Now Reading
ਖੱਬੇ ਪੱਖ ਦਾ ਸਾਂਝਾ ਹੱਲਾ ਹੀ ਰੋਕ ਸਕਦਾ ਹੈ ਫਿਰਕੂ ਫਾਸ਼ੀ ਹਮਲੇ

ਖੱਬੇ ਪੱਖ ਦਾ ਸਾਂਝਾ ਹੱਲਾ ਹੀ ਰੋਕ ਸਕਦਾ ਹੈ ਫਿਰਕੂ ਫਾਸ਼ੀ ਹਮਲੇ

ਮੱਖਣ ਕੁਹਾੜ
3 ਮਾਰਚ 2018 ਨੂੰ ਤ੍ਰਿਪੁਰਾ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਂਦੇ ਹੀ ਭਾਰਤੀ ਜਨਤਾ ਪਾਰਟੀ ਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੀਆਂ ਵੜਾਛਾਂ ਖਿੜ ਗਈਆਂ। ਉਨ੍ਹਾਂ ਨੂੰ ਜਿਵੇਂ ਆਪਣਾ ਅਸਲ ਮਕਸਦ ਪੂਰਾ ਹੁੰਦਾ ਦਿਸਣ ਲੱਗਾ। ਧੁਰ ਦੱਖਣਪੰਥੀ/ਕੱਟੜਪੰਥੀ ਤਾਕਤਾਂ ਨੇ ਆਪਣੀ ਇਸ ਜਿੱਤ ‘ਤੇ ਖੂਬ ਖੁਸ਼ੀ ਮਨਾਈ। ਐਨੇ ਚਾਂਭਲੇ ਕਿ ਉਨ੍ਹਾਂ ਨੇ ਮਹਾਨ ਇਨਕਲਾਬੀ ਯੋਧੇ ਕਾਮਰੇਡ ਵਲਾਦੀਮੀਰ ਇਲੀਚ ਲੈਨਿਨ ਦੇ ਦੋ ਥਾਵਾਂ ‘ਤੇ ਸਥਾਪਤ ਬੁੱਤ ਜੇ.ਸੀ.ਬੀ. ਮਸ਼ੀਨ ਨਾਲ ਤੋੜ ਦਿਤੇ। ਇਥੇ ਹੀ ਬੱਸ ਨਹੀਂ, ਉਨ੍ਹਾਂ ਸੀ.ਪੀ.ਆਈ. (ਐਮ.) ਦੇ ਕੈਡਰ ‘ਤੇ ਹਮਲੇ ਕੀਤੇ। ਉਨ੍ਹਾਂ ਦੇ ਦਫ਼ਤਰ ਸਾੜ ਦਿੱਤੇ। ਘਰਾਂ ਨੂੰ ਅੱਗ ਲਾ ਦਿੱਤੀ। ਭਾਜਪਾ/ਆਰ.ਐਸ.ਐਸ. ਦੇ ਖੇਤਰੀ ਤੇ ਰਾਸ਼ਟਰੀ ਆਗੂਆਂ ਨੇ ਇਸ ਹਿੰਸਕ ਕਾਰੇ ਨੂੰ ਨਿੰਦਣ ਦੀ ਬਜਾਏ ਸਗੋਂ ਹੋਰ ਉਕਸਾਇਆ। ਲੈਨਿਨ ਨੂੰ ਬਾਹਰਲੀ ਵਿਚਾਰਧਾਰਾ ਦਾ ਆਗੂ ਅਤੇ ਹਿੰਸਾਵਾਦੀ ਕਿਹਾ ਗਿਆ। ਤ੍ਰਿਪੁਰਾ ਦੇ ਗਵਰਨਰ ਨੇ ਤਾਂ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਇਸ ਨੂੰ ‘ਲੋਕਾਂ ਦਾ ਸੁਭਾਵਕ ਗੁੱਸਾ’ ਦੱਸ ਕੇ ਤੇ ‘ਨਵੀਂ ਸਰਕਾਰ ਪੁਰਾਣੀ ਸਰਕਾਰ ਦੇ ਫ਼ੈਸਲੇ ਬਦਲ ਸਕਦੀ ਹੈ’ ਕਹਿ ਕੇ ਹੋਰ ਵਾਜਿਬ ਠਹਿਰਾਇਆ। ਇਥੇ ਇਹ ਦੱਸਣਾ ਵੀ ਵਾਜ਼ਬ ਹੋਵੇਗਾ ਕਿ ਭਾਜਪਾ ਨੂੰ ਮਿਲੀਆਂ ਵੋਟਾਂ ਸੀ.ਪੀ.ਐਮ. ਨਾਲੋਂ ਘੱਟ ਹਨ।
