ਨੌਜਵਾਨ ਸਭਾ ਨੂੰ ਮਜ਼ਬੂਤ ਕਰਨ ਦੀ ਅਹਿਮ ਲੋੜ by admin December 15, 2020 0 Shares 0 0 ਦੇਸ਼ ਦੇ ਨੌਜਵਾਨਾਂ ਅੱਗੇ ਚਣੌਤੀਆਂ ਦਾ ਢੇਰ ਲੱਗਾ ਹੋਇਆ ਹੈ, ਜਿਨ੍ਹਾਂ ‘ਚੋਂ ਬੇਰੁਜ਼ਗਾਰੀ ਦਾ ਡੰਗ ਸਭ ਤੋਂ ਤਿੱਖਾ ਹੈ। ਰੁਜ਼ਗਾਰ ਨਾ ਮਿਲਣ ਕਾਰਨ ਨਿਰਾਸ਼ਾ ਵੱਸ ਅਜੋਕੇ ਦੌਰ ਦਾ ਨੌਜਵਾਨ ਨਸ਼ਿਆਂ ‘ਚ ਗਰੱਸਿਆਂ ਜਾ ਰਿਹਾ ਹੈ। ਕੋਈ ਸਮਾਂ ਸੀ ਜਦੋਂ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਲਹਿਰਾਂ ਦੀ ਪੂਰੀ ਚੜਤ ਸੀ, ਜਿਸ ਦੇ ਸਿੱਟੇ ਵਜੋਂ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਹੋਈਆ। ਬੱਸਾਂ ਦੇ ਪਾਸ ਲਾਗੂ ਕਰਵਾਉਣਾ ਇਸ ਘੋਲ ਦਾ ਹੀ ਸਿੱਟਾ ਸੀ। ਉਸ ਵੇਲੇ ਦੇ ਨੌਜਵਾਨ ਜਥੇਬੰਦ ਹੋ ਕੇ ਸੰਘਰਸ਼ ਕਰਦੇ ਅਤੇ ਪ੍ਰਾਪਤੀਆਂ ਵੀ ਕਰਦੇ ਸਨ। ਬੇਰੁਜ਼ਗਾਰੀ ਭੱਤੇ ਦੀ ਅਹਿਮ ਮੰਗ ਵੀ ਇਕ ਹੱਦ ਤੱਕ ਮਨਵਾ ਲਈ ਗਈ ਸੀ।ਧਰਮ ਨੂੰ ਰਾਜਨੀਤੀ ਨਾਲ ਮਿਲਾਉਣ ਕਾਰਨ ਪੰਜਾਬ ਦੇ ਹਲਾਤ ਵਿਗੜ ਗਏ, ਜਿਸ ਨੇ ਨੌਜਵਾਨ ਲਹਿਰ ਦਾ ਢਾਡਾ ਨੁਕਸਾਨ ਕੀਤਾ। ਅਨੇਕਾਂ ਆਗੂ ਅਤੇ ਵਰਕਰ ਸ਼ਹਾਦਤ ਦਾ ਜਾਮ ਪੀ ਗਏ। ਸੋਵੀਅਤ ਸੰਘ ਦੀ ਹੋਂਦ ਕਾਰਨ ਵੀ ਨੌਜਵਾਨਾਂ ਅਤੇ ਵਿਦਿਆਰਥੀਆਂ ‘ਚ ਬਹੁਤ ਉਤਸ਼ਾਹ ਸੀ। ਕਿਉਂਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨਾਲ ਮੇਲ ਕਰਦਾ ਹੋਇਆ ਇੱਕ ਰਾਜ ਪ੍ਰਬੰਧ ਸੀ। ਇਹ ਪ੍ਰਬੰਧ ਹੀ ਬਰਾਬਰਤਾ ਵਾਲਾ ਅਤੇ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ’ ਬੰਦ ਕਰਵਾਉਣ ਦਾ ਰਾਹ ਦਸੇਰਾ ਵੀ ਸੀ। ਲੰਘੀ ਸਦੀ ਦੇ ਆਖਰੀ ਦਹਾਕੇ ਦੇ ਆਰੰਭ ‘ਚ ਸੋਵੀਅਤ ਸੰਘ ਨੂੰ ਲੱਗੀਆਂ ਪਛਾੜਾਂ ਕਾਰਨ ਨੌਜਵਾਨਾਂ ਦਾ ਉਤਸ਼ਾਹ ਕੁੱਝ ਮੱਠਾ ਵੀ ਪਿਆ। ਇਸ ਦੇ ਬਾਵਜੂਦ ਲਹਿਰ ਨੇ ਆਪਣੀ ਸਮਰਥਾਂ ਮੁਤਾਬਿਕ ਕੰਮ ਜਾਰੀ ਰੱਖਿਆ।ਨੌਜਵਾਨ ਜਦੋਂ ਦੇਸ਼ ਦੀ ਬੁਰਜੂਆਜ਼ੀ ਤੋਂ ਆਸਾਂ ਰੱਖਣ ਲੱਗ ਪੈਣ ਤਾਂ ਲਹਿਰ ਦਾ ਕਮੋਜ਼ਰ ਹੋਣਾ ਨਿਸ਼ਚਤ ਹੀ ਹੁੰਦਾ ਹੈ। ਦੇਸ਼ ਦੀ ਬੁਰਜ਼ੂਆਜ਼ੀ ਦੇ ਆਪਣੇ ਹਿੱਤ ਹੁੰਦੇ ਹਨ ਅਤੇ ਉਨ੍ਹਾਂ ਨੂੰ ਨੌਜਵਾਨਾਂ ਦੇ ਹਿੱਤ ਕੁਰਬਾਨ ਕਰਨ ਲੱਗਿਆ ਕਦੇ ਵੀ ਦੇਰ ਨਹੀਂ ਲੱਗ ਸਕਦੀ। ਨਸ਼ੇ ਦਾ ਵੱਡਾ ਹਮਲਾ ਵੀ ਉਸ ਲੜੀ ਦਾ ਹੀ ਹਿੱਸਾ ਹੈ। ਦੇਸ਼ ਦੇ ਹਾਕਮਾਂ ਨੂੰ ਇਹ ਭਲੀ ਭਾਂਤ ਪਤਾ ਹੰਦਾ ਹੈ ਕਿ ਇਹ ਨਸ਼ਾ ਕਿਥੋਂ ਆ ਰਿਹਾ ਹੈ ਅਤੇ ਇਸ ਦੀ ਵਰਤੋਂ ਕੌਣ ਕਰ ਰਿਹਾ ਹੈ। ਰਾਜਨੀਤਕ ਧਿਰਾਂ, ਪੁਲੀਸ ਅਤੇ ਸਮਗਲਰਾਂ ਦਾ ਆਪਸੀ ਗੱਠਜੋੜ ਨਸ਼ਿਆਂ ਦੇ ਦਰਿਆ ਵਗਾ ਰਹੇ ਹਨ। ਨੌਜਵਾਨ ਵਰਗ ਇਸ ਹਮਲੇ ਦਾ ਸ਼ਿਕਾਰ ਹੋ ਰਿਹਾ ਹੈ। ਨਸ਼ੇ ‘ਚ ਲੱਗੇ ਨੌਜਵਾਨਾਂ ਨੂੰ ਇਸ ਸਮੱਸਿਆਂ ‘ਚੋਂ ਕੱਢਣ ਲਈ ਵੀ ਨੌਜਵਾਨਾਂ ਨਾਲ ਜਿਆਦਤੀ ਕੀਤੀ ਜਾ ਰਹੀ ਹੈ। ਉਹ ਇਸ ਨੂੰ ਅਮਨ ਕਾਨੂੰਨ ਦੀ ਸਮੱਸਿਆਂ ਵਾਂਗ ਹੀ ਦੇਖਦੇ ਹਨ। ਨਸ਼ੇ ‘ਚ ਲੱਗੇ ਨੌਜਵਾਨਾਂ ਨੂੰ ਉਹ ਜ਼ੇਲ੍ਹ ਭੇਜਦੇ ਹਨ ਪਰ ਨਸ਼ਾ ਛੁਡਵਾਉਣ ਲਈ ਉੱਦਮ ਨਹੀਂ ਕਰਦੇ। ਜਿਸ ਕਾਰਨ ਅਜਿਹੇ ਨੌਜਵਾਨ ਲਗਾਤਾਰ ਇਸ ਸਮੱਸਿਆਂ ‘ਚ ਘਿਰੇ ਰਹਿੰਦੇ ਹਨ ਅਤੇ ਦੇਸ਼ ਦੇ ਹਾਕਮ ਉਨ੍ਹਾਂ ਨੂੰ ਬਚਾਉਣ ਦੇ ਦਾਅਵੇ ਕਰ ਰਹੇ ਹਨ।ਅਜਿਹੀ ਸਥਿਤੀ ‘ਚ ਇੱਕ ਮਜ਼ਬੂਤ ਨੌਜਵਾਨ ਲਹਿਰ ਦੀ ਬਹੁਤ ਹੀ ਅਹਿਮ ਲੋੜ ਹੈ। ਜਦੋਂ ਪਹਿਲਾਂ ਚੱਲ ਰਹੀਆਂ ਲਹਿਰਾਂ ਦੇਸ਼ ਦੇ ਹਾਕਮਾਂ ‘ਤੇ ਟੇਕ ਰਖ ਰਹੀਆਂ ਹੋਣ ਤਾਂ ਉਸ ਵੇਲੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਪਰਨਾਈ ਹੋਈ ਇੱਕ ਲਹਿਰ ਦੀ ਹੋਰ ਵੀ ਵਧੇਰੇ ਵੱਡੀ ਲੋੜ ਬਣ ਜਾਂਦੀ ਹੈ। ਇਸ ਅਧਾਰ ‘ਤੇ ਹੀ ਪੰਜਾਬ ਦੇ ਕੁੱਝ ਨੌਜਵਾਨਾਂ ਨੇ ਚਿੰਤਨ ਕਰਨ ਉਪਰੰਤ, ਨੌਜਵਾਨਾਂ ਦੀ ਨਿਰਾਸ਼ਾ ਤੋੜਦਿਆਂ 24 ਮਈ 2002 ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਗਠਨ ਕੀਤਾ। ਜਲੰਧਰ ਦੇ ਦੇਸ਼ ਭਗਤ ਯਾਦਾਗਰ ਹਾਲ ‘ਚ ਕੀਤੀ ਆਪਣੀ ਪਹਿਲੀ ਕਾਨਫਰੰਸ ਦਾ ਉਦਘਾਟਨ ਉਸ ਵੇਲੇ ਦੇ ਦੇਸ਼ ਭਗਤ ਯਾਦਗਰ ਕਮੇਟੀ ਦੇ ਪ੍ਰਧਾਨ ਬਾਬਾ ਭਗਤ ਸਿੰਘ ਬਿਲਗਾ ਨੇ ਕੀਤਾ। ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਕਿਸੇ ਯੂਨੀਵਰਸਿਟੀ ‘ਚ ਚੇਅਰ ਸਥਾਪਤ ਕਰਨ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਡਾਕ ਟਿਕਟ ਜਾਰੀ ਕਰਨ ਦੀ ਮੰਗ ਸਮੇਤ ਪਹਿਲੀ ਵਾਰ 28 ਸਤੰਬਰ ਨੂੰ ਖਟਕੜ ਕਲਾਂ ‘ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦੀ ਆਰੰਭਤਾ ਕਰਨ ਦਾ ਸਿਹਰਾ ਵੀ ਇਸ ਸਭਾ ਦੇ ਹਿੱਸੇ ਆਇਆ ਹੈ। ਸਭਾ ਨੇ ਮਨੁੱਖੀ ਲੋੜਾਂ ਲਈ ਤਿੰਨ ਮੁੱਦਿਆਂ ਨੂੰ ਨਾਅਰੇ ਦੇ ਰੂਪ ‘ਚ ਘਰ-ਘਰ ਪੁੱਜਦਾ ਕੀਤਾ। ‘ਬਰਾਬਰ ਵਿੱਦਿਆ, ਸਿਹਤ ਤੇ ਰੁਜ਼ਗਾਰ -ਸਭ ਦਾ ਹੋਵੇ ਇਹ ਅਧਿਕਾਰ’ ਤਹਿਤ ਲਾਮਬੰਦੀ ਕੀਤੀ ਗਈ। ਸ਼ਹੀਦ ਭਗਤ ਸਿੰੰਘ ਅਤੇ ਸਾਥੀਆਂ ਵੱਲੋਂ ਗਠਿਤ ਨੌਜਵਾਨ ਸਭਾ ਦੀ 75 ਵੀਂ ਵਰੇਗੰਢ ਮੌਕੇ ਉਨ੍ਹਾਂ ਹੀ ਤਰੀਕਾਂ ‘ਤੇ ਬਕਾਇਦਾ ਪਹਿਲਾ ਅਜਲਾਸ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਦੇਸ਼ ਦੀ ਇਤਿਹਾਸਕ ਧਰੋਹਰ ਨਾਲ ਜੋੜਨ ਦਾ ਕੰਮ ਕੀਤਾ ਗਿਆ।ਇਸ ਦੌਰਾਨ ਜਦੋਂ ਜੱਲਿਆਂ ਵਾਲੇ ਬਾਗ ਦੀ ਦਿੱਖ ‘ਸਵਾਰਨ’ ਦੇ ਦੇ ਨਾਮ ‘ਤੇ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਨ ਜਾਣ ਵਾਲਿਆਂ ਲਈ ਸਰਕਾਰ ਵਲੋਂ ਟਿਕਟ ਲਗਾਉਣੀ ਆਰੰਭ ਕੀਤੀ ਗਈ ਤਾਂ ਸਭਾ ਨੇ ਇਸ ਦਾ ਵਿਰੋਧ ਕੀਤਾ। ਦੂਜੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਘੋਲ ਆਰੰਭ ਕੀਤਾ, ਜਿਸ ਦੇ ਸਿੱਟੇ ਵਜੋਂ ਟਿਕਟ ਬੰਦ ਕਰਵਾਈ। ਸਿਰਫ ਟਿਕਟ ਹੀ ਬੰਦ ਨਹੀਂ ਕਰਵਾਈ ਸਗੋਂ ਇਸ ਦੀ ਬੁਨਿਆਦੀ ਦਿੱਖ ਨੂੰ ਉਜਾੜਨ ਦਾ ਜਿਹੜਾ ਕੰਮ ਕੀਤਾ ਜਾਣਾ ਸੀ, ਉਹ ਪੱਕੇ ਤੌਰ ‘ਤੇ ਬੰਦ ਕਰਵਾਇਆ। ਹਾਕਮ ਉਸ ਗਲੀ ਨੂੰ ਤੋੜ ਦੇਣਾ ਚਾਹੁੰਦੇ ਸਨ, ਜਿਥੋਂ ਅੰਗਰੇਜ਼ ਨੇ ਆਮ ਲੋਕਾਂ ‘ਤੇ ਗੋਲੀਆਂ ਚਲਾਈਆਂ। ਗਲੀ ਨੂੰ ਤੋੜਨ ਦਾ ਅਰਥ ਨਵੀਂ ਪੀੜ੍ਹੀ ਨੂੰ ਇਹ ਪਤਾ ਹੀ ਨਹੀਂ ਲਗਣਾ ਸੀ ਕਿ ਹਮਲਾ ਕਿੱਡਾ ਵੱਡਾ ਸੀ ਅਤੇ ਲੋਕਾਂ ਦੇ ਭੱਜਣ ਦਾ ਵੀ ਕੋਈ ਰਸਤਾ ਨਹੀਂ ਸੀ। ਸ਼ਹੀਦ ਮਦਨ ਲਾਲ ਢੀਂਗਰਾ ਦੇ ਘਰ ਨੂੰ ਵੇਚਣ ਦਾ ਵਿਰੋਧ ਵੀ ਕੀਤਾ ਅਤੇ ਇਸ ਨੂੰ ਕੌਮੀ ਯਾਦਗਾਰ ਐਲਾਨਣ ਦੀ ਵੀ ਮੰਗ ਕੀਤੀ ਗਈ।