Now Reading
ਮੇਰੀ ਸੋਚ ਨੂੰ ਬਚਾਇਓ….

ਮੇਰੀ ਸੋਚ ਨੂੰ ਬਚਾਇਓ….

ਜਲ੍ਹਿਆਂ ਵਾਲਾ ਬਾਗ ਦੇ ਖੂਨੀ ਕਾਂਡ ਦੇ ਦੋਸ਼ੀ ਅੰਗਰੇਜ਼ ਅਧਿਕਾਰੀ ਨੂੰ ਮਾਰ ਕੇ ਬੇਦੋਸ਼ੇ ਭਾਰਤੀਆਂ ਦੇ ਕਤਲੇਆਮ ਦਾ ਲੰਦਨ ਜਾ ਕੇ ਬਦਲਾ ਲੈਣ ਦੇ ਸ਼ਹੀਦ ਊਧਮ ਸਿੰਘ ਸੁਨਾਮ ਦੇ ਅਣਖੀ ਕਾਰਨਾਮੇ ਤੋਂ ਤਾਂ ਬਹੁਤੇ ਦੇਸ਼ ਵਾਸੀ ਜਾਣੂੰ ਹਨ। ਐਪਰ ਇਹ ਇੱਕ ਦੁਖਾਂਤ ਹੀ ਹੈ ਕਿ ਮਾਪਿਆਂ ਵੱਲੋਂ ਰੱਖਿਆ ਨਾਂ ਬਦਲ ਕੇ ਆਪਣੇ ਆਪ ਨੂੰ ‘ਮੁਹੰਮਦ ਸਿੰਘ ਆਜ਼ਾਦ’ ਕਹਿਣ ਵਾਲੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਇਸ ਲਾਸਾਨੀ ਸ਼ਹੀਦ ਦੀ ਵਿਚਾਰਧਾਰਾ ਬਾਰੇ ਨਾ ਕੇਵਲ ਭਾਰਤੀ ਲੋਕਾਈ, ਬਲਕਿ ਪੰਜਾਬੀਆਂ ਦੀ ਬਹੁ ਗਿਣਤੀ ਵੀ ਤਕਰੀਬਨ ਅਣਜਾਣ ਹੀ ਹੈ। ਲਗਭਗ ਇਹੋ ਹਾਲ ਉਹਨਾਂ ਦੇ ਜੀਵਨ ਨਾਲ ਸਬੰਧਤ ਮਹੱਤਵਪੂਰਨ ਘਟਨਾਵਾਂ ਬਾਰੇ ਲੋਕਾਂ ਦੀ ਜਾਣਕਾਰੀ ਦਾ ਵੀ ਹੈ। ਮਾਨਵਤਾ ਦੀ ਲੁੱਟ-ਚੋਂਘ ਅਤੇ ਵਿਤਕਰਿਆਂ ਤੋਂ ਬੰਦ ਖਲਾਸੀ ਦੀ ਕ੍ਰਾਂਤੀਕਾਰੀ ਸੋਚ ਦੇ ਧਾਰਨੀ, ਇਸ ਮਹਾਨ ਯੋਧੇ ਬਾਰੇ ਅਕਸਰ ਹੀ ਪਰੀ ਕਥਾਵਾਂ ਵਰਗੀਆਂ ਕਾਲਪਨਿਕ ਗੱਲਾਂ ਸੁਨਣ ਨੂੰ ਮਿਲਦੀਆਂ ਹਨ। ਆਮ ਗੱਲਬਾਤ ’ਚ ਉਨ੍ਹਾਂ ਦਾ ਜਿਕਰ ਮਾਈਕਲ ਓਡਵਾਇਰ ਨੂੰ ਫੁੰਡ ਕੇ ਜਲ੍ਹਿਆਂ ਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਦੇ ਦਲੇਰਾਨਾ ਕਾਰਨਾਮੇ ਤੋਂ ਸ਼ੁਰੂ ਕਰਕੇ ਇਸੇ ਘਟਨਾ ਦੇ ਜਿਕਰ ਨਾਲ ਹੀ ਮੁਕਾ ਦਿੱਤਾ ਜਾਂਦਾ ਹੈ। ਇੰਜ ਉਨ੍ਹਾਂ ਨੂੰ ਬੇਇੰਤਹਾ ਪਿਆਰ ਕਰਨ ਵਾਲੇ ਆਮ ਲੋਕ ਵੀ ਭੋਲੇ ਭਾਅ ਹੀ ਉਨ੍ਹਾਂ ਦਾ ਅਕਸ ਇੱਕ ਵਿਚਾਰਵਾਨ ਇਨਕਲਾਬੀ ਦੀ ਬਜਾਇ ਕਬੀਲਾਈ ਬਦਲਾਖੋਰ ਤੱਕ ਮਹਿਦੂਦ ਕਰ ਬੈਠਦੇ ਹਨ। ਸਾਡੇ ਜਾਚੇ, ਸ਼ਹੀਦ ਊਧਮ ਸਿੰਘ ‘ਕੌਮਾਂਤਰੀਵਾਦੀ ਸੋਚ ਵਾਲਾ ਕੌਮੀ ਪਰਵਾਨਾ’ ਸੀ ਜਿਸ ਨੂੰ ਸੰਸਾਰ ਭਰ ਦੇ ਥੁੜਾਂ ਮਾਰੇ ਮਨੁੱਖਾਂ ਨਾਲ ਬੇਹਦ ਮੁਹੱਬਤ ਸੀ ਅਤੇ ਲੋਟੂਆਂ ਨਾਲ ਸਖ਼ਤ ਨਫਰਤ। ਹਥਲੇ ਲੇਖ ’ਚ ਅਸੀਂ ਸੁਹਿਰਦ ਤੇ ਸੰਜ਼ੀਦਾ ਪਾਠਕਾਂ ਨਾਲ ਉਕਤ ਦੋਹਾਂ ਪੱਖਾਂ ’ਤੇ ਰੋਸ਼ਨੀ ਪਾਉਣ ਦੀ ਮੰਸ਼ਾ ਨਾਲ ਸੰਵਾਦ ਰਚਾਉਣ ਦਾ ਉਪਰਾਲਾ ਕਰਾਂਗੇ।
ਆਪਣੇ ਅਕੀਦੇ ਲਈ ਪੂਰਾ ਜੀਵਨ ਅਰਪਣ ਕਰ ਦੇਣ ਦੀ ਮਿਸਾਲ ਕਾਇਮ ਕਰਨ ਵਾਲੇ ਇਸ ਜੰਗਜੂ ਦਾ ਜਨਮ 26 ਦਸੰਬਰ 1899 ਨੂੰ ਸੁਨਾਮ, ਸੰਗਰੂਰ ਵਿਖੇ ਪਿਤਾ ਟਹਿਲ ਸਿੰਘ ਦੇ ਘਰ ਮਾਤਾ ਨਰੈਣੀ ਦੀ ਕੁੱਖੋਂ ਹੋਇਆ ਸੀ। ਸਾਮਰਾਜੀ ਜਰਵਾਣਿਆਂ ਦੀ ਬਸਤੀਵਾਦੀ ਹੁਕੂਮਤ ਦੀ ਰਾਖੀ ਲਈ ਸਿਰਜੀ ਗਈ ਅਦਾਲਤ ਦੇ ਪੱਖਪਾਤੀ ਫੈਸਲੇ ਤਹਿਤ ਆਪ ਜੀ ਨੂੰ 31 ਜੁਲਾਈ 1940 ਨੂੰ ਲੰਦਨ (ਬਿ੍ਰਟੇਨ) ਦੀ ਪੈਟੋਨਵਿਲੇ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਆਪ ਜੀ ਦੀਆਂ ਅਸਥੀਆਂ 34 ਸਾਲਾਂ ਪਿੱਛੋਂ, ਜੁਲਾਈ 1974 ’ਚ ਭਾਰਤ ਲਿਆਂਦੀਆਂ ਗਈਆਂ ਸਨ। ਅੱਜ ਕਲ੍ਹ ਆਪ ਦੀ ਜਨਮ ਭੂਮੀ ਸੁਨਾਮ ਨੂੰ ‘ਸੁਨਾਮ ਊਧਮ ਸਿੰਘ ਵਾਲਾ’ ਵਜੋਂ ਜਾਣਿਆ ਜਾਂਦਾ ਹੈ।