ਭਾਜਪਾ ਦਾ ਰਾਸ਼ਟਰੀ ਆਗੂ ਐਚ. ਰਾਜਾ ਕੇਂਦਰੀ ਗ੍ਰਹਿ ਮੰਤਰੀ (ਰਾਜ) ਸ਼੍ਰੀ ਹੰਸ ਰਾਜ ਅਹੀਰ ਤੇ ਸੁਬਰਾਮਨੀਅਮ ਸਵਾਮੀ ਤੱਕ ਸਭ ਇਸ ਬੁਰਛਾਗਰਦੀ ਨੂੰ ਵਾਜਿਬ ਆਖਣ ਲੱਗੇ। ਆਰ.ਐਸ.ਐਸ./ਭਾਜਪਾ ਦੇ ਇਸ ਹਿੰਸਕ ਬ੍ਰਿਗੇਡ ਨੇ ਦੱਖਣੀ ਭਾਰਤ ਦੇ ਦ੍ਰਾਵਿੜ ਨੇਤਾ, ਦਲਿਤ ਆਗੂ ਅਤੇ ਬ੍ਰਾਹਮਣਵਾਦੀ ਸਾਮਰਾਜ ਵਿਰੁੱਧ ਲੜਾਈ ਦੇਣ ਵਾਲੇ ਲੋਕ ਨਾਇਕ ਈ.ਵੀ. ਰਾਮਾਸਵਾਮੀ, ਜਿਨ੍ਹਾਂ ਨੂੰ ਪੇਰੀਅਰ ਦੇ ਨਾਮ ਨਾਲ ਵਧੇਰੇ ਜਾਣਿਆ ਜਾਂਦਾ ਹੈ, ਦਾ ਬੁੱਤ ਵੀ ਤੋੜ ਦਿਤਾ। ਮੇਰਠ (ਯੂ.ਪੀ.) ਵਿਚ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਿਆ। ਉਧਰ ਕਲਕੱਤਾ ‘ਚ ਜਨਸੰਗ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬੁੱਤ ਵੀ ਇਸ ਮੁੰਹਿਮ ਦੀ ਲਪੇਟ ਵਿਚ ਆ ਗਿਆ। ਅੱਗ ਸਾਰੇ ਦੇਸ਼ ਵਿਚ ਫੈਲਦੀ ਗਈ ਅਤੇ ਗੱਲ ਹੱਥੋਂ ਨਿਕਲਦੀ ਵੇਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਨੂੰ ਚੁੱਪ ਤੋੜਨੀ ਪਈ ਅਤੇ ਇਸ ਵਰਤਾਰੇ ਨੂੰ ਰੋਕਣ ਲਈ ਰਾਜਾਂ ਨੂੰ ਹਦਾਇਤਾਂ ਦਿਤੀਆਂ।
ਆਰ.ਐਸ.ਐਸ. ਦੀ ਬਿੱਲੀ ਜਲਦੀ ਥੈਲੇ ਤੋਂ ਬਾਹਰ ਆ ਗਈ ਹੈ। ਜੋ ਅੱਗ ਅੰਦਰੇ ਅੰਦਰ ਧੁੱਖ ਰਹੀ ਸੀ, ਉਹ ਭਾਂਬੜ ਬਣਨ ਲੱਗੀ ਹੈ। ਦੇਸ਼ ਦੇ ਸਮੁੱਚੇ ਬੁੱਧੀਜੀਵੀ ਵਰਗ ਲਈ ਇਹ ਸੋਚਣ ਦੀ ਘੜੀ ਹੈ।
