
ਪਰਗਟ ਸਿੰਘ ਜਾਮਾਰਾਏ
ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਲੇ ਕਨੂੰਨਾਂ ਖਿਲਾਫ ਪੰਜਾਬ ਤੋਂ ਸ਼ੁਰੂ ਹੋ ਕੇ ਦਿੱਲੀ ਦੇ ਬਾਰਡਰਾਂ ’ਤੇ ਸਾਲ ਭਰ ਤੋਂ ਵੱਧ ਲੜੇ ਸੰਘਰਸ਼ ਨੇ ਇਤਿਹਾਸਕ ਜਿੱਤ ਦਰਜ ਕੀਤੀ। ਇਹ ਯਾਦ ਰੱਖਣ ਯੋਗ ਹੈ ਕਿ ਇਸ ਅੰਦੋਲਨ ਵਿੱਚ ਪੰਜਾਬ ਦੇ ਲੋਕਾਂ ਨੇ ਤਨ-ਮਨ-ਧਨ ਨਾਲ ਵਿਚਾਰਾਂ ਦੇ ਵੱਖਰੇਵੇਂ ਪਾਸੇ ਛੱਡ ਇੱਕਸੁਰ ਹੋ ਕੇ ਯੋਗਦਾਨ ਪਾਇਆ। ਹਰਿਆਣਾ ਦੇ ਲੋਕਾਂ ਨੇ ਭਰਾਵਾਂ ਵਾਲੀ ਗੱਲਵਕੜੀ ਪਾਉਂਦਿਆਂ ਭਾਈਚਾਰਕ ਏਕਤਾ ਸਿਰਜਦਿਆਂ ਅੰਦੋਲਨ ਨੂੰ ਪੱਕੇ ਪੈਰੀਂ ਕੀਤਾ। ਦੇਸ਼ ਅਤੇ ਸਾਰੇ ਸੰਸਾਰ ਵਿੱਚੋਂ ਭਰਵਾਂ ਸਹਿਯੋਗ ਹਾਸਿਲ ਹੋਇਆ। ਮੋਦੀ ਸਰਕਾਰ ਵੱਲੋਂ ਸਿਰਜੇ ਮਾਹੌਲ ਦੇ ਉਲਟ ਇਹ ਸੁਲੱਖਣਾ ਵਰਤਾਰਾ ਸਰਕਾਰ ਲਈ ਸਿਰਦਰਦੀ ਬਣ ਗਿਆ। ਕਾਰਪੋਰੇਟ ਪੱਖੀ ਕੇਂਦਰ ਸਰਕਾਰ ਅਤੇ ਆਰ.ਐਸ.ਐਸ., ਬੀ.ਜੇ.ਪੀ. ਦਾ ਆਈ.ਟੀ. ਸੈਲ ਮੋਰਚੇ ਖਿਲਾਫ ਸਾਜ਼ਿਸ਼ਾਂ ਘੜਨ ਲੱਗੇ ਅਤੇ ਮੋਰਚੇ ਨੂੰ ਬਦਨਾਮ ਕਰਨ, ਮੋਰਚੇ ਵਿੱਚ ਫੁੱਟ ਪਾਉਣ, ਅਤੇ ਖਿੰਡਾਉਣ ਦੀਆਂ ਚਾਲਾਂ ਚੱਲਣ ਲੱਗੇ। ਇਹ ਸਾਜ਼ਿਸ਼ਾਂ ਮੋਰਚੇ ਦੇ ਸ਼ੁਰੂ ਤੋਂ ਮੋਰਚੇ ਦੀ ਜਿੱਤ ਤੱਕ ਬਰਾਬਰ ਚੱਲਦੀਆਂ ਰਹੀਆਂ। ਜਥੇਬੰਦੀਆਂ ਅਤੇ ਲੋਕਾਂ ਦੀ ਵਿਆਪਕ ਏਕਤਾ ਅਤੇ ਚੌਕਸੀ ਨੇ ਇੰਨਾ ਸਾਜ਼ਿਸ਼ਾਂ ਨੂੰ ਫੇਲ੍ਹ ਕੀਤਾ, ਅਤੇ ਇਤਿਹਾਸਕ ਜਿੱਤ ਹਾਸਲ ਹੋਈ। ਮੋਦੀ ਸਰਕਾਰ ਕਿਸੇ ਵੀ ਕੀਮਤ ਉੱਪਰ ਲੋਕਾਂ ਨੂੰ ਜਿੱਤੇ ਹੋਣ ਦਾ ਅਹਿਸਾਸ ਨਹੀਂ ਸੀ ਹੋਣ ਦੇਣਾ ਚਾਹੁੰਦੀ। ਜਦੋਂ ਦੇਸ਼ ਅੰਦਰ ਕੋਈ ਵੀ ਰਾਜਨੀਤਿਕ ਧਿਰ ਮੋਦੀ ਸਰਕਾਰ ਨੂੰ ਹਰਾਉਣ ਤੋਂ ਅਸਮਰੱਥ ਸਾਬਤ ਹੋ ਰਹੀ ਹੋਵੇ ਉਦੋਂ ਇਸ ਲੋਕ ਤਾਕਤ ਨੂੰ ਕਿਸੇ ਵੀ ਕੀਮਤ ਤੇ ਹਾਕਮ ਧਿਰ ਅਤੇ ਏਜੰਸੀਆਂ ਇਕੱਠਾ ਨਹੀਂ ਸਨ ਹੋਣ ਦੇਣਾ ਚਾਹੁੰਦੀਆਂ।
