Now Reading
ਜਾਰੀ ਹੈ, ਸ਼੍ਰੀ ਲੰਕਾ ਦੇ ਲੋਕਾਂ ਦਾ ‘ਅਰਗਾਲਿਆ’

ਜਾਰੀ ਹੈ, ਸ਼੍ਰੀ ਲੰਕਾ ਦੇ ਲੋਕਾਂ ਦਾ ‘ਅਰਗਾਲਿਆ’

ਸਾਡੇ ਗੁਆਂਢੀ ਦੇਸ਼ ਸ਼੍ਰੀ ਲੰਕਾ ਦੇ ਅਵਾਮ ਨੇ ਦੁਨੀਆਂ ਦੇ ਜਨ ਸੰਘਰਸ਼ਾਂ ਦੇ ਇਤਿਹਾਸ ਵਿੱਚ ਇੱਕ ਨਿਵੇਕਲਾ ਤੇ ਸ਼ਾਨਦਾਰ ਵਰਕਾ ਜੋੜ ਦਿੱਤਾ ਹੈ। ਉਨ੍ਹਾਂ ਦਰਸਾਇਆ ਹੈ ਕਿ ਜਦੋਂ ਲੋਕ ਮਸਲਿਆਂ ਪ੍ਰਤੀ ਹਾਕਮਾਂ ਦੀ ਉਦਾਸੀਨਤਾ ਖਿਲਾਫ਼ ਲੋਕ ਰੋਹ ਪ੍ਰਚੰਡ ਰੂਪ ਧਾਰਣ ਕਰ ਲੈਂਦਾ ਹੈ ਤਾਂ ਹਰ ਕਿਸਮ ਦੀਆਂ ਸਾਜਿਸ਼ਾਂ ਤੇ ਦਮਨ ਨਿਸੱਲ ਹੋ ਜਾਂਦੇ ਹਨ। 9 ਜੁਲਾਈ ਨੂੰ ਲੱਖਾਂ ਲੋਕਾਂ ਨੇ ਦੇਸ਼ ਦੀ ਰਾਜਧਾਨੀ ਕੋਲੰਬੋ ਸਥਿਤ ਰਾਸ਼ਟਰਪਤੀ ਦੇ ਮਹਿਲ ਉਤੇ ਕਬਜ਼ਾ ਕਰ ਲਿਆ ਅਤੇ ਮਹੀਨਿਆਂ ਤੋਂ ਜਾਰੀ ਸੰਘਰਸ਼ (ਅਰਗਾਲਿਆ) ਦੀ ਦੇਸ਼ ਦੇ ਰਾਸ਼ਟਰਪਤੀ ਗੋਟਾਵਾਇਆ ਰਾਜਪਕਸ਼ੇ ਦੇ ਅਸਤੀਫੇ ਦੀ ਮੁੱਖ ਮੰਗ ਨੂੰ ਪੂਰਾ ਕਰਵਾ ਲਿਆ। ਰਾਸ਼ਟਰਪਤੀ ਮਹਿਲ ਛੱਡਕੇ ਭੱਜ ਗਿਆ ਅਤੇ ਚੋਰੀ-ਛਿਪੇ ਪਹਿਲਾਂ ਮਾਲਦੀਵਜ ਤੇ ਪਿੱਛੋਂ ਸਿੰਗਾਪੁਰ ਦੌੜ ਗਿਆ, ਜਿੱਥੋਂ ਉਸਨੇ ਈ-ਮੇਲ ਰਾਹੀਂ ਸਪੀਕਰ ਨੂੰ 15 ਜੁਲਾਈ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ। ਉਸ ਵਿਰੁੱਧ ਲੋਕ ਰੋਹ ਐਨਾ ਪ੍ਰਚੰਡ ਹੈ ਕਿ ਮਾਲਦੀਵ ਵੱਸਦੇ ਸ਼੍ਰੀ ਲੰਕਾ ਵਾਸੀਆਂ ਨੇ ਉਸ ਖ਼ਿਲਾਫ਼ ਉਥੇ ਵੀ ਰੋਸ ਮੁਜ਼ਾਹਰੇ ਕੀਤੇ ਅਤੇ ਹੁਣ ਸਿੰਗਾਪੁਰ ਵਿਚ ਵੀ ਉਸ ਵਿਰੁੱਧ ਮੌਨ ਮੁਜ਼ਾਹਰੇ ਹੋ ਰਹੇ ਹਨ।
2019 ਵਿਚ 52% ਤੋਂ ਵੀ ਵਧੇਰੇ ਵੋਟਾਂ ਲੈ ਕੇ ਰਾਸ਼ਟਰਪਤੀ ਚੁਣੇ ਗਏ ਗੋਟਾਵਾਇਆ ਰਾਜਪਕਸ਼ੇ ਵਿਰੁੱਧ ਪਿਛਲੇ ਸਾਲ ਦੇ ਅਪ੍ਰੈਲ ਮਹੀਨੇ ਵਿਚ ਹੀ ਕਿਸਾਨਾਂ ਵਿਚ ਗੁੱਸਾ ਪੈਦਾ ਹੋਣਾ ਸ਼ੁਰੂ ਹੋ ਗਿਆ ਸੀ, ਜਦੋਂ ਅਚਨਚੇਤ ਦੇਸ਼ ਵਿਚ ਸਿਰਫ ਜੈਵਿਕ ਖੇਤੀ ਕਰਨ ਦਾ ਆਦੇਸ਼ ਲਾਗੂ ਕਰਦੇ ਹੋਏ ਰਸਾਇਣਿਕ ਖਾਦਾਂ ਦੀ ਦਰਾਮਦ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ। ਇਸ ਨਾਲ ਖੇਤੀ ਪੈਦਾਵਾਰ ਬਹੁਤ ਘੱਟ ਜਾਣ ਦੇ ਸਿੱਟੇ ਵਜੋਂ ਦੇਸ਼ ਦੇ ਲੋਕਾਂ ਦੇ ਮੁੱਖ ਭੋਜਨ ਚੌਲਾਂ ਦੀ ਕਮੀ ਹੋ ਗਈ ਤੇ ਚਾਹ, ਜਿਸਦੀ ਬਰਾਮਦ ਦੇਸ਼ ਲਈ ਵਿਦੇਸ਼ ਮੁਦਰਾ ਕਮਾਉਣ ਦਾ ਚੰਗਾ ਸੋਮਾ ਸੀ, ਦੀ ਬਰਾਮਦ ਵੀ ਉਤਪਾਦਨ ਘਟਣ ਕਾਰਨ ਨਾ ਮਾਤਰ ਰਹਿ ਗਈ।
