Now Reading
ਕੌਮਾਂਤਰੀ ਪਿੜ : ਬਿ੍ਰਟੇਨ ਦੇ ਰੇਲ ਕਾਮਿਆਂ ਦੀ ਲਾਮਿਸਾਲ ਹੜਤਾਲ

ਕੌਮਾਂਤਰੀ ਪਿੜ : ਬਿ੍ਰਟੇਨ ਦੇ ਰੇਲ ਕਾਮਿਆਂ ਦੀ ਲਾਮਿਸਾਲ ਹੜਤਾਲ

ਯੂਰਪ ਦੇ ਮੁੱਖ ਦੇਸ਼ ਬਿ੍ਰਟੇਨ ਦੇ ਰੇਲ ਕਾਮੇ 21 ਜੂਨ ਤੋਂ ਹੜਤਾਲ ’ਤੇ ਹਨ ਅਤੇ ਇਹ ਹੜਤਾਲ 23 ਜੂਨ ਅਤੇ 25 ਜੂਨ ਨੂੰ ਵੀ ਰਹੇਗੀ। ਦੇਸ਼ ਦੀ ਸਭ ਤੋਂ ਵੱਡੀ ਟ੍ਰਾਂਸਪੋਰਟ ਕਾਮਿਆਂ ਦੀ ਯੂਨੀਅਨ, ‘ਰੇਲ, ਮੈਰੀਟਾਇਮ ਐਂਡ ਟ੍ਰਾਂਸਪੋਰਟ ਯੂਨੀਅਨ’ (ਆਰ.ਐਮ.ਟੀ.) ਦੇ ਸੱਦੇ ਉਤੇ ਇਹ ਹੜਤਾਲ ਹੋਈ ਹੈ। ਇਸ ਦੀਆਂ ਮੁੱਖ ਮੰਗਾਂ ਹਨ, ਤਨਖਾਹਾਂ ਵਿਚ ਵਾਧਾ ਅਤੇ ਆਉਣ ਵਾਲੇ ਸਮੇਂ ਵਿਚ ਆਧੁਨਿਕੀਕਰਣ ਦੇ ਨਾਂਅ ਅਧੀਨ ਕੀਤੀਆਂ ਜਾਣ ਵਾਲੀਆਂ ਛਾਂਟੀਆਂ ’ਤੇ ਰੋਕ।
ਹੜਤਾਲ ਬਹੁਤ ਹੀ ਸਫਲ ਰਹੀ ਹੈ। ਦੇਸ਼ ਦੇ ਜਨਤਕ ਰੇਲ ਅਦਾਰੇ, ‘ਨੈਟਵਰਕ ਰੇਲ’ ਦੇ ਨਾਲ ਹੀ ਦੇਸ਼ ਵਿਚ ਰੇਲ ਚਲਾਉਣ ਵਾਲੀਆਂ 13 ਹੋਰ ਕੰਪਨੀਆਂ ਦੇ ਰੇਲ ਕਾਮੇ ਵੀ ਇਸ ਹੜਤਾਲ ਵਿਚ ਸ਼ਾਮਲ ਹਨ। ਲਗਭਗ 50 ਹਜ਼ਾਰ ਰੇਲ ਕਾਮੇ 21 ਜੂਨ ਨੂੰ ਹੜਤਾਲ ਉਤੇ ਸਨ ਅਤੇ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਦੀ ਗਿਣਤੀ ਹੋਰ ਵੱਧਣ ਦੀ ਆਸ ਹੈ। ਇਹ ਹੜਤਾਲ 20 ਜੂਨ ਨੂੰ ਰੇਲ ਕੰਪਨੀਆਂ ਦੇ ਪ੍ਰਬੰਧਕਾਂ ਨਾਲ ਗੱਲਬਾਤ ਦੇ ਨੇਪਰੇ ਨਾ ਚੜ੍ਹਨ ਤੋਂ ਬਾਅਦ ਕੀਤੀ ਗਈ ਹੈ।
