Now Reading
ਗੈਰ ਬਰਾਬਰੀ ਦਾ ਦਸਤਾਵੇਜ਼ ਮਨੂੰ ਸਿਮ੍ਰਤੀ ਗੁਰੂ ਸ਼ਿਸ਼ ਪਰੰਪਰਾ ਵਿਚ ਸ਼ਿਸ਼ ਦੀ ਥਾਂ

ਗੈਰ ਬਰਾਬਰੀ ਦਾ ਦਸਤਾਵੇਜ਼ ਮਨੂੰ ਸਿਮ੍ਰਤੀ ਗੁਰੂ ਸ਼ਿਸ਼ ਪਰੰਪਰਾ ਵਿਚ ਸ਼ਿਸ਼ ਦੀ ਥਾਂ

ਡਾ. ਕਰਮਜੀਤ ਸਿੰਘ
ਧਰਮ ਸ਼ਾਸਤਰਾਂ, ਪੁਰਾਣਾਂ, ਬੁੱਧ ਧਰਮ, ਜੈਨ ਧਰਮ, ਸ਼ੈਵ ਤੇ ਸ਼ਾਕਤ ਅਤੇ ਵੈਸ਼ਨਵ ਮੱਤ ਵਿਚ ਜੋਤਿਸ਼, ਕਾਵਿ ਸ਼ਾਸਤਰ, ਰਸ ਅਤੇ ਛੰਦ ਸ਼ਾਸਤਰ ਵਿਚ ਅਤੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਗੁਰੂ ਦੀਆਂ ਤਿੰਨ ਦਰਜਨ ਤੋਂ ਉਪਰ ਪਰਿਭਾਸ਼ਾਵਾਂ ਜਾਂ ਅਰਥ ਮਿਲ਼ਦੇ ਹਨ। ਜਿਵੇਂ ਕਈ ਰਿਸ਼ੀਆਂ ਦਾ ਨਾਂਅ, ਪਿਤਾ, ਮਾਤਾ, ਉਪਦੇਸ਼ਕ, ਅਗਨੀ ਅਤੇ ਆਤਮਾ ਪੰਜ ਗੁਰੂ, ਵੱਡਾ, ਬ੍ਰਹਸਪਤੀ ਵਾਰ, ਭਾਰਾ, ਗ੍ਰਹਿ ਬ੍ਰਹਸਪਤੀ (ਗੁਰੂ, ਜੁਪੀਟਰ), ਆਚਾਰੀਆ, ਨਿਰਦੇਸ਼ਕ ਅੱਠ ਦਿਸ਼ਾਵਾਂ ਵਿਚੋਂ ਇਕ ਦਿਸ਼ਾ, ਠੰਢਾ ਸਪਰਸ਼ (ਅੱਠਾਂ ਵਿਚੋਂ ਇਕ) ਆਗੂ, ਊਚਾ, ਮਹੱਤਵਪੂਰਣ, ਔਖਾ, ਮਹਾਨ, ਸਤਿਕਾਰਯੋਗ, ਪਿਆਰਾ, ਸ਼ਕਤੀਸ਼ਾਲੀ, ਅਜਿੱਤ ਆਦਿ। ਸ਼ੁਰੂ ਵਿਚ ਦੁਨਿਆਵੀ ਗਿਆਨ ਦੇਣ ਵਾਲ਼ੇ ਵਿਅਕਤੀ ਨੂੰ ਹੀ ਗੁਰੂ ਮੰਨਿਆ ਗਿਆ, ਪਰ ਬਾਦ ਵਿਚ ਧਰਮਾਂ ਦੀ ਸਥਾਪਤੀ ਹੋਣ ਪਿਛੋਂ ਗੁਰੂ ਰੂਹਾਨੀ ਵਿਦਿਆ ਦਾ ਗਿਆਤਾ ਕਰਕੇ ਜਾਣਿਆ ਗਿਆ। ਗਿਆਨ ਦੇ ਖੇਤਰ ਵਿਚ ਹਨੇਰੇ (ਗੁ) ਤੋਂ ਰੌਸ਼ਨੀ (ਰੂ) ਵੱਲ ਲੈ ਜਾਣ ਵਾਲ਼ੇ ਵਿਅਕਤੀ ਨੂੰ ਗੁਰੂ ਮੰਨਿਆ ਗਿਆ। ਹਰ ਤਰ੍ਹਾਂ ਦੀ ਵਿਦਿਆ ਦੇਣ ਵਾਲ਼ੇ ਨੂੰ ਗੁਰੂ ਦੀ ਉਪਾਧੀ ਦਿੱਤੀ ਗਈ ਹੈ। ਉਹ ਹਾਥੀਆਂ ਨੂੰ ਸਿਖਾਉਣ ਵਾਲ਼ਾ ਵੀ ਹੋ ਸਕਦਾ ਹੈ ਅਤੇ ਸੱਪਾਂ ਨੂੰ ਕਾਬੂ ਕਰਨ ਵਾਲ਼ਾ ਵੀ, ਜਾਸੂਸੀ ਸਿਖਾਉਣ ਵਾਲ਼ਾ ਵੀ ਹੋ ਸਕਦਾ ਹੈ ਤੇ ਜ਼ਹਿਰ ਬਣਾਉਣ ਵਾਲ਼ਾ ਵੀ, ਜਾਦੂਗਰੀ ਸਿਖਾਉਣ ਵਾਲ਼ਾ ਵੀ ਤੇ ਹਥਿਆਰ ਚਲਾਉਣ-ਸਿਖਾਉਣ ਵਾਲ਼ਾ ਵੀ, ਭਵਨ ਨਿਰਮਾਣ ਕਲਾ ਅਤੇ ਬੁੱਤ ਕਲਾ ਸਿਖਾਉਣ ਵਾਲ਼ਾ ਵੀ ਅਤੇ ਇਸੇ ਤਰ੍ਹਾਂ ਉਹ ਕਾਮਸੂਤਰ ਪੜ੍ਹਾਉਣ ਵਾਲ਼ਾ ਵੀ ਹੋ ਸਕਦਾ ਹੈ ਤੇ ਸ਼ਿਕਾਰ ਕਰਨਾ ਸਿਖਾਉਣ ਵਾਲ਼ਾ ਵੀ। ਇਹ ਗੁਰੂ ਬ੍ਰਾਹਮਣ ਹੀ ਹੁੰਦੇ ਸਨ ਤੇ ਹੁੰਦੇ ਵੀ ਮਰਦ ਹੀ ਸਨ। ਔਰਤ ਸਾਧਵੀਆਂ/ਗੁਰੂ ਬਹੁਤ ਬਾਅਦ ਦੀਆਂ ਗੱਲਾਂ ਹਨ।
ਸ਼ਾਸਤਰਾਂ ਵਿਚ ਗੁਰੂ ਦੀ ਸਿਫ਼ਤ ਅਤਿ ਕਥਨੀ ਦੀ ਪੱਧਰ ਤਕ ਕੀਤੀ ਗਈ ਹੈ। ਇਹ ਸ਼ਲੋਕ ਹਮੇਸ਼ਾ ਪੜ੍ਹਿਆ ਜਾਂਦਾ ਹੈ।
ਗੁਰੂ ਰ ਬ੍ਰਹਮਾ ਗੁਰੂ ਰ ਵਿਸ਼ਣੂ ਗੁਰੂ ਰ ਦੇਵਾ ਮਹੇਸ਼ਵਰਾ
ਗੁਰੂ ਸਾਕਸ਼ਾਤ ਪ੍ਰਮ-ਬ੍ਰਹਮ ਤਸਮਯ ਸ਼੍ਰੀ ਗੁਰੂ ਏ ਨਮਹ
ਗੁਰੂ ਦੇ ਗੁਣ ਵੀ ਇਸੇ ਸ਼ਲੋਕ ਅਨੁਸਾਰ ਕਹੇ ਗਏ ਹਨ। ਜਿਵੇਂ ਉਹ ਯਸ਼ਮਾਨ ਹੈ, ਉਹ ਬ੍ਰਹਮਾ ਦਾ ਰੂਪ ਹੈ, ਬੁੱਧੀਮਾਨ ਹੈ, ਅਮਰ ਹੈ, ਤਕੜੇ ਸਰੀਰ ਵਾਲ਼ਾ ਹੈ, ਮਿੱਠ ਬੋਲੜਾ ਹੈ, ਵੇਦਾਂ ਦਾ ਗਿਆਤਾ ਹੈ, ਪਦਾਰਥਕ ਤੌਰ ਤੇ ਸੰਪੰਨ ਹੈ, ਉਚੇ ਸਦਾਚਾਰਕ ਗੁਣਾਂ ਦਾ ਧਾਰਣੀ ਹੈ, ਸਾਫ਼ ਦਿਲ, ਗਿਆਨ ਦਾ ਭੰਡਾਰ ਤੇ ਸਹੀ ਸਿਆਣਪ ਦਾ ਧਾਰਣੀ ਹੈ। ਰੂਹਾਨੀ/ਅਧਿਆਤਮਕ ਗੁਰੂ, ਅਧਿਆਤਮਕ ਗੁਣਾਂ ਦੀ ਖਾਣ ਹੈ, ਉਹ ਈਸ਼ਵਰ ਤਕ ਪਹੁੰਚਿਆ ਹੋਇਆ ਹੈ, ਰਿੱਧੀਆਂ-ਸਿੱਧੀਆਂ ਦਾ ਜਾਣਕਾਰ ਹੈ, ਹਰ ਸੰਕਟ ਹੱਲ ਕਰਨ ਵਾਲ਼ਾ ਭਾਵ ਸੰਸਾਰ ਸਮੁੰਦਰ (ਭਵ ਸਾਗਰ) ਤੋਂ ਪਾਰ ਕਰਨ ਵਿਚ ਸਹਾਈ ਹੋਣ ਵਾਲ਼ਾ ਹੈ। ਇਨ੍ਹਾਂ ਗੁਰੂਆਂ ਦਾ ਸ਼ਿਸ਼ ਬਣਨ ਲਈ ਖ਼ਾਸ ਗੁਣ ਨਿਸਚਿਤ ਕੀਤੇ ਗਏ ਹਨ। ਆਤਮਿਕ ਗੁਰੂਆਂ ਦੀ ਸ਼ਿਸ਼ਾਂ ਤੋਂ ਇਹ ਮੰਗ ਹੈ ਕਿ ਉਹ ਆਪਣਾ ਦਿਮਾਗ਼ ਤੇ ਆਪਾ ਮਿਟਾ ਕੇ ਆਉਣ। ਦੁਨਿਆਵੀ ਗੁਰੂਆਂ ਕੋਲ਼ੋਂ ਗਿਆਨ ਲੈਣਾ ਵੀ ਕੋਈ ਸੌਖਾ ਕੰਮ ਨਹੀਂ ਹੈ। ਮੰਨੂ ਸਿਮ੍ਰਤੀ ਵਿਚ ਬ੍ਰਹਮਚਰੀਯ ਅਵਸਥਾ ਵਿਚ ਗੁਰੂ ਆਸ਼ਰਮ ਵਿਚ ਰਹਿੰਦੇ ਸ਼ਿਸ਼ ਤੋਂ ਜੋ ਮੰਗ ਕੀਤੀ ਗਈ ਹੈ ਉਹ ਅਤਿ ਕਠਿਨ ਹੈ। ਇਥੇ ਅਸੀਂ ਗੁਰੂ ਸ਼ਿਸ਼ ਪਰੰਪਰਾ ਨੂੰ ਸ਼ਿਸ਼ ਦੀ ਦ੍ਰਿਸ਼ਟੀ ਤੋਂ ਵਾਚਣ ਦਾ ਯਤਨ ਕਰ ਰਹੇ ਹਾਂ।
ਸ਼ਿਸ਼ ਬਣਨ ਦੀਆਂ ਸ਼ਰਤਾਂ ਹਨ। ‘ਆਚਾਰੀਆਂ ਦਾ ਪੁੱਤਰ, ਸੇਵਕ, ਗਿਆਨ ਦਾਤਾ, ਧਾਰਮਿਕ, ਸ਼ੁੱਧ, ਬਾਂਧਵ, ਸਮਰੱਥ, ਧੰਨ ਦੇਣ ਵਾਲ਼ਾ, ਸਾਧੂ ਅਤੇ ਆਪਣੀ ਜਾਤੀ ਦਾ ਇਹ ਦਸ ਗੁਣਾਂ ਦੇ ਧਾਰਣੀ ਧਰਮ ਅਨੁਸਾਰ ਪੜ੍ਹਾਉਣ ਯੋਗ ਹਨ।’ (ਮਨੂੰ ਸਿਮ੍ਰਤੀ, ਪੰਡਿਤ ਦੇਵ ਨਾਰਾਇਣ ਪਾਠਕ (ਅਨੁ।) ਨਾਰਾਇਣ ਬੁੱਕ ਡੀਪੋ, ਪਟਨਾ, 2/11) ਸ਼ਿਸ਼ ਦਵਿੱਜ ਜਾਤੀਆਂ (ਬ੍ਰਾਹਮਣ, ਕਸ਼ਤਰੀ ਅਤੇ ਵੈਸ਼) ਵਿਚੋਂ ਹੀ ਹੋ ਸਕਦਾ ਹੈ। ਪਰ ਹੋਰ ਗੁਣ ਵੀ ਹੋਣੇ ਜ਼ਰੂਰੀ ਹਨ। ਵਿਸ਼ੇਸ਼ ਤੌਰ ਤੇ ਧਰਮ, ਅਰਥ ਅਤੇ ਸੇਵਾ। ‘ਜਿਸ ਸ਼ਿਸ਼ ਵਿਚ ਧਰਮ ਅਤੇ ਅਰਥ ਨਾ ਹੋਵੇ ਅਤੇ ਸ਼ਾਸਤਰਾਂ ਵਿਚ ਕਹੀ ਸੇਵਾ ਭਾਵ ਵੀ ਨਾ ਹੋਵੇ, ਉਸਨੂੰ ਵਿਦਿਆ ਨਹੀਂ ਦੇਣੀ ਚਾਹੀਦੀ। ਉਸਨੂੰ ਵਿਦਿਆ ਦੇਣਾ ਬੰਜਰ ਜ਼ਮੀਨ ਵਿਚ ਚੰਗਾ ਬੀਜ ਸੁੱਟਣ ਬਰਾਬਰ ਹੈ, ਅਰਥਾਤ ਨਿਹਫਲ ਹੈ। (2/112)’ ਇਥੇ ਇਕ ਸ਼ਰਤ ਬੜੀ ਸਖ਼ਤ ਹੈ ਕਿ ਗੁਰੂ ਦੀ ਆਗਿਆ ਬਿਨਾਂ ਅਭਿਆਸ ਲਈ ਵੀ ਪੜ੍ਹਨ-ਪੜ੍ਹਾਉਣ ਦੀ ਸਖ਼ਤ ਮਨਾਹੀ ਹੈ। ‘ਜੋ ਮਨੁੱਖ ਅਭਿਆਸ ਲਈ ਪੜ੍ਹਦੇ ਜਾਂ ਕਿਸੇ ਨੂੰ ਪੜ੍ਹਾਉਂਦੇ ਹੋਏ ਗੁਰੂ ਦੀ ਆਗਿਆ ਤੋਂ ਬਿਨਾਂ ਵੇਦ ਗਿਆਨ ਪ੍ਰਾਪਤ ਕਰਦਾ ਹੈ ਉਹ ਵੇਦ ਦੀ ਚੋਰੀ ਕਰਨ ਵਾਲ਼ਾ ਹੈ। (2/116)’ ਭਾਵ ਸ਼ਿਸ਼ ਨੇ ਉਹੀ ਪੜ੍ਹਨਾ ਹੈ ਜੋ ਗੁਰੂ ਚਾਹੇ। ਆਪਣੀ ਮਰਜ਼ੀ ਨਾਲ਼ ਉਹ ਅਭਿਆਸ ਤਕ ਨਹੀਂ ਕਰ ਸਕਦਾ। ਇਥੇ ਸ਼ਿਸ਼ ਦਾ ਵਿਕਾਸ ਗੁਰੂ ਦੇ ਕਹਿਣ ਜਾਂ ਨਾ ਕਹਿਣ ਅਨੁਸਾਰ ਹੀ ਹੋਵੇਗਾ। ਸ਼ਿਸ਼ ਨੂੰ ਉਸ ਆਸਣ ਤੇ ਬੈਠਣ ਦੀ ਮਨਾਹੀ ਹੈ ਜਿਸ ਉਪਰ ਗੁਰੂ ਬੈਠਦਾ ਹੋਵੇ। ਬਰਾਬਰ ਬੈਠਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਬਾਅਦ ਵਿਚ ਹਰ ਧਰਮ ਦਾ ਗੁਰੂ ਉੱਚੇ ਆਸਣ ਉਪਰ ਬੈਠਦਾ ਹੈ ਅਤੇ ਪੈਰੋਕਾਰ ਨੀਵੇਂ ਥਾਂ ਬੈਠਦੇ ਹਨ। ਗੁਰੂ ਦੀ ਆਗਿਆ ਬਿਨਾਂ ਕੋਈ ਵੀ ਉਸਦੇ ਬਰਾਬਰ ਨਹੀਂ ਬੈਠ ਸਕਦਾ। ‘ਗੁਰੂਜਨ ਕਰਕੇ ਅੰਗੀਕਾਰ ਕੀਤੇ ਗਏ ਅਰਥਾਤ ਜਿਸ ਸੇਜ/ਆਸਣ ਤੇ ਗੁਰੂ ਬੈਠਦੇ ਹੋਣ, ਉਸ ਮੰਜੀ ਅਤੇ ਆਸਣ ਉਪਰ ਨਾ ਬੈਠੇ। ਜੇ ਸ਼ਿਸ਼ ਆਪ ਮੰਜੀ ਅਤੇ ਆਸਣ ਤੇ ਬੈਠਾ ਹੋਵੇ ਤਾਂ ਉੱਠ ਕੇ ਗੁਰੂ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ।'(2/119)
ਸ਼ਿਸ਼ ਦੇ ਕੰਮਾਂ ਵਿਚ ਭਿਖਿਆ ਮੰਗਣਾ ਵੀ ਸ਼ਾਮਿਲ ਹੈ। ਇਹ ਭਾਰਤੀ ਸਭਿਆਚਾਰ ਦਾ ਅਜਿਹਾ ਤੱਤ ਹੈ ਜੋ ਸਦੀਆਂ ਤੋਂ ਕੋਹੜ ਬਣ ਕੇ ਭਾਰਤੀ  ਸਮਾਜ ਨੂੰ ਖਾ ਰਿਹਾ ਹੈ। ਬ੍ਰਾਹਮਣ (ਗੁਰੂ) ਤੇ ਸ਼ਿਸ਼ ਲਈ ਹੱਥੀਂ ਕੰਮ ਕਰਨਾ ਇਕ ਤਰ੍ਹਾਂ ਨਾਲ ਵਿਵਰਜਤ ਹੈ। ਬ੍ਰਾਹਮਣ ਨੂੰ ਖੇਤੀ ਦਾ ਕੰਮ ਵੀ ਵਿਵਰਜਤ ਹੈ, ਕਿਉਂਕਿ ਸਿਮ੍ਰਤੀ ਅਨੁਸਾਰ ਹਲ਼ ਵਾਹੁਣ ਨਾਲ਼ ਜੀਵ ਜੰਤੂ ਮਾਰੇ ਜਾਂਦੇ ਹਨ, ਇਸ ਲਈ ਉਸਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ‘ਕਈ ਖੇਤੀ ਦੀ ਪ੍ਰਸੰਸਾ ਕਰਦੇ ਹਨ ਫਿਰ ਵੀ ਸੱਜਣਾਂ ਨੇ ਇਸਦੀ ਨਿੰਦਿਆ ਕੀਤੀ ਹੈ ਕਿਉਂਕਿ ਲੋਹੇ ਦੇ ਚੌਅ ਵਾਲ਼ਾ ਹਲ਼ ਧਰਤੀ ਅਤੇ ਧਰਤੀ ਵਿਚ ਸੌਣ ਵਾਲ਼ੇ ਜੀਵਾਂ ਨੂੰ ਨਸ਼ਟ ਕਰ ਦਿੰਦਾ ਹੈ।’ (10/84) ਇਥੋਂ ਹੀ ਕਿਸਾਨ ਵਲ ਦਵਿਜ ਜਾਤੀਆਂ ਦੀ ਦ੍ਰਿਸ਼ਟੀ ਵੀ ਸਪੱਸ਼ਟ ਹੁੰਦੀ ਹੈ। ਜੋ ਕਿਸਾਨ ਸਾਰੀ ਦੁਨੀਆਂ ਨੂੰ ਅੰਨ ਖਿਲ਼ਾਉਂਦਾ ਹੈ ਉਸਦੇ ਕੰਮ ਨੂੰ ਨੀਵਾਂ ਦਿਖਾਉਣਾ, ਭਾਰਤੀ ਸਭਿਆਚਾਰ ਦਾ ਅੰਗ ਬਣਾ ਦਿੱਤਾ ਗਿਆ ਹੈ। ਜੋ ਅੱਜ ਵੀ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਹੈ। ਇਥੋਂ ਹੀ ਬੁੱਧੀ ਤੇ ਹੱਥਾਂ ਦੀ ਤਕਰਾਰ ਸ਼ੁਰੂ ਹੁੰਦੀ ਹੈ। ਬੁੱਧੀਵਾਲ਼ਾ ਹੱਥੀਂ ਕੰਮ ਨੂੰ ਨਫ਼ਰਤ ਕਰਦਾ ਹੈ। ਤੇ ਮੋੜਵੇਂ ਰੂਪ ਵਿਚ ਹੱਥੀਂ ਕੰਮ ਕਰਨ ਵਾਲ਼ਾ ਬੁੱਧੀਮਾਨ ਦਾ ਮਜ਼ਾਕ ਉਡਾਉਂਦਾ ਹੈ। ਅਜੋਕੇ ਭਾਰਤੀ ਸਮਾਜ ਵਿਚ ਇਹ ਵਰਤਾਰਾ ਆਮ ਹੈ।
ਇਸ ਵਰਤਾਰੇ ਦਾ ਹੀ ਇਕ ਪੱਖ ਹੈ ਕਿ ਬ੍ਰਾਹਮਣ ਨੂੰ ਮੰਗਤਾ ਬਣਾ ਦਿੱਤਾ ਗਿਆ ਹੈ ਜੋ ਬ੍ਰਹਮਚਰਜ ਵੇਲੇ ਤੋਂ ਹੀ ਮੰਗਣ ਦਾ ਅਭਿਆਸ ਸ਼ੁਰੂ ਕਰ ਲੈਂਦਾ ਹੈ ਜਾਂ ਗੁਰੂ ਦੇ ਆਦੇਸ਼ ਨਾਲ਼ ਉਸਨੂੰ ਇਹ ਨਿੱਤ ਦੇ ਕਰਮ ਵਾਂਗ ਕਰਨਾ ਪੈਂਦਾ ਹੈ। ‘ਪਾਣੀ ਦਾ ਘੜਾ, ਫੁੱਲ, ਗੋਹਾ, ਮਿੱਟੀ ਅਤੇ ਕੁਸ਼ਾ (ਘਾਹ) ਜਿੰਨੇ ਕੰਮ ਲਈ ਚਾਹੀਦੇ ਹਨ ਓਨੇ ਹੀ ਲਿਆਵੇ ਅਤੇ ਹਰ ਰੋਜ਼ ਭਿਖਿਆ ਮੰਗੇ।(2/182)’ ਮੰਗਣਾ ਕਿੱਥੋਂ ਹੈ? ਸ਼ਿਸ਼ ਲਈ ਇਹ ਵੀ ਤੈਅ ਹੈ। ਵੇਦ-ਯੱਗ ਕਰਨ ਵਾਲ਼ਿਆਂ ਅਤੇ ਜੋ ਆਪਣੇ ਦਿੱਤੇ ਕੰਮਾਂ ਵਿਚ ਸੁੱਚੇ ਹਨ ਉਨ੍ਹਾਂ ਦੇ ਘਰੋਂ ਹੀ ਭਿਖਿਆ ਮੰਗੀ ਜਾਵੇ। ਮੋਟੇ ਤੌਰ ਤੇ ਦਵਿੱਜ ਜਾਤੀਆਂ (ਬ੍ਰਾਹਮਣ, ਕਸ਼ਤਰੀ, ਵੈਸ਼) ਦੇ ਘਰੋਂ। ‘ਜੋ ਵੇਦ ਯੱਗ ਤੋਂ ਰਹਿਤ ਨਹੀਂ ਅਤੇ ਆਪਣੇ ਕੰਮਾਂ ਵਿਚ ਸਾਵਧਾਨ ਹਨ, ਬ੍ਰਹਮਚਾਰੀ ਉਨ੍ਹਾਂ ਦੇ ਘਰੋਂ ਪਵਿੱਤਰ ਹੋ ਕੇ ਨਿੱਤ ਭਿੱਖਿਆ ਲਿਆਵੇ।’ (2/183) ਗੁਰੂ ਦੇ ਕੁੱਲ ਦੇ ਰਿਸ਼ਤੇਦਾਰਾਂ ਤੋਂ ਵੀ ਨਾ ਮੰਗੇ। (2/184) ਜੇ ਭਿਖਿਆ ਨਾ ਮਿਲ਼ੇ ਤਾਂ ਪਵਿਤਰ ਹੋ ਕੇ ਭਿਖਿਆ ਲਈ ਸਾਰੇ ਪਿੰਡ ਵਿਚ ਫਿਰੇ ਪਰ ਓਥੇ ਵੀ ਪਾਤਕੀਆਂ (ਅਪਰਾਧੀਆਂ) ਨੂੰ ਛੱਡ ਦੇਵੇ। (2/185) ਇਹ ਸਭ ਕੁਝ ਪੜ੍ਹਕੇ ਸਦੀਆਂ ਤੋਂ ਭਾਰਤ ਵਿਚ ਹੱਥੀਂ ਕੰਮ ਤੋਂ ਕੰਨੀ ਕਤਰਾਉਂਦੇ ਵਿਹਲੇ ਫਿਰਦੇ ਸਾਧੂਆਂ ਦੀਆਂ ਧਾੜਾਂ ਦੀ ਸਮਝ ਆ ਜਾਂਦੀ ਹੈ। ਇਨ੍ਹਾਂ ਪ੍ਰਤੀ ਆਦਰ ਭਾਵ ਵੀ ਸਦੀਆਂ ਦੇ ਪ੍ਰਚਾਰ-ਪ੍ਰਸਾਰ ਦਾ ਸਿੱਟਾ ਹੈ।
