Now Reading
ਅਦਾਲਤ ’ਚ ਜੱਜ ਨਾਲ ਬਹਿਸ : 5.6.1940

ਅਦਾਲਤ ’ਚ ਜੱਜ ਨਾਲ ਬਹਿਸ : 5.6.1940

ਜਸਟਿਸ ਅੱਟਕਿਨਸਨ ਨੇ ਊਧਮ ਸਿੰਘ ਨੂੰ ਕਿਹਾ ਕਿ ‘‘ਉਹ ਦੱਸੇ ਕਿ ਉਹਨੂੰ ਸਜ਼ਾ ਕਿਉਂ ਨਾ ਦਿੱਤੀ ਜਾਏ।’’ ਜੱਜ ਵੱਲ ਮੂੰਹ ਕਰਕੇ ਉਹ ਲਲਕਾਰਿਆ, ‘‘ਮੈਂ ਕਹਿੰਦਾ ਹਾਂ, ਬਿ੍ਰਟਿਸ਼ ਸਾਮਰਾਜ ਮੁਰਦਾਬਾਦ’’। ਤੁਸੀਂ ਕਹਿੰਦੇ ਹੋ ਹਿੰਦੋਸਤਾਨ ’ਚ ਸ਼ਾਂਤੀ ਨਹੀਂ ਹੈ। ਤੁਸੀਂ ਤਾਂ ਸਾਡੇ ਪੱਲੇ ਗ਼ੁਲਾਮੀ ਹੀ ਪਾਈ ਹੈ। ਤੁਹਾਡੀ ਪੀੜ੍ਹੀ ਦਰ ਪੀੜ੍ਹੀ ਸਭਿਅਤਾ ਨੇ ਸਾਨੂੰ ਤਾਂ ਦੁਨੀਆਂ ਭਰ ਦੀ ਗੰਦਗੀ ਅਤੇ ਨੀਚਤਾ ਦੀ ਸੁਗਾਤ ਹੀ ਬਖਸ਼ੀ ਹੈ। ਤੁਹਾਨੂੰ ਸਿਰਫ ਆਪਣਾ ਪਿਛਲਾ ਇਤਿਹਾਸ ਪੜ੍ਹਨਾ ਚਾਹੀਦਾ ਹੈ; ਜੇ ਤੁਹਾਡੇ ਅੰਦਰ ਰੱਤੀ ਭਰ ਵੀ ਇਨਸਾਨੀਅਤ ਦਾ ਅੰਸ਼ ਬਚਿਐ ਤਾਂ ਤੁਹਾਨੂੰ ਸ਼ਰਮ ਨਾਲ ਡੁੱਬ ਮਰਨਾ ਚਾਹੀਦੈ। ਤੁਹਾਡੇ ਅਖੌਤੀ ਬੁੱਧੀਜੀਵੀ ਜੋ ਸਭਿਆਤਾ ਦੇ ਰਖਵਾਲੇ ਹੋਣ ਦੇ ਦਾਅਵੇਦਾਰ ਹਨ ਉਹ ਵੀ ਹਰਾਮੀ ਨੇ…। ’’
ਜੱਜ : ਮੈਂ ਤੇਰੀ ਸਿਆਸੀ ਤਕਰੀਰ ਨਹੀਂ ਸੁਣਨੀ, ਜੇ ਕੋਈ ਕੇਸ ਨਾਲ ਸੰਬੰਧਤ ਗੱਲ ਹੈ ਤਾਂ ਦੱਸ।
ਜਿਹੜੇ ਕਾਗਜਾਂ ਤੋਂ ਊਧਮ ਸਿੰਘ ਪੜ੍ਹ ਰਿਹਾ ਸੀ, ਉਹਨਾਂ ਨੂੰ ਹਵਾ ਵਿਚ ਲਹਿਰਾਉਂਦਿਆਂ ਉਹ ਬੋਲਿਆ, ‘‘ਮੈਂ ਇਹੋ ਕੁੱਝ ਕਹਿਣੈ, ਮੈਂ ਆਪਣਾ ਰੋਸ ਪ੍ਰਗਟ ਕਰਨਾ ਸੀ।’’
ਜੱਜ : ਕੀ ਇਹ ਅੰਗਰੇਜੀ ’ਚ ਹੈ?
ਊਧਮ ਸਿੰਘ : ਜੋ ਮੈਂ ਕਿਹੈ, ਉਹ ਤੁਸੀਂ ਸਮਝ ਹੀ ਲਵੋਗੇ।
ਕੁੱਝ ਬਹਿਸ ਮੁਬਾਹਸੇ ਪਿੱਛੋਂ ਊਧਮ ਸਿੰਘ ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਕਿਹਾ :
(ਜ਼ੋਰ ਨਾਲ) ‘‘ਮੈਂ ਮੌਤ ਦੀ ਸਜ਼ਾ ਤੋਂ ਨਹੀਂ ਡਰਦਾ, ਰੱਤੀ ਭਰ ਵੀ ਨਹੀਂ। ਮੈਨੂੰ ਮਰ ਜਾਣ ਦੀ ਕੋਈ ਪਰਵਾਹ ਨਹੀਂ। ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ।’’ (ਕਟਹਿਰੇ ਤੇ ਹੱਥ ਮਾਰਦਿਆਂ ਉਹ ਗਰਜਿਆ) ‘‘ਅਸੀਂ ਅੰਗਰੇਜ਼ਾਂ ਦੀ ਅਧੀਨਤਾ ਹੇਠ ਜੂਨ ਭੋਗ ਰਹੇ ਹਾਂ।’’ (ਫਿਰ ਠੰਡਾ ਹੋ ਕੇ) ਕਹਿਣ ਲੱਗਾ, ‘‘ਮੈਂ ਮਰਨ ਤੋਂ ਡਰਦਾ ਨਹੀਂ, ਸਗੋਂ ਮੈਨੂੰ ਤਾਂ ਇਸ ਤਰ੍ਹਾਂ ਮਰਨ ’ਤੇ ਮਾਨ ਹੈ ਕਿ ਮੈਂ ਆਪਣੀ ਮਾਤਰਭੂਮੀ ਨੂੰ ਆਜ਼ਾਦ ਕਰਾਉਣ ਲਈ ਮਰਾਂਗਾ। ਮੈਨੂੰ ਆਸ ਹੈ ਮੇਰੇ ਦੇਸ਼ਵਾਸ਼ੀ ਮੇਰੀ ਰਾਹ ’ਤੇ ਚੱਲ ਕੇ ਤੁਹਾਨੂੰ ਹਲਕੇ ਕੁਤਿਆਂ ਵਾਂਗ ਭਜਾਉਣਗੇ, ਤੇ ਮੇਰਾ ਦੇਸ਼ ਆਜ਼ਾਦ ਹੋ ਜਾਏਗਾ।’’
‘‘ਜਿੱਥੇ ਕਿਤੇ ਵੀ ਤੁਹਾਡੀ ਅਖੌਤੀ ਜਮਹੂਰੀਅਤ ਦਾ ਦਬਦਬਾ ਹੈ ਉਥੇ ਤੁਹਾਡੀਆਂ ਮਸ਼ੀਨ ਗੰਨਾਂ ਹਜ਼ਾਰਾਂ ਨਿਹੱਥੇ ਔਰਤਾਂ ਅਤੇ ਬੱਚਿਆਂ ਦਾ ਕਤਲੇਆਮ ਕਰਦੀਆਂ ਹਨ, ਇਹ ਨੇ ਤੁਹਾਡੀਆਂ ਕਰਤੂਤਾਂ!