ਇਤਿਹਾਸ ਆਪਣੇ ਆਪ ਨੂੰ ਫਿਰ ਦੁਹਰਾ ਰਿਹਾ ਹੈ। ਪੰਜਾਬ ’ਚ ਪਿਛਲੇ ਦਿਨੀਂ ਵਾਪਰੀਆਂ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਤੇ ਇਨ੍ਹਾਂ ਉਪਰ ਆਏ ਵੱਖ-ਵੱਖ ਧਿਰਾਂ ਦੇ ਪ੍ਰਤੀਕਰਮ ਉਪਰੋਕਤ ਤੱਥ ਦਾ ਪ੍ਰਮਾਣ ਹਨ। ਜਦੋਂ ਵੀ ਜਨ ਸਧਾਰਣ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਦੇ ਸਮਾਧਾਨ ਲਈ ਲਾਮਬੰਦੀ ’ਤੇ ਅਧਾਰਿਤ ਕੋਈ ਸਾਂਝੀ ਯੋਜਨਾਬੰਦੀ ਤੇ ਸੰਘਰਸ਼ਾਂ ਦੀ ਰੂਪ ਰੇਖਾ ਤਿਆਰ ਕਰ ਰਹੇ ਹੁੰਦੇ ਹਨ, ਤਾਂ ਸੱਤਾ ਤੇ ਇਸ ਦੇ ਹੱਥਠੋਕੇ ਸਵਾਰਥੀ ਹਿਤ ਏਕਤਾ ਦੇ ਇਸ ਪੂੰਗਰ ਰਹੇ ਬੂਟੇ ਨੂੰ ਜੜ੍ਹੋਂ ਪੁੱਟ ਸੁੱਟਣ ਦਾ ਕੰਮ ਤੁਰੰਤ ਸ਼ੁਰੂ ਕਰ ਦਿੰਦੇ ਹਨ। 1977 ’ਚ, ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਦੇਸ਼ ਉਪਰ ਠੋਸੀ ਗਈ ਐਮਰਜੈਂਸੀ ਦੇ ਗੁੱਸੇ ਵਜੋਂ ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਅੰਦਰ ਤੇ ਬਾਅਦ ’ਚ ਬਹੁਤ ਸਾਰੀਆਂ ਅਸੈਂਬਲੀ ਚੋਣਾਂ ’ਚ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ, ਤਾਂ ਲੋਕ ਰਾਜ ਦੇ ਪੱਖ ’ਚ ਹੋਈ ਇਸ ਤਬਦੀਲੀ ਤੋਂ ਨਵੀਂ ਊਰਜਾ ਹਾਸਲ ਕਰਕੇ ਲੋਕੀਂ ਸਾਂਝੇ ਜਨਤਕ ਘੋਲਾਂ ਦੇ ਰਾਹੇ ਪੈ ਰਹੇ ਸਨ। ਇਸ ਤਰ੍ਹਾਂ ਦੇ ਸਾਂਝੇ ਉਦਮ ਨਾਲ ਹੀ ਇਕ ਹਕੀਕੀ ਰਾਜਨੀਤਕ ਮੁਤਬਾਦਲ ਹਾਸਲ ਕੀਤਾ ਜਾ ਸਕਦਾ ਸੀ। ਪੰਜਾਬ ਦੇ ਲੋਕਾਂ ਨੇ ਉਸ ਸਮੇਂ ਦੀ ਸੂਬਾਈ ਸਰਕਾਰ ਵਿਰੁੱਧ ਵਧੇ ਬਸ ਕਿਰਾਇਆਂ ਦੀ ਵਾਪਸੀ ਤੇ ਹੋਰ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਅਸੈਂਬਲੀ ਦਾ ਇਤਿਹਾਸਕ ਘਿਰਾਓ ਕੀਤਾ ਸੀ। ਇਸ ਤੋਂ ਬਿਨਾਂ ਹੋਰ ਵੀ ਵੱਖ-ਵੱਖ ਵਰਗਾਂ ਦੇ ਲੋਕ ਆਪਣੀ ਬੰਦ ਖਲਾਸੀ ਲਈ ਨਵੀਆਂ ਸੰਘਰਸ਼ੀ ਪਹਿਲ-ਕਦਮੀਆਂ ਕਰਨ ’ਚ ਰੁਝੇ ਹੋਏ ਸਨ। ਹੱਕ ਸੱਚ ਦੇ ਇਨ੍ਹਾਂ ਪੁਰਅਮਨ ਘੋਲਾਂ ਨੂੰ ਕੁਰਾਹੇ ਪਾਉਣ ਵਾਸਤੇ ਪ੍ਰਾਂਤ ਅੰਦਰ ਖਾਲਿਸਤਾਨੀ ਲਹਿਰ ਦਾ ਕਾਲਾ ਦੌਰ ਅਰੰਭ ਕੀਤਾ ਗਿਆ, ਜਿਸ ਨਾਲ ਹੋਏ ਜਾਨੀ-ਮਾਲੀ ਨੁਕਸਾਨ ਤੋਂ ਸਾਰੇ ਭਲੀਭਾਂਤ ਜਾਣੂੰ ਹਨ। ਬਿਨਾਂ ਸ਼ੱਕ ਇਸ ਤ੍ਰਾਸਦੀ ਲਈ ਫਿਰਕਾਪ੍ਰਸਤ ਤੱਤ ਤੇ ਸੱਤਾਧਾਰੀ ਦਲ, ਜੋ ਆਪਣੇ ਰਾਜਸੀ ਹਿਤਾਂ ਦੀ ਪੂਰਤੀ ਲਈ ਖਾਲਿਸਤਾਨੀ ਲਹਿਰ ’ਚ ਘੁਸਪੈਠ ਕਰੀ ਬੈਠੇ ਸਨ, ਦੇ ਭੈੜੇ ਮਨਸੂਬੇ ਜ਼ਿੰਮੇਵਾਰ ਹਨ। ਪਰ ਇਨ੍ਹਾਂ ਬੱਜਰ ਭੁੱਲਾਂ ਦੀ ਸਜ਼ਾ ਪੰਜਾਬ ਸਮੇਤ ਸਮੁੱਚੇ ਭਾਰਤੀ ਲੋਕਾਂ ਨੂੰ ਝੱਲਣੀ ਪਈ ਸੀ।
ਅੱਜ ਫਿਰ ਜਦੋਂ ਪੰਜਾਬ ਦੇ ਲੋਕ ਧਰਮਾਂ, ਜਾਤਾਂ ਅਤੇ ਰਾਜਸੀ ਵਖਰੇਵਿਆਂ ਤੋਂ ਉਪਰ ਉਠ ਕੇ ਕਿਸਾਨ ਮੋਰਚੇ ਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਨਵੀਂ ਦਿਸ਼ਾ ਤੇ ਊਰਜਾ ਹਾਸਲ ਕਰਕੇ ਹੱਕ-ਸੱਚ, ਇਨਸਾਫ਼ ਲਈ ਨਵੇਂ ਘੋਲਾਂ ਦੀ ਰੂਪ ਰੇਖਾ ਉਲੀਕ ਰਹੇ ਹਨ, ਤਾਂ ਉਦੋਂ ਫਿਰ ਲੋਕ ਏਕਤਾ ਨੂੰ ਲਾਬੂੰ ਲਾਉਣ ਲਈ ਵੱਖ ਵੱਖ ਰੰਗਾਂ ਦੇ ਸੰਕੀਰਨ ਤੱਤ ਬੇਅਦਬੀ ਦੀਆਂ ਘਟਨਾਵਾਂ ਤੇ ਭੜਕਾਊ ਨਾਅਰਿਆਂ ’ਚ ਗੁਲਤਾਨ ਦੇਖੇ ਜਾ ਸਕਦੇ ਹਨ। ਬਹੁਤ ਹੀ ਉਤੇਜਨਾ ਪੈਦਾ ਕਰਨ ਵਾਲੇ ਪੋਸਟਰ ਧਾਰਮਿਕ ਸਥਾਨਾਂ ’ਤੇ ਚਿਪਕਾਏ ਜਾਂਦੇ ਹਨ। ਕੀ ਇਹ ਇੱਕ ਸਾਜਿਸ਼ ਨਹੀਂ ਹੈ ਕਿ ਕੁਝ ਹੀ ਪਲਾਂ ਜਾਂ ਦਿਨਾਂ ਅੰਦਰ ਇੱਕ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਤੇ ਦੂਸਰੇ ਬੰਨ੍ਹੇ ਮੰਦਰਾਂ ’ਚ ਮੂਰਤੀਆਂ ਦਾ ਅਪਮਾਨ ਕੀਤਾ ਜਾਂਦਾ ਹੈ? ਜੇਕਰ ਇੱਕ ਸ਼ਰਾਰਤੀ ਬੰਦਾ ਖਾਲਿਸਤਾਨ ਦੇ ਜੈਕਾਰੇ ਛੱਡਦਾ ਹੈ ਤਾਂ ਨਾਲ ਹੀ ਦੂਸਰਾ ਖਰੂਦੀ ਹਿੰਦੂ ਧਰਮ ਦੇ ਖਤਰੇ ’ਚ ਹੋਣ ਦਾ ਰਾਗ ਅਲਾਪਣ ਲੱਗ ਪੈਂਦਾ ਹੈ। ਸਾਡੇ ਸਤਿਕਾਰਤ ਧਾਰਮਿਕ ਤੇ ਰਾਜਨੀਤਕ ਆਗੂਆਂ ਦੇ ਬੁੱਤਾਂ ਨੂੰੂ ਤੋੜਿਆ ਜਾਣਾ ਵੀ ਇਨ੍ਹਾਂ ਹੀ ਸਾਜ਼ਿਸ਼ਾਂ ਦਾ ਭਾਗ ਹੈ। ਉਸ ਸ਼ਹੀਦ-ਇ-ਆਜ਼ਮ ਭਗਤ ਸਿੰਘ ਨੂੰ ਇੱਕ ਨਾਮ ਨਿਹਾਦ ਸਿੱਖ ਨੇਤਾ ਵਲੋਂ ‘ਅੱਤਵਾਦੀ’ ਦੱਸਿਆ ਜਾ ਰਿਹਾ ਹੈ, ਜਿਸਨੇ ਅੰਗਰੇਜ਼ੀ ਸਾਮਰਾਜ ਵਿਰੁੱਧ ਲੜਦਿਆਂ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਹੱਸ-ਹੱਸ ਕੇ ਚੁੰਮਿਆ ਸੀ। ਇਕੱਲੀ ਆਜ਼ਾਦੀ ਹੀ ਨਹੀਂ, ਸਗੋਂ ਆਜ਼ਾਦ ਭਾਰਤ ਅੰਦਰ ਇੱਕ ਸਾਂਝੀਵਾਲਤਾ ਤੇ ਬਰਾਬਰੀ ਦੇ ਅਸੂਲਾਂ ਉਪਰ ਆਧਾਰਿਤ ਲੁੱਟ-ਖਸੁੱਟ ਰਹਿਤ ਸਮਾਜ ਦੀ ਸਿਰਜਣਾ ਦਾ ਸੁਪਨਾ ਤੈਅ ਕਰਨਾ ਸ. ਭਗਤ ਸਿੰਘ ਨੂੰ ਆਜ਼ਾਦੀ ਪਰਵਾਨਿਆਂ ਅੰਦਰ ਸ਼ਹੀਦ-ਇ-ਆਜ਼ਮ ਦਾ ਰੁਤਬਾ ਦਿੰਦਾ ਹੈ। ਇਹ ਸਾਰਾ ਕੁੱਝ ਸਰਕਾਰੀ ਏਜੰਸੀਆਂ ਦੀ ਸ਼ਰਾਰਤੀ ਤੱਤਾਂ ਨਾਲ ਮਿਲੀ ਭੁਗਤ ਤੋਂ ਬਿਨਾਂ ਸੰਭਵ ਹੀ ਨਹੀਂ ਹੈ। ਭਾਰਤ ਦੇ ਅਜੋਕੇ ਹੁਕਮਰਾਨ ਹਰ ਕੀਮਤ ’ਤੇ ਦੇਸ਼ ਦੇ ਧਰਮ ਨਿਰਪੱਖ ਤੇ ਜਮਹੂਰੀ ਤਾਣੇਬਾਣੇ ਨੂੰ ਤਬਾਹ ਕਰਕੇ ਇੱਕ ਧਰਮ ਅਧਾਰਤ ਦੇਸ਼ ਹੀ ਨਹੀਂ ਸਿਰਜਣਾ ਚਾਹੁੰਦੇ, ਬਲਕਿ ਲੋਕਾਂ ਦੇ ਮਨਾਂ ’ਚੋਂ ਬਰਾਬਰੀ ਵਾਲੇ ਤੇ ਲੋਕਰਾਜੀ ਸਰੋਕਾਰਾਂ ਨੂੰ ਖਾਰਜ ਕਰਕੇ ਅਜਿਹਾ ਢਾਂਚਾ ਸਿਰਜਣ ਤੇ ਅਜਿਹੀ ਵਿਚਾਰਧਾਰਾ ਨੂੰ ਬੜ੍ਹਾਵਾ ਦੇਣ ਲਈ ਬਜ਼ਿੱਦ ਹਨ, ਜਿਥੇ ਗਰੀਬ-ਅਮੀਰ ਦੇ ਪਾੜੇ ਤੇ ਜਾਤੀ-ਪਾਤੀ ਪ੍ਰਥਾ ਨੂੰ ਕਿਸੇ ਦੈਵੀ ਸ਼ਕਤੀ ਦੀ ਦੇਣ ਸਮਝ ਕੇ ਪਰਵਾਨ ਕਰ ਲਿਆ ਜਾਵੇ।
ਪੰਜਾਬ ਵਾਂਗ ਦੂਸਰੇ ਪ੍ਰਾਂਤਾਂ ਅੰਦਰ ਵੀ ਅਜਿਹੀਆਂ ਘਟਨਾਵਾਂ ਵੱਖ ਵੱਖ ਰੂਪਾਂ ’ਚ ਵਾਪਰਦੀਆਂ ਦੇਖੀਆਂ ਜਾ ਸਕਦੀਆਂ ਹਨ।
ਜਦੋਂ ਭਾਰਤ ਦੇ ਗੁਆਂਢੀ ਦੇਸ਼ਾਂ ਖਾਸਕਰ, ਸ਼੍ਰੀਲੰਕਾ ਅੰਦਰ ਭੁੱਖੇ ਲੋਕ ਦੋ ਡੰਗ ਦੀ ਰੋਟੀ ਲਈ ਸੜਕਾਂ ’ਤੇ ਨਿਕਲ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਹਨ, (ਜਿਸਦਾ ਮੂਲ ਕਾਰਨ ਉਥੋਂ ਦੇ ਹਾਕਮਾਂ ਵਲੋਂ ਨਵਉਦਾਰਵਾਦੀ ਆਰਥਿਕ ਨੀਤੀਆਂ ਨੂੰ ਲਾਗੂ ਕਰਨਾ ਹੈ), ਤਾਂ ਇਸ ਘਟਨਾਕ੍ਰਮ ਦਾ ਅਸਰ ਭਾਰਤੀ ਸਮਾਜ ਤੇ ਇੱਥੋਂ ਦੀ ਆਰਥਿਕਤਾ ਉਪਰ ਪੈਣਾ ਲਾਜ਼ਮੀ ਹੈ। ਇਸ ਪੱਖ ਤੋਂ ਭਾਰਤੀ ਲੋਕਾਂ ਦੀਆਂ ਚਿੰਤਾਵਾਂ ਨਿਰਮੂਲ ਨਹੀਂ ਹਨ। ਇੱਕ ਪਾਸੇ ਭਾਰਤੀ ਖਜ਼ਾਨੇ ’ਚ ਵਿਦੇਸ਼ੀ ਸਿੱਕੇ ਦਾ ਭੰਡਾਰ ਘੱਟ ਰਿਹਾ ਹੈ ਤੇ ਨਾਲ ਹੀ ਰੁਪਏ ਦੀ ਕੀਮਤ ਇੱਕ ਡਾਲਰ ਦੇ ਮੁਕਾਬਲੇ 80 ਰੁਪਏ ਤੋਂ ਵੀ ਘੱਟ ਗਈ ਹੈ। ਦੁਨੀਆਂ ਭਰ ’ਚ ਮਿਹਨਤਕਸ਼ ਲੋਕਾਂ ਵਲੋਂ ਸੰਘਰਸ਼ਾਂ ਦਾ ਨਵਾਂ ਦੌਰ ਸ਼ੁਰੂ ਹੋ ਗਿਆ ਹੈ, ਜਿਸ ਤੋਂ ਸਾਡੇ ਦੇਸ਼ ਦੇ ਲੋਕ ਅਣਭਿੱਜ ਨਹੀਂ ਰਹਿ ਸਕਦੇ। ਲੋਕਾਂ ਦੇ ਜ਼ਿਹਨ ’ਚ ਇਹ ਵਿਚਾਰ ਵਾਰ-ਵਾਰ ਉਠ ਰਿਹਾ ਹੈ ਕਿ ਜਿਸ ਪੂੰਜੀਵਾਦੀ ਵਿਕਾਸ ਮਾਡਲ ਦੇ ਸੋਹਲੇ ਗਾਏ ਜਾ ਰਹੇ ਸਨ, ਉਹ ਤਾਂ ਆਪਣੇ ਲੋਕਾਂ ਨੂੰ ਪੇਟ ਭਰਵਾਂ ਭੋਜਨ, ਸਿਹਤ ਸੇਵਾਵਾਂ ਤੇ ਜੀਵਨ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਵੀ ਨਹੀਂ ਕਰਾ ਸਕਦਾ। ਇੰਗਲੈਂਡ, ਫਰਾਂਸ, ਸਪੇਨ, ਨਿਊਜ਼ੀਲੈਂਡ ਤੇ ਗੁਆਂਢੀ ਦੇਸ਼ ਸ਼੍ਰੀ ਲੰਕਾ ’ਚ ਕਿਰਤੀ ਲੋਕ ਅਜਿਹੇ ਲੋਟੂ ਪ੍ਰਬੰਧ ਵਿਰੁੱਧ ਘੋਲਾਂ ਦੇ ਮੈਦਾਨ ’ਚ ਨਿੱਤਰ ਕੇ ਨਵਾਂ ਇਤਿਹਾਸ ਸਿਰਜ ਰਹੇ ਹਨ। ਜਨ ਸਧਾਰਣ ਇਹ ਸੋਚਣ ਲਈ ਮਜ਼ਬੂਰ ਹੋ ਰਹੇ ਹਨ ਕਿ ਕੀ ਮੌਜੂਦਾ ਲੋਟੂ ਪ੍ਰਬੰਧ ਦੇ ਮੁਕਾਬਲੇ ’ਚ ਹੋਰ ਕੋਈ ਲੋਕ ਪੱਖੀ ਵਿਕਾਸ ਮਾਡਲ ਉਪਲੱਬਧ ਹੈ? ਇਤਿਹਾਸ ਤੇ ਸਮਾਜਿਕ ਵਿਕਾਸ ਦੀਆਂ ਪਰਤਾਂ ’ਚ ਉਨ੍ਹਾਂ ਨੂੰ ਅਜਿਹਾ ਮੁਤਬਾਦਲ ਨਜ਼ਰ ਆਉਂਦਾ ਹੈ। ਇਹ ਵਰਤਾਰਾ ਸਾਡੇ ਦੇਸ਼ ’ਚ ਵੀ ਸ਼ੁਰੂ ਹੋ ਚੁੱਕਾ ਹੈ, ਜਿਸਨੂੰ ਭਾਰਤੀ ਹਾਕਮ, ਕਾਰਪੋਰੇਟ ਘਰਾਣੇ ਤੇ ਅਨੇਕਾਂ ਰੰਗਾਂ ਦੇ ਸਰਕਾਰ ਪ੍ਰਸਤ ਫਿਰਕੂ ਤੱਤ ਗੋਦੀ ਮੀਡੀਆ ਦੀ ਮਦਦ ਨਾਲ ਠੱਲ੍ਹਣਾ ਚਾਹੁੰਦੇ ਹਨ। ਇਸ ਮਕਸਦ ਲਈ ਲੋਕਾਂ ਦੇ ਮਨਾਂ ਅੰਦਰ ਫਿਰਕੂ ਵੱਖਰੇਵੇਂ ਖੜ੍ਹੇ ਕਰਕੇ ਗੈਰ ਜ਼ਰੂਰੀ ਭੜਕਾਊ ਬਿਆਨਬਾਜ਼ੀ ਰਾਹੀਂ ਅਰਾਜਕਤਾ ਤੇ ਆਪਸੀ ਨਫਰਤ ਵਾਲਾ ਮਹੌਲ ਸਿਰਜਣਾ ਹਾਕਮ ਧਿਰਾਂ ਲਈ ਬਹੁਤ ਸਹਾਈ ਸਿੱਧ ਹੋ ਰਿਹਾ ਹੈ।
