
ਗੁਰਨਾਮ ਸਿੰਘ ਦਾਊਦ
ਸ਼੍ਰੀ ਅੰਮਿ੍ਰਤਸਰ ਸਾਹਿਬ ਜਿਲ੍ਹੇ ਦਾ ਥਾਣਾ ਮਜੀਠਾ ਅਧੀਨ ਆਉਂਦਾ ਪਿੰਡ ਕੋਟਲਾ ਸੁਲਤਾਨ ਸਿੰਘ ਵਿਸ਼ਵ ਪ੍ਰਸਿੱਧ ਪਿਠਵਰਤੀ ਗਾਇਕ ਮਰਹੂਮ ਜਨਾਬ ਮੁਹੰਮਦ ਰਫ਼ੀ ਸਾਹਿਬ ਦੇ ਪਿੰਡ ਵਜੋਂ ਮਸ਼ਹੂਰ ਹੈ।
ਪਰ ਕੁੱਝ ਮਹੀਨੇ ਪਹਿਲਾਂ ਇਸ ਨਾਮਵਰ ਪਿੰਡ ਵਿਖੇ ਵਾਪਰੀ ਸਮਾਜਕ ਜਬਰ ਦੀ ਇਕ ਹਿਰਦੇ ਵੇਧਕ ਘਟਨਾ ਸਦਕਾ ਇਸ ਪਿੰਡ ਦੀ ਬਦਨਾਮੀ ਵੀ ਬੜੀ ਹੋਈ ਹੈ। ਪਿੰਡ ਦੇ ਕੁੱਝ ਅਖੌਤੀ ਪੰਚਾਇਤੀ ਅਤੇ ਕਿਸਾਨ ਆਗੂ ਹੋਣ ਦਾ ਢੋਂਗ ਰਚ ਕੇ ਬਲੈਕਮੇਲ ਕਰਨ ਵਾਲੇ ਤੇ ਨਿਜੀ ਕਿੜਾਂ ਕੱਢਣ ਵਾਲੇ ਵਿਅਕਤੀ ਇਸ ਸਿਰੇ ਦੇ ਅਮਾਨਵੀ ਕਾਰੇ ਦੇ ਗੁਨਾਹਗਾਰ ਹਨ।
ਇਨ੍ਹਾਂ ਦਾ ਸਰਗਨਾ ਇੱਕ ਐਸੀ ਕਿਸਾਨ ਜੱਥੇਬੰਦੀ ਦਾ ਪਿੰਡ ਪ੍ਰਧਾਨ ਹੈ ਜਿਸ ਨੇ ਕਿਰਤੀਆਂ ਨੂੰ ਭੁਚਲਾਉਣ ਲਈ ਆਪਣੀ ਜੱਥੇਬੰਦੀ ਦੇ ਨਾਂ ’ਚ ਕਿਸਾਨ ਦੇ ਨਾਲ ਮਜ਼ਦੂਰ ਸ਼ਬਦ ਵੀ ਜੋੜਿਆ ਹੋਇਆ ਹੈ।
ਇਨ੍ਹਾਂ ਨੇ ਗੁਆਂਢੀ ਪਿੰਡ ਭੈਣੀ ਲਿੱਧੜ ਦੇ ਵਸਨੀਕ ਗੁਰਵੇਲ ਸਿੰਘ ਨਾਂ ਦੇ ਇਕ ਦਲਿਤ ਵਿਅਕਤੀ ਦੀ ਚੋਰ ਕਹਿ ਕੇ ਪਹਿਲਾਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਪਿੱਛੋਂ ਉਸ ਨੂੰ ਪਿੰਡ ਦੀ ਸੱਥ ’ਚ ਦਰਖਤ ਨਾਲ ਪੁੱਠਾ ਲਮਕਾ ਦਿੱਤਾ।
ਮਾਨਵੀ ਸੰਵੇਦਨਾਵਾਂ ਤੋਂ ਕੋਰੇ ਇਨ੍ਹਾਂ ਜਰਵਾਣਿਆਂ ਨੇ ਉਸ ਗਰੀਬ ਨੂੰ ਉਦੋਂ ਤੱਕ ਦਰਖਤ ਨਾਲ ਪੁੱਠਾ ਲਮਕਾਈ ਰੱਖਿਆ ਜਦੋਂ ਤੱਕ ਕਿ ਉਹ ਬੇਹੋਸ਼ ਨਹੀਂ ਹੋ ਗਿਆ।