ਗੁਰੂ ਕਹੇ ਜਾਂ ਨਾ ਕਹੇ ਬ੍ਰਹਮਚਾਰੀ ਸ਼ਿਸ਼ ਨੂੰ ਪੜ੍ਹਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ ਅਤੇ ਗੁਰੂ ਦੇ ਹਿੱਤ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। (2/191) ਇਸ ਹਿੱਤ ਵਿਚ ਗੁਰੂ ਲਈ ਭਿਖਿਆ ਲਿਆਉਣਾ ਵੀ ਸ਼ਾਮਿਲ ਹੈ। ਸਰੀਰ, ਬੋਲੀ, ਬੁੱਧੀ, ਗਿਆਨ ਇੰਦ੍ਰੀਆਂ ਅਤੇ ਮਨ ਨੂੰ ਰੋਕ ਕੇ ਹੱਥ ਜੋੜਕੇ ਗੁਰੂ ਦੇ ਚਿਹਰੇ ਵਲ ਇਕ ਟੱਕ ਦੇਖੇ, ਬਿਨਾਂ ਹਿੱਲ਼ੇ ਜੁੱਲੇ (2/192)। ਇਹ ਆਦੇਸ਼ ਬਾਦ ਵਿਚ ਰੂਹਾਨੀ ਗੁਰੂ ਦੀ ਸਥਿਤੀ ਵਿਚ ਹੋਰ ਵੀ ਸਖ਼ਤ ਹੋ ਜਾਂਦੇ ਹਨ। ‘ਗੁਰੂ ਦੇ ਸਾਹਮਣੇ ਸਦਾ ਆਮ ਅੰਨ, ਲਿਬਾਸ ਅਤੇ ਵੇਸ ਨਾਲ਼ ਰਹੇ। ਗੁਰੂ ਤੋਂ ਪਹਿਲਾਂ ਉੱਠੇ ਅਤੇ ਉਸ ਤੋਂ ਪਿਛਿਉਂ ਸੌਂਵੇਂ।’ (2/194)
ਮੰਨੂ ਸਿਮ੍ਰਤੀ ਦੇ ਦੂਜੇ ਅਧਿਆਇ ਵਿਚ ਬੜੇ ਵਿਸਤਾਰ ਵਿਚ ਸ਼ਿਸ਼ ਦੇ ਗੁਣ, ਇਸਦੇ ਧਰਮ ਅਤੇ ਵਿਵਰਜਤ ਕਾਰਜਾਂ ਬਾਰੇ ਚਰਚਾ ਕੀਤੀ ਗਈ ਹੈ। ਸ਼ਿਸ਼ ਜੇ ਗ਼ਲਤ ਆਚਰਣ ਕਰਦਾ ਹੈ ਤਾਂ ਉਸਦੀਆਂ ਸਜਾਵਾਂ ਵੀ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਉਸਦੇ ਪ੍ਰਾਸ਼ਚਿਤ ਵੀ। ਜਿਵੇਂ : ਸੌਂਦੇ, ਬੈਠੇ, ਭੋਜਨ ਕਰਦਿਆਂ, ਖੜ੍ਹੇ ਹੋ ਕੇ ਜਾਂ ਮੁੰਹ ਫੇਰ ਕੇ ਗੁਰੂ ਦੀ ਆਗਿਆ ਨਾ ਲਵੇ ਅਤੇ ਨਾ ਹੀ ਇਨ੍ਹਾਂ ਅਵਸਥਾਵਾਂ ਵਿਚ ਗੁਰੂ ਨਾਲ਼ ਵਾਰਤਾਲਾਪ ਕਰੇ। (2/195) ਬੈਠੇ ਗੁਰੂ ਨਾਲ਼ ਖੜ੍ਹੇ ਹੋ ਕੇ, ਖੜ੍ਹੇ ਹੋਏ ਨਾਲ਼ ਸਾਹਮਣੇ ਜਾ ਕੇ ਆਉਂਦੇ ਹੋਏ ਦੇ ਕੁਝ ਕਦਮ ਅਗਾਂਹ ਹੋ ਕੇ, ਦੌੜ੍ਹਦੇ ਗੁਰੂ ਦੇ ਪਿਛੇ ਦੌੜ੍ਹ ਕੇ ਗੱਲਬਾਤ ਕਰੇ। (2/196)
ਗੁਰੂ ਦੇ ਨੇੜੇ ਸ਼ਿਸ਼ ਦਾ ਪਲੰਘ ਅਤੇ ਆਸਣ ਹਮੇਸ਼ਾ ਨੀਵਾਂ ਰਹਿਣਾ ਚਾਹੀਦਾ ਹੈ। ਗੁਰੂ ਦੇ ਸਾਹਮਣੇ ਮਨ ਭਾਉਂਦੇ ਆਸਣ ਵਿਚ ਨਾ ਬੈਠੇ। (2/198) ਅਗਾਂਹ ਜਾ ਕੇ ਇਹ ਆਦੇਸ਼ ਆਪਣੇ ਆਪ ਅਧਿਆਤਮਕ ਗੁਰੂ ਸਾਹਮਣੇ ਸਖ਼ਤੀ ਨਾਲ਼ ਲਾਗੂ ਕੀਤਾ ਜਾਂਦਾ ਹੈ। ਗੁਰੂ ਦਾ ਆਸਣ ਉੱਚੀ ਤੇ ਵੱਖਰੀ ਥਾਂ ਤੇ ਸਜਾਇਆ ਜਾਂਦਾ ਹੈ। ਗੁਰੂ ਮਨੁੱਖੀ ਰੂਪ ਵਿਚ ਨਾ ਵੀ ਹੋਵੇ, ਮੂਰਤੀ ਰੂਪ ਜਾਂ ਗ੍ਰੰਥ ਰੂਪ ਵਿਚ ਵੀ ਹੋਵੇ ਤਾਂ ਵੀ ਉਸਦਾ ਆਸਣ ਉਚੇਰਾ ਹੋਵੇਗਾ, ਸ਼ਿਸ਼ ਜਾਂ ਸੰਗਤ ਹਮੇਸ਼ਾ ਨੀਵੀਂ ਥਾਂ ਤੇ ਬੈਠੇਗੀ। ਸ਼ਿਸ਼ ਨੂੰ ਗੁਰੂ ਤੋਂ ਨੀਵੇਂ ਹੋਣ ਦਾ ਅਹਿਸਾਸ ਹਮੇਸ਼ਾ ਯਾਦ ਕਰਾਇਆ ਜਾਂਦਾ ਹੈ। ਭੁੱਲ ਕੇ ਕੋਈ ਬੱਚਾ ਵੀ ਇਸਦੀ ਉਲੰਘਣ ਕਰੇ ਤਾਂ ਉਸਨੂੰ ਵੀ ਜੇ ਸਜ਼ਾ ਨਹੀਂ ਤਾਂ ਝਿੜਕਾਂ ਤਾਂ ਜ਼ਰੂਰੀ ਮਿਲ਼ਦੀਆਂ ਹਨ। ‘ਗੁਰੂ ਦੀ ਪਿੱਠ ਪਿੱਛੇ ਵੀ ਉਸਦਾ ਵਿਸ਼ੇਸ਼ਣ ਬਗ਼ੈਰ ਨਾਮ ਨਾ ਲਵੇ ਤੇ ਨਾ ਹੀ ਉਸਦੀ ਚਾਲ, ਬੋਲਬਾਣੀ ਜਾਂ ਹੋਰ ਕੰਮਾਂ ਦੀ ਨਕਲ ਕਰੇ।'(2/199) ਜਿੱਥੇ ਗੁਰੂ ਦੀ ਬੁਰਾਈ ਜਾਂ ਨਿੰਦਾ ਹੁੰਦੀ ਹੋਵੇ ਓਥੇ ਆਪਣੇ ਕੰਨ ਬੰਦ ਕਰ ਲੈਣੇ ਚਾਹੀਦੇ ਹਨ ਜਾਂ ਫਿਰ ਓਥੋਂ ਦੂਰ ਚਲੇ ਜਾਣਾ ਚਾਹੀਦਾ ਹੈ। (2/200) ਗੁਰੂ ਦੀ ਬੁਰਾਈ ਕਰਨ ਵਾਲ਼ੇ ਲਈ ਅਧਮ ਜੂਨਾਂ ਵਿਚ ਪੈਣਾ ਲਿਖਿਆ ਗਿਆ ਹੈ। ‘ਗੁਰੂ ਦੀ ਬੁਰਾਈ ਕਰਨ ਨਾਲ਼ ਸ਼ਿਸ਼ ਗਧੇ, ਨਿੰਦਾ ਕਰੇ ਤਾਂ ਕੁੱਤੇ ਅਤੇ ਉਸਦੇ ਪੈਸੇ ਦਾ ਭੋਗ ਕਰਨ ਤੇ ਕਿਰਮ (ਕੀੜੇ) ਅਤੇ ਉਸ ਨਾਲ਼ ਈਰਖਾ ਕਰਨ ਤੇ ਕੀਟ-ਪਤੰਗੇ ਦੀ ਜੂਨ ਵਿਚ ਪੈਂਦਾ ਹੈ। (2/201) ਸ਼ਿਸ਼ ਗੁੱਸੇ ਵਿਚ ਹੋਵੇ ਜਾਂ ਆਪ ਕਿਸੇ ਔਰਤ ਕੋਲ਼ ਬੈਠਾ ਹੋਵੇ ਤਾਂ ਗੁਰੂ ਦੀ ਪੂਜਾ ਨਾ ਕਰੇ। ਸਵਾਰੀ ਤੋਂ ਉੱਤਰ ਕੇ ਗੁਰੂ ਨੂੰ ਪ੍ਰਣਾਮ ਕਰੇ। (2/202) ਗੁਰੂ ਵੱਲੋਂ ਆਉਂਦੀ ਪਉਣ ਵਿਚ ਬੈਠੇ, ਉਸ ਵਲ ਪਉਣ ਜਾ ਰਹੀ ਹੋਵੇ ਤਾਂ ਉਸ ਪਾਸੇ ਨਾ ਬੈਠੇ। ਜਿਥੋਂ ਗੁਰੂ ਨੂੰ ਸੁਣਾਈ ਨਾ ਦੇਵੇ ਓਥੇ ਕੋਈ ਗੱਲ ਨਾ ਕਰੇ। (2/203) ਜਿੱਥੇ ਸਰਦਾ ਹੀ ਨਾ ਹੋਵੇ ਓਥੇ ਹੀ ਸ਼ਿਸ਼ ਗੁਰੂ ਦੇ ਬਰਾਬਰ ਬੈਠ ਸਕਦਾ ਹੈ। ਜਿਵੇਂ ਬੈਲ ਗੱਡੀ, ਘੋੜਾ ਗੱਡੀ ਜਾਂ ਊਂਟ ਗੱਡੀ ਉਪਰ, ਮਹਿਲਾਂ ਵਿਚ ਵਿਛਾਈਆਂ ਚਟਾਈਆਂ ਉਪਰ, ਪੱਥਰ, ਤਖ਼ਤੇ ਜਾਂ ਬੇੜੀ ਉਪਰ ਸ਼ਿਸ਼ ਗੁਰੂ ਨਾਲ਼ ਬੈਠ ਸਕਦਾ ਹੈ। (2/204) ਗੁਰੂ ਦੇ ਗੁਰੂ ਨੂੰ ਵੀ ਬਰਾਬਰ ਦਾ ਸਨਮਾਨ ਦਿੱਤਾ ਜਾਵੇ। ਗੁਰੂ ਤੋਂ ਆਗਿਆ ਲਏ ਬਗ਼ੈਰ ਆਪਣੇ ਮਾਤਾ-ਪਿਤਾ ਆਦਿ ਨੂੰ ਪ੍ਰਣਾਮ ਨਾ ਕਰੇ। (2/205) ਗੁਰੂ ਦੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਨਾਲ਼ ਗੁਰੂ ਜਿਹਾ ਵਿਹਾਰ ਕਰੇ। (2/206) ਪੁੱਤਰ ਛੋਟਾ ਵੀ ਹੋਵੇ ਪਰ ਜੇ ਉਹ ਵੇਦ ਪੜ੍ਹਾਉਣ ਦੇ ਸਮਰੱਥ ਹੈ ਤਾਂ ਉਸਦਾ ਵੀ ਗੁਰੂ ਵਾਂਗ ਸਤਿਕਾਰ ਕਰੇ। ਗੁਰੂ ਪੁੱਤਰ ਦੇ ਅੰਗਾਂ ਤੇ ਵੱਟਣਾ ਮਲਣ, ਉਸਨੂੰ ਇਸ਼ਨਾਨ ਕਰਾਉਣ, ਉਸਦਾ ਜੂਠਾ ਖਾਣ ਅਤੇ ਪੈਰਾਂ ਨੂੰ ਧੋਣਾ ਵਿਵਰਜਤ ਹੈ। (2/209) ਇਹੀ ਆਦੇਸ਼ ਗੁਰੂ ਪਤਨੀਆਂ ਬਾਰੇ ਵੀ ਹੈ। ਬ੍ਰਾਹਮਣ ਗੁਰੂ ਪਤਨੀਆਂ ਗੁਰੂ ਸਮਾਨ ਹੀ ਪੂਜਨੀਕ ਹਨ। ਹੋਰਨਾਂ ਜਾਤੀਆਂ ਦੀਆਂ ਪਤਨੀਆਂ ਵੀ ਸਤਿਕਾਰ ਯੋਗ ਹਨ। (2/210) (ਮਤਲਬ, ਗੁਰੂਆਂ ਦੀਆਂ ਇਕ ਤੋਂ ਵਧੇਰੇ ਪਤਨੀਆਂ ਹੁੰਦੀਆਂ ਸਨ ਤੇ ਉਹ ਸ਼ੂਦਰਾ ਵੀ ਹੋ ਸਕਦੀਆਂ ਸਨ) 20 ਸਾਲ ਦੇ ਸ਼ਿਸ਼ ਨੂੰ ਜੋ ਗੁਣ ਦੋਸ਼ ਦਾ ਜਾਣਕਾਰ ਹੈ, ਜਵਾਨ ਗੁਰੂ ਪਤਨੀ ਦੇ ਚਰਣਾਂ ਤੇ ਗਿਰ ਕੇ ਪ੍ਰਣਾਮ ਨਹੀਂ ਕਰਨਾ ਚਾਹੀਦਾ। (2/212) ਬਾਹਰੋਂ ਆ ਕੇ ਗੁਰੂ ਪਤਨੀਆਂ ਦੇ ਚਰਣ ਸਪੱਰਸ਼ ਕਰੇ ਤੇ ਰੋਜ਼ ਉਨ੍ਹਾਂ ਨੂੰ ਪ੍ਰਣਾਮ ਕਰੇ। (2/217)’