ਦਿੱਲੀ ਬਾਰਡਰਾਂ ਤੋਂ ਜਿੱਤ ਲੈ ਕੇ ਚੱਲੇ ਜਥੇਬੰਦੀਆਂ ਦੇ ਆਗੂਆਂ ਦਾ ਥਾਂ-ਥਾਂ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਪਰੰਤੂ ਜਿੱਤ ਵਿਰੋਧੀ ਅਨਸਰਾਂ ਨੇ ਜਿੱਤ ਨੂੰ ਛੁਟਿਆਉਣ ਲਈ ਹਰ ਹੀਲਾ ਵਰਤਿਆ। ਆਪਣਾ ਭੰਡੀ ਪ੍ਰਚਾਰ ਇੱਕ ਦਿਨ ਵੀ ਬੰਦ ਨਹੀਂ ਕੀਤਾ ਅਤੇ ਮੋਰਚੇ ਦੇ ਸਭ ਤੋਂ ਵੱਡੇ ਲੰਬਰਦਾਰ ਬਣ ਕੇ ਮੋਰਚੇ ਨੂੰ ਵੰਡਿਆ ਅਤੇ ਸਾਂਝੇ ਸੰਘਰਸ਼ ਅਤੇ ਏਕਤਾ ਦੇ ਰਾਹ ਵਿੱਚ ਅੜਿੱਕੇ ਖੜ੍ਹੇ ਕੀਤੇ।
ਮੋਦੀ ਸਰਕਾਰ ਕਾਰਪੋਰੇਟ ਪੱਖੀ ਨੀਤੀਆਂ ਬੀਤੇ ਸਾਰੇ ਸਮਿਆਂ ਨਾਲੋਂ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਕਿਸਾਨ-ਮਜ਼ਦੂਰ ਅਤੇ ਆਮ ਲੋਕ ਇਤਿਹਾਸ ਦੀ ਸਭ ਤੋਂ ਵੱਧ ਮਹਿੰਗਾਈ, ਬੇਰੁਜ਼ਗਾਰੀ ਹੰਢਾ ਰਹੇ ਹਨ। ਕਿਸਾਨਾਂ-ਮਜ਼ਦੂਰਾਂ ਦੇ ਧੀਆਂ-ਪੁੱਤਰਾਂ ਨੂੰ ਪੱਕੇ ਰੁਜ਼ਗਾਰ ਦਿੰਦੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰੇ ਤੇਜ਼ੀ ਨਾਲ ਕਾਰਪੋਰੇਟਾਂ ਦੇ ਹਵਾਲੇ ਕੀਤੇ ਜਾ ਰਹੇ ਹਨ। ਅਗਨੀਪਥ ਯੋਜਨਾ ਨੇ ਫੌਜ ਦੀ ਨੌਕਰੀ ਨੂੰ ਵੀ 4 ਸਾਲ ਦੀ ਠੇਕਾ ਭਰਤੀ ਵਿੱਚ ਤਬਦੀਲ ਕਰ ਦਿੱਤਾ ਹੈ। ਫੌਜ ਦੀ ਗਿਣਤੀ ਹੌਲੀ-ਹੌਲੀ ਘਟਾਉਣ ਦਾ ਰਾਹ ਪੱਧਰਾ ਕਰਕੇ ਮਿਲਦੀ ਪੈਨਸ਼ਨ ਅਤੇ ਹੋਰ ਲਾਭਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ।
ਕਿਸਾਨ ਮੋਰਚੇ ਦੀ ਇੱਕ ਹੋਰ ਇਤਿਹਾਸਕ ਮਹੱਤਤਾ ਇਸ ਤੱਥ ਵਿੱਚ ਸੀ ਕਿ ਇਸ ਨੇ ਜਾਤਾਂ ਧਰਮਾਂ ਅਤੇ ਇਲਾਕਿਆਂ ਦੀਆਂ ਹੱਦਾਂ ਸਰਹੱਦਾਂ ਲੰਘ ਕੇ ਵਿਸ਼ਾਲ ਭਾਈਚਾਰਕ ਏਕਤਾ ਦੀ ਸਿਰਜਣਾ ਕੀਤੀ ਸੀ।
ਮੋਦੀ ਅਤੇ ਗੋਦੀ ਮੀਡੀਆ ਇਸ ਭਾਈਚਾਰੇ ਨੂੰ ਤਾਰ-ਤਾਰ ਕਰਨ ਵਿੱਚ ਲੱਗੇ ਹੋਏ ਹਨ। ਆਰ.ਐਸ.ਐਸ ਆਪਣੀ ਵਿਸ਼ੇਸ਼ ਨੀਤੀ ਤਹਿਤ ਦੇਸ਼ ਦੀਆਂ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ ਖ਼ਿਲਾਫ਼ ਖਾਸ ਕਿਸਮ ਦਾ ਨਫਰਤੀ ਮਹੌਲ ਪੈਦਾ ਕਰ ਰਹੀ ਹੈ।