…. ਮੈਂ ਅੰਗਰੇਜ ਸਾਮਰਾਜ ਦੀ ਗੱਲ ਕਰ ਰਿਹਾਂ। ਮੇਰੀ ਅੰਗਰੇਜ਼ ਜਾਤੀ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਗੋਂ ਹਿੰਦੀਆਂ ਨਾਲੋਂ ਮੇਰੇ ਗੋਰੇ ਦੋਸਤ ਵਧੇਰੇ ਹਨ ਅਤੇ ਗੋਰੇ ਮਜ਼ਦੂਰਾਂ ਨਾਲ ਮੇਰੀ ਪੂਰੀ ਹਮਦਰਦੀ ਹੈ, ਮੈਂ ਤਾਂ ਸਿਰਫ ਅੰਗਰੇਜ਼ੀ ਸਾਮਰਾਜਵਾਦ ਦੇ ਖਿਲਾਫ਼ ਹਾਂ।’’
ਊਧਮ ਸਿੰਘ ਫਿਰ ਗੋਰੇ ਮਜ਼ਦੂਰਾਂ ਨੂੰ ਮੁਖਾਤਬ ਹੋ ਕੇ ਬੋਲਿਆ:
‘‘ਸਾਥੀਓ ਤੁਸੀਂ ਵੀ ਇਹਨਾਂ ਸਾਮਰਾਜੀ ਕੁਤਿਆਂ ਤੋਂ ਦੁੱਖ ਸਹਿੰਦੇ ਹੋ ਤੇ ਅਸੀਂ ਵੀ ਦੁਖੀ ਹਾਂ। ਇਹ ਸਭ ਪਾਗਲ ਹੈਵਾਨ ਹਨ। ਹਿੰਦੋਸਤਾਨ ਗੁਲਾਮ ਹੈ, ਓਥੇ ਸਾਮਰਾਜ ਨੇ ਹੀ ਮੌਤ, ਕੱਟ ਵੱਢ ਅਤੇ ਤਬਾਹੀ ਮਚਾਈ ਹੋਈ ਹੈ। ਵਲੈਤ ਵਿਚ ਇਸ ਬਾਰੇ ਕੋਈ ਪਤਾ ਨਹੀਂ ਲੱਗਦਾ, ਪਰ ਸਾਨੂੰ ਤਾਂ ਪਤਾ ਹੀ ਹੈ ਕਿ ਹਿੰਦੋਸਤਾਨ ਵਿਚ ਕੀ ਹੁੰਦਾ ਹੈ।’’
ਜੱਜ : ‘‘ਮੈਂ ਤੇਰੀ ਤਕਰੀਰ ਨੂੰ ਹੋਰ ਨਹੀਂ ਸੁਣਾਂਗਾ।’’
ਊਧਮ ਸਿੰਘ : ‘‘ਮੈਂ ਤੈਨੂੰ ਪੁੱਛਿਆ ਸੀ ਕਿ ਮੈਂ ਕੀ ਕਹਿਣਾ ਹੈ? ਹੁਣ ਮੈਂ ਉਹੀ ਕੁੱਝ ਹੀ ਕਹਿ ਰਿਹਾ ਹਾਂ। ਦਰਅਸਲ ਤੁਸੀਂ ਬੜੀ ਕਮੀਨੀ ਸੋਚ ਵਾਲੇ ਹੋ। ਤੁਸੀਂ ਹਿੰਦੋਸਤਾਨ ’ਚ ਕੀਤੇ ਕੁਕਰਮਾਂ ਬਾਰੇ ਮੈਥੋਂ ਸੁਣ ਹੀ ਨਹੀਂ ਸਕਦੇ।’’
ਊਧਮ ਸਿੰਘ ਨੇ ਹਿੰਦੀ ’ਚ ਤਿੰਨ ਨਾਅਰੇ ਮਾਰੇ ਤੇ ਫਿਰ ਲਲਕਾਰਿਆ, ‘‘ਸਾਮਰਾਜ ਮੁਰਦਾਬਾਦ..।’’

Scroll To Top