‘ਪ੍ਰਧਾਨ ਜੀ’ ਹੰਕਾਰ ਨਾਲ ਇੰਨੇ ਆਫਰੇ ਹੋਏ ਸਨ ਕਿ ਆਪਣੀ ਇਸ ਅਣਮਨੁੱਖੀ ਕਰਤੂਤ ਦੀ ਵੀਡੀਓ ਬਣਾ ਕੇ ਆਪ ਹੀ ਵਾਇਰਲ ਵੀ ਕਰ ਦਿੱਤੀ।
ਕੁੱਟਮਾਰ ਦੇ ਇਲਜਾਮ ਤੋਂ ਬਚਣ ਲਈ ਅਤੇ ਪੀੜਤ ’ਤੇ ਚੋਰੀ ਦਾ ਝੂਠਾ ਪਰਚਾ ਦਰਜ ਕਰਵਾਉਣ ਲਈ ਬੇਹੋਸ਼ ਪਏ ਗੁਰਵੇਲ ਸਿੰਘ ਕੋਲ ਟਿਉਬਵੈੱਲ ਦੀ ਤਾਰ ਦਾ ਬੰਡਲ ਲਿਆ ਧਰਿਆ।
ਐਵੇਂ ਹੀ ਗੱਲ ਉਡਾ ਦਿੱਤੀ ਕਿ ਇਹ ‘ਫਲਾਣੇ’ ਕਿਸਾਨ ਦੇ ਖੇਤ ’ਚ ਟਿਊਬਵੈੱਲ ਦੀ ਮੋਟਰ ਦੀ ਕੇਬਲ (ਤਾਰ) ਵੱਢ ਰਿਹਾ ਸੀ ਤਾਂਕਿ ਤਾਰ ਵੇਚ ਕੇ ਨਸ਼ੇ ਦੀ ਲਤ ਪੂਰੀ ਕਰ ਸਕੇ।
ਕਮੀਨਗੀ ਅਤੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਇਹ ਅਖੌਤੀ ‘ਮੋਹਤਬਰ’ ਪੀੜਤ ਨੂੰ ਉਸੇ ਹਾਲਤ ਵਿੱਚ ਥਾਣੇ ਲੈ ਗਏ ਅਤੇ ਪੁਲਸ ਅਧਿਕਾਰੀਆਂ ’ਤੇ ਪੀੜਤ ਖਿਲਾਫ਼ ਚੋਰੀ ਦਾ ਪਰਚਾ ਦਰਜ ਕਰਨ ਦਾ ਦਬਾਅ ਪਾਉਣ ਲੱਗੇ।
ਸਿਆਣੇ ਪੁਲਸ ਅਫਸਰ ਨੇ ਗੱਲ ਸਮਝ ਲਈ ’ਤੇ ਜਿਸ ਕਿਸਾਨ ਦੀ ਤਾਰ ਕੱਟਣ ਦੀ ਗੱਲ ਕਹਿ ਕੇ ਉਕਤ ਧੱਕੜਸ਼ਾਹ ਪਰਚਾ ਦਰਜ ਕਰਨ ਲਈ ਦਬਾਅ ਪਾ ਰਹੇ ਸਨ ਉਸ ਨੂੰ ਬੁਲਾ ਕੇ ਸੱਚਾਈ ਪੁੱਛੀ।
ਉਸ ਭਲੇ ਪੁਰਖ ਨੇ ਸਪਸ਼ਟ ਕਹਿ ਦਿੱਤਾ ਕਿ ਮੇਰੇ ਖੇਤ ’ਚੋਂ ਤਾਰ ਵੱਢਣ ਵਾਲੀ ਗੱਲ ਅਸਲੋਂ ਹੀ ਗਲਤ ਹੈ। ਇਸ ’ਤੇ ਪੁਲਿਸ ਨੇ ਕੇਸ ਦਰਜ ਕਰਨ ਤੋਂ ਸਾਫ ਨਾਂਹ ਕਰ ਦਿੱਤੀ।
