ਸਵਿਟਜ਼ਰਲੈਂਡ ਦੇ ਸ਼ਹਿਰ ਦਾਵੋਸ ਵਿਖੇ 21 ਤੋਂ 24 ਜਨਵਰੀ ਤੱਕ ਹੋਈ ‘ਵਰਲਡ ਇਕੋਨੋਮਿਕ ਫੋਰਮ’ ਦੀ ਸਾਲਾਨਾ ਮੀਟਿੰਗ ਵਿਚ ਦੁਨੀਆਂ ਭਰ ਦੇ ਧਨਾਢ ਅਤੇ ਦੇਸ਼ਾਂ ਦੇ ਮੁਖੀ ਸ਼ਾਮਿਲ ਹੋਏ ਸਨ। ਹਰ ਸਾਲ ਵਾਂਗ ਇਸ ਵਰ੍ਹੇ ਵੀ ਦੁਨੀਆਂ ਭਰ ਵਿਚ ਗਰੀਬੀ ਤੇ ਭੁੱਖਮਰੀ ’ਤੇ ਨਜ਼ਰ ਰੱਖਣ ਵਾਲੀ ਸੰਸਥਾ ‘ਔਕਸਫਾਮ’ ਨੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸੰਸਾਰਕ ਆਰਥਿਕ ਨਾਬਰਾਬਰੀ ਬਾਰੇ ਆਪਣੀ ਰਿਪੋਰਟ ਜਾਰੀ ਕੀਤੀ ਹੈ।
ਦੂਜੀ ਸੰਸਾਰ ਜੰਗ ਪਿਛੋਂ ਤੀਜੀ ਦੁਨੀਆਂ ਦੇ ਦੇਸ਼ਾਂ ਨੂੰ ਬਸਤੀਵਾਦ ਤੋਂ ਤਾਂ ਮੁਕਤੀ ਮਿਲ ਗਈ ਸੀ, ਪਰ 21ਵੀਂ ਸਦੀ ਵਿਚ ਦਾਖ਼ਲ ਹੋਣ ਤੱਕ ਇਹ ਵੀ ਸ਼ੀਸ਼ੇ ਵਾਂਗ ਸਾਫ਼ ਹੋ ਗਿਆ ਹੈ ਕਿ ਨਵ-ਉਦਾਰਵਾਦੀ ਆਰਥਿਕ ਨੀਤੀਆਂ ਰਾਹੀਂ ਸਾਮਰਾਜੀ ਧਾੜਵੀਆਂ ਨੇ ਨਵੇਂ ਆਜ਼ਾਦ ਹੋਏ, ਵਿਕਾਸਸ਼ੀਲ ਦੇਸ਼ਾਂ ਦੀ ਲੁੱਟ-ਖਸੁੱਟ ਜਾਰੀ ਰੱਖਣ ਦੀ ਵਧੇਰੇ ਚੰਗੀ ਰਣਨੀਤੀ ਘੜ ਲਈ ਹੈ। ਸਿੱਟੇ ਵਜੋਂ ਸਾਲ 2023 ਦੀ ਤੁਲਨਾ ’ਚ 2024 ਵਿਚ ਅਰਬਪਤੀਆਂ ਦੀ ਦੌਲਤ ਤਿੰਨ ਗੁਣਾ ਤੇਜ਼ੀ ਨਾਲ ਵਧੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਦੇ ਸਾਰੇ ਦੇਸ਼ਾਂ ’ਚ ਜਮਹੂਰੀ ਢੰਗ ਨਾਲ ਚੁਣੀਆਂ ਸਰਕਾਰਾਂ ਦਾ ਧਨਵਾਨਾਂ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਅਤੇ ਦੇਸ਼ਾਂ ਦੀਆਂ ਆਰਥਿਕ ਨੀਤੀਆਂ ਵੱਡੇ ਪੂੰਜੀਪਤੀਆਂ ਭਾਵ ਕਾਰਪੋਰੇਟਾਂ ਦੇ ਹਿਤਾਂ ਅਨੁਸਾਰ ਹੀ ਘੜੀਆਂ ਜਾਂਦੀਆਂ ਹਨ।
