/* SC_TH_END:4.3.24:fc0ffc30 */ ਖ਼ਤਰੇ ਵਿਚ ਹੈ ਦੇਸ਼ ਦੀ ਸਦਭਾਵਨਾ ਤੇ ਸਹਿਣਸ਼ੀਲਤਾ – Sangrami Lehar
Now Reading
ਖ਼ਤਰੇ ਵਿਚ ਹੈ ਦੇਸ਼ ਦੀ ਸਦਭਾਵਨਾ ਤੇ ਸਹਿਣਸ਼ੀਲਤਾ

ਖ਼ਤਰੇ ਵਿਚ ਹੈ ਦੇਸ਼ ਦੀ ਸਦਭਾਵਨਾ ਤੇ ਸਹਿਣਸ਼ੀਲਤਾ

ਮੰਗਤ ਰਾਮ ਪਾਸਲਾ

ਦੇਸ਼ ਭਰ ਵਿਚ ਫ਼ਿਰਕੂ ਸੰਗਠਨ ਪੂਰੇ ਜਨੂੰਨ ਵਿਚ ਹਨ। ਰਾਮ ਨੌਮੀ ਵਰਗੇ ਧਾਰਮਿਕ ਤਿਉਹਾਰ ਵਾਲੇ ਦਿਨ ਪੱਛਮੀ ਬੰਗਾਲ ‘ਚ ਖਰੂਦੀਆਂ ਨੇ ਨੰਗੀਆਂ ਤਲਵਾਰਾਂ ਤੇ ਬੰਦੂਕਾਂ ਨਾਲ ਸ਼ੋਭਾ ਯਾਤਰਾਵਾਂ ਕੱਢੀਆਂ, ਬੰਬ ਧਮਾਕੇ ਕੀਤੇ। ਇਨ੍ਹਾਂ ਹਿੰਸਕ ਕਾਰਵਾਈਆਂ ਵਿਚ ਇਕ ਵਿਅਕਤੀ ਦੀ ਜਾਨ ਗਈ ਤੇ 5 ਜ਼ਖ਼ਮੀ ਹੋ ਗਏ। ਮਾਰਚ 25 ਨੂੰ ਜੋਧਪੁਰ (ਭਾਜਪਾ ਸ਼ਾਸਤ ਰਾਜਸਥਾਨ) ਅੰਦਰ ਫ਼ਿਰਕੂ ਸੰਗਠਨਾਂ ਵਲੋਂ ਇਕ ਸ਼ੋਭਾ ਯਾਤਰਾ ਵਿਚ ਸ਼ੰਭੂ ਲਾਲ ਰੈਗਰ ਨਾਲ ਮਿਲਦੇ-ਜੁਲਦੇ ਚਿਹਰੇ ਵਾਲੇ ਵਿਅਕਤੀ ਨੂੰ ਉਸੇ ਤਰ੍ਹਾਂ ਦੇ ਕੱਪੜੇ ਪਹਿਨਾ ਕੇ ਸਿੰਘਾਸਨ ਉੱਪਰ ਬਿਠਾਇਆ ਗਿਆ ਤੇ ਉਸ ਦਾ ਗੁਣਗਾਣ ਕੀਤਾ ਗਿਆ। ਇਹ ਸ਼ੰਭੂ ਲਾਲ ਰੈਗਰ ਉਹ ਵਿਅਕਤੀ (ਅਪਰਾਧੀ) ਹੈ, ਜਿਸ ਨੇ ਇਕ ਮੁਸਲਮਾਨ ਮਜ਼ਦੂਰ ਅਫਰਾਜ਼ਲ ਨੂੰ ਸੁੰਨਸਾਨ ਜਗ੍ਹਾ ਲਿਜਾ ਕੇ ਉਸ ਦੀ ਸਰੀਰ ਦੇ ਗੰਨੇ ਦੀਆਂ ਪੋਰੀਆਂ ਵਾਂਗ ਟੁਕੜੇ ਕੀਤੇ ਤੇ ਲਾਸ਼ ਦੇ ਟੁਕੜਿਆਂ ਨੂੰ ਪੈਟਰੋਲ ਛਿੜਕ ਕੇ ਸਾੜ ਦਿੱਤਾ। ਸਿੱਤਮ ਤਾਂ ਇਹ ਹੈ ਕਿ ਇਸ ਸਾਰੀ ਘਟਨਾ ਨੂੰ ਸੋਸ਼ਲ ਮੀਡੀਏ ਰਾਹੀਂ ਵਾਇਰਲ ਕੀਤਾ ਗਿਆ ਤਾਂ ਕਿ ਇਸ ‘ਬਹਾਦਰੀ’ ਦੀ ਘਟਨਾ ਨੂੰ ਦੇਖ ਕੇ ਘੱਟ-ਗਿਣਤੀਆਂ ਤੇ ਦਲਿਤ ਭਾਈਚਾਰਾ ਪੂਰੀ ਤਰ੍ਹਾਂ ਭੈਭੀਤ ਹੋ ਜਾਵੇ। ਦੇਸ਼ ਦੇ ਬਾਕੀ ਭਾਗਾਂ ਵਿਚ ਵੀ ਹਰ ਹਿੰਦੂ ਤਿਉਹਾਰ, ਜੋ ਆਪਸੀ ਪਿਆਰ, ਸਦਭਾਵਨਾ ਤੇ ਸਹਿਣਸ਼ੀਲਤਾ ਦਾ ਸੰਦੇਸ਼ ਵਾਹਕ ਬਣਨਾ ਚਾਹੀਦਾ ਹੈ, ਨੂੰ ਫ਼ਿਰਕੂ ਸੰਗਠਨਾਂ ਵਲੋਂ ਇਕ ਗਿਣੀ ਮਿੱਥੀ ਸਾਜਿਸ਼ ਅਧੀਨ ਹਥਿਆਰਬੰਦ ਹੋ ਕੇ ਅਤੇ ਭੜਕਾਊ ਨਾਅਰੇ ਲਾ ਕੇ ਦੂਸਰੇ ਫ਼ਿਰਕਿਆਂ ਦੇ ਲੋਕਾਂ ਨੂੰ ਚਿੜਾਉਣ ਤੇ ਬੇਇੱਜ਼ਤ ਕਰਨ ਲਈ ਵਰਤਿਆ ਜਾ ਰਿਹਾ ਹੈ। ਭਾਜਪਾ ਸਰਕਾਰਾਂ ਤੇ ਪ੍ਰਸ਼ਾਸਨ ਦਾ ਵੱਡਾ ਹਿੱਸਾ ਇਨ੍ਹਾਂ ‘ਕਾਰਨਾਮਿਆਂ’ ਨੂੰ ਦਿਲ ਪਰਚਾਵੇ ਦਾ ਸਾਧਨ ਸਮਝ ਕੇ ਅਨੰਦ ਨਾਲ ਦੇਖਦਾ ਰਹਿੰਦਾ ਹੈ।
ਜੇਕਰ ਇਹੀ ਕੰਮ ਹੋਰ ਕੋਈ ਰਾਜਸੀ ਧਿਰਾਂ, ਖ਼ਾਸ ਕਰ ਕਮਿਊਨਿਸਟ ਸ਼ੁਰੂ ਕਰ ਦੇਣ, ਭਾਵ ਨੰਗੀਆਂ ਕਿਰਪਾਨਾਂ, ਬੰਦੂਕਾਂ ਤੇ ਹੋਰ ਹਥਿਆਰਾਂ ਨਾਲ ਲੈਸ ਹੋ ਕੇ ਮੁਜ਼ਾਹਰੇ ਕਰਨ ਲੱਗ ਪੈਣ, ਤਦ ਸਮੁੱਚੇ ਪ੍ਰਸ਼ਾਸਨ, ਕਾਨੂੰਨ ਪ੍ਰਬੰਧ ਦੀ ਮਸ਼ੀਨਰੀ ਤੇ ਨਿਆਂਪਾਲਿਕਾ ਅਜਿਹੀਆਂ ਸਰਗਰਮੀਆਂ ਨੂੰ ‘ਦੇਸ਼ ਧ੍ਰੋਹੀ’, ‘ਸਮਾਜ ਵਿਰੋਧੀ’, ‘ਅੱਤਵਾਦੀ’ ਆਦਿ ਵਿਸ਼ੇਸ਼ਣ ਲਗਾ ਕੇ ਸਖ਼ਤੀ ਨਾਲ ਦਬਾਉਣ ਦੀ ਗੁਹਾਰ ਲਗਾਉਣੀ ਸ਼ੁਰੂ ਕਰ ਦੇਣਗੇ। ਪਰ ਮੋਦੀ ਦੀ ਫ਼ਿਰਕੂ ਫਾਸ਼ੀਵਾਦੀ ਸਰਕਾਰ ਤੇ ਸੰਘ ਪਰਿਵਾਰ ਦੇ ਪੈਰੋਕਾਰਾਂ ਲਈ ਇਹ ਸਭ ਕੁਝ ਜਾਇਜ਼ ਹੈ।
