Now Reading
ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਗਸਤ 2019)

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਗਸਤ 2019)

ਪਾਰਟੀ ਵਲੋਂ ਗੋਹਲਵੜ ਵਿਖੇ ਰਾਜਸੀ ਕਾਨਫਰੰਸ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਵੱਲੋਂ ਪਿੰਡ ਗੋਹਲਵੜ ਵਿਖੇ 10 ਜੁਲਾਈ ਨੂੰ ਵਿਸ਼ਾਲ ਕਾਨਫਰੰਸ ਕੀਤੀ ਗਈ। ਕਾਨਫਰੰਸ ਵਿਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਵੀ ਸਮੂਲੀਅਤ ਕੀਤੀ। ਇਸ ਦੀ ਪਰਧਾਨਗੀ ਪਾਰਟੀ ਦੇ ਜਿਲਾ ਪ੍ਰਧਾਨ ਮੁਖਤਾਰ ਸਿੰਘ ਮੱਲ੍ਹਾ, ਬਲਦੇਵ ਸਿੰਘ ਪੰਡੋਰੀ, ਜਸਪਾਲ ਸਿੰਘ ਝਬਾਲ, ਕੁਲਵੰਤ ਸਿੰਘ ਗੋਹਲਵੜ ਨੇ ਕੀਤੀ।
ਵਿਸ਼ਾਲ ਇਕੱਠ  ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਦੇਸ਼ ਦੇ ਵੱਡੇ ਪੂੰਜੀਪਤੀ ਕਾਰਪੋਰੇਟ ਘਰਾਣਿਆ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਸਾਮਰਾਜੀ ਸੰਸਥਾਵਾਂ ਦੇ ਨਿਰਦੇਸ਼ਾਂ ‘ਤੇ ਜਲ, ਜੰਗਲ, ਜਮੀਨ, ਖਣਿਜ ਅਤੇ ਕਿਰਤ ਸ਼ਕਤੀ ਨੂੰ ਲੁੱਟਣ ਲਈ ਬਹੁਕੌਮੀ ਕਾਰਪੋਰੇਸ਼ਨਾਂ ਹਵਾਲੇ ਕੀਤਾ ਜਾ ਰਿਹਾ ਹੈ । ਮੋਦੀ ਸਰਕਾਰ ਨੇ ਕੇਂਦਰੀ ਬਜਟ ਵਿੱਚ 400 ਕਰੋੜ ਰੁਪਏ ਤੋਂ ਵਧੇਰੇ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੂੰ ਟੈਕਸਾਂ ਵਿਚ ਭਾਰੀ ਛੋਟਾਂ ਦੇ ਕੇ ਮੁਨਾਫੇ ਵਿਚ ਭਾਰੀ ਵਾਧਾ ਕੀਤਾ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਮਜਦੂਰ ਅਤੇ ਕਿਸਾਨ ਸਿਰਫ ਚੋਣਾਂ ਵਿੱਚ ਹੀ ਯਾਦ ਆਉਂਦੇ ਹਨ। ਛੋਟੇ ਕਾਰੋਬਾਰ ਅਤੇ ਖੇਤੀ ਘੋਰ ਸੰਕਟ ਵਿਚ ਹਨ। ਮੋਦੀ ਸਰਕਾਰ ਵੱਲੋਂ ਟੈਕਸ ਲਾ ਕੇ ਪਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਕੀਤਾ ਗਿਆ ਵਾਧਾ ਇਸ ਸੰਕਟ ਨੂੰ ਹੋਰ ਡੂੰਘਾ ਕਰੇਗਾ। ਥੁੜਾਂ ਮਾਰੀ ਜ਼ਿੰਦਗੀ ਜਿਉਂਦੇ ਮਜਦੂਰ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਇਸਦੀ ਮੋਦੀ ਸਰਕਾਰ ਨੂੰ ਕੋਈ ਚਿੰਤਾ ਨਹੀ । ਸਾਥੀ ਪਾਸਲਾ ਨੇ ਕਿਹਾ ਆਮ ਲੋਕਾ ਦੇ ਰੋਟੀ-ਰੋਜੀ ਦੇ ਮਸਲੇ ਹੱਲ ਕਰਨ ਦੀ ਬਜਾਏ ਮੋਦੀ  ਸਰਕਾਰ ਲੋਕਾਂ ਨੂੰ ਆਪਸ ਵਿੱਚ ਵੰਡ ਰਹੀ ਹੈ। ਆਏ ਦਿਨ ਘੱਟ ਗਿਣਤੀ, ਮੁਸਲਮਾਨ ਤੇ ਇਸਾਈ ਭਾਈਚਾਰੇ ਦੇ ਲੋਕਾਂ, ਦਲਿਤਾਂ, ਔਰਤਾਂ ਉਪਰ ਹਮਲੇ ਹੋ ਰਹੇ ਹਨ। ਧਰਮਨਿਰਪੱਖ ਤਾਣੇਬਾਣੇ ਅਤੇ ਜਮਹੂਰੀ ਸੰਸਥਾਵਾਂ ਨੂੰ ਤੋੜਿਆ ਜਾ ਰਿਹਾ ਹੈ।
ਉਹਨਾਂ ਪੰਜਾਬ ਦੀ ਕਾਂਗਰਸ ਦੀ ਕੈਪਟਨ ਸਰਕਾਰ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਮੋਦੀ ਅਤੇ ਕੈਪਟਨ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਅੰਤਰ ਨਹੀਂ। ਪਟਰੋਲ, ਡੀਜ਼ਲ ਉੱਪਰ ਟੈਕਸ ਲਾ ਕੇ ਅਤੇ ਬਿਜਲੀ ਮਹਿੰਗੀ ਕਰਕੇ ਲੋਕਾਂ ਦੀਆਂ ਜੇਬਾਂ ‘ਤੇ ਡਾਕਾ ਮਾਰਿਆ ਜਾ ਰਿਹਾ ਹੈ । ਸਾਥੀ ਪਾਸਲਾ ਨੇ ਪਾਰਟੀ ਵੱਲੋਂ ਮਹਿੰਗੀ ਬਿਜਲੀ ਰਾਹੀਂ ਪੰਜਾਬੀਆਂ ਦੀ ਲੁੱਟ ਵਿਰੁੱਧ ਅਤੇ ਪਾਣੀਆਂ ਦੇ ਡੂੰਘੇ ਹੋ ਰਹੇ ਸੰਕਟ ਪ੍ਰਤੀ ਹਾਕਮਾਂ ਦੀ ਮੁਜਰਮਾਨਾ ਪਹੁੰਚ ਵਿਰੁੱਧ ਵਿੱਢੇ ਸੰਘਰਸ਼ ਵਿੱਚ ਲੋਕਾਂ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪਾਰਟੀ ਦੇ ਸੂਬਾਈ ਆਗੂ ਸਾਥੀ ਵਿਜੇ  ਮਿਸ਼ਰਾ ਨੇ ਕਿਹਾ ਕਿ ਮੋਦੀ ਸਰਕਾਰ ਰੇਲਵੇ ਦਾ ਨਿੱਜੀਕਰਨ ਕਰਕੇ ਰੇਲਵੇ ਦੀ ਖਰਬਾਂ ਰੁਪਏ ਦੀ ਜਾਇਦਾਦ ਪ੍ਰਾਈਵੇਟ ਕੰਪਨੀਆਂ ਨੂੰ ਲੁੱਟਾ ਰਹੀ  ਹੈ। ਅਤੇ ਦੇਸ਼ ਦੇ ਲੱਖਾਂ ਲੋਕਾਂ ਦਾ ਰੋਜ਼ਗਾਰ ਖੋਹ ਰਹੀ ਹੈ ਅਤੇ ਮਜਦੂਰਾਂ ਦੇ ਹੱਕਾਂ ਵਿਚ ਬਣੇ ਕਾਨੂੰਨ ਖਤਮ ਕਰ ਰਹੀ ਹੈ।