ਆਪ ਜੀ ਤੋਂ ਥੋੜ੍ਹੇ ਵੱਡੇ ਆਪ ਦੇ ਭਰਾਤਾ ਦਾ ਨਾਂ ਸਾਧੂ ਸਿੰਘ ਸੀ। ਆਪ ਕੇਵਲ ਤਿੰਨ ਸਾਲ ਦੇ ਸਨ, ਜਦੋਂ ਆਪ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ। ਉੱਪਲੀ ਦੇ ਰੇਲਵੇ ਫਾਟਕ ’ਤੇ ਗੇਟਮੈਨ ਵਜੋਂ ਤਾਇਨਾਤ ਪਿਤਾ ਹਾਲਾਤ ਹੱਥੋਂ ਮਜ਼ਬੂਰ ਹੋਕੇ ਨੌਕਰੀ ਛੱਡ ਬੱਚਿਆਂ ਦੇ ਉੱਚਿਤ ਪਾਲਣ ਪੋਸ਼ਣ ਦੀ ਮੰਸ਼ਾਂ ਨਾਲ ਦੋਹਾਂ ਭਰਾਵਾਂ ਨੂੰ ਨਾਲ ਲੈ ਕੇ ਭਾਈ ਛਾਂਗਾ ਸਿੰਘ ਦੇ ਕੀਰਤਨੀ ਜੱਥੇ ਦੇ ਮੈਂਬਰ ਚੈਂਚਲ ਸਿੰਘ ਕੋਲ ਸ਼੍ਰੀ ਅੰਮਿ੍ਰਤਸਰ ਸਾਹਿਬ ਆ ਗਏ। ਊਧਮ ਸਿੰਘ ਜਦੋਂ 9 ਸਾਲ ਦੇ ਹੋਏ ਤਾਂ ਉਨ੍ਹਾਂ ਦੇ ਪਿਤਾ ਟਹਿਲ ਸਿੰਘ ਵੀ ਚੱਲ ਵਸੇ ਅਤੇ ਦੋਹੇਂ ਭਰਾ ਅਨਾਥ ਹੋ ਗਏ। ਹਾਲਾਤ ਦੀ ਸਿਤਮ ਜਰੀਫੀ ਦੇਖੋ ਕਿ ਪਿਤਾ ਦੀ ਮੌਤ ਦੇ ਪੰਜ ਕੁ ਸਾਲਾਂ ਬਾਅਦ ਉਨ੍ਹਾਂ ਦੇ ਭਰਾਤਾ ਸਾਧੂ ਸਿੰਘ ਵੀ ਸਦਾ ਦੀ ਨੀਂਦਰ ਸੌਂ ਗਏ।
ਇੰਜ ਰੁਲ-ਖੁਲ ਕੇ ਹੋਈ ਪਰਵਰਿਸ਼ ਸਦਕਾ ਉਨ੍ਹਾਂ ਦੇ ਮਨ ’ਚ ਗੁਰਬਤ ਅਤੇ ਕਾਣੀ ਵੰਡ ਖਿਲਾਫ਼ ਘਿਰਣਾ ਪੈਦਾ ਹੋ ਗਈ। ਬਰਤਾਨਵੀ ਸਾਮਰਾਜ ਦੀ ਗੁਲਾਮੀ ਤੋਂ ਮੁਕਤੀ ਲਈ ਸ਼ਿੱਦਤ ਨਾਲ ਚੱਲ ਰਹੇ ਸੁਤੰਤਰਤਾ ਸੰਗਰਾਮ ਨਾਲ ਜੁੜੀਆਂ ਸਰਗਰਮੀਆਂ ਨੇ ਬਾਕੀ ਨੌਜਵਾਨਾਂ ਵਾਂਗ ਉਨ੍ਹਾਂ ਦੀ ਸੋਚ ਨੂੰ ਵੀ ਪ੍ਰਭਾਵਿਤ ਕੀਤਾ।
13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲਾ ਬਾਗ਼ ਸ਼੍ਰੀ ਅੰਮਿ੍ਰਤਸਰ ਸਾਹਿਬ ਵਿਖੇ ਆਪਣੇ ਮਹਿਬੂਬ ਆਗੂਆਂ ਦੀ ਰਿਹਾਈ ਲਈ ਜਲਸੇ ’ਚ ਇਕੱਤਰ ਹੋਏ ਭਾਰਤੀਆਂ ਨੂੰ ਗਿਣ-ਮਿਥ ਕੇ ਗੋਲੀਆਂ ਨਾਲ ਫੁੰਡ ਦੇਣ ਦੀ ਸਾਮਰਾਜੀਆਂ ਦੀ ਕਰਤੂਤ ਨੇ ਉਨ੍ਹਾਂ ਨੂੰ ਸਦਾ-ਸਦਾ ਲਈ ਬਿ੍ਰਟਿਸ਼ ਸਾਮਰਾਜੀਆਂ ਤੋਂ ਮੁਕਤੀ ਦੀ ਕੌਮੀ ਜੱਦੋਜਹਿਦ ਦੇ ਯੋਧੇ ’ਚ ਤਬਦੀਲ ਕਰ ਦਿੱਤਾ।
