Now Reading
ਸ਼ਰਧਾਂਜਲੀਆਂ (ਸੰਗਰਾਮੀ ਲਹਿਰ-ਨਵੰਬਰ 2020)

ਸ਼ਰਧਾਂਜਲੀਆਂ (ਸੰਗਰਾਮੀ ਲਹਿਰ-ਨਵੰਬਰ 2020)

ਦੇਸ਼ ਧ੍ਰੋਹੀ ਤੱਤਾਂ ਵਿਰੁੱਧ ਜੂਝਣ ਵਾਲੇ ਸਾਥੀ ਬਲਵਿੰਦਰ ਸਿੰਘ ਭਿੱਖੀਵਿੰਡ ਸ਼ਹੀਦੀ ਪਾ ਗਏ
ਖਾਲਿਸਤਾਨੀ ਦਹਿਸ਼ਤਗਰਦਾਂ ਵਿਰੁੱਧ ਸ਼ਾਨਾਮੱਤੀ ਹਥਿਆਰਬੰਦ ਜੱਦੋ ਜਹਿਦ ਲੜਦਿਆਂ, ਅਮਨ ਦੇ ਚਾਹਵਾਨਾਂ ਦੇ ਚਹੇਤੇ ਨਾਇਕ ਵਜੋਂ ਮਕਬੂਲੀਅਤ ਹਾਸਿਲ ਕਰਨ ਵਾਲੇ ਸਾਥੀ ਬਲਵਿੰਦਰ ਸਿੰਘ ਭਿੱਖੀਵਿੰਡ ਨੂੰ  ਦੇਸ਼ ਧਰੋਹੀ ਤੱਤਾਂ ਵੱਲੋਂ ਪਿਛਲੇ ਦਿਨੀਂ ਸ਼ਹੀਦ  ਕਰ ਦਿੱਤਾ ਗਿਆ। ਭਾਰਤ ਦੀ ਜਨਵਾਦੀ ਨੌਜਵਾਨ ਸਭਾ ਦੇ ਕਾਰਕੁੰਨ ਵਜੋਂ ਜਨਤਕ ਜੀਵਨ ਸ਼ੁਰੂ ਕਰ ਕੇ, ਸਾਮਰਾਜੀ ਸ਼ਹਿ ਪ੍ਰਾਪਤ ਵੱਖਵਾਦੀ ਤੱਤਾਂ ਖਿਲਾਫ਼ ਆਪਣੇ ਸਮੁੱਚੇ ਪਰਿਵਾਰ ਦੀ ਜਾਨ ਜ਼ੋਖ਼ਮ ‘ਚ ਪਾ ਕੇ ਦਲੇਰਾਨਾ ਸੰਘਰਸ਼ ਲੜਦਿਆਂ  ਸ਼ੁਹਰਤ ਦੀਆਂ  ਬੁਲੰਦੀਆਂ ਨੂੰ ਛੂਹਣ ਵਾਲੇ ਸਾਥੀ ਬਲਵਿੰਦਰ ਸਿੰਘ ਭਿੱਖੀਵਿੰਡ ਇਸ ਸਮੇਂ ਆਰਐਮਪੀਆਈ ਦੀ ਤਰਨਤਾਰਨ ਜਿਲ੍ਹਾ ਕਮੇਟੀ ਦੇ ਮੈਂਬਰ ਸਨ।
ਸਾਥੀ ਬਲਵਿੰਦਰ ਦੇ ਪਰਿਵਾਰ ‘ਤੇ ਦਹਿਸ਼ਤਗਰਦਾਂ ਦੇ ਵੱਡੇ-ਵੱਡੇ ਟੋਲਿਆਂ ਨੇ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਦਰਜਨਾਂ ਹਮਲੇ ਕੀਤੇ। ਪਰ ਸਾਥੀ ਬਲਵਿੰਦਰ ਸਿੰਘ, ਉਨ੍ਹਾਂ ਦੀ ਜੀਵਨ ਸਾਥਣ ਕਾਮਰੇਡ ਜਗਦੀਸ਼ ਕੌਰ, ਭਰਾ ਰਣਜੀਤ ਸਿੰਘ ਸੰਧੂ ਅਤੇ ਭਰਜਾਈ ਬਲਰਾਜ ਕੌਰ ਨੇ ਆਪਣੀ ਸੂਝ-ਬੂਝ ਅਤੇ ਦਲੇਰੀ ਨਾਲ ਸਾਧਾਰਨ ਹਥਿਆਰਾਂ ਦੀ ਮਦਦ ਨਾਲ ਡਟਵਾਂ ਟਾਕਰਾ ਕੀਤਾ ਅਤੇ ਹਮਲਾਵਰ ਗੀਦੀਆਂ ਨੂੰ ਹਰ ਵਾਰੀ ਭੱਜਣ ਲਈ ਮਜਬੂਰ ਕੀਤਾ। ਇਸ ਬਹਾਦਰੀ ਲਈ ਇਸ ਸੂਰਮੇ ਪਰਿਵਾਰ ਨੂੰ ਰਾਸ਼ਟਰਪਤੀ ਵੱਲੋਂ ‘ਸ਼ੌਰੀਆ ਚੱਕਰ’ ਨਾਲ ਸਨਮਾਨਿਆ ਗਿਆ ਸੀ। ਇਹ ਅਤਿਅੰਤ ਬਦਕਿਸਮਤੀ ਅਤੇ ਰੋਸ ਦਾ ਵਿਸ਼ਾ ਹੈ ਕਿ ਦਹਿਸ਼ਤਗਰਦ ਜਥੇਬੰਦੀਆਂ ਦੀਆਂ ਅੱਖਾਂ ਵਿੱਚ ਰੜਕਦੇ ਸਾਥੀ ਬਲਵਿੰਦਰ ਸਿੰਘ ਭਿੱਖੀਵਿੰਡ ਅਤੇ ਪਰਿਵਾਰ ਨੂੰ ਮਿਲੀ ਹੋਈ ਸੁਰੱਖਿਆ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਸੀ।

ਸਾਥੀ ਨਾਜਰ ਸਿੰਘ ਸੈਦਪੁਰ ਦਾ ਦੁਖਦਾਈ ਵਿਛੋੜਾ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਸਭ ਤੋਂ ਵਡੇਰੀ ਉਮਰ ਦੇ ਆਗੂ ਸਾਥੀ ਨਾਜਰ ਸਿੰਘ ਸੈਦਪੁਰ ਲੰਘੀ 13 ਅਕਤੂਬਰ ਨੂੰ ਥੋੜ੍ਹਾ ਸਮਾਂ ਬੀਮਾਰ ਰਹਿਣ ਪਿੱਛੋਂ ਸਦੀਵੀਂ ਵਿਛੋੜਾ ਦੇ ਗਏ।
104 ਸਾਲਾਂ ਦੀ ਉਮਰ ਭੋਗ ਕੇ ਸੰਸਾਰ ਤੋਂ ਵਿਦਾ ਹੋਣ ਵਾਲੇ ਸਾਥੀ ਨਾਜਰ ਸਿੰਘ ਸੈਦਪੁਰ ਸੀਪੀਐਮ ਪੰਜਾਬ ਅਤੇ ਆਰ ਐਮ ਪੀ ਆਈ ਦੇ ਸੰਸਥਾਪਕਾਂ ‘ਚੋਂ ਇਕ ਸਨ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਬਾਨੀ ਪ੍ਰਧਾਨ ਸਨ।
1947 ‘ਚ ਅਣਵੰਡੀ ਕਮਿਊਨਿਟ ਪਾਰਟੀ ਦੇ ਮੈਂਬਰ ਬਣ ਕੇ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਸਾਥੀ ਨਾਜਰ ਸਿੰਘ ਜੀ ਨੇ ਆਪਣੇ ਜੀਵਨ ਦਾ ਸੱਤ ਦਹਾਕਿਆਂ ਤੋਂ ਵਧੇਰੇ ਸਮਾਂ ਕਮਿਊਨਿਸਟ ਲਹਿਰ ਨੂੰ ਅਰਪਣ ਕਰਦਿਆਂ ਅਨੇਕਾਂ ਲੋਕ ਘੋਲਾਂ ਦੀ ਮਿਸਾਲੀ ਅਗਵਾਈ ਕੀਤੀ।
ਆਪ, ਸਾਥੀ ਫੌਜਾ ਸਿੰਘ ਭੁੱਲਰ, ਦਲੀਪ ਸਿੰਘ ਟਪਿਆਲਾ, ਹਜਾਰਾ ਸਿੰਘ ਜੱਸੜ, ਦਰਸ਼ਨ ਸਿੰਘ ਝਬਾਲ, ਮੋਤਾ ਸਿੰਘ  ਜਿਹੇ ਮਹਾਨ ਕਮਿਊਨਿਸਟਾਂ ਦੇ ਯੁੱਧ ਸਾਥੀ ਵਜੋਂ ਸੀ ਪੀ ਆਈ (ਐਮ) ਦੇ ਪਹਿਲੀ ਪਾਲ ਦੇ ਆਗੂਆਂ ਦੇ ਤੌਰ ‘ਤੇ ਸਤਿਕਾਰੇ ਜਾਂਦੇ ਸਨ।