ਪਰ ਪੁਲਸ ਆਪਣਾ ਬਣਦਾ ਅਸਲੀ ਫਰਜ਼ ਨਿਭਾਉਣ ਤੋਂ ਫਿਰ ਵੀ ਟਾਲਾ ਵੱਟ ਗਈ। ਮੌਕੇ ਦੇ ਪੁਲਸ ਅਧਿਕਾਰੀ ਦਾ ਇਹ ਫਰਜ਼ ਬਣਦਾ ਸੀ ਕਿ ਉਹ ਪੀੜਤ ਦਾ ਡਾਕਟਰੀ ਮੁਆਇਨਾ ਕਰਵਾਉਂਦਾ ਅਤੇ ਕਾਨੂੰਨ ਆਪਣੇ ਹੱਥ ’ਚ ਲੈ ਕੇ ਗੁਰਵੇਲ ਸਿੰਘ ਦੀ ਨਾਜਾਇਜ਼ ਕੁੱਟਮਾਰ ਕਰਨ ਵਾਲਿਆਂ ਖਿਲਾਫ਼ ਕਾਨੂੰਨ ਦੀਆਂ ਬਣਦੀਆਂ ਧਾਰਾਵਾਂ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਦਾ। ਪਰ ਇਨਸਾਫ ਤੇ ਗਰੀਬੀ ਨਾਲੋ-ਨਾਲ ਨਹੀਂ ਚਲਦੇ। ਉਤੋਂ ਮੌਜੂਦਾ ਸਮਾਜ ਵਿੱਚ ਦਲਿਤ ਹੋਣਾ ਤਾਂ ਹੋਰ ਵੀ ਵੱਡਾ ਗੁਨਾਹ ਹੈ।
ਇਹ ਹੌਲਨਾਕ ਵਾਰਦਾਤ 14 ਮਾਰਚ, 2022 ਦੀ ਹੈ। ਜਦਕਿ ਦੋਸ਼ੀਆਂ ਵਿਰੁੱਧ ਮੁਕੱਦਮਾ ਮਹੀਨਿਆਂ ਪਿੱਛੋਂ ਦਰਜ ਹੋਇਆ ’ਤੇ ਉਹ ਵੀ ਅਨੁਸੂਚਿਤ ਜਾਤੀ ਕਮਿਸ਼ਨ ਦੀ ਦਖਲ ਅੰਦਾਜੀ ਨਾਲ। ਇਸ ਪਰਚੇ ਵਿਚ ‘ਅਨੁਸੂਚਿਤ ਜਾਤੀਆਂ ਖਿਲਾਫ਼ ਜੁਰਮ ਰੋਕੂ ਐਕਟ’ ਦੀਆਂ ਧਾਰਾਵਾਂ ਤਾਂ ਹੋਰ ਵੀ ਪਿੱਛੋਂ ਜਾ ਕੇ ਜੋੜੀਆਂ ਗਈਆਂ।
ਪੁਲਿਸ ਨੇ ਹਾਲੇ ਤੱਕ ਸਿਰਫ ਇੱਕੋ ਵਿਅਕਤੀ, ਉੱਪਰ ਬਿਆਨੀ ਅਖੌਤੀ ਕਿਸਾਨ-ਮਜ਼ਦੂਰ ਜੱਥੇਬੰਦੀ ਦੇ ਪਿੰਡ ਦੇ ਪ੍ਰਧਾਨ ਨੂੰ ਹੀ ਗਿ੍ਰਫ਼ਤਾਰ ਕੀਤਾ ਹੈ, ਜਦਕਿ ਬਾਕੀ ਪੁਲਸ ਦੀ ਪੁਰਾਣੀ ਥਿਊਰੀ ਮੁਤਾਬਕ ‘ਫਰਾਰ’ ਹਨ।