ਪਾਰਟੀ ਦੇ ਜਿਲਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਪੇਸ਼ ਕੀਤੇ ਗਏ ਮਤੇ ਰਾਹੀਂ ਮੰਗ ਕੀਤੀ ਕਿ ਬਿਜਲੀ ਦੇ ਰੇਟ ਫੌਰੀ ਅੱਧੇ ਕੀਤੇ ਜਾਣ ਅਤੇ ਬਿਜਲੀ ‘ਤੇ ਲਾਏ ਤਰ੍ਹਾਂ ਤਰ੍ਹਾਂ ਦੇ ਟੈਕਸ ਅਤੇ ਸੈਸ ਤੁਰੰਤ ਹਟਾਏ ਜਾਣ। ਪੰਜਾਬ ਦੇ ਦਰਿਆਈ ਪਾਣੀਆਂ, ਧਰਤੀ ਹੇਠਲੇ ਪਾਣੀ ਦੇ ਸੋਮੇ ਅਤੇ ਬਰਸਾਤ ਦੇ ਪਾਣੀ ਦੀ ਸਾਂਭ-ਸੰਭਾਲ ਅਤੇ ਰਾਖੀ ਕੀਤੀ ਜਾਵੇ । ਗਰੀਬ ਅਤੇ ਲੋੜਵੰਦ ਲੋਕਾਂ ਨੂੰ ਮੁਫਤ ਸਾਫ ਪੀਣ ਯੋਗ ਪਾਣੀ ਦਿੱਤਾ ਜਾਵੇ। ਇਸ ਮੌਕੇ ਚਮਨ ਲਾਲ ਦਰਾਜਕੇ, ਬਲਵਿੰਦਰ ਸਿੰਘ ਭਿੱਖੀਵਿੰਡ, ਪਾਲ ਸਿੰਘ ਜਾਮਾਰਾਏ, ਸੁਖਦੇਵ ਸਿੰਘ ਗੋਹਲਵੜ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ ਭੈਲ, ਜੋਗਿੰਦਰ ਸਿੰਘ ਮਾਣੋਚਾਹਲ, ਗੁਰਭੇਜ ਸਿੰਘ ਭੱਟੀ, ਦਲਬੀਰ ਸਿੰਘ ਬਾਗੜੀਆ, ਸਤਿਨਾਮ ਸਿੰਘ ਚੋਹਲਾ ਸਾਹਿਬ, ਬਲਕਾਰ ਸਿੰਘ ਪੰਡੋਰੀ, ਮਨਪ੍ਰੀਤ ਸਿੰਘ ਕੋਟਲੀ, ਜਸਬੀਰ ਕੌਰ ਤਰਨ ਤਾਰਨ, ਕੰਮਲਜੀਤ ਕੌਰ ਸਾਬਕਾ ਸਰਪੰਚ ਚੌਧਰੀ ਵਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਅੰਮ੍ਰਿਤਸਰ ਵਿਖੇ ਪੁਲਸ ਥਾਣੇ ਦਾ ਘਿਰਾਓ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ 14 ਜੁਲਾਈ ਨੂੰ ਅੰਮ੍ਰਿਤਸਰ ਦੇ ਥਾਣਾ ਲਹੌਰੀ ਗੇਟ ਦਾ ਘਿਰਾਓ ਕੀਤਾ ਗਿਆ। ਇਹ ਘਿਰਾਓ, 29 ਅਪ੍ਰੈਲ ਨੂੰ ਕਟੜਾ ਖਜਾਨਾ ਦੇ ਵਾਲਮੀਕਿ ਮੁਹੱਲਾ ਵਿਖੇ ਕੁੱਝ ਲੋਕਾਂ ਵਲੋਂ ਮਨੀਸ਼ਾ ਅਤੇ ਉਸਦੇ ਪਤੀ ਵਿਨੋਦ ਕੁਮਾਰ ਦੇ ਘਰ ਵਿਚ ਜਬਰੀ ਦਾਖਲ ਹੋ ਕੇ ਉਨ੍ਹਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਸ ਵਲੋਂ ਢੁਕਵੀਂ ਕਾਰਵਾਈ ਨਾ ਕਰਨ ਵਿਰੁੱਧ ਕੀਤਾ ਗਿਆ ਸੀ। ਇਸ ਮੌਕੇ ਹੋਏ ਇਕੱਠ ਨੂੰ ਪਾਰਟੀ ਆਗੂਆਂ ਕਾਮਰੇਡ ਵਿਜੇ ਮਿਸ਼ਰਾ,  ਕਾ: ਜਗਤਾਰ ਸਿੰਘ ਕਰਮਪੁਰਾ ਤੇ ਅਮਰੀਕ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ 10 ਸਾਲ ਬਾਦਲ ਸਰਕਾਰ ਲੋਕਾਂ ਨੂੰ ਖੱਜਲ ਖੁਆਰ ਕਰਦੀ ਰਹੀ ਹੈ ਅਤੇ ਹੁਣ ਕੈਪਟਨ ਦੀ ਸਰਕਾਰ ਵੀ ਲੋਕਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਉਕਤ ਆਗੂਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਤੁਰੰਤ ਐਫ.ਆਈ.ਆਰ. ਦਰਜ ਕਰਕੇ 452 ਤੇ ਹੋਰ ਬਣਦੀਆਂ ਧਰਾਵਾਂ ਲਗਾਈਆਂ ਜਾਣ।
ਇਸ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਕਾ: ਸੁਰਿੰਦਰ ਕੁਮਾਰ ਡੇਅਰੀ ਵਾਲਾ, ਡਾ: ਬਲਵਿੰਦਰ ਸਿੰਘ ਛੇਹਰਟਾ, ਬੀਬੀ ਸਵਿੰਦਰ ਕੌਰ ਗੁਮਟਾਲਾ, ਅਜੀਤ ਸਿੰਘ ਗੁਰੂਵਾਲੀ, ਕਾ: ਅਵਤਾਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਕਰਮਪੁਰਾ ਨੇ ਵੀ ਸੰਬੋਧਨ ਕੀਤਾ। ਇਸ ਇਕੱਠ ਵਿਚ ਪਹੁੰਚ ਕੇ ਐਸ.ਪੀ. ਸ਼੍ਰੀ ਜਗਜੀਤ ਸਿੰਘ ਵਾਲੀਆ ਨੇ ਫੌਰੀ ਕਾਰਵਾਈ ਕਰਨ ਦਾ ਵਿਸ਼ਵਾਸ ਦੁਆਇਆ ਤੇ ਘਿਰਾਉ ਖਤਮ ਕਰ ਦਿੱਤਾ ਗਿਆ।                           ਰਿਪੋਰਟ : ਜਗਤਾਰ ਸਿੰਘ ਕਰਮਪੁਰਾ

