/* SC_TH_END:4.3.24:fc0ffc30 */ ਸਾਹਿਤ ਤੇ ਸਭਿਆਚਾਰ (ਸੰਗਰਾਮੀ ਲਹਿਰ- ਫਰਵਰੀ 2025) – Sangrami Lehar
Now Reading
ਸਾਹਿਤ ਤੇ ਸਭਿਆਚਾਰ (ਸੰਗਰਾਮੀ ਲਹਿਰ- ਫਰਵਰੀ 2025)

ਸਾਹਿਤ ਤੇ ਸਭਿਆਚਾਰ (ਸੰਗਰਾਮੀ ਲਹਿਰ- ਫਰਵਰੀ 2025)

ਕਹਾਣੀ

ਉਸ ਨੂੰ ਕਿਹਨੇ ਮਾਰਿਆ?

– ਜੀਲਾਨੀ ਬਾਨੋ

‘‘ਔਰਤ ਆਪਣੇ ਆਪ ਕਦੇ ਨਹੀਂ ਮਰਦੀ। ਹਮੇਸ਼ਾਂ ਉਸ ਨੂੰ ਕੋਈ ਹੋਰ ਮਾਰਦਾ ਹੈ।’’

‘‘ਫਿਰ ਤੁਸੀਂ ਇਹ ਗੱਲ ਸਾਡੇ ਤੋਂ ਕਿਉਂ ਪੁੱਛ ਰਹੇ ਹੋ ਇੰਸਪੈਕਟਰ ਸਾਹਿਬ?’’

‘‘ਸੜਕਾਂ ’ਤੇ ਭੀਖ ਮੰਗਣ ਵਾਲੀ ਇਕ ਆਵਾਰਾ ਛੋਕਰੀ ਕਿਵੇਂ ਮਰ ਗਈ? ਤੁਸੀਂ ਪੁੱਛਗਿੱਛ ਕਰਨ ਆਏ ਹੋ? ਸਾਰੀ ਕਾਲੋਨੀ ਦੇ ਲੋਕਾਂ ਨੂੰ ਇਕੱਠੇ ਕਰ ਲਿਆ ਹੈ।’’

‘‘ਇੰਸਪੈਕਟਰ ਸਾਹਿਬ! ਅੱਲ੍ਹਾ ਦੇ ਫਜ਼ਲ ਨਾਲ ਇਸ ਕਲੋਨੀ ਵਿਚ ਸਾਰੇ ਪੜ੍ਹੇ-ਲਿਖੇ, ਇਖਲਾਕੀ ਲੋਕ ਰਹਿੰਦੇ ਹਨ।’’

‘‘ਉਹ ਸੜਕਾਂ ’ਤੇ ਨੰਗੀ ਘੁੰਮਣ ਵਾਲੀ ਆਵਾਰਾ ਛੋਕਰੀ ਸੀ। ਭੀਖ ਮੰਗਦੀ ਸੀ। ਉਸ ਦਾ ਨਾ ਕੋਈ ਘਰ ਸੀ, ਨਾ ਕੋਈ ਰਿਸ਼ਤੇਦਾਰ। ਕੱਲ੍ਹ ਰਾਤ ਕਾਲੋਨੀ ਦੇ ਆਵਾਰਾ ਲੜਕੇ ਉਸ ’ਤੇ ਟੁੱਟ ਪਏ ਹੋਣਗੇ। ਫਿਰ ਉਸ ਨੂੰ ਧੂੰਹਦੇ ਇੱਥੇ ਫੁਟਪਾਥ ’ਤੇ ਸੁੱਟ ਗਏ ਹੋਣਗੇ।’’

‘‘ਤੁਸੀਂ ਸਾਡੇ ਤੋਂ ਪੁੱਛ ਰਹੇ ਹੋ ਕਿ ਉਸ ਨੂੰ ਕਿਸ ਨੇ ਮਾਰਿਆ?’’

‘‘ਮੈਂ ਸਿਰਫ ਇਕ ਵਾਰ ਉਸ ਨੂੰ ਡੰਡੇ ਮਾਰ ਕੇ ਗੇਟ ਤੋਂ ਬਾਹਰ ਕਰ ਦਿੱਤਾ ਸੀ।’’

‘‘ਮੈਂ ਤਾਂ ਉਸ ਨੂੰ ਪਤਾ ਨਹੀਂ ਕਿੰਨੀ ਵਾਰ ਬਾਹਰ ਕੱਢਿਆ। ਹਰ ਵੇਲੇ ਰੋਟੀ ਮੰਗਣ ਆ ਜਾਂਦੀ ਸੀ।’’

‘‘ਇੰਸਪੈਕਟਰ ਸਾਹਿਬ, ਮੈਂ ਤਾਂ ਉਸ ਨੂੰ ਆਪਣੇ ਘਰ ਦੇ ਕੋਲ ਢੁਕਣ ਵੀ ਨਹੀਂ ਦਿੰਦੀ ਸੀ। ਬਗੀਚੇ ਵਿਚ ਕੁੱਤੇ ਲਈ ਖਾਣਾ ਰੱਖੋ ਤਾਂ ਉਹ ਵੀ ਖਾ ਲੈਂਦੀ ਸੀ।’’