ਅਦਾਲਤੀ ਰਿਕਾਰਡ ਅਤੇ ਖੁਫੀਆ ਅਧਿਕਾਰੀਆਂ ਦੀਆਂ ਰੀਪੋਰਟਾਂ ਇਸ ਗੱਲ ਦੀ ਤਸਦੀਕ ਕਰਦੀਆਂ ਹਨ ਕਿ ਊਧਮ ਸਿੰਘ ਵਿਦੇਸ਼ ਰਹਿੰਦਿਆਂ 1924 ’ਚ ਗ਼ਦਰ ਪਾਰਟੀ ਦੀਆਂ ਸਰਗਰਮੀਆਂ ’ਚ ਸ਼ਾਮਲ ਰਹੇ ਸਨ।
ਇਸ ਦੀ ਪੁਸ਼ਟੀ ਇਸ ਤੱਥ ਤੋਂ ਵੀ ਹੁੰਦੀ ਹੈ ਕਿ ਜਦੋਂ ਉਹ 27 ਜੁਲਾਈ 1927 ਨੂੰ ਉਹ ਭਾਰਤ ਪਰਤੇ ਤਾਂ ਉਨ੍ਹਾਂ ਕੋਲੋਂ ਗੋਲੀ-ਸਿੱਕੇ ਸਮੇਤ ਰਿਵਾਲਵਰ, ਪਿਸਤੌਲ ਅਤੇ ‘ਗਦਰ ਦੀ ਗੂੰਜ’ ਅਖ਼ਬਾਰ ਦੀਆਂ ਕੁੱਝ ਕਾਪੀਆਂ ਬਰਾਮਦ ਹੋਈਆਂ ਸਨ। ਉਨ੍ਹਾਂ ਖਿਲਾਫ਼ ਆਰਮਜ਼ ਐਕਟ ਦੀ ਧਾਰਾ 20 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਅਤੇ ਪੰਜ ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜਾ ਸੁਣਾਈ ਗਈ। ਮੁਕੱਦਮੇ ਨਾਲ ਸੰਬੰਧਤ ਐਫ.ਆਈ.ਆਰ. ਵਿਚ ਇਹ ਦਰਜ਼ ਹੈ ਕਿ ‘ਊਧਮ ਸਿੰਘ ਗੋਰਿਆਂ ਨੂੰ ਮਾਰਨਾ ਚਾਹੁੰਦਾ ਹੈ ਅਤੇ ਬਾਲਸ਼ਵਿਕਾਂ ਦਾ ਹਮਾਇਤੀ ਹੈ। ਇਸ ਦਾ ਨਿਸ਼ਾਨਾ ਹਿੰਦ ਨੂੰ ਵਿਦੇਸ਼ੀ ਰਾਜ ਤੋਂ ਮੁਕਤ ਕਰਵਾਉਣਾ ਹੈ।’ ਆਪ 23 ਅਕਤੂਬਰ 1931 ਨੂੰ ਜੇਲ੍ਹ ਚੋਂ ਰਿਹਾਅ ਹੋਏ।
ਜਿਵੇਂ ਇਸ ਗੱਲ ਦੇ ਕੋਈ ਪੁਖਤਾ ਸਬੂਤ ਨਹੀਂ ਕਿ ਜਲ੍ਹਿਆਂ ਵਾਲਾ ਬਾਗ਼ ਦਾ ਕਹਿਰ ਵਰਤਾਏ ਜਾਣ ਸਮੇਂ ਊਧਮ ਸਿੰਘ ਭਾਰਤ ਵਿੱਚ ਮੌਜੂਦ ਸਨ ਉਵੇਂ ਹੀ ਇਸ ਗੱਲ ਦੇ ਵੀ ਪੱਕੇ ਸਬੂਤ ਨਹੀਂ ਹਨ ਕਿ ਉਨ੍ਹਾਂ ਦੀ ਸ਼ਹੀਦ ਇ ਆਜਮ ਭਗਤ ਸਿੰਘ ਨਾਲ ਕਦੀ ਮੁਲਾਕਾਤ ਹੋਈ ਸੀ ਜਾਂ ਨਹੀਂ। ਪਰ ਇਹ ਗੱਲ ਪੱਕੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਉਹ ਸ਼ਹੀਦ-ਇ-ਆਜ਼ਮ ਦੀ ਸ਼ਖਸੀਅਤ, ਵਿਚਾਰਧਾਰਾ, ਕਾਰਨਾਮਿਆਂ ਅਤੇ ਉਨ੍ਹਾਂ ਦੀ ਪਿਆਰੀ ਜੱਥੇਬੰਦੀ ਐਚ.