ਹਜਾਰਾਂ ਬੇਕਸੂਰ ਲੋਕਾਂ ਦੀਆਂ ਜਾਨਾਂ ਲੈਣ ਵਾਲੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਕਾਲੇ ਦੌਰ ਵਿੱਚ ਸਾਥੀ ਸੈਦਪੁਰ ਨੇ ਨਿਡਰਤਾ ਨਾਲ ਮਾਨਵਤਾਵਾਦੀ ਸਰੋਕਾਰਾਂ ‘ਤੇ ਪਹਿਰਾ ਦਿੰਦਿਆਂ ਕਾਤਲ ਟੋਲਿਆਂ ਦਾ ਹਰ ਮੋਰਚੇ ‘ਤੇ ਡਟਵਾਂ ਵਿਰੋਧ ਕੀਤਾ।
ਆਪ ਲਗਭਗ 25 ਸਾਲ ਆਪਣੇ ਪਿੰਡ ਦੇ ਸਰਪੰਚ ਰਹੇ, ਕੋ-ਆਪਰੇਟਿਵ ਸੁਸਾਇਟੀ ਦੇ ਅਹੁਦੇਦਾਰ ਅਤੇ ਰੱਈਆ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਤੌਰ ‘ਤੇ ਵੀ ਆਪਨੇ ਸ਼ਾਨਦਾਰ ਸੇਵਾਵਾਂ ਦਿੱਤੀਆਂ।
1985 ਵਿੱਚ ਆਪ ਨੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਲੜੀ ਅਤੇ 12000 ਦੇ ਕਰੀਬ ਵੋਟਾਂ ਹਾਸਲ ਕੀਤੀਆਂ। ਇਸ ਚੋਣ ਦਾ ਵਿਲੱਖਣ ਪੱਖ ਇਹ ਸੀ ਹਲਕੇ ਦੇ ਹਰ ਪਿੰਡ ਵਿੱਚੋਂ ਲਾਲ ਝੰਡੇ ਨੂੰ ਵੋਟ ਪਏ ਸਨ।
ਅੰਤਲੇ ਸਾਹਾਂ ਤੱਕ ਲੋਕਾਈ ਦੀ ਹਰ ਕਿਸਮ ਦੀ ਲੁੱਟ-ਚੋਂਘ ਅਤੇ ਵਿਤਕਰਿਆਂ ਤੋਂ ਮੁਕਤ ਸਮਾਜ ਸਿਰਜਣ ਲਈ ਜੂਝ ਰਹੇ ਸਭਨਾਂ ਲਈ ਸਾਥੀ ਨਾਜਰ ਸਿੰਘ ਸੈਦਪੁਰ ਵੱਲੋਂ ਨਿਭਾਇਆ ਗਿਆ ਮਿਸਾਲੀ ਰੋਲ ਹਮੇਸ਼ਾਂ ਪ੍ਰੇਰਣਾ ਤੇ ਊਰਜਾ ਪ੍ਰਦਾਨ ਕਰਦਾ ਰਹੇਗਾ।

ਕਿਸਾਨ ਸੰਗਰਾਮ ਦੇ ਮਿਸਾਲੀ ਸ਼ਹੀਦ