ਇਸ ਤੁਗਲਕੀ ਨੀਤੀ ਖਿਲਾਫ਼ ਸਿਤੰਬਰ ਤੱਕ ਕਿਸਾਨਾਂ ਨੇ ਰੋਸ ਮੁਜ਼ਾਹਰੇ ਸ਼ੁਰੂ ਕਰ ਦਿੱਤੇ ਸਨ। ਕੋਵਿਡ-19 ਮਹਾਮਾਰੀ ਕਰਕੇ ਦੇਸ਼ ਦੇ ਅਰਥਚਾਰੇ ਵਿਚ ਕਾਫੀ ਵੱਡਾ ਹਿੱਸਾ ਪਾਉਣ ਵਾਲੀ ਸੈਰ ਸਪਾਟਾ ਸਨਅਤ ਤੋਂ ਕਮਾਈ ਲਗਭਗ ਠੱਪ ਹੋਣ ਕਾਰਨ ਅਤੇ ਦੂਜੇ ਦੇਸ਼ਾਂ ਵਿਚ ਕੰਮ ਕਰ ਰਹੇ ਦੇਸ਼ ਵਾਸੀਆਂ ਵਲੋਂ ਭੇਜੀ ਜਾਂਦੀ ਵਿਦੇਸ਼ੀ ਮੁਦਰਾ ਵਿਚ ਆਈ ਭਾਰੀ ਕਮੀ ਨਾਲ ਵਿਦੇਸ਼ੀ ਮੁਦਰਾ ਦਾ ਸੰਕਟ ਖੜ੍ਹਾ ਹੋ ਗਿਆ। ਵਿਦੇਸ਼ੀ ਮੁਦਰਾ ਦੇ ਸੰਕਟ ਕਾਰਣ ਲੋਕਾਂ ਦੀਆਂ ਨਿੱਤ ਵਰਤੋਂ ਦੀਆਂ ਵਸਤਾਂ ਪੈਟਰੋਲ, ਡੀਜ਼ਲ, ਚੌਲ, ਸੁੱਕਾ ਦੁੱਧ ਆਦਿ ਦੀ ਵੀ ਦਰਾਮਦ ਕਰਨ ਤੋਂ ਵੀ ਦੇਸ਼ ਅਸਮਰੱਥ ਹੋ ਗਿਆ।
ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਅਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈਆਂ। 13 ਰੁਪਏ ਦਾ ਆਂਡਾ 55 ਰੁਪਏ ਦਾ, ਆਲੂ 110 ਰੁਪਏ ਦੀ ਥਾਂ 520 ਰੁਪਏ ਕਿਲੋ, ਪਿਆਜ਼ 65 ਦੀ ਥਾਂ 280 ਰੁਪਏ,ਚੀਨੀ 65 ਦੀ ਥਾਂ 451 ਰੁਪਏ, ਆਟਾ 160 ਦੀ ਥਾਂ 350 ਰੁਪਏ, ਚੌਲ 110 ਦੀ ਥਾਂ 480 ਰੁਪਏ ਕਿੱਲੋ ਵਿਕਣ ਲੱਗ ਪਏ।
ਪੈਟਰੋਲ ਤੇ ਡੀਜ਼ਲ ਦੀ ਘਾਟ ਕਰਕੇ ਤਾਂ ਲੋਕਾਂ ਨੂੰ ਅੱਤ ਦੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਕੁੱਝ ਲੀਟਰ ਤੇਲ ਲਈ ਕਈ-ਕਈ ਦਿਨ ਲਾਈਨਾਂ ਵਿਚ ਲੱਗਣਾ ਪਿਆ। ਆਵਾਜਾਈ ਤੇ ਢੋਆ-ਢੁਆਈ ਠੱਪ ਹੋਣ ਕਰਕੇ ਕੋਇਲੇ ਦੀ ਕਮੀ ਹੋ ਗਈ ਅਤੇ ਬਿਜਲੀ ਉਤਪਾਦਨ ਘਟਣ ਨਾਲ ਕਈ-ਕਈ ਘੰਟੇ ਬਿਜਲੀ ਗੁੱਲ ਰਹਿਣਾ ਆਮ ਗੱਲ ਹੋ ਗਈ।
ਲੋਕਾਂ ਦੀ ਇਸ ਦੁਰਦਸ਼ਾ ਵਿਚੋਂ ਸੰਘਰਸ਼ ਨੇ ਜਨਮ ਲਿਆ, ਜਿਸਨੂੰ ਸਿੰਹਲੀ ਭਾਸ਼ਾ ਵਿਚ ‘ਅਰਗਾਲਿਆ’ ਕਹਿੰਦੇ ਹਨ। ਪਿਛਲੇ ਸਾਲ ਅਪ੍ਰੈਲ-ਸਤੰਬਰ ਮਹੀਨਿਆਂ ਵਿਚ ਕਿਸਾਨਾਂ ਦੇ ਰੋਸ ਮੁਜ਼ਾਹਰਿਆਂ ਦੇ ਰੂਪ ਵਿਚ ਸ਼ੁਰੂ ਹੋਇਆ ਇਹ ਸੰਘਰਸ਼ ਇਸ ਵਰ੍ਹੇ ਮਾਰਚ ਦੇ ਸ਼ੁਰੂ ਵਿਚ ਸ਼ਹਿਰਾਂ ਤੱਕ ਪਹੁੰਚ ਗਿਆ। ਰਾਜਧਾਨੀ ਕੋਲੰਬੋ ਦੇ ਆਲੇ ਦੁਆਲੇ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿਚ ਲੋਕ ਆਪ ਮੁਹਾਰੇ ਬਿਜਲੀ ਦੇ ਕੱਟਾਂ ਅਤੇ ਹੋਰ ਨਿੱਤ ਵਰਤੋਂ ਦੀਆਂ ਵਸਤਾਂ ਕਰਕੇ ਹੋਣ ਵਾਲੀਆਂ ਮੁਸ਼ਕਲਾਂ ਦੇ ਰੋਸ ਵਜੋਂ ਮੋਮ ਬੱਤੀਆਂ ਬਾਲਕੇ, ਪਲੇਕਾਰਡ ਆਦਿ ਚੁੱਕ ਕੇ ਅਮਨ ਪੂਰਵਕ ਮੌਨ ਮਾਰਚ ਕਰਨ ਲੱਗ ਪਏ ਸਨ। ਮਾਰਚ ਦੇ ਅਖੀਰ ਵਿਚ ਰਾਸ਼ਟਰਪਤੀ ਦੇ ਦਫਤਰ ਦੇ ਨੇੜੇ ਰਾਜਧਾਨੀ ਦੇ ਪ੍ਰਸ਼ਾਸਨਕ ਤੇ ਵਪਾਰਕ ਕੇਂਦਰ ਗਾਲਾ ਗ੍ਰੀਨ ਫੇਸ ਵਿਖੇ ਸਾਡੇ ਦੇਸ਼ ਦੇ ‘ਕਿਸਾਨ ਅੰਦੋਲਨ’ ਦੀ ਤਰਜ਼ ’ਤੇ ਇਕ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਗਿਆ, ਜਿਸਦਾ ਨਾਂਅ ‘ਗੋਟਾ ਗੋ ਗਾਮਾ’ ਜਿਸਦਾ ਭਾਵ ਹੈ ਰਾਸ਼ਟਰਪਤੀ ਅਸਤੀਫਾ ਦੇ ਕੇ ਆਪਣੇ ਪਿੰਡ ਜਾਓ, ਰੱਖਿਆ ਗਿਆ। ਇਹ ਇਕ ਅਹਿੰਸਕ, ਅਮਨਪੂਰਵਕ, ਅਰਾਜਨੀਤਿਕ ਅੰਦੋਲਨ ਹੈ, ਜਿਸ ਵਿਚ ਪੱਤਰਕਾਰ, ਸੋਸ਼ਲ ਮੀਡੀਆ ਕਾਰਕੁੰਨ, ਕਲਾਕਾਰ, ਵਿਦਿਆਰਥੀ, ਧਾਰਮਕ ਆਗੂ, ਵਕੀਲ, ਸਿਵਲ ਸੁਸਾਇਟੀ ਕਾਰਕੁੰਨ, ਕਿਰਤੀ ਸੰਗਠਨ, ਨਾਰੀਵਾਦੀ ਤੇ ਚੁਗਿਰਦਾ ਕਾਰਕੁੰਨ, ਮਨੁੱਖੀ ਅਧਿਕਾਰ ਕਾਰਕੁੰਨ ਆਦਿ ਸ਼ਾਮਲ ਹਨ। ਇਹ ਸੰਘਰਸ਼ ਛੇਤੀ ਹੀ ਹੋਰ ਸ਼ਹਿਰੀ ਖੇਤਰਾਂ ਤੱਕ ਵੀ ਪਸਰ ਗਿਆ, ਖਾਸ ਕਰਕੇ ਕੋਲੰਬੋ ਅਤੇ ਦੇਸ਼ ਦੇ ਪੱਛਮੀ ਪ੍ਰਾਂਤਾਂ ਵਿਚ ਜਿਹੜੇ ਕਿ ਸਭ ਤੋਂ ਘਣੀ ਵਸੋਂ ਵਾਲੇ ਖਿੱਤੇ ਹਨ।
ਇਨ੍ਹਾਂ ਪੱਕੇ ਧਰਨਿਆਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਦੇ ਦਫਤਰ ਅਤੇ ਘਰ ਅੱਗੇ ਵੀ ਕਈ ਰੋਸ ਮੁਜ਼ਾਹਰੇ ਹੋਏ, ਜਿਨ੍ਹਾਂ ਉਤੇ ਪੁਲਸ ਤੇ ਸੁਰੱਖਿਆ ਬਲਾਂ ਨੇ ਤਸ਼ੱਦਦ ਵੀ ਕੀਤਾ ਪੰ੍ਰਤੂ ਇਹ ਕਾਰਕੁੰਨ ਹਿੰਸਕ ਨਹੀਂ ਹੋਏ। ਇਕ ਅਜਿਹਾ ਪੜਾਅ ਵੀ ਆਇਆ ਜਦੋਂ ਦੇਸ਼ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਸਮਰਥਕਾਂ ਨੇ ਅਮਨ-ਅਮਾਨ ਨਾਲ ਪੱਕਾ ਧਰਨਾ ਲਾ ਕੇ ਬੈਠੇ ਕਾਰਕੁੰਨਾਂ ’ਤੇ ਹਮਲਾ ਕਰਕੇ ਕਈਆਂ ਨੂੰ ਬੁਰੀ ਤਰ੍ਹਾਂ ਕੁੱਟਿਆ-ਮਾਰਿਆ, ਪ੍ਰੰਤੂ ਇਹ ਧਰਨਾ ਇਸ ਦੇ ਬਾਵਜੂਦ ਅਹਿੰਸਕ ਰੂਪ ਵਿਚ ਜਾਰੀ ਰਿਹਾ। 9 ਮਈ ਨੂੰ ਦੇਸ਼ ਦੇ ਸਭ ਤੋਂ ਤਾਕਤਵਰ ਰਾਜਨੀਤਕ ਆਗੂ ਤੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ, ਜਿਹੜੇ ਕਿ ਰਾਸ਼ਟਰਪਤੀ ਗੋਟਾਵਾਇਆ ਦੇ ਭਰਾ ਵੀ ਹਨ, ਨੂੰ ਅਸਤੀਫਾ ਦੇਣਾ ਪਿਆ।
ਇਸ ਸਮੁੱਚੇ ਸੰਘਰਸ਼ ਦਾ ਮੁੱਖ ਨਿਸ਼ਾਨਾ ਰਾਸ਼ਟਰਪਤੀ ਗੋਟਾਵਾਇਆ ਰਾਜਪਕਸ਼ੇ ਸੀ, ਜਿਹੜਾ ਕਿ ‘ਲਿੱਟੇ’ ਵਿਰੁੱਧ ਜੰਗ ਦੌਰਾਨ ਕੀਤੇ ਗਏ ਜੰਗੀ ਅਪਰਾਧਾਂ ਦਾ ਦੋਸ਼ੀ ਹੋਣ ਦੇ ਨਾਲ ਆਪਣੇ ਰਾਜਸੀ ਵਿਰੋਧੀਆਂ ਤੇ ਪੱਤਰਕਾਰਾਂ ਦਾ ਕਾਤਲ ਹੈ, ਜਨਤਕ ਫੰਡਾਂ ਦੀ ਚੋਰੀ ਅਤੇ ਫਜ਼ੂਲ ਖਰਚੀ ਦਾ ਦੋਸ਼ੀ ਹੈ ਅਤੇ ਚੋਣਾਂ ਜਿੱਤਣ ਲਈ ਬਹੁਗਿਣਤੀ ਸਿੰਹਲੀ-ਬੌਧੀ ਰਾਸ਼ਟਰਵਾਦ ਨੂੰ ਭੜਕਾਉਣ ਦਾ ਵੀ ਕੁਕਰਮ ਕਰਦਾ ਰਿਹਾ ਹੈ।