‘‘ਤੇ ਮੰਮੀ, ਉਹ ਕੂੜੇ ਦੇ ਢੇਰ ਤੋਂ ਕੇਲੇ ਅਤੇ ਅੰਬ ਦੇ ਛਿਲਕੇ ਚੁੱਕ ਕੇ ਚੱਟ ਲੈਂਦੀ ਸੀ।’’

‘‘ਮੁੰਨੀ, ਤੂੰ ਚੁੱਪ, ਗੰਦੀਆਂ ਗੱਲਾਂ ਨਾ ਕਰ।’’

‘‘ਏਥੇ ਬੜੇ ਅਹਿਮ ਲੋਕ ਰਹਿੰਦੇ ਹਨ, ਭਲਾ ਇਸ ਗੰਦੀ ਭਿਖਾਰਨ ਛੋਕਰੀ ਦਾ ਕਤਲ ਕੌਣ ਕਰੇਗਾ? ਮੈਂ ਇਕ ਪ੍ਰੋਫੈਸਰ ਹਾਂ। ਮੇਰਾ ਇਨ੍ਹਾਂ ਗੱਲਾਂ ਨਾਲ ਕੀ ਸਬੰਧ ਹੈ!’’

‘‘ ਬੇਸ਼ਰਮ ਸੀ। ਨੰਗੀ ਘੁੰਮਦੀ ਸੀ। ਮਸਜਿਦ ਤੋਂ ਨਮਾਜ਼ ਪੜ੍ਹ ਕੇ ਨਿਕਲੋ ਤਾਂ ਉਸ ਨੂੰ ਦੇਖ ਕੇ ਵੁਜੂ ਟੁੱਟ ਜਾਂਦਾ ਸੀ। ਲਾਹੌਲ ਵਲਾ। ਇਸ ਲਈ ਤਾਂ ਔਰਤ ਨੂੰ ਹੁਕਮ ਦਿੱਤਾ ਗਿਆ ਹੈ ਕਿ ਆਪਣਾ ਚਿਹਰਾ ਲੁਕਾਈ ਰੱਖੇ।’’

‘‘ਵਿਚਾਰੇ, ਮਰਦਾਂ ਦੀ ਜਿਣਸੀ ਖਾਹਿਸ਼ ਨਾ ਭੜਕ ਉੱਠੇ।’’

‘‘ਰਾਤ ਨੂੰ ਸਾਰੇ ‘ਕੌਣ ਬਣੇਗਾ ਕਰੋੜਪਤੀ’ ਦੇਖ ਰਹੇ ਸਨ ਅਤੇ ਉਹ ਦਰਵਾਜ਼ਾ ਭੰਨ ਕੇ ਚੀਖ ਰਹੀ ਸੀ, ਰੋਟੀ ਦਿਓ, ਰੋਟੀ ਦਿਓ। ਮੈਂ ਕਿੰਨੀ ਵਾਰ ਆਪਣੇ ਬੱਚੇ ਨੂੰ ਰੋਕਿਆ। ਉਸ ਦੇ ਕੋਲ ਨਾ ਜਾਓ, ਕੋਈ ਰੋਗ ਚਿੰਬੜ ਜਾਏਗਾ। ਪਰ ਉਹ ਛੋਟੇ ਬੱਚਿਆਂ ਦੇ ਨਾਲ ਨੱਚਦੀ ਗਾਉਂਦੀ ਸੀ।’’

‘‘ਮੇਰੀ ਬੇਬੀ, ਸਭਨਾਂ ਤੋਂ ਲੁਕਾ ਕੇ ਉਸ ਨੂੰ ਰੋਟੀ ਦੇ ਆਉਂਦੀ ਸੀ। ਇਕ ਵਾਰ ਉਸ ਦੇ ਸਿਰ ’ਚੋਂ ਖੂਨ ਵਗ ਰਿਹਾ ਸੀ ਤਾਂ ਬੇਬੀ ਉਸ ਲਈ ਦਵਾਈ ਲੈ ਕੇ ਭੇਜੀ।’’

‘‘ ਬੜੀ ਚਲਾਕ ਸੀ। ਪਾਗਲਾਂ ਵਰਗੀ ਐਕਟਿੰਗ ਕਰਕੇ ਸਭਨਾਂ ਨੂੰ ਆਪਣੇ ਕੋਲ ਬੁਲਾ ਲੈਂਦੀ ਸੀ।’’

‘‘ਇਕ ਦਿਨ ਉਸ ਦੀ ਲੱਤ ਵੀ ਜ਼ਖ਼ਮੀ ਹੋ ਗਈ ਸੀ ਤਾਂ ਧਰਤੀ ’ਤੇ ਹੱਥ ਧਰ ਕੇ ਤੁਰਦੀ ਸੀ।’’

‘‘ਹੋ ਸਕਦਾ ਹੈ ਕੱਲ੍ਹ ਰਾਤ ਵੀ ਛੋਕਰਿਆਂ ਨੇ ਉਸ ਨਾਲ ਮੂੰਹ ਕਾਲਾ ਕਰਕੇ ਸੜਕ ’ਤੇ ਸੁੱਟ ਦਿੱਤਾ ਹੋਵੇ।’’

‘‘ਹੋ ਸਕਦਾ ਹੈ ਕਿਸੇ ਕਾਰ ਨੇ ਉਸ ਨੂੰ ਦਰੜ ਦਿੱਤਾ ਹੋਵੇ। ਰਾਤ ਨੂੰ ਕਲੋਨੀ ਦੇ ਬਹੁਤ ਸਾਰੇ ਲੋਕ ਕਲੱਬ ਤੋਂ ਆਉਂਦੇ ਹਨ ਤਾਂ ਮਦਹੋਸ਼ੀ ਵਿਚ ਕਾਰਾਂ ਦੇ ਐਕਸੀਡੈਂਟ ਹੋ ਜਾਂਦੇ ਹਨ।’’

‘‘ਇਹ ਤੁਸੀਂ ਕੀ ਰਹਿ ਰਹੋ ਹੋ ਇੰਸਪੈਕਟਰ ਸਾਹਿਬ। ਰਾਤ ਨੂੰ ਕਿਸੇ ਔਰਤ ਦੇ ਰੋਣ-ਚੀਕਣ ਦੀ ਆਵਾਜ਼ ਆਏ ਤਾਂ ਅਸੀਂ ਬਾਹਰ ਜਾ ਕੇ ਦੇਖੀਏ ਕਿ ਕੀ ਹੋਇਆ ਹੈ?’’

‘‘ਸ੍ਰੀਮਾਨ ਜੀ, ਇੱਥੇ ਤਾਂ ਸਾਰੀ ਰਾਤ ਫੜੋ-ਫੜਾਈ ਦੀ ਖੇਡ ਚਲਦੀ ਰਹਿੰਦੀ ਹੈ।’’

‘‘ਰਾਤ ਏਨੀ ਜ਼ੋਰ ਦਾ ਮੀਂਹ ਪੈ ਰਿਹਾ ਸੀ ਅਤੇ ਉਹ ਗੇਟ ’ਤੇ ਜ਼ੋਰ-ਜ਼ੋਰ ਨਾਲ ਪੱਥਰ ਮਾਰ ਰਹੀ ਸੀ। ਬੜੀ ਮੁਸ਼ਕਿਲ ਨਾਲ ਗਾਰਡ ਨੇ ਉਸ ਨੂੰ ਮਾਰ ਕੇ ਭਜਾਇਆ।’’

‘‘ਇੰਸਪੈਕਟਰ ਸਾਹਿਬ, ਉਹ ਲੜਕੀ ਹਿੰਦੂ ਸੀ। ਇਕ ਮੁਸਲਮਾਨ ਦੇ ਘਰ ਦੇ ਸਾਹਮਣੇ ਉਸ ਦਾ ਕਤਲ ਹੋਇਆ ਹੈ?’’

‘‘ਇਹ ਤੁਸੀਂ ਕੀ ਕਹਿ ਰਹੋ ਹੋ? ਤੁਹਾਨੂੰ ਕਿਹਨੇ ਕਿਹਾ ਕਿ ਇਸ ਕਾਲੋਨੀ ਦੇ ਮੁਸਲਮਾਨ ਹਿੰਦੂ ਆਪਸ ਵਿਚ ਲੜਦੇ ਹਨ? ਤੌਬਾ-ਤੌਬਾ, ਅੱਲ੍ਹਾ ਸਾਡਾ ਦੀਨ-ਈਮਾਨ ਸਲਾਮਤ ਰੱਖੇ। ਸੜਕ ’ਤੇ ਨੰਗੀ ਘੁੰਮਣ ਵਾਲੀ ਛੋਕਰੀ ਨਾਲ ਸਾਡਾ ਕੀ ਵਾਸਤਾ?’’

‘‘ਸਾਹਿਬ, ਅਸੀਂ ਬ੍ਰਾਹਮਣ ਲੋਕ ਹਾਂ। ਅਛੂਤ ਜਾਤ ਦੀ ਛੋਕਰੀ ਕੌਣ ਹੈ? ਕਿੱਥੋਂ ਆਈ ਹੈ? ਕਿਵੇਂ ਮਰੀ? ਸਾਨੂੰ ਕੁਝ ਨਹੀਂ ਪਤਾ। ਅਸੀਂ ਉਸ ਨੂੰ ਮੰਦਰ ਦੇ ਅੱਗਿਓਂ ਪਰ੍ਹਾਂ ਕਰ ਦਿੱਤਾ ਸੀ।’’

‘‘ਹੁਣ ਤਾਂ ਤੁਹਾਨੂੰ ਯਕੀਨ ਹੋ ਗਿਆ ਨਾ ਕਿ ਇਸ ਕਾਲੋਨੀ ਵਿਚ ਉਸ ਮੰਗਤੀ ਛੋਕਰੀ ਨੂੰ ਕਿਸੇ ਨੇ ਕਤਲ ਨਹੀਂ ਕੀਤਾ। ਉਸ ਦਾ ਕਾਤਲ ਕੌਣ ਹੈ? ਚਲੋ, ਅਸੀਂ ਵੀ ਤੁਹਾਡੇ ਨਾਲ ਮਿਲ ਕੇ ਉਸ ਨੂੰ ਲੱਭਾਂਗੇ ਇੰਸਪੈਕਟਰ ਸਾਹਿਬ ਏਧਰ ਦੇਖੋ ਮੰਗਤੀ ਦੀ ਲਾਸ਼ ਕੋਲ ਇਕ ਬੁੱਢੀ ਔਰਤ ਆ ਗਈ ਹੈ। ਉਹ ਜ਼ੋਰ-ਜ਼ੋਰ ਨਾਲ ਰੋ ਰਹੀ ਹੈ।’’

‘‘ਨਹੀਂ, ਉਹਦੀ ਮਾਂ ਨਹੀਂ ਹੈ। ਉਸ ਦਾ ਤਾਂ ਕੋਈ ਵੀ ਰਿਸ਼ਤੇਦਾਰ ਕਦੇ ਨਜ਼ਰ ਨਹੀਂ ਪਿਆ।’’

‘‘ਤੁਸੀਂ ਨਹੀਂ ਜਾਣਦੇ, ਮੌਲਾਨਾ, ਹੁਣ ਇਸ ਦਾ ਕਿਰਿਆ-ਕਰਮ ਕਰਨ ਵਾਲੇ ਅਤੇ ਲਾਵਾਰਿਸ ਹੋਣ ਦੇ ਦਾਅਵੇਦਾਰ ਬਹੁਤ ਆ ਜਾਣਗੇ। ਹੁਣ ਉਹ ਤੁਹਾਡੇ ਤੋਂ ਚੰਦਾ ਵਸੂਲ ਕਰਨਗੇ, ਸਰਕਾਰ ਵੀ ਕੁਝ ਦੇਵੇਗੀ।’’

‘‘ਸਾਰੀ ਕਾਲੋਨੀ ਇਸ ਬੁੱਢੀ ਨੂੰ ਰੁਪਏ ਦਾਨ ਕਰੇਗੀ ਕਿਉਂਕਿ ਉਹ ਮਰਨ ਵਾਲੀ ਦੀ ਮਾਂ ਬਣ ਜਾਏਗੀ।’’

‘‘ਮੰਮੀ ਮੇਰੀ ਗੱਲ ਸੁਣੋ।’’ ਬੇਬੀ ਨੇ ਉੱਚੀ ਆਵਾਜ਼ ਵਿਚ ਆਪਣੀ ਮੰਮੀ ਨੂੰ ਕਿਹਾ, ‘‘ਉਹ ਬੁੱਢੀ ਕਹਿ ਰਹੀ ਹੈ ਕਿ ਉਹ ਮੰਗਤੀ ਦੀ ਮਾਂ ਨਹੀਂ ਹੈ। ਮੈਂ ਪੁੱਛਿਆ, ਤੂੰ ਕੌਣ ਹੈਂ? ਉਹ ਰੋਂਦੀ-ਰੋਂਦੀ ਕਹਿ ਰਹੀ ਸੀ, ‘ਮਰਨ ਵਾਲੀ ਸੜਕ ’ਤੇ ਇਕੱਲੀ ਪਈ ਹੈ। ਉਸ ਦੀ ਮੌਤ ’ਤੇ ਰੋਣ ਵਾਲਾ ਕੋਈ ਨਹੀਂ ਹੈ, ਇਸ ਲਈ ਮੈਂ ਰੋ ਰਹੀ ਹਾਂ’।’’                            (ਅਨੁਵਾਦ: ਨਿਰਮਲ ਪ੍ਰੇਮੀ)

ਕਵਿਤਾ

– ਮਦਨ ਵੀਰਾ

ਸਬਕ

ਇਹ ਘਰ

ਉਦੋਂ ਤੱਕ ਤੁਹਾਡਾ ਹੈ

ਜਦੋਂ ਤੱਕ

ਮੂੰਹ ਬੰਦ

ਤੇ ਨਜ਼ਰ ਨੀਵੀਂ ਰਹੇਗੀ

ਜੇ ਮੂੰਹ ਖੋਲ੍ਹੋਗੇ

ਉੱਚਾ ਸੁੱਚਾ ਬੋਲੋਗੇ

ਤਾਂ ਬਹਿ ਕੇ ਰਾਖ ਫਰੋਲੋਗੇ

      ਇਹ ਪਿੰਡ

      ਉਦੋਂ ਤੱਕ ਤੁਹਾਡਾ ਹੈ

      ਜਦੋਂ ਤੱਕ ਨੇਮ ’ਚ ਰਹੋਗੇ..