ਆਰ.ਐਸ.ਐਸ. ਹੀ ਇਸ ਸਾਰੇ ਕੁਝ ਦੀ ਸੂਤਰਧਾਰ ਹੈ। ਇਹ ਇਕ ਹਕੀਕਤ ਹੈ ਕਿ ਆਰ.ਐਸ.ਐਸ. ਨੇ ਆਜ਼ਾਦੀ ਦੀ ਲੜਾਈ ਵਿਚ ਕਦੇ ਕੋਈ ਹਿੱਸਾ ਨਹੀਂ ਪਾਇਆ। ਅੰਗਰੇਜ਼ਾਂ ਨੂੰ ਦੇਸ਼ ‘ਚੋਂ ਬਾਹਰ ਕੱਢਣ ਦੇ ਉਹ ਅਸਲ ਵਿਚ ਵਿਰੁੱਧ ਸੀ। ਸੰਵਿਧਾਨ ਬਣਨ ਸਮੇਂ ਆਰ.ਐਸ.ਐਸ. ਨੇ ਤਾਂ ਮਤਾ ਹੀ ਲਿਆਂਦਾ ਸੀ ਕਿ ਭਾਰਤੀ ਸੰਵਿਧਾਨ ਮਨੂੰ ਸਿਮਰਤੀ ‘ਤੇ ਅਧਾਰਤ ਹੋਣਾ ਚਾਹੀਦਾ ਹੈ। ਅਟਲ ਬਿਹਾਰੀ ਵਾਜਪਾਈ ਨੇ ਅੰਗਰੇਜ਼ਾਂ ਤੋਂ ਸਜ਼ਾ ਮਿਲਣ ‘ਤੇ ਅਤੇ ਅੰਡੇਮਾਨ ਦੀ ਸੈਲੂਲਰ ਜੇਲ ‘ਚੋਂ ਵੀਰ ਸਾਵਰਕਰ ਵਲੋਂ ਅੰਗਰੇਜ਼ ਸਾਮਰਾਜ ਕੋਲੋਂ ਲਿਖਤੀ ਮੁਆਫੀ ਮੰਗਣ ਦਾ ਕੀਤਾ ਗਿਆ ‘ਦੇਸ਼ ਸੇਵਾ’ ਦਾ ਕਾਰਨਾਮਾ ਇਤਿਹਾਸ ਵਿਚ ਦਰਜ ਹੈ। ਆਰ.ਐਸ.ਐਸ. ਦੇ ਹੀ ਇਕ ਆਗੂ ਨਾਥੂ ਰਾਮ ਗੌਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਸੀ। ਆਰ.ਐਸ.ਐਸ. ਜਿਸ ਨੇ ਪਹਿਲਾਂ ਜਨ ਸੰਘ ਬਣਾਈ, ਫਿਰ ਭਾਰਤੀ ਜਨਤਾ ਪਾਰਟੀ ਲਗਾਤਾਰ ਨਫ਼ਰਤ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਆਪਸ ਵਿਚ ਧਰਮਾਂ, ਜਾਤਾਂ, ਮਜ਼ਹਬਾਂ ਦੇ ਨਾਮ ‘ਤੇ ਵੰਡ ਕੇ 2014 ਵਿਚ ਭਾਜਪਾ ਨੇ ਪੂਰਨ ਬਹੁਮਤ ਨਾਲ ਸੱਤਾ ਹਾਸਲ ਕੀਤੀ ਅਤੇ 2002 ਵਿਚ ਗੁਜਰਾਤ ਵਿਚ ਫਿਰਕੂ ਦੰਗਿਆਂ ਦੌਰਾਨ ਮੁਸਲਮਾਨਾਂ ਦੇ ਲਹੂ ‘ਚ ਹੱਥ ਰੰਗਣ ਸਮੇਂ ਮੁੱਖ ਮੰਤਰੀ ਰਹੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ। ਇਸੇ ਨਫ਼ਰਤ ਦੀ ਰਾਜਨੀਤੀ ਤਹਿਤ ਹੀ ਬਾਬਰੀ ਮਸਜਿਦ ਢਾਹੀ ਗਈ ਸੀ ਤੇ ਰਾਮ ਮੰਦਰ ਬਣਾਉਣ ਨੂੰ ਮੁੱਖ ਉਦੇਸ਼ ਦੱਸਿਆ ਗਿਆ ਸੀ। ਉੜੀਸਾ ਵਿਚ ਇਕ ਪਾਦਰੀ ਨੂੰ ਇਸੇ ਨੀਤੀ ਤਹਿਤ ਹੀ ਜ਼ਿੰਦਾ ਸਾੜਿਆ ਗਿਆ। ਇਸੇ ਹੀ ਨੀਤੀ ਤਹਿਤ ਦੇਸ਼ ਭਰ ਵਿਚ ਗਊ ਰਖਿਆ ਦੇ ਨਾਮ ‘ਤੇ ਥਾਂ-ਥਾਂ ਕਤਲ ਕਰਵਾਏ। ਤਰਕਸ਼ੀਲ ਤੇ ਲੋਕਪੱਖੀ ਲੇਖਕਾਂ ਨੂੰ ਮਰਵਾ ਦਿਤਾ ਗਿਆ। ਗਊ ਮਾਸ ਰੱਖਣ ਦੇ ਸ਼ੱਕ ਵਿਚ ਦਾਦਰੀ (ਯੂ.