ਔਕਸਫਾਮ ਵਲੋਂ ਜਾਰੀ ਕੀਤੀ ਗਈ ‘ਟੇਕਰਸ ਨਾੱਟ ਮੇਕਰਸ’ ਭਾਵ ‘ਲਾਭ ਲੈਣ ਵਾਲੇ ਸਿਰਜਣਹਾਰ ਨਹੀਂ ਹਨ’ ਸਿਰਲੇਖ ਵਾਲੀ ਰਿਪੋਰਟ ਦੇ ਮੁੱਖ ਨੁਕਤੇ ਹੇਠ ਲਿਖੇ ਅਨੁਸਾਰ ਹਨ :
d ਅਰਬਪਤੀਆਂ ਦੀ ਦੌਲਤ ’ਚ ਵੱਡਾ ਇਜ਼ਾਫਾ ਹੋਇਆ ਹੈ, ਪਰ ਗੁਰਬਤ ’ਚ ਰਹਿਣ ਵਾਲਿਆਂ ਦੀ ਗਿਣਤੀ ਵਿਚ ਕੋਈ ਬਦਲਾਅ ਨਹੀਂ ਆਇਆ।
d ‘ਸੰਸਾਰ ਬੈਂਕ’ ਦੀ ਗਰੀਬੀ ਰੇਖਾ (6.85 ਅਮਰੀਕੀ ਡਾਲਰ ਖਰੀਦ ਸ਼ਕਤੀ ਸਮਾਨਤਾ ਆਧਾਰਤ) ਤੋਂ ਹੇਠਾਂ ਰਹਿਣ ਵਾਲਿਆਂ ਦੀ ਗਿਣਤੀ 1991 ਵਿਚ ਲਗਭਗ 3.6 ਅਰਬ ਸੀ, ਜਿਸ ’ਚ ਕੋਈ ਕਮੀ ਨਹੀਂ ਆਈ।
d ਅੱਜ ਵੀ ਸੰਸਾਰ ਦੀ ਕੁੱਲ ਆਬਾਦੀ ਦਾ 44% ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਿਹਾ ਹੈ।
d ਦੂਜੇ ਪਾਸੇ ਦੁਨੀਆ ਦੇ ਸਭ ਤੋਂ ਅਮੀਰ 1% ਲੋਕ ਵਿਸ਼ਵ ਦੀ ਕੁੱਲ ਦੌਲਤ ਦੇ 45% ਹਿੱਸੇ ਦੇ ਮਾਲਕ ਹਨ।
d ਸੰਸਾਰ ਦੀ ਹਰ ਦਸ ਚੋਂ ਇਕ ਔਰਤ ਅੱਤ ਦੀ ਗਰੀਬੀ ਹੰਢਾਅ ਰਹੀ ਹੈ। (ਔਸਤਨ ਰੋਜ਼ਾਨਾ 2.15 ਡਾਲਰ ਖਰੀਦ ਸ਼ਕਤੀ ਸਮਾਨਤਾ ਅਧਾਰਤ ਖਰਚ ਕਰਕੇ)
d ਇਹ ਗਿਣਤੀ ਮਰਦਾਂ ਦੀ ਤੁਲਨਾ ’ਚ 2.43 ਕਰੋੜ ਵਧੇਰੇ ਹੈ।
d ਏਸ਼ੀਆ ਦੇ ਅਰਬਪਤੀਆਂ ਦੀ ਦੌਲਤ ਸਾਲ 2024 ’ਚ 299 ਅਰਬ ਅਮਰੀਕੀ ਡਾਲਰ ਵਧੀ ਹੈ।
d ਆਉਂਦੇ ਦਹਾਕੇ ’ਚ ਵਿਸ਼ਵ ਨੂੰ ਪਹਿਲਾ ਖਰਬਪਤੀ ਮਿਲਣ ਜਾ ਰਿਹਾ ਹੈ। ਅਜੇ ਤੱਕ ਇਸ ਪੱਧਰ ਤਾਈਂ ਕੋਈ ਨਹੀਂ ਪੁੱਜ ਸਕਿਆ।
d ‘ਇਨਫਾਰਮਾ ਕਨੈਕਟ ਅਕੈਡਮੀ’ ਦੀ ਰਿਪੋਰਟ ਦੱਸਦੀ ਹੈ ਖਰਬਪਤੀ ਬਣਨ ਦੀ ਦੌੜ ’ਚ ਸਭ ਤੋਂ ਅੱਗੇ ਟੈਸਲਾ ਦਾ ਮਾਲਕ, ਅਮਰੀਕੀ ਸਦਰ ਦੀ ਹਾਲੀਆ ਚੋਣ ਜਿੱਤਣ ਵਾਲੇ ਡੋਨਾਲਡ ਟਰੰਪ ਨੂੰ ਸਭ ਤੋਂ ਵੱਧ ਚੰਦਾ ਦੇਣ ਵਾਲਾ ਉਸਦਾ ਪਰਮ ਮਿੱਤਰ ਤੇ ਪ੍ਰਚਾਰਕ ਏਲਨ ਮਸਕ ਹੈ। ਇਸ ਦੀ ਦੌਲਤ 2024 ’ਚ 195 ਅਰਬ ਸੀ, ਜਿਸ ਦੇ 2027 ਤੱਕ ਖਰਬਪਤੀ ਬਣਨ ਦੀ ਉਮੀਦ ਹੈ।
d ਇਸ ਦੌੜ ’ਚ ਦੂਜੇ ਥਾਂ ’ਤੇ ਭਾਰਤੀ ਕਾਰਪੋਰੇਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਰਮ ਮਿੱਤਰ ਗੌਤਮ ਅਡਾਨੀ ਹੈ। ਭਾਵੇਂ, ਇਸ ਦੀ ਦੌਲਤ ਘੱਟਕੇ 84 ਅਰਬ ਡਾਲਰ ਰਹਿ ਗਈ ਹੈ, ਪਰ 122.86% ਸਾਲਾਨਾ ਵਾਧਾ ਦਰ ਨੂੰ ਦੇਖਦਿਆਂ 2028 ਤੱਕ ਇਸਦੇ ਵੀ ਖਰਬਪਤੀ ਬਣਨ ਦੇ ਆਸਾਰ ਹਨ।
d 2030 ਤੱਕ ਦੁਨੀਆਂ ’ਚ ਕੁੱਲ 5 ਖਰਬਪਤੀ ਬਣਨ ਦੀ ਸੰਭਾਵਨਾ ਹੈ।
d ਲੰਘੇ ਸਾਲ 2024 ’ਚ 204 ਨਵੇਂ ਅਰਬਪਤੀ ਬਣੇ ਸਨ। ਯਾਨਿ ਹਰ ਹਫਤੇ ਔਸਤਨ ਇਕ ਨਵਾਂ ਅਰਬਪਤੀ ਬਣਿਆ ਹੈ।
d 2023 ’ਚ 2,565 ਅਰਬਪਤੀ ਸਨ, ਜੋ 2024 ’ਚ ਵੱਧਕੇ 2,769 ਹੋ ਗਏ ਹਨ। ਹਰ ਅਰਬਪਤੀ ਘੱਟ ਤੋਂ ਘੱਟ 8600 ਕਰੋੜ ਰੁਪਏ ਦੀ ਦੌਲਤ ਦਾ ਮਾਲਕ ਹੈ।
d 2024 ’ਚ ਇਕੱਲੇ ਏਸ਼ੀਆ ਨੂੰ ਹੀ 41 ਨਵੇਂ ਅਰਬਪਤੀ ਮਿਲੇ ਹਨ।
d ‘ਸੰਸਾਰਕ ਉਤਰ’ (ਅਮਰੀਕਾ ਅਤੇ ਯੂਰਪ ਦੇ ਅਮੀਰ ਦੇਸ਼ਾਂ) ਵਿਚਲੇ ਸਿਖਰਲੇ 1% ਅਮੀਰਾਂ ਨੇ 2023 ਵਿਚ ਵਿੱਤੀ ਪ੍ਰਣਾਲੀ ਸਦਕਾ ‘ਸੰਸਾਰਕ ਦੱਖਣ’ (ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਆਦਿ ਦੇ ਗਰੀਬ, ਵਿਕਾਸਸ਼ੀਲ ਦੇਸ਼) ਤੋਂ ਹਰ ਘੰਟੇ 3 ਕਰੋੜ ਡਾਲਰ ਦੀ ਦੌਲਤ ਖਿੱਚੀ ਹੈ।
d ‘ਸੰਸਾਰਕ ਉਤਰ’ ਦੇ ਦੇਸ਼ਾਂ ਦਾ ਸੰਸਾਰ ਦੀ ਕੁੱਲ ਦੌਲਤ ਦੇ 69% ਯਾਨਿ ਸੰਸਾਰ ਦੇ ਅਰਬਪਤੀਆਂ ਦੀ ਕੁੱਲ ਦੌਲਤ ਦੇ 77 ਫੀਸਦੀ ਹਿੱਸੇ ’ਤੇ ਕਬਜ਼ਾ ਹੈ।