ਇਨ੍ਹਾਂ ਬਾਕੀਆਂ ਨੂੰ ਗਿ੍ਰਫਤਾਰੀ ਤੋਂ ਬਚਾਉਣ ਲਈ ਅਤੇ ਉਕਤ ਮੁਕੱਦਮਾ ਖਾਰਜ ਕਰਵਾ ਕੇ ਪਹਿਲੋਂ ਫੜ੍ਹੇ ਦੋਸ਼ੀ ਨੂੰ ਵੀ ਰਿਹਾ ਕਰਵਾਉਣ ਲਈ ਉਪਰੋਕਤ ਨਾਮ ਨਿਹਾਦ ਸੰਘਰਸ਼ ਕਮੇਟੀ ਨੇ ਪਹਿਲਾਂ ਮਜੀਠਾ ਥਾਣੇ ਅੱਗੇ ਧਰਨਾ ਮਾਰੀ ਰੱਖਿਆ ਤੇ ਹੁਣ ਡੀਐਸਪੀ ਮਜੀਠਾ ਦੇ ਦਫਤਰ ਮੂਹਰੇ ਲਗਾਤਾਰ ਧਰਨਾ ਲਾਇਆ ਹੋਇਆ ਹੈ।
ਆਓ ਇਸ ਘਟਨਾ ਦੇ ਪਿਛੋਕੜ ’ਤੇ ਵੀ ਝਾਤ ਮਾਰ ਲਈਏ। ਅਕਾਲੀ ਸਰਕਾਰ ਸਮੇਂ ਭੈਣੀ ਲਿਧੜ ਪਿੰਡ ਦੇ ਵਸਨੀਕ ਦੋ ਮਜ਼ਦੂਰ ਭਰਾਵਾਂ ਕੁਲਦੀਪ ਸਿੰਘ ਅਤੇ ਗੁਰਵੇਲ ਸਿੰਘ ਦਾ ਕਿਸੇ ਗੱਲ ਤੋਂ ਕੋਟਲਾ ਸੁਲਤਾਨ ਸਿੰਘ ਦੇ ਇੱਕ ਖਾਂਦੇ-ਪੀਂਦੇ ਕਿਸਾਨ ਪਰਿਵਾਰ ਨਾਲ ਕੋਈ ਨਿਕਾ-ਮੋਟਾ ਤਕਰਾਰ ਹੋ ਗਿਆ ਸੀ। ਅਕਾਲੀ ਆਗੂਆਂ ਨਾਲ ਆਪਣੇ ਨਜ਼ਦੀਕੀ ਸਬੰਧਾਂ ਦਾ ਲਾਹਾ ਲੈਂਦੇ ਹੋਏ ਉਕਤ ਕਿਸਾਨ ਪਰਿਵਾਰ ਨੇ ਉੱਪਰ ਦੱਸੇ ਦੋਵਾਂ ਦਲਿਤ ਭਰਾਵਾਂ ’ਤੇ ਉਪਰੋਥਲੀ ਚੋਰੀ ਦੇ ਅੱਠ ਕੇਸ ਦਰਜ ਕਰਵਾ ਦਿੱਤੇ ਸਨ। ਇਹ ਕੇਸ ਅਦਾਲਤ ਵਿਚ ਲੰਮਾ ਸਮਾਂ ਚੱਲੇ ਤੇ ਅੰਤ ਦੋਵੇਂ ਭਰਾ ਅਦਾਲਤ ਨੇ ਬਰੀ ਕਰ ਦਿੱਤੇ।
ਕਰੀਬ ਦਸ ਸਾਲਾਂ ਪਿੱਛੋਂ ਬਰੀ ਹੋਕੇ ਘਰ ਪਰਤੇ ਦੋਵਾਂ ਭਰਾਵਾਂ ਚੋਂ ਗਰਵੇਲ ਸਿੰਘ ਨੂੰ ਜੇਲ੍ਹ ਦੇ ਸਖ਼ਤ ਜੀਵਨ ਅਤੇ ਨਮੋਸ਼ੀ ਕਰਕੇ ਨਸ਼ੇ ਦੀ ਆਦਤ ਪੈ ਗਈ। ਲੰਘੀ 14 ਮਾਰਚ ਦੀ ਦੁਪਹਿਰ ਨੂੰ ਗੁਰਵੇਲ ਸਿੰਘ ਆਪਣੇ ਕਿਸੇ ਮਿੱਤਰ ਨੂੰ ਮਿਲਣ ਵਾਸਤੇ ਲਾਗਲੇ ਪੈਟਰੋਲ ਪੰਪ ’ਤੇ ਚਲਿਆ ਗਿਆ। ਉਸ ਦਾ ਮਿੱਤਰ ਤਾਂ ਨਾ ਮਿਲਿਆ ਪਰ ਲਾਗਲੇ ਪਿੰਡ ਕੋਟਲਾ ਸੁਲਤਾਨ ਸਿੰਘ ਦੇ ਲਖਵਿੰਦਰ ਸਿੰਘ ਲਾਡੀ ਨਾਮ ਦੇ ਗੁਰਵੇਲ ਦੇ ਇਕ ਪੁਰਾਣੇ ਵਾਕਫ਼ ਨੇ ਉਸ ਨੂੰ ਆਵਾਜ਼ ਮਾਰ ਲਈ। ਗੁਰਵੇਲ ਸਿੰਘ ਜਦੋਂ ਲਾਡੀ ਕੋਲ ਗਿਆ ਤਾਂ ਪੁਰਾਣੀ ਰੰਜਿਸ਼ ਰੱਖਣ ਵਾਲੇ ਉਕਤ ਕਿਸਾਨ ਪਰਿਵਾਰ ਦੇ ਬੰਦਿਆਂ ਨੇ ਗਰਵੇਲ ਨੂੰ ਇਹ ਕਹਿ ਕਿ ਫੜੵ ਲਿਆ ਕਿ, ‘ਓਏ ਇਹ ਤਾਂ ਉਹੀ ਚੋਰ ਐ।’ ਅੱਗੋਂ ਕੀ ਹੋਇਆ-ਵਾਪਰਿਆ ਉਹ ਉੱਪਰ ਦੱਸ ਹੀ ਚੁੱਕੇ ਹਾਂ।
ਇਸ ਜਥੇਬੰਦੀ ਦਾ ਪ੍ਰਮੁੱਖ ਆਗੂ ਯਾਨਿ ਕਿ ਸੂਬਾ ਪ੍ਰਧਾਨ ਅੰਮਿ੍ਰਤ ਛਕ ਕੇ ਸਿੰਘ ਸੱਜਿਆ ਹੋਇਆ ਹੈ। ਪ੍ਰਧਾਨ ਜੀ ਨੂੰ ਪੁਛਣਾ ਚਾਹੁੰਦੇ ਹਾਂ ਕਿ ਕੀ ਉਹ ‘‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’’ ਕਹਿਣ ਵੇਲੇ ਦਲਿਤਾਂ ਨੂੰ ਸਰਬੱਤ ਵਿਚ ਨਹੀਂ ਗਿਣਦੇ? ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕਿਹਾ ਸ਼ਬਦ ‘‘ਮਾਣਸ ਕੀ ਜਾਤਿ ਸਭੈ ਏਕੇ ਪਹਿਚਾਨਬੋ’’ ਦਾ ਅਸਰ ਸ਼੍ਰੀਮਾਨ ਪ੍ਰਧਾਨ ਜੀ ’ਤੇ ਉੱਕਾ ਹੀ ਨਹੀਂ ਪਿਆ? ਕੀ ਗੁਰੂ ਨਾਨਕ ਦੇਵ ਜੀ ਦੀ ਗੁਰਬਾਣੀ ਵਿਚ ਕਹੇ ਸ਼ਬਦ ‘‘ਨੀਚਾਂ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚ, ਨਾਨਕ ਤਿਨ ਕੇ ਸੰਗ ਸਾਥ ਵੱਡਿਆ ਸਿਉਂ ਕਿਆ ਰੀਸ’’ ਸ਼੍ਰੀਮਾਨ ਪ੍ਰਧਾਨ ਜੀ ਲਈ ਕੋਈ ਅਰਥ ਵੀ ਰੱਖਦੇ ਹਨ? ਕੀ ਆਪਣੀ ਜਥੇਬੰਦੀ ਦੇ ਨਾਮ ਵਿਚ ਕਿਸਾਨ ਦੇ ਨਾਲ ਮਜ਼ਦੂਰ ਸ਼ਬਦ ਸਿਰਫ ਮਜ਼ਦੂਰਾਂ ਨੂੰ ਬੁੱਧੂ ਬਣਾਉਣ ਲਈ ਹੀ ਲਿਖਿਆ ਹੈ ਪ੍ਰਧਾਨ ਜੀ?