ਇਸ ਸੰਘਰਸ਼ ਦਾ ਸਿਖਰ ਸੀ, ਇਸਦੇ ਸ਼ਹਿਰੀ ਖੇਤਰਾਂ ਵਿਚ ਪਹੁੰਚਣ ਦੇ 102 ਦਿਨ ਬਾਅਦ ਦੇਸ਼ ਦੇ ਰਾਸ਼ਟਰਪਤੀ ਦੇ ਮਹਿਲ ’ਤੇ ਕੀਤਾ ਗਿਆ ਕਬਜ਼ਾ। 9 ਜੁਲਾਈ ਨੂੰ ਲੱਖਾਂ ਲੋਕ ਰਾਸ਼ਟਰਪਤੀ ਦੇ ਮਹਿਲ ਦੇ ਸਾਹਮਣੇ ਇਕੱਠਾ ਹੋਏ ਅਤੇ ਉਨ੍ਹਾਂ ਨੇ ਉਥੇ ਭਾਰੀ ਮਾਤਰਾ ਵਿਚ ਤੈਨਾਤ ਹਥਿਆਬੰਦ ਫੌਜ ਤੇ ਪੁਲਸ ਦਾ ਅਹਿੰਸਕ ਰੂਪ ਨਾਲ ਮੁਕਾਬਲਾ ਕਰਕੇ ਹੋਏ ਮਹਿਲ ਉਤੇ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਮਹਿੰਦਾ ਰਾਜਪਕਸ਼ੇ ਦੇ ਅਸਤੀਫ਼ੇ ਤੋਂ ਬਾਅਦ ਰਾਸ਼ਟਰਪਤੀ ਗੋਟਾਵਾਇਆ ਰਾਜਪਕਸ਼ੇ ਵਲੋਂ ਨਿਯੁਕਤ ਕੀਤੇ ਗਏ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ (ਜੋ 20 ਜੁਲਾਈ ਨੂੰ ਰਾਸ਼ਟਰਪਤੀ ਚੁਣੇ ਗਏ) ਸਰਕਾਰੀ ਨਿਵਾਸ ਟੈਂਪਲ ਟ੍ਰੀ ’ਤੇ ਵੀ ਕਬਜ਼ਾ ਕਰ ਲਿਆ ਗਿਆ ਸੀ। ਬੜੇ ਹੀ ਅਨੁਸ਼ਾਸਨਬੱਧ ਤਰੀਕੇ ਨਾਲ ਇਨ੍ਹਾਂ ਸਰਕਾਰੀ ਇਮਾਰਤਾਂ, ਖਾਸ ਕਰਕੇ ਰਾਸ਼ਟਰਪਤੀ ਮਹਿਲ ਵਿਚ ਆਮ ਲੋਕ ਆਉਂਦੇ ਜਾਂਦੇ ਰਹੇ। ਲੋਕਾਂ ਨੇ ਆਪਣੇ ਵਾਅਦੇ ਮੁਤਾਬਕ 15 ਜੁਲਾਈ ਨੂੰ ਰਾਸ਼ਟਰਪਤੀ ਗੋਟਾਵਾਇਆ ਦੇ ਅਸਤੀਫ਼ੇ ਤੋਂ ਬਾਅਦ ਇਹ ਇਮਾਰਤਾਂ ਖਾਲੀ ਕਰਕੇ ਫੌਜ ਤੇ ਪੁਲਸ ਦੇ ਹਵਾਲੇ ਕਰ ਦਿੱਤੀਆਂ।
ਇਹ ਸਮੁੱਚਾ ਅੰਦੋਲਨ ਦਿੱਲੀ ਦੇ ਬਾਡਰਾਂ ’ਤੇ ਚੱਲਣ ਵਾਲੇ ਕਿਸਾਨ ਅੰਦੋਲਨ ਦੀ ਤਰ੍ਹਾਂ ਸਿਰਫ ਸੰਘਰਸ਼ ਸਥੱਲ ਹੀ ਨਹੀਂ ਸੀ ਬਲਕਿ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਚੇਤਨ ਕਰਨ ਲਈ ਲਾਈਬ੍ਰੇਰੀਆਂ ਅਤੇ ਹੋਰ ਸਿੱਖਿਆਦਾਇਕ ਸਰਗਰਮੀਆਂ ਦਾ ਵੀ ਕੇਂਦਰ ਸੀ। ਅੰਦੋਲਨ ਦੌਰਾਨ 12 ਜੁਲਾਈ ਤੱਕ 100 ਤੋਂ ਵੱਧ ਲੋਕ ਜਖਮੀ ਹੋਏ ਅਤੇ 40 ਹੁਣ ਵੀ ਹਸਪਤਾਲਾਂ ਵਿਚ ਦਾਖਲ ਹਨ। ਛੋਟੀਆਂ-ਮੋਟੀਆਂ ਸੱਟਾਂ ਵਾਲਿਆਂ ਦੀ ਗਿਣਤੀ ਤਾਂ ਹਜਾਰਾਂ ਵਿਚ ਹੈ। ਇਸ ਸਮੁੱਚੇ ਸੰਘਰਸ਼ ਦੌਰਾਨ ‘ਫਰੰਟ ਲਾਈਨ ਸੋਸ਼ਲਿਸਟ ਪਾਰਟੀ’ ਤੇ ‘ਜਨਤਾ ਵਿਮੁਕਤੀ ਪੈਰਾਮੁਨਾ’ ਵਰਗੀਆਂ ਪਾਰਟੀਆਂ ਦੇ ਨਾਲ-ਨਾਲ ਦੇਸ਼ ਦੀਆਂ ਟਰੇਡ ਯੂਨੀਅਨਾਂ ਨੇ ਵੀ ਲਾਮਬੰਦੀ ਵਿਚ ਗਿਣਨਯੋਗ ਭੂਮਿਕਾ ਅਦਾ ਕੀਤੀ।
