਾਂ ਤੇ ਸਿਹਤ ਸੇਵਾਵਾਂ ਨੂੰ ਜੰਗ ਦੌਰਾਨ ਵੀ ਸੁਰੱਖਿਆ ਹਾਸਲ ਹੁੰਦੀ ਹੈ। ਇਸ ਕਾਨੂੰਨ ਦਾ ਸਭ ਨੂੰ, ਸਭ ਤਰ੍ਹਾਂ ਦੇ ਹਾਲਾਤ ਵਿਚ ਵੀ ਸਨਮਾਨ ਕਰਨਾ ਚਾਹੀਦਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਬਾਰੇ ਕਮਿਸ਼ਨਰ ਵੋਲਕਰ ਟੁਰਕ ਅਨੁਸਾਰ ‘‘ਇਜ਼ਰਾਇਲ ਵੱਲੋਂ ਗਾਜ਼ਾ ’ਤੇ ਨਿਰੰਤਰ ਘਾਤਕ ਬੰਬਾਰੀ ਕੀਤੇ ਜਾਣ ਨਾਲ, ਫ਼ਲਸਤੀਨੀਆਂ ਲਈ ਸੁਰੱਖਿਅਤ ਸਮਝਿਆ ਜਾਂਦਾ ਇਹ ਖੇਤਰ ਹੁਣ ਉਨ੍ਹਾਂ ਲਈ ਮੌਤ ਦਾ ਖੂਹ ਬਣ ਗਿਆ ਹੈ, ਜਿੱਥੇ ਮਨੁੱਖੀ ਸਥਿਤੀਆਂ ਬਦਤਰ ਬਣਾ ਦਿਤੀਆਂ ਗਈਆਂ ਹਨ।’’

ਇਸੇ ਤਰ੍ਹਾਂ ਸਿੱਖਿਆ ਵਰਗਾ ਮਹੱਤਵਪੂਰਨ ਖੇਤਰ ਵੀ ਇਜ਼ਰਾਇਲੀ ਹਮਲੇ ਨਾਲ ਤਬਾਹ ਹੋ ਗਿਆ ਹੈ। 29 ਅਕਤੂਬਰ 2024 ਨੂੰ ਪੱਛਮੀ ਕਿਨਾਰੇ ਵਿਚ ਸਥਿਤ ਫ਼ਲਸਤੀਨੀਆਂ ਦੀ ਆਰਜੀ ਸਰਕਾਰ ‘ਫ਼ਲਸਤੀਨੀ ਅਥਾਰਟੀ’ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਇਕ ਰਿਪੋਰਟ ਮੁਤਾਬਕ ਇਸ ਨਰਸੰਘਾਰਕ ਜੰਗ ਵਿਚ 11 ਹਜ਼ਾਰ 825 ਫ਼ਲਸਤੀਨੀ ਵਿਦਿਆਰਥੀ ਮਾਰੇ ਜਾ ਚੁੱਕੇ ਹਨ, ਜਦਕਿ ਗਾਜ਼ਾ ਵਿਖੇ ਮਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 11 ਹਜ਼ਾਰ 57 ਤੇ ਜ਼ਖ਼ਮੀਆਂ ਦੀ ਗਿਣਤੀ 16 ਹਜ਼ਾਰ 897 ਹੈ। ਪੱਛਮੀ ਕਿਨਾਰੇ ਵਿਚ ਵੀ 79 ਸਕੂਲੀ ਤੇ 35 ਯੂਨੀਵਰਸਿਟੀ ਵਿਦਿਆਰਥੀ ਮਾਰੇ ਗਏ ਹਨ। ਗਾਜ਼ਾ ਵਿਖੇ 441 ਅਧਿਆਪਕ ਮਾਰੇ ਜਾ ਚੁੱਕੇ ਹਨ ਅਤੇ ਜਖ਼ਮੀਆਂ  ਦੀ ਗਿਣਤੀ 2,491 ਹੈ। ਪੱਛਮੀ ਕਿਨਾਰੇ ਵਿਚ ਵੀ 2 ਅਧਿਆਪਕ ਮਾਰੇ ਗਏ ਹਨ ਤੇ 17 ਜਖ਼ਮੀ ਹਨ। ਗਾਜ਼ਾ ਵਿਚ ਨੁਕਸਾਨੇ ਗਏ ਸਕੂਲਾਂ ਦੀ ਗਿਣਤੀ 406 ਹੈ, ਜਿਨ੍ਹਾਂ ਵਿਚੋਂ 65 ਸੰਯੁਕਤ ਰਾਸ਼ਟਰ ਵੱਲੋਂ ਚਲਾਏ ਜਾਂਦੇ ਸਨ। 77 ਸਕੂਲ ਤਾਂ ਮਲਬੇ ਦਾ ਢੇਰ ਬਣਾ ਦਿੱਤੇ ਗਏ ਹਨ। ਪੱਛਮੀ ਕਿਨਾਰੇ ’ਚ ਨੁਕਸਾਨੇ ਗਏ ਸਕੂਲਾਂ ਦੀ ਗਿਣਤੀ 84 ਹੈ। 20 ਉੱਚ ਸਿੱਖਿਆ ਅਦਾਰੇ ਭਾਵ ਯੂਨੀਵਰਿਸਟੀਆਂ ਨੁਕਸਾਨੀਆਂ ਗਈਆਂ ਹਨ, ਜਿਨ੍ਹਾਂ ਚੋਂ ਕਈ ਤਾਂ ਪੂਰੀਆਂ ਤਬਾਹ ਕਰ ਦਿੱਤੀਆਂ ਗਈਆਂ ਹਨ। ਹਮਲਿਆਂ ਕਰਕੇ 88 ਹਜ਼ਾਰ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀ ਤੇ 9 ਲੱਖ ਸਕੂਲੀ ਬੱਚੇ ਸਿੱਖਿਆ ਤੋਂ ਵਾਂਝੇ ਹੋ ਚੁੱਕੇ ਹਨ।