ਸਮੁੱਚੇ ਦੇਸ਼ ਦੀ ਰੇਲ ਆਵਾਜਾਈ ਲਗਭਗ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਲਗਭਗ ਸਾਰੇ ਹੀ ਦੇਸ਼ ਵਿਚ ਰੇਲ ਕਾਮਿਆਂ ਨੇ ਰੇਲਵੇ ਸਟੇਸ਼ਨਾਂ, ਵਰਕਸ਼ਾਪਾਂ, ਸ਼ੈਡਾਂ ਦੇ ਬਾਹਰ ਪਿਕਟਿੰਗ ਕੀਤੀ ਹੋਈ ਹੈ। ਦੇਸ਼ ਦੀ ਰਾਜਧਾਨੀ ਲੰਦਨ ਦੀ ਮੈਟਰੋ ਰੇਲ ਦੇ ਕਾਮੇ ਵੀ 21 ਜੂਨ ਨੂੰ ਹੜਤਾਲ ’ਤੇ ਚਲੇ ਗਏ ਸਨ ਅਤੇ ਇਹ ਪੂਰੀ ਤਰ੍ਹਾਂ ਠੱਪ ਹੋ ਗਈ ਸੀ।
ਇਸ ਹੜਤਾਲ ਨੂੰ ਵਿਆਪਕ ਜਨ ਸਮਰਥਨ ਮਿਲ ਰਿਹਾ ਹੈ। ਸਵੈਨਸੀ ਵਿਖੇ ਇਕ ਹੋਰ ਯੂਨੀਅਨ ਨਾਲ ਸਬੰਧਤ ਕਿਰਤੀ, ਰੇਲ ਕਿਰਤੀਆਂ ਦੀਆਂ ਪਿਕਟਾਂ ’ਤੇ ਉਨ੍ਹਾਂ ਪ੍ਰਤੀ ਸਮਰਥਨ ਦਾ ਇਜ਼ਹਾਰ ਕਰਨ ਲਈ ਪੁੱਜੇ। ਬਿ੍ਰਸਟਲ ਵਿਖੇ ਵਾਤਾਵਰਣ ਕਾਰਕੰੁਨਾਂ ਨੇ ਇਸ ਰੇਲ ਹੜਤਾਲ ਪ੍ਰਤੀ ਆਪਣੀ ਇਕਜੁਟਤਾ ਪ੍ਰਗਟਾਈ। ਬਿ੍ਰਸਟਲ, ਮਾਨਚੈਸਟਰ ਤੇ ਲੀਵਰਪੂਲ ਵਿਖੇ ਹੋਰ ਖੇਤਰਾਂ ਦੇ ਕਿਰਤੀਆਂ ਨੇ 25 ਜੂਨ ਨੂੰ ਇਸ ਹੜਤਾਲ ਦੇ ਹੱਕ ਵਿਚ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ।