d 68% ਅਰਬਪਤੀ ‘ਸੰਸਾਰਕ ਉੱਤਰ’ ਦੇ ਵਸਨੀਕ ਹਨ ਜਦਕਿ ਇੱਥੋਂ ਦੀ ਆਬਾਦੀ ਦੁਨੀਆ ਦੀ ਕੁੱਲ ਆਬਾਦੀ ਦਾ ਸਿਰਫ 21% ਹੈ।
d ਰਿਪੋਰਟ ਮੁਤਾਬਕ ਅਰਬਪਤੀਆਂ ਦੀ ਕੁੱਲ ਦੌਲਤ ਦਾ 60% ਹਿੱਸਾ ਉਨ੍ਹਾਂ ਨੇ ਵਿਰਾਸਤ, ਅਜਾਰੇਦਾਰੀ ਜਾਂ ਕ੍ਰੋਨੀ ਭਾਵ ਹਾਕਮਾਂ ਨਾਲ ਗਾਂਢਾ-ਸਾਂਢਾ ਕਰਕੇ ਹਾਸਲ ਕੀਤਾ ਹੈ। ਅਰਬਪਤੀਆਂ ਦੀ ਦੌਲਤ ਦਾ ਵੱਡਾ ਹਿੱਸਾ ਅੱਤ ਦੀ ਲੁੱਟ-ਖਸੁੱਟ ਦਾ ਨਤੀਜਾ ਹੈ।
d ਅਰਬਪਤੀਆਂ ਦੀ ਕੁੱਲ ਦੌਲਤ 2024 ਵਿਚ 5.7 ਅਰਬ ਅਮਰੀਕੀ ਡਾਲਰ ਪ੍ਰਤੀ ਦਿਨ ਦੇ ਹਿਸਾਬ ਨਾਲ ਵਧੀ ਹੈ।
d ਨਾਲ ਹੀ ਸੰਸਾਰ ਦੇ ਸਿਖਰਲੇ 10 ਅਮੀਰਾਂ ਦੀ ਦੌਲਤ ਲਗਭਗ 10 ਕਰੋੜ ਡਾਲਰ ਪ੍ਰਤੀ ਦਿਨ ਦੇ ਹਿਸਾਬ ਨਾਲ ਵਧੀ ਹੈ।
d ਜੇਕਰ ਸੰਸਾਰ ਦੇ 10 ਸਿਖਰਲੇ ਅਮੀਰ ਰਾਤੋ-ਰਾਤ ਆਪਣੀ 99% ਦੌਲਤ ਗੁਆ ਵੀ ਲੈਣ ਤਾਂ ਵੀ ਉਹ ਅਰਬਪਤੀ ਹੀ ਰਹਿਣਗੇ।
ਬਸਤੀਵਾਦੀ ਲੁੱਟ : ਔਕਸਫਾਰਮ ਰਿਪੋਰਟ ’ਚ ਇਸ ਵਾਰ ਬਰਤਾਨਵੀ ਬਸਤੀਵਾਦੀ ਰਾਜ ਦੌਰਾਨ ਅੰਗਰੇਜ਼ਾਂ ਵੱਲੋਂ ਭਾਰਤ ਤੋਂ ਲੁੱਟੇ ਗਏ ਧਨ ਦਾ ਲੇਖਾ-ਜੋਖਾ ਵੀ ਪੇਸ਼ ਕੀਤਾ ਗਿਆ ਹੈ।
d ਰਿਪੋਰਟ ਮੁਤਾਬਕ ਸੰਨ 1765 ਤੋਂ ਸੰਨ 1900 ਤੱਕ ਬਸਤੀਵਾਦੀ ਬਰਤਾਨਵੀ ਹਾਕਮ ਭਾਰਤ ਤੋਂ 64,820 ਅਰਬ ਅਮਰੀਕੀ ਡਾਲਰ ਦੇ ਬਰਾਬਰ ਦੌਲਤ ਲੁੱਟਕੇ ਆਪਣੇ ਦੇਸ਼ ਲੈ ਗਏ ਸਨ।
d ਇਸ ਰਕਮ ਨੂੰ ਜੇਕਰ 50 ਪਾਊਂਡ ਦੇ ਨੋਟਾਂ ’ਚ ਬਦਲ ਕਰਕੇ ਬਿਛਾਇਆ ਜਾਵੇ ਤਾਂ ਲੰਦਨ ਸ਼ਹਿਰ ਦੀ ਸਾਰੀ ਧਰਤੀ ਚਾਰ ਵਾਰ ਢਕੀ ਜਾ ਸਕਦੀ ਹੈ।
d ਇਸ ’ਚੋਂ 33,800 ਅਰਬ ਅਮਰੀਕੀ ਡਾਲਰ ਬਿ੍ਰਟੇਨ ਦੇ 10% ਸਿਖਰਲੇ ਧਨਾਢਾਂ ਨੇ ਹਥਿਆਏ ਸਨ ਅਤੇ ਇਸ ਦੌਲਤ ਦਾ 32% ਹਿੱਸਾ ਦੇਸ਼ ਦੀ ਉਭਰਦੀ ਮੱਧ ਜਮਾਤ ਦੇ ਹਿੱਸੇ ਆਇਆ ਸੀ।