ਇਜ਼ਰਾਇਲੀ ਹਮਲੇ ਨੇ ਗਾਜ਼ਾ ਦੇ ਅਰਥਚਾਰੇ ਨੂੰ ਬਰਬਾਦ ਕਰਕੇ ਪੱਥਰ ਯੁਗ ਵਰਗੇ ਹਾਲਾਤ ’ਚ ਪੁਚਾ ਦਿੱਤਾ ਹੈ। ਸੰਯੁਕਤ ਰਾਸ਼ਟਰ ਵਪਾਰ ਤੇ ਵਿਕਾਸ ਸੰਸਥਾ ਦੀ 13 ਅਕਤੂਬਰ 2024 ਨੂੰ ਜਾਰੀ ਇਕ ਰਿਪੋਰਟ ਮੁਤਾਬਕ ਗਾਜ਼ਾ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਚ 81% ਕਮੀ ਆਈ ਹੈ। ਗਾਜ਼ਾ ਦੇ ਸਿੰਚਾਈ ਪ੍ਰਣਾਲੀ, ਪਸ਼ੂ ਫਾਰਮ ਅਤੇ ਬਾਗਾਂ ਸਮੇਤ ਖੇਤੀਬਾੜੀ ਖੇਤਰ ਨਾਲ ਸਬੰਧਤ ਅਸਾਸੇ 80% ਤੋਂ ਲੈ ਕੇ 96% ਤੱਕ ਨੁਕਸਾਨੇ ਗਏ ਹਨ, ਜਿਸ ਨਾਲ ਖੇਤਰ ਦੇ ਖੇਤੀਬਾੜੀ ਉਤਪਾਦਨ ਨੂੰ ਭਾਰੀ ਸੱਟ ਵੱਜੀ ਹੈ ਅਤੇ ਇਹ ਖੇਤਰ ਪੂਰੀ ਤਰ੍ਹਾਂ ਭੋਜਨ ਅਸੁਰੱਖਿਆ ਦੀ ਸਥਿਤੀ ਵਿਚ ਪੁੱਜ ਗਿਆ ਹੈ। ਗਾਜ਼ਾ ਦੇ ਅਰਥਚਾਰੇ ਦਾ ਮੁੱਖ ਸੰਚਾਲਕ ਨਿੱਜੀ ਵਪਾਰ ਤਾਂ ਪੂਰੀ ਤਰ੍ਹਾਂ ਤਬਾਹ ਜਾਂ ਬਰਬਾਦ ਹੋ ਚੁੱਕਾ ਹੈ। ਬੇਰੁਜ਼ਗਾਰੀ ਤੇ ਗਰੀਬੀ ਸ਼ਿਖਰਾਂ ਛੋਹ ਗਈ ਹੈ। ਇਸ ਜੰਗ ਨੇ ਗਾਜ਼ਾ ਤੇ ਪੱਛਮੀ ਕਿਨਾਰੇ ਤੋਂ ਬਿਨਾਂ ਲੈਬਨਾਨ, ਸੀਰੀਆ ਤੋਂ ਲੈ ਕੇ ਸਮੁੱਚਾ ਮੱਧ ਪੂਰਬ ਅਤੇ ਇੱਥੋਂ ਤੱਕ ਕਿ ਇਜ਼ਰਾਇਲ ਸਮੇਤ ਸਮੁੱਚੀ ਦੁਨੀਆਂ ਦੇ ਅਰਥਚਾਰੇ ਨੂੰ ਪ੍ਰਭਾਵਤ ਕੀਤਾ ਹੈ।

ਫ਼ਲਸਤੀਨੀਆਂ ਵੱਲੋਂ ਆਪਣੇ ਮਾੜੇ ਹਥਿਆਰਾਂ ਤੇ ਵਸੀਲਿਆਂ ਨਾਲ, ਇਜ਼ਰਾਇਲ ਦੇ ਇਸ ਨਰਸੰਘਾਰਕ ਹਮਲੇ ਦਾ ਨਿਰੰਤਰ ਬਹਾਦਰੀ ਨਾਲ ਪ੍ਰਤੀਰੋਧ ਕੀਤਾ ਗਿਆ ਹੈ। ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ, ਲੰਘੇ ਸਾਲ 2024 ਦੀ ਸ਼ੁਰੂਆਤ ਛੇਤੀ ਹੀ ‘ਸੰਪੂਰਨ ਜਿੱਤ’ ਹਾਸਲ ਕਰ ਲੈਣ ਦੇ ਦਾਅਵੇ ਨਾਲ ਕੀਤੀ ਸੀ। ਉਸਨੂੰ ਸੰਪੂਰਨ ਜਿੱਤ ਤਾਂ ਕੀ ਹਾਸਲ ਹੋਣੀ ਸੀ ਉਲਟਾ ਸਾਲ ਦੇ ਅਖੀਰ ’ਚ ਕੌਮਾਂਤਰੀ ਅਪਰਾਧ ਅਦਾਲਤ (ਆਈਸੀਸੀ) ਨੇ ਉਸ ਨੂੰ ਲੋੜੀਂਦਾ ਅਪਰਾਧੀ ਐਲਾਨ ਦਿੱਤਾ ਸੀ, ਜਿਹੜਾ ਹੁਣ ਅਮਰੀਕਾ ਤੇ ਉਸਦੇ ਸਹਿਯੋਗੀਆਂ ਤੋਂ ਛੁੱਟ ਕਿਸੇ ਵੀ ਹੋਰ ਦੇਸ਼ ਦੀ ਯਾਤਰਾ ਕਰਨ ਤੋਂ ਡਰਦਾ ਹੈ। ਇੱਥੋਂ ਤੱਕ ਕਿ ਇਹ ਗੀਦੀ, ਹਿਟਲਰ ਵੱਲੋਂ ਮਾਰੇ ਗਏ ਲੱਖਾਂ ਯਹੂਦੀਆਂ ਦੀ ਯਾਦ ਵਿਚ ਪੋਲੈਂਡ ਵਿਖੇ ਹੋਣ ਵਾਲੇ ਇਕੱਠ ’ਚ ਸ਼ਾਮਿਲ ਹੋਣੋਂ ਵੀ ਟਾਲਾ ਵੱਟ ਗਿਆ।

