
ਮੰਗਤ ਰਾਮ ਪਾਸਲਾ
ਸਾਲ 2022 ਦਾ ਜੁਲਾਈ ਮਹੀਨਾ ਕੈਨੇਡਾ ’ਚ ਗੁਜ਼ਰਿਆ। ਆਰ.ਐਮ.ਪੀ.ਆਈ. ਦੇ ਸਿਰਮੌਰ ਆਗੂ ਕਾਮਰੇਡ ਤਿ੍ਰਲੋਚਨ ਸਿੰਘ ਰਾਣਾ ਜੀ ਦੇ ਪੋਤਰੇ ਸਮੀਰ ਅਤੇ ਕਾਮਰੇਡ ਹਰਕੰਵਲ ਸਿੰਘ ਜੀ ਦੀ ਪੋਤਰੀ ਕਿਰਨਦੀਪ ਦੇ ਵਿਆਹ ਦੀਆਂ ਰਸਮਾਂ ’ਚ ਸ਼ਾਮਿਲ ਹੋਣ ਦਾ ਸੁਭਾਗਾ ਅਵਸਰ ਮਿਲਿਆ। ਰਾਣਾ ਦੰਪਤੀ ਦੀ ਬਿ੍ਰਧ ਅਵਸਥਾ ਤੇ ਸਾਥੀ ਹਰਕੰਵਲ ਸਿੰਘ ਤੇ ਭੈਣ ਬਿਮਲਾ ਦੇਵੀ ਦਾ ਵੀਜ਼ਾ ਨਾ ਲੱਗਣ ਕਾਰਨ ਮੈਨੂੰ ਇਹ ਮਾਣ ਹਾਸਲ ਹੋਇਆ ਕਿ ਮੈਂ ਉਨ੍ਹਾਂ ਦੇ ਜ਼ਜ਼ਬਾਤਾਂ ਨੂੰ ਬੱਚਿਆਂ ਦੇ ਵਿਆਹਾਂ ਦੇ ਅਨੰਦ ਕਾਰਜਾਂ ਸਮੇਂ ਸੰਗਤ ਦੇ ਸਾਹਮਣੇ ਪੇਸ਼ ਕਰ ਸਕਾਂ। ਇਹ ਮੌਕਾ ਮੇਰੀ ਜ਼ਿੰਦਗੀ ਦੀ ਇੱਕ ਯਾਦਗਾਰੀ ਘਟਨਾ ਹੋ ਨਿਬੜਿਆ।
ਕੈਨੇਡਾ ’ਚ ਇਕ ਮਹੀਨੇ ਦੇ ਠਹਿਰਾਅ ਦੌਰਾਨ ਮੈਨੂੰ ਇੱਥੋਂ ਦੇ ਤਿੰਨ ਵੱਡੇ ਸ਼ਹਿਰਾਂ ਟੋਰੰਟੋ, ਸਰੀ ਤੇ ਐਡਮਿੰਟਨ ਵਿਖੇ ਭਾਰਤੀ ਮਿੱਤਰਾਂ ਤੇ ਖੱਬੇ ਪੱਖੀ ਸੋਚ ਦੇ ਧਾਰਨੀ ਸੱਜਣਾਂ ਨੂੰ ਮਿਲਣ ਤੇ ਉਨ੍ਹਾਂ ਨਾਲ ਸੰਵਾਦ ਰਚਾਉਣ ਦਾ ਅਵਸਰ ਪ੍ਰਾਪਤ ਹੋਇਆ। ਤਿੰਨੋਂ ਜਗ੍ਹਾ ਭਾਰਤੀ ਭਾਈਚਾਰੇ ਨਾਲ ਸੰਬੰਧਤ 5 ਪਬਲਿਕ ਮੀਟਿੰਗਾਂ ’ਚ ਬੋਲਣ ਤੋਂ ਇਲਾਵਾ ਵਿਦਵਾਨ ਸਾਥੀਆਂ ਦੇ ਕੀਮਤੀ ਵਿਚਾਰ ਸੁਣੇ। ‘ਕੁਝ ਕਹਿਐ, ਕੁੱਝ ਸੁਣਿਐ’ ਦੀ ਵਿਧਾ ਸੱਚਮੁੱਚ ਹੀ ਪੇ੍ਰਰਣਾਦਾਇਕ ਹੈ, ਜਿਸ ਰਾਹੀਂ ਬਹੁਤ ਕੁੱਝ ਨਵਾਂ ਹਾਸਲ ਕੀਤਾ ਜਾ ਸਕਦਾ ਹੈ। ਇਸ ਵਾਰ ਉਚੇਚੇ ਤੌਰ ’ਤੇ ਸ਼੍ਰੀ ਗੁਰੂ ਰਵਿਦਾਸ ਮੰਦਰ, ਵੈਨਕੂਵਰ ਜਾ ਕੇ ਪਹਿਲਾਂ ਇੱਕ ਧਾਰਮਿਕ ਸਮਾਗਮ ਦਾ ਅਨੰਦ ਮਾਣਿਆ ਤੇ ਪਿੱਛੋਂ ਗੁਰਦੁਆਰਾ ਸਾਹਿਬ ਦੀ ਲਾਇਬਰੇਰੀ ’ਚ ਗੁਰੂ ਰਵਿਦਾਸ ਜੀ ਦੀ ਮਹਾਨ ਵਿਚਾਰਧਾਰਾ ਨਾਲ ਜੁੜੇ ਬਹੁਤ ਹੀ ਸੰਵੇਦਨਸ਼ੀਲ ਲੋਕਾਂ ਨਾਲ ਲਗਭਗ 3.30 ਘੰਟੇ ਭਾਰਤ ਅੰਦਰਲੀ ਰਾਜਨੀਤਕ ਤੇ ਸਮਾਜਿਕ ਵਿਵਸਥਾ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ। ਜਾਤਪਾਤ ਅਧਾਰਤ ਵਿਤਕਰਾ, ਜਿਹੜਾ ਭਾਰਤ ਦੀ ਧਰਤੀ ’ਤੇ ਬੜੇ ਘਿਨੌਣੇ ਰੂਪ ’ਚ ਦੇਖਿਆ ਜਾ ਰਿਹਾ ਹੈ, ਉਸੇ ਰੂਪ ’ਚ ਇਸ ਅੱਤ ਵਿਕਸਤ ਦੇਸ਼ ਅੰਦਰ ਵੀ ਇਸ ਦੁਖਦਾਈ ਵਰਤਾਰੇ ਦੀ ਕੁਲਹਿਣੀ ਮੌਜੂਦਗੀ ਦੇਖ-ਸੁਣ ਕੇ ਇੱਕ ਵਾਰ ਤਾਂ ਧੁਰ ਅੰਦਰੋਂ ਮਨ ਨੂੰ ਵੱਡਾ ਧੱਕਾ ਲੱਗਾ। ਕੀ ਅਸੀਂ ਸਾਡੇ ਮਹਾਨ ਗੁਰੂਆਂ, ਭਗਤਾਂ, ਸੂਫੀਆਂ ਤੇ ਇਨਕਲਾਬੀਆਂ ਦੀਆਂ ਮਾਨਵਵਾਦੀ ਸਿੱਖਿਆਵਾਂ ਤੇ ਸੇਧਾਂ ਤੋਂ ਕੁਝ ਨਹੀਂ ਸਿੱਖਿਆ? ਇਸ ਸੰਦਰਭ ’ਚ ਜ਼ਿੰਦਗੀ ਦੇ 50 ਸਾਲਾਂ ਦੇ ਰਾਜਨੀਤਕ ਜੀਵਨ ’ਚ ਅਜਿਹੇ ਸਮਾਜਕ ਵਰਤਾਰੇ ਨੂੰ ਠੀਕ ਢੰਗ ਨਾਲ ਜਾਨਣ ਤੇ ਮਹਿਸੂਸ ਨਾ ਕਰਨ ’ਤੇ ਇਸ ਦਿਸ਼ਾ ’ਚ ਲੋੜੀਂਦੀਆਂ ਰਾਜਨੀਤਕ ਤੇ ਵਿਚਾਰਧਾਰਕ ਸਰਗਰਮੀਆਂ ਨਾ ਵਿੱਢਣ ਕਾਰਨ ਮੈਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰ ਰਿਹਾ ਹਾਂ। ਤਸੱਲੀ ਦਾ ਵਿਸ਼ਾ ਇਹ ਹੈ ਕਿ ਆਰ.