ਦੇਸ਼ ਦੀ ਸਰਬਉੱਚ ਅਦਾਲਤ ਦੇ ਚਾਰ ਜੱਜਾਂ ਨੇ ਪਹਿਲਾਂ ਇਸ ਸਾਲ 12 ਜਨਵਰੀ ਨੂੰ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਕਰਕੇ ਮੋਦੀ ਸਰਕਾਰ ਹੱਥੋਂ ‘ਦੇਸ਼ ਦਾ ਲੋਕ ਰਾਜ ਖ਼ਤਰੇ ਵਿਚ ਹੈ’ ਦੀ ਚਿਤਾਵਨੀ ਦਿੱਤੀ ਸੀ ਤੇ ਹੁਣ ਸਰਬਉੱਚ ਅਦਾਲਤ ਦੇ ਸਭ ਤੋਂ ਸੀਨੀਅਰ ਜਸਟਿਸ ਚੇਲਾਮੇਸ਼ਵਰ ਨੇ ‘ਨਿਆਂਪਾਲਿਕਾ ਤੇ ਸਰਕਾਰ ਦਾ ਮੇਲਜੋਲ ‘ਜਮਹੂਰੀਅਤ ਲਈ ਖ਼ਤਰੇ ਦੀ ਘੰਟੀ’ ਦੱਸ ਕੇ ਦੇਸ਼ ਦੇ ਲੋਕਾਂ ਪ੍ਰਤੀ ਆਪਣਾ ਫ਼ਰਜ਼ ਹੀ ਅਦਾ ਨਹੀਂ ਕੀਤਾ, ਸਗੋਂ ਸਾਨੂੰ ਸਭ ਜਮਹੂਰੀ ਤੇ ਧਰਮ-ਨਿਰਪੱਖ ਕਦਰਾਂ-ਕੀਮਤਾਂ ਵਾਲੀ ਲੋਕਾਈ ਨੂੰ ਫ਼ਿਰਕੂ ਫਾਸ਼ੀਵਾਦੀ ਸ਼ਕਤੀਆਂ ਦੇ ਖ਼ਤਰੇ ਬਾਰੇ ਵੀ ਸੁਚੇਤ ਕੀਤਾ ਹੈ। ਸਮੁੱਚੇ ਸਮਾਜ ਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਸੰਘ ਵਿਚਾਰਧਾਰਾ ਅਨੁਸਾਰ ਹਰ ਉਹ ਰਾਜਸੀ ਦਲ, ਸੰਗਠਨ ਤੇ ਵਿਅਕਤੀ ਦੇਸ਼ ਧ੍ਰੋਹੀ ਹੈ, ਜੋ ਧਰਮ-ਨਿਰਪੱਖਤਾ ਤੇ ਜਮਹੂਰੀਅਤ ਵਿਚ ਯਕੀਨ ਰੱਖਦੇ ਹਨ ਤੇ ਸੰਘ ਦੀ ਨਫ਼ਰਤ ਫੈਲਾਉਣ ਦੀ ਨੀਤੀ ਦਾ ਵਿਰੋਧ ਕਰਦੇ ਹਨ। ਇਨ੍ਹਾਂ ਵਿਚ ਇਕੱਲੇ ਘੱਟ-ਗਿਣਤੀਆਂ ਨਾਲ ਸਬੰਧਿਤ ਮੁਸਲਮਾਨ, ਇਸਾਈ, ਪਾਰਸੀ, ਸਿੱਖ ਅਤੇ ਦਲਿਤ, ਔਰਤਾਂ, ਅਗਾਂਹਵਧੂ ਲੋਕ ਤੇ ਕਮਿਊਨਿਸਟ ਹੀ ਸ਼ਾਮਿਲ ਨਹੀਂ ਹਨ, ਸਗੋਂ ਹਿੰਦੂ ਸਮਾਜ ਦਾ ਬਹੁਤ ਵੱਡਾ ਹਿੱਸਾ ਵੀ ਸ਼ਾਮਿਲ ਹੈ, ਜੋ ਸਦੀਆਂ ਤੋਂ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚ ਆਪਸੀ ਸਦਭਾਵਨਾ ਤੇ ਦੋਸਤੀ ਕਾਇਮ ਰੱਖਣ ਦੀਆਂ ਰਵਾਇਤਾਂ ਦਾ ਹਮਾਇਤੀ ਹੈ। ਭਾਜਪਾ ਨਾਲ ਸਬੰਧਿਤ ਅਨੇਕਾਂ ਫ਼ਿਰਕੂ ਸੰਗਠਨ ਭਾਰਤ ਵਰਗੇ ਬਹੁਕੌਮੀ, ਬਹੁਭਾਸ਼ੀ, ਬਹੁਧਰਮੀ, ਬਹੁ-ਸੱਭਿਆਚਾਰੀ ਮਾਣਮੱਤੀ ਵਿਰਾਸਤ ਦੇ ਮਾਲਕ ਦੇਸ਼ ਦੀ ਬਹੁਲਤਾਵਾਦੀ ਬਣਤਰ ਨੂੰ ਤਹਿਸ-ਨਹਿਸ ਕਰਨ ‘ਤੇ ਤੁਲੇ ਹੋਏ ਹਨ। ਸੰਸਾਰ ਭਰ ਵਿਚ ਕਿਸੇ ਵੀ ਧਰਮ ਆਧਾਰਿਤ ਦੇਸ਼ ਅੰਦਰ ਧਰਮ ਦੇ ਪਰਦੇ ਹੇਠਾਂ ਕਿਵੇਂ ਮਨੁੱਖੀ ਕਦਰਾਂ-ਕੀਮਤਾਂ ਦਾ ਘਾਣ ਕੀਤਾ ਜਾਂਦਾ ਹੈ ਤੇ ਲੋਕਰਾਜੀ ਰਵਾਇਤਾਂ ਨੂੰ ਪੈਰਾਂ ਹੇਠ ਮਧੋਲਿਆ ਜਾਂਦਾ ਹੈ, ਬਾਰੇ ਸਾਰਾ ਸੰਸਾਰ ਜਾਣੂ ਹੈ? ਧਾਰਮਿਕ ਕੱਟੜਵਾਦੀ ਮੁਸਲਿਮ ਦੇਸ਼ਾਂ ਦੀ ਹਾਲਤ ਭਾਰਤੀ ਲੋਕਾਂ ਦੇ ਸਿੱਖਣ ਲਈ ਸ਼ੀਸ਼ੇ ਦਾ ਕੰਮ ਕਰ ਸਕਦੀ ਹੈ। ਲੋਕਾਂ ਲਈ ਰੋਟੀ, ਰੋਜ਼ੀ, ਮਕਾਨ, ਚੰਗੀ ਜ਼ਿੰਦਗੀ, ਸਿੱਖਿਆ ਆਦਿ ਬਾਰੇ ਸੋਚਣ ਦੀ ਥਾਂ ਮੋਦੀ ਸਰਕਾਰ ਤੇ ਸੰਘ ਪਰਿਵਾਰ ਸਮਾਜ ਦਾ ਫ਼ਿਰਕੂ ਆਧਾਰ ‘ਤੇ ਧਰੁਵੀਕਰਨ ਕਰਕੇ ਆਪਣੇ ਫ਼ਿਰਕੂ ਫਾਸ਼ੀਵਾਦੀ ਨਿਸ਼ਾਨੇ ਨੂੰ ਪ੍ਰਾਪਤ ਕਰਨ ਤੇ ਆਪਣੇ ਰਾਜ ਭਾਗ ਨੂੰ ਲੰਬੇਰਾ ਕਰਨ ਦੀਆਂ ਯੋਜਨਾਵਾਂ ਬਣਾਈ ਬੈਠੇ ਹਨ। ਇਹ ਅਸੀਂ ਤੈਅ ਕਰਨਾ ਹੈ ਕਿ ਮਹਾਨ ਸੂਰਬੀਰਾਂ, ਸੂਫ਼ੀ ਫ਼ਕੀਰਾਂ, ਸੰਤਾਂ, ਸਿੱਖ ਗੁਰੂਆਂ, ਗ਼ਦਰੀ ਬਾਬਿਆਂ ਤੇ ਭਗਤ ਸਿੰਘ ਹੁਰਾਂ ਦੀ ਸਦਭਾਵਨਾ ਤੇ ਬਰਾਬਰੀ ਦਾ ਪੈਗ਼ਾਮ ਦੇਣ ਵਾਲੀ ਸਿੱਖਿਆ ਨੂੰ ਕਾਇਮ ਰੱਖਣਾ ਹੈ ਜਾਂ ਫ਼ਿਰਕਾਪ੍ਰਸਤਾਂ ਸਾਹਮਣੇ ਗੋਡੇ ਟੇਕ ਕੇ ਸਮਾਜ ਵਿਚ ਅਰਾਜਕਤਾ ਤੇ ਅਫਰਾ-ਤਫਰੀ ਫੈਲਣ ਦੀ ਇਜਾਜ਼ਤ ਦੇਣੀ ਹੈ।

ਅਜੀਤ ਤੋਂ ਧੰਨਵਾਦ ਸਹਿਤ

17 ਅਪ੍ਰੈਲ 2018

Scroll To Top