ਫ਼ਲਸਤੀਨੀਆਂ ਦੇ ਬਹਾਦਰਾਨਾ ਪ੍ਰਤੀਰੋਧ ਦਾ ਸ਼ਾਨਦਾਰ ਨਮੂਨਾ ਗਾਜ਼ਾ ਦੇ ਉਤਰੀ ਹਿੱਸੇ ’ਚ ਵਸੇ ਸ਼ਹਿਰ ਬੇਤ ਲਾਹੀਆ ਤੋਂ ਦੇਖਿਆ ਜਾ ਸਕਦਾ ਹੈ। ਇਜ਼ਰਾਇਲ ਵਲੋਂ ਜ਼ਮੀਨੀ ਫੌਜ਼ੀ ਕਾਰਵਾਈ ਸ਼ੁਰੂ ਕਰਨ ਵੇਲੇ ਤੱਕ ਇਹ ਛੋਟਾ ਜਿਹਾ ਸ਼ਹਿਰ ਹਵਾਈ ਬੰਬਾਰੀ ਰਾਹੀਂ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਸੀ ਅਤੇ ਇੱਥੋਂ ਦੇ ਹਜ਼ਾਰਾਂ ਲੋਕ ਮਾਰ ਦਿੱਤੇ ਗਏ ਸਨ। ਇਜ਼ਰਾਇਲੀ ਫੌਜ਼ਾਂ ਵਲੋਂ ਉਦੋਂ ਕੀਤੀ ਗਈ ਸ਼ਹਿਰ ਦੀ ਘੇਰਾਬੰਦੀ ਨਿਰੰਤਰ ਜਾਰੀ ਰਹੀ। ਭਿਆਨਕ ਨਰਸੰਘਾਰਕ ਹਮਲੇ ਦੇ ਬਾਵਜੂਦ ਉਥੇ ਜੰਗ  ਖਤਮ ਨਹੀਂ ਹੋਈ ਅਤੇ ਲੋਕਾਂ ਦਾ ਪ੍ਰਤੀਰੋਧ ਜਾਰੀ ਰਿਹਾ। ਜੋ ਸਥਿਤੀ 2024 ਦੇ ਸ਼ੁਰੂ ਵਿਚ ਸੀ ਉਹੋ ਸਥਿਤੀ 2025 ਦੇ ਆਗਾਜ਼ ਵੇਲੇ ਵੀ ਹੈ। ‘ਬੇਤ ਲਾਹੀਆ’, ਜਿਸ ’ਤੇ ਜਿੱਤ ਦਾ ਐਲਾਨ ਕੀਤਾ ਜਾ ਚੁੱਕਾ ਸੀ, ਜੰਗਬੰਦੀ ਹੋਣ ਤੱਕ ਵੀ ਫ਼ਲਸਤੀਨੀਆਂ ਦੇ ਦਲੇਰਾਨਾ ਪ੍ਰਤੀਰੋਧ ਦੀ ਸ਼ਾਨਾਮੱਤੀ ਨੁਮਾਇੰਦਗੀ ਕਰਦਾ ਰਿਹਾ।

‘ਬੇਤ ਲਾਹੀਆ’ ਗਾਜ਼ਾ ਪੱਟੀ ਵਿਖੇ ਇਜ਼ਰਾਇਲ ਦੀ ਨਾਕਾਮ ਜੰਗ ਦਾ ਇਕ ਸੂਖਮ ਨਮੂਨਾ ਹੈ। ਇਕ ਖੂਨੀ ਹਮਲਾ, ਜਿਸ ਰਾਹੀਂ ਵੱਡੀ ਪੱਧਰ ’ਤੇ ਤਬਾਹੀ, ਆਬਾਦੀ ਦੇ ਨਸਲੀ ਸਫਾਏ, ਭੁੱਖਮਰੀ ਦੇ ਰੂਪ ਵਿਚ ਨਰਸੰਘਾਰ ਕੀਤਾ ਗਿਆ, ਕੋਈ ਫੈਸਲਾਕੁੰਨ ਜਿੱਤ ਹਾਸਲ ਨਹੀਂ ਕਰ ਸਕਿਆ। ਇਹ ਸਪੱਸ਼ਟ ਦਰਸਾਉਂਦਾ ਹੈ ਕਿ ਫ਼ਲਸਤੀਨੀ ਲੋਕਾਂ ਦੀ ਪ੍ਰਬਲ ਇੱਛਾ ਸ਼ਕਤੀ ਨੂੰ ਤੋੜਿਆ ਨਹੀਂ ਜਾ ਸਕਦਾ, ਇਸ ਲਈ ਚਾਹੇ ਉਨ੍ਹਾਂ ਨੂੰ ਕਿੰਨੀ ਵੀ ਕੀਮਤ ਕਿਉਂ ਨਾ ਤਾਰਨੀ ਪਵੇ ਜਾਂ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ।

ਇਜ਼ਰਾਇਲ ਨੇ ਲੜਨ ਵਾਲੇ ਫ਼ਲਸਤੀਨੀਆਂ ਨੂੰ ਜੰਗੀ ਹਮਲਿਆਂ ਰਾਹੀਂ ਹੀ ਨਹੀਂ  ਬਲਕਿ ‘ਆਟਾ ਨਰਸੰਘਾਰ’ ਵਰਗੇ ਬਹੁਤ ਹੀ ਘਿਨਾਉਣੇ ਤਰੀਕੇ ਅਪਨਾ ਕੇ ਆਮ ਫ਼ਲਸਤੀਨੀਆਂ ਨੂੰ ਤੋੜਨ ਦੇ ਯਤਨ ਕੀਤੇ। ਆਪਣੀ ਇਸ ਘਿਨਾਉਣੀ ਰਣਨੀਤੀ ਅਧੀਨ ਉਤਰੀ ਗਾਜ਼ਾ ਵਿਚ ਖਾਣ-ਪੀਣ ਦੀ ਰਸਦ ਦੇ ਟਰੱਕਾਂ ਦੀ ਉਡੀਕ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ। 29 ਫਰਵਰੀ, 2024 ਨੂੰ ਭੋਜਨ ਲੈਣ ਲਈ ਲਾਇਨਾਂ ’ਚ ਲੱਗੇ, ਰੋਟੀ, ਦੁੱਧ ਜਾਂ ਪਾਣੀ ਦੀ ਬੋਤਲ ਲੈਣ ਦਾ ਯਤਨ ਕਰ ਰਹੇ 100 ਤੋਂ ਵੱਧ ਫ਼ਲਸਤੀਨੀਆਂ ਨੂੰ ਇਜ਼ਰਾਇਲੀ ਫੌਜੀਆਂ ਨੇ ਮਾਰ ਦਿੱਤਾ ਸੀ। ਅਜਿਹੇ ਕਿੰਨੇ ਹੀ ਅੱਤਿਆਚਾਰ ਗਾਜ਼ਾ ਪੱਟੀ ਦੇ ਵੱਖੋ-ਵੱਖ ਹਿੱਸਿਆਂ ’ਚ ਸਾਲ ਭਰ ਵਰਤਾਏ ਜਾਂਦੇ ਰਹੇ।

ਇਸਮਾਇਲ ਹਾਨੀਏਹ ਤੇ ਯਾਹਿਆ ਸਿਨਵਾਰ ਵਰਗੇ ਫ਼ਲਸਤੀਨੀਆਂ ਦੇ ਚੋਟੀ ਦੇ ਆਗੂਆਂ ਨੂੰ ਇਜ਼ਰਾਇਲੀ ਫੌਜ਼ ਵੱਲੋਂ ਮਾਰ ਦਿੱਤੇ ਜਾਣ ਦੇ ਬਾਵਜੂਦ ਲੋਕਾਂ ਨੇ ਇਸ ਨਰਸੰਘਾਰਕ ਜੰਗ ਵਿਰੁੱਧ ਆਪਣਾ ਪ੍ਰਤੀਰੋਧ ਜਾਰੀ ਰੱਖਿਆ।

ਅਕਤੂਬਰ 2023 ਵਿਚ ਇਜ਼ਰਾਇਲ ਵੱਲੋਂ ਗਾਜ਼ਾ ਪੱਟੀ ’ਤੇ ਕੀਤੇ ਜਾਂਦੇ ਹਮਲੇ ਦੇ ਨਾਲ ਹੀ ਇਸ ਵਿਰੁੱਧ ਸਮੁੱਚੀ ਦੁਨੀਆਂ ਵਿਚ ਲੋਕ ਪ੍ਰਤੀਰੋਧ ਫੁੱਟ ਪਿਆ ਸੀ। ਦੁਨੀਆਂ ਦਾ ਸ਼ਾਇਦ ਹੀ ਕੋਈ ਸ਼ਹਿਰ ਹੋਵੇ ਜਿੱਥੇ ਫ਼ਲਸਤੀਨੀਆਂ ਦੇ ਹੱਕ ਵਿਚ ਅਤੇ ਇਸ ਜੰਗ ਨੂੰ ਫੌਰੀ ਬੰਦ ਕਰਨ ਦੀ ਮੰਗ ਨਾ ਉਠੀ ਹੋਵੇ। ਇਨ੍ਹਾਂ ਮੰਗਾਂ ਨੂੰ ਲੈ ਕੇ ਇਸ ਜੰਗ ਦੇ ਪਹਿਲੇ ਸਾਲ ਵਿਚ ਹੀ 7,283 ਰੈਲੀਆਂ-ਮੁਜ਼ਾਹਰੇ ਹੋਏ ਸਨ। ਇੰਗਲੈਂਡ ਵਿਚ ਤਾਂ ਉੱਥੋਂ ਦੀ ਉਦੋਂ ਦੀ ਟੋਰੀ ਸਰਕਾਰ ਨੇ ਮੁਜ਼ਾਹਰਿਆਂ ਦੌਰਾਨ ਫ਼ਲਸਤੀਨ ਦਾ ਝੰਡਾ ਲਹਿਰਾਉਣ ’ਤੇ ਪਾਬੰਦੀ ਤੱਕ ਲਗਾ ਦਿੱਤੀ ਸੀ, ਪਰ ਲੋਕਾਂ ਨੇ ਉਸੇ ਦਿਨ ਉਕਤ ਪਾਬੰਦੀ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ। ਅਮਰੀਕਾ ਵਿਚ ਵੀ ਹਰ ਹਫ਼ਤੇ ਦੇ ਅਖੀਰਲੇ ਦਿਨਾਂ ’ਚ ਕਾਫ਼ੀ ਲੰਬਾ ਅਰਸਾ ਮੁਜ਼ਾਹਰੇ ਹੁੰਦੇ ਰਹੇ। ਅਮਰੀਕਾ ਦੀਆਂ ਯੂਨੀਵਰਸਿਟੀਆਂ, ਜਿਨ੍ਹਾਂ ਵਿਚ ਕੋਲੰਬੀਆ, ਆਕਸਫੋਰਡ,  ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਐਮ.ਆਈ.ਟੀ. ਵਰਗੀਆਂ ਕੌਮਾਂਤਰੀ ਪੱਧਰ ਦੀਆਂ ਯੂਨੀਵਰਸਿਟੀਆਂ ਵੀ ਸ਼ਾਮਿਲ ਹਨ, ਵਿਖੇ  ਮਈ 2024 ਤੱਕ 1360 ਵਿਦਿਆਰਥੀ ਮੁਜ਼ਾਹਰੇ ਹੋਏ ਸਨ। ਕਈ ਕੈਂਪਸ ਵਿਚ ਇਹ ਮੁਜ਼ਾਹਰੇ  ਦਿਨ-ਰਾਤ ਦੇ ਧਰਨਿਆਂ ਦਾ ਰੂਪ ਧਾਰਨ ਕਰ ਗਏ ਸਨ। ਇਹ ਘੋਲ ਕਨਾਡਾ, ਫਰਾਂਸ, ਅਤੇ ਆਸਟ੍ਰੇਲੀਆ ਮਹਾਂਦੀਪ ਤੱਕ ਫੈਲ ਗਿਆ। ਵਿਦਿਆਰਥੀਆਂ ਵੱਲੋਂ ਗਾਜ਼ਾ ਵਿਚ ਫੌਰੀ ਜੰਗਬੰਦੀ ਦੇ ਨਾਲ ਹੀ ਆਪਣੀਆਂ ਯੂਨੀਵਰਸਿਟੀਆਂ ਵਿਚ ਇਜ਼ਰਾਇਲੀ ਸਹਿਯੋਗ ਨਾਲ ਚੱਲਦੇ ਪ੍ਰੋਜੈਕਟਾਂ, ਖੋਜਾਂ ਤੇ ਹੋਰ ਭਿਆਲੀਆਂ ਨੂੰ ਖਤਮ ਕਰਨ ਦੀ ਮੰਗ ਵੀ ਕੀਤੀ ਗਈ ਸੀ। ਪੁਲਸੀਆ ਦਮਨ ਦੇ ਬਾਵਜੂਦ ਇਹ ਧਰਨੇ ਤੇ ਟੈਂਟ ਕੈਂਪ ਕਾਇਮ ਰਹੇ। ਕੋਲੰਬੀਆ, ਆਕਸਫੋਰਡ, ਕੈਂਬਿ੍ਰਜ, ਨਾਰਥ ਵੈਸਟਰਨ, ਬ੍ਰਾਊਨ, ਯੂਨੀਵਰਸਿਟੀ ਆਫ ਮਿਨੀਸੋਟਾ, ਯੂਨੀਵਰਸਿਟੀ ਆਫ ਕੈਲੀਫੋਰਨੀਆ ਸਮੇਤ ਕਈ ਯੂਨੀਵਰਸਿਟੀਆਂ ਤੇ ਕਾਲਜਾਂ ਨੇ ਵਿਦਿਆਰਥੀਆਂ ਦੀਆਂ ਮੰਗਾਂ ਮੰਨਦੇ ਹੋਏ ਇਜ਼ਰਾਇਲੀ ਸੰਸਥਾਵਾਂ ਤੇ ਨਿਵੇਸ਼ਕਾਂ ਨਾਲੋਂ ਆਪਣੇ ਸੰਬੰਧ ਤੋੜ ਲਏ ਸਨ।

See Also

ਫ਼ਲਸਤੀਨੀਆਂ ਦੇ ਗਾਜ਼ਾ ਵਿਚ ਹੋ ਰਹੇ ਨਰਸੰਘਾਰ ਵਿਰੁੱਧ ਪ੍ਰਤੀਰੋਧ ਕੌਮਾਂਤਰੀ ਪੱਧਰ ’ਤੇ ਨਿੱਤ ਦਿਨ ਬੇਰੋਕ ਜਾਰੀ ਰਿਹਾ। ਜਿੱਥੇ ਗਾਜ਼ਾ ਵਿਚ ਫ਼ਲਸਤੀਨੀ ਲੋਕ ਬਹਾਦਰੀ ਨਾਲ ਲੜਦੇ ਸ਼ਹਾਦਤਾਂ ਪ੍ਰਾਪਤ ਕਰ ਰਹੇ ਸਨ, ਉਥੇ ਹੀ ਕੌਮਾਂਤਰੀ ਪੱਧਰ ’ਤੇ ਵੀ ਰੋਸ ਮੁਜ਼ਾਹਰੇ ਨਿਰੰਤਰ ਜਾਰੀ ਰਹੇ। ਨਵੇਂ ਸਾਲ ਦੇ ਪਹਿਲੇ ਦਿਨ ਹੀ ਤੁਰਕੀ ਦੇ ਇਸਤਾਂਬੂਲ ਵਿਖੇ ਹੋਈ ਵਿਸ਼ਾਲ ਰੈਲੀ ਵਿਚ ਜੁਟੇ 4 ਲੱਖ ਤੋਂ ਵੱਧ ਲੋਕਾਂ ਨੇ ਇਹ ਨਰਸੰਘਾਰਕ ਜੰਗ ਫੌਰੀ ਬੰਦ ਕਰਨ ਦੀ ਮੰਗ ਕੀਤੀ ਸੀ। ਲੰਦਨ, ਬੈਲਜ਼ੀਅਮ ਦੀ ਰਾਜਧਾਨੀ ਬੁਰੂਸੇਲਜ਼ ਤੇ ਹੋਰ ਕਈ ਦੇਸ਼ਾਂ ਵਿਚ ਸਿਹਤ ਸੇਵਾਵਾਂ ਨਾਲ ਸੰਬੰਧਤ ਅਮਲੇ, ਡਾਕਟਰਾਂ, ਨਰਸਾਂ ਆਦਿ ਨੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋ ਕੇ ਗਾਜ਼ਾ ਦੇ ਕਮਾਲ ਅਦਵਾਨ ਹਸਪਤਾਲ ਨੂੰ ਬੰਦ ਕਰਵਾਉਣ, ਤਬਾਹ ਕਰਨ, ਉਸਦੇ ਡਾਇਰੈਕਟਰ ਨੂੰ ਗਿ੍ਰਫ਼ਤਾਰ ਕਰਨ ਤੇ ਬੱਚਿਆਂ ਦੇ ਮਾਹਰ ਡਾਕਟਰ ਮੁਹੰਮਦ ਓਬੀਦ ਦੇ ਇਜ਼ਰਾਇਲੀ ਫੌਜ ਵੱਲੋਂ ਉਧਾਲੇ ਵਿਰੁੱਧ ਆਵਾਜ਼ ਬੁਲੰਦ ਕੀਤੀ।