ਕੋਵੈਂਟਰੀ ਵਿਖੇ ‘ਨੈਟਵਰਕ ਰੇਲ’ ਦੇ ਕਾਮੇ ਡਾਨ ਨੇ ਹੜਤਾਲ ਬਾਰੇ ਤਫਸੀਲ ਨਾਲ ਗੱਲ ਕਰਦਿਆਂ ਕਿਹਾ-‘‘ਅਜਿਹੀਆਂ ਸਰਗਰਮੀਆਂ ਹੋਰ ਵੀ ਸਨਅਤਾਂ ਵਿਚ ਵਧਣਗੀਆਂ। ਇਸੇ ਕਰਕੇ ਇਸ ਰੇਲ ਹੜਤਾਲ ਨੇ ਟੋਰੀਆਂ (ਕੰਜਰਵੇਟਿਵ ਪਾਰਟੀ, ਜਿਸਦੀ ਸਰਕਾਰ ਇਸ ਵੇਲੇ ਦੇਸ਼ ਵਿਚ ਹੈ) ਨੂੰ ਹਿਲਾਅ ਕੇ ਰੱਖ ਦਿੱਤਾ ਹੈ। ਘੱਟ ਤਨਖਾਹ ਹਰ ਕਿਸੇ ਲਈ ਮੁਸ਼ਕਲਾਂ ਖੜ੍ਹੀਆਂ ਕਰਦੀ ਹੈ। ਜੇਕਰ ਪਿਛਲੇ ਦੋ ਸਾਲਾਂ ਤੋਂ ਉਹ ਸਾਡੇ ’ਤੇ ਹਮਲਾ ਕਰ ਰਹੇ ਹਨ ਤਾਂ ਉਹ ਹੋਰ ਕਿਰਤੀਆਂ ਨੂੰ ਵੀ ਨਹੀਂ ਬਖਸ਼ਣਗੇ। ਉਨ੍ਹਾਂ ਕੋਲ ਤਣਖਾਹ ’ਚ ਵਾਧਾ ਕਰਨ ਲਈ ਪੈਸਾ ਹੈ, ਉਨ੍ਹਾਂ ਦੀ ਰੇਲ ਕਾਮਿਆਂ ਦੀ ਛਾਂਟੀ ਕਰਨ ਪਿੱਛੇ ਕੋਈ ਆਰਥਕ ਮਜ਼ਬੂਰੀ ਨਹੀਂ ਹੈ। ਪਿਛਲੇ ਇਕ ਸਾਲ ਵਿਚ ਹੀ ਉਨ੍ਹਾਂ ਨੇ 50 ਕਰੋੜ ਪਾਊਂਡ ਦਾ ਮੁਨਾਫ਼ਾ ਕਮਾਇਆ ਹੈ। ਉਸ ਮੁਨਾਫ਼ੇ ਨੂੰ ਰੇਲ ਢਾਂਚੇ ਵਿਚ ਮੁੜ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ, ਨੌਕਰੀਆਂ ਨੂੰ ਕਾਇਮ ਰੱਖਣ ਤੇ ਸੇਵਾਵਾਂ ਨੂੰ ਹੋਰ ਵਧੀਆ ਕਰਨ ਲਈ। ਮੀਡੀਆ ਕੂੜ ਪ੍ਰਚਾਰ ਕਰਦਾ ਹੈ ਕਿ ਅਸੀਂ ਬਿਨਾਂ ਕਿਸੇ ਵਜ੍ਹਾ ਤੋਂ ਹੜਤਾਲ ਕਰ ਰਹੇ ਹਾਂ। ਇਹ ਗੱਲ ਠੀਕ ਨਹੀਂ ਹੈ ਕਿ ਸਾਡੀਆਂ ਤਨਖਾਹਾਂ ਬਹੁਤ ਜ਼ਿਆਦਾ ਹਨ, ਕਿਰਤੀਆਂ ਨੂੰ ਉਨ੍ਹਾਂ ਵਲੋਂ ਕੀਤੇ ਗਏ ਮੁੱਲਵਾਨ ਕੰਮ ਲਈ ਕਿਉਂ ਨਾ ਚੰਗੀ ਤਨਖਾਹ ਮਿਲੇ?’’
ਨਿੱਜੀ ਖੇਤਰ ਦੀ ਕੰਪਨੀ, ਗ੍ਰੇਟਰ ਐਂਗਲੀਅਨ ਟਰੇਨ ਕੰਪਨੀ ਦੇ ਰੇਲ ਕਾਮੇ ਮਾਰਵਿਨ ਦਾ ਕਹਿਣਾ ਸੀ -‘‘ਜ਼ਿੰਦਗੀ ਜਿਉਣ ਦੇ ਖਰਚੇ ਵੱਧਦੇ ਜਾ ਰਹੇ ਹਨ ਜੋ ਹਰ ਕਿਸੇ ਦੀ ਜ਼ਿੰਦਗੀ ਮੁਸ਼ਕਲਾਂ ਭਰੀ ਬਣਾ ਰਹੇ ਹਨ। ਅਸੀਂ ਬਜਟ ਬਣਾਉਂਦੇ ਹਾਂ ਪਰ ਬਿਜਲੀ, ਪੈਟਰੋਲ ਤੇ ਬੱਚਿਆਂ ਦੇ ਖਰਚੇ ਇਸਨੂੰ ਵਿਗਾੜ ਦਿੰਦੇ ਹਨ। ਇਹ ਸਭ ਕੁਝ ਸਾਡੇ ਉਤੇ ਮਾਨਸਿਕ ਰੂਪ ਵਿਚ ਅਸਰਅੰਦਾਜ਼ ਹੁੰਦਾ ਹੈ ਅਤੇ ਸਾਡੇ ਕੰਮ ਤੇ ਜ਼ਿੰਦਗੀ ਦਾ ਤਵਾਜ਼ਨ ਬਿਗੜ ਜਾਂਦਾ ਹੈ, ਇਹ ਤਣਾਅ ਪੈਦਾ ਕਰਦਾ ਹੈ।’’
ਇਕ ਹੋਰ ਰੇਲ ਕਾਮੇ ਡੈਨੀਅਲ ਦੇ ਵਿਚਾਰ ਸਨ-‘‘ਮੈਨੂੰ ਆਸ ਹੈ ਕਿ ਅਸੀਂ ਮਜ਼ਦੂਰ ਵਿਰੋਧੀ ਟੋਰੀ ਸਰਕਾਰ ਨੂੰ ਡੇਗ ਦੇਵਾਂਗੇ। ਅਸੀਂ ਆਪਣੀਆਂ ਮੰਗਾਂ ਮਨਵਾਏ ਤੋਂ ਬਿਨਾਂ ਹੜਤਾਲ ਖਤਮ ਨਹੀਂ ਕਰਾਂਗੇ। ਜੇਕਰ ਅਸੀਂ ਸਫਲ ਹੋ ਜਾਂਦੇ ਹਾਂ ਤਾਂ ਇਹ ਦੇਸ਼ ਦੇ ਕਿਰਤੀਆਂ ਲਈ ਇਕ ਮਿਸਾਲ ਹੋਵੇਗੀ ਕਿ ਹੜਤਾਲਾਂ ਰਾਹੀਂ ਆਪਣੀਆਂ ਮੰਗਾਂ ਮਨਵਾਈਆਂ ਜਾ ਸਕਦੀਆਂ ਹਨ।’’
ਮੀਡੀਆ ਅਤੇ ਸਰਕਾਰ ਵਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਰੇਲ ਕਾਮੇ ਚੰਗੀਆਂ ਤਨਖਾਹਾਂ ਲੈ ਰਹੇ ਹਨ। ਦੇਸ਼ ਦੇ ਟ੍ਰਾਂਸਪੋਰਟ ਮੰਤਰੀ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਵਿਚ ਰੇਲ ਕਾਮਿਆਂ ਦੀ ਤਨਖਾਹ 40% ਵਧੀ ਹੈ ਜਦੋਂਕਿ ਦੇਸ਼ ਦੀ ਪ੍ਰਮੁੱਖ ਨਿਊਜ਼ ਸੰਸਥਾ ਬੀ.ਬੀ.