ਰੰਗਕਰਮੀ ਹੰਸਾ ਸਿੰਘ : ਕਿਰਤੀ ਦੀ ਬੰਦ ਖਲਾਸੀ ਦੀ ਵਿਚਾਰਧਾਰਾ ਨੂੰ ਪ੍ਰਣਾਏ, ਉੱਘੇ ਲੇਖਕ, ਨਾਟ ਨਿਰਦੇਸ਼ਕ ਤੇ ਰੰਗ ਕਰਮੀ ਅਤੇ ਜੀਵਨ ਦੇ ਅਮਲੀ ਯੁੱਧਾਂ ਦੇ ਸੰਗਰਾਮੀ ਸਾਥੀ  ਹੰਸਾ ਸਿੰਘ 15 ਅਕਤੂਬਰ 2020 ਨੂੰ  ਦੇਵੀਦਾਸਪੁਰਾ ਕਿਸਾਨ ਮੋਰਚੇ ਵਿੱਚ ਨਾਟਕ ਪੇਸ਼ ਕਰਦੇ ਹੋਏ ਸਦੀਵੀਂ ਵਿਛੋੜਾ ਦੇ ਗਏ। ਪਲਸ ਮੰਚ ਦੀ ਸਥਾਪਨਾ ਤੋਂ ਇਸ ਨਾਲ ਜੁੜੇ ਅਤੇ ‘ਕਲਾ ਲੋਕਾਂ ਲਈ’ ਦੇ ਮਾਨਵਤਾਵਾਦੀ ਸੰਕਲਪ ਨੂੰ ਸਮਰਪਿਤ, 26 ਮਈ 1949 ਦੇ ਦਿਨ ਜਨਮੇ ਸਾਥੀ ਹੰਸਾ ਸਿੰਘ ਭਾਵੀ ਪੀੜ੍ਹੀਆਂ ਸਨਮੁੱਖ ਆਪਣੇ  ਜੀਵਨ ਦਾ ਇੱਕ-ਇੱਕ ਪਲ ਆਪਣੇ ਅਕੀਦੇ ਦੇ ਲੇਖੇ ਲਾਉਣ ਦੀ ਸ਼ਾਨਦਾਰ ਮਿਸਾਲ ਸਥਾਪਤ ਕਰਕੇ ਗਏ ਹਨ। ਸਾਥੀ ਹੰਸਾ ਸਿੰਘ ਜੀ ਨੇ ਆਪਣੇ ਜੀਵਨ ਦੇ  ਸਾਢੇ ਪੰਜ ਦਹਾਕੇ ਲੁੱਟੇ-ਲਤਾੜੇ ਲੋਕਾਂ ਦੀ ਨਾਟਕਾਂ ਰਾਹੀਂ ਬਾਤ ਪਾਉਣ ਦੇ ਪਵਿੱਤਰ ਕਾਜ ਦੇ ਲੇਖੇ ਲਾਏ ਅਤੇ ਅੰਤਮ ਸਾਹ ਵੀ ਕਿਸਾਨ ਘੋਲ ਵਿੱਚ ਨਾਟਕ ਪੇਸ਼ ਕਰਦਿਆਂ ਲਿਆ। ”ਪੰਜੋ ਰਿਫਿਊਜਨ”, ”ਜਦੋਂ ਖੇਤ ਜਾਗੇ”, ”ਪਰਬਤੋਂ ਭਾਰੀ ਮੌਤ”, ”1084ਵੇਂ ਦੀ ਮਾਂ” ਆਦਿ ਉਨ੍ਹਾਂ ਵੱਲੋਂ ਅਨੇਕਾਂ ਵਾਰ ਪੇਸ਼ ਕੀਤੇ ਗਏ ਸ਼ਾਨਦਾਰ ਨਾਟਕ ਹਨ। ਆਪਣੇ ਪੱਲਿਓਂ ਪੈਸੇ ਖਰਚ ਕੇ ਉਨ੍ਹਾਂ ਬਿਆਸ ਵਿਖੇ ”ਇਨਪੁਟ ਨਾਟ ਭਵਨ” ਦੀ ਸਥਾਪਨਾ ਕੀਤੀ ਅਤੇ ਬੇਸ਼ੁਮਾਰ ਰੰਗ ਕਰਮੀ ਤਿਆਰ ਕੀਤੇ। ਐਮਰਜੈਂਸੀ ਦੇ ਜੁਬਾਨਬੰਦੀ ਦੇ ਦੌਰ ਵਿੱਚ ਵੀ ਭਾਅ ਜੀ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਉਹ ਬੇਖੌਫ ਨਾਟ ਪੇਸ਼ਕਾਰੀਆਂ ਕਰਦੇ ਰਹੇ। ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਹੁਣ ਤੱਕ ਹੋਏ 28 ਸਾਲਾਨਾ ਮੇਲਿਆਂ ਵਿੱਚੋਂ ਅੱਧੇ ਤੋਂ ਵੱਧ ਮੇਲਿਆਂ ਦੀ ਝੰਡੇ ਦੀ ਰਸਮ ਦੀ ਭਾਵਪੂਰਤ ਪੇਸ਼ਕਾਰੀਆਂ ਦੀ ਨਿਰਦੇਸ਼ਨਾ ਉਨ੍ਹਾਂ ਵੱਲੋਂ ਕੀਤੀ ਹੋਈ ਹੈ। ਇੱਕ ਦੁਰਘਟਨਾ ਵਿੱਚ ਬੁਰੀ ਤਰ੍ਹਾਂ ਜਖ਼ਮੀ ਹੋਏ ਸਾਥੀ ਹੰਸਾ ਸਿੰਘ ਇੱਕ ਵਾਰ 14-15 ਦਿਨ ਬੇਹੋਸ਼ ਰਹੇ ਸਨ ਅਤੇ ਉਨ੍ਹਾਂ ਦੇ ਬਚਣ ਦੀ ਕੋਈ ਆਸ ਨਹੀਂ ਸੀ। ਪਰ ਹਜ਼ਾਰਾਂ ਲੋਕ ਹਿਤੈਸ਼ੀਆਂ ਵੱਲੋਂ ਕੀਤੀ ਗਈ ਮਾਇਕ ਇਮਦਾਦ, ਦਿੱਤੇ ਤੇ ਗਏ ਖੂਨ ਅਤੇ ਕਲਾ ਪ੍ਰੇਮੀਆਂ ਦੀਆਂ ਸ਼ੁਭਕਾਮਨਾਵਾਂ ਸਦਕਾ ਉਨ੍ਹਾਂ ਮੌਤ ਨੂੰ ਮਾਤ ਦਿੱਤੀ ਸੀ। ਉਸ ਵੇਲੇ ”ਹੁਣ ਮੇਰੀਆਂ ਰਗਾਂ ‘ਚ ਅੰਦਰ ਲੋਕਾਂ ਦਾ ਲਹੂ ਦੌੜ ਰਿਹਾ ਹੈ ਅਤੇ ਮੇਰਾ ਇੱਕ-ਇੱਕ ਸਾਹ ਲੋਕਾਈ ਦੀ ਅਮਾਨਤ” ਦੇ ਕਹੇ ਬੋਲਾਂ ‘ਤੇ ਉਹ ਸੌ ਫੀਸਦੀ ਖਰੇ ਉੱਤਰੇ।

ਮਾਤਾ ਤੇਜ ਕੌਰ : ਮੋਦੀ ਦੇ ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਖਿਲਾਫ਼ ਜਾਰੀ ਲੋਕ ਯੁੱਧ ਦੌਰਾਨ ਬੁਢਲਾਡਾ ਰੇਲ ਲਾਈਨਾਂ ਤੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਲੱਗੇ ਮੋਰਚੇ ਦੌਰਾਨ 9 ਅਕਤੂਬਰ ਨੂੰ  ਮਾਤਾ ਤੇਜ ਕੌਰ (80), ਵਾਸੀ ਪਿੰਡ ਵਰ੍ਹੇ, ਤਹਿਸੀਲ ਬੁਢਲਾਡਾ, ਜਿਲ੍ਹਾ ਮਾਨਸਾ ਪ੍ਰਾਣ ਤਿਆਗ ਗਏ। ਮਾਤਾ ਤੇਜ ਕੌਰ ਪਹਿਲੇ ਦਿਨ ਤੋਂ ਹੀ ਬਿਨਾਂ ਨਾਗਾ ਇਸ ਸੰਘਰਸ਼ ਵਿੱਚ ਉਤਸ਼ਾਹ ਪੂਰਬਕ ਸ਼ਾਮਲ ਰਹੇ ਸਨ।

ਮੇਘ ਰਾਜ ਨਾਗਰੀ : ਬੀ ਕੇ ਯੂ ਉਗਰਾਹਾਂ ਵੱਲੋਂ 31 ਕਿਸਾਨ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੰਘਰਸ਼ ਨਾਲ ਚਲਾਏ ਜਾ ਰਹੇ ਤਾਲਮੇਲਵੇਂ ਘੋਲ ਦੀ ਕੜੀ ਵਜੋਂ ਧੂਰੀ ਰੇਲਵੇ ਲਾਈਨਾਂ ਤੇ ਲੱਗੇ ਮੋਰਚੇ ਵਿੱਚ ਸ਼ਾਮਲ ਲੋਕ ਪੱਖੀ ਕਵੀਸ਼ਰ ਅਤੇ ਕਿਸਾਨ ਸੰਗਰਾਮੀਏ ਮੇਘ ਰਾਜ ਨਾਗਰੀ ਸਦੀਵੀਂ ਵਿਛੋੜਾ ਦੇ ਗਏ।