ਐਮ.ਪੀ.ਆਈ. ਦੀ ਸਥਾਪਨਾ ਸਮੇਂ ਅਸੀਂ ਇਸ ਸਮਾਜਕ ਜਬਰ ਦੇ ਮੁੱਦੇ ਨੂੰ ਪਾਰਟੀ ਪ੍ਰੋਗਰਾਮ ਦਾ ਭਾਗ ਬਣਾਇਆ ਤੇ ‘‘ਜਾਤ ਰਹਿਤ, ਜਮਾਤ ਰਹਿਤ ਤੇ ਨਾਰੀ ਮੁਕਤੀ’’ ਵਾਲੇ ਸਮਾਜ ਦੀ ਸਿਰਜਣਾ ਨੂੰ ਆਪਣਾ ਯੁਧਨੀਤਕ ਨਿਸ਼ਾਨਾ ਮਿਥਿਆ। ਸਾਰੀਆਂ ਹੀ ਪਬਲਿਕ ਮੀਟਿੰਗਾਂ ਅੰਦਰ ਬਹੁਤ ਹੀ ਵਿਦਵਾਨ, ਸੁੱਘੜ ਤੇ ਸੰਵੇਦਨਸ਼ੀਲ ਮਰਦ-ਔਰਤਾਂ ਨੇ ਚੰਗੀ ਸ਼ਮੂਲੀਅਤ ਕੀਤੀ। ਡਾ. ਸੁੱਚਾ ਸਿੰਘ ਗਿੱਲ, ਡਾ ਰਾਜ ਪੰਨੂੰ ਪ੍ਰੋ. ਜਗੀਰ ਕਾਹਲੋਂ, ਕੈਨੇਡਾ ਦੇ ਐਡਮਿੰਟਨ ਪ੍ਰਾਂਤ ਦੇ ਵਿਧਾਇਕ ਜਸਵੀਰ ਦਿਉਲ ਦੀ ਹਾਜ਼ਰੀ ਨੇ ਇਨ੍ਹਾਂ ਇਕੱਤਰਤਾਵਾਂ ’ਚ ਨਵਾਂ ਹੀ ਰੰਗ ਭਰ ਦਿੱਤਾ। ਬਹੁਤ ਸਾਰੇ ਹੋਰਨਾਂ ਮਿੱਤਰਾਂ, ਕਵੀਆਂ ਤੇ ਸਾਹਿਤਕਾਰਾਂ ਦੀ ਹਾਜ਼ਰੀ ਨੇ ਦਰਸਾ ਦਿੱਤਾ ਕਿ ਭਾਰਤ ਤੇ ਪੰਜਾਬ ਦੀ ਮੌਜੂਦਾ ਖਤਰਨਾਕ ਸਥਿਤੀ ਬਾਰੇ ਵਿਦੇਸ਼ੀਂ ਵੱਸਦੇ ਸੰਵੇਦਨਸ਼ੀਲ ਲੋਕ ਕਿੰਨੇ ਫਿਕਰਮੰਦ ਹਨ ਤੇ ਇਸ ਨੂੰ ਸੁਧਾਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਵੀ ਕਿੰਨੇ ਉਤਾਵਲੇ ਹਨ।
ਪੂੰਜੀਵਾਦੀ ਸੰਕਟ ਬਾਰੇ ਫਿਕਰਮੰਦੀ : ਪਹਿਲੀ ਵਾਰ ਵਿਕਸਤ ਪੂੰਜੀਵਾਦੀ ਦੇਸ਼ ਕੈਨੇਡਾ ਅੰਦਰ ਦਸਾਂ ਨਹੁੰਆਂ ਦੀ ਕਿਰਤ ਕਰਕੇ ਇੱਕ ਚੰਗਾ ਜੀਵਨ ਬਸਰ ਕਰਦੇ ਆ ਰਹੇ ਭਾਰਤੀ ਭਾਈਚਾਰੇ ਦੇ ਚਿਹਰਿਆਂ ’ਤੇ ਵੱਧ ਰਹੀ ਮਹਿੰਗਾਈ ਤੇ ਘੱਟ ਰਹੇ ਰੁਜ਼ਗਾਰ ਦੇ ਮੌਕਿਆਂ ਦੀ ਚਿੰਤਾ ਦੇ ਚਿੰਨ੍ਹ ਨਜ਼ਰੀਂ ਪਏ। ਹਰ ਜ਼ਰੂਰੀ ਚੀਜ਼, ਖਾਸ ਕਰਕੇ ਪੈਟਰੋਲੀਅਮ ਵਸਤਾਂ ਤੇ ਖਾਦ ਪਦਾਰਥਾਂ ਦੀਆਂ ਕੀਮਤਾਂ ’ਚ ਹੋਇਆ ਵੱਡਾ ਵਾਧਾ ਲੋਕਾਂ ਦੇ ਜੀਵਨ ਪੱਧਰ ’ਤੇ ਡੂੰਘਾ ਅਸਰ ਪਾ ਰਿਹਾ ਹੈ। ਕੰਮ ਕਰਨ ਬਦਲੇ ਯੋਗ ਉਜਰਤ ਨਾ ਮਿਲਣ ਦਾ ਵਰਤਾਰਾ ਵੀ ਡਾਢੀ ਪੀੜਾ ਦੇਣ ਵਾਲਾ ਹੈ। ਜਿਹੜੇ ਨੌਜਵਾਨ ਲੜਕੇ-ਲੜਕੀਆਂ ਵਿੱਦਿਆ ਹਾਸਲ ਕਰਨ ਤੇ ਫਿਰ ਪੱਕੀ ਠਾਹਰ (ਪੀ.ਆਰ.) ਬਣਾਉਣ ਹਿੱਤ ਵੱਡੀਆਂ ਰਕਮਾਂ ਖਰਚ ਕਰਕੇ ਕੈਨੇਡਾ ਗਏ ਹਨ, ਉਨ੍ਹਾਂ ਨੂੰ ਸਖਤ ਮਿਹਨਤ ਦੇ ਨਾਲ-ਨਾਲ ਨਾਵਾਜ਼ਬ ਉਜਰਤ ਕਟੌਤੀ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਸਿਹਤ ਸੇਵਾਵਾਂ ਤੇ ਵਿੱਦਿਅਕ ਸਹੂਲਤਾਂ ਦੀ ਘਾਟ ਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਣ ਦੀ ਸਥਿਤੀ ਵੀ ਲੋਕਾਂ ਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਇਸ ਲਈ ਜਿਹੜੇ ਲੋਕ ਸਮਾਜਵਾਦੀ ਢਾਂਚੇ (ਬਰਾਬਰੀ ਵਾਲੇ ਸਮਾਜ) ਦੇ ਫਲਸਫੇ ਨੂੰ ਨਫਰਤ ਭਰੀਆਂ ਅੱਖਾਂ ਨਾਲ ਦੇਖਦੇ ਹਨ ਤੇ ਇਸ ਨੂੰ ਗੈਰ ਯਥਾਰਥਕ ਦੱਸ ਕੇ ਸਿਰਫ ਸੁਪਨਮਈ ਵਰਤਾਰਾ ਦੱਸਦੇ ਹਨ, ਉਨ੍ਹਾਂ ਲਈ ਵਿਕਸਤ ਪੂੰਜੀਵਾਦੀ ਦੇਸ਼ਾਂ ਦੀ ਮੌਜੂਦਾ ਸਥਿਤੀ ਕੁੱਝ ਨਾ ਕੁੱਝ ਨਵੀਂ ਸੂਝ ਦਾ ਸਬੱਬ ਜ਼ਰੂਰ ਬਣ ਸਕਦੀ ਹੈ। ਸਾਮਰਾਜੀ ਦੇਸ਼ਾਂ ਦਾ ਲੋਕਰਾਜੀ ਤੇ ਮਾਨਵੀ ਕਦਰਾਂ ਕੀਮਤਾਂ ਪ੍ਰਤੀ ਪ੍ਰਤੀਬੱਧਤਾ ਦਾ ਅੰਦਾਜ਼ਾ ਇਨ੍ਹਾਂ ਦੇਸ਼ਾਂ ਦੀਆਂ ਗੁਲਾਮੀ ਝੱਲ ਚੁੱਕੀਆਂ ਜਾਂ ਝੱਲ ਰਹੀਆਂ ਕੌਮਾਂ ਨਾਲ ਹੋਈਆਂ ਵਧੀਕੀਆਂ ਤੇ ਲੋਕਾਂ ਪ੍ਰਤੀ ਸਾਮਰਾਜੀ ਜਰਵਾਣਿਆਂ ਦੀ ਹਕੀਕੀ ਕਾਰਗੁਜ਼ਾਰੀ ਤੋਂ ਭਲੀ ਭਾਂਤ ਲਗਾਇਆ ਜਾ ਸਕਦਾ ਹੈ। ਜਿਸ ਢੰਗ ਨਾਲ ਕੈਨੇਡਾ ਦੇ ਮੂਲ ਵਾਸੀਆਂ ਨਾਲ ਅਣਮਨੁੱਖੀ ਤੇ ਜ਼ਾਲਮਾਨਾ ਵਤੀਰਾ ਇਨ੍ਹਾਂ ਨਾਮ-ਨਿਹਾਦ ਗੋਰੀਆਂ ਨਸਲਾਂ ਦੇ ਹਾਕਮਾਂ ਵਲੋਂ ਧਾਰਿਆ ਗਿਆ ਤੇ ਉਨ੍ਹਾਂ ਦੀ ਬੋਲੀ ਤੇ ਸਭਿਆਚਾਰ ਨੂੰ ਨਸ਼ਟ ਕਰਨ ਦੇ ਮਨਸੂਬੇ ਤਹਿਤ ਉਨ੍ਹਾਂ ਉਪਰ ਅੱਤ ਦਾ ਕਹਿਰ ਢਾਹਿਆ ਗਿਆ, ਉਹ ਸਭ ਕੁੱਝ ਪੂੰਜੀਵਾਦੀ ਪ੍ਰਬੰਧ ਦੀ ਕਰੂਰਤਾ ਤੇ ਲੋਟੂ ਪਰਵਿਰਤੀ ਨੂੰ ਬਾਖੂਬੀ ਦਰਸਾਉਂਦਾ ਹੈ। ਇਸ ਵਾਰ ਇਨ੍ਹਾਂ ਮੂਲ ਵਾਸੀਆਂ ਨਾਲ ਵਾਪਰੀਆਂ ਹੱਡਬੀਤੀ ਦੀਆਂ ਕਹਾਣੀਆਂ ਸੁਣਕੇ ਭਾਰਤ ਦੇ ਮੂਲ ਵਾਸੀਆਂ ਨਾਲ ਵਰਤਾਏ ਗਏ ਅਣਮਨੁੱਖੀ ਕਹਿਰ ਦੀ ਤਸਵੀਰ ਵੀ ਮੇਰੇ ਦਿਮਾਗ ’ਚ ਘੁੰਮਣ ਲੱਗ ਪਈ।
ਖੈਰ, ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮੌਜੂਦਾ ਸੰਕਟ ਦੇ ਬਾਵਜੂਦ ਵਿਕਸਤ ਪੂੰਜੀਵਾਦੀ ਦੇਸ਼ਾਂ ਦੇ ਵਸਨੀਕਾਂ ਦੀ ਆਰਥਿਕ ਸਥਿਤੀ ਸਾਡੇ ਵਰਗੇ ਪੱਛੜੇ ਦੇਸ਼ ਦੇ ਮੁਕਾਬਲੇ ਕਾਫੀ ਚੰਗੀ ਤੇ ਉਚੇਰੀ ਹੈ, ਪ੍ਰੰਤੂ ਪੂੰਜੀਵਾਦ ਦੇ ਸੰਕਟ ’ਚੋਂ ਉਪਜੇ ਭਵਿੱਖੀ ਖਤਰਿਆਂ ਦੇ ਸੰਕੇਤ ਵੀ ਜ਼ਰੂਰ ਦਿਖਾਈ ਦੇ ਰਹੇ ਹਨ।
