7 ਜੂਨ ਨੂੰ ਜ਼ਿਲ੍ਹਾ ਖੁਰਾਕ ਸਪਲਾਈ ਦਫ਼ਤਰ ਦਾ ਘਿਰਾਉ ਕਰਨ ਦਾ ਐਲਾਨ

ਅੰਮਿ੍ਤਸਰ : ਪਿੰਡ ਗੁੰਮਟਾਲਾ ਵਿਖੇ ਇੱਕ ਬੈਠਕ ਬੀਬੀ ਸਵਿੰਦਰ ਕੌਰ ਗੁੰਮਟਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ‘ਚ ਵੱਖ-ਵੱਖ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ ਅਤੇ ਫੈਸਲਾ ਕੀਤਾ ਕਿ ਉਹ 7 ਜੂਨ ਨੂੰ ਜ਼ਿਲ੍ਹਾ ਖੁਰਾਕ ਸਪਲਾਈ ਦਫ਼ਤਰ ਦਾ ਘਿਰਾਉ ਕਰਨਗੇ | ਬੈਠਕ ਦੌਰਾਨ ਬੀਬੀ ਸਵਿੰਦਰ ਕੌਰ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਜਗਤਾਰ ਸਿੰਘ ਕਰਮਪੁਰਾ ਨੇ ਦੱਸਿਆ ਕਿ ਡੀਪੂ ਹੋਲਡਰਾਂ ਵੱਲੋਂ ਨੀਲੇ ਕਾਰਡ ਧਾਰਕਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਰਸੀਦ 2 ਮਹੀਨੇ ਪਹਿਲਾਂ ਕੱਟ ਦਿੱਤੀ ਹੈ ਪਰ ਅਜੇ ਤੱਕ ਉਨ੍ਹਾਂ ਲੋਕਾਂ ਨੂੰ ਸਰਕਾਰੀ ਕਣਕ ਨਹੀਂ ਮਿਲੀ | ਜ਼ਿਲੇ੍ਹ ਦੇ ਹਜ਼ਾਰਾਂ ਅਜਿਹੇ ਪਰਿਵਾਰਾਂ ਨੂੰ 2 ਡੰਗ ਦੀ ਰੋਟੀ ਲਈ ਤਰਸਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਗੁੰਮਟਾਲਾ ‘ਚ ਬਣਾਈ ਗਈ ਪਾਣੀ ਦੀ ਟੈਂਕੀ ਦੇ ਨਿਰਮਾਣ ‘ਤੇ ਲੱਖਾਂ ਰੁਪਏ ਲਗਾ ਦਿੱਤੇ ਗਏ ਪਰ ਫ਼ਿਰ ਵੀ ਉਨ੍ਹਾਂ ਨੂੰ ਪਾਣੀ ਨਸੀਬ ਨਹੀਂ ਹੋ ਰਿਹਾ ਹੈ | ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਬਾਰੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਪ੍ਰਤੀ ਮਹੀਨਾ 2500 ਰੁਪਏ ਪੈਨਸ਼ਨ ਦੇ ਰੂਪ ‘ਚ ਦੇਣ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਦੀ ਪੁਰਾਣੀ 750 ਰੁਪਇਆਂ ਵਾਲੀ ਪੈਨਸ਼ਨ ਵੀ ਉਨ੍ਹਾਂ ਨੂੰ ਨਹੀਂ ਦਿੱਤੀ ਜਾ ਰਹੀ ਹੈ | ਸੈਂਕੜੇ ਗਰੀਬ ਲੋਕ ਜ਼ਿਲ੍ਹਾ ਖੁਰਾਕ ਸਪਲਾਈ ਦਫ਼ਤਰ ਅਤੇ ਸੀ. ਡੀ. ਪੀ. ਓ. ਦਫਤਰਾਂ ‘ਚ ਧੱਕੇ ਖਾਣ ਲਈ ਮਜ਼ਬੂਰ ਹਨ | ਉਨ੍ਹਾਂ ਕਿਹਾ ਕਿ ਸਾਂਝੇ ਰੂਪ ‘ਚ ਇਹ ਫ਼ੈਸਲਾ ਕੀਤਾ ਗਿਆ ਹੈ ਕਿ 7 ਜੂਨ ਨੂੰ ਜ਼ਿਲ੍ਹਾ ਖੁਰਾਕ ਸਪਲਾਈ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ | ਉਕਤ ਧਰਨੇ ‘ਚ ਬੀਬੀ ਕੰਵਲਜੀਤ ਕੌਰ, ਡਾ. ਬਲਵਿੰਦਰ ਸਿੰਘ, ਗੁਰਮੀਤ ਸਿੰਘ ਮਾਨ, ਪਲਵਿੰਦਰ ਸਿੰਘ ਮੱਟੂ ਸੰਬੋਧਨ ਕਰਨਗੇ ਅਤੇ ਟੂਟੀਆਂ ‘ਚੋਂ ਆ ਰਹੇ ਗੰਦੇ ਪਾਣੀ ਬਾਰੇ ਐਕਸੀਅਨ ਤਿਲਕ ਰਾਜ ਨੂੰ ਵੀ ਮਿਲਿਆ ਜਾਵੇਗਾ |