ਸੀ. ਮੁਤਾਬਕ ਇਹ ਵਾਧਾ 24% ਦਾ ਬਣਦਾ ਹੈ। ਟ੍ਰਾਂਸਪੋਰਟ ਮੰਤਰੀ ਅਨੁਸਾਰ ਰੇਲ ਖੇਤਰ ਵਿਚ ਔਸਤ ਤਨਖਾਹ 44000 ਪਾਊਂਡ ਸਾਲਾਨਾ ਹੈ, ਜਿਹੜੀ ਕਿ ਦੇਸ਼ ਦੀ ਔਸਤ ਤਨਖਾਹ ਨਾਲੋਂ ਵੱਧ ਹੈ। ਜਦੋਂਕਿ ਆਰ.ਐਮ.ਟੀ. ਦੀ ਦਲੀਲ ਹੈ ਜੇਕਰ ਡਰਾਇਵਰ, ਜਿਹੜੇ ਕਿ ਰੇਲ ਕਾਮਿਆਂ ਵਿਚੋਂ ਸਭ ਤੋਂ ਵਧੇਰੇ ਤਨਖਾਹ ਲੈਣ ਵਾਲੇ ਹਨ, ਨੂੰ ਇਸ ਹਿਸਾਬ-ਕਿਤਾਬ ਵਿਚੋਂ ਕੱਢ ਦਿੱਤਾ ਜਾਵੇ ਅਤੇ ਸਫਾਈ ਸਟਾਫ਼ ਨੂੰ ਸ਼ਾਮਲ ਕਰ ਲਿਆ ਜਾਵੇ ਤਾਂ ਇਹ ਔਸਤ ਤਨਖਾਹ 33000 ਪਾਊਂਡ ਸਾਲਾਨਾ ਰਹਿ ਜਾਂਦੀ ਹੈ। ਇੱਥੇ ਇਹ ਵੀ ਨੋਟ ਕਰਨ ਯੋਗ ਹੈ ਕਿ ਅਪ੍ਰੈਲ 2022 ਵਿਚ ਮਹਿੰਗਾਈ ਦਰ 9% ਸੀ, ਜਿਹੜੀ ਕਿ ਪਿਛਲੇ 40 ਸਾਲਾਂ ਦੀ ਸਭ ਤੋਂ ਵਧੇਰੇ ਸੀ ਅਤੇ ਬੈਂਕ ਆਫ਼ ਇੰਗਲੈਂਡ ਮੁਤਾਬਕ ਸਾਲ ਦੇ ਅੰਤ ਵਿਚ ਇਹ 11% ਹੋ ਸਕਦੀ ਹੈ।
ਆਰ.ਐਮ.ਟੀ. ਦਾ ਦਾਅਵਾ ਹੈ ਕਿ ਅਜਿਹੀ ਆਰਥਕ ਸਥਿਤੀ ਦੇ ਬਾਵਜੂਦ ਉਨ੍ਹਾਂ ਦੀਆਂ ਤਨਖਾਹਾਂ ਪਿਛਲੇ 2-3 ਸਾਲਾਂ ਤੋਂ ਨਹੀਂ ਵਧੀਆਂ ਹਨ। ਜ਼ਿੰਦਗੀ ਜਿਊਣ ਦੀ ਲਾਗਤ ਦੇ ਵਾਧੇ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਅਸੀਂ ਘੱਟੋ-ਘੱਟ 7% ਵਾਧੇ ਦੀ ਮੰਗ ਕਰ ਰਹੇ ਹਾਂ। ਪਰ ‘ਨੈਟਵਰਕ ਰੇਲ’ ਦੀ ਪੇਸ਼ਕਸ਼ ਸਿਰਫ 2% ਵਾਧੇ ਦੀ ਹੈ। ਇਹ ਪੂਰੀ ਤਰ੍ਹਾਂ ‘ਨਾ ਮੰਨਣਯੋਗ’ ਹੈ।