ਖੱਬੀ ਏਕਤਾ ਲਈ ਤਾਂਘ : ਇਸ ਵਾਰ ਵੱਖ-ਵੱਖ ਜਥੇਬੰਦੀਆਂ ਅੰਦਰ ਸਰਗਰਮ ਕਾਰਕੁੰਨਾਂ ਨੇ, ਭਾਰਤ ’ਚ ਵੱਧ ਰਹੇ ਫਿਰਕੂ-ਫਾਸ਼ੀ ਖ਼ਤਰੇ ਤੇ ਨਵਉਦਾਰਵਾਦੀ ਆਰਥਿਕ ਨੀਤੀਆਂ ਨੂੰ ਠੱਲ੍ਹ ਪਾਉਣ ਲਈ ਖੱਬੇ ਪੱਖੀ ਪਾਰਟੀਆਂ, ਧੜਿਆਂ ਤੇ ਜਮਹੂਰੀ ਵਿਚਾਰਾਂ ਦੇ ਬੁੱਧੀਜੀਵੀਆਂ, ਲਿਖਾਰੀਆਂ ਤੇ ਸਮਾਜਿਕ ਕਾਰਕੁੰਨਾਂ ਨੂੰ ਇਕੱਠੇ ਹੋਣ ਦੀ ਪੂਰੀ ਗੰਭੀਰਤਾ ਤੇ ਸੁਹਿਰਦਤਾ ਨਾਲ ਅਪੀਲ ਕੀਤੀ। ਕਿਸਾਨ ਮੋਰਚੇ ਦੀ ਸਫਲਤਾ ਲਈ ਅਪਣਾਈ ਗਈ ਸ਼ਾਨਦਾਰ ਦਾਅਪੇਚਕ ਲਾਈਨ ਦੀ ਸਰਾਹਨਾ ਕਰਨ ਵਾਲੇ ਬਹੁਤ ਸਾਰੇ ਸੱਜਣਾਂ ਦਾ ਮੱਤ ਸੀ ਕਿ ਜੇਕਰ ਇਹ ਅਲੌਕਿਕ ਕਿਸਾਨ ਸੰਘਰਸ਼ ਵੱਖ-ਵੱਖ ਰਾਜਸੀ ਵਿਚਾਰਾਂ ਦੇ ਧਾਰਨੀ ਲੋਕਾਂ ਦੀ ਏਕਤਾ ਰਾਹੀਂ, ਜੋ ਸਾਰੇ ਜਾਤੀਪਾਤੀ, ਇਲਾਕਾਈ ਤੇ ਧਰਮ ਦੇ ਬੰਧਨਾਂ ਨੂੰ ਉਲੰਘ ਕੇ ਹਾਸਲ ਹੋਈ, ਜਿੱਤ ਦੀਆਂ ਬਰੂਹਾਂ ’ਤੇ ਪੁੱਜ ਸਕਦਾ ਹੈ, ਤਾਂ ਫਿਰ ਅੱਜ ਦੀਆਂ ਸਥਿਤੀਆਂ ਅੰਦਰ ਖੱਬੀਆਂ ਧਿਰਾਂ ਰਾਜਨੀਤਕ ਖੇਤਰ ’ਚ ਇਹੋ ਜਿਹਾ ਪੈਂਤੜਾ ਧਾਰਨ ਕਿਉਂ ਨਹੀਂ ਕਰ ਸਕਦੀਆਂ? ਇਹ ਗੱਲ ਤਸੱਲੀ ਵਾਲੀ ਹੈ ਕਿ ਹਰ ਰੰਗ ਦੇ ਖੱਬੇ ਪੱਖੀ ਤੇ ਜਮਹੂਰੀ ਕਾਰਕੁੰਨ ਪਹਿਲਾਂ ਦੇ ਮੁਕਾਬਲੇ ਵਧੇਰੇ ਇਕਜੁੱਟ ਤੇ ਸੰਵਾਦ ਰਚਾਉਣ ਲਈ ਤਤਪਰ ਤੇ ਰਜ਼ਾਮੰਦ ਨਜ਼ਰ ਆਏ। ਕੈਨੇਡਾ ਆ ਕੇ ਵਸੇ ਭਾਰਤੀਆਂ, ਖਾਸਕਰ ਕਿ ਪੰਜਾਬੀਆਂ ਨੇ, ਕਿਸਾਨ ਅੰਦੋਲਨ ’ਚ ਹਰ ਪੱਖ ਤੋਂ ਬਹੁਤ ਹੀ ਭਰਵਾਂ ਹਿੱਸਾ ਪਾਇਆ ਸੀ ਤੇ ਅੱਗੋਂ ਵੀ ਅਜਿਹੇ ਅੰਦੋਲਨਾਂ ’ਚ ਬਣਦਾ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ ਹੈ।
ਇਸ ਦੌਰੇ ਦੌਰਾਨ ਮੈਂ ਪੰਜਾਬੀ ਦੇ ਸਿਰਮੌਰ ਕਹਾਣੀਕਾਰ, ਵਿਦਵਾਨ, ਅਗਾਂਹ ਵਧੂ, ਮਾਨਵੀ ਤੇ ਸੰਵੇਦਨਸ਼ੀਲ ਕਦਰਾਂ-ਕੀਮਤਾਂ ਦੇ ਮੁਜੱਸਮੇ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ, ਪਿਆਰੇ ਮਿੱਤਰ ਸਾਥੀ ਵਰਿਆਮ ਸਿੰਘ ਸੰਧੂ ਜੀ ਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਮਿਲਣ ਵਾਸਤੇ ਗਿਆ। ਜਾਪਿਆ ਜਿਵੇਂ ਕਈ ਸਾਲਾਂ ਦੇ ਵਿਛੋੜੇ ਤੋਂ ਬਾਅਦ ਮਿਲਣ ਦੀ ਮਿਠਾਸ ਸੱਚਮੁੱਚ ਹੀ ਬਹੁਤ ਹੀ ਆਨੰਦਮਈ ਤੇ ਸੁਖਦ ਹੁੰਦੀ ਹੈ। ਪਿਆਰ ਤੇ ਨਿੱਘ ਦੀਆਂ ਗੱਲਾਂ ਕਰਦਿਆਂ ਪਤਾ ਹੀ ਨਾ ਲੱਗਾ ਕਿ ਏਨਾ ਸਮਾਂ ਕਦੋਂ ਬੀਤ ਗਿਆ! ਸੰਧੂ ਜੀ ਬਿਮਾਰੀ ਦੀ ਅਵਸਥਾ ’ਚੋਂ ਨਿਕਲ ਕੇ ਮੁੜ ਪਹਿਲੇ ਵਾਲੇ ਰੂਪ ਤੇ ਜਲੌਅ ’ਚ ਆਉਣ ਲਈ ਪੂਰੀ ਤਿਆਰੀ ਕਰ ਰਹੇ ਹਨ। ਮੈਂ ਸਿਰਫ ‘ਕਾਮਨਾ’ ਕਰਦਾ ਹੋਇਆ ਸੰਧੂ ਜੀ ਨਾਲ ਗੱਲਵਕੜੀ ਪਾ ਕੇ ਵਿਛੜਦਿਆਂ ਏਨਾ ਹੀ ਕਹਿ ਸਕਿਆ ਕਿ ਜਲਦੀ ਆ ਮੇਰੇ ਮਿੱਤਰ! ਤੈਨੂੰ ਮੁੜ ਉਸੇ ਰੰਗ ਤੇ ਰੂਪ ’ਚ ਦੇਖਣ ਲਈ ਸਾਰਾ ਪੰਜਾਬ ਉਡੀਕ ਕਰ ਰਿਹਾ ਹੈ।