ਸ਼੍ਰੀ ਲੰਕਾ, ਇਸ ਵੇਲੇ 15 ਅਰਬ ਅਮਰੀਕੀ ਡਾਲਰ ਦੇ ਵਿਦੇਸ਼ੀ ਕਰਜ਼ੇ ਹੇਠ ਹੈ। ਇਸ ਵਿਚੋਂ 2% ਕਰਜ਼ਾ ਭਾਰਤ ਦਾ ਹੈ, 9% ਸੰਸਾਰ ਬੈਂਕ, 10% ਜਾਪਾਨ, 10% ਚੀਨ, 13% ਏਸ਼ੀਅਨ ਡਿਵੈਲਪਮੈਂਟ ਬੈਂਕ, 47% ਵਪਾਰਕ ਸੰਸਥਾਵਾਂ ਅਤੇ 9% ਹੋਰ ਅਦਾਰਿਆਂ ਦਾ ਹੈ। ਵਿਦੇਸ਼ੀ ਕਰਜੇ ਦੀ ਇਸ ਸਾਲ ਬਣਦੀ 1 ਅਰਬ ਡਾਲਰ ਦੀ ਕਿਸ਼ਤ ਚੁਕਾਉਣ ਦੇ ਯੋਗ ਨਾ ਹੋਣ ਕਰਕੇ ਦੇਸ਼ ਨੂੰ ਦਿਵਾਲੀਆ ਐਲਾਨਿਆ ਜਾ ਚੁੱਕਾ ਹੈ। ਸ਼੍ਰੀ ਲੰਕਾ ਬਾਰੇ ਸੰਯੁਕਤ ਰਾਸ਼ਟਰ ਦੇ ਸੰਸਾਰ ਭੋਜਨ ਪ੍ਰੋਗਰਾਮ ਦੀ ਹਾਲੀਆ ਰਿਪੋਰਟ ਮੁਤਾਬਕ ‘‘ਅਸਮਾਨ ਛੂੰਹਦੀਆਂ ਕੀਮਤਾਂ ਨੇ ਲੋਕਾਂ ਦੀ ਜ਼ਿੰਦਗੀ ਦੂਭਰ ਬਣਾ ਦਿੱਤੀ ਹੈ।…. ਲਗਭਗ 67 ਲੱਖ ਲੋਕ ਭਰ ਪੇਟ ਭੋਜਨ ਨਹੀਂ ਕਰ ਰਹੇ ਅਤੇ 53 ਲੱਖ ਲੋਕਾਂ ਨੇ ਭੋਜਨ ਖਾਣ ਦੇ ਡੰਗ ਹੀ ਘਟਾ ਦਿੱਤੇ ਹਨ। ਭੋਜਨ ਦੀ ਘਾਟ ਦਾ ਟਾਕਰਾ ਕਰਨ ਲਈ 50 ਲੱਖ ਲੋਕ ਸੰਕਟਮਈ ਹਾਲਤਾਂ ਦਾ ਟਾਕਰਾ ਕਰਨ ਵਾਲੇ ਉਪਾਅ ਅਪਣਾ ਰਹੇ ਹਨ। ਯੂਨੀਸੈਫ ਦੇ ਇਕ ਹੋਰ ਸਰਵੇਖਣ ਮੁਤਾਬਕ 62% ਪਰਿਵਾਰਾਂ ਦੀ ਆਮਦਨ ਘਟੀ ਹੈ ਜਿਸਨੇ ਉਨ੍ਹਾਂ ਵਲੋਂ ਲਏ ਜਾਂਦੇ ਸੰਤੁਲਤ ਭੋਜਨ ’ਤੇ ਗੰਭੀਰ ਅਸਰ ਪਾਇਆ ਹੈ। ਸੰਤੁਲਿਤ ਭੋਜਨ ਦੀ ਮਾਸਕ ਲਾਗਤ 156% ਵਧੀ ਹੈ। ਦੇਸ਼ ਦੇ 25 ਜਿਲਿਆਂ ਵਿਚ 57 ਲੱਖ ਲੋਕਾਂ ਨੂੰ ਫੌਰੀ ਰੂਪ ਵਿਚ ਮਨੁੱਖੀ ਮਦਦ ਦੀ ਲੋੜ ਹੈ। ਇੱਥੇ ਇਹ ਵਰਣਨਯੋਗ ਹੈ ਕਿ ਸ਼੍ਰੀਲੰਕਾ ਦੀ ਕੁੱਲ ਅਬਾਦੀ 2 ਕਰੋੜ 20 ਲੱਖ ਹੈ।
ਸ਼੍ਰੀ ਲੰਕਾ ਦੇ ਆਵਾਮ ਦੀ ਪਤਲੀ ਹਾਲਤ ਦੇ ਮੁਕਾਬਲੇ ਰਾਜਪਕਸ਼ੇ ਪਰਿਵਾਰ ਦੀ ਕੁੱਲ ਸੰਪਤੀ 18 ਅਰਬ ਅਮਰੀਕੀ ਡਾਲਰ ਤੋਂ ਵੱਧ ਭਾਵ ਲਗਭਗ 14 ਹਜ਼ਾਰ ਕਰੋੜ ਦੇ ਨੇੜੇ-ਤੇੜੇ ਹੈ। ਪਰਿਵਾਰ ਦੇ ਸਭ ਤੋਂ ਤਾਕਤਵਰ ਆਗੂ ਮਹਿੰਦਾ ਰਾਜਪਕਸ਼ੇ ’ਤੇ 5.31 ਅਰਬ ਡਾਲਰ ਵਿਦੇਸ਼ ਭੇਜਣ ਦੇ ਦੋਸ਼ ਲੱਗੇ ਸਨ। ਪਿਛਲੇ ਸਾਲ ਹੋਏ ‘ਪੰਡੋਰਾ ਪੇਪਰਜ’ ਨਾਂਅ ਦੇ ਇੰਕਸ਼ਾਫ ਵਿਚ ਰਾਜਪਕਸ਼ੇ ’ਤੇ ਜਾਲੀ ਕੰਪਨੀਆਂ ਬਣਾਕੇ 1 ਕਰੋੜ 80 ਲੱਖ ਅਮਰੀਕੀ ਡਾਲਰ ਦੇਸ਼ ਤੋਂ ਬਾਹਰ ਭੇਜਣ ਦਾ ਦੋਸ਼ ਲੱਗਿਆ ਹੈ। ਰਾਜਪਕਸ਼ੇ ਪਰਿਵਾਰ ’ਤੇ ਵਿਦੇਸ਼ੀ ਕਰਜ਼ਿਆਂ ਦੇ ਰੂਪ ਵਿਚ ਹਾਸਲ ਪੈਸੇ ਵਿਚੋਂ ਵੀ ਭਿ੍ਰਸ਼ਟ ਤਰੀਕਿਆਂ ਨਾਲ ਧਨ ਵਿਦੇਸ਼ਾਂ ਵਿਚ ਭੇਜਣ ਦੇ ਆਰੋਪ ਹਨ।