ਨਿਮਰਤਾ ਸਹਿਤ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਗੁਰੂ ਸਾਹਿਬਾਨ ਨੇ ਖਾਲਸਾ ਪੰਥ ਸਾਜ ਕੇ ਜਾਤਾਂ-ਪਾਤਾਂ ਖਤਮ ਕੀਤੀਆਂ ਸਨ। ਜੇ ਪ੍ਰਧਾਨ ਸਾਹਿਬ ਸੱਚੀਂ ਗੁਰੂ ਸਾਹਿਬਾਨ ਤੇ ਗੁਰਬਾਣੀ ਉਪਰ ਵਿਸ਼ਵਾਸ਼ ਰੱਖਦੇ ਹਨ ਤਾਂ ਜਰਵਾਣਿਆਂ ਦੇ ਗੁਨਾਹ ਦੀ ਪਰਦਾਪੋਸ਼ੀ ਕਿਉਂ ਕਰ ਰਹੇ ਹਨ ? ਪ੍ਰਧਾਨ ਜੀ ਜੁਲਮ ਦਾ ਸ਼ਿਕਾਰ ਬਣੇ ਨਿਤਾਣੇ ਗਰੀਬ ਦੇ ਪੱਖ ’ਚ ਥਾਣੇ ਕਿਉਂ ਨਹੀਂ ਗਏ
ਅੰਤ ਵਿਚ ਪੁਲਸ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਦਿਹਾਤੀ ਮਜ਼ਦੂਰ ਸਭਾ ਅਤੇ ਖੇਤ ਮਜ਼ਦੂਰ ਸਭਾ ਦਾ ਵਫ਼ਦ ਦੋ ਵਾਰ ਐਸ.ਐਸ.ਪੀ. ਸਾਹਿਬ ਨੂੰ ਮਿਲ ਕੇ ਬੇਨਤੀ ਕਰ ਚੁੱਕਿਆ ਹੈ ਕਿ ਬਿਨਾ ਕਿਸੇ ਦਬਾਅ ਦੇ ਰਹਿੰਦੇ ਦੋਸ਼ੀ ਗਿ੍ਰਫਤਾਰ ਕੀਤੇ ਜਾਣ ਤੇ ਮਜ਼ਲੂਮ ਨੂੰ ਇਨਸਾਫ ਦਿੱਤਾ ਜਾਵੇ।
ਅਸੀਂ ਕਿਰਤੀ-ਕਿਸਾਨਾਂ ਤੇ ਮਿਹਨਤੀ ਵਰਗਾਂ ਦੀਆਂ ਜੱਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਲੋਕ ਸੰਘਰਸ਼ਾਂ ਅਤੇ ਜੱਥੇਬੰਦੀਆਂ ਨੂੰ ਲੋਕਾਂ ਦੀਆਂ ਨਜਰਾਂ ’ਚ ਸ਼ੱਕੀ ਬਣਾਉਣ ਵਾਲੀਆਂ ਉਕਤ ਕਿਸਮ ਦੀਆਂ ਸੰਘਰਸ਼ ਕਮੇਟੀਆਂ ਦੇ ਘਟੀਆ ਕਾਰਿਆਂ ਦੀ ਬੇਖੌਫ਼, ਬੇਲਾਗ ਨੁਕਤਾਚੀਨੀ, ਜਨਤਕ ਤੌਰ ’ਤੇ ਕੀਤੀ ਜਾਵੇ।
ਅਸੀਂ ਮਜਦੂਰਾਂ-ਕਿਸਾਨਾਂ ਨੂੰ ਵੀ ਪੁਰਜੋਰ ਅਪੀਲ ਕਰਦੇ ਹਾਂ ਕਿ ਉਹ ਉਕਤ ਕਿਸਮ ਦੇ ਸਵੈਸਿੱਧੀਵਾਦੀ ਆਗੂਆਂ ਅਤੇ ਸੰਗਠਨ ਸ਼ਕਤੀ ਨੂੰ ਕਲੰਕਿਤ ਕਰਨ ਵਾਲੀਆਂ ਅਖੌਤੀ ਕਮੇਟੀਆਂ ਦਾ ਸਾਥ ਛੱਡ ਕੇ ਸਹੀ ਸੋਚ ਵਾਲੀਆਂ ਧਿਰਾਂ ਦੇ ਲੜ ਲੱਗਣ।