ਦੇਸ਼ ਭਗਤਾਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਮਿਲੇ ਜਮਹੂਰੀ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ, ਅਤੇ ਜਮਹੂਰੀ ਸੰਸਥਾਵਾਂ ਨੂੰ ਅਪੰਗ ਬਣਾਇਆ ਜਾ ਰਿਹਾ ਹੈ। ਹਰ ਵਿਰੋਧੀ ਆਵਾਜ਼ ਨੂੰ ਦਬਾਉਣ ਲਈ ਬੁਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਵਿਰੋਧ ਦੀ ਹਰ ਆਵਾਜ਼ ਨੂੰ ਦੇਸ਼ ਵਿਰੋਧੀ ਅਲਾਨਿਆ ਜਾ ਰਿਹਾ ਹੈ। ਬੁਲਡੋਜ਼ਰਵਾਦ ਰਾਹੀਂ ਲੋਕ ਮਨਾਂ ਵਿੱਚ ਦਹਿਸ਼ਤ ਪਾਉਣ ਦਾ ਕੋਝਾ ਯਤਨ ਹੋ ਰਿਹਾ ਹੈ।
ਦੇਸ਼ ਵਿੱਚ ਸਿਰਜੇ ਜਾ ਰਹੇ ਫਾਸ਼ੀ ਕਿਸਮ ਦੇ ਮਹੌਲ ਵਿੱਚ ਲੋਕ ਮਨਾਂ ਅੰਦਰ ਇੱਕੋ ਇੱਕ ਆਸ ਦੀ ਕਿਰਨ ਬਣੇ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਦੀ ਇਤਿਹਾਸਕ ਲੋੜ ਹੈ।
ਸੁਹਿਰਦ ਜਥੇਬੰਦੀਆਂ ਅਤੇ ਆਗੂਆਂ ਦੀਆਂ ਸੰਯੁਕਤ ਕਿਸਾਨ ਮੋਰਚੇ ਨੂੰ ਇੱਕਮੁੱਠ ਕਰਨ ਦੀਆਂ ਕੋਸ਼ਿਸ਼ਾਂ ਨੂੰ 3 ਜੁਲਾਈ ਦੀ ਗਾਜ਼ੀਆਬਾਦ ਵਿਖੇ ਹੋਈ ਮੀਟਿੰਗ ਵਿੱਚ ਬੂਰ ਪਿਆ ਹੈ। ਇਸ ਮੀਟਿੰਗ ਨੇ ਅਹਿਮ ਫੈਸਲੇ ਲੈਂਦਿਆਂ ਕਿਸਾਨੀ ਦੀਆਂ ਬਕਾਇਆ ਮੰਗਾਂ ਜਿਸ ਵਿੱਚ ਐਮ.ਐਸ.ਪੀ. ’ਤੇ ਫਾਸਲਾ ਦੀ ਖਰੀਦ ਦੀ ਗਰੰਟੀ ਦਾ ਕਨੂੰਨ ਬਣਵਾਉਣਾ, ਕਿਸਾਨਾਂ ਉੱਪਰ ਸੰਘਰਸ਼ ਦੌਰਾਨ ਬਣਾਏ ਕੇਸ ਵਾਪਸ ਕਰਵਾਉਣੇ, ਬਿਜਲੀ ਸੋਧ ਬਿੱਲ ਰੱਦ ਕਰਵਾਉਣ, ਡੀਜ਼ਲ ਖੇਤੀ ਲਈ ਅੱਧੇ ਰੇਟ ਤੇ ਦਿੱਤੇ ਜਾਣ, ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਮੰਤਰੀ ਦੀ ਬਰਖਾਸਤਗੀ ਅਤੇ ਬੇਦੋਸ਼ੇ ਕਿਸਾਨਾਂ ’ਤੇ ਬਣਾਏ ਕੇਸਾਂ ਦੀ ਵਾਪਸੀ ਅਤੇ ਰਿਹਾਈ ਆਦਿ ਮੰਗਾਂ ਸਮੇਤ ਅਤੇ ਦੇਸ਼ ਵਿਰੋਧੀ-ਜਵਾਨੀ ਵਿਰੋਧੀ ਅਗਨੀਪੱਥ ਯੋਜਨਾ ਖਿਲਾਫ ਪੜਾਅ ਵਾਰ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ ਅਤੇ ਅੱਗੇ ਤੋਂ ਕਿਸਾਨ ਮੋਰਚੇ ਦੀ ਕਾਰਜ ਪ੍ਰਣਾਲੀ ਅਤੇ ਨਿਯਮ ਤੈਅ ਕਰਨ ਦਾ ਖਰੜਾ ਵੀ ਸਬੰਧਤ ਜਥੇਬੰਦੀਆਂ ਨੂੰ ਦੇ ਦਿੱਤਾ ਗਿਆ ਹੈ।