      ਤੈਅ-ਸੁਦਾ ਪੈੜਾਂ ’ਤੇ ਚੱਲੋਗੇ..

      ਜਦੋਂ ਨੇਮ ਵਿਸਾਰੋਗੇ

      ਨਵਾਂ ਕੁਝ ਮਨ ’ਚ ਧਾਰੋਗੇ

      ਪੁਰਾਣੀ ਲੀਹ ਨਕਾਰੋਗੇ

      ਖੁਦ ਲਿਤਾੜੇ ਜਾਉਗੇ…

ਇਹ ਮਿੱਟੀ

ਉਦੋਂ ਤੱਕ ਤੁਹਾਡੀ ਮਾਂ ਹੈ

ਜਦੋਂ ਤੱਕ ਬੈਲ ਬਣ ਕੇ

ਕੋਹਲੂ ਅੱਗੇ ਤੁਰਦੇ ਜਾਉਗੇ

ਅੱਖਾਂ ’ਤੇ ਸਜੇ ਖੋਪਿਆਂ ਨੂੰ

ਗਹਿਣਾ ਸਮਝੋਗੇ..

ਜਦੋਂ ਪਰ ਥੱਕ-ਟੁੱਟ ਕੇ

ਤੁਰਨ ਤੋਂ ਨਾਬਰ ਹੋ ਜਾਉਗੇ

ਆਕੀ ਹੋ ਜਾਉਗੇ

ਬਾਗ਼ੀ ਕਹਾਉਗੇ

ਬਾਬਿਓ ਮਾਰੇ ਜਾਉਗੇ…

      ਇਹ ਦੇਸ਼

      ਉਦੋਂ ਤੱਕ ਤੁਹਾਡਾ ਹੈ

      ਜਦੋਂ ਤੱਕ

      ਤੁਹਾਡੇ ਮਨਾਂ ’ਚ ਖੌਫ਼ ਹੈ

      ਖ਼ਤਰਾ ਹੈ,

      ਜਦੋਂ ਤੁਸੀਂ ਕਿਸੇ ਲਈ

      ਖੌਫ਼ ਬਣੇ

      ਖ਼ਤਰਾ ਬਣੇ

      ਹੂੰਝੇ ਜਾਉਗੇ

ਕਵਿਤਾ

– ਅੰਜੁਮ ਸਲੀਮੀ

See Also

ਰਾਬੀਆ ਬਸਰੀ

ਰੱਬ ਓਦੋਂ ਦਾ ਚੁੱਪ ਏ

ਜਦੋਂ ਦਾ ਉਹਨੇ

ਆਪਣੇ ਰੱਬ ਨੂੰ ਆਖਿਆ ਏ

“ਤੇਰੀ ਬੇਇਨਸਾਫੀ ਦਾ ਨਿਆਂ ਮੈਂ ਕਰਾਂਗੀ

ਮੇਰੇ ਕੋਲ ਦੋ ਹੰਝੂ ਨੇ

ਇੱਕ ਹੰਝੂ ਨਾਲ

ਮੈਂ ਤੇਰੀ ਦੋਜ਼ਖ ਬੁਝਾਵਾਂਗੀ

ਤੇ ਦੂਜੇ ਹੰਝੂ ਵਿਚ

ਤੇਰੀ ਜੰਨਤ ਰੋੜ੍ਹ ਦਿਆਂਗੀ’’