ਲੰਘੇ ਸਾਲ ਕੌਮਾਂਤਰੀ ਪੱਧਰ ਤੇ ਅਮਰੀਕਾ ਵੱਲੋਂ ਇਜ਼ਰਾਇਲ ਦੇ ਸਮਰਥਨ ਲਈ ਯੂਰਪੀ ਦੇਸ਼ਾਂ ’ਤੇ ਦਬਾਅ ਬਣਾਏ ਜਾਣ ਦੇ ਬਾਵਜੂਦ ਕੁੱਝ ਯੂਰਪੀ ਦੇਸ਼ਾਂ ਨੇ ਆਪਣੇ ਵਿਦੇਸ਼ ਨੀਤੀ ਸਿਧਾਂਤਾਂ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਅਤੇ ਆਇਰਲੈਂਡ, ਨਾਰਵੇ ਅਤੇ ਸਪੇਨ ਨੇ 28 ਮਈ ਨੂੰ ਫ਼ਲਸਤੀਨ ਰਾਜ ਨੂੰ ਮਾਨਤਾ ਪ੍ਰਦਾਨ ਕਰ ਦਿੱਤੀ।

ਸੰਯੁਕਤ ਰਾਸ਼ਟਰ ਨੇ ਵੀ 11 ਦਸੰਬਰ ਨੂੰ ਇਕ ਮਤਾ ਪਾਸ ਕਰਕੇ ਇਜ਼ਰਾਇਲ ਨੂੰ ਗਾਜ਼ਾ ਪੱਟੀ ਵਿਚ ਫੌਰੀ ਬਿਨਾਂ ਸ਼ਰਤ ਸਥਾਈ ਜੰਗਬੰਦੀ ਕਰਨ ਲਈ ਕਿਹਾ। ਇਸ ਮਤੇ ਦੇ ਹੱਕ ਵਿਚ 158 ਤੇ ਵਿਰੋਧ ਵਿਚ ਸਿਰਫ 9 ਵੋਟ ਪਏ ਜਦਕਿ 13 ਦੇਸ਼ ਗੈਰ ਹਾਜ਼ਰ ਰਹੇ ਸਨ।

ਪਿਛਲੇ ਸਾਲ 26 ਜਨਵਰੀ ਨੂੰ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਨੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਗਿ੍ਰਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਸਨ। 19 ਜੁਲਾਈ ਨੂੰ 50 ਤੋਂ ਵੀ ਵੱਧ ਦੇਸ਼ਾਂ ਦੀਆਂ ਗਵਾਹੀਆਂ ਸੁਣਨ ਪਿਛੋਂ ਆਈਸੀਜੇ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਇਜ਼ਰਾਇਲ ਦੇ ਕਬਜ਼ੇ ਵਾਲੇ ਫ਼ਲਸਤੀਨੀ ਖੇਤਰਾਂ ਵਿਚ ਉਸਦੀ ਨਿਰੰਤਰ ਹਾਜ਼ਰੀ ਨੂੰ ਗੈਰ ਕਾਨੂੰਨੀ ਕਰਾਰ ਦਿੰਦੇ ਹੋਏ, ਉਨ੍ਹਾਂ ਨੂੰ ਛੇਤੀ ਤੋਂ ਛੇਤੀ ਖਾਲੀ ਕਰਨ ਅਤੇ ਨਾਲ ਹੀ ਕਬਜ਼ਾ ਕਰਨ ਸਮੇਂ ਸਥਾਨਕ ਲੋਕਾਂ ਦੇ ਹੋਏ ਹਰ ਤਰ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਦੇ ਹੁਕਮ ਵੀ ਜਾਰੀ ਕੀਤੇ ਸਨ। 21 ਨਵੰਬਰ ਨੂੰ ਆਈ.ਸੀ.ਸੀ. ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਉਨ੍ਹਾਂ ਦੇ ਰੱਖਿਆ ਮੰਤਰੀ ਯੋਆਵ ਗੈਲੈਂਟ ਨੂੰ ਗਿ੍ਰਫ਼ਤਾਰ ਕਰਨ ਦਾ ਇਤਿਹਾਸਕ ਫੈਸਲਾ ਸੁਣਾਇਆ ਸੀ। ਸਪੱਸ਼ਟ ਹੈ ਕਿ ਦੁਨੀਆਂ, ਅਮਰੀਕੀ ਸਾਮਰਾਜ ਦੀਆਂ ਸਾਮ-ਦਾਮ-ਦੰਡ-ਭੇਦ ਦੀਆਂ ਕੁਟਿਲ ਚਾਲਾਂ ਦੇ ਬਾਵਜੂਦ ਇਜ਼ਰਾਇਲ ਨੂੰ ਉਸਦੇ ਜ਼ੁਰਮਾਂ ਬਦਲੇ ਦੋਸ਼ੀ ਠਹਿਰਾਉਣ ਲਈ ਪੱਬਾਂ ਭਾਰ ਹੈ।