ਜੁਗਰਾਜ ਸਿੰਘ ਗੁੜੱਦੀ : 31 ਕਿਸਾਨ ਜੱਥੇਬੰਦੀਆਂ ਵਲੋਂ ਪਹਿਲੀ ਅਕਤੂਬਰ ਤੋਂ ਜਾਰੀ ਰੇਲ ਚੱਕਾ ਜਾਮ ਅੰਦੋਲਨ ਦੌਰਾਨ ਮਾਨਸਾ ਵਿਖੇ ਬੀ ਕੇ ਯੂ ਕਾਦੀਆਂ ਦੇ ਆਗੂ ਜੁਗਰਾਜ ਸਿੰਘ ਗੁੜੱਦੀ (55) ਲੰਘੀ 17 ਅਕਤੂਬਰ ਨੂੰ ਸਦੀਵੀਂ ਵਿਛੋੜਾ ਦੇ ਗਏ।

ਜੋਗਿੰਦਰ ਸਿੰਘ ਚੀਮਾਂ : ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਆਗੂ ਸਾਥੀ ਜੋਗਿੰਦਰ ਸਿੰਘ ਚੀਮਾ 23 ਅਤੇ 24 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਬੁਟਾਹਰੀ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਰੇਲ ਚੱਕਾ ਜਾਮ ਅੰਦੋਲਨ ਦੌਰਾਨ ਸਦੀਵੀਂ ਵਿਛੋੜਾ ਦੇ ਗਏ। ਸਾਥੀ ਚੀਮਾ ਪਹਿਲੀ ਅਕਤੂਬਰ ਤੋਂ ਮੋਰਚੇ ਵਿੱਚ ਸ਼ਾਮਲ ਸਨ।

ਸ਼ੋਕ ਸਮਾਚਾਰ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੀ ਰਾਏਕੋਟ ਤਹਿਸੀਲ ਕਮੇਟੀ ਦੇ ਮੈਂਬਰ ਅਤੇ ਪਾਰਟੀ ਦੀ ਲੋਹਟਬੱਧੀ ਬ੍ਰਾਂਚ ਦੇ ਸਕੱਤਰ ਸਾਥੀ ਬਲਦੇਵ ਸਿੰਘ ਜੀ ਸਦੀਵੀਂ ਵਿਛੋੜਾ ਦੇ ਗਏ। ਸਾਥੀ ਬਲਦੇਵ ਸਿੰਘ ਮਿਸਾਲੀ ਕਮਿਊਨਿਸਟ ਆਗੂ ਮਰਹੂਮ  ਸਾਥੀ ਹਰਨਾਮ ਸਿੰਘ ‘ਚਮਕ’ ਦੀ ਪ੍ਰੇਰਣਾ ਨਾਲ ਕਮਿਊਨਿਸਟ ਲਹਿਰ ਸੰਗ ਜੁੜੇ ਅਤੇ ਅੰਤਮ ਸਾਹਾਂ ਤੱਕ ਕਮਿਊਨਿਸਟ ਕਾਜ ਪ੍ਰਤੀ ਸਮਰਪਿਤ ਰਹੇ। 71 ਸਾਲਾ ਸਾਥੀ ਬਲਦੇਵ ਸਿੰਘ ਪੇਸ਼ੇ ਵਜੋਂ ਅਧਿਆਪਕ ਸਨ। ਉਹਨਾਂ ਜਿੰਨੀ ਸ਼ਿੱਦਤ ਨਾਲ ਅਧਿਆਪਕ ਤੇ ਮੁਲਾਜ਼ਮ ਹਿਤਾਂ ਲਈ ਮਿਸਾਲੀ ਸੰਘਰਸ਼ ਕੀਤਾ ਓਨੀ ਹੀ ਤਨਦੇਹੀ ਨਾਲ ਅਧਿਆਪਨ ਕਾਰਜ ਵੀ ਕੀਤਾ।

Scroll To Top