ਪਾਵਰਲੂਮ ਮਜ਼ਦੂਰਾਂ ਦਾ ਸੰਘਰਸ਼, ਸ਼ਾਨਦਾਰ ਜਿੱਤ ਨਾਲ ਸਮਾਪਤ
ਅੰਮ੍ਰਿਤਸਰ ਦੇ ਪਾਵਰਲੂਮ ਕੱਪੜਾ ਮਜ਼ਦੂਰਾਂ ਦਾ ਲੰਮੇ ਸਮੇਂ ਤੋਂ ਚਲ ਰਿਹਾ ਸੰਘਰਸ਼ ਮਜ਼ਦੂਰਾਂ ਦੀਆਂ ਤਨਖਾਹਾਂ ਅਤੇ ਰੇਟਾਂ ਵਿੱਚ 9% ਵਾਧੇ ਦੇ ਫੈਸਲੇ ਨਾਲ ਸਮਾਪਤ ਹੋ ਗਿਆ। ਟੈਕਸਟਾਈਲ ਮਜ਼ਦੂਰ ਏਕਤਾ ਯੂਨੀਅਨ (ਏਟਕ), ਸਨਅਤੀ ਮਜ਼ਦੂਰ ਯੂਨੀਅਨ (ਸੀਟੂ) ਅਤੇ ਸੀ.ਟੀ.ਯੂ. ਪੰਜਾਬ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੀ ਕਪੜਾ ਸਨਅਤ ਵਿੱਚ ਕੰਮ ਕਰਦੇ ਪਾਵਰਲੂਮ ਮਜ਼ਦੂਰ ਦਸੰਬਰ ਮਹੀਨੇ ਤੋਂ ਤਨਖਾਹਾਂ ਅਤੇ ਮਜਦੂਰੀ ਰੇਟਾਂ ਵਿੱਚ ਵਾਧੇ ਲਈ ਸੰਘਰਸ਼ ਕਰ ਰਹੇ ਸਨ। ਇਸ ਸਬੰਧੀ ਮਜ਼ਦੂਰ ਯੂਨੀਅਨਾਂ ਵੱਲੋਂ ਮਾਲਕਾਂ ਦੀ ਜਥੇਬੰਦੀ, ਟੈਕਸਟਾਈਲ ਮੈਨੂਫੈਕਚਰਰਜ਼ ਐਸੋਸੀਏਸ਼ਨ ਨਾਲ ਹੋਏ ਸਮਝੌਤੇ ਦੀ ਮਿਆਦ 31 ਦਸੰਬਰ 2018 ਨੂੰ ਖਤਮ ਹੋ ਗਈ ਸੀ। ਨਵੇਂ ਸਮਝੌਤੇ ਲਈ ਮਜ਼ਦੂਰ ਯੂਨੀਅਨਾਂ ਵੱਲੋਂ ਮਾਲਕਾਂ ਨੂੰ ਨੋਟਿਸ ਦਿੱਤਾ ਗਿਆ, 8-9 ਜਨਵਰੀ ਦੀ ਦੇਸ਼ ਵਿਆਪੀ ਕੇਂਦਰੀ ਹੜਤਾਲ ਦੇ ਮੌਕੇ ਵੀ 2 ਦਿਨ ਦੀ ਹੜਤਾਲ ਕੀਤੀ ਗਈ ਸੀ ਅਤੇ ਹੋਰ ਮੰਗਾਂ ਦੇ ਨਾਲ ਨਾਲ ਇਸ ਮੰਗ ਨੂੰ ਵੀ ਉਭਾਰਿਆ ਗਿਆ ਸੀ। ਫਿਰ 27 ਜੂਨ ਨੂੰ ਇਕ ਦਿਨ ਦੀ ਹੜਤਾਲ ਕੀਤੀ ਗਈ। ਅਗਲੀ ਹੜਤਾਲ 2 ਦਿਨ ਦੀ 12-13 ਜੁਲਾਈ ਨੂੰ ਸੀ ਅਤੇ ਮੰਗਾਂ ਦੇ ਨਾ ਮੰਨੇ ਜਾਣ ਦੀ ਸੂਰਤ ਵਿਚ ਇਸਨੂੰ ਅਣਮਿੱਥੇ ਸਮੇਂ ਵਿਚ ਬਦਲ ਦਿੱਤਾ ਜਾਣਾ ਸੀ। ਇਸਦੇ ਮੱਦੇਨਜ਼ਰ ਮਾਲਕਾਂ ਦੀ ਐਸੋਸੀਏਸ਼ਨ ਨੇ ਮਜ਼ਦੂਰ ਯੂਨੀਅਨਾਂ ਨਾਲ ਗਲਬਾਤ ਸ਼ੁਰੂ ਕੀਤੀ ਅਤੇ ਇਸਦੇ ਸਿੱਟੇ ਵਜੋਂ ਕੱਪੜਾ ਸਨਅਤ ਵਿੱਚ ਕੰਮ ਕਰਦੇ ਪਾਵਰਲੂਮਾਂ ਦੇ ਮਜ਼ਦੂਰਾਂ ਦੀਆਂ ਤਨਖਾਹਾਂ ਅਤੇ ਰੇਟਾਂ ਵਿੱਚ ਵਾਧੇ ਦਾ ਫੈਸਲਾ 9 ਜੁਲਾਈ ਨੂੰ ਲੰਮਾ ਸਮਾਂ ਚੱਲੀ ਦੋਹਾਂ ਧਿਰਾਂ ਦੀ ਮੀਟਿੰਗ ਤੋਂ ਬਾਅਦ ਰਾਤ 10:30 ਵਜੇ ਹੋ ਗਿਆ। ਅੰਮ੍ਰਿਤਸਰ ਬੇਰੀਗੇਟ ਦੇ ਸਾਹਮਣੇ ਪਾਰਕ ਵਿੱਚ ਸਾਰੇ ਸ਼ਹਿਰ ਦੇ ਮਜ਼ਦੂਰਾਂ ਦੀ ਵਿਸ਼ਾਲ ਰੈਲੀ ਵਿਚ ਇਸ ਫੈਸਲੇ ਦਾ ਐਲਾਨ ਕੀਤਾ ਗਿਆ। ਮਾਲਕਾਂ ਦੇ ਨੁਮਾਇੰਦੇ ਸ੍ਰੀ ਜੋਗਿੰਦਰ ਮੌਂਰਸ(ਟੋਨੀ), ਸ੍ਰੀ ਨਰਿੰਦਰ ਸੂਰੀ, ਸ੍ਰੀ ਦਲੀਪ ਸ਼ਰਮਾ, ਸ੍ਰੀ ਸੁਰਿੰਦਰ ਸਿੰਘ (ਰਾਜੂ) ਅਤੇ ਮਜ਼ਦੂਰ ਯੂਨੀਅਨਾਂ ਵੱਲੋਂ ਅਮਰਜੀਤ ਸਿੰਘ ਆਸਲ, ਅਮਰੀਕ ਸਿੰਘ, ਸੁੱਚਾ ਸਿੰਘ ਅਜਨਾਲਾ, ਬ੍ਰਹਮਦੇਵ ਸ਼ਰਮਾ, ਜੀਤ ਰਾਜ, ਜਗਤਾਰ ਸਿੰਘ ਕਰਮਪੁਰਾ, ਮੋਹਨ ਲਾਲ ਅਤੇ ਨਰਿੰਦਰ ਪਾਲ ਚਮਿਆਰੀ ਆਦਿ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ। ਇਸ ਜਿੱਤ ਰੈਲੀ ਨੂੰ ਉਘੇ ਟਰੇਡ ਯੂਨੀਅਨ ਆਗੂ ਤੇ ਸੀ.ਟੀ.ਯੂ. ਪੰਜਾਬ ਦੇ ਆਗੂ ਵਿਜੇ ਮਿਸ਼ਰਾ, ਜਿਨ੍ਹਾਂ ਕਾਫੀ ਲੰਮੇ ਸਮੇਂ ਤੱਕ ਹਰ ਸਾਲ ਹੁੰਦੇ ਇਸ ਸੰਘਰਸ਼ ਦੀ ਸਫਲਤਾ ਨਾਲ ਅਗਵਾਈ ਕੀਤੀ ਸੀ, ਨੇ ਵੀ ਸੰਬੋਧਨ ਕੀਤਾ ਅਤੇ ਪਾਵਰਲੂਮ ਮਜ਼ਦੂਰਾਂ ਨੂੰ ਉਨ੍ਹਾਂ ਦੇ ਇਸ ਸ਼ਾਨਦਾਰ ਜੇਤੂ ਸੰਘਰਸ਼ ਲਈ ਵਧਾਈ ਦਿੱਤੀ। ਉਨ੍ਹਾਂ ਤੋਂ ਬਿਨਾਂ ਸਰਵ ਸਾਥੀ ਬਲਵਿੰਦਰ ਸਿੰਘ ਛੇਹਰਟਾ, ਸੁਖਵੰਤ ਸਿੰਘ ਤੇ ਜੋਗਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।                  ਰਿਪੋਰਟ : ਜਗਤਾਰ ਸਿੰਘ ਕਰਮਪੁਰਾ

ਦਿਹਾਤੀ ਮਜ਼ਦੂਰ ਸਭਾ ਵਲੋਂ ਸੈਮੀਨਾਰ
ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਵਲੋਂ ਜਗਮੋਹਣ ਕੌਸ਼ਲ ਯਾਦਗਾਰੀ ਹਾਲ, ਟੀਚਰਜ਼ ਹੋਮ ਬਠਿੰਡਾ ਵਿਖੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ”ਸਮਾਜਕ ਪਰਿਵਰਤਨ ਦੇ ਸੰਗਰਾਮ ਵਿਚ ਜਾਤੀ ਚੇਤਨਾ ਤੋਂ ਅਗਾਂਹ ਕੀ ਕਰਨਾ ਲੋੜੀਏ” ਵਿਸ਼ੇ ਅਧੀਨ ਹੋਏ ਉਕਤ ਸੈਮੀਨਾਰ ਵਿਚ ਜਮਹੂਰੀ ਲਹਿਰ ਦੇ ਉਘੇ ਆਗੂ ਸਾਥੀ ਮੰਗਤ ਰਾਮ ਪਾਸਲਾ ਨੇ ਕੂੰਜੀਵਤ ਭਾਸ਼ਨ ਦਿੱਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ, ”ਜਦੋਂ ਤੱਕ ਪੈਦਾਵਾਰ ਦੇ ਸਾਧਨਾਂ ‘ਤੇ , ਮੁੱਠੀ ਭਰ ਲੁਟੇਰਿਆਂ ਦੀ ਥਾਂ, ਸਮੁੱਚੇ ਸਮਾਜ ਦੀ ਮਾਲਕੀ ਕਾਇਮ ਨਹੀਂ ਹੋ ਜਾਂਦੀ ਉਦੋਂ ਤੱਕ ਆਰਥਿਕ ਨਾਬਰਾਬਰੀ ਅਤੇ ਸਮਾਜਿਕ ਭੇਦਭਾਵ ਦੇ ਖਾਤਮੇ ਦਾ ਅੰਦੋਲਨ ਆਪਣੇ ਮਹਾਨ ਉਦੇਸ਼ ਦੀ ਪ੍ਰਾਪਤੀ ਦੇ ਕਾਜ ਵਿੱਚ ਪੂਰੀ ਤਰ੍ਹਾਂ ਸਫਲਤਾ ਪ੍ਰਾਪਤ  ਨਹੀਂ ਕਰ ਸਕਦਾ । ਭਾਰਤ ਵਿੱਚ ਕਿਰਤੀਆਂ ਦੀ ਲੁੱਟ ਚੋਂਘ ਤੋਂ ਬੰਦ ਖਲਾਸੀ ਦੇ ਅੰਦੋਲਨ ਦੀ ਕਾਮਯਾਬੀ ਦਾ, ਹਜਾਰਾਂ ਸਾਲਾਂ ਤੋਂ ਜਾਤੀਗਤ ਭੇਦਭਾਵ ਅਤੇ ਅਣਮਨੁੱਖੀ ਅੱਤਿਆਚਾਰਾਂ ਦੀ ਮਾਰ ਹੇਠ ਪਿਸ ਰਹੇ ਦਲਿਤ ਵਰਗ ਦੀ ਸਰਗਰਮ ਭਾਗੀਦਾਰੀ ਤੋਂ ਬਗੈਰ ਸੁਪਨਾ ਵੀ ਨਹੀਂ ਲਿਆ ਜਾ ਸਕਦਾ । ਸਮਾਜਿਕ ਤਬਦੀਲੀ ਦੇ ਵਡੇਰੇ ਸੰਗਰਾਮ ਵਿੱਚ,  ਇਨ੍ਹਾਂ ਲੁੱਟੇ-ਪੁੱਟੇ ਅਤੇ ਲਿਤਾੜੇ ਲੋਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਨਾ ਕੇਵਲ ਦੇਸ਼ ਦੀ ਜਮਹੂਰੀ ਲਹਿਰ ਨੂੰ ਹਰ ਸੰਭਵ ਉਪਰਾਲੇ ਕਰਨ ਦੀ ਲੋੜ ਹੈ ਬਲਕਿ  ਦਲਿਤ ਵਰਗ ਨੂੰ ਵੀ ਇਸ ਮਹਾਨ ਸੰਗਰਾਮ ਵਿੱਚ ਆਪਣਾ  ਨਿੱਗਰ ਸਥਾਨ ਮੱਲਣ ਲਈ  ਠੋਸ ਪੇਸ਼ਕਦਮੀਆਂ ਕਰਨੀਆਂ ਚਾਹੀਦੀਆਂ ਹਨ । ਉਨ੍ਹਾਂ ਕਿਹਾ ਕਿ ਦੱਬੇ ਕੁਚਲੇ ਲੋਕਾਂ ਨਾਲ ਸਮਾਜਿਕ ਭੇਦਭਾਵ ਅਤੇ ਜਬਰ ਖਿਲਾਫ਼ ਜਿੱਥੇ ਬਾਬਾ ਨਾਨਕ ਦੇਵ ਜੀ, ਕਬੀਰ ਸਾਹਿਬ, ਭਗਤ ਰਵੀ ਦਾਸ ਜੀ, ਨਾਮਦੇਵ ਜੀ ਜਿਹੇ ਮਹਾਨ ਦਾਰਸ਼ਨਿਕਾਂ ਤੋਂ ਲੈ ਕੇ ਪੇਰੀਆਰ ਅਤੇ ਅੰਬੇਦਕਰ ਵਰਗੇ  ਜੁਝਾਰੂਆਂ ਨੇ ਆਵਾਜ਼ ਬੁਲੰਦ ਕੀਤੀ ਉਥੇ ਜਮਹੂਰੀ ਲਹਿਰ ਦੇ ਏ. ਕੇ. ਗੋਪਾਲਨ ਜਿਹੇ ਆਗੂਆਂ ਨੇ ਵੀ ਇਤਿਹਾਸਕ ਭੂਮਿਕਾ ਅਦਾ ਕੀਤੀ। ਪਰ ਇਹ ਦੁੱਖ ਦੀ ਗੱਲ ਹੈ ਕਿ ਜਮਹੂਰੀ ਲਹਿਰ  ਇਨ੍ਹਾਂ ਵਰਗਾਂ ਦੀਆਂ ਭਾਵਨਾਵਾਂ ਦੀ ਬਣਦੀ ਤਰਜਮਾਨੀ ਕਰਨ ‘ਚ ਅਸਫਲ ਰਹੀ । ਲੋਕ ਮੁਕਤੀ ਦੇ ਕਾਜ ਦੀ ਕਾਮਯਾਬੀ ਲਈ ਜਮਹੂਰੀ ਲਹਿਰ ਨੂੰ ਆਪਣੀ ਇਸ ਅਤੀਤ ਦੀ ਗਲਤੀ ਤੋਂ ਛੇਤੀ ਤੋਂ  ਛੇਤੀ ਛੁਟਕਾਰਾ ਹਾਸਲ ਕਰਨਾ ਹੋਵੇਗਾ । ਅਜੋਕੇ ਦੌਰ ਵਿੱਚ ਉਕਤ ਮਕਸਦ ਦੀ ਪੂਰਤੀ ਲਈ ਕਿਰਤੀ ਜਮਾਤ ਨੂੰ ਮੰਨੂਵਾਦ ਦੀ ਮੁੜ ਬਹਾਲੀ ਲਈ ਯਤਨਸ਼ੀਲ ਮੋਦੀ ਹਕੂਮਤ ਦੇ, ਆਰਥਿਕ-ਸਮਾਜਿਕ ਏਜੰਡੇ ਨੂੰ ਤਿੱਖੇ ਲੋਕ ਸੰਗਰਾਮਾਂ ਰਾਹੀਂ ਭਾਂਜ ਦੇਣ ਦੀਆਂ ਨਿੱਗਰ ਵਿਉਂਤਬੰਦੀਆਂ ਕਰਨ ਦੀ ਫੌਰੀ ਜਰੂਰਤ ਹੈ । ਉਨ੍ਹਾਂ ਕਿਹਾ ਕਿ ਉਕਤ ਵਿਉਂਤਬੰਦੀ ਦੀ ਸਫਲਤਾ ਤਾਂ ਹੀ ਸੰਭਵ ਹੈ ਜੇ ਦੇਸ਼ ਦਾ ਵਿਸ਼ਾਲ ਕਿਰਤੀ ਅੰਦੋਲਨ, ਦਲਿਤ ਭਾਈਚਾਰਾ ਜਿਸ ਦਾ ਅਨਿੱਖੜਵਾਂ ਅੰਗ ਹੈ, ਮੌਜੂਦਾ ਆਰਥਕ, ਸਮਾਜਿਕ ਤੇ ਰਾਜਨੀਤਿਕ ਚੁਣੌਤੀਆਂ ਦੇ ਟਾਕਰੇ ਲਈ ਬਾਬਾ ਸਾਹਿਬ ਡਾਕਟਰ ਬੀ.ਆਰ.ਅੰਬੇਡਕਰ, ਕਾਰਲ ਮਾਰਕਸ ਅਤੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਦਾ ਸੁਮੇਲ ਕਰਦੇ ਹੋਏ ਅੱਗੇ ਵਧਣ ।