ਪੀ.) ਦੇ ਬਾਸ਼ਿੰਦੇ ਮੁਹੰਮਦ ਅਖਲਾਕ ਨੂੰ ਆਪਣੀ ‘ਭੀੜ’ ਤੋਂ ਮਰਵਾਇਆ। ਥਾਂ-ਥਾਂ ਭੀੜ ਤੋਂ ਕਹਿਰ ਵਰਤਾਇਆ ਤੇ ‘ਭੀੜ ਤੰਤਰ’ ਦਾ ਨਵਾਂ ਵਰਤਾਰਾ ਸ਼ੁਰੂ ਕੀਤਾ।
ਆਰ.ਐਸ.ਐਸ., ਭਾਜਪਾ ਦੇ ‘ਮੋਦੀ ਰਾਜ’ ਰਾਹੀਂ ਭਾਰਤ ਵਿਚ ਹਿੰਦੂ ਰਾਜ ਸਥਾਪਤ ਕਰਨਾ ਚਾਹੁੰਦੀ ਹੈ। ਇਸ ਦੀਆਂ ਨੀਤੀਆਂ ਸਾਮਰਾਜ ਪੱਖੀ ਹਨ। ਹਿੰਦੋਸਤਾਨ ਵਿਚ ਲੋਕਰਾਜ ਰਹੇ, ਇਸ ਦੀ ਉਸ ਨੂੰ ਜਰੂਰਤ ਨਹੀਂ ਹੈ। ਲੋਕ ਰਾਜ ਦੀ ਹਿੰਦੂਰਾਜ ਦੀ ਤਾਨਾਸ਼ਾਹੀ ਕਾਇਮ ਕਰਨਾ ਉਸ ਦਾ ਉਦੇਸ਼ ਹੈ। ਹਿੰਦੋਸਤਾਨ ਦੀ ਅਜਾਰੇਦਾਰ ਸ਼੍ਰੇਣੀ (ਕਾਰਪੋਰੇਟ ਸੈਕਟਰ) ਨੂੰ ਹੋਰ ਅਮੀਰ ਕਰਨਾ ਉਸ ਦੀ ਵਿਉਂਤਬੰਦੀ ਦਾ ਹਿੱਸਾ ਹੈ। ਭਾਰਤ ਵਿਚ ਆਜ਼ਾਦੀ ਤੋਂ ਬਾਅਦ ਰਾਜ ਚਾਹੇ ਕਿਸੇ ਵੀ ਪਾਰਟੀ ਨੇ ਕੀਤਾ, ਸਭ ਦੀ ਚਾਲਕ ਸ਼ਕਤੀ ਭਾਰਤੀ ਅਜਾਰੇਦਾਰ ਘਰਾਣਿਆਂ ਦੀ ਲਾਬੀ ਹੀ ਹੈ। ਇਨ੍ਹਾਂ ਸਰਕਾਰਾਂ ਦਾ ਕਾਰਜ ਇਸ ਅਮੀਰ ਸ਼੍ਰੇਣੀ ਦੇ ਹਿੱਤਾਂ ਦੀ ਰਾਖੀ ਕਰਨਾ ਤੇ ਉਨ੍ਹਾਂ ਦੀਆਂ ਜਾਇਦਾਦਾਂ ਹੋਰ ਵਧਾਉਣਾ ਹੀ ਹੈ। ਉਹ ਸ਼੍ਰੇਣੀ ਜਿਸ ਵੀ ਸਰਮਾਏਦਾਰ ਪਾਰਟੀ ਨੂੰ ਸਮੇਂ ਤੇ ਹਾਲਾਤਾਂ ਅਨੁਸਾਰ ਆਪਣੇ ਹਿੱਤ ਵਿਚ ਸਮਝਦੀ ਹੈ, ਉਸ ਨੂੰ ਲੋਕ ਰਾਜ ਦੀਆਂ ਵੋਟਾਂ ਦਾ ਪਰਪੰਚ ਰਚਾ ਕੇ ਸੱਤਾ ਸੌਂਪ ਦਿੱਤੀ ਜਾਂਦੀ ਹੈ।  