ਹਾਲਾਂਕਿ ਅਮਰੀਕਾ ਦੀ ਵਾਗਡੋਰ ਹੁਣ ਡੋਨਾਲਡ ਟਰੰਪ ਵਰਗੇ ਸਨਕੀ, ਧੁਰ ਪਿਛਾਖੜੀ ਤੇ ਨੈਤਿਕਤਾ ਤੋਂ ਸੱਖਣੇ ਆਗੂ ਦੇ ਹੱਥ ਆ ਗਈ ਹੈ, ਪਰ ਜਿਸ ਤਰ੍ਹਾਂ ਕੌਮਾਂਤਰੀ ਪੱਧਰ ’ਤੇ ਫ਼ਲਸਤੀਨੀ ਲੋਕਾਂ ਦੇ ਹੱਕ ਵਿਚ ਅਤੇ ਗਾਜ਼ਾ ਵਿਖੇ ਵਰਤਾਏ ਜਾ ਰਹੇ ਨਰਸੰਘਾਰ ਵਿਰੁੱਧ ਵਿਸ਼ਾਲ ਸਸ਼ਕਤ ਲੋਕ ਰਾਏ ਬਣਦੀ ਵੀ ਜਾ ਰਹੀ ਸੀ ਅਤੇ ਹਰ ਦਿਨ ਕਿਸੇ ਨਾ ਕਿਸੇ ਰੂਪ ’ਚ ਪ੍ਰਗਟ ਵੀ ਹੋ ਰਹੀ ਸੀ। ਇਸੇ ਦਾ ਸਿੱਟਾ ਹੈ 19 ਜਨਵਰੀ, 2025 ਨੂੰ ਲਾਗੂ ਹੋਈ ਜੰਗਬੰਦੀ।

ਅਮਰੀਕਾ, ਕਤਰ ਤੇ ਮਿਸਰ ਦੀ ਵਿਚੋਲਗੀ ਨਾਲ ਇਜ਼ਰਾਇਲ ਤੇ ਹਮਾਸ ਦਰਮਿਆਨ ਹੋਏ ਜੰਗਬੰਦੀ ਦੇ ਸਮਝੌਤੇ ਦਾ ਪਹਿਲਾ ਪੜਾਅ 19 ਜਨਵਰੀ ਨੂੰ ਲਾਗੂ ਕਰਦਿਆਂ ਹਮਾਸ ਨੇ 3 ਇਸਤਰੀ ਬੰਧਕਾਂ ਰੋਮੀ ਗੋਨੇਨ, ਡੋਰੋਨ ਸਟੀਨਬਰੇਚਰ ਅਤੇ ਇਮੀਲੀ ਡਮਾਰੀ ਨੂੰ ਰਿਹਾਅ ਕਰਕੇ ਰੈਡ ਕ੍ਰਾਸ ਦੇ ਅਧਿਕਾਰੀਆਂ ਨੂੰ ਸੌੰਪ ਦਿੱਤਾ ਸੀ, ਜੋ ਇਜ਼ਰਾਇਲ ਪੁੱਜ ਚੁੱਕੀਆਂ ਹਨ। ਇਜ਼ਰਾਇਲ ਨੇ ਵੀ 69 ਇਸਤਰੀਆਂ ਅਤੇ 21 ਬੱਚਿਆਂ ਸਮੇਤ 90 ਫ਼ਲਸਤੀਨੀ ਕੈਦੀ ਰਿਹਾਅ ਕਰ ਦਿੱਤੇ ਹਨ। ਇਨ੍ਹਾਂ ’ਚ ਫ਼ਲਸਤੀਨੀ ਘੋਲ ਦੀ ਆਗੂ ਖਾਲਿਦਾ ਜਰਾਰ ਵੀ ਹੈ।