ਐਸ.ਆਰ.ਏ. ਦੇ ਪ੍ਰੋਗਰਾਮ ਤੋਂ ਬਹੁਤ ਪ੍ਰਭਾਵਿਤ ਸਨ। ਮਾਈਕਲ ਓਡਵਾਇਰ ਦੇ ਕਤਲ ਵੇਲੇ ਅਤੇ ਪਿੱਛੋਂ ਅਦਾਲਤ ’ਚ ਜਿਸ ਸ਼ਾਨ ਅਤੇ ਦਲੇਰੀ ਨਾਲ ਉਨ੍ਹਾਂ ਆਪਣਾ ਜ਼ੁਰਮ ਕਬੂਲ ਕੀਤਾ ਉਸ ਤੋਂ ਸ਼ਹੀਦ-ਏ-ਆਜ਼ਮ ਦੇ ਅਦਾਲਤੀ ਬਿਆਨ ਦੀ ਸਪਸ਼ਟ ਝਲਕ ਦਿਸਦੀ ਹੈ। ਆਪਣੇ ਬਿਆਨ ਵਿੱਚ ਇਹ ਕਹਿਣਾ ਕਿ, “ਮੇਰੀ ਦੁਸ਼ਮਣੀ ਅੰਗਰੇਜ਼ ਕੌਮ ਨਾਲ ਨਹੀਂ ਬਲਕਿ ਬਿ੍ਰਟਿਸ਼ ਸਾਮਰਾਜ ਨਾਲ ਹੈ’’, ‘ਮੁਹੰਮਦ ਸਿੰਘ ਆਜ਼ਾਦ’ ਦੀ ਵਿਸ਼ਾਲ ਮਾਨਵਤਾਵਾਦੀ ਸੋਚ ਦਾ ਸਾਰ ਤੱਤ ਹੈ। ਆਪਣੇ ਬਿਆਨ ਵਿੱਚ ਉਨ੍ਹਾਂ ਬਰਤਾਨਵੀ ਮਜਦੂਰਾਂ ਨਾਲ ਵੀ ਯਕਜਹਿਤੀ ਪ੍ਰਗਟਾਈ ਅਤੇ ਸੱਦਾ ਦਿੱਤਾ ਕਿ ਆਉ ਸਾਰੇ ਰਲ ਕੇ ਬਸਤੀਵਾਦੀ ਗੁਲਾਮੀ ਅਤੇ ਪੂੰਜੀਵਾਦੀ ਲੁੱਟ ਦਾ ਫਸਤਾ ਵੱਢੀਏ। ਵੱਖੋ-ਵੱਖ ਸ੍ਰੋਤ ਇਸ ਤੱਥ ਵੱਲ ਇਸ਼ਾਰਾ ਕਰਦੇ ਹਨ ਕਿ ਉਹ ਐਚਐਸਆਰਏ, ਗ਼ਦਰ ਪਾਰਟੀ ਅਤੇ ਇੰਡੀਅਨ ਵਰਕਰਜ ਐਸੋਸੀਏਸ਼ਨ ਨਾਲ ਜੁੜੇ ਹੋਏ ਸਨ।
ਗ੍ਰਹਿ ਵਿਭਾਗ ਦੀ ਰਿਪੋਰਟ ਅਨੁਸਾਰ ਸ਼ਹੀਦ ਨੇ ਡੇਢ ਸਾਲ ਬਸਰੇ ਅਤੇ 2 ਸਾਲ ਪੂਰਬੀ ਅਫਰੀਕਾ ਵਿਚ ਫੌਜ ਦੀ ਨੌਕਰੀ ਕੀਤੀ। ਇੱਥੋਂ ਉਹ ਪਹਿਲਾਂ ਲੰਦਨ ਅਤੇ ਫਿਰ ਮੈਕਸੀਕੋ ਰਾਹੀਂ ਅਮਰੀਕਾ ਚਲੇ ਗਏ। ਕੈਲੀਫੋਰਨੀਆ, ਡੈਟਰਾਈਟ ਅਤੇ ਸ਼ਿਕਾਗੋ ਵਿਖੇ ਢਾਈ-ਤਿੰਨ ਸਾਲ ਕੰਮ ਕਰਨ ਪਿਛੋਂ ਪੂਰਬੀ ਨਿਊਯਾਰਕ ਚਲੇ ਗਏ। ਅਮਰੀਕਾ ਵਿਖੇ ਰਹਿਣ ਸਮੇਂ ਆਪ ਗ਼ਦਰ ਪਾਰਟੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਗਏ ਸਨ।
ਨਿਊਯਾਰਕ ਤੋਂ ਫਰਾਂਸ, ਬੈਲਜੀਅਮ, ਜਰਮਨੀ ਹੁੰਦੇ ਹੋਏ ਲਿਥੁਆਨੀਆ ਦੇ ਸ਼ਹਿਰ ਵਿਲਨਾ ਪੁੱਜੇ। ਹੰਗਰੀ, ਪੋਲੈਂਡ, ਸਵਿਟਜ਼ਰਲੈਂਡ, ਇਟਲੀ ਆਦਿ ਵਿਖੇ ਵੀ ਗਏ। ਸੋਵੀਅਤ ਰੂਸ ਵੀ ਗਏ। ਉਹ 25 ਜੂਨ 1936 ਨੂੰ ਲੈਨਿਨਗਰਾਦ ਤੋਂ ਲੰਦਨ ਪੁੱਜੇ ਸਨ। ਫਿਰ ਆਪਣੀ ਸ਼ਹਾਦਤ ਵਾਲੇ ਦਿਨ 31 ਜੁਲਾਈ 1940 ਤੱਕ ਉਹ ਇੱਥੇ ਹੀ ਰਹੇ।
13 ਮਾਰਚ 1940 ਨੂੰ ਉਨ੍ਹਾਂ ਲੰਦਨ ਸ਼ਹਿਰ ਦੇ ਕੈਕਸਟਨ ਹਾਲ ਵਿੱਚ, ‘ਈਸਟ ਐਸੋਸੀਏਸ਼ਨ’ ਅਤੇ ‘ਸੈਂਟਰਲ ਏਸ਼ੀਆਈ ਸੁਸਾਇਟੀ’ ਦੀ ਇਕੱਤਰਤਾ ਵਿਖੇ ਭਾਸ਼ਣ ਕਰ ਰਹੇ ਮਾਈਕਲ ਓਡਵਾਇਰ ਨੂੰ ਮਾਰ ਮਕਾਉਣ ਦੇ ਜਗਤ ਪ੍ਰਸਿੱਧ ਕਾਰਨਾਮੇ ਨੂੰ ਸਰ ਅੰਜਾਮ ਦਿੱਤਾ ਅਤੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। 14 ਮਾਰਚ 1940 ਨੂੰ ਉਨ੍ਹਾਂ ਪੁਲਸ ਕੋਲ ਆਪਣਾ ਬਿਆਨ ਦਰਜ ਕਰਵਾਇਆ ਅਤੇ 5 ਜੂਨ 1940 ਨੂੰ ਜੱਜ ਨਾਲ ਬਹਿਸ ਹੋਈ।
ਵਿਭਾਗੀ ਫਾਈਲਾਂ ਵਿਚ ਉਨ੍ਹਾਂ ਦੇ ਨਾਂ ਸ਼ੇਰ ਸਿੰਘ, ਊਧਮ ਸਿੰਘ, ਉਦੈ ਸਿੰਘ, ਫਰੈਂਕ ਬਰਾਜ਼ਿਲ ਆਦਿ ਲਿਖੇ ਹੋਏ ਮਿਲਦੇ ਹਨ। ਜਿਕਰਯੋਗ ਹੈ ਕਿ ਆਪਣੇ-ਆਪ ਨੂੰ ਪੈਟਰੋਕਿਨ ਦੱਸ ਕੇ ਉਨ੍ਹਾਂ ਫਰੈਂਕ ਬਰਾਜ਼ਿਲ ਦੇ ਨਾਂ ਹੇਠ ਉਨ੍ਹਾਂ ਆਪਣਾ ਜਹਾਜੀ ਦਾ ਪ੍ਰਮਾਣ ਪੱਤਰ ਵੀ ਬਣਾਇਆ ਹੋਇਆ ਸੀ। ਉਨ੍ਹਾਂ ਦੇ ਨਾਂ 20 ਮਾਰਚ, 1933 ਨੂੰ ਲਾਹੌਰ ਤੋਂ ਜਾਰੀ ਹੋਏ ਪਾਸਪੋਰਟ ਦਾ ਨੰਬਰ 52753 ਸੀ। ਸੂਤਰ ਦੱਸਦੇ ਹਨ ਕਿ 1927 ’ਚ ਭਾਰਤ ਪਰਤਣ ਤੋਂ ਪਹਿਲਾਂ ਉਹ ਤਕਰੀਬਨ 8-9 ਸਾਲ ਵਿਦੇਸ਼ਾਂ ਵਿੱਚ ਰਹੇ ਸਨ ਅਤੇ ਭਾਰਤ ਕਿਸੇ ਮਿਸ਼ਨ ਤਹਿਤ ਪਰਤੇ ਸਨ। 