Áਜੋਕੇ ਦੌਰ ‘ਚ ਜਦੋਂ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਹਰ ਰੰਗ ਦੇ ਹਾਕਮ ਧੜੱਲੇ ਨਾਲ ਲਾਗੂ ਕਰ ਰਹੇ ਹੋਣ ਤਾਂ ਨੌਜਵਾਨਾਂ ਦੀਆਂ ਮੁਸ਼ਕਲਾਂ ਪਹਿਲਾਂ ਨਾਲੋਂ ਹੋਰ ਵਧੇਰੇ ਡੂੰਘੀਆਂ ਹੋਈਆਂ ਹਨ। ਇਨ੍ਹਾਂ ਨੀਤੀਆਂ ਸਦਕਾ ਰੁਜ਼ਗਾਰ ਦੇ ਨਵੇਂ ਮੌਕੇ ਨਾ ਮਿਲਣ ਕਾਰਨ ਬੇਰੁਜ਼ਗਾਰੀ ‘ਚ ਹੋਰ ਅਥਾਹ ਵਾਧਾ ਹੋਵੇਗਾ ਅਤੇ ਤੇਜ਼ੀ ਨਾਲ ਹੋ ਰਿਹਾ ਹੈ। ਦੇਸ਼ ਦੇ ਹਾਕਮ ਸਰਕਾਰੀ ਨੌਕਰੀਆਂ ਤੋਂ ਹੱਥ ਪਿੱਛੇ ਖਿੱਚ ਰਹੇ ਹੋਣ ਕਾਰਨ ਸਦੀਆਂ ਤੋਂ ਲਿਤਾੜੇ ਜਾਂਦੇ ਰਹੇ ਦਲਿਤਾਂ ਆਦਿ ਨੂੰ ਰਿਜ਼ਰਵਸ਼ੇਨ ਦੇ ਨਾਂ ‘ਤੇ ਮਿਲਣ ਵਾਲੀ ਥੋੜੀ ਬਹੁਤ ਰਾਹਤ ਵੀ ਖਤਮ ਹੋਣ ਕਿਨਾਰੇ ਹੋ ਗਈ ਹੈ। ਥੋੜੀ ਬਹੁਤ ਹੋਣ ਵਾਲੀ ਭਰਤੀ ਵੀ ਠੇਕੇ ‘ਤੇ ਹੋਣ ਲੱਗ ਪਈ ਹੈ। ਠੇਕੇ ‘ਤੇ ਹੋਈ ਭਰਤੀ ‘ਹਾਇਰ ਐਂਡ ਫਾਇਰ’ ਦੇ ਅਸੂਲਾਂ ਤਹਿਤ ਹੀ ਕੀਤੀ ਜਾਂਦੀ ਹੈ। ”ਵਰਤੋ ਅਤੇ ਵਰਤਣ ਬਾਅਦ ਘਰ ਨੂੰ ਤੋਰ ਦਿਓ” ਤਹਿਤ ਨੌਜਵਾਨਾਂ ‘ਤੇ ਰੁਜ਼ਗਾਰ ਦੇ ਖਤਰੇ ਖੜ ਗਏ ਹਨ। ਅੱਠ ਘੰਟੇ ਦੀ ਦਿਹਾੜੀ ਵਾਲਾ ਕੰਮ ਖਤਮ ਹੋਣ ਕਿਨਾਰੇ ਹੋ ਗਿਆ ਹੈ। ਸਾਲਾਨਾ ਪੈਕੇਜ਼ ਹੋਣ ਕਾਰਨ ਚੌਵੀ ਘੰਟੇ ਲਈ ਕੰਮ ਦੀਆਂ ਬੰਦਸ਼ਾਂ ਲਗਾ ਦਿੱਤੀਆਂ ਗਈਆ ਹਨ। ਦੁਨੀਆ ਭਰ ਦੇ ਸਾਮਰਾਜੀ ਦੇਸ਼ ਆਪਣੇ ਮੁਨਾਫ਼ੇ ਦੀ ਦੌੜ ‘ਚ ਕਿਰਤ ਕਨੂੰਨਾਂ ਨੂੰ ਪੇਤਲਾ ਕਰਨ ਤੇ ਨਿਰੋਲ ਕਾਗਜ਼ੀ ਰੂਪ ਦੇਣ ਉਪਰ ਲੱਗੇ ਹੋਏ ਹਨ। ਜਿਸ ਕਾਰਨ ਲਗਾਈ ਕਿਰਤ ਸ਼ਕਤੀ ਦੀ ਸਹੀ ਕੀਮਤ ਮਿਲਣੀ ਔਖੀ ਹੋਣ ਲੱਗ ਪਈ ਹੈ। ਅਜਿਹੀ ਸਥਿਤੀ ‘ਚ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਇੱਕ ਵੱਡੀ ਲਹਿਰ ਦੀ ਲੋੜ ਹੈ, ਇਹ ਲਹਿਰ ਹੀ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਮਸਲੇ ਹੱਲ ਕਰਨ ‘ਚ ਸਹਾਈ ਹੋ ਸਕਦੀ ਹੈ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾਂ ਨਾਲ ਪਰਨਾਈ ਹੋਈ ਲਹਿਰ ਤੋਂ ਬਿਨ੍ਹਾਂ ਕਿਸੇ ਵੀ ਫਿਰਕੂ ਅਤੇ ਜਾਤ ਅਧਾਰਤ ਲਹਿਰ ਇਸ ਦਾ ਬਦਲ ਨਹੀਂ ਹੋ ਸਕਦੀ। ਅਜਿਹੀਆਂ ਲਹਿਰਾਂ ਨੌਜਵਾਨਾਂ ਨੂੰ ਜਾਤ ਅਤੇ ਧਰਮ ਦੇ ਨਾਂ ਹੇਠ ਇੱਕ ਵਾਰ ਜ਼ਰੂਰ ਖਿੱਚਦੀਆਂ ਹਨ ਪਰ ਆਖਰ ਇਸ ਦੇ ਨਤੀਜੇ ਬਹੁਤ ਹੀ ਘਾਤਕ ਨਿਕਲਦੇ ਹਨ। ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬਣਾਈ ਨੌਜਵਾਨ ਸਭਾ ਦੇ ਪ੍ਰੋਗਰਾਮ ਤੋਂ ਸੇਧ ਲੈ ਕੇ ਧਰਮ, ਜਾਤ ਅਤੇ ਲਿੰਗ ਆਦਿ ਤੇ ਵਿਤਕਰੇ ਤੋਂ ਬਿਨ੍ਹਾਂ ਗਠਤ ਕੀਤੀ ਨੌਜਵਾਨ ਲਹਿਰ ਹੀ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਸਹਾਈ ਸਿੱਧ ਹੋ ਸਕਦੀ ਹੈ। ਜਿਸ ‘ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਮੋਹਰੇ ਹੋ ਕੇ ਰੋਲ ਨਿਭਾ ਰਹੀ ਹੈ। ਇਸ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਢਾਡੀ ਲੋੜ ਹੈ। ਉਮੀਦ ਹੈ ਕਿ ਨੌਜਵਾਨ ਪੀੜ੍ਹੀ ਹਾਕਮਾਂ ਦੇ ਵੱਡੇ ਹਮਲੇ ਦਾ ਮੁਕਾਬਲਾ ਕਰਦੀ ਹੋਈ ਭਵਿੱਖ ਵਿਚ ਇਸ ਲਹਿਰ ਨੂੰ ਹੋਰ ਮਜ਼ਬੂਤ ਕਰੇਗੀ। – ਸਰਬਜੀਤ ਗਿੱਲ 0 0