ਇਹ ਜੰਗਬੰਦੀ ਸਮਝੌਤਾ 3 ਪੜਾਆਂ ’ਤੇ ਆਧਾਰਤ ਹੈ। ਪਹਿਲਾ ਪੜਾਅ 42 ਦਿਨਾਂ ਤੱਕ ਚਲੇਗਾ। 19 ਜਨਵਰੀ ਤੋਂ ਲਾਗੂ ਹੋਏ ਇਸ ਪੜਾਅ ਦਰਮਿਆਨ ਹਮਾਸ ਵਲੋਂ 33 ਇਜ਼ਰਾਇਲੀ ਬੰਧਕ  ਰਿਹਾਅ ਕੀਤੇ ਜਾਣਗੇ ਅਤੇ ਇਜ਼ਰਾਇਲ ਵਲੋਂ ਕਰੀਬ 700 ਫ਼ਲਸਤੀਨੀ ਕੈਦੀ  ਰਿਹਾਅ ਕੀਤੇ ਜਾਣਗੇ। ਇਜ਼ਰਾਇਲੀ ਫੌਜਾਂ ਗਾਜ਼ਾ ਦੇ ਆਬਾਦੀ ਵਾਲੇ ਸਾਰੇ ਖੇਤਰਾਂ ਤੋਂ ਪਰਤ ਜਾਣਗੀਆਂ ਅਤੇ ਫਲਸਤੀਨੀ ਆਪਣੇ ਘਰਾਂ ਨੂੰ ਵਾਪਸ ਜਾ ਸਕਣਗੇ। ਗਾਜ਼ਾ ਵਿਖੇ ਇਸਦੀ ਨਿਗਰਾਨੀ ਹਮਾਸ ਦੀ ਨੀਲੀ ਵਰਦੀ ਵਾਲੀ ਪੁਲਸ ਕਰੇਗੀ। ਨਾਲ ਹੀ ਪ੍ਰਤੀ ਦਿਨ ਕਰੀਬ 600  ਟਰੱਕ ਖਾਧ ਪਦਾਰਥ ਤੇ ਰਾਹਤ ਸਮਗਰੀ ਗਾਜ਼ਾ ਪੁਚਾਈ ਜਾਵੇਗੀ। ਹਸਪਤਾਲਾਂ, ਕਲੀਨਿਕਾਂ ਤੇ ਬੇਕਰੀਆਂ ਨੂੰ ਤੇਜ਼ੀ ਨਾਲ ਮੁੜ ਸਥਾਪਤ ਕੀਤਾ ਜਾਵੇਗਾ। ਜੰਗਬੰਦੀ ਦੇ 16ਵੇੰ ਦਿਨ ਇਸਨੂੰ ਹੋਰ ਪੀਡਾ ਕਰਨ ਲਈ ਅੱਗੋਂ ਗੱਲਬਾਤ ਸ਼ੁਰੂ ਹੋਵੇਗੀ।

ਦੂਜਾ ਪੜਾਅ ਇਸ ਜੰਗਬੰਦੀ ਨੂੰ ਸਥਾਈ ਬਨਾਉਣ ਅਤੇ ਜੰਗ ਨੂੰ ਪੂਰੀ ਤਰ੍ਹਾਂ ਖਤਮ ਕਰਨ ਬਾਰੇ ਹੋਵੇਗਾ। ਇਸ ਪੜਾਅ ਦੌਰਾਨ ਮਰਦਾਂ ਸਮੇਤ ਬਾਕੀ ਜਿਉੰਦੇ ਬੰਧਕ ਅਤੇ ਹੋਰ ਫ਼ਲਸਤੀਨੀ ਕੈਦੀ ਰਿਹਾਅ ਕੀਤੇ ਜਾਣਗੇ।

ਤੀਜੇ ਤੇ ਅੰਤਿਮ ਪੜਾਅ ’ਚ ਗਾਜ਼ਾ ਦੀ ਮੁੜ ਉਸਾਰੀ ਦੇ ਕਾਰਜ ਸ਼ੁਰੂ ਹੋਣਗੇ ਅਤੇ ਬਾਕੀ ਬੰਧਕ ਜਿਨ੍ਹਾਂ ’ਚ ਮਾਰੇ ਜਾ ਚੁੱਕੇ ਬੰਧਕਾਂ ਦੀਆਂ ਲਾਸ਼ਾਂ ਵੀ ਸ਼ਾਮਿਲ ਹਨ, ਇਜ਼ਰਾਇਲੀ ਅਧਿਕਾਰੀਆਂ ਨੂੰ ਸੌਂਪੀਆਂ ਜਾਣਗੀਆਂ।

ਗਾਜ਼ਾ ਦੀ ਹਮਾਸ ਨਾਲ ਜੁੜੀ ਸਿਹਤ ਵਜ਼ਾਰਤ ਮੁਤਾਬਕ ਇਸ ਨਰਸੰਘਾਰਕ ਜੰਗ ਦੌਰਾਨ ਹੁਣ ਤੱਕ 46,700 ਤੋਂ ਵੱਧ ਫ਼ਲਸਤੀਨੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ’ਚ ਵੱਡੀ ਗਿਣਤੀ ਸਿਵਲੀਅਨ, ਖਾਸ ਕਰਕੇ ਔਰਤਾਂ ਤੇ ਬੱਚੇ ਸ਼ਾਮਲ ਹਨ। ਇਹ ਜੰਗਬੰਦੀ ਲਾਗੂ ਹੋਣ ’ਤੇ 19 ਜਨਵਰੀ ਨੂੰ ਗਾਜ਼ਾ ਵਿਖੇ ਫ਼ਲਸਤੀਨੀ ਲੋਕਾਂ ਨੇ ਹਮਾਸ ਦੇ ਲੜਾਕਿਆਂ ਦਾ ਜ਼ੋਰਦਾਰ ਸਵਾਗਤ ਕੀਤਾ। ਫ਼ਲਸਤੀਨੀ ਲੋਕਾਂ ਦਾ ਇਹ ਵਿਵਹਾਰ ਉਨ੍ਹਾਂ ਦੇ ਆਪਣਾ ਆਜ਼ਾਦ ਦੇਸ਼ ਹਾਸਲ ਕਰਨ ਪ੍ਰਤੀ ਦਿ੍ਰੜ ਇਰਾਦੇ ਤੇ ਸਿਰੜ ਦੇ ਨਾਲ ਉਨਹਾਂ ਵਲੋਂ ਕੋਈ ਵੀ ਕੁਰਬਾਨੀ ਦੇਣ ਦੀ ਭਾਵਨਾ ਨੂੰ ਦਰਸਾਉੰਦਾ ਹੈ।                (20-1-2025)

Scroll To Top