ਸ਼ਿਸ਼ ਨੇ ਸੂਰਜ ਉੱਗਣ ਤੋਂ ਪਹਿਲਾਂ ਅਤੇ ਸੂਰਜ ਛੁਪਣ ਤੋਂ ਵੀ ਪਹਿਲਾਂ ਅਗਨੀ ਹੋਤਰ ਕਰਨੀ ਹੈ। ਜੇ ਨਿਯਮ ਟੁੱਟੇ ਤਾਂ ਸਾਰਾ ਦਿਨ ਗਾਇਤ੍ਰੀ ਮੰਤਰ ਪੜ੍ਹ ਕੇ ਭੁੱਲ ਬਖਸ਼ਾਉਣੀ ਹੈ। ਪੜ੍ਹਾਉਣਾ ਸਿਰਫ਼ ਬ੍ਰਾਹਮਣ ਨੇ ਹੀ ਹੈ। ਆਪਾਤ ਕਾਲ ਵਿਚ ਸ਼ਿਸ਼ ਖੱਤਰੀ ਆਦਿ ਤੋਂ ਵੀ ਪੜ੍ਹ ਸਕਦਾ ਹੈ। ਪਰ ਕਮਾਲ ਦਾ ਨਿਯਮ ਹੈ ਕਿ ਖੱਤਰੀ ਆਦਿ ਗੁਰੂ ਦਾ ਸਨਮਾਨ ਓਦੋਂ ਤਕ ਹੀ ਕਰਨਾ ਹੈ ਜਦੋਂ ਤਕ ਉਸ ਕੋਲ਼ੋਂ ਪੜ੍ਹਨਾ ਹੈ। (2/241) ਬ੍ਰਾਹਮਣ ਦਾ ਸਾਰੀ ਉਮਰ ਸਨਮਾਨ ਕਰਨਾ ਹੈ। ‘ਜੋ ਬ੍ਰਹਮਚਾਰੀ ਗੁਰੂ ਕੁੱਲ ਵਿਚ ਆਪਣੇ ਜੀਵਨ ਤਕ ਵਾਸ ਕਰਨਾ ਚਾਹੇ ਤਾਂ ਸਰੀਰ ਦੇ ਅੰਤ ਤਕ ਸਾਵਧਾਨੀ ਨਾਲ਼ ਗੁਰੂ ਦੀ ਸੇਵਾ ਕਰੇ।'(2/243) ਅਜਿਹਾ ਸ਼ਿਸ਼ ਸਵਰਗ ਨੂੰ ਜਾਂਦਾ ਹੈ।
ਗੁਰੂ ਨੂੰ ਯਥਾਸ਼ਕਤੀ ਦਕਸ਼ਣਾ ਦੇਣੀ ਵੀ ਜ਼ਰੂਰੀ ਹੈ। ਇਸ ਦਾਨ ਦਕਸ਼ਣਾ ਵਿਚ ਕੀ ਕੀ ਹੋ ਸਕਦਾ ਹੈ? ‘ਜ਼ਮੀਨ, ਸੋਨਾ, ਗਾਂ, ਘੋੜਾ, ਛੱਤਰ, ਜੁੱਤੀ, ਆਸਣ, ਅੰਨ, ਸਾਗ ਅਤੇ ਕਪੜੇ ਗੁਰੂ ਨੂੰ ਖੁਸ਼ ਕਰਨ ਲਈ ਇਨ੍ਹਾਂ ਚੀਜਾਂ ਦੀ ਦਕਸ਼ਣਾ ਦੇਵੇ।’ (2/246) ਲੇਖ ਦੇ ਸ਼ੁਰੂ ਵਿਚ ਲਿਖੀ ਯਾਦ ਕਰੋ ਕਿ ਗੁਰੂ ਸ਼ਿਸ਼ ਕਿਸਨੂੰ ਬਣਾਵੇ ਤਾਂ ਦਕਸ਼ਣਾ ਵਾਲ਼ੀ ਗੱਲ ਸਪੱਸ਼ਟ ਹੋ ਜਾਂਦੀ ਹੈ। ‘ਜਿਸ ਸ਼ਿਸ਼ ਵਿਚ ਧਰਮ ਅਤੇ ਅਰਥ ਨਾ ਹੋਵੇ ਅਤੇ ਸ਼ਾਸਤਰਾਂ ਵਿਚ ਕਹੀ ਸੇਵਾ ਭਾਵ ਵੀ ਨਾ ਹੋਵੇ, ਉਸਨੂੰ ਵਿਦਿਆ ਨਹੀਂ ਦੇਣੀ ਚਾਹੀਦੀ। ਉਸਨੂੰ ਵਿਦਿਆ ਦੇਣਾ ਬੰਜਰ ਜ਼ਮੀਨ ਵਿਚ ਚੰਗਾ ਬੀਜ ਸੁੱਟਣ ਬਰਾਬਰ ਹੈ, ਅਰਥਾਤ ਨਿਹਫਲ ਹੈ।’ (2/112) ਧਰਮ ਤੇ ਸੇਵਾ ਭਾਵ ਦੀ ਗੱਲ ਤਾਂ ਸਮਝ ਆ ਜਾਂਦੀ ਹੈ ਪਰ ਅਰਥ (ਪੈਸਾ) ਹੋਵੇ ਤਾਂ ਫਿਰ ਸਭ ਕੁਝ ਮੁਆਫ਼ ਹੋ ਸਕਦਾ ਹੈ। ਇਹ ਇਕ ਤਰ੍ਹਾਂ ਨਾਲ਼ ਵੱਧ ਦਾਨ-ਦਕਸ਼ਿਣਾ ਹਾਸਲ ਕਰਨ ਲਈ ਰਾਹ ਪੱਧਰਾ ਕਰਨ ਤੋਂ ਵੱਧ ਕੁਝ ਵੀ ਨਹੀਂ। ਗੁਰੂ ਦੇ ਨਾ ਰਹਿਣ ‘ਤੇ ਪਰਿਵਾਰ ਨੂੰ ਆਦਰ ਦੇਵੇ। ਇਨ੍ਹਾਂ ਦੀ ਅਣਹੋਂਦ ਵਿਚ ‘ਆਚਾਰੀਆਂ ਦੀ ਅਗਨੀ ਦੇ ਨੇੜੇ ਹੀ ਇਸ਼ਨਾਨ ਕਰੇ, ਰਹੇ ਅਤੇ ਅਗਨੀ ਪੂਜਾ ਕਰੇ ਅਤੇ ਇਸ ਤਰ੍ਹਾਂ ਦੇਹ ਨੂੰ ਮੁਕਤੀ ਪ੍ਰਾਪਤੀ ਲਈ ਸਾਧੇ।’ (2/248)
ਗੁਰੂ ਸ਼ਿਸ਼ ਦੀ ਚਰਚਾ ਕਰਦਿਆਂ ਸ਼ਿਸ਼ ਵਲੋਂ ਗੁਰੂ ਪਤਨੀ ਨਾਲ਼ ਸੰਬੰਧ ਬਣਾਉਣ ਦੀ ਬਹੁਤ ਸਖ਼ਤ ਮਨਾਹੀ ਹੈ। ਜਿਵੇਂ ਉਪਰ ਦੇਖਿਆ ਹੈ ਗੁਰੂ ਦੀਆਂ ਨੌਜਵਾਨ ਪਤਨੀਆਂ ਵੀ ਹਨ ਜਿਨ੍ਹਾਂ ਦੀ ਉਮਰ ਸ਼ਿਸ਼ ਦੇ ਬਰਾਬਰ ਦੀ ਹੈ। ਅਜਿਹੀ ਸਥਿਤੀ ਵਿਚ ਸ਼ਿਸ਼ ਤੇ ਗੁਰੂ ਪਤਨੀਆਂ ਵਿਚ ਸੰਬੰਧ ਬਣਦੇ ਹੀ ਹੋਣਗੇ ਇਸੇ ਲਈ ਅਜਿਹੇ ਸੰਬੰਧਾਂ ਲਈ ਸਜਾਵਾਂ ਵੀ ਨਿਰਧਾਰਿਤ ਹਨ। ਗੁਰੂ ਇਸਤ੍ਰੀਗਾਮੀ ਨੂੰ ਨਪੁੰਸਕ ਹੋਣ ਦਾ ‘ਸ਼ਰਾਪ’/ਡਰ ਦਿੱਤਾ ਗਿਆ ਹੈ। ‘ਸੋਨੇ ਦੀ ਚੋਰੀ ਕਰਨ ਵਾਲ਼ੇ ਦੇ ਨਹੁੰ ਕਰੂਪ ਹੋ ਜਾਂਦੇ ਹਨ, ਸ਼ਰਾਬ ਪੀਣ ਵਾਲ਼ੇ ਦੇ ਦੰਦ ਕਾਲ਼ੇ ਹੋ ਜਾਂਦੇ ਹਨ, ਬ੍ਰਹਮ ਹਤਿਆਰੇ ਨੂੰ ਖਈ ਰੋਗ ਹੋ ਜਾਂਦਾ ਹੈ ਅਤੇ ਇਸਤ੍ਰੀਗਾਮੀ ਦੀ ਇੰਦਰੀ ਸਿਥਲ ਹੋ ਜਾਂਦੀ ਹੈ, ਭਾਵ ਉਹ ਨਪੁੰਸਕ ਹੋ ਜਾਂਦਾ ਹੈ।’ (11/49) ਉਸਦੀ ਸਜਾ ਕੀ ਹੈ? ‘ਗੁਰੂ ਪਤਨੀਗਾਮੀ ਦੇ ਮੱਥੇ ਤੇ ਲੋਹਾ ਤਪਾ ਕੇ ਭਗ ਦਾ ਚਿੰਨ੍ਹ, ਸ਼ਰਾਬੀ ਦੇ ਮੱਥੇ ਤੇ ਸ਼ਰਾਬ ਦੇ ਬਰਤਨ ਦਾ ਚਿੰਨ, ਚੋਰ ਦੇ ਮੱਥੇ ਤੇ ਕੁੱਤੇ ਦੇ ਪੈਰ ਦਾ ਚਿੰਨ੍ਹ ਅਤੇ ਬ੍ਰਹਮ ਹਤਿਆਰੇ ਦੇ ਮੱਥੇ ਤੇ ਸਿਰ ਬਗ਼ੈਰ ਧੜ ਦਾ ਨਿਸ਼ਾਨ ਅੰਕਿਤ ਕਰਨਾ ਚਾਹੀਦਾ ਹੈ।’ (11/234) ਜੇ ਇਸ ਪਾਪ ਦਾ ਪ੍ਰਾਸ਼ਚਿਤ ਕਰਨਾ ਹੋਵੇ ਤਾਂ ਸਵੈ ਨੂੰ ਮੌਤ ਦੇ ਹਵਾਲੇ ਕਰਨਾ ਪਵੇਗਾ। ‘ਗੁਰੂ ਔਰਤਗਾਮੀ ਆਪਣੇ ਪਾਪ ਨੂੰ ਦੱਸ ਕੇ ਤਪਦੇ ਲੋਹੇ ਦੀ ਸੇਜ ਤੇ ਸੌਵੇਂ ਜਾਂ ਲੋਹੇ ਦੀ ਬਣੀ ਇਸਤ੍ਰੀ ਦੀ ਤਪਦੀ ਮੂਰਤੀ ਨੂੰ ਜੱਫੀ ਪਾਵੇ। ਅਜਿਹੀ ਮੌਤ ਨਾਲ਼ ਉਸਦਾ ਸ਼ੁੱਧੀਕਰਣ ਹੁੰਦਾ ਹੈ।’ (11/103)