ਰੱਬ ਓਦੋਂ ਦਾ ਚੁੱਪ ਏ

ਰਾਬੀਆ ਦੇ ਹੰਝੂ

ਅਜੇ ਵੀ ਸੁੱਕੇ ਨਹੀਂ

ਗ਼ਜ਼ਲ

– ਰਾਣਾ ਰਣਬੀਰ

ਮੈਨੂੰ ਨਾਨਕ ਮੱਤਾਂ ਦੇਂਵਦੇ, ਮੇਰੀ ਪਿੱਠ ’ਤੇ ਖੜ੍ਹੇ ਫ਼ਰੀਦ।

ਮੈਨੂੰ ਮਿਲਣ ਸੁਰ ਮਰਦਾਨਿਓਂ, ਮੈਂ ਲਾਲੋ ਭਗਤ ਮੁਰੀਦ।

ਹਾਂ ਇਸ਼ਕ ’ਚ ਮਿਰਜ਼ਾ ਝੂਲਦਾ, ਮੈਂ ਮਸਤੀ ਦਾ ਸਰਦਾਰ,

ਮੈਂ ਸਬਰ ਲਿਆ ਮਜ਼ਦੂਰ ਤੋਂ, ਮੈਂ ਰਹਿਨਾਂ ਖ਼ਬਰਦਾਰ।

ਮੈਨੂੰ ਮੰਟੋ ਪਾਸ਼ ਹਲੂਣਦੇ, ਤੇ ਜੀਣਾ ਦੱਸਦੀ ਮੌਤ।

ਮੈਨੂੰ ਦੇਣ ਕਿਤਾਬਾਂ ਰੌਸ਼ਨੀ, ਨਾ ਧੂਫ਼ ਲਾਵਾਂ ਨਾ ਜੋਤ।

ਹੈ ਕੰਧ ਸਰਹਿੰਦ ਦੀ ਦੱਸਦੀ , ਕੀ ਹੁੰਦਾ ਹੈ ਬਲੀਦਾਨ।

ਤੇ ਕਹਿਣ ਸਰਾਭਾ ਭਗਤ ਸਿਓਂ, ਕਰ ਹੱਸ ਕੇ ਸਭ ਕੁਰਬਾਨ।

ਮੈਂ ਬੱਚਿਆਂ ਸੰਗ ਖੇਡ ਕੇ, ਕਰ ਲੈਨਾਂ ਪਾਠ ਧਿਆਨ।

ਮੈਂ ਖ਼ੂਨ ਨਹੀਂ ਕਰਦਾ ਵਕਤ ਦਾ, ਮੈਨੂੰ ਦੁੱਖ-ਸੁੱਖ ਹੈ ਪਰਵਾਨ।

ਮੈਨੂੰ ਭਗਤ ਪੂਰਨ ਸਿੰਘ ਦੱਸਿਆ, ਕੀ ਸੇਵਾ ਕੀ ਸਨਮਾਨ।

ਹੈ ਬਾਤ ਅਕਲ ਤੇ ਹੁਨਰ ਦੀ, ਕੋਈ ਜੰਮਦਾ ਨਹੀਂ ਮਹਾਨ।

ਨੀ ਪੰਜਾਬੀ ਸ਼ਾਨਾਂਮੱਤੀਏ, ਮੇਰੀ ਬੋਲੀ ਏ ਮੇਰਾ ਮਾਣ।

ਬੁੱਲ੍ਹਾ ਤੇ ਵਾਰਿਸ ਧੜਕਦੇ, ਮੇਰੇ ਸ਼ਬਦਾਂ ਅੰਦਰ ਆਣ।

ਜੇ ਪਾਣੀ ਹਵਾ ਸਾਂਭ ਲੂੰ, ਤਾਂ ਮੈਂ ਤੇ ਦੇਸ਼ ਆਬਾਦ।

ਜਦ ਜਾਤ ਵਿਤਕਰਾ ਮੁੱਕਿਆ, ਫਿਰ ਜ਼ਿੰਦਗੀ ਜ਼ਿੰਦਾਬਾਦ।  

‘ਨਾਨਕ ਨਾਮ ਲੇਵਾ’

ਮੈਂ ਦੁਆਬੇ ਦੇ ਕਿਸੇ ਪਿੰਡ ’ਚ ਆਪਣੇ ਇਕ ਮਿੱਤਰ ਦੇ ਮਾਤਾ ਜੀ ਦੀ ਅੰਤਮ ਅਰਦਾਸ ਸਮੇਂ ਆਪਣੇ ਸਾਥੀਆਂ ਨਾਲ ਗੁਰਦੁਆਰਾ ਸਾਹਿਬ ’ਚ ਹਾਜ਼ਰੀ ਲਗਾ ਰਿਹਾ ਸਾਂ। ਕੜਾਕੇ ਦੀ ਠੰਡ ਸੀ। ਉਹ ਪਤਲੇ ਜਿਹੇ ਕੱਪੜਿਆਂ ’ਚ ਸਿਰ ’ਤੇ ਘਸਮੈਲਾ ਜਿਹਾ ਪਰਨਾ ਬੰਨ੍ਹੀ ਗੁਰੂਘਰ ’ਚ ਆਇਆ ਤੇ ਬਿਨਾ ਕੁੱਝ ਭੇਂਟ ਕੀਤਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਮਣੇ ਨਤਮਸਤਕ ਹੋ ਕੇ  ਸੰਗਤ ’ਚ ਬਹਿ ਗਿਆ। ਫਿਰ ਕੁੱਝ ਹੀ ਪਲਾਂ ’ਚ ਉਠ ਕੇ ਬਾਹਰ ਵੀ ਚਲਾ ਗਿਆ। ਕਿਸੇ ਨੇ ਉਸਨੂੰ ਗੌਲਿਆ ਹੀ ਨਾ। ਹੋ ਸਕਦਾ ਹੈ ਉਸ ਨੇ ਸਰਦੀ ਤੋਂ ਬਚਣ ਲਈ ਆਪਣੇ ਘਰ ਜਾ ਕੇ ਰਜਾਈ ’ਚ ਬੈਠਣਾ ਠੀਕ ਸਮਝਿਆ ਹੋਵੇ। ਹਰ ਕਿਸਮ ਦੇ ਦਿਖਾਵੇ ਤੋਂ ਮੁਕਤ ਉਸਦੀ ਇਹ ਪਾਰਦਰਸ਼ਤਾ ਦੇਖ ਕੇ ਮੈਨੂੰ ਬੜਾ ਚੰਗਾ ਮਹਿਸੂਸ ਹੋਇਆ। ਜੇ ਉਹ ਚਾਹੁੰਦਾ ਤਾਂ ਕਿਸੇ ਕੋਲੋਂ ਪੰਜ-ਦਸ ਰੁਪਏ ਉਧਾਰ ਫੜ੍ਹਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ ਉਸ ਲਈ ਕੋਈ ਮੁਸ਼ਕਿਲ ਵੀ ਨਹੀਂ ਸੀ। ਸੰਭਵ ਹੈ ਉਸ ਨੂੰ ਇਹ ਬਨਾਉਟੀਪੁਣਾ ਚੰਗਾ ਨਾ ਲੱਗਾ ਹੋਵੇ।