1933 ਤੋਂ ਪਿਛੋਂ ਸ਼ਹਾਦਤ ਤਕ ਫਿਰ ਉਨ੍ਹਾਂ ਨੇ ਤਕਰੀਬਨ ਸਾਰਾ ਸੰਸਾਰ ਗਾਹ ਮਾਰਿਆ। ਉਨ੍ਹਾਂ ਨੂੰ ਵਿਸ਼ਾਲ ਹਿਰਦੇ ਅਤੇ ਬੁਲੰਦ ਸੋਚ ਦਾ ਮਾਲਕ ਬਨਾਉਣ ਵਿਚ ਸ਼ਾਇਦ ਇਨ੍ਹਾਂ ਯਾਤਰਾਵਾਂ ਨੇ ਵੀ ਚੋਖਾ ਯੋਗਦਾਨ ਪਾਇਆ ਹੋਵੇ।
ਉਨ੍ਹਾਂ ਦੇ ਜੀਵਨ ਕਾਲ ਬਾਰੇ ਸਭ ਤੋਂ ਪੁਖਤਾ ਜਾਣਕਾਰੀ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਦੀਆਂ ਗੁਪਤ ਰਿਪੋਰਟਾਂ ਤੋਂ ਮਿਲਦੀ ਹੈ। ਇਨ੍ਹਾਂ ਰਿਪੋਰਟਾਂ ’ਚ ਇਹ ਦਰਜ ਹੈ ਕਿ ਗ਼ਦਰ ਪਾਰਟੀ ਨੇ ਸ਼ਹੀਦ ਊਧਮ ਸਿੰਘ ਦੇ ਮੁਕੱਦਮੇ ਦੀ ਡੱਟਵੀਂ ਪੈਰਵੀ ਕੀਤੀ। ਸਬੂਤ ਵਜੋਂ ਹੁਸ਼ਿਆਰਪੁਰ ਜਿਲ੍ਹੇ ਦੇ ਮਾਹਲਪੁਰ ਤੋਂ 1911 ’ਚ ਅਮਰੀਕਾ ਜਾ ਵਸੇ ਸਟਾਕਟਨ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਸਕੱਤਰ ਅਜਮੇਰ ਸਿੰਘ ਦੀਆਂ ਚਿੱਠੀਆਂ ਅਤੇ ਉਸ ਵੱਲੋਂ ਮੁਕੱਦਮੇ ਦੇ ਖਰਚ ਲਈ ਭੇਜੀ ਗਈ ਰਕਮ ਦਾ ਹਵਾਲਾ ਦਿੱਤਾ ਗਿਆ ਹੈ। ਰਿਪੋਰਟ ਇਹ ਵੀ ਪੱਕ ਨਾਲ ਕਹਿੰਦੀ ਹੈ ਕਿ ਅਜਮੇਰ ਸਿੰਘ ਗ਼ਦਰ ਪਾਰਟੀ ਦਾ ਰੁਕਨ ਸੀ।
ਅੱਜ ਸਵਾਰਥੀ ਹਲਕੇ ਅਤੇ ਹਕੂਮਤੀ ਦੁਮਛੱਲੇ ਸ਼ਹੀਦ ਨੂੰ ਕਦੀ ਸਿੱਖ, ਕਦੀ ਕੰਬੋਜ ਆਦਿ ਦੱਸ ਕੇ ਜਾਤੀ-ਧਰਮ ਅਤੇ ਭਾਸ਼ਾਈ ਤੇ ਇਲਾਕਾਈ ਵਲਗਣਾਂ ’ਚ ਕੈਦ ਕਰਨਾ ਚਾਹੁੰਦੇ ਹਨ।