ਨੋਟ : ਇਹ ਦੌਲਤ ਹਥਿਆਉਣ ਲਈ ਬਰਤਾਨਵੀ ਹਾਕਮਾਂ ਨੇ ਅਜੇਹੀਆਂ ਨੀਤੀਆਂ ਅਪਣਾਈਆਂ ਜਿਨ੍ਹਾਂ ਨਾਲ ਭਾਰਤ ਦੀ ਸਨਅਤੀ ਸਮਰੱਥਾ, ਖਾਸ ਕਰਕੇ ਟੈਕਸਟਾਇਲ ਦੇ ਖੇਤਰ ਨੂੰ ਉਚੇਚਾ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦਾ ਪ੍ਰਤੱਖ ਸਬੂਤ ਇਨ੍ਹਾਂ ਵਲੋਂ ਕੀਤੀ ਗਈ ਢਾਕੇ ਦੀ ਮਲਮਲ ਦੀ ਦੁਰਗਤ ਹੈ। ਇਸ ਮਹੀਨ ਕੱਪੜੇ ਦਾ ਪੂਰਾ ਦਾ ਪੂਰਾ ਥਾਨ ਇਕ ਛੋਟੀ ਜੇਹੀ ਅੰਗੂਠੀ ਵਿਚੋਂ ਦੀ ਨਿਕਲ ਜਾਂਦਾ ਸੀ। ਇਸ ਦੀ ਪੈਦਾਵਾਰ ਬੰਦ ਕਰਨ ਲਈ ਬੁਨਕਰਾਂ ’ਤੇ ਤਸ਼ੱਦਦ ਢਾਹਿਆ ਗਿਆ। ਭਾਰਤੀ ਕਪਾਹ ਨੂੰ ਕੱਚੇ ਮਾਲ ਦੀ ਸ਼ਕਲ ’ਚ ਬਿ੍ਰਟੇਨ ਲਿਜਾ ਕੇ ਉਥੋਂ ਕੱਪੜਾ ਬਣਾ ਕੇ ਬਰਾਮਦ ਕੀਤਾ ਗਿਆ। ਇਸੇ ਦਾ ਸਿੱਟਾ ਸੀ ਕਿ 1750 ਵਿਚ ਭਾਰਤ ਦੀ ਜਿਹੜੀ ਜੀ.ਡੀ.ਪੀ. ਸੰਸਾਰ ਦੀ ਕੁੱਲ ਜੀ.ਡੀ.ਪੀ. ਦਾ 25% ਸੀ, ਉਹ 1900 ਵਿਚ ਘਟਕੇ ਸਿਰਫ 2% ਰਹਿ ਗਈ ਸੀ। ਰਿਪੋਰਟ ਮੁਤਾਬਕ ਅਜਿਹੀ ਲੁੱਟ-ਖਸੁੱਟ ਲਈ ਉਦੋਂ ਦੀ ਬਿ੍ਰਟਿਸ਼ ਕਾਰਪੋਰੇਟ- ਈਸਟ ਇੰਡੀਆ ਕੰਪਨੀ’ ਸਾਧਨ ਬਣੀ ਸੀ।
d ਰਿਪੋਰਟ, ਜਿਸ ਵਿਚ ਬਸਤੀਵਾਦ ਦੇ ਪ੍ਰਭਾਵ ਨੂੰ ‘ਜ਼ਹਿਰੀਲੇ ਦਰੱਖਤ ਦੇ ਫਲ’ ਕਿਹਾ ਗਿਆ ਹੈ, ਦੱਸਦੀ ਹੈ ਕਿ ਭਾਰਤ ’ਚ ਸਿਰਫ 0.14 ਫੀਸਦੀ ਮਾਤ ਭਾਸ਼ਾਵਾਂ ਦੀ ਵਰਤੋਂ ਸਿੱਖਿਆ ਦੇ ਮਾਧਿਅਮ ਵਜੋਂ ਕੀਤੀ ਜਾਂਦੀ ਹੈ ਅਤੇ ਸਿਰਫ 0.35 ਫੀਸਦੀ ਭਾਸ਼ਾਵਾਂ ਨੂੰ ਹੀ ਸਕੂਲਾਂ ’ਚ ਪੜ੍ਹਾਇਆ ਜਾਂਦਾ ਹੈ। ਬਸਤੀਵਾਦੀ ਸਮੇਂ ਦੌਰਾਨ ਜਾਤ, ਧਰਮ, ਲਿੰਗ, ਭਾਸ਼ਾ ਤੇ ਭੂਗੋਲਿਕਤਾ ਸਮੇਤ ਕਈ ਹੋਰ ਵੰਡਾਂ ਦਾ ਵਿਸਤਾਰ ਕਰਕੇ ਇਨ੍ਹਾਂ ਨੂੰ ਲੁੱਟ-ਖਸੁੱਟ ਦੇ ਸੰਦ ਬਣਾਇਆ ਗਿਆ। ਇਹ ਪ੍ਰਭਾਵ ਅਜੇ ਤੱਕ ਜਾਰੀ ਹੈ। -ਬੰਗਾਲ ਵਿਚ 1943 ਵਿਚ ਪਏ ਭੀਸ਼ਣ ਅਕਾਲ, ਜਿਸ ਦੌਰਾਨ 30 ਲੱਖ ਲੋਕ ਮਾਰੇ ਗਏ ਸਨ, ਨੂੰ ਵੀ ਰਿਪੋਰਟ ਨੇ ਦੂਜੀ ਸੰਸਾਰ ਜੰਗ ਦੌਰਾਨ ਅਨਾਜ ਦੀ ਬਰਾਮਦ ’ਤੇ ਲਾਈਆਂ, ਨਸਲਵਾਦੀ ਸੋਚ ਤੋਂ ਪ੍ਰੇਰਿਤ ਰੋਕਾਂ ਦਾ ਸਿੱਟਾ ਦੱਸਿਆ ਹੈ।
d ਇਹ ਕਰੂਰ ਸੱਚਾਈ ਹੈ ਕਿ ਸੋਵੀਅਤ ਸੰਘ ਦੇ ਢਹਿ ਜਾਣ ਦੇ ਤੋਂ ਪਿੱਛੋਂ ਪੱਛਮੀ ਦੇਸ਼ਾਂ ਦੀ ਕਾਰਪੋਰੇਟ ਅਜ਼ਾਰੇਦਾਰ ਪੂੰਜੀ ਨੇ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਆਪਣੀ ਲੁੱਟ-ਖਸੁੱਟ ਦੇ ਅੱਡੇ ਬਣਾਇਆ ਅਤੇ ਇਨ੍ਹਾਂ ਗਰੀਬ ਦੇਸ਼ਾਂ ਨੂੰ ਨਵਉਦਾਰਵਾਦੀ ਅਰਥਚਾਰੇ ਦੇ ਮੱਕੜ ਜ਼ਾਲ ’ਚ ਫਸਾ ਕੇ ਇੱਥੇ ਵੀ ਦਲਾਲਾਂ, ਜੁੰਡੀ ਪੂੰਜੀਪਤੀਆਂ ਦੀ ਅਜਿਹੀ ਲੜੀ ਖੜ੍ਹੀ ਕਰ ਦਿੱਤੀ ਹੈ, ਜੋ ਆਪੋ-ਆਪਣੇ ਦੇਸ਼ਾਂ ਦੀ ਰਾਜਸੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਆਪਣੇ ਕਾਬੂ ਹੇਠ ਰੱਖਦੀ ਹੈ।
d ਭਾਰਤ ਇਸਦੀ ਜਿਊਂਦੀ ਜਾਗਦੀ ਮਿਸਾਲ ਹੈ। ਜਿੱਥੇ 32 ਖਰਬ ਡਾਲਰ ਦੇ ਅਰਥਚਾਰੇ ਅਤੇ 40 ਕਰੋੜ ਦੀ ਅਬਾਦੀ ਵਾਲੇ ਦੇਸ਼ ਅਮਰੀਕਾ ਦਾ ਏਲਨ ਮਸਕ 2027 ਵਿਚ ਵਿਸ਼ਵ ਦਾ ਪਹਿਲਾ ਖਰਬਪਤੀ ਬਣਨ ਜਾ ਰਿਹਾ ਹੈ ਉੱਥੇ ਉਸ ਤੋਂ ਅਗਲੇ ਸਾਲ 4 ਖਰਬ ਡਾਲਰ ਦੇ ਅਰਥਚਾਰੇ ਤੇ 145 ਕਰੋੜ ਆਬਾਦੀ ਵਾਲੇ ਦੇਸ਼ ਭਾਰਤ ਦੇ ਗੌਤਮ ਅਡਾਨੀ ਦੇ ਵੀ ਖਰਬਪਤੀ ਬਣਨ ਦੀ ਸੰਭਾਵਨਾ ਹੈ।
d ਭਾਰਤ ਵਰਗੇ 4 ਖਰਬ ਡਾਲਰ ਵਾਲੇ ਅਰਥਚਾਰੇ ਦੇ ਦੇਸ਼ ਦੀ 25% ਦੌਲਤ ਯਾਨਿ 1 ਖਰਬ ਡਾਲਰ ਇਕੋ ਹੀ ਪਰਿਵਾਰ ਕੋਲ ਜਾਣ ਦੇ ਆਸਾਰ ਬਣ ਰਹੇ ਹਨ। ਫੇਰ ਵੀ ਅਸੀਂ ਭਾਰਤ ਦੇ ਵਿਸ਼ਵ ਗੁਰੂ ਬਣਨ ਦੇ ਸੋਹਲੇ ਗਾ ਰਹੇ ਹਾਂ।