ਮੇਰੇ ਰੀਕਾਰਡ ਕੀਤੇ ਭਾਸ਼ਣਾਂ ਨੂੰ ਸੁਣਨ ਦਾ ਉਹ ਐਨਾ ਸ਼ੌਕੀਨ ਹੈ ਕਿ ਪਿੰਡ ਤੇ ਇਲਾਕੇ ਦੇ ਕਈ ਕਾਮਰੇਡ ਉਸ ਨੂੰ ਬੜੀ ਵਾਰੀ ਮੇਰਾ ‘ਅੰਧ ਭਗਤ’ ਵੀ ਕਹਿ ਦਿੰਦੇ ਹਨ, ਹਾਲਾਂਕਿ ਮੈਨੂੰ ਐਨ ਇਸ ਦੇ ਵਿਪਰੀਤ ਮਹਿਸੂਸ ਹੁੰਦਾ ਹੈ। ਕਿਸੇ ਦੀ ਕਿਸੇ ਪ੍ਰਤੀ ‘ਭਗਤੀ’ ਦੀ ਭਾਵਨਾ ਨੂੰ ਲਿਖਿਆ-ਮਾਪਿਆ ਨਹੀਂ ਜਾ ਸਕਦਾ, ਇਸ ਦਾ ਸਿਰਫ਼ ਅਹਿਸਾਸ ਹੀ ਕੀਤਾ ਜਾ ਸਕਦਾ ਹੈ।

ਮੇਰਾ ਇਹ ਸਹੇਲੜਾ ਪਾਰਟੀ ਦੇ ਹਰ ਇਕੱਠ ’ਚ ਪੈਦਲ ਜਾਂ ਸਾਈਕਲ ’ਤੇ ਜਾ ਕੇ ਹਾਜ਼ਰੀ ਜ਼ਰੂਰ ਲਗਾਉਂਦਾ ਹੈ। ਸਾਲ ਕੁ ਪਹਿਲਾਂ ਉਸਨੇ ਆਪਦੀ ਧਰਮ ਪਤਨੀ ਦੀ ਮੌਤ ਦੀ ਜਾਣਕਾਰੀ ਮੈਨੂੰ ਉਦੋਂ ਦਿੱਤੀ ਸੀ, ਜਦੋਂ ਉਹ ਜਲੰਧਰ ਦੇ ਕਿਸੇ ਹਸਪਤਾਲ ਚੋਂ ਪਤਨੀ ਦੀ ਲਾਸ਼ ਲੈ ਕੇ ਆਪਣੇ ਪਿੰਡ ਨੂੰ ਜਾ ਰਿਹਾ ਸੀ। ਅੱਠ ਕੁ ਦਿਨ ਪਹਿਲਾਂ ਉਸਨੇ ਆਪਣੀ ਮਾਤਾ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਵੀ ਮੋਬਾਇਲ ਫੋਨ ਰਾਹੀਂ ਮੈਨੂੰ ਐਨ ਉਦੋਂ ਸੁਣਾਈ ਸੀ ਜਦੋਂ ਉਹ ਪਿੰਡ ਦੇ ਸ਼ਮਸ਼ਾਨ ਘਾਟ ’ਚ ਆਪਣੀ ਮਾਤਾ ਦੇ ਮਿ੍ਰਤਕ ਸ਼ਰੀਰ ਨੂੰ ਅਗਨ ਭੇਂਟ ਕਰ ਰਿਹਾ ਸੀ। ਆਪਣੇ ਦਿਲ ਦਾ ਦਰਦ ਸਿਰਫ ਸੁਣਾਉਣਾ ਹੀ ਚਾਹੁੰਦਾ ਹੈ ਮੇਰਾ ਇਹ ਮਿੱਤਰ, ਮੈਨੂੰ ਉਸ ’ਚ ਸ਼ਾਮਿਲ ਨਹੀਂ ਕਰਨਾ ਚਾਹੁੰਦਾ। ਸ਼ਾਇਦ ਮੇਰੇ ਰੁਝੇਵਿਆਂ ਕਰਕੇ।

ਪਿੰਡ ਦੀ ਹਰ ਧਾਰਮਿਕ ਸ਼ੋਭਾ ਯਾਤਰਾ ’ਚ ਸ਼ਾਮਿਲ ਹੋਣਾ ਉਸ ਦਾ ਸ਼ੌਂਕ ਹੈ। ਪਤਾ ਨਹੀਂ ਉਸ ਨੂੰ ਇਹ ਗੱਲ ਕਿਉਂ ਖਟਕਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨਾਲ ਸਬੰਧਤ ਧਾਰਮਿਕ ਪ੍ਰੋਗਰਾਮ ਮਨਾਉਣ ਦੀ ਵਾਰੀ ਕਦੀ ਵੀ ਉਨ੍ਹਾਂ ਦੇ ਵਿਹੜੇ ਵਾਲੇ ਗੁਰਦੁਆਰੇ ਦੇ ਹਿੱਸੇ ਕਿਉਂ ਨਹੀਂ ਆਉਂਦੀ?  ਬਾਕੀ ਸਾਰੇ ਗੁਰਦੁਆਰਿਆਂ ਨੂੰ ਇਹ ਸ਼ੁਭ ਕਾਰਜ ਕਰਨ ਦਾ ਮੌਕਾ ਵਾਰੋ-ਵਾਰੀ ਮਿਥੀ ਰੁਟੀਨ ’ਚ ਮਿਲ ਜਾਂਦਾ ਹੈ! ਬਾਬਾ ਗੁਰੂ ਨਾਨਕ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਰਵੀਦਾਸ ਜੀ ਦੀ ਮਿੱਠੀ ਸਾਂਝ ਜੋ ‘ਸ਼ਬਦ ਗੁਰੂ‘ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ਼ ਹੈ, ਉਸ ਦੇ ਕਿਰਤੀਆਂ ਦੇ ਵਿਹੜੇ ’ਚੋਂ ਅਲੋਪ ਹੋ ਜਾਣ ਤੋਂ ੳਹ ਬਿਹਬਲ ਹੋ ਉਠਦਾ ਹੈ?

ਹਜ਼ਾਰਾਂ ਕੋਹ ਨੰਗੇ ਪੈਰੀਂ ਤੁਰਨ ਵਾਲੇ ਨਾਨਕ  ਜੀ ਦੀ ਬਾਣੀ ਦੀਆਂ ਮਿੱਠੀਆਂ ਧੁਨਾਂ ਉਨ੍ਹਾਂ ਦੀ ਠੱਠੀ ਵੱਲ ਨੂੰ ਦੋ ਕਦਮ ਕਿਉਂ ਨਹੀਂ ਸੁਣੀਂਦੀਆਂ!  ਕੀ ਕੋਈ ਰੋਕ ਦਿੰਦਾ ਹੈ? ਬੇਦਾਵਾ ਲਿਖਣ ਵਾਲੇ ਪਾਤਸ਼ਾਹ ਦੇ ਸ਼ਬਦਾਂ ਦੀ ਅਵਾਜ਼ ਸੁਣਨ ਤੋਂ ਉਸਦੇ ਮਹੱਲੇ ਦੇ ਲੋਕ ਵਿਰਵੇ ਕਿਉਂ ਰਹਿ ਜਾਂਦੇ ਹਨ?

ਮੈਨੂੰ ਜਾਪਿਆ ਗੁਰਦੁਆਰਾ ਸਾਹਿਬ ’ਚ ਉਸਦਾ ਅੰਤਮ ਅਰਦਾਸ ਸਮੇਂ ਆਉਣਾ ਤੇ ਫਿਰ ਜਲਦੀ ਹੀ ਚਲੇ ਵੀ ਜਾਣਾ ਇਸੇ ਰੋਸ ’ਚੋਂ ਉਪਜਿਆ ਨਿਹੋਰਾ ਹੈ। ਤਾਂ ਵੀ ਉਸਦਾ ਗੁਰਦੁਆਰੇ ਆਉਣਾ, ਬਿਨਾਂ ਝਿਜਕ ਦੇ ਖਾਲੀ ਹੱਥੀਂ ਮੱਥ ਟੇਕਣਾ ਤੇ ਚੁੱਪ-ਚਾਪ ਵਾਪਸ ਚਲੇ ਜਾਣਾ….. ਉਸਦੇ ਮਨ ਅੰਦਰ ਛੁਪੇ ਹਾਵ-ਭਾਵ ਦਾ ਪ੍ਰਤੀਕ ਹੈ, ਜੋ ਉਹ ਹੋਰ ਕਿਸੇ ਨਾਲ ਸਾਂਝਾ ਨਹੀਂ ਕਰਦਾ। ਇਹੋ ਲੋਕ ਹੀ ਹਕੀਕੀ ਨਾਨਕ ਨਾਮ ਲੇਵਾ ਹਨ। ਪਛਾਣਨ ਵਾਲੀ ਅੱਖ ਚਾਹੀਦੀ ਆ!                            – ਰਾਹਗੀਰ

Scroll To Top