ਗੋਟਾਵਾਇਆ ਰਾਜਪਕਸ਼ੇ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਸ਼ਕਤੀਆਂ ਦਾ ਆਪਣੇ ਕੋਲ ਕੇਂਦਰੀਕਰਨ ਕੀਤਾ ਅਤੇ ਆਪਣੇ ਚਹੇਤੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਦੇਸ਼ ਦੇ ਸੰਵਿਧਾਨ ਦੀ ਵੀ ਤੋੜ-ਭੰਨ ਕਰਕੇ ਅਕਤੂਬਰ 2020 ਵਿਚ ਆਪਣੇ ਜੋਟੀਦਾਰਾਂ ਨੂੰ ਫੌਜ ਅਤੇ ਚਹੇਤੇ ਵਪਾਰੀਆਂ ਨੂੰ ਜਨਤਕ ਅਦਾਰਿਆਂ ਵਿਚ ਨਿਯੁਕਤ ਕਰਨ ਦੀ ਵਿਵਸਥਾ ਕੀਤੀ। ਸਿੱਧੇ ਰੂਪ ਵਿਚ ਨਿੱਜੀਕਰਨ ਕਰਨ ਦੀ ਥਾਂ ਜਨਤਕ ਸੇਵਾਵਾਂ ਸਮੇਤ ਫੌਜ ਵਿਚ ਵਪਾਰਕ ਸਰਗਰਮੀਆਂ ਕਰਨ ਦੀ ਵਿਵਸਥਾ ਕੀਤੀ ਗਈ ਸੀ ਤਾਕਿ ਕਮੀਸ਼ਨ ਹਾਸਲ ਕੀਤੀ ਜਾ ਸਕੇ। ਬਹੁਤ ਸਾਰੇ ਜਨਤਕ ਅਦਾਰਿਆਂ ਨੂੰ ਸਿੱਧੇ ਰੂਪ ਵਿਚ ਆਪਣੇ ਅਧੀਨ ਕਰ ਲਿਆ ਸੀ।
ਗੋਟਾਵਾਇਆ ਰਾਜਪਕਸ਼ੇ ਵਲੋਂ 15 ਜੁਲਾਈ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਦੇਸ਼ ਦੀ ਸੰਸਦ ਦੇ ਸਪੀਕਰ ਮਹਿੰਦਾ ਯਾਪਾ ਅਬੇਵਰਦਨਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਦੇਸ਼ ਦਾ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕਰਦੇ ਹੋਏ 20 ਜੁਲਾਈ ਨੂੰ ਪ੍ਰਧਾਨ ਮੰਤਰੀ ਦੀ ਚੋਣ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। ਸੰਵਿਧਾਨ ਮੁਤਾਬਕ ਰਾਸ਼ਟਰਪਤੀ ਦੀ ਚੋਣ ਸਿੱਧੀ ਚੋਣ ਰਾਹੀਂ ਪੂਰੇ ਦੇਸ਼ ਦੇ ਵੋਟਰਾਂ ਵਲੋਂ ਵੋਟ ਪਾ ਕੇ ਕੀਤੀ ਜਾਂਦੀ ਹੈ ਅਤੇ ਉਸਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈ। ਪੰ੍ਰਤੂ ਜੇਕਰ ਕਿਸੇ ਕਾਰਨ ਇਸ ਦਰਮਿਆਨ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਜਾਂਦਾ ਹੈ ਤਾਂ ਦੇਸ਼ ਦੇ ਸੰਸਦ ਮੈਂਬਰਾਂ ਵਲੋਂ ਰਾਸ਼ਟਰਪਤੀ ਚੁਣਕੇ ਬਾਕੀ ਰਹਿੰਦੇ ਕਾਰਜਕਾਲ ਲਈ ਨਿਯੁਕਤ ਕੀਤਾ ਜਾਂਦਾ ਹੈ।
20 ਜੁਲਾਈ ਨੂੰ ਹੋਈ ਚੋਣ ਲਈ 3 ਉਮੀਦਵਾਰ ਸਨ। ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਮ ਸਿੰਘੇ, ਮਹਿੰਦਾ ਰਾਜਪਕਸ਼ੇ ਦੀ ਪਾਰਟੀ ਐਸ.ਐਲ.ਪੀ.ਪੀ. ਦੇ ਬਾਗੀ ਸੰਸਦ ਮੈਂਬਰ ਦੁਲਾਸ ਅਲਾਹਪਪੇਰੁਮਾ ਅਤੇ ਜੇ.ਵੀ.ਪੀ. ਦੇ ਅਨੂਰਾ ਕੁਮਾਰ ਦਿਸਨਾਇਕੇ। ਦੇਸ਼ ਦੀ ਸੰਸਦ ਵਿਚ ਐਸ.ਐਲ.ਪੀ.