ਸੈਮੀਨਾਰ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਰਨਾਮ  ਦਾਊਦ ਅਤੇ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਵੀ ਸੰਬੋਧਨ ਕੀਤਾ । ਮੰਚ ਸੰਚਾਲਨ ਦੀ ਭੂਮਿਕਾ ਅਮ੍ਰਿਤ ਪਾਲ ਸਿੰਘ ਮੁਕਤਸਰ ਵਲੋਂ ਬਾਖੂਬੀ ਨਿਭਾਈ ਗਈ । ਇਸ ਮੌਕੇ ਗੁਰਤੇਜ ਸਿੰਘ ਹਰੀ ਨੌਂ, ਹਰਜੀਤ ਸਿੰਘ ਮਦਰੱਸਾ, ਮਿੱਠੂ ਸਿੰਘ ਘੁੱਦਾ,  ਮੱਖਣ ਸਿੰਘ ਤਲਵੰਡੀ ਸਾਬੋ ਅਤੇ ਪਰਕਾਸ਼ ਸਿੰਘ ਨੰਦਗੜ੍ਹ ਵੀ ਹਾਜਰ ਸਨ ।     ਰਿਪੋਰਟ : ਮਹੀਪਾਲ

ਦਿਹਾਤੀ ਮਜਦੂਰਾਂ ਤੇ ਨਿਰਮਾਣ ਮਜਦੂਰਾਂ ਵਲੋਂ ਰੋਸ ਮੁਜਾਹਰਾ ਤੇ ਰੋਹ ਭਰਪੂਰ ਧਰਨਾ
ਨਿਰਮਾਣ ਦੇ ਕੰਮਾਂ ਵਿਚ ਲੱਗੇ ਕਿਰਤੀਆਂ ਤੇ ਦਿਹਾਤੀ ਮਜਦੂਰਾਂ ਨੇ ਅਪਣੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਲੈ ਕੇ 9 ਜੁਲਾਈ ਨੂੰ ਮੁਕਤਸਰ ਸ਼ਹਿਰ ਸਥਿਤ ਮੁਕਤੀ-ਏ-ਮਿਨਾਰ ਪਾਰਕ ਵਿਚ ਰੋਹ ਭਰਪੂਰ ਰੈਲੀ ਕਰਨ ਉਪਰੰਤ ਰੋਸ ਮੁਜਾਹਰਾ ਕਰਕੇ ਐਸ.ਡੀ.ਐਮ. ਦਫਤਰ ਸਾਹਮਣੇ ਰੋਹ ਭਰਪੂਰ ਧਰਨਾ ਮਾਰਿਆ ਤੇ ਜੰਮ ਕੇ ਨਾਹਰੇਬਾਜੀ ਕੀਤੀ। ਦਿਹਾਤੀ ਮਜਦੂਰ ਸਭਾ ਤੇ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਦੀ ਅਗਵਾਈ ਵਿਚ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਨਿਰਮਾਣ ਮਜਦੂਰ ਯੂਨੀਅਨ ਸੂਬਾ ਪ੍ਰਧਾਨ ਗੰਗਾ ਪ੍ਰਸਾਦ ਤੇ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਆਗੂਆਂ ਜਗਜੀਤ ਸਿੰਘ ਜੱਸੇਆਣਾ ਤੇ ਹਰਜੀਤ ਸਿੰਘ ਮਦਰੱਸਾ ਨੇ ਪੰਜਾਬ ਦੀ ਕੈਪਟਨ ਸਰਕਾਰ ‘ਤੇ ਚੋਣ ਵਾਅਦਿਆਂ ਤੋਂ ਮੁਕਰਨ ਤੇ ਮਜਦੂਰਾਂ ਦੀਆਂ ਚੱਲ ਰਹੀਆਂ ਭਲਾਈ ਸਕੀਮਾਂ ਨੂੰ ਪੂਰੀ ਤਰ੍ਹਾਂ ਠੱਪ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਨਿਰਮਾਣ ਦੇ ਕੰਮਾਂ ਵਿਚ ਲੱਗੇ ਲਾਭ ਪਾਤਰੀਆਂ ਦੀਆਂ ਸਾਰੀਆਂ ਸਕੀਮਾਂ ਪਿਛਲੇ ਦੋ ਸਾਲਾਂ ਤੋਂ ਠੱਪ ਕਰਕੇ ਸਰਕਾਰ ਨੇ ਕਿਰਤੀਆਂ ਨਾਲ ਵੱਡਾ ਧ੍ਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਲਾਭ ਪਾਤਰੀਆਂ ਨੂੰ ਆਨਲਾਇਨ ਕਰਨ ਦੇ ਬਹਾਨੇ ਸਾਰੀਆਂ ਸਕੀਮਾਂ ਤੋਂ ਵਾਂਝੇ ਕਰ ਦਿੱਤਾ ਹੈ ਅਤੇ ਕਿਰਤੀਆਂ ਦੀ ਭਾਰੀ ਖੁੱਜਲ ਖੁਆਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਮਜਦੂਰਾਂ ਨੂੰ ਪੰਜ-ਪੰਜ ਮਰਲੇ ਦੇ ਰਿਹਾਇਸੀ ਪਲਾਟ ਦੇਣ ਦਾ ਕੰਮ ਵੀ ਠੰਡੇ ਬਸਤੇ ਵਿਚ ਪਾ ਦਿੱਤਾ ਹੈ। ਜਿਸ ਕਰਕੇ ਮਜਦੂਰਾਂ ਨੂੰ ਮਜਬੂਰੀ ਵੱਸ ਪੰਚਾਇਤੀ ਸ਼ਾਮਲਾਟ ਜਮੀਨਾਂ ‘ਤੇ ਕਬਜੇ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਕਿਹਾ ਨਰੇਗਾ ਸਕੀਮ ਨੂੰ ਫੇਲ੍ਹ ਕਰਨ ਦੇ ਮਕਸਦ ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਨਰੇਗਾ ਮਜਦੂਰਾਂ ਦੀ ਦਿਹਾੜੀ ਵਿਚ ਸਿਰਫ ਇਕ ਰੁਪਏ ਦਾ ਵਾਧਾ ਕੀਤਾ ਹੈ। ਅਤੇ ਬਜਟ ਸੈਸ਼ਨ ਦੌਰਾਨ ਵੀ ਨਰੇਗਾ ਮਜਦੂਰਾਂ ਦੇ ਬਜਟ ਵਿਚ ਨਗੂਣਾ ਜਿਹਾ ਹੀ ਵਾਧਾ ਕੀਤਾ ਗਿਆ ਹੈ। ਉਹਨਾਂ ਨਰੇਗਾ ਮਜਦੂਰਾਂ ਦੇ ਬਜਟ ਵਿਚ ਵਾਧਾ ਨਾ ਕਰਨ ‘ਤੇ ਮੋਦੀ ਸਰਕਾਰ ਦੀ ਜੋਰਦਾਰ ਨਿੰਦਾ ਕੀਤੀ। ਉਹਨਾਂ ਕਿਹਾ ਕਿ ਨਰੇਗਾ ਮਜਦੂਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ 600 ਰੁਪਏ ਕੀਤੀ ਜਾਵੇ। ਉਹਨਾ ਕਿਹਾ ਕਿ ਰਿਹਾਇਸ਼ੀ ਪਲਾਟਾਂ ਦੀ ਪ੍ਰਾਪਤੀ ਲਈ ਸੰਘਰਸ਼ਾਂ ਨੂੰ ਹੋਰ ਤੇਜ ਕੀਤਾ ਜਾਵੇਗਾ।

ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਸਫਲ ਜਥੇਬੰਦਕ ਕਨਵੈਨਸ਼ਨ
ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ ਐਸ ਐਫ) ਦੀ ਸੂਬਾਈ ਜਥੇਬੰਦਕ ਕਨਵੈਨਸ਼ਨ 22 ਜੁਲਾਈ ਨੂੰ ਸੂਬਾ ਪ੍ਰਧਾਨ ਨਵਦੀਪ ਸਿੰਘ ਕੋਟਕਪੂਰਾ ਦੀ ਪ੍ਰਧਾਨਗੀ ਹੇਠ ਸੰਪੰਨ ਹੇਠ ਹੋਈ । ਜਨਰਲ ਸਕੱਤਰ ਅਜੈ ਫਿਲੌਰ ਵਲੋਂ ਪਿਛਲੇ ਕੰਮਾਂ ਅਤੇ ਭਵਿੱਖੀ ਕਾਰਜਾਂ ਸਬੰਧੀ ਰੀਪੋਰਟ ਪੇਸ਼ ਕੀਤੀ ਗਈ । ਕਨਵੈਨਸ਼ਨ ਦਾ ਉਦਘਾਟਨ ਕਰਦਿਆਂ ਜਮਹੂਰੀ ਲਹਿਰ ਦੇ ਉੱਘੇ ਆਗੂ ਸੱਜਣ ਸਿੰਘ ਨੇ ਕਿਹਾ ਕਿ ਸਿੱਖਿਆ ਦਾ ਪ੍ਰਮੁੱਖ ਉਦੇਸ਼ ਮਨੁੱਖ ਦੀਆਂ ਭਵਿੱਖੀ ਨਸਲਾਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ । ਇਸ ਕਲਿਆਣਕਾਰੀ ਉਦੇਸ਼ ਦੀ ਪੂਰਤੀ ਤਾਂ ਹੀ ਸੰਭਵ ਹੈ ਜੇਕਰ ਹਰ ਬਾਲ ਨੂੰ ਹਰ ਪੱਧਰ ਦੀ ਮਿਆਰੀ ਅਤੇ ਇੱਕਸਾਰ ਸਿੱਖਿਆ ਮੁਹੱਈਆ ਕਰਵਾਉਣ ਦੀ ਜਿੰਮੇਵਾਰੀ ਸਬੰਧਤ ਦੇਸ਼ਾਂ ਦੇ ਹਕੂਮਤੀ ਢਾਂਚੇ ਲੈਣ । ਅੱਗੋਂ ਗੁਣਵੱਤਾ ਪੱਖੋਂ ਇਹ ਵੀ ਜਰੂਰੀ ਹੈ ਕਿ ਅਜਿਹੀ ਸਿੱਖਿਆ ਦਾ ਮੂਲ ਸਰੂਪ ਰੁਜ਼ਗਾਰ ਮੁਖੀ, ਵਿਗਿਆਨਕ ਅਤੇ ਮਾਨਵਤਾਵਾਦੀ ਹੋਵੇ । ਅਜੋਕੇ ਦੌਰ ਵਿੱਚ ਜਦੋਂ ਤੋਂ  ਸਾਮਰਾਜੀ ਦੇਸ਼ਾਂ ਦੀ ਚੌਤਰਫਾ ਲੁੱਟ ਸੁਖਾਲੀ ਬਨਾਉਣ ਲਈ ਘੜਿਆ ਗਿਆ  ਨਵਉਦਾਰਵਾਦੀ ਨੀਤੀਆਂ ਦਾ ਚੌਖਟਾ, ਜਿਸਦਾ ਮੁੱਖ ਆਧਾਰ ਉਦਾਰੀਕਰਨ, ਸੰਸਾਰੀਕਰਣ ਅਤੇ ਨਿੱਜੀਕਰਨ ਹੈ, ਹੋਂਦ ਵਿੱਚ ਆਇਆ ਹੈ, ਉਦੋਂ ਤੋਂ ਵੱਖੋ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਸਿੱਖਿਆ ਦਾ ਉੱਪਰ ਬਿਆਨਿਆ ਲੋਕ ਪੱਖੀ ਉਦੇਸ਼ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ।
ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਸਾਬਕਾ ਵਿਦਿਆਰਥੀ ਆਗੂ ਅਤੇ ਗੌਰਮਿੰਟ ਕਾਲਜ ਟੀਚਰਜ਼ ਯੂਨੀਅਨ ਦੇ ਰਹਿ ਚੁੱਕੇ ਪ੍ਰਧਾਨ ਪ੍ਰੋਫੈਸਰ ਜੈਪਾਲ ਨੇ ਕਿਹਾ ਕਿ  ਭਾਰਤ ਦੀ ਮੋਦੀ ਸਰਕਾਰ ਦੀ ਸਿੱਖਿਆ ਪ੍ਰਤੀ ਪਹੁੰਚ ਉਕਤ ਲੋਕ ਦੋਖੀ ਸੰਸਾਰ ਵਿਆਪੀ ਨੀਤੀ ਚੌਖਟੇ ਦੀਆਂ ਸਭ ਤੋਂ ਭੱਦੀਆਂ  ਅਤੇ ਨਿਰਦਈ ਮਿਸਾਲਾਂ ‘ਚੋਂ ਇੱਕ ਹੈ । ਕੇਂਦਰੀ ਹਕੂਮਤ ਵਲੋਂ ਲਾਗੂ ਕੀਤੀਆਂ ਜਾਂਦੀਆਂ ਉਕਤ ਨਵਉਦਾਰਵਾਦੀ ਨੀਤੀਆਂ, ਜਿਨ੍ਹਾਂ ਨੂੰ ਮੋਦੀ-ਮਨਮੋਹਨ ਮਾਰਕਾ ਨੀਤੀਆਂ ਕਹਿਣਾ ਅਤਿ ਵਾਜਬ ਹੋਵੇਗਾ, ਦਾ ਸਿਖਿਆ ਮੁਹੱਈਆ ਕਰਵਾਉਣ ਦਾ ਟੀਚਾ ਅੱਜ ਸਿੱਖਿਆ ਦੇ ਵਪਾਰੀਕਰਨ,  ਨਿਜੀਕਰਨ ਅਤੇ ਫਿਰਕੂਕਰਨ ਵਿੱਚ ਤਬਦੀਲ ਹੋ ਗਿਆ ਹੈ । ਨੌਜਵਾਨ ਵਸੋਂ ਨੂੰ ਰੁਜ਼ਗਾਰ ਦੇਣ ਪੱਖੋਂ ਪੂਰੀ ਤਰ੍ਹਾਂ ਅਸਫਲ ਸਿੱਧ ਹੋਈਆਂ ਉਕਤ ਨੀਤੀਆਂ ਦਾ ਮੁਲਾਂਕਣ ਕਰਦਿਆਂ ਉਨ੍ਹਾਂ ਕਿਹਾ ਸਿੱਖਿਆ ਨੂੰ ਰੋਜਗਾਰਮੁਖੀ ਬਨਾਉਣ ਦੀ ਥਾਂ ਮੋਦੀ ਸਰਕਾਰ ਨੇ ਇਹ ਰਵੱਈਆ ਅਪਣਾ ਲਿਆ ਹੈ ਕਿ ਵਧੇਰੇ ਤੋਂ ਵਧੇਰੇ  ਲੋਕਾਂ ਨੂੰ ਸਿੱਖਿਆ ਤੋਂ ਹੀ ਮਰਹੂਮ ਕਰ ਦਿੱਤਾ ਜਾਵੇ ਜਾਂ ਫਿਰ ਅਜਿਹੀ ਸਿੱਖਿਆ ਦਿੱਤੀ ਜਾਵੇ ਜੋ ਉਨ੍ਹਾਂ ਨੂੰ ਜ਼ਹੀਨ ਜਾਂ ਰੋਸ਼ਨ ਦਿਮਾਗ ਬਨਾਉਣ ਦੀ ਥਾਂ ਬਰਬਰਤਾ ਵਾਲੀ ਮੱਧਕਾਲੀਨ ਮਾਨਸਿਕਤਾ ਵੱਲ ਧੱਕ ਦੇਵੇ । ਇਸ ਪਹੁੰਚ ਦਾ ਸਭ ਤੋਂ ਵੱਡਾ ਨੁਕਸਾਨ ਦਲਿਤਾਂ, ਆਦਿਵਾਸੀਆਂ, ਗਰੀਬ ਕਿਸਾਨਾਂ ਅਤੇ ਵਸੋਂ ਦੇ ਬਾਕੀ ਹਾਸ਼ੀਆਗਤ ਸਮੂਹਾਂ ਦੇ ਬੱਚਿਆਂ ਨੂੰ ਭੁਗਤਨਾ ਪਵੇਗਾ । ਉਨ੍ਹਾਂ ਕਿਹਾ ਕਿ ਵਰਤਮਾਨ ਦੌਰ ਦੀ ਜਮਹੂਰੀ ਸਮਝਦਾਰੀ ਨੂੰ ਪ੍ਰਣਾਈ ਵਿਦਿਆਰਥੀ ਲਹਿਰ ਨੂੰ ਆਪਣੇ ਫੌਰੀ ਅਤੇ ਦੀਰਘਕਾਲੀ ਉਦੇਸ਼ ਤੈਅ ਕਰਦਿਆਂ ਉਕਤ ਨੀਤੀ ਚੌਖਟੇ ਨੂੰ ਰੱਦ ਕਰਨ ਵਾਲੇ ਸੰਘਰਸ਼ਾਂ ਦਾ ਨਿਰਮਾਣ ਕਰਨ ਲਈ ਵਡੇਰੇ ਅਤੇ ਸਾਂਝੇ ਯਤਨਾਂ ਦੀ ਲੋੜ ਹੈ ।