ਮਨੂੰ ਸਿਮ੍ਰਤੀ ਦੇ ਇਹ ਨਿਯਮ ਜਦੋਂ ਲਾਗੂ ਹੁੰਦੇ ਹਨ ਤਾਂ ਕਈ ਬਾਰ ਬੜੇ ਭਿਅੰਕਰ ਨਤੀਜੇ ਵੀ ਨਿਕਲ਼ਦੇ ਹਨ। ਏਕਲਵਯ-ਦ੍ਰੋਣ ਦੀ ਕਥਾ ਜਗ ਜਾਹਿਰ ਹੈ। ਦਵਿਜ-ਪੁੱਤਰ ਨਾ ਹੋਣ ਕਾਰਣ ਉਹ ਗੁਰੂ ਦਰੋਣ ਕੋਲ਼ ਜਾਣ ਦੀ ਬਜਾਇ ਦ੍ਰੋਣ ਦੀ ਮਿੱਟੀ ਦੀ ਮੂਰਤੀ ਸਥਾਪਿਤ ਕਰਕੇ ਤੀਰ ਅੰਦਾਜ਼ੀ ਦਾ ਅਭਿਆਸ ਕਰਦਾ ਹੈ। ਇਕ ਰਾਤ ਦ੍ਰੋਣ ਪਾਂਡਵਾਂ ਨਾਲ਼ ਕੁੱਤੇ ਸਮੇਤ ਜੰਗਲ਼ ਵਿਚ ਜਾਂਦਾ ਹੈ। ਕੁੱਤੇ ਦਾ ਭੌਂਕਣਾ ਸੁਣ ਕੇ ਏਕਲਵਯ ਹਨੇਰੇ ਵਿਚ ਹੀ ਸੱਤ ਇਕੱਠੇ ਤੀਰ ਚਲਾਉਂਦਾ ਹੈ ਜੋ ਕੁੱਤੇ ਦੇ ਮੂੰਹ ਵਿਚ ਲੱਗ ਕੇ ਉਸਦੀ ਆਵਾਜ ਬੰਦ ਕਰ ਦਿੰਦੇ ਹਨ। ਹੈਰਾਨ ਦ੍ਰੋਣਾਚਾਰੀਆ ਅਤੇ ਪਾਂਡਵ ਏਕਲਵਯ ਕੋਲ਼ ਪਹੁੰਚਦੇ ਹਨ ਜਿੱਥੇ ਉਹ ਦ੍ਰੋਣਾਚਾਰੀਆ ਦੀ ਮੂਰਤੀ ਵੀ ਵੇਖਦੇ ਹਨ। ‘ਸ਼ਿਸ਼’ ਦੀ ਸਾਰੀ ਵਾਰਤਾ ਸੁਣਕੇ ਉਸਨੂੰ ਹਲਾਸ਼ੇਰੀ ਦੇਣ ਦੀ ਬਜਾਇ ਦ੍ਰੋਣ ਏਕਲਵਯ ਦੇ ਸੱਜੇ ਹੱਥ ਦਾ ਅੰਗੂਠਾ ਗੁਰੂ ਦਕਸ਼ਣਾ ਵਿਚ ਮੰਗ ਲੈਂਦਾ ਹੈ। ਬ੍ਰਾਹਮਣੀ-ਬ੍ਰਿਤਾਂਤ ਏਕਲਵਯ ਸ਼ਿਸ਼ ਦੀ ਕੁਰਬਾਨੀ ਨੂੰ ਕੇਂਦਰ ਵਿਚ ਲਿਆਉਂਦਾ ਹੈ, ਪਰ ਲੋਕ-ਮਾਨਸ ਨੇ ਦ੍ਰੋਣਾਚਾਰੀਆ ਨੂੰ ਕਦੇ ਮੁਆਫ਼ ਨਹੀਂ ਕੀਤਾ, ਓਸੇ ਤਰ੍ਹਾਂ ਜਿਵੇਂ ਭਬੀਸ਼ਣ ਨੂੰ ਰਾਵਣ ਮਰਵਾਉਣ ਕਰਕੇ ਮੁਆਫ਼ ਨਹੀਂ ਕੀਤਾ ਗਿਆ। ਅੱਜ ਵੀ ਅਖਿਆ ਜਾਂਦਾ ਹੈ ਕਿ, ‘ਘਰ ਦਾ ਭੇਤੀ ਲੰਕਾ ਢਾਏ’।’ ਲੋਕ ਮਾਨਸ ਜਾਣਦਾ ਹੈ ਕਿ ਦਰੋਣ ਨੇ ਅਰਜੁਨ ਧਨੁਰਧਾਰੀ ਦੇ ਭਾਵੀ ਸ਼ਰੀਕ ਏਕਲਵਿਆ ਨੂੰ ਅਪੰਗ ਕੀਤਾ ਸੀ।
ਪੁਰਾਣਾਂ ਨੂੰ ਪੰਜਵਾਂ ਵੇਦ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਵੇਦ ਸ਼ਾਸਤਰਾਂ ਦੇ ਸਿਧਾਂਤਾਂ ਨੂੰ ਕਥਾਵਾਂ ਰਾਹੀਂ ਲੋਕ ਮਨ ਦਾ ਹਿੱਸਾ ਬਣਾਉਂਦੇ ਹਨ। ਪੁਰਾਣਾਂ ਵਿਚ ਗੁਰੂ ਦੀ ਅਤਿਕਥਨੀ ਦੀ ਪੱਧਰ ਤੇ ਉਪਮਾ ਕੀਤੀ ਗਈ ਹੈ ਤੇ ਸ਼ਿਸ਼ ਦੇ ਅਨੇਕਾਂ ਹੋਰ ਗੁਣ ਵੀ ਤੈਅ ਕਰ ਦਿੱਤੇ ਹਨ ਜੋ ਸ਼ਾਇਦ ਉਹ ਉਸਦੀ ਹੈਸੀਅਤ ਅਨੁਸਾਰ ਬਹੁਤ ਨਿੰਦਣਯੋਗ ਹਨ। ਸਕੰਧ ਪੁਰਾਣ ਦੀ ਉਦਾਹਰਣ ਲਈ ਜਾ ਸਕਦੀ ਹੈ। ਜਿਸਦੇ ਇਕ ਭਾਗ ਨੂੰ ‘ਗੁਰੂ ਗੀਤਾ’ ਕਰਕੇ ਵੱਖਰੇ ਰੂਪ ਵਿਚ ਵੀ ਪੜ੍ਹਿਆ-ਪੜ੍ਹਾਇਆ ਜਾਂਦਾ ਹੈ। ਡਾ. ਸੁਰੇਂਦ੍ਰ ਕੁਮਰਾ ਸ਼ਰਮਾ ‘ਅਗਿਆਤ’ ਨੇ ਆਪਣੀ ਪੁਸਤਕ ‘ਚਾਰਵਾਕ ਦਰਸ਼ਨ’ ਵਿਚ ਇਸ ਪੱਖ ਤੋਂ ਲੰਮੀ ਚਰਚਾ ਕੀਤੀ ਹੈ। ਅਸਲ ਵਿਚ ਡਾ. ਅਗਿਆਤ ਚਾਰਵਾਕਾਂ ਨੂੰ ਆਚਰਣਹੀਣ ਕਹਿਣ ਵਾਲ਼ਿਆਂ ਨੂੰ ਇਕ ਤਰ੍ਹਾਂ ਨਾਲ਼ ਸ਼ੀਸ਼ਾ ਦਿਖਾਉਂਦੇ ਹਨ ਜਿਨ੍ਹਾਂ ਦਾ ਕਿਰਦਾਰ ਕਿਸੇ ਵੀ ਪੈਮਾਨੇ ਤੇ ਉਚੇਰਾ ਨਹੀਂ ਕਿਹਾ ਜਾ ਸਕਦਾ। ਉਹ ‘ਗਰੂ ਗੀਤਾ’ ਦਾ ਸਾਰ ਦਿੰਦਿਆਂ ਦੱਸਦੇ ਹਨ, “ਗੁਰੂ ਗੀਤਾ ਵਿਚ ਕਿਹਾ ਗਿਆ ਹੈ ਕਿ ਸ਼ਿਸ਼ ਆਪਣੀ ਇਸਤ੍ਰੀ ਤਕ ਖੁਲ੍ਹੇ ਮਨ ਨਾਲ਼ ਗੁਰੂ ਨੂੰ ਅਰਪਿਤ ਕਰ ਦੇਵੇ, ਉਸ ਪਾਣੀ ਨੂੰ ਪੀਵੇ ਜਿਸ ਤੋਂ ਗੁਰੂ ਦੇ ਪੈਰਾਂ ਨੂੰ ਧੋਤਾ ਹੋਵੇ, ਉਹ ਖਾਣਾ ਖਾਵੇ ਜੋ ਗੁਰੂ ਨੇ ਜੂਠਾ ਛੱਡਿਆ ਹੋਵੇ, ਉਹ ਅੰਨ ਖਾਵੇ ਜੋ ਉਸ ਅੰਨ ਤੋਂ ਘਟੀਆ ਹੋਵੇ ਜਿਸਨੂੰ ਗੁਰੂ ਨੇ ਖਾਧਾ ਹੋਵੇ। ਗੁਰੂ ਜੇਕਰ ਕੋਈ ਬੁਰਾ ਕੰਮ ਕਰੇ ਤਾਂ ਸ਼ਿਸ਼ ਉਸਨੂੰ ਛੁਪਾ ਕੇ ਰੱਖੇ, ਗੁਰੂ ਦੀ ਕਿਸੇ ਗੱਲ ਨੂੰ ਕੱਟੇ ਨਹੀਂ। ਨੌਕਰ ਵਾਂਗ ਉਸਦਾ ਹਰ ਕੰਮ ਕਰੇ, ਗੁਰੂ ਦੀ ਆਗਿਆ ਦਾ ਪਾਲਨ ਕਰੇ, ਬਿਨਾ ਲਾਭ ਹਾਨੀ ਦਾ ਵਿਚਾਰ ਕੀਤੇ, ਕਿਉਂਕਿ ਜੋ ਗੁਰੂ ਦਾ ਹਿੱਤ ਨਹੀਂ ਕਰਦਾ ਉਹ ਅਗਲੇ ਜਨਮ ਵਿਚ ਮਲ ਦਾ ਕੀੜਾ ਬਣਦਾ ਹੈ ਅਤੇ ਜੋ ਸ਼ਿਸ਼ ਗੁਰੂ ਦੀ ਗੱਲ ਕੱਟਦਾ ਹੈ ਉਹ ਅਗਲੇ ਜਨਮ ਵਿਚ ਗਧਾ ਬਣਦਾ ਹੈ। ਜੋ ਗੁਰੂ ਨੂੰ ਆਮ ਆਦਮੀ ਵਰਗਾ ਮੰਨਦਾ ਹੈ, ਉਹ ਨਰਕ ਵਿਚ ਪੈਂਦਾ ਹੈ।” (ਚਾਰਵਾਕ ਦਰਸ਼ਨ ਪੰਨੇ : 608-609) (ਸਕੰਧ ਪੁਰਾਣ ਵਿਚ ਮਨੂੰ ਸਿਮ੍ਰਤੀ ਦੇ ਵਿਚਾਰਾਂ ਨੂੰ ਸ਼ਿਵ ਦੇ ਮੁੰਹੋਂ ਅਖਵਾ ਕੇ ਇਨ੍ਹਾਂ ਨੂੰ ਦੈਵੀ ਮਾਨਤਾ ਦਿਵਾਉਣ ਦਾ ਯਤਨ ਕੀਤਾ ਗਿਆ ਹੈ)। ਡਾ. ਅਗਿਆਤ ਨੇ ਗੁਰੂ ਸ਼ਿਸ਼ ਪਰੰਪਰਾ ਦੀ ਸੀਮਾ ਰੇਖਾਂਕਿਤ ਕਰਦਿਆਂ ਅਜੋਕੀ ਸਿਖਿਆ ਪ੍ਰਣਾਲ਼ੀ ਦੀ ਵਕਾਲਤ ਕੀਤੀ ਹੈ ਜੋ ਇਕ ਦਮ ਉਚਿਤ ਵੀ ਹੈ। ਡਾ. ਅਗਿਆਤ ਅਨੁਸਾਰ, ‘ਸਪੱਸ਼ਟ ਹੈ ਗੁਰੂ ਬ੍ਰਾਹਮਣ ਹੁੰਦਾ ਸੀ ਅਤੇ ਸ਼ਿਸ਼ ਉੱਚੀ ਜਾਤੀ ਦੇ ਲੋਕ- ਅੱਜ ਦੇ ਆਰਕਸ਼ਣ ਲੈਣ ਵਾਲ਼ੇ, ਅਨੂਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ, ਪਿਛੜਾ ਵਰਗ ਆਦਿ ਓਸ ਪਰੰਪਰਾ ਵਿਚ ਕਿਤੇ ਵੀ ਨਹੀਂ ਸਨ। ਉਹ ਗੁਰੂ ਨਹੀਂ ਬਣ ਸਕਦੇ ਸਨ, ਕਿਉਂਕਿ ਉਹ ਬ੍ਰਾਹਮਣ ਨਹੀਂ ਸਨ। ਉਹ ਸ਼ਿਸ਼ ਨਹੀਂ ਬਣ ਸਕਦੇ ਸਨ ਕਿਉਂਕਿ ਉਹ ਕੁਲੀਨ ਨਹੀਂ ਸਨ।’ (ਉਹੀ, ਪੰਨਾ – 610))
ਗੁਰੂ ਸ਼ਿਸ਼ ਦੀ ਇਸ ਕੱਟੜ ਪਰੰਪਰਾ ਨੂੰ ਬੁੱਧ ਅਤੇ ਜੈਨ ਧਰਮ ਤੋਂ ਟੱਕਰ ਮਿਲ਼ੀ। ਵੈਸੇ ਭਾਵੇਂ ਇਹ ਦੋਨੋਂ ਧਰਮ ਵਿਦਿਆ ਰਾਹੀਂ ਆਪਣੇ ਧਾਰਮਿਕ ਆਧਾਰਾਂ ਨੂੰ ਹੀ ਪੱਕਿਆਂ ਕਰ ਰਹੇ ਸਨ ਪਰ ਇਨ੍ਹਾਂ ਦੇ ਵਿਦਿਆ ਗ੍ਰਹਿਣ ਕਰਨ ਦੇ ਢੰਗਾਂ ਤਰੀਕਿਆਂ ਵਿਚ ਆਸ਼ਰਮ ਪਰੰਪਰਾ ਦੀ ਥਾਂ ਲਚਕੀਲਾਪਣ ਆ ਜਾਂਦਾ ਹੈ। ਇਥੇ ਦੁਨਿਆਵੀ ਵਿਦਿਆ ਵੀ ਦਿੱਤੀ ਗਈ ਤਾਂ ਕਿ ਸ਼ਿਸ਼ ਪੜ੍ਹਨ ਤੋਂ ਬਾਅਦ ਸਮਾਜ ਵਿਚ ਕਮਾ-ਖਾ ਸਕੇ। ਮੁੱਢਲੇ ਬੋਧੀ ਦੌਰ ਵਿਚ ਬੋਧ-ਵਿਹਾਰਾਂ ਦੇ ਲੋਕਾਂ ਨੂੰ ਹੀ ਵਿਦਿਆ ਦਿੱਤੀ ਜਾਂਦੀ ਸੀ। ਬਾਅਦ ਵਿਚ ਆਮ ਲੋਕਾਂ ਨੂੰ ਵੀ ਇਸ ਸਿਖਿਆ ਵਿਚ ਹਿੱਸੇਦਾਰ ਬਣਾਇਆ ਗਿਆ। ਜੈਨੀਆਂ ਵਾਂਗ ਬੋਧੀ ਸਿਖਿਆ ਵੀ ਤਰਕ ਆਧਾਰਿਤ ਅਤੇ ਵਹਿਮਾਂ ਭਰਮਾਂ ਤੋਂ ਪਰ੍ਹੇ ਸੀ। ਬੋਧੀ ਸਿਖਿਆ ਸ਼ੁਰੂ ਕਰਨ ਸਮੇਂ ਸ਼ਿਸ਼ ਨੂੰ ਖ਼ਾਸ ਤਰ੍ਹਾਂ ਦਾ ਬਾਣਾ ਪਾਉਣਾ ਪੈਂਦਾ ਅਤੇ ਬੁੱਧ ਦੀ ਸ਼ਰਣ ਵਿਚ ਆਉਣ ਦੀ ਸਹੁੰ ਲੈਣੀ ਪੈਂਦੀ। ਸ਼ਿਸ਼ ਨੂੰ ਹਿੰਸਾ ਤੋਂ, ਚੋਰੀ, ਨਸ਼ੇ ਅਤੇ ਮਾੜੇ ਕੰਮਾਂ ਤੋਂ ਦੂਰ ਰਹਿਣ ਦਾ ਪ੍ਰਣ ਲੈਣਾ ਪੈਂਦਾ। ਰੰਗ ਤਮਾਸ਼ਿਆਂ ਦਾ ਤਿਆਗ ਕਰਨਾ ਪੈਂਦਾ ਅਤੇ ਮਾਲਾਵਾਂ, ਖਸ਼ਬੂਆਂ ਅਤੇ ਗਹਿਣਿਆਂ ਤੋਂ ਪ੍ਰਹੇਜ਼ ਕਰਨਾ ਪੈਂਦਾ ਅਤੇ ਧਰਤੀ ਤੇ ਬੈਠਣਾ ਪੈਂਦਾ। ਇਥੇ ਸਵਾਲ ਗੁਰੂ ਵੀ ਪੁੱਛ ਸਕਦਾ ਸੀ ਤੇ ਸ਼ਿਸ਼ ਵੀ। ਗੁਰੂ, ਸ਼ਿਸ ਨੂੰ ਲੋੜ ਦੀਆਂ ਵਸਤੂਆਂ ਮੁਹੱਈਆ ਕਰਵਾਉਂਦਾ। ਲੋੜ ਪੈਣ ਤੇ ਆਪਣੀਆਂ ਵਸਤਾਂ ਵੀ ਸ਼ਿਸ਼ ਨੂੰ ਦੇ ਦਿੰਦਾ। ਬਿਮਾਰ ਪੈਣ ਤੇ ਭਿਕਸ਼ੂ ਗੁਰੂ ਸ਼ਿਸ਼ ਦੀ ਓਸੇ ਤਰ੍ਹਾਂ ਸੇਵਾ ਕਰਦਾ ਜਿਵੇਂ ਸ਼ਿਸ਼ ਤੰਦਰੁਸਤੀ ਸਮੇਂ ਗੁਰੂ ਦੀ ਸੇਵਾ-ਸੰਭਾਲ ਕਰਦਾ ਸੀ। ਵੈਸੇ ਦਾਖਲੇ ਸਮੇਂ ਇਹ ਧਿਆਨ ਰੱਖਿਆ ਜਾਂਦਾ ਕਿ ਸ਼ਿਸ਼ ਤੰਦਰੁਸਤ ਹੋਵੇ, ਉਸਨੂੰ ਕੋਈ ਬਿਮਾਰੀ ਨਾ ਹੋਵੇ, ਉਹ ਦਾਸ ਨਾ ਹੋਵੇ, ਅਤੇ ਰਾਜੇ ਦਾ ਨੌਕਰ ਨਾ ਹੋਵੇ। ਸ਼ਿਸ਼ ਦੇ ਫ਼ਰਜ਼ਾਂ ਵਿਚ ਗੁਰੂ ਦੀ ਸੇਵਾ ਦਾ ਫ਼ਰਜ ਵੀ ਸ਼ਾਮਿਲ ਸੀ। ਸਵੇਰ ਦੀਆਂ ਤਿਆਰੀ ਦੀਆਂ ਕਿਰਿਆਵਾਂ ਵਿਚ ਸ਼ਿਸ਼ ਗੁਰੂ ਦੀ ਸਹਾਇਤਾ ਕਰਦਾ। ਗੁਰੂ ਦੇ ਬੋਲਦੇ ਸਮੇਂ ਵਿਚੋਂ ਟੋਕਣ ਦੀ ਮਨਾਹੀ ਸੀ। ਸ਼ਿਸ਼ ਸਵੇਰੇ ਗੁਰੂ ਨੂੰ ਨਮਸਤੇ ਬੁਲਾਉਂਦਾ ਅਤੇ ਸੌਣ ਸਮੇਂ ਵੀ ਉਸਨੂੰ ਨਮਸਕਾਰ ਕਰਕੇ ਜਾਂਦਾ। ਗੁਰੂ ਸ਼ਿਸ਼ ਦੇ ਚਾਲ-ਚਲਣ ਦੀ ਨਿਗਰਾਨੀ ਕਰਦਾ, ਉਸਦੀਆਂ ਗਲਤੀਆਂ ਲਈ ਸੁਚੇਤ ਕਰਦਾ। ਸ਼ਿਸ਼ ਜਿੱਥੇ ਕਿਤੇ ਘਾਟ ਦੇਖਦਾ ਉਸਨੂੰ ਪੂਰਾ ਕਰਨ ਦਾ ਯਤਨ ਕਰਦਾ ਅਤੇ ਸ਼ਿਸ਼ ਨੂੰ ਪਸ਼ਚਾਤਾਪ ਵੀ ਕਰਨਾ ਪੈਂਦਾ। ਇਥੇ ਗੁਰੂ ਸ਼ਿਸ਼ ਦਾ ਰਿਸ਼ਤਾ ਪਿਤਾ-ਪੁੱਤਰ ਵਾਲ਼ਾ ਮੰਨਿਆ ਗਿਆ। ਪੜ੍ਹਾਉਣ ਦਾ ਤਰੀਕਾ ਮੌਖਿਕ ਹੀ ਸੀ। ਉਪਰਲੀ ਸਿਖਿਆ ਵਿਚ ਸੰਵਾਦ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਸੀ। ਬੋਧੀ ਮੱਠਾਂ ਵਿਚ ਲੋਕ ਭਾਸ਼ਾ ਪਾਲੀ ਪ੍ਰਾਕ੍ਰਿਤ ਪੜ੍ਹਾਈ ਦਾ ਮਾਧਿਅਮ ਸੀ, ਇਸੇ ਲਈ ਬੁੱਧ ਧਰਮ ਲੋਕਾਂ ਦੇ ਨੇੜੇ ਹੋ ਸਕਿਆ। ਮਹੱਤਵਪੂਰਣ ਗੱਲ ਇਹ ਕਿ ਇਥੇ ਜਾਤ-ਪਾਤ ਦਾ ਕੋਈ ਭਿੰਨ ਭੇਦ ਨਹੀਂ ਸੀ। ਪਹਿਲਾਂ-ਪਹਿਲਾਂ ਮੌਖਿਕ ਸਿਖਿਆ ਦਿੱਤੀ ਜਾਂਦੀ ਰਹੀ ਬਾਅਦ ਵਿਚ ਗ੍ਰੰਥਾਂ ਦਾ ਸੰਗ੍ਰਹਿ ਵੀ ਕੀਤਾ ਗਿਆ।
ਬੁੱਧ ਧਰਮ ਵਾਂਗ ਹੀ ਜੈਨ ਧਰਮ ਨੇ ਵੀ ਜਾਤੀ ਸੰਸਥਾ ਦਾ ਤਿਆਗ ਕੀਤਾ, ਜਿਸ ਕਰਕੇ ਵਿਦਿਆ ਸਰਵ ਵਿਆਪਕ ਹੋਣੀ ਸੰਭਵ ਹੋ ਸਕੀ। ਜੈਨ ਆਚਾਰੀਆ ਹਮੇਸ਼ਾ ਲੋਕ ਭਾਸ਼ਾ ਦੇ ਮਾਧਿਅਮ ਰਾਹੀਂ ਸਿਖਿਆ ਦਿੰਦੇ। ਲੋੜ ਅਨੁਸਾਰ, ਜੈਨ-ਪ੍ਰਾਕ੍ਰਿਤ, ਕੰਨੜ, ਮਲਿਆਲਮ ਆਦਿ ਭਾਸ਼ਾ ਰਾਹੀਂ ਸਿਖਿਆ ਦਿੱਤੀ ਜਾਂਦੀ। ਪੁਰਾਣਾ ਜੈਨੀ ਸਾਹਿਤ ਸ਼ੌਰਸੇਨੀ, ਜੈਨ-ਪ੍ਰਾਕ੍ਰਿਤ ਅਤੇ ਅਰਧ-ਮਾਗਧੀ ਭਾਸ਼ਾ ਵਿਚ ਮਿਲ਼ਦਾ ਹੈ। ਜੈਨ ਧਰਮ ਦੀ ਸਭ ਤੋਂ ਵੱਧ ਮਹੱਤਵਪੂਰਣ ਪ੍ਰਾਪਤੀ ਸਾਂਝੀ ਸਿਖਿਆ ਪ੍ਰਣਾਲੀ ਭਾਵ ਕੁੜੀਆਂ-ਮੁੰਡਿਆਂ ਦੀ ਸਾਂਝੀ ਸਿਖਿਆ ਪ੍ਰਣਾਲੀ ਸੀ। ਜੈਨਮੁਨੀ ਜਾਂ ਆਚਾਰੀਆ ਮੱਠਾਂ ਵਿਚ ਪੜ੍ਹਾਉਂਦੇ, ਬਾਅਦ ਵਿਚ ਉਨ੍ਹਾਂ ਦੀ ਵੱਖਰੀ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ। ਮੁੰਡੇ ਸ਼ਿਸ਼ ਨੂੰ ਸ਼ਿਸ਼, ਗੁੜ੍ਹਾ (ਗੁਡਾ) ਅਤੇ ਵਿਦਿਆਰਥੀ ਆਦਿ ਕਿਹਾ ਜਾਂਦਾ ਸੀ। ਕੁੜੀ-ਸ਼ਿਸ਼ਿਆ ਲਈ ਗੁੜ੍ਹੀ (ਗੁਡੀ) ਆਦਿ ਸ਼ਬਦ ਵਰਤੇ ਜਾਂਦੇ। ਕਲਪਨਾ ਕੀਤੀ ਜਾ ਸਕਦੀ ਹੈ ਕਿ ਕਿਤੇ ਗੁੱਡਾ-ਗੁੱਡੀ ਸ਼ਬਦ ਇਧਰੋਂ ਤਾਂ ਪੰਜਾਬੀ ਵਿਚ ਨਹੀਂ ਆਏ? ਸ਼ਿਸ਼ਾਂ ਨੂੰ ਪੜ੍ਹਨਾ, ਤਰਕ ਕਰਨਾ (ਸਵਾਲ ਪੁੱਛਣਾ), ਡੁੰਘਾ ਅਧਿਐਨ ਕਰਨਾ ਅਤੇ ਹਿੱਸਿਆਂ ਵਿਚ ਪੜ੍ਹਨਾ ਸਿਖਾਇਆ ਜਾਂਦਾ। ਗਲਤੀ ਲਈ ਸ਼ਿਸ਼ ਨੂੰ ਮੁਆਫ਼ੀ ਮੰਗਣੀ ਪੈਂਦੀ ਅਤੇ ਅਗਾਂਹ ਤੋਂ ਗਲਤੀ ਨਾ ਕਰਨ ਦਾ ਪ੍ਰਣ ਲੈਣਾ ਪੈਂਦਾ। ਧਾਰਮਿਕ ਸਿਖਿਆ ਦੇ ਨਾਲ਼-ਨਾਲ਼ ਵਿਆਕਰਣ, ਤਰਕ ਅਤੇ ਜੈਨ ਸਿਧਾਂਤਾਂ ਤੋਂ ਇਲਾਵਾ ਅਨੇਕਾਂ ਹੋਰ ਵਿਸ਼ੇ ਪੜ੍ਹਾਏ ਜਾਂਦੇ।
ਬੋਧੀ ਅਤੇ ਜੈਨੀ ਗੁਰੂ-ਸ਼ਿਸ਼ ਪੰਰਪਰਾ ਵਿਚ ਜਾਤੀ ਭੇਦ ਨਾ ਹੋਣ ਕਾਰਨ, ਗੁਰੂ ਸ਼ਿਸ਼ ਦਾ ਰਿਸ਼ਤਾ ਪਿਤਾ-ਪੁੱਤਰ ਦਾ ਹੋਣ ਕਾਰਣ ਅਤੇ ਸਿਖਿਆ ਲੋਕ ਭਾਸ਼ਾ ਵਿਚ ਹੋਣ ਕਾਰਣ ਅਤੇ ਲੜਕੀਆਂ ਨੂੰ ਵੀ ਸਿਖਿਅਤ ਕਰਨ ਕਾਰਣ ਇਹ ਦੋਨੋਂ ਧਰਮ ਉੱਤਰ-ਦੱਖਣ ਵਿਚ ਦੂਰ ਤਕ ਹਰਮਨ ਪਿਆਰੇ ਹੋਏ ਜਿਸ ਕਾਰਣ ਮਨੂੰਵਾਦੀ ਸੱਤਾ ਨੂੰ ਵੱਡੇ ਝਟਕੇ ਲੱਗਣੇ ਸ਼ੁਰੂ ਹੋਏ। ਇਸੇ ਲਈ ਬਾਅਦ ਵਿਚ ਸ਼ੰਕਰਾਚਾਰੀਆ ਤੇ ਹਿੰਦੂ ਰਾਜਿਆਂ ਨੇ ਇੰਨ੍ਹਾਂ ‘ਤੇ ਏਨਾ ਦਮਨ ਚੱਕਰ ਚਲਾਇਆ ਕਿ ਇਹ ਧਰਮ ਖ਼ਾਸ ਤੌਰ ‘ਤੇ ਬੁੱਧ ਧਰਮ ਨੂੰ ਭਾਰਤ ਵਿਚੋਂ ਖ਼ਤਮ ਹੀ ਕਰ ਦਿੱਤਾ ਗਿਆ ਅਤੇ ਇਹ ਬਾਹਰਲੇ ਦੇਸ਼ਾਂ ਵਿਚ ਪ੍ਰਸਥਾਨ ਕਰ ਗਿਆ ਜਿੱਥੇ ਇਹ ਅੱਜ ਵੀ ਪ੍ਰਫੁੱਲਤ ਹੋ ਰਿਹਾ ਹੈ।
ਮੁਗ਼ਲ ਕਾਲ ਦੇ ਸਾਰੇ ਰਾਜੇ ਬਾਬਰ, ਹਮਾਯੂੰ, ਸ਼ੇਰ ਸ਼ਾਹ ਸੂਰੀ, ਅਕਬਰ, ਜਹਾਂਗੀਰ, ਸ਼ਾਹਜਹਾਂ ਅਤੇ ਔਰੰਗਜੇਬ ਵਿਚੋਂ ਕਿਹਾ ਜਾਂਦਾ ਹੈ ਕਿ ਅਕਬਰ ਬਹੁਤਾ ਪੜ੍ਹਿਆ ਲਿਖਿਆ ਨਹੀਂ ਸੀ ਪਰ ਉਸਦੀ ਸਰਪ੍ਰਸਤੀ ਵਿਚ ਸਿਖਿਆ ਨੇ ਖ਼ੂਬ ਪਾਸਾਰ ਕੀਤਾ। ਇਨ੍ਹਾਂ ਰਾਜਿਆਂ ਦੀ ਪਹਿਲੀ ਚੋਣ ਸੀ ਧਾਰਮਿਕ ਸਿਖਿਆ, ਪਰ ਦੂਸਰੀਆਂ ਵਿਦਿਆਵਾਂ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਗਿਆ। ਕੁਝ ਨੇ ਆਪਣੇ ਹਰਮ ਦੀਆਂ ਔਰਤਾਂ ਨੂੰ ਵੀ ਪੜ੍ਹਾਉਣ ਲਈ ਮਦਰੱਸੇ ਬਣਾਏ, ਉਨ੍ਹਾਂ ਨੂੰ ਪਹਿਲਾਂ ਮਾਂ-ਬੋਲੀ ਵਿਚ ਸਿਖਿਆ ਦੇ ਕੇ ਫਿਰ ਫ਼ਾਰਸੀ, ਅਰਬੀ ਵਲ ਤੇ ਧਾਰਮਿਕ ਸਿਖਿਆ ਵਲ ਲਿਆਇਆ ਜਾਂਦਾ। ਇਹ ਸਿਖਿਆ ਮੁੱਖ ਰੂਪ ਵਿਚ ਮੁਸਲਮਾਨਾਂ ਨੂੰ ਹੀ ਦਿੱਤੀ ਜਾਂਦੀ। ਅਕਬਰ ਨੇ ਦੂਸਰੇ ਧਰਮਾਂ ਦੇ ਵਿਦਵਾਨਾਂ ਨੂੰ ਵੀ ਮਾਣ ਸਨਮਾਨ ਦਿੱਤਾ। ਬਾਬਰ ਨੇ ਵਿਦਿਅਕ ਸੰਸਥਾਵਾਂ ਦੀ ਉਸਾਰੀ ਵਲ ਧਿਆਨ ਦਿੱਤਾ। ਹਮਾਯੂੰ ਆਪ ਕਵੀ ਸੀ ਜਿਸ ਦੇ ਮਨਪਸੰਦ ਵਿਸ਼ੇ ਭੂਗੋਲ ਤੇ ਤਾਰਾ ਵਿਗਿਆਨ ਸਨ। ਉਸਦੀ ਖ਼ਾਸੀਅਤ ਸੀ ਕਿ ਜੰਗੀ ਮੁਹਿੰਮਾਂ ਦੌਰਾਨ ਵੀ ਉਹ ਚੋਣਵੀਆਂ ਕਿਤਾਬਾਂ ਦੀ ਲਾਇਬ੍ਰੇਰੀ ਆਪਣੇ ਨਾਲ਼ ਰੱਖਦਾ। ਉਸਨੇ ਰਾਜ ਦੀ ਲਾਏਬ੍ਰੇਰੀ ਵੀ ਬਣਵਾਈ। ਸ਼ੇਰ ਸ਼ਾਹ ਸੂਰੀ ਵਿਦਵਾਨ ਰਾਜਾ ਸੀ ਜੋ ਦਰਸ਼ਨ, ਇਤਿਹਾਸ, ਸਵੈਜੀਵਨੀ ਆਦਿ ਵਿਚ ਦਿਲਚਸਪੀ ਲੈਂਦਾ ਸੀ। ਨਾਰਨੌਲ਼ ਦਾ ਸ਼ੇਰ ਸ਼ਾਹੀ ਮਦਰੱਸਾ ਉਸਨੇ ਬਣਵਾਇਆ। ਅਕਬਰ ਨੇ ਸੰਸਕ੍ਰਿਤ ਦੇ ਗ੍ਰੰਥਾਂ ਰਮਾਇਣ, ਮਹਾਂਭਾਰਤ, ਅਥਰਵ ਵੇਦ, ਭਾਗਵਤ ਗੀਤਾ ਅਤੇ ਰਾਜਤਰੰਗਣੀ ਆਦਿ ਦਾ ਫ਼ਾਰਸੀ ਵਿਚ ਅਨੁਵਾਦ ਕਰਵਾਇਆ। ਆਗਰਾ, ਫ਼ਤਹਿਪੁਰ ਸੀਕਰੀ ਅਤੇ ਲਾਹੌਰ ਵਿਦਿਆ ਦੇ ਵੱਡੇ ਕੇਂਦਰ ਰਹੇ ਜਿਨ੍ਹਾਂ ਵਿਚ ਮਕਤਬ ਦੇ ਮਦਰੱਸੇ ਖੋਲ੍ਹੇ ਗਏ। ਕਿਹਾ ਜਾਂਦਾ ਹੈ ਕਿ ਇਸ ਸਮੇਂ ਅਕਾਦਮਿਕ ਸੁਤੰਤਰਤਾ ਸੀ। ਵਿਦਵਾਨ ਆਪਣੀ ਚੋਣ ਅਨੁਸਾਰ ਪੜ੍ਹਾਈ ਕਰ ਸਕਦੇ ਸਨ। ਅਨੇਕਾਂ ਵਿਸ਼ਿਆਂ ਜਿਵੇਂ ਸਦਾਚਾਰ, ਗਣਿਤ, ਖੇਤੀ, ਤਾਰਾ ਵਿਗਿਆਨ ਅਤੇ ਫਿਜ਼ਿਕਸ ਤੇ ਤਰਕ ਆਦਿ ਦੀ ਪੜ੍ਹਾਈ ਕਰਵਾਈ ਜਾਂਦੀ। ਤਰਕ ਅਨੁਸਾਰ ਸਮਝਣ ਉਪਰ ਜ਼ੋਰ ਦਿੱਤਾ ਜਾਂਦਾ। ਅਕਬਰ ਦਾ ਉਦੇਸ਼ ਧਾਰਮਿਕ ਨਾਲ਼ੋਂ ਰਾਜਨੀਤਕ ਵਧੇਰੇ ਸੀ।
ਜਹਾਂਗੀਰ ਨੇ ਪੁਰਾਣੇ ਮਕਤਬਾਂ ਅਤੇ ਮਦਰੱਸਿਆਂ ਦੀ ਮੁਰੰਮਤ ਕਰਵਾ ਕੇ ਨਵਾਂ ਰੂਪ ਦਿੱਤਾ। ਰਾਜ ਦੀ ਲਾਇਬ੍ਰੇਰੀ ਅਤੇ ਪੇਂਟਿੰਗ ਗੈਲਰੀ ਬਣਵਾਈ। ਨਾਯਾਬ ਫ਼ਾਰਸੀ ਖਰੜੇ ਖਰੀਦਣ ਲਈ ਰਕਮਾਂ ਰਾਖਵੀਆਂ ਰੱਖੀਆਂ। ਸ਼ਾਹ ਜਹਾਂ ਦੀ ਦਿਲਚਸਪੀ ਯਾਤਰਾ ਪੁਸਤਕਾਂ, ਜੀਵਨੀਆਂ ਅਤੇ ਇਤਿਹਾਸ ਵਿਚ ਰਹੀ। ਉਸਦਾ ਪੁੱਤਰ ਦਾਰਾ ਸ਼ਕੋਹ ਫ਼ਾਰਸੀ, ਅਰਬੀ ਅਤੇ ਸੰਸਕ੍ਰਿਤ ਦਾ ਵਿਦਵਾਨ ਸੀ। ਉਸਨੇ ਸੰਸਕ੍ਰਿਤ ਗ੍ਰੰਥਾਂ, ਖ਼ਾਸ ਤੌਰ ਤੇ ਉਪਨਿਸ਼ਦਾਂ ਦਾ ਅਨੁਵਾਦ ਕਰਵਾਇਆ। ਔਰੰਗਜ਼ੇਬ ਨੇ ਇਸ ਖੁਲ੍ਹਦਿਲੀ ਦਾ ਤਿਆਗ ਕਰਕੇ ਸਿਰਫ਼ ਧਾਰਮਿਕ ਸਿਖਿਆ ਨੂੰ ਕੇਂਦਰ ਵਿਚ ਰੱਖਿਆ। ਉਸਨੇ ਇਸਲਾਮੀ ਸਿਖਿਆ ਦੀ ਸਰਪ੍ਰਸਤੀ ਕੀਤੀ। ਔਰੰਗਜ਼ੇਬ ਨੇ ਆਪਣੇ ਰਾਜ ਵਿਚ ਹਰ ਥਾਂ ਸੰਸਥਾਵਾਂ ਖੋਲ੍ਹੀਆਂ। ਅਕਬਰ ਵਾਂਗ ਹਰਮ ਵਿਚ ਔਰਤਾਂ ਲਈ ਪੜ੍ਹਾਈ ਦਾ ਇੰਤਜ਼ਾਮ ਕੀਤਾ। ਸਪੱਸ਼ਟ ਹੈ ਕਿ ਮੁਗਲ ਕਾਲ਼ ਵਿਚ ਵਿਦਵਤਾ ਦਾ ਕੰਮ ਕਾਫ਼ੀ ਹੋਇਆ ਪਰ ਸਿਰਫ਼ ਮੁਸਲਿਮ ਪਰਜਾ ਨੂੰ ਧਿਆਨ ਵਿਚ ਰੱਖਿਆ ਗਿਆ।
ਇਥੋਂ ਤਕ ਆਉਂਦਿਆਂ ਭਾਰਤ ਵਿਚ ਗੁਰੂ-ਸ਼ਿਸ਼ ਸੰਬੰਧਾਂ ਉਪਰ ਧਾਰਮਿਕ ਵਿਦਿਆ ਸਭ ਤੋਂ ਉਪਰ ਰਹੀ। ਬੁੱਧ ਧਰਮ ਅਤੇ ਜੈਨ ਧਰਮ ਨੇ ਲੋਕ ਭਾਸ਼ਾ ਦੇ ਆਧਾਰ ਤੇ ਵਿਦਿਆ ਨੂੰ ਵਿਆਪਕ ਬਣਾਇਆ ਪਰ ਵਿਦਿਆ ਧਾਰਮਿਕ ਹੀ ਰਹੀ। ਗੁਰੂ ਦੀ ਬ੍ਰਹਮਾ ਵਾਲ਼ੀ ਪਦਵੀ ਹੌਲ਼ੀ-ਹੌਲ਼ੀ ਸਵਾਲ ਪੁੱਛਣ ਦੇ ਦਾਇਰੇ ਵਿਚ ਆਈ ਤੇ ਪਿਉ-ਪੁੱਤਰ ਦੇ ਰਿਸ਼ਤਿਆਂ ਵਿਚ ਪ੍ਰਵਰਤਿਤ ਹੋਈ। ਵਿਦਿਆ ਨੇ ਅੰਗ੍ਰੇਜ਼ੀ ਕਾਲ ਵਿਚ ਧਰਮ ਨਿਰਪੱਖ ਸਰੂਪ ਧਾਰਣ ਕੀਤਾ ਅਤੇ ਇਹ ਹਰ ਨਾਗਰਿਕ ਤਕ ਪਹੁੰਚਣ ਲਈ ਯਤਨਸ਼ੀਲ ਹੋਈ। ਵਿਦਿਆਰਥੀਆਂ ਦੀ ਗਿਣਤੀ ਵੀ ਵਧੀ ਤਾਂ ਸਕੂਲ ਕਾਲਜਾਂ ਦੀ ਗਿਣਤੀ ਵੀ ਵਧੀ। ਹਰ ਤਰ੍ਹਾਂ ਦੀ ਪੜ੍ਹਾਈ ਸ਼ੁਰੂ ਹੋਣ ਨਾਲ਼ ਅਧਿਆਪਕ ਦੀ ਭੂਮਿਕਾ, ਧਾਰਮਿਕ ਨਾ ਰਹਿ ਕੇ ਸਮਾਜਿਕ ਹੋ ਗਈ, ਉਸਦਾ ਸਤਿਕਾਰ ਕਾਇਮ ਰਿਹਾ ਪਰ ਪੁਰਾਣਾ ਅਧੀਨਗੀ ਵਾਲ਼ਾ ਵਿਦਿਆਰਥੀ (ਸ਼ਿਸ਼) ਦਾ ਰਿਸ਼ਤਾ ਖ਼ਤਮ ਹੋ ਗਿਆ।