ਵਿਚਾਰਨ ਦਾ ਸਮਾਂ ਆ ਗਿਆ ਹੈ, ਕਿ ਕੀ ਅਸੀਂ ਕਿਸੇ ਐਸੇ ਵਿਕਾਸ ਮਾਡਲ ਦੀ ਤਲਾਸ਼ ਨਹੀਂ ਕਰ ਸਕਦੇ ਜੋ ਦਿਨੋਂ ਦਿਨ ਵੱਧ ਰਹੇ ਵੱਡੇ ਆਰਥਿਕ ਪਾੜੇ ਨੂੰ ਰੋਕ ਸਕੇ, ਲੋਕਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਯੋਗ ਰੁਜ਼ਗਾਰ ਮੁਹੱਈਆ ਕਰਾ ਸਕੇ?
ਕੀ ਅਸੀਂ ਸਾਮਰਾਜੀ ਕਰਜ਼ਾ ਜਾਲ ਤੋਂ ਮੁਕਤ ਆਰਥਚਾਰਾ ਸਿਰਜ ਕੇ ਆਤਮ ਨਿਰਭਰਤਾ ਦੇ ਸੰਕਲਪ ਨੂੰ ਅਮਲੀ ਜਾਮਾ ਨਹੀਂ ਪਹਿਨਾ ਸਕਦੇ? ਅਸਾਡਾ ਇਹ ਮਤ ਹੈ ਕਿ ਲੋਕਾਂ ਦੀ ਭਾਰੀ ਬਹੁਗਿਣਤੀ ਦੀ ਜ਼ਿੰਦਗੀ ਚੰਦ ਕੁ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ਉਪਰ ਪਾਬੰਦੀ ਲਾ ਕੇ ਯਕੀਨਨ ਸੁਧਾਰੀ ਜਾ ਸਕਦੀ ਹੈ।
ਅਜਿਹਾ ਆਰਥਿਕ ਪ੍ਰਬੰਧ ਸੰਭਵ ਹੈ ਤੇ ਭਾਰਤੀ ਲੋਕ ਲੰਬੇ ਸਮੇਂ ਤੋਂ ਅਜਿਹੇ ਢਾਂਚੇ ਲਈ ਸੰਘਰਸ਼ਸ਼ੀਲ ਹਨ। ਇਸ ਪ੍ਰਬੰਧ ਦੀ ਪ੍ਰਾਪਤੀ ਲਈ ਲੋਕਾਂ ਦੀ ਆਪਸੀ ਏਕਤਾ ਤੇ ਸਾਂਝੇ ਘੋਲਾਂ ਦੀ ਜ਼ਰੂਰਤ ਹੈ। ਇਸ ਇਕਜੁੱਟਤਾ ਨੂੰ ਖੇਰੂੰ ਖੇਰੂੰ ਕਰਨ ਲਈ ਹੀ ਪੰਜਾਬ ’ਚ ਇਕ ਵਾਰ ਫਿਰ ਤੋਂ ਫਿਰਕੂ ਤੇ ਵੱਖਵਾਦੀ ਆਵਾਜ਼ਾਂ ਕੰਨੀਂ ਪੈ ਰਹੀਆਂ ਹਨ। ਤੇ ਬਿਨਾਂ ਸ਼ੱਕ ਇਨ੍ਹਾਂ ਪਿੱਛੇ ਸਰਕਾਰੀ ਏਜੰਸੀਆਂ ਦੀ ਵੱਡੀ ਭੂਮਿਕਾ ਹੈ। ਸਾਨੂੰ ਆਪਣੇ ਧਾਰਮਿਕ ਵਿਸ਼ਵਾਸ਼ਾਂ ਉਪਰ ਕਾਇਮ ਰਹਿੰਦਿਆਂ ਹੋਇਆਂ ਹਰ ਰੰਗ ਦੇ ਗੈਰ ਸਮਾਜੀ, ਫਿਰਕੂ ਤੱਤਾਂ ਦੀਆਂ ਸਰਗਰਮੀਆਂ ਨੂੰ ਘੋਖਣਾ ਤੇ ਉਨ੍ਹਾਂ ਦੇ ਅਸਲੀ ਮੰਤਵ ਤੇ ਜਨਮਦਾਤੇ ਨੂੰ ਪਹਿਚਾਣਨਾ ਹੋਵੇਗਾ। ਕੋਈ ਵੀ ਧਰਮ ਜਾਂ ਧਾਰਮਿਕ ਗ੍ਰੰਥ ਏਨਾ ਕਮਜ਼ੋਰ ਨਹੀਂ ਹੈ ਜੋ ਕਿਸੇ ਸ਼ਰਾਰਤੀ ਤੱਤ ਜਾਂ ਸਰਕਾਰੀ ਏਜੰਸੀ ਦੇ ਕਾਰਕੁੰਨ ਵਲੋਂ ਕੀਤੀ ਬੇਅਦਬੀ ਦੀ ਘਟਨਾ ਨਾਲ ਗੈਰ ਪ੍ਰਸੰਗਕ ਜਾਂ ਨੀਵਾਂ ਹੋ ਜਾਵੇਗਾ। ਸ਼ਹੀਦ-ਇ-ਆਜ਼ਮ ਭਗਤ ਸਿੰਘ ਦਾ ਕੱਦ ਤੇ ਸਤਿਕਾਰ ਚੰਦ ਸਿਰ ਫਿਰੇ ਲੋਕਾਂ ਦੇ ਕੂੜ ਪ੍ਰਚਾਰ ਨਾਲ ਘਟਣ ਦੀ ਥਾਂ ਲੋਕ ਮਨਾਂ ’ਚ ਸਗੋਂ ਹੋਰ ਵੀ ਉੱਚਾ ਤੇ ਡੂੰਘੇਰਾ ਹੋ ਰਿਹਾ ਹੈ। ਸਾਨੂੰ ਕਿਸੇ ਵੀ ਘਟਨਾ ਦੀ ਨਿਸ਼ਾਨਦੇਹੀ ਕਰਨ ਸਮੇਂ ਇਹ ਜ਼ਰੂਰ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਅਜਿਹਾ ਕਾਰਾ ਕਿਸ ਧਿਰ ਦੇ ਹਿਤ ਪੂਰਦਾ ਹੈ? ਬਿਨਾਂ ਸ਼ੱਕ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਜਾਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਗੈਰ ਜ਼ਿੰਮੇਵਾਰ ਵਿਅਕਤੀ ਭਾਰਤੀ ਸੱਤਾ ਦੀ ਚਾਕਰੀ ਕਰ ਰਹੇ ਹਨ, ਜਿਸ ਤੋਂ ਛੁਟਕਾਰਾ ਹਾਸਲ ਕਰਨ ਲਈ ਸਾਡੇ ਲੋਕ ਅਗਰਸਰ ਹਨ। ਅਮਲ ਹੀ ਲੋਕਾਂ ਦੇ ਮਿੱਤਰ ਤੇ ਦੁਸ਼ਮਣ ਤੈਅ ਕਰਦੇ ਹਨ। ਸਿਰਫ ਉਨ੍ਹਾਂ ਨੂੰ ਪਹਿਚਾਨਣ ਦੀ ਲੋੜ ਹੈ। (20.7.2022)
ਸੰਪਾਦਕੀ ਟਿੱਪਣੀ : ਡੂੰਘੀ ਸਾਜਿਸ਼ ਦਾ ਨਤੀਜਾ ਹਨ ਬੇਅਦਬੀ ਦੀਆਂ ਘਟਨਾਵਾਂ