d ਆਰਥਿਕ ਅਸਮਾਨਤਾ ਘਟਾਉਣ ਲਈ ਸੁਝਾਅ : ਇਸ ਰਿਪੋਰਟ ਰਾਹੀਂ ਔਕਸਫਾਮ ਨੇ ਦੁਨੀਆਂ ਦੀਆਂ ਸਰਕਾਰਾਂ ਨੂੰ ਤੇਜ਼ੀ ਨਾਲ ਕਦਮ ਚੁੱਕਦਿਆਂ ਆਰਥਿਕ ਨਾਬਰਾਬਰੀ ਘਟਾਉਣ ਤੇ ਧਨ ਦੇ ਅੱਤ ਇਕੱਤਰੀਕਰਣ ਨੂੰ ਖਤਮ ਕਰਨ ਦਾ ਸੱਦਾ ਦਿੰਦੇ ਹੋਏ ਹੇਠ ਲਿਖੇ ਸੁਝਾਅ ਦਿੱਤੇ ਹਨ :-
d ਤੇਜ਼ੀ ਨਾਲ ਅਸਮਾਨਤਾ ਖਤਮ ਕਰੋ। ਸਰਕਾਰਾਂ ਯਕੀਨੀ ਬਣਾਉਣ ਕਿ ਕੌਮੀ ਪੱਧਰ ’ਤੇ ਸਿਖਰਲੇ 10 ਫੀਸਦੀ ਅਮੀਰਾਂ ਦੀ ਦੌਲਤ ਸਭ ਤੋਂ ਹੇਠਲੇ 40% ਲੋਕਾਂ ਨਾਲੋਂ ਵਧੇਰੇ ਨਾ ਹੋਵੇ। ਸੰਸਾਰ ਬੈਂਕ ਦੇ ਅੰਕੜਿਆਂ ਮੁਤਾਬਕ ਅਸਮਾਨਤਾ ਘਟਾਉਣ ਨਾਲ ਗਰੀਬੀ ਤਿੰਨ ਗੁਣਾ ਵਧੇਰੇ ਤੇਜ਼ੀ ਨਾਲ ਮੁਕਾਈ ਜਾ ਸਕਦੀ ਹੈ। ਨਾਲ ਹੀ ਸਰਕਾਰਾਂ ਮੌਜੂਦਾ ਆਰਥਿਕ ਲੁੱਟ-ਖਸੁੱਟ ਦੇ ਵਾਹਕ ਨਸਲਵਾਦੀ, ਲਿੰਗਕ ਅਤੇ ਹੋਰ ਵਿਤਕਰਿਆਂ ਨੂੰ ਨੱਥ ਪਾਉਣ।
d ਦੌਲਤ ਦਾ ਅੱਤ ਦਾ ਇਕੱਤਰੀਕਰਨ ਖਤਮ ਕਰਨ ਲਈ ਸਿਖਰਲੇ ਅਮੀਰਾਂ ’ਤੇ ਟੈਕਸ ਲਾਇਆ ਜਾਵੇ। ਸੰਸਾਰਕ ਟੈਕਸ ਨੀਤੀ ਨੂੰ ਇਕ ਨਵੇਂ ਸੰਯੁਕਤ ਰਾਸ਼ਟਰ ਟੈਕਸ ਕਨਵੈਨਸ਼ਨ ਅਧੀਨ ਲਿਆਂਦਾ ਜਾਵੇ, ਜਿਸ ’ਚ ਯਕੀਨੀ ਬਣਾਇਆ ਜਾਵੇ ਕਿ ਸਭ ਤੋਂ ਅਮੀਰ ਲੋਕਾਂ ਅਤੇ ਵਪਾਰਕ ਕਾਰਪੋਰੇਸ਼ਨਾਂ ਟੈਕਸ ਵਜੋਂ ਉਚਿੱਤ ਹਿੱਸਾ ਦੇਣ।
d ਉਹ ਦੇਸ਼, ਜਿਨ੍ਹਾਂ ਨੂੰ ‘ਟੈਕਸ ਹੈਵਨ’ ਕਿਹਾ ਜਾਂਦਾ ਹੈ, ਭਾਵ ਜਿੱਥੇ ਦੌਲਤ ’ਤੇ ਕੋਈ ਟੈਕਸ ਨਹੀਂ ਲੱਗਦਾ ਜਾਂ ਬਹੁਤ ਘੱਟ ਲੱਗਦਾ ਹੈ, ਉਥੋਂ ਇਹ ਵਿਵਸਥਾ ਖਤਮ ਕੀਤੀ ਜਾਵੇ। ਔਕਸਫਾਰਮ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਸੰਸਾਰ ਦੇ ਅੱਧੇ ਅਰਬਪਤੀ ਅਜਿਹੇ ਦੇਸ਼ਾਂ ਵਿਚ ਰਹਿੰਦੇ ਹਨ, ਜਿੱਥੇ ਵਿਰਸੇ ਵਿਚ ਮਿਲੀ ਦੌਲਤ ’ਤੇ ਕੋਈ ਵਿਰਾਸਤ ਟੈਕਸ ਨਹੀਂ ਲੱਗਦਾ। ਨਵੇਂ ਪੈਦਾ ਹੁੰਦੇ ਇਨ੍ਹਾਂ ‘ਬਾਦਸ਼ਾਹਾਂ’ ਦੇ ਵਰਤਾਰੇ ’ਤੇ ਰੋਕ ਲਾਉਣ ਲਈ ‘ਵਿਰਾਸਤ ਟੈਕਸ’ ਲਾਇਆ ਜਾਵੇ।
d ‘ਸੰਸਾਰਕ ਦੱਖਣ’ ਭਾਵ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਤੋਂ ‘ਸੰਸਾਰਕ ਉਤਰ’ ਯਾਨਿ ਅਮੀਰ, ਸਾਮਰਾਜੀ ਦੇਸ਼ਾਂ ਵੱਲ ਹੋ ਰਹੇ ਦੌਲਤ ਦਾ ਵਹਾਅ ਰੋਕਿਆ ਜਾਵੇ। ਕਰਜ਼ੇ ਰੱਦ ਕੀਤੇ ਜਾਣ ਅਤੇ ਵਿੱਤੀ ਮੰਡੀਆਂ ਅਤੇ ਵਪਾਰਕ ਨਿਗਮਾਂ ਤੋਂ ਅਮੀਰ ਦੇਸ਼ਾਂ ਤੇ ਵਪਾਰਕ ਕਾਰਪੋਰੇਸ਼ਨਾਂ ਦਾ ਗਲਬਾ ਖਤਮ ਕੀਤਾ ਜਾਵੇ।
d ਇਸਦਾ ਭਾਵ ਹੋਵੇਗਾ ਅਜਾਰੇਦਾਰੀਆਂ ਨੂੰ ਤੋੜਨਾ, ਪੇਟੈਂਟ ਨਿਯਮਾਂ ਦਾ ਜਮਹੂਰੀਕਰਨ ਕਰਨਾ, ਵਪਾਰਕ ਕਾਰਪੋਰੇਸ਼ਨਾਂ ਦਾ ਨਿਯਮੀਕਰਨ ਤਾਂਕਿ ਕਾਮਿਆਂ ਲਈ ਜਿਉਣ ਜੋਗੀਆਂ ਤਨਖਾਹਾਂ ਯਕੀਨੀ ਬਣਾਈਆਂ ਜਾ ਸਕਣ ਅਤੇ ਨਾਲ ਹੀ ਮੁੱਖ ਕਾਰਜਕਾਰੀ ਅਫਸਰਾਂ ਦੀਆਂ ਤਨਖਾਹਾਂ ਦੀ ਉਪਰਲੀ ਸੀਮਾ ਤੈਅ ਕੀਤੀ ਜਾਵੇ। d ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਵੋਟ ਦੇ ਅਧਿਕਾਰ ਨੂੰ ਮੁੜ ਤੈਅ ਕੀਤਾ ਜਾਵੇ ਤਾਂ ਜੋ ਸੰਸਾਰਕ ਦੱਖਣ ਦੇ ਦੇਸ਼ਾਂ ਦੀ ਯੋਗ ਨੁਮਾਇੰਦਗੀ ਦੀ ਗਾਰੰਟੀ ਕੀਤੀ ਜਾ ਸਕੇ। ਸਾਬਕਾ ਬਸਤੀਵਾਦੀ ਸ਼ਕਤੀਆਂ ਆਪਣੇ ਬਸਤੀਵਾਦੀ ਸ਼ਾਸਨ ਦੌਰਾਨ ਵਰਤਾਏ ਗਏ ਲੰਮਚਿਰੇ ਨੁਕਸਾਨਾਂ ਦਾ ਲੇਖਾ-ਜੋਖਾ ਕਰਕੇ ਰਸਮੀ ਮਾਫੀਆਂ ਮੰਗਣ ਅਤੇ ਇਸ ਤੋਂ ਪ੍ਰਭਾਵਿਤ ਹੋਏ ਭਾਈਚਾਰਿਆਂ ਨੂੰ ਮੁਆਵਜ਼ਾ ਦੇਣ।