ਹਾਕਮ ਜਮਾਤਾਂ ਵੀ ਉਹਨਾਂ ਦੀ ਮਾਨਵ ਹਿਤੈਸ਼ੀ ਵਿਚਾਰਧਾਰਾ ਦੀ ਪਰਦਾਪੋਸ਼ੀ ਲਈ ਪੂਰਾ ਟਿੱਲ ਲਾ ਰਹੀਆਂ ਹਨ। ਭਾਰਤੀ ਆਵਾਮ, ਖਾਸ ਕਰਕੇ ਨੌਜਵਾਨੀ ਨੂੰ ਇਹ ਉਚੇਚਾ ਯਾਦ ਰੱਖਣ ਦੀ ਲੋੜ ਹੈ ਕਿ ਸ਼ਹੀਦ ਨੇ ਆਪਣਾ ਨਾਂ ਰੱਖਣ ਵੇਲੇ ਹੀ ਇਹ ਸ਼ਕਤੀਸ਼ਾਲੀ ਸੰਦੇਸ਼ ਦੇ ਦਿੱਤਾ ਸੀ ਕਿ ਧਰਮਾਂ, ਜਾਤਾਂ-ਗੋਤਾਂ, ਭਾਸ਼ਾਵਾਂ, ਖਿੱਤਿਆਂ ਦੇ ਫਜੂਲ ਵਖਰੇਵੇਂ ਭੁਲਾ ਕੇ ਸਾਰੀ ਮਾਨਵ ਜਾਤੀ ਏਕਤਾ ਦੇ ਸੂਤਰ ਵਿਚ ਪਰੋਈ ਜਾਣੀ ਚਾਹੀਦੀ ਹੈ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਊਧਮ ਸਿੰਘ ਦਾ ਕਾਰਨਾਮਾ ਮਹਾਨ ਹੈ, ਪਰ ਅਸਲ ਨੁਕਤਾ ਇਹ ਹੈ ਕਿ ਵੱਡੇ ਕਾਰਨਾਮੇ ਵੱਡੀ ਸੋਚ ਦੀ ਪੈਦਾਇਸ਼ ਹੁੰਦੇ ਹਨ। ਲੋਟੂ ਵਰਗ ਕਾਰਨਾਮਿਆਂ ਦੀ ਵਡਿਆਈ ਤਾਂ ਸਹਿਣ ਕਰ ਸਕਦੇ ਹਨ ਪਰ ਸ਼ਹੀਦਾਂ ਦੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਦੰਤ ਨਹੀਂ ਹੋਣ ਦੇਣਾ ਚਾਹੁੰਦੇ। ਲੋਟੂਆਂ ਨੇ ਜਿਵੇਂ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਲੋਕਾਂ ਨੂੰ ਦੂਰ ਰੱਖਣ ਦੀ ਪੂਰੀ ਵਾਹ ਲਾਈ ਉਵੇਂ ਹੀ ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਤੋਂ ਵੀ ਲੋਕਾਂ ਨੂੰ ਨਿਖੇੜ ਕੇ ਰੱਖਣ ’ਚ ਕੋਈ ਕਸਰ ਨਹੀਂ ਛੱਡੀ।
ਸ਼ਹੀਦਾਂ ਦੇ ਸੋਚ ਦੇ ਵਾਰਿਸਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਲੋਕਾਈ ਨੂੰ ਇਸ ‘ਚਾਨਣ ਦੇ ਫ਼ਲਸਫ਼ੇ’ ਨਾਲ ਜੋੜਨ ਦੇ ਬੱਝਵੇਂ, ਸੁਹਿਰਦ ਉਪਰਾਲੇ ਕਰਨ।
ਸ਼੍ਰੋਤ :
(1) ਵਿਕੀ ਪੀਡੀਆ
(2) ਮਲਵਿੰਦਰ ਸਿੰਘ ਵੜੈਚ ਹੁਰਾਂ ਦਾ ਖੋਜ ਪੱਤਰ

Scroll To Top