ਪੀ ਦੇ 146 ਮੈਂਬਰ ਹਨ, ਜਦੋਂਕਿ ਐਸ.ਐਲ.ਐਫ. ਪੀ. ਦੇ 54, ਜੇ.ਵੀ.ਪੀ. ਦੇ 3 ਅਤੇ ਬਾਕੀ ਸੀਟਾਂ ਹੋਰ ਪਾਰਟੀਆਂ ਕੋਲ ਹਨ। ਦੋਵੇਂ ਵੱਡੀਆਂ ਪਾਰਟੀਆਂ ਐਸ.ਐਲ.ਪੀ.ਪੀ. ਤੇ ਐਸ.ਐਲ.ਐਫ.ਪੀ ਨੇ ਸਪਸ਼ਟ ਰੂਪ ਵਿਚ ਕਿਸੇ ਦਾ ਵੀ ਸਮਰਥਨ ਨਹੀਂ ਕੀਤਾ। ਗਰੁਪਾਂ ਦੇ ਰੂਪ ਵਿਚ ਕੁੱਝ ਸੰਸਦ ਮੈਂਬਰ ਵਿਕਰਮਸਿੰਘੇ ਤੇ ਕੁਝ ਅਲਾਹਪਪੇਰੁਮਾ ਦਾ ਸਮਰਥਨ ਕਰ ਰਹੇ ਸਨ। ਚੋਣ ਦੇ ਨਤੀਜੇ ਮੁਤਾਬਕ 134 ਵੋਟਾਂ ਲੈ ਕੇ ਰਾਨਿਲ ਵਿਕਰਮਸਿੰਘੇ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਹਨ ਜੋ 2024 ਤੱਕ ਇਸ ਅਹੁਦੇ ’ਤੇ ਰਹਿਣਗੇ। ਹਾਰਨ ਵਾਲੇ ਉਮੀਦਵਾਰਾਂ ਦੁਲਾਸ ਅਲਾਹਪਪੇਰੁਮਾ ਨੂੰ 82 ਵੋਟ ਅਤੇ ਅਨੂਰਾ ਕੁਮਾਰ ਦਿਸਨਾਇਕੇ ਨੂੰ ਸਿਰਫ 3 ਵੋਟ ਹੀ ਮਿਲੇ ਹਨ।
73 ਸਾਲਾ ਰਾਨਿਲ ਵਿਕਰਮਸਿੰਘੇ, 6 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। 1977 ਵਿਚ ਉਹ ਯੂ.ਐਨ.ਪੀ. ਸਰਕਾਰ ਦੇ ਮੈਂਬਰ ਬਣੇ ਸਨ ਜਿਸਨੇ ਦੇਸ਼ ਵਿਚ ਨਵਉਦਾਰਵਾਦੀ ਆਰਥਿਕ ਨੀਤੀਆਂ ਲਾਗੂ ਕੀਤੀਆਂ ਸਨ। ਉਸਨੂੰ ਉਸ ਸਰਕਾਰ ਵਿਚ ਉਸਦੇ ਚਾਚੇ, ਰਾਸ਼ਟਰਪਤੀ ਜੇ.ਆਰ.ਜੈਵਰਧਨੇ ਨੇ ਵਿਦੇਸ਼ ਮੰਤਰੀ ਨਿਯੁਕਤ ਕੀਤਾ ਸੀ। 2015-19 ਤੱਕ ਵੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਸਨ। ਉਨ੍ਹਾਂ ਦੀ ਨੱਕ ਥੱਲੇ ਹੀ 2015 ਵਿਚ ਦੇਸ਼ ਦਾ ਸਭ ਤੋਂ ਵੱਡਾ ਜਨਤਕ ਫੰਡਾਂ ਦਾ ਘੁਟਾਲਾ ਹੋਇਆ ਸੀ, ਜਿਸ ਵਿਚ ਦੇਸ਼ ਨੂੰ 1 ਕਰੋੜ 10 ਲੱਖ ਅਮਰੀਕੀ ਡਾਲਰਾਂ ਦਾ ਨੁਕਸਾਨ ਹੋਇਆ ਸੀ। ਇਸ ਘੁਟਾਲੇ ਲਈ ਵਿਕਰਮਸਿੰਘੇ ਵਲੋਂ ਨਿਯੁਕਤ ਕੇਂਦਰੀ ਬੈਂਕ ਦੇ ਗਵਰਨਰ ਅਰਜੁਨ ਮਹਿੰਦਰਨ ਜ਼ਿੰਮੇਵਾਰ ਸਨ। ਰਾਨਿਲ ਵਿਕਰਮਸਿੰਘੇ ਨੂੰ ਦੇਸ਼ ਵਿਚ ‘ਡੀਲ ਮੇਕਰ’ (ਸੌਦੇਬਾਜ਼) ਵਜੋਂ ਜਾਣਿਆ ਜਾਂਦਾ ਹੈ।
ਇਸ ‘ਅਰਗਾਲਿਆ’ ਵਿਚ ਸ਼ਾਮਲ ਵਿਆਪਕ ਹਲਕੇ, ਵਿਦਿਆਰਥੀਆਂ ਤੋਂ ਲੈ ਕੇ ਕਿੱਤਾਕਾਰਾਂ ਤੱਕ ਅਤੇ ਟਰੇਡ ਯੂਨੀਅਨਾਂ ਤੋਂ ਲੈ ਕੇ ਜਨਤਾ ਵਿਮੁਕਤੀ ਪੈਰਾਮੁਨਾ ਤੱਕ ਇਹ ਸਪੱਸ਼ਟ ਸੰਕੇਤ ਦੇ ਰਹੇ ਹਨ ਕਿ ਉਹ ਰਾਨਿਲ ਵਿਕਰਮਸਿੰਘੇ ਨੂੰ ਰਾਸ਼ਟਰਪਤੀ ਵਜੋਂ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਅਨੁਸਾਰ ਉਹ ਪੁਰਾਣੀ ਸ਼ਾਸ਼ਨ ਵਿਵਸਥਾ ਦਾ ਹੀ ਇਕ ਮੋਹਰਾ ਹੈ। ਉਹ ਇਕ ਅਜਿਹਾ ਨਿਯੁਕਤ ਕੀਤਾ ਗਿਆ ਸੰਸਦ ਮੈਂਬਰ ਹੈ ਜਿਸਦਾ ਕੋਈ ਚੁਣਿਆ ਨੁਮਾਇੰਦਾ ਸੰਸਦ ਵਿਚ ਨਹੀਂ ਹੈ। ਉਸਨੂੰ ਕਾਰਕੁੰਨ ਇਕ ਅਜਿਹੇ ਵਿਅਕਤੀ ਵਜੋਂ ਦੇਖਦੇ ਹਨ, ਜਿਹੜਾ ਕਿ ਸਾਖ ਗੁਆ ਚੁੱਕੇ ਤੇ ਦੁਰਕਾਰੇ ਜਾ ਚੁੱਕੇ ਸਾਬਕਾ ਆਗੂਆਂ ਨੂੰ ਬਚਾਉਣ ਦਾ ਯਤਨ ਕਰੇਗਾ ਅਤੇ ਗੋਟਾਵਾਇਅ ਦੀ ਦੇਸ਼ ਵਾਪਸੀ ਲਈ ਵੀ ਯਤਨ ਕਰੇਗਾ।
ਗੋਟਾਵਾਇਆ ਦੇ ਅਸਤੀਫ਼ੇ ਤੋਂ ਬਾਅਦ ਲੋਕ ਵਾਪਸ ਘਰਾਂ ਨੂੰ ਨਹੀਂ ਪਰਤੇ ਸਨ। ਹੁਣ ਵਿਕਰਮਸਿੰਘੇ ਦੇ ਰਾਸ਼ਟਰਪਤੀ ਬਨਣ ਤੋਂ ਬਾਅਦ ਵੀ ਸੰਘਰਸ਼ ਦੇ ਮੁੱਖ ਸਥਾਨ, ਰਾਸ਼ਟਰਪਤੀ ਸਕਤਰੇਤ ਤੇ ਉਸਦੇ ਨੇੜੇ ਹੀ ਗਾਲਾ ਫੇਸ ਗ੍ਰੀਨ ਤੋਂ ਰੋਸ ਪ੍ਰਗਟ ਕਰ ਰਹੇ ਕਾਰਕੁੰਨ ਵਾਪਸ ਨਹੀਂ ਗਏ ਹਨ। ਉਨ੍ਹਾਂ ਦੀ ਪਹਿਲੀ ਮੁੱਖ ਮੰਗ ਸੀ ਗੋਟਾਵਾਇਆ ਰਾਜਪਕਸ਼ੇ ਅਸਤੀਫਾ ਦੇਵੇ ਅਤੇ ਦੂਜੀ ਵੱਡੀ ਮੰਗ ਸੀ ਕਿ ਰਾਨਿਲ ਵਿਕਰਮਸਿੰਘੇ ਅਸਤੀਫਾ ਦੇਣ। ਹੁਣ ਵਿਕਰਮਸਿੰਘੇ ਰਾਸ਼ਟਰਪਤੀ ਚੁਣੇ ਗਏ ਹਨ। ਸੰਸਦ ਨੇ ਇਹ ਫੈਸਲਾ ਲੋਕਾਂ ਦੀ ਇੱਛਾ ਦੇ ਵਿਰੁੱਧ ਜਾ ਕੇ ਕੀਤਾ ਹੈ। ਦੇਸ਼ ਦੇ ਲੋਕ ਉਨਾਂ ਦੀਆਂ ਇਛਾਵਾਂ ਨਾਲ ਤਾਲਮੇਲ ਬਿਠਾਉਣ ਵਾਲਾ ਜਮਹੂਰੀ ਪ੍ਰਬੰਧ ਚਾਹੰੁਦੇ ਹਨ। ਲੋਕੀਂ ਸਮਝਦੇ ਹਨ ਕਿ ਵਿਕਰਮਸਿੰਘੇ ਨੂੰ ਰਾਜਪਕਸ਼ੇ ਲਿਆਏ ਹਨ ਤਾਕਿ ਉਨ੍ਹਾਂ ਦੇ ਸਮੁੱਚੇ ਕੁਕਰਮਾਂ ’ਤੇ ਪਰਦਾ ਪਾਇਆ ਜਾ ਸਕੇ। ‘ਅਰਗਾਲਿਆ’ ਦੇ ਇਕ ਬੁਲਾਰੇ ਫਾਦਰ ਜੀਵੰਥਾ ਪੀਰੀਸ ਨੇ ਕਿਹਾ ‘‘ਉਹ (ਵਿਕਰਮਸਿੰਘੇ) ਲੋਕਾਂ ਦੀਆਂ ਇਛਾਵਾਂ ਦੇ ਵਿਰੁੱਧ ਚੁਣਿਆ ਗਿਆ ਹੈ। ਅਸੀਂ ਆਪਣੀ ਰੋਸ ਮੁਹਿੰਮ ਉਸ ਵੇਲੇ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਰਾਨਿਲ ਵਿਕਰਮਸਿੰਘੇ ਅਸਤੀਫਾ ਨਹੀਂ ਦਿੰਦਾ।’’ ਦੂਜੇ ਪਾਸੇ ਸਰਕਾਰ ਨੇ ਰੋਸ ਕਾਰਕੁੰਨਾਂ ਨੂੰ ਹਟਾਉਣ ਲਈ ਅਦਾਲਤਾਂ ਤੋਂ ਹੁਕਮ ਲੈਣੇ ਸ਼ੁਰੂ ਕਰ ਦਿੱਤੇ ਹਨ। ਕੋਲੰਬੋ ਫੋਰਟ ਦੇ ਮਜਿਸਟ੍ਰੇਟ ਨੇ ਗਾਲੇ ਫੇਸ ਵਿਖੇ ਸਥਿਤ ਬੰਦਾਰਨਾਇਕੇ ਦੇ ਬੁੱਤ ਦੇ 50 ਮੀਟਰ ਦੇ ਘੇਰੇ ਵਿਚ ਕਿਸੇ ਵੀ ਤਰ੍ਹਾਂ ਦੇ ਇਕੱਠ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਹ ਹੀ ਉਹ ਥਾਂ ਹੈ ਜਿੱਥੇ ਪੱਕਾ ਧਰਨਾ ਚਲ ਰਿਹਾ ਹੈ।
ਹਾਲ, ਫਿਲਹਾਲ ਸ਼੍ਰੀ ਲੰਕਾ ਵਿਚ ‘ਅਰਗਾਲਿਆ’ ਜਾਰੀ ਹੈ।

Scroll To Top