ਇਥੋਂ ਹੀ ਅਧਿਆਤਮਕ ਸਿਖਿਆ ਨੇ ਡੇਰਿਆਂ ਦਾ ਰੂਪ ਲੈਣਾ ਸ਼ੁਰੂ ਕੀਤਾ ਜਿਸ ਨੇ ਪ੍ਰਫੁਲਤ ਹੋ ਕੇ ਅਜੋਕਾ ਰੂਪ ਧਾਰਣ ਕਰ ਲਿਆ ਹੈ। ਅੰਗ੍ਰੇਜ਼ਾਂ ਦੇ ਸਮੇਂ ਕਲਕੱਤਾ ਮਦਰੱਸਾ (1781) ਦੀ ਨੀਂਹ ਰੱਖੀ ਗਈ, ਸੰਸਕ੍ਰਿਤ ਕਾਲਜ (ਵਾਰਾਣਸੀ) ਅਤੇ ਖਾਲਸਾ ਕਾਲਜ ਅੰਮ੍ਰਿਤਸਰ ਖੋਲ੍ਹਿਆ ਗਿਆ। ਵਿਦਿਆਰਥੀਆਂ ਨੂੰ ਭਾਰਤੀ ਕਿਸਮ ਦੀ ਸਿਖਿਆ ਦਿੱਤੀ ਜਾਵੇ ਕਿ ਪੱਛਮੀ ਤਰਜ਼ ਦੀ, ਇਸ ਬਹਿਸ ਵਿਚ ਆਧੁਨਿਕ ਸਿਖਿਆ ਦੇਣ ਦਾ ਫੈਸਲਾ ਸਿਰੇ ਚੜ੍ਹਿਆ। ਪਰ ਪਰੰਪਰਾਵਾਦੀ ਧਾਰਮਿਕ ਲੋਕਾਂ ਨੇ ਅਜਿਹੇ ਕਾਲਜਾਂ ਦਾ ਨਿਰਮਾਣ ਵੀ ਕੀਤਾ ਜਿੱਥੇ ਆਧੁਨਿਕ ਸਿਖਿਆ ਨੂੰ ਪ੍ਰਧਾਨਤਾ ਦਿੱਤੀ ਗਈ। ਖਾਲਸਾ ਕਾਲਿਜ, ਡੀ.ਏ.ਵੀ. ਕਾਲਜ, ਐਸ.ਡੀ. ਕਾਲਜ, ਅਤੇ ਕਰਿਸ਼ਚੀਅਨ ਕਾਲਜ ਖੋਲ੍ਹੇ ਗਏ ਜੋ ਮਿਸ਼ਨਰੀ ਸਪਰਿਟ ਨਾਲ਼ ਖੋਲ੍ਹੇ ਗਏ ਪਰ ਅਜੋਕੇ ਸਮਿਆਂ ਤਕ ਕਮਾਈ ਦੇ ਸਾਧਨਾਂ ਵਿਚ ਤਬਦੀਲ ਹੁੰਦੇ ਗਏ। ਹੇਠਲੀ ਪੱਧਰ ਤਕ ਬਿਨਾਂ ਜਾਤੀ, ਧਰਮ ਤੇ ਲਿੰਗ ਭੇਦ ਤੋਂ ਵਿਦਿਆ ਦੇਣ ਨਾਲ਼ ਸਮਾਜ ਦੀ ਬਹੁਤੀ ਵਸੋਂ ਤਕ ਵਿਦਿਆ ਦੇਣ ਦਾ ਰਾਹ ਪੱਧਰਾ ਹੋਇਆ, ਪਰ ਨਿੱਜੀਕਰਨ ਨੇ ਵਿਦਿਆ ਏਨੀ ਮਹਿੰਗੀ ਕਰ ਦਿੱਤੀ ਹੈ ਕਿ ਆਮ ਲੋਕਾਂ ਤੋਂ ਇਹ ਫਿਰ ਦੂਰ ਹੋਣ ਲੱਗੀ ਹੈ।
ਸੰਵਿਧਾਨ ਵਿਚ ਦਿੱਤੇ ਗਏ ‘ਕਲਚਰ ਅਤੇ ਸਿਖਿਆ’ ਸਬੰਧੀ ਅਧਿਕਾਰਾਂ ਦੀਆਂ ਧਾਰਾਵਾਂ ਦੇਖੀਆਂ ਜਾ ਸਕਦੀਆਂ ਹਨ ਜੋ ਬਿਨਾਂ ਕਿਸੇ ਭਿੰਨ-ਭੇਦ ਦੇ ਹਰ ਨਾਗਰਿਕ ਨੂੰ ਸਿਖਿਆ ਦਾ ਅਧਿਕਾਰ ਦਿੰਦੀਆਂ ਹਨ।
ਆਰਟੀਕਲ 29 : “ਘੱਟ ਗਿਣਤੀਆਂ ਦੇ ਹਿੱਤਾਂ ਦੀ ਸੁਰੱਖਿਆ”
(1) ਭਾਰਤ ਦੇ ਪ੍ਰਦੇਸ਼ ਜਾਂ ਇਸ ਦੇ ਕਿਸੇ ਵੀ ਹਿੱਸੇ ਵਿਚ ਵਸਦੇ ਨਾਗਰਿਕਾਂ ਜਾਂ ਕੋਈ ਵੀ ਹਿੱਸਾ ਜਿਸ ਦੀ ਆਪਣੀ ਵੱਖਰੀ ਭਾਸ਼ਾ, ਲਿਪੀ ਜਾਂ ਸੰਸਕ੍ਰਿਤੀ ਹੈ, ਨੂੰ ਇਸ ਨੂੰ ਸੁਰੱਖਿਅਤ ਰੱਖਣ ਦਾ ਅਧਿਕਾਰ ਹੋਵੇਗਾ।
(2) ਕਿਸੇ ਵੀ ਨਾਗਰਿਕ ਨੂੰ ਰਾਜ ਦੁਆਰਾ ਕਾਇਮ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਵਿਦਿਅਕ ਅਦਾਰਿਆਂ ਵਿਚ ਦਾਖਲੇ ਤੋਂ ਸਿਰਫ ਧਰਮ, ਨਸਲ, ਜਾਤੀ, ਭਾਸ਼ਾ ਦੇ ਆਧਾਰ ਤੇ ਰੋਕਿਆ ਨਹੀਂ ਜਾਵੇਗਾ ਜਾਂ ਉਨ੍ਹਾਂ ਵਿਚੋਂ ਕਿਸੇ ਦੇ ਵੀ ਅਧਾਰ ‘ਤੇ ਰਾਜ ਦੇ ਫੰਡਾਂ ਵਿਚੋਂ ਸਹਾਇਤਾ ਪ੍ਰਾਪਤ ਕਰਨ ਤੋਂ ਇਨਕਾਰ ਨਹੀਂ ਕੀਤਾ ਜਾਏਗਾ।
ਆਰਟੀਕਲ 30 : “ਘੱਟ ਗਿਣਤੀਆਂ ਦਾ ਵਿਦਿਅਕ ਅਦਾਰਿਆਂ ਦੀ ਸਥਾਪਨਾ ਅਤੇ ਪ੍ਰਬੰਧਨ ਦਾ ਅਧਿਕਾਰ”
(1) ਸਾਰੀਆਂ ਘੱਟ ਗਿਣਤੀਆਂ, ਭਾਵੇਂ ਉਹ ਧਰਮ ਜਾਂ ਭਾਸ਼ਾ ਦੇ ਅਧਾਰ ਤੇ ਹੋਣ ਨੂੰ ਆਪਣੀ ਪਸੰਦ ਦੇ ਵਿਦਿਅਕ ਅਦਾਰਿਆਂ ਦੀ ਸਥਾਪਨਾ ਅਤੇ ਪ੍ਰਬੰਧ ਚਲਾਉਣ ਦਾ ਅਧਿਕਾਰ ਪ੍ਰਾਪਤ ਹੋਵੇਗਾ।
(1 ਏ) ਇਕ ਧਾਰਾ (1) ਵਿਚ ਜ਼ਿਕਰ ਕੀਤੀ ਗਈ ਇੱਕ ਘੱਟ ਗਿਣਤੀ ਦੁਆਰਾ ਸਥਾਪਿਤ ਅਤੇ ਚਲਾਏ ਜਾਂਦੀ ਕਿਸੇ ਵਿਦਿਅਕ ਸੰਸਥਾ ਦੀ ਕਿਸੇ ਵੀ ਜਾਇਦਾਦ ਦੇ ਲਾਜ਼ਮੀ ਗ੍ਰਹਿਣ ਲਈ ਕੋਈ ਕਾਨੂੰਨ ਬਣਾਉਣ ਵੇਲੇ, ਰਾਜ ਇਹ ਸੁਨਿਸ਼ਚਿਤ ਕਰੇਗਾ ਕਿ ਇਸ ਕਾਨੂੰਨ ਦੁਆਰਾ ਨਿਰਧਾਰਤ ਪ੍ਰਕਿਆ ਜਾਂ ਨਿਰਧਾਰਤ ਕੀਤੀ ਗਈ ਰਕਮ ਇੰਝ ਤੈਅ ਕੀਤੀ ਜਾਵੇ ਕਿ ਅਜਿਹੀ ਜਾਇਦਾਦ ਦੀ ਪ੍ਰਾਪਤੀ ਸਮੇਂ ਉਸ ਧਾਰਾ ਤਹਿਤ ਗਰੰਟੀਸ਼ੁਦਾ ਹੱਕ ਨੂੰ ਸੀਮਿਤ ਜਾਂ ਰੱਦ ਨਹੀਂ ਕਰੇਗੀ।
(2) ਰਾਜ, ਵਿਦਿਅਕ ਅਦਾਰਿਆਂ ਨੂੰ ਸਹਾਇਤਾ ਦੇਣ ਵੇਲੇ, ਕਿਸੇ ਵੀ ਵਿਦਿਅਕ ਸੰਸਥਾ ਨਾਲ ਇਸ ਅਧਾਰ ‘ਤੇ ਵਿਤਕਰਾ ਨਹੀਂ ਕਰੇਗਾ ਕਿ ਇਹ ਕਿਸੇ ਧਾਰਮਿਕ ਜਾਂ ਭਾਸ਼ਾਈ ਘੱਟ ਗਿਣਤੀ ਦੇ ਪ੍ਰਬੰਧ ਅਧੀਨ ਹੈ।
ਸੰਵਿਧਾਨ ਹਰ ਕਿਸੇ ਨੂੰ ਪੜ੍ਹਨ ਦਾ ਅਧਿਕਾਰ ਦਿੰਦਾ ਹੈ ਪਰ ਅੱਜ ਆਜ਼ਾਦੀ ਦੇ ਤਿਹੱਤਰ ਸਾਲ ਬਾਅਦ ਵੀ 26% ਦੇ ਕਰੀਬ ਆਬਾਦੀ ਅਨਪੜ੍ਹ ਹੈ। ਕੇਰਲ ਹੀ 93.91% ਪੜ੍ਹਾਈ ਦੀ ਦਰ ਨਾਲ਼ ਪੂਰਾ ਸਿਖਿਅਤ ਪ੍ਰਦੇਸ਼ ਮੰਨਿਆ ਗਿਆ ਹੈ। ਗੁਰੂ ਸ਼ਿਸ਼ ਦੇ ਅਨੁਪਾਤ ਵਿਚ ਵਿਦਿਆਰਥੀਆਂ ਦੀ ਗਿਣਤੀ ਵਧੇਰੇ ਹੈ। ਅਧਿਆਪਕਾਂ ਦੀਆਂ ਤਨਖਾਹਾਂ, ਸੁਖ-ਸਹੂਲਤਾਂ, ਸਕੂਲਾਂ ਕਾਲਜਾਂ ਦੀਆਂ ਬਿਲਡਿੰਗਾਂ ਆਦਿ ਦੀ ਸਥਿਤੀ ਸੰਤੋਖਜਨਕ ਨਹੀਂ ਹੈ। ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਪਰ ਨਿੱਜੀਕਰਣ-ਵਪਾਰੀਕਰਨ ਨੇ ਜਿਵੇਂ ਉਪਰ ਦੱਸਿਆ ਗਿਆ ਹੈ ਸਿਖਿਆ ਹੌਲ਼ੀ-ਹੌਲ਼ੀ ਮੱਧਵਰਗ ਤੋਂ ਵੀ ਦੂਰ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਇਸ ਦਾ ਫਿਰਕੂਕਰਨ ਖਤਰਨਾਕ ਮੋੜ ‘ਤੇ ਪਹੁੰਚ ਰਿਹਾ ਹੈ।
ਇਨ੍ਹਾਂ ਸਾਰੀਆਂ ਸਥਿਤੀਆਂ ਦੇ ਬਾਵਜੂਦ ਇਕ ਗੱਲ ਤੈਅ ਹੈ ਕਿ ਭਾਰਤੀ ਸਿਖਿਆ ਨੂੰ ਪੁਰਾਤਨ ਕਾਲੀ (ਪੁਰਾਣੇ ਸਮਿਆਂ ਦੀ) ਗੁਰੂ-ਸ਼ਿਸ਼ ਪਰੰਪਰਾ ਵਲ ਤਾਂ ਕਿਸੇ ਵੀ ਰੂਪ ਵਿਚ ਨਹੀਂ ਧੱਕਿਆ ਜਾ ਸਕਦਾ। ਇਹ ਨਵੀਂ ਸੇਧ ਵਿਚ ਸਰਵਵਿਆਪੀ, ਵਿਗਿਆਨਕ ਚੇਤਨਾ ਨੂੰ ਵਿਕਸਤ ਕਰਦੀ, ਫਿਰਕੂ ਤੇ ਜਾਤੀਵਾਦੀ ਬੰਧਨਾਂ ਤੋਂ ਪਰ੍ਹੇ, ਮਾਨਵਵਾਦੀ ਦਿਸ਼ਾ ਵਲ ਹੀ ਪ੍ਰਵੇਸ਼ ਕਰੇਗੀ ਤਾਂ ਹੀ ਭਾਰਤ ਨੂੰ ਵਿਸ਼ਵ ਪੱਧਰ ‘ਤੇ ਇਸ ਪਾਸੇ ਕੋਈ ਪਹਿਚਾਣ ਮਿਲ਼ ਸਕੇਗੀ।

Scroll To Top