ਦੋਹਾਂ ਵਿਦਵਾਨਾਂ ਦੇ  ਉਕਤ ਭਾਸ਼ਣਾਂ ਅਤੇ ਜਨਰਲ ਸਕੱਤਰ ਵਲੋਂ ਪੇਸ਼ ਰੀਪੋਰਟ ਦੇ ਆਧਾਰ ‘ਤੇ ਹਾਜਰ ਵਿਦਿਆਰਥੀਆਂ ਵਲੋਂ ਭਵਿੱਖ ਦੇ ਸੰਗਰਾਮਾਂ ਅਤੇ ਪੀ.ਐਸ.ਐਫ. ਦੀ ਮਜਬੂਤੀ ਲਈ ਉਸਾਰੂ ਸੁਝਾਅ ਦਿੱਤੇ ਗਏ । ਅੰਤ ਵਿੱਚ ਫੈਡਰੇਸ਼ਨ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਨਵੀਂ ਟੀਮ ਦੀ ਚੋਣ ਕੀਤੀ ਗਈ । ਮਨਜਿੰਦਰ ਢੇਸੀ ਨੂੰ ਕਨਵੀਨਰ ਅਤੇ  ਗਗਨ ਦੀਪ, ਰਵਿੰਦਰ ਸਿੰਘ, ਆਕਾਸ਼ਦੀਪ, ਸੰਨੀ ਫਿਲੌਰ, ਪ੍ਰਭਾਤ ਕਵੀ, ਸੰਦੀਪ, ਮਨਮੀਤ ਅਤੇ ਮਨਪ੍ਰੀਤ ਸਿੰਘ ਕਮੇਟੀ ਮੈਂਬਰ ਚੁਣੇ ਗਏ । ਵਿਦਾ ਹੋ ਰਹੇ ਪ੍ਰਧਾਨ ਨਵਦੀਪ ਸਿੰਘ ਅਤੇ ਜਨਰਲ ਸਕੱਤਰ ਅਜੈ ਫਿਲੌਰ ਨੇ ਨਵੀਂ ਟੀਮ ਨਾਲ ਜੁੜੇ ਰਹਿਣ ਅਤੇ ਹਰ ਕਿਸਮ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ । ਭਰਾਤਰੀ ਆਗੂਆਂ  ਪਰਗਟ ਸਿੰਘ ਜਾਮਾਰਾਇ (ਜਮਹੂਰੀ ਕਿਸਾਨ ਸਭਾ), ਸ਼ਮਸ਼ੇਰ ਸਿੰਘ ਬਟਾਲਾ ਅਤੇ ਸਰਬਜੀਤ ਸਿੰਘ ਹੈਰੀ (ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ) ਨੇ ਸਫਲ ਕਨਵੈਨਸ਼ਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ ।              ਰੀਪੋਰਟ : ਮਨਜਿੰਦਰ ਸਿੰਘ ਢੇਸੀ

See Also

ਜਮਹੂਰੀ ਕਿਸਾਨ ਸਭਾ ਵਲੋਂ ਕੇਂਦਰ ਤੇ ਸੂਬਾ ਸਰਕਾਰ ਨੂੰ ਦਿੱਤੇ ਗਏ ਮੰਗ ਪੱਤਰ
ਜਮਹੂਰੀ ਕਿਸਾਨ ਸਭਾ ਦੀ ਪੰਜਾਬ ਵਰਕਿੰਗ ਕਮੇਟੀ ਵਲੋਂ ਕਿਸਾਨੀ ਦੀਆਂ ਫੌਰੀ ਮੰਗਾਂ ਹੱਲ ਕੀਤੇ ਜਾਣ ਅਤੇ ਖੇਤੀ ਨੂੰ ਲਾਹੇਵੰਦੇ ਕਿੱਤੇ ਵਿੱਚ ਤਬਦੀਲ ਕਰਨ ਦੇ ਠੋਸ ਸੁਝਾਅ ਦਿੰਦਾ ਇੱਕ ਮੰਗ ਪੱਤਰ 22 ਤੋਂ 27 ਜੁਲਾਈ ਤੱਕ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਨੂੰ ਭੇਜਿਆ ਗਿਆ ।
ਡਿਪਟੀ ਕਮਿਸ਼ਨਰਾਂ ਅਤੇ ਉਪ ਮੰਡਲ ਅਧਿਕਾਰੀਆਂ (ਐਸ ਡੀ ਐਮਜ਼) ਰਾਹੀਂ ਭੇਜੇ ਗਏ ਉਕਤ ਮੰਗ ਪੱਤਰਾਂ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਫਸਲਾਂ ਦੇ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਲਾਗਤ ਮੁੱਲ ਤੋਂ ਡੇਢ ਗੁਣਾ (ਸੀ -2 ਫਾਰਮੂਲੇ ਅਨੁਸਾਰ) ਮਿਥੇ ਜਾਣ ਅਤੇ ਲਾਗਤ ਕੀਮਤਾਂ ਘਟਾਈਆਂ ਜਾਣ । ਸਾਰੀਆਂ ਫਸਲਾਂ ਖਰੀਦੀਆਂ ਜਾਣ ਅਤੇ ਬਣਦੇ ਪੈਸੇ ਤੁਰਤ ਅਦਾ ਕਰਨੇ ਯਕੀਨੀ ਬਣਾਏ ਜਾਣ । ਖੇਤੀ ਵਿੱਚ ਸਰਕਾਰੀ ਨਿਵੇਸ਼ ਵਧਾ ਕੇ ਖੋਜ ਕਾਰਜਾਂ,  ਸਿਖਲਾਈ,  ਸਿੰਚਾਈ, ਮਾਰਕੀਟਿੰਗ,  ਕੁਦਰਤੀ ਆਫਤਾਂ ਤੋਂ ਬਚਾਅ ਅਤੇ ਮੁਆਵਜ਼ੇ,  ਭੰਡਾਰਣ,  ਬਿਜਲੀ ਆਦਿ ਦਾ  ਸੁਯੋਗ ਪ੍ਰਬੰਧ ਕੀਤਾ ਜਾਵੇ ।
ਦਸ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ,  ਆਬਾਦਕਾਰਾਂ ਅਤੇ ਖੇਤੀ ਕਾਮਿਆਂ ਦੇ ਸਮੁੱਚੇ ਖੇਤੀ ਕਰਜੇ ਮਾਫ ਕੀਤੇ ਜਾਣ । ਕੇਂਦਰੀ ਬਜਟ ਵਿੱਚ ਡੀਜਲ ਪੈਟਰੌਲ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਰੱਦ ਕਰਦਿਆਂ ਖੇਤੀ ਲਈ ਡੀਜਲ ਅੱਧੀ ਕੀਮਤ ‘ਤੇ ਦਿੱਤਾ ਜਾਵੇ । ਸੂਬੇ ਦੀਆਂ ਖੰਡ ਮਿੱਲਾਂ ਵੱਲ ਖੜੀ ਕਿਸਾਨਾਂ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਕੀਤੀ ਜਾਵੇ । ਚੁਕੰਦਰ ਤੋਂ ਖੰਡ ਤਿਆਰ ਕਰਨ ਅਤੇ ਚੁਕੰਦਰ ਦਾ ਭਾਅ ਗੰਨੇ ਦੇ ਬਰਾਬਰ ਕਰਨ ਦੀ ਵਿਵਸਥਾ ਕੀਤੀ ਜਾਵੇ । ਸੂਬੇ ਵਿੱਚ ਹਾਲੀਆ ਬਾਰਿਸ਼ਾਂ/ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ । ਕੰਢੀ ਅਤੇ ਬਾਰਡਰ ਇਲਾਕਿਆਂ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇ । ਆਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਪੱਕਾ/ਢੁਕਵਾਂ ਹੱਲ ਕੀਤਾ ਜਾਵੇ। ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਹੋਰਨਾਂ ਆਬਾਦਕਾਰਾਂ ਖਿਲਾਫ਼ ਦਰਜ ਕੀਤੇ ਨਾਜਾਇਜ਼ ਮੁਕੱਦਮੇ ਰੱਦ ਕੀਤੇ ਜਾਣ ।
ਜਨਤਕ ਵਫਦ ਮਿਲ ਕੇ ਅਧਿਕਾਰੀਆਂ ਰਾਹੀਂ ਭੇਜੇ ਗਏ ਉਕਤ ਮੰਗ ਪੱਤਰਾਂ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਆਗੂਆਂ ਨੂੰ ਮਿਲਣ ਲਈ ਸਮਾਂ ਦਿੱਤਾ ਜਾਵੇ । ਸਾਰੇ ਥਾਈਂ ਸਥਾਨਕ ਮਸਲੇ ਵੀ ਯੋਗ ਹੱਲ ਲਈ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ ਗਏ । ਵਫਦਾਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਉਕਤ ਨਿਆਂ ਸੰਗਤ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਨ ਤੋਂ ਟਾਲ ਮਟੋਲ ਕੀਤੀ ਤਾਂ ਤਿੱਖਾ ਸੰਘਰਸ਼ ਛੇੜਿਆ ਜਾਵੇਗਾ ।   ਰਿਪੋਰਟ: ਪਰਗਟ ਸਿੰਘ ਜਾਮਾਰਾਏ

 

 

ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਵਲੋਂ ਮੁਜ਼ਾਹਰਾ
ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੱਦੇ ‘ਤੇ ਫਿਲੌਰ ਵਿਖੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਪੰਜਾਬ ਦੇ ਜਿਲ੍ਹਾ ਮੁਕਤਸਰ ਦੇ ਪਿੰਡ ਚੱਕ ਜਵਾਹਰੇਵਾਲਾ ਵਿੱਚ ਦਲਿਤਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਸਰਕਾਰੀ ਸ਼ਹਿ ਪ੍ਰਾਪਤ ਗੁੰਡਿਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਫਾਹੇ ਲਾਉਣ ਦੀ ਮੰਗ ਕੀਤੀ ਗਈ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਗਈ । ਇਸ ਅਰਥੀ ਫੂਕ ਮੁਜਾਹਰੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਦੇ ਪ੍ਰਧਾਨ ਜਰਨੈਲ ਫਿਲੌਰ ਨੇ ਕਰਦਿਆਂ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਪਹਿਲਾਂ ਨਾਲੋਂ ਦਲਿਤਾਂ ਤੇ ਅੱਤਿਆਚਾਰਾਂ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਅਗਰ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਨਾ ਕੀਤੀ ਤਾਂ ਸਾਰੇ ਪੰਜਾਬ ਵਿੱਚ ਬਾਕੀ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਅੰਦੋਲਨ ਸ਼ੁਰੂ ਕੀਤਾ ਜਾਵੇਗਾ । ਇਸ ਸਮੇਂ ਮੇਜਰ ਫਿਲੌਰ,  ਰਾਮ ਲੁਭਾਇਆ ਸਰਪੰਚ ਭੈਣੀ,  ਕਾਮਰੇਡ ਦੇਵ ਫਿਲੌਰ,  ਮੱਖਣ ਸੰਗਰਾਮੀ,  ਅਮ੍ਰਿਤ ਨੰਗਲ, ਬੁੱਧ ਪ੍ਰਕਾਸ਼,  ਸੁਰਿੰਦਰ ਨੰਗਲ, ਵਿਨੋਦ ਕੁਮਾਰ, ਦੇਸ ਰਾਜ, ਪਰਮਜੀਤ ਪੰਮਾ, ਸੰਨੀ ਕੁਮਾਰ, ਤਰਸੇਮ ਲਾਲ, ਭੂਸ਼ਣ ਮੱਟੂ, ਸੰਦੀਪ ਕੁਮਾਰ,  ਅਰਸ਼ਪਰੀਤ, ਬਲਵੀਰ ਸਿੰਘ,  ਤੋਤਾ ਰਾਮ, ਲਖਵਿੰਦਰ ਸਿੰਘ ਲੱਖਾ, ਸੁਨੀਤਾ ਕੌਂਸਲਰ,  ਕਮਲਜੀਤ ਬੰਗੜ, ਸਰੋਜ, ਕਮਲਾ, ਗੇਜੋ, ਰਾਣੀ, ਦਰਸ਼ਨਾਂ, ਸੱਤਿਆ ਤੇ ਭੋਲੀ ਆਦਿ ਹਾਜ਼ਰ ਸਨ।

Scroll To Top