ਆਰ.ਐਮ.ਟੀ. ਦੇ ਜਨਰਲ ਸਕੱਤਰ ਮਿਕ ਲਇੰਚ ਦਾ ਕਹਿਣਾ ਹੈ-‘‘ਸਾਡੀ ਹੜਤਾਲ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗੀ। ਆਰ.ਐਮ.ਟੀ. ਦੇ ਕਾਰਕੁੰਨ ਦੇਸ਼ ਦੇ ਉਨ੍ਹਾਂ ਸਭ ਕਿਰਤੀਆਂ ਨੂੰ ਰਾਹ ਦਰਸਾ ਰਹੇ ਹਨ ਜਿਹੜੇ ਕਿ ਤਨਖਾਹਾਂ ਦੇ ਨਾ ਵੱਧਣ ਅਤੇ ਕੰਮ ਹਾਲਤਾਂ ਦੇ ਨਿਘਰਨ ਦਾ ਸ਼ਿਕਾਰ ਹਨ। ਹੁਣ ਸਮਾਂ ਹਰ ਇਕ ਰੇਲ ਕਾਮੇ, ਜਿਹੜਾ ਕਿ ਇਸ ਹੜਤਾਲ ਵਿਚ ਸ਼ਾਮਲ ਹੈ ਨਾਲ ਇਕਜੁਟਤਾ ਦਰਸਾਉਣ ’ਤੇ ਉਸ ਨਾਲ ਖਲੋਣ ਦਾ ਹੈ, ਤਾਂਕਿ ਅਸੀਂ ਜਿੱਤ ਹਾਸਲ ਕਰ ਸਕੀਏ।’’
ਇਹ ਰੇਲ ਹੜਤਾਲ, ਦੇਸ਼ ਦੇ ਇਤਿਹਾਸ ਵਿਚ ਪਿਛਲੇ 30 ਸਾਲਾਂ ਵਿਚ ਹੋਈ ਸਭ ਤੋਂ ਵੱਡੀ ਹੜਤਾਲ ਹੈ। ਇਸਨੇ ਦੇਸ਼ ਦੀ ਸਮੁੱਚੀ ਮਜ਼ਦੂਰ ਜਮਾਤ ਵਿਚ ਇਕ ਨਵੀਂ ਰੂਹ ਫੂਕ ਦਿੱਤੀ ਹੈ। ਜਨਤਕ ਖੇਤਰ ਦੇ ਹੋਰ ਅਦਾਰਿਆਂ ਦੇ ਕਿਰਤੀ ਵੀ ਰੋਸ ਐਕਸ਼ਨਾਂ ਤੇ ਹੜਤਾਲਾਂ ਵੱਲ ਵੱਧ ਰਹੇ ਹਨ। ਦੇਸ਼ ਵਿਚ ਜ਼ਿੰਦਗੀ ਜਿਉਣ ਦੀ ਲਾਗਤ ਦੇ ਵੱਧਣ ਦੇ ਮੱਦੇਨਜ਼ਰ ਅਧਿਆਪਕਾਂ, ਹਵਾਈ ਅੱਡਿਆਂ ਦੇ ਕਾਮਿਆਂ, ਸਿਹਤ ਕਾਮਿਆਂ, ਬੈਰਿਸਟਰਾਂ, ਸਫਾਈ ਕਾਮਿਆਂ, ਸਿਵਲ ਮੁਲਾਜਮਾਂ ਤੇ ਸਥਾਨਕ ਸਰਕਾਰਾਂ ਦੇ ਕਾਮਿਆਂ ਦੀਆਂ ਯੂਨੀਅਨਾਂ ਆਪਣੀਆਂ ਤਨਖਾਹਾਂ ਵਿਚ ਵਾਧੇ ਦੀ ਮੰਗ ਕਰਦੀਆਂ ਹੋਈਆਂ, ਹੜਤਾਲ ਕਰਨ ਵੱਲ ਵੱਧ ਰਹੀਆਂ ਹਨ।
ਬਿਨ੍ਹਾਂ ਸ਼ੱਕ, ਬਿ੍ਰਟੇਨ ਦੇ ਰੇਲ ਕਾਮਿਆਂ ਦੀ ਇਹ ਹੜਤਾਲ ਬਹੁਤ ਹੀ ਸਫਲ ਤੇ ਵਿਆਪਕ ਤਾਂ ਹੈ ਹੀ, ਇਸਦੀ ਸਫਲਤਾ ਸਮੁੱਚੇ ਯੂਰਪ ਦੀ ਕਿਰਤੀ ਲਹਿਰ ਨੂੰ ਨਵੀਂ ਉਰਜਾ ਪ੍ਰਦਾਨ ਕਰੇਗੀ।

ਰਵੀ ਕੰਵਰ

Scroll To Top