ਇਸ ਸਮੇਂ ਇਸ ਲਾਬੀ ਨੂੰ ਭਾਜਪਾ ਦਾ ਮੋਦੀ ਰਾਜ ਸਭ ਤੋਂ ਢੁੱਕਵਾਂ ਲੱਗ ਰਿਹਾ ਹੈ। ਇਸ ਦੇ 4 ਸਾਲਾ ਰਾਜ ਦੌਰਾਨ ਉਨ੍ਹਾਂ ਦੀਆਂ ਜਾਇਦਾਦਾਂ ਵਿਚ ਜਿਸ ਤੇਜ਼ੀ ਨਾਲ ਵਾਧਾ ਹੋਇਆ ਹੈ, ਉਸ ਤੇਜ਼ੀ ਨਾਲ ਪਹਿਲਾਂ ਕਦੇ ਨਹੀਂ ਹੋਇਆ। ਇਹ ਲਾਬੀ ਆਰ.ਐਸ.ਐਸ. ਦੀ ਨਫ਼ਰਤ ਦੀ ਰਾਜਨੀਤੀ ਨੂੰ ਆਪਣੇ ਵਡੇਰੇ ਹਿੱਤਾਂ ਲਈ ਅੱਗੇ ਵਧਾ ਰਹੀ ਹੈ। ਇਸ ਲਾਬੀ ਨੇ ਬਹੁਰਾਸ਼ਟਰੀ ਕਾਰਪੋਰੇਟ ਜਗਤ ਨਾਲ ਪੀਡੀ ਸਾਂਝ ਬਣਾ ਲਈ ਹੈ। ਇੰਜ ਹੁਣ ਰਾਜ ਕਰ ਰਹੀ ਪੂੰਜੀਵਾਦੀ ਜਮਾਤ ਅਤੇ ਉਸ ਦੀ ਪ੍ਰਤੀਨਿਧਤਾ ਕਰ ਰਹੀ ਭਾਜਪਾ ਨੂੰ ਸਾਮਰਾਜਵਾਦੀ ਮੁਲਕਾਂ ਨਾਲ ਕੋਈ ਵਿਰੋਧ ਨਹੀਂ ਹੈ। ਸਗੋਂ ਪਛਤਾਵਾ ਹੈ ਕਿ 1947 ਵਿਚ ਉਨ੍ਹਾਂ ਨੂੰ ਕਿਉਂ ਕਢਿਆ ਗਿਆ। ਉਹ ਚਾਹੁੰਦੇ ਨੇ ਬੱਸ ‘ਰਾਜ’ ਸਾਡਾ ਰਹੇ, ਨੀਤੀਆਂ ਦੇਸੀ-ਵਿਦੇਸ਼ੀ ਧਨਾਡਾਂ ਦੀਆਂ ਰਹਿਣ। ਲੈਨਿਨ ਵਲੋਂ ਰੂਸੀ ਕ੍ਰਾਂਤੀ ਲਿਆ ਕੇ ਸਾਮਰਾਜ ਦੀ ਵਿਰੋਧਤਾ, ਫਾਸੀਵਾਦ ਦੀ ਵਿਰੋਧਤਾ, ਅਮੀਰ ਸ਼੍ਰੇਣੀ ਦੀ ਵਿਰੋਧਤਾ ਤੇ ਜਾਤੀ ਵਖਰੇਵੇਂ ਅਤੇ ਧਾਰਮਕ ਕੱਟੜਤਾ ਦੀ ਵਿਰੋਧਤਾ ਉਸ ਦੀ ਧਰਮ ਨਿਰਲੇਪ ਤੇ ਗਰੀਬੀ ਦੇ ਖਾਤਮੇ ਦੀ ਨੀਤੀ ਨਾਲ ਸੰਘੀਆਂ ਨੂੰ ਸਖਤ ਨਫਰਤ ਹੈ। ਲੈਨਿਨ ਨੇ 1917 ‘ਚ ਮਾਰਕਸਵਾਦ ਦੇ ਵਿਗਿਆਨਕ ਫਲਸਫੇ ਨੂੰ ਲਾਗੂ ਕਰਕੇ ਰੂਸੀ ਕ੍ਰਾਂਤੀ ਲਿਆਂਦੀ। ਇਸ ਕ੍ਰਾਂਤੀ ਨੇ ਸਾਮਰਾਜਵਾਦ ਦੀ ਨੀਂਦ ਹਰਾਮ ਕਰ ਦਿੱਤੀ। ਜਰਮਨ ਦੇ ਹਿਟਲਰ ਸ਼ਾਹੀ ਦੇ ਫਾਸ਼ੀ ਰੁਝਾਨ ਦਾ ਨਾਸ਼ ਕੀਤਾ। ਇਹ ਸਾਬਤ ਕਰ ਦਿਤਾ ਕਿ ਸਾਮਰਾਜ ਦਾ ਅੰਤ ਲਾਜ਼ਮੀ ਹੈ ਅਤੇ ਇਸ ਦਾ ਇਕੋ ਇਕ ਬਦਲ ਸਮਾਜਵਾਦ ਹੈ। ਇਹ ਵੀ ਸਾਬਤ ਕਰ ਦਿਤਾ ਕਿ ਦੱਬੀ-ਕੁਚਲੀ ਗਰੀਬ ਸ਼੍ਰੇਣੀ ਇਕਮੁਠ ਹੋ ਕੇ ਇਨਕਲਾਬ ਕਰਕੇ ਅਮੀਰ ਸ਼੍ਰੇਣੀ ਤੋਂ ਰਾਜ ਸੱਤਾ ਖੋਹ ਕੇ ਆਪਣਾ ਰਾਜ ਸਥਾਪਤ ਕਰ ਸਕਦੀ ਹੈ ਅਤੇ ਇਹ ਅਟੱਲ ਹੈ। ਇਸ ਉਤਸ਼ਾਹ ਨਾਲ ਪੂਰਬੀ ਯੂਰਪ, ਏਸ਼ੀਆ ਦੇ ਚੀਨ, ਵੀਅਤਨਾਮ ਸਮੇਤ ਦੁਨੀਆਂ ਦੇ ਇਕ ਤਿਹਾਈ ਦੇਸ਼ਾਂ ਵਿਚ ਇਨਕਲਾਬ ਆਏ। ਸਮਾਜਵਾਦੀ ਪ੍ਰਬੰਧ ਸਥਾਪਤ ਹੋਇਆ। ਕਿੰਨੇ ਹੋਰ ਮੁਲਕ ਆਜ਼ਾਦ ਹੋਏ, ਭਾਰਤੀ ਲੋਕਾਂ ਨੇ ਵੀ ਲੈਨਿਨ ਦਾ ਪ੍ਰਭਾਵ ਕਬੂਲਿਆ ਤੇ ਮਾਰਕਸਵਾਦੀ ਫਲਸਫਾ ਲਾਗੂ ਕਰਦਿਆਂ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਦਾ ਯਤਨ ਕੀਤਾ। ਗ਼ਦਰੀ ਬਾਬਿਆਂ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਆਜ਼ਾਦ ਤੇ ਹਜ਼ਾਰਾਂ ਹੋਰ ਇਨਕਲਾਬੀਆਂ ਵਲੋਂ ਇਕ ਲਹਿਰ ਉਸਾਰੇ ਜਾਣ ਕਾਰਨ ਹੀ ਅਨੇਕਾਂ ਕੁਰਬਾਨੀਆਂ ਨਾਲ ਦੇਸ਼ ਆਜ਼ਾਦ ਹੋ ਸਕਿਆ। ਪਰ ਸਮਾਜਵਾਦ ਤੋਂ ਪ੍ਰਭਾਵਤ ਲਹਿਰ ਉੱਸਰੀ ਹੋਣ ਕਾਰਨ ਹੀ ਸੰਵਿਧਾਨ ਵਿਚ ‘ਸਮਾਜਵਾਦ’ ਸ਼ਬਦ ਭੂਮਿਕਾ ਵਿਚ ਦਰਜ ਕਰਨਾ ਪਿਆ। ਲੈਨਿਨ ਅੱਜ ਵੀ ਦੁਨੀਆਂ ਭਰ ਦੇ ਮਜ਼ਦੂਰਾਂ, ਕਿਸਾਨਾਂ ਤੇ ਹਰ ਗਰੀਬ ਵਰਗ ਲਈ ਚਾਨਣ ਮੁਨਾਰਾ ਹੈ, ਇਕ ਆਦਰਸ਼ ਹੈ।
ਭਾਰਤ ਦੇ ਲੋਕ ਤਾਂ ਸਮਾਜਵਾਦ ਚਾਹੁੰਦੇ ਹਨ; ਗਰੀਬਾਂ ਦਾ ਰਾਜ, ਜਿਥੇ ਸਭ ਬਰਾਬਰ ਹੋਣ। ਪਰੰਤੂ ਆਰ.ਐਸ.ਐਸ. ਦਾ ਨਿਸ਼ਾਨਾ ਸਾਮਰਾਜ ਪੱਖੀ ਤੇ ਧਰਮਾਂ-ਜਾਤਾਂ ਦੀ ਰਾਜਨੀਤੀ ਕਰਨ ਕਰਕੇ ਸੱਭ ਤੋਂ ਤਿੱਖਾ ਵਿਰੋਧ ਸਮਾਜਵਾਦ ਦੀ ਹਮਾਇਤੀ ਕਮਿਊਨਿਸਟ ਵਿਚਾਰਧਾਰਾ ਦੇ ਲੋਕਾਂ ਨਾਲ ਹੈ, ਕਿਉਂਕਿ ਇਹ ਵਿਚਾਰਧਾਰਾ ਜੋ ਸਾਮਰਾਜ ਦੀ ਵਿਰੋਧੀ ਅਤੇ ਧਰਮ ਨਿਰਪੱਖਤਾ ਤੇ ਗਰੀਬ ਦੀ ਹਮਾਇਤੀ ਹੈ। ਇਸ ਕਰਕੇ ਉਨ੍ਹਾਂ ਨੇ ਲੈਨਿਨ ਦੇ ਬੁੱਤਾਂ ਨੂੰ ਤੋੜਨ ਦੀ ਪਹਿਲ ਕੀਤੀ ਹੈ। ਇਸ ਨੀਤੀ ਤਹਿਤ ਹੀ ਉਨ੍ਹਾਂ ਦੇ ਮੁਖੀ ਮੋਹਨ ਭਾਗਵਤ ਇਹ ਦਾਅਵਾ ਕਰਦੇ ਹਨ ਕਿ ਉਹ ਆਪਣੀ ਫ਼ੌਜ ਭਾਰਤੀ ਫ਼ੌਜ ਤੋਂ ਵੀ ਵੱਡੀ ਤੇ ਕੁਝ ਦਿਨਾਂ ਵਿਚ ਹੀ ਤਿਆਰ ਕਰਨ ਦੇ ਸਮਰੱਥ ਹਨ। ਉਹ ਭਾਰਤ ਵਿਚ ਹਿੰਦੂ ਰਾਜ ਸਥਾਪਤ ਕਰਕੇ ਮੁਸਲਮਾਨਾਂ ਨੂੰ ਹਿੰਦੂ ਸੰਸਕ੍ਰਿਤੀ ਮੁਤਾਬਕ ਢਾਲਣਾ ਜਾਂ ਬਾਹਰ ਭੇਜਣਾ ਲੋਚਦੇ ਹਨ। ਲੈਨਿਨ ਦੀ ਵਿਚਾਰਧਾਰਾ ਬਾਹਰ ਦੀ ਵਿਚਾਰਧਾਰਾ ਕਹਿ ਕੇ ਭੰਡਣਾ ਉਨ੍ਹਾਂ ਦਾ ਇਕ ਬਹਾਨਾ ਹੈ। ਉਹ ਆਪਣੀ ਹਿੰਦੂ ਵਿਚਾਰਧਾਰਾ ਦਾ ਤਾਂ ਦੁਨੀਆਂ ਭਰ ਵਿਚ ਪਸਾਰ ਕਰਨਾ ਲੋਚਦੇ ਹਨ, ਆਪਣੇ ‘ਯੋਗਾ’ ਨੂੰ ਅੰਤਰਰਾਸ਼ਟਰੀ ਦਿਵਸ ਵਜੋਂ ਪੇਸ਼ ਕਰਦੇ ਹਨ, ਆਪਣੇ ਬੁੱਤ ਬਾਹਰਲੇ ਦੇਸ਼ਾਂ ‘ਚ ਲਵਾ ਕੇ ਖੁਸ਼ ਹੋਣਗੇ, ਪਰ ਕਾ. ਲੈਨਿਨ, ਜਿਸ ਨੂੰ ਦੁਨੀਆਂ ਦੇ ਅਰਬਾਂ ਲੋਕ ਪਸੰਦ ਕਰਦੇ ਹਨ, ਉਸ ਦਾ ਬੁੱਤ ਵੀ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਹਨ। ਆਪਣੇ ਮਿਥਿਹਾਸ ਨੂੰ ਹੀ ਵਿਗਿਆਨ ਅਤੇ ਇਤਿਹਾਸ ਦਰਸਾ ਕੇ ਨਿਊਟਨ, ਡਾਰਵਿਨ ਤੇ ਹੋਰ ਵਿਗਿਆਨੀਆਂ ਦੇ ਸਿਧਾਂਤਾਂ ਨੂੰ ਨਕਾਰਦੇ ਹਨ। ‘ਜੋ ਪੁਰਾਤਨ ਗ੍ਰੰਥਾਂ ਵਿਚ ਹੈ, ਉਹੀ ਆਖਰੀ ਸੱਚ ਹੈ’ ਮਨਾਉਣਾ ਚਾਹੁੰਦੇ ਹਨ। ਉਹ ਭਗਤ ਸਿੰਘ ਨੂੰ ਹਾਲੇ ਤੀਕ ਅਤਿਵਾਦੀ ਹੀ ਆਖਦੇ ਹਨ। ਕਰਤਾਰ ਸਿੰਘ ਸਰਾਭੇ ਹੋਰੀਂ ਤੇ ਹੋਰ ਗਦਰੀ ਬਾਬੇ ਵੀ ਆਰ.ਐਸ.ਐਸ. ਮੁਤਾਬਕ ਅਤਿਵਾਦੀ ਹੀ ਸਨ। ਭਗਤ ਸਿੰਘ, ਜੋ ਫਾਂਸੀ ਵੇਲੇ ਵੀ ਲੈਨਿਨ ਦੀ ਕਿਤਾਬ ਪੜ੍ਹ ਰਿਹਾ ਸੀ, ਬਾਰੇ ਉਹ ਹੋਰ ਕੀ ਕਹਿਣਗੇ?
ਉਨ੍ਹਾਂ ਦਾ ਦੂਜਾ ਵਿਰੋਧ ਹਰ ਉਸ ਸੋਚ ਨਾਲ ਹੈ, ਜੋ ‘ਮਨੂਵਾਦ’ ਦਾ ਵਿਰੋਧ ਕਰਦੀ ਹੈ। ਉਹ ਬ੍ਰਾਹਮਣੀਵਾਦੀ ਪ੍ਰਬੰਧ ਫਿਰ ਤੋਂ ਸਥਾਪਤ ਕਰਨਾ ਲੋਚਦੇ ਹਨ। ਉਹ ਮੁਸਲਮਾਨਾਂ ਦੇ ਕੱਟੜ ਵਿਰੋਧੀ ਹਨ, ਦਲਿਤਾਂ ਤੇ ਔਰਤਾਂ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਣਾ ਚਾਹੁੰਦੇ ਹਨ। ਚਾਰੇ ਵਰਨਾਂ ਵਾਲੀ ਪ੍ਰਥਾ, ਜਿਸ ਵਿਚ ਬ੍ਰਾਹਮਣ ਸਭ ਤੋਂ ਉੱਪਰ ਤੇ ਰਾਜ ਭਾਗ ਦੇ ਸੰਚਾਲਕ ਹੁੰਦੇ ਹਨ, ਲਾਗੂ ਕਰਨ ਦੇ ਦ੍ਰਿੜ ਹਮਾਇਤੀ ਹਨ। ਇਸੇ ਕਰਕੇ ਹੀ ਤ੍ਰਿਪੁਰਾ ‘ਚ ਚੋਣ ਜਿੱਤ ਕੇ ਲੈਨਿਨ ਦੇ ਨਾਲ-ਨਾਲ ਹੀ ਜੋ ਅੰਦਰੇ ਅੰਦਰ ਨਫ਼ਰਤ ਫੈਲਾਈ ਸੀ, ਉਸ ਦੇ ਇਸ਼ਾਰੇ ‘ਤੇ ਤਾਮਿਲਨਾਡੂ ਵਿਚ ਪੇਰੀਅਰ ਅਤੇ ਮੇਰਠ, ਅਲੀਗੜ੍ਹ ਤੇ ਹੋਰ ਕਈ ਥਾਈਂ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤਾਂ ਨੂੰ ਨਿਸ਼ਾਨਾ ਬਣਾਇਆ ਹੈ। ਆਰ.ਐਸ.ਐਸ. ਧਰਮ ਦਾ ਹੱਥਕੰਡਾ ਵਰਤ ਕੇ ਭਾਜਪਾ ਦੇ ਰਾਜ ਨੂੰ 2019 ਚੋਣਾਂ ‘ਚ ਹੋਰ ਮਜ਼ਬੂਤ ਕਰਕੇ ਰਾਜ ਸਭਾ ਵਿਚ ਪੂਰਨ ਬਹੁਮਤ ਸਥਾਪਤ ਕਰਕੇ ਸਰਕਾਰੀ ਤੇ ਆਪਣੇ ਨਿੱਜੀ ਆਤੰਕੀ ਬ੍ਰਿਗੇਡਾਂ ਦੀਆਂ ‘ਡਾਂਗਾਂ’ ਦੇ ਜ਼ੋਰ ‘ਤੇ ਆਪਣਾ ਮਕਸਦ ਪੂਰਾ ਕਰਨ ਦੇ ਯਤਨ ਵਿਚ ਹੈ। ਉਹ ਇਸ ਮਕਸਦ ਲਈ ਹਰ ਹੀਲਾ ਵਰਤਣਗੇ। ਜੇ ਇਸ ਨੂੰ ਠੱਲ ਨਾ ਪਾਈ ਗਈ ਤਾਂ ਦੇਸ਼ ਹਿੰਦੂ ਰਾਸ਼ਟਰ ਤਾਂ ਬਣੇਗਾ ਹੀ, ਇਥੇ ‘ਮਨੂੰ ਸਿਮਰਤੀ’ ਕਾਨੂੰਨ ਵੀ ਪੁਨਰ ਸਥਾਪਤ ਹੋਵੇਗਾ। ਭਾਰਤ ਦਾ ਹਸ਼ਰ ਅਫ਼ਾਗਾਨਿਸਤਾਨ ਤੇ ਇਰਾਕ ਤੋਂ ਵੀ ਬੁਰਾ ਹੋਵੇਗਾ। ਲੋੜ ਹੈ ਦੇਸ਼ ਦੇ ਸਭ ਲੋਕ ਜੋ ਅੰਦਰੇ ਅੰਦਰ ਲੈਨਿਨ, ਅੰਬੇਦਕਰ ਤੇ ਪੇਰੀਅਰ ਦੇ ਬੁੱਤ ਤੋੜਨ ਉੱਪਰ ਬਹੁਤ ਖਫਾ ਹਨ, ਉਹ ਬਾਹਰ ਆਉਣ, ਇਕੁਮਠ ਹੋਣ ਤੇ ਆਰ.ਐਸ.ਐਸ. ਦੇ ਮਨਸੂਬਿਆਂ ਤੋਂ ਲੋਕਾਂ ਨੂੰ ਸੁਚੇਤ ਕਰਕੇ ਪੂਰੀ ਦ੍ਰਿੜਤਾ ਨਾਲ ਇਸ ਵਰਤਾਰੇ ਨੂੰ ਇਕ ਮਜ਼ਬੂਤ ਟੱਕਰ ਦੇਣ। ਵਰਨਾ ਵਕਤ ਹੱਥ ਨਹੀਂ ਆਵੇਗਾ।

Scroll To Top