ਸੰਘਰਸ਼ ਦੇ ਸੱਦੇ ਤਹਿਤ ਕਿਸਾਨੀ ਦੀਆਂ ਬਕਾਇਆ ਮੰਗਾਂ ਲਈ ਸੰਸਦ ਦੇ 18 ਜੁਲਾਈ ਤੋਂ ਚੱਲ ਰਹੇ ਸੈਸ਼ਨ ਮੌਕੇ ਦੇਸ ਭਰ ਵਿੱਚ 18 ਤੋ 30 ਜਲਾਈ ਤੱਕ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਅਤੇ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਦੇਸ਼ ਭਰ ਵਿੱਚ ਰੇਲਾਂ-ਸੜਕਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਮੋਦੀ ਸਰਕਾਰ ਵੱਲੋਂ ਲਿਆਂਦੀ ਦੇਸ ਵਿਰੋਧੀ ਅਤੇ ਨੌਜਵਾਨ ਵਿਰੋਧੀ ਅਗਨੀਪੱਥ ਯੋਜਨਾ ਖਿਲਾਫ 7 ਅਗਸਤ ਤੋਂ 14 ਤੱਕ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।
ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਮੰਤਰੀ ਦੀ ਬਰਖ਼ਾਸਤਗੀ ਅਤੇ ਬੇਦੋਸ਼ੇ ਕਿਸਾਨਾਂ ਦੀ ਰਿਹਾਈ ਲਈ 18,19,20 ਅਗਸਤ ਨੂੰ 75 ਘੰਟਿਆਂ ਦਾ ਦੇਸ਼ ਪੱਧਰੀ ਧਰਨਾ ਲਖੀਮਪੁਰ ਖੀਰੀ ਵਿੱਖੇ ਲਾਇਆ ਜਾਣਾ ਹੈ। ਦੇਸ਼ ਦੀ ਮੋਦੀ ਸਰਕਾਰ ਅਤੇ ਆਰ.ਐਸ. ਐਸ. ਦੇ ਫਿਰਕੂ ਲਾਣੇ ਵੱਲੋਂ ਸਿਰਜੇ ਜਾ ਰਹੇ ਫਾਸ਼ੀ ਕਿਸਮ ਦੇ ਮਹੌਲ ਤੋਂ ਚਿੰਤਿਤ ਅਤੇ ਲੋਕ ਵਿਰੋਧੀ ਕਾਰਪੋਰੇਟ ਪੱਖੀ ਨੀਤੀਆਂ ਤੋਂ ਪੀੜਤ ਸਮੂਹ ਕਿਸਾਨਾਂ-ਮਜ਼ਦੂਰਾਂ ਅਤੇ ਸੁਹਿਰਦ ਲੋਕਾਂ ਦਾ ਫਰਜ਼ ਬਣਦਾ ਹੈ ਕਿ ਇਸ ਦੀ ਕਾਮਯਾਬੀ ਲਈ ਹਰ ਤਰ੍ਹਾਂ ਦਾ ਯੋਗਦਾਨ ਪਾਉਣ ਅਤੇ ਦੁਫੇੜਬਾਜਾਂ ਦੀਆਂ ਚਾਲਾਂ ਨੂੰ ਫੇਲ੍